ਪੰਜਾਬੀ ਭਾਸ਼ਾ ਦਾ ਮਹੱਤਵ ਅਤੇ ਚੁਣੌਤੀਆਂ
ਪੰਜਾਬੀ ਭਾਸ਼ਾ ਦਾ ਮਹੱਤਵ ਅਤੇ ਚੁਣੌਤੀਆਂ’ ਅਨੁਵਾਨ ਤਹਿਤ ਮਹਿੰਦਰ ਸਿੰਘ ਦੋਸਾਂਝ ਰਚਿਤ ਲੇਖ ਪੰਜਾਬੀ ਭਾਸ਼ਾ ਦੇ ਮਹੱਤਵ ਵੱਲ ਘੱਟ ਅਤੇ ਚੁਣੌਤੀਆਂ ਵੱਲ ਬਹੁਤ ਸਾਰੇ ਇਸ਼ਾਰੇ ਕਰਦਾ ਹੈ। ਇਨ੍ਹਾਂ ਇਸ਼ਾਰਿਆਂ ਵਿੱਚ ਸਮੇਂ ਦੀਆਂ ਸਰਕਾਰਾਂ ਵੱਲ ਸੰਖੇਪ ਵਿੱਚ ਉਂਗਲ ਕਰਨ ਦੇ ਨਾਲ...
ਪੰਜਾਬੀ ਭਾਸ਼ਾ ਦਾ ਮਹੱਤਵ ਅਤੇ ਚੁਣੌਤੀਆਂ’ ਅਨੁਵਾਨ ਤਹਿਤ ਮਹਿੰਦਰ ਸਿੰਘ ਦੋਸਾਂਝ ਰਚਿਤ ਲੇਖ ਪੰਜਾਬੀ ਭਾਸ਼ਾ ਦੇ ਮਹੱਤਵ ਵੱਲ ਘੱਟ ਅਤੇ ਚੁਣੌਤੀਆਂ ਵੱਲ ਬਹੁਤ ਸਾਰੇ ਇਸ਼ਾਰੇ ਕਰਦਾ ਹੈ। ਇਨ੍ਹਾਂ ਇਸ਼ਾਰਿਆਂ ਵਿੱਚ ਸਮੇਂ ਦੀਆਂ ਸਰਕਾਰਾਂ ਵੱਲ ਸੰਖੇਪ ਵਿੱਚ ਉਂਗਲ ਕਰਨ ਦੇ ਨਾਲ ਹੀ ਲੋਕਾਂ ਦੀ ਜ਼ਿੰਮੇਵਾਰੀ ਵੀ ਆਇਦ ਕੀਤੀ ਗਈ ਹੈ। ਇੱਥੇ ਇੱਕ ਗੱਲ ਸਪੱਸ਼ਟ ਕਰਨੀ ਬਣਦੀ ਹੈ ਕਿ ਹਕੂਮਤ ਭਾਵੇਂ ਪਿਤਾ-ਪੁਰਖੀ ਹੋਵੇ ਅਤੇ ਭਾਵੇਂ ਲੋਕਤੰਤਰੀ ਵਿਧੀ ਦੁਆਰਾ ਚੁਣੇ ਜਾਣ ਉਪਰੰਤ ਹੋਂਦ ਵਿੱਚ ਆਈ ਹੋਵੇ; ਇਸ ਦੁਆਰਾ ਸਿਰਜੀਆਂ ਗਈਆਂ ਭਰਾਂਤੀਆਂ ਆਮ ਲੋਕਾਂ ਦਾ ਧਿਆਨ ਹੀ ਨਹੀਂ ਖਿੱਚਦੀਆਂ ਸਗੋਂ ਇਹ ਧਿਆਨ ਨੂੰ ਮੋੜਾ ਦੇਣ ਦਾ ਵੱਡਾ ਕਾਰਜ ਕਰਦੀਆਂ ਹਨ।
ਪੰਜਾਬੀ ਭਾਸ਼ਾ ਦੇ ਨਾਮ ’ਤੇ ਵੱਖਰੇ ਸੂਬੇ ਦੀ ਮੰਗ ਕਰਨ ਵਾਲੀ ਅਕਾਲੀ ਪਾਰਟੀ ਦੀ ਸਰਕਾਰ ਨੇ ਅੰਗਰੇਜ਼ੀ ਨੂੰ ਪਹਿਲੀ ਜਮਾਤ ਤੋਂ ਪੜ੍ਹਾਏ ਜਾਣ ਦੀ ਗੱਲ ਕੀਤੀ ਤਾਂ ਇਸ ਦੇ ਵੱਡੇ ਅਰਥ ਸਾਹਮਣੇ ਆਏ। ਜਨ-ਸਾਧਾਰਨ ਨੇ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਦੀ ਸਿੱਖਿਆ ਦਿਵਾਉਣ ਲਈ ‘ਅੰਗਰੇਜ਼ੀ ਸਕੂਲਾਂ’ ਵਿੱਚ ਆਪਣੇ ਬੱਚਿਆਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ। ਮਜ਼ਦੂਰੀ ਕਰਨ ਵਾਲੇ ਮਾਪਿਆਂ ਦਾ ਇੱਛਾ ਵੀ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਉਣ ਦੀ ਹੁੰਦੀ ਹੈ। ਕਾਂਗਰਸ ਪਾਰਟੀ ਦੇ ਤਤਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸੇ ਦੀ ਵਕਾਲਤ ਕਰਦਿਆਂ ਆਖਿਆ ਸੀ ਕਿ ਪੰਜਾਬੀ ਪੜ੍ਹੇ ਬੱਚੇ ਸਿਰਫ਼ ਪੰਜਾਬ ਤੱਕ ਹੀ ਸੀਮਤ ਰਹਿ ਜਾਣਗੇ ਜਦੋਂਕਿ ਅੰਗਰੇਜ਼ੀ ਵਿੱਚ ਮੁਹਾਰਤ ਰੱਖਣ ਵਾਲੇ ਬੱਚੇ ਵਿਕਸਤ ਗਿਆਨ ਵਾਲੇ ਹੋਣਗੇ ਅਤੇ ਕਿਸੇ ਵੀ ਥਾਂ ’ਤੇ ਜਾ ਸਕਦੇ ਹਨ। ਪੰਜਾਬ ’ਤੇ ਹਕੂਮਤ ਕਰਨ ਵਾਲੀਆਂ ਪਾਰਟੀਆਂ ਨੇ ਪੰਜਾਬੀ ਭਾਸ਼ਾ ਨੂੰ ‘ਵਿਚਾਰੀ’ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ ਹਿੱਤ ਹੋਂਦ ਵਿੱਚ ਆਏ ਭਾਸ਼ਾ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਨਾਲ ਇਨ੍ਹਾਂ ਸਰਕਾਰਾਂ ਸਮੇਂ ਹੀ ਰੋਲਣ ਵਾਲਾ ਵਿਹਾਰ ਕੀਤਾ ਗਿਆ। ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਅਰਸ਼ ਤੋਂ ਫ਼ਰਸ਼ ’ਤੇ ਆ ਗਈਆਂ। ‘ਜਨ ਸਾਹਿਤ’ ਅਤੇ ‘ਪੰਜਾਬੀ ਦੁਨੀਆ’ ਰਸਾਲੇ ਪੰਜਾਬੀ ਪਾਠਕਾਂ ਅਤੇ ਲੇਖਕਾਂ ਦੀ ਪਹੁੰਚ ਵਿੱਚ ਨਾ ਰਹੇ। ਪੰਜਾਬੀ ਸਾਹਿਤਕਾਰਾਂ ਨੂੰ ਦਿੱਤੇ ਜਾਣ ਵਾਲੇ ਸਨਮਾਨ ਸਾਲਾਂਬੱਧੀ ਲਟਕ ਗਏ। ਲੇਖਕਾਂ ਦੀ ਪੈਨਸ਼ਨ ਬੰਦ ਹੋਣ ਵਾਂਗ ਹੋ ਗਈ। ਲੇਖਕਾਂ ਦੀਆਂ ਪੁਸਤਕਾਂ ਦੀ ਛਪਾਈ ਲਈ ਦਿੱਤੀ ਜਾਣ ਵਾਲੀ ਗ੍ਰਾਂਟ ਬੰਦ ਹੋ ਗਈ। ਵਿਭਾਗ ਦੀਆਂ ਕਿਤਾਬਾਂ ਦੀ ਛਪਾਈ ਦਾ ਕੰਮ ਬੰਦ ਹੋ ਗਿਆ। ਪੰਜਾਬੀ ਯੂਨੀਵਰਸਿਟੀ ਦਾ ਪੰਜਾਬੀ ਭਾਸ਼ਾ ਦੀ ਪ੍ਰਗਤੀ ਹਿੱਤ ਕਾਰਜ ਕਰਨ ਵਾਲਾ ਵਿਭਾਗ ‘ਪੰਜਾਬੀ ਭਾਸ਼ਾ ਵਿਉਂਤ ਤੇ ਵਿਕਾਸ’ ਗ੍ਰਾਂਟਾਂ ਨੂੰ ਤਰਸਦਾ ਹੋਇਆ ਬੰਦ ਹੋਣ ਵਾਂਗ ਹੋ ਗਿਆ। ਇਸ ਦੁਆਰਾ ਪੰਜਾਬੀ ਵਿੱਚ ਪ੍ਰਕਾਸ਼ਿਤ ਹੁੰਦੀ ‘ਖੋਜ ਪੱਤ੍ਰਿਕਾ’ ਵੀ ਬੰਦ ਹੋ ਗਈ।
ਲੇਖਕ ਨੇ ਸਰਕਾਰੀ ਸਕੂਲਾਂ ਦੀ ਬਦਤਰ ਹਾਲਤ ਵੱਲ ਇਸ਼ਾਰਾ ਤਾਂ ਕੀਤਾ ਹੈ, ਪਰ ਇਹ ਹੋਰ ਸਪੱਸ਼ਟ ਕਰਨਾ ਬਣਦਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲ, ਬੱਚਿਆਂ ਨੂੰ ਪੜ੍ਹਾਉਂਦੇ ਸਮੇਂ ਪੰਜਾਬੀ ਨੂੰ ਪਹਿਲੀ ਅਤੇ ਮਾਤ ਭਾਸ਼ਾ ਦਾ ਦਰਜਾ ਦਿਵਾਉਂਦੇ ਹਨ। ਇਨ੍ਹਾਂ ਸਕੂਲਾਂ ਦੀ ਅਕਾਦਮਿਕ ਪੱਖੋਂ ਮਾੜੀ ਹਾਲਤ ਕਾਰਨ ਇੱਥੇ ਗ਼ਰੀਬ ਮਾਪਿਆਂ ਦੇ ਬੱਚੇ ਹੀ ਪੜ੍ਹਨ ਲਈ ਆਉਂਦੇ ਹਨ। ਇਨ੍ਹਾਂ ਸਰਕਾਰੀ ਸਕੂਲਾਂ ਵੱਲ ਸਮੇਂ-ਸਮੇਂ ਦੇ ਹਾਕਮਾਂ ਦਾ ਮਤਰੇਈ ਮਾਂ ਵਾਲਾ ਵਿਹਾਰ ਹੋਣ ਕਰਕੇ ਇੱਥੇ ਬੱਚਿਆਂ ਲਈ ਸਹੂਲਤਾਂ ਸਮੇਤ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨੇ ਸਕੂਲਾਂ ਦਾ ਵਿਦਿਅਕ ਮਿਆਰ ਅੰਤਾਂ ਦਾ ਹੇਠਾਂ ਲਿਆਂਦਾ। ਇਸ ਕਰਕੇ ਥੋੜ੍ਹੇ ਜਿਹੇ ਵੀ ਆਰਥਿਕ ਤੌਰ ’ਤੇ ਸਹਿੰਦੇ ਮਾਪਿਆਂ ਦੀ ਇਹ ਮਜਬੂਰੀ ਬਣ ਗਈ ਕਿ ਉਹ ਆਪਣੇ ਬੱਚਿਆਂ ਨੂੰ ਸਹੂਲਤਾਂ ਅਤੇ ਅਧਿਆਪਕਾਂ ਵਾਲੇ ਸਕੂਲਾਂ ਵਿੱਚ ਭੇਜਣ। ਵਿਦਿਅਕ ਪਹੁੰਚ ਸਦਕਾ ਪਈ ਸਮਾਜਿਕ ਵੰਡ ਨੇ ਵਰਗ ਵਿਸ਼ੇਸ਼ (ਸਾਧਨ ਸੰਪੰਨ ਲੋਕਾਂ) ਨੂੰ ਮਾਤ ਭਾਸ਼ਾ ਪੰਜਾਬੀ ਤੋਂ ਮੁਸ਼ਕ ਆਉਣ ਲਾ ਦਿੱਤਾ। ਜਦੋਂ ਹਾਕਮ ਧਿਰਾਂ ਨੇ ਹੀ ਪੰਜਾਬੀ ਦੀ ਥਾਂ ਅੰਗਰੇਜ਼ੀ ਨੂੰ ਉੱਤਮ ਦਰਜਾ ਦੇਣਾ ਸ਼ੁਰੂ ਕੀਤਾ ਸੀ ਤਾਂ ਅੰਗਰੇਜ਼ੀ ਸਕੂਲਾਂ ਵਾਲਿਆਂ ਨੂੰ ਆਪਣੀ ਗੱਲ ਲੋਕਾਂ ਤੱਕ ਪੁੱਜਦੀ ਕਰਨ ਦੀ ਲੋੜ ਹੀ ਨਾ ਰਹੀ। ਇੱਕ ਗੱਲ ਹੋਰ, ਅੰਗਰੇਜ਼ੀ ਸਕੂਲ ਖੋਲ੍ਹਣ ਵਾਲੇ ਲੋਕ ਜਾਂ ਤਾਂ ਸਿਆਸੀ ਪਾਰਟੀਆਂ ਦੇ ਸਰਕਰਦਾ ਲੋਕ ਸਨ ਅਤੇ ਜਾਂ ਫਿਰ ਉਨ੍ਹਾਂ ਦੇ ਨਿਗਦੇ। ਉਨ੍ਹਾਂ ਵਾਸਤੇ ਸਿੱਖਿਆ ਆਮ ਲੋਕਾਂ ਵਾਸਤੇ ਹੈ ਹੀ ਨਹੀਂ ਸੀ।
ਸਿੱਖਿਆ ਦਾ ਅਧਿਕਾਰ ਕਾਨੂੰਨ ਤਹਿਤ ਅਖੌਤੀ ਪਬਲਿਕ ਅਤੇ ਮਾਡਲ ਸਕੂਲਾਂ ਵਿੱਚ 25 ਫ਼ੀਸਦੀ ਆਰਥਿਕ ਤੌਰ ’ਤੇ ਪੱਛੜੇ ਅਤੇ ਅਖੌਤੀ ਹੇਠਲੀਆਂ ਜਾਤਾਂ ਦੇ ਲੋਕਾਂ ਨੂੰ ਪੜ੍ਹਾਉਣ ਦੀ ਗੱਲ ਵੀ ਕੀਤੀ ਗਈ ਹੈ। ਇਸ ਦੀ ਹਕੀਕਤ ਇਹ ਹੋ ਹੀ ਨਹੀਂ ਸਕਦੀ। ਉੱਥੇ ਇੱਕੋ ਜਿਹੇ ਪਹਿਰਾਵੇ ਅਤੇ ਇੱਕੋ ਜਿਹੀ ਪੜ੍ਹਨ ਸਮੱਗਰੀ ਦੀ ਹੋਂਦ, ਖਾਣ ਪੀਣ ਦੀਆਂ ਚੀਜ਼ਾਂ ਦਾ ਵਖਰੇਵਾਂ ਉਲਟਾ ਅਸਰ ਪਾ ਕੇ ਆਰਥਿਕ ਤੌਰ ’ਤੇ ਪੱਛੜੇ ਅਤੇ ਅਖੌਤੀ ਹੇਠਲੀਆਂ ਜਾਤਾਂ ਦੇ ਬੱਚਿਆਂ ਨੂੰ ਹੀਣ-ਭਾਵਨਾ ਦਾ ਸ਼ਿਕਾਰ ਬਣਾ ਕੇ ਮਨੋਰੋਗੀ ਬਣਾ ਸਕਦਾ ਹੈ। ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀ ਵਰਦੀ, ਮਿੱਡ-ਡੇਅ ਮੀਲ, ਵਜ਼ੀਫ਼ਾ ਇਨ੍ਹਾਂ ਅੰਗਰੇਜ਼ੀ ਸਕੂਲਾਂ ਵਿੱਚ ਕਿਵੇਂ ਮਿਲੇਗਾ? ਇੱਕ ਹੋਰ ਸਵਾਲ ਹੈ ਕਿ ਅੰਗਰੇਜ਼ੀ ਸਕੂਲਾਂ ਦੇ ਬੱਚਿਆਂ ਨੂੰ ਕਰਵਾਇਆ ਜਾਣਾ ਵਾਲਾ ਵੱਡੀਆਂ ਪੰਡਾਂ ਵਾਲਾ ‘ਹੋਮ ਵਰਕ’ ਗ਼ਰੀਬ ਬੱਚੇ ਕਿਵੇਂ ਕਰ ਕੇ ਲਿਜਾਣਗੇ? ਇਸ ਕਰਕੇ ਇਸ ਵਰਗ ਦੇ ਬੱਚੇ ਪੰਜਾਬੀ ਸਕੂਲਾਂ ਵਿੱਚ ਜਾਣਗੇ ਅਤੇ ਅੰਗਰੇਜ਼ੀ ਸਕੂਲਾਂ ਵਾਲੇ ਅੰਗਰੇਜ਼ੀ ਨੂੰ ਪੰਜਾਬੀ ਤੋਂ ਉੱਤਮ ਕਹਿਣ ਵਿੱਚ ਹਿਚਕਚਾਉਣਗੇ ਨਹੀਂ।
ਮਨੋਵਿਗਿਆਨੀਆਂ, ਬਾਲ ਮਨੋਵਿਗਿਆਨੀਆਂ, ਸਿੱਖਿਆ ਅਤੇ ਸਮਾਜ ਸ਼ਾਸਤਰੀਆਂ ਦਾ ਇਹ ਮੰਨਣਾ ਹੈ ਕਿ ਮਾਤ ਭਾਸ਼ਾ ਅਤੇ ਸਥਾਨਕ ਸੱਭਿਆਚਾਰ ਦੀ ਸੰਪੂਰਨ ਸਿੱਖਿਆ ਦੁਆਰਾ ਹੀ ਬੱਚੇ ਦਾ ਸਹੀ ਵਿਕਾਸ ਹੁੰਦਾ ਹੈ ਅਤੇ ਉਹ ਇੱਕ ਚੰਗਾ ਨਾਗਰਿਕ ਬਣ ਸਕਦਾ ਹੈ। ਉਸੇ ਨੂੰ ਹੀ ਆਪਣੀ ਮਾਤ ਭਾਸ਼ਾ ਅਤੇ ਸਥਾਨਕ ਰਹਿਤਲ ਨਾਲ ਪਿਆਰ ਹੋਵੇਗਾ। ਇਸ ਕਾਰਜ ਵਾਸਤੇ ਸਭ ਤੋਂ ਵੱਡੀ ਚੁਣੌਤੀ ਸਮੇਂ ਦੇ ਹਾਕਮਾਂ ਨੇ ਹੀ ਪੈਦਾ ਕੀਤੀ ਹੋਈ ਹੈ ਅਤੇ ਇਹ ਹੀ ਸਹੀ ਲੀਹ ’ਤੇ ਆ ਕੇ ਪੰਜਾਬੀ ਭਾਸ਼ਾ ਦਾ ਮਹੱਤਵ ਬਰਕਰਾਰ ਰੱਖ ਸਕਦੇ ਹਨ। ਪੰਜਾਬੀ ਭਾਸ਼ਾ ਦੇ ਵਿਕਾਸ ਦੀ ਚੁਣੌਤੀ ਸਮੇਂ ਦੀਆਂ ਹਾਕਮ ਸਰਕਾਰਾਂ ਨੇ ਹੀ ਪੈਦਾ ਕੀਤੀ ਹੋਈ ਹੈ।
ਸੰਪਰਕ: 95010-20731

