ਕਿਸਾਨਾਂ-ਮਜ਼ਦੂਰਾਂ ਦੀ ਜ਼ਿੰਦਗੀ ’ਤੇ ਮੌਸਮੀ ਤਬਦੀਲੀਆਂ ਦਾ ਅਸਰ
ਪੰਜਾਬ ਦੀ ਖੇਤੀਬਾੜੀ ਸਿਰਫ਼ ਅਨਾਜ ਉਗਾਉਣ ਦਾ ਸਾਧਨ ਨਹੀਂ, ਸਗੋਂ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਦਾ ਧੁਰਾ ਹੈ। ਕਿਸਾਨ ਖੇਤਾਂ ਵਿੱਚ ਕਣਕ ਅਤੇ ਝੋਨਾ ਬੀਜ ਕੇ ਆਸ ਲਾਉਂਦਾ ਹੈ, ਜਦਕਿ ਮਜ਼ਦੂਰ ਆਪਣੀ ਰੋਜ਼ੀ-ਰੋਟੀ ਲਈ ਇਸ ਖੇਤੀ ’ਤੇ ਨਿਰਭਰ ਕਰਦਾ ਹੈ।...
ਪੰਜਾਬ ਦੀ ਖੇਤੀਬਾੜੀ ਸਿਰਫ਼ ਅਨਾਜ ਉਗਾਉਣ ਦਾ ਸਾਧਨ ਨਹੀਂ, ਸਗੋਂ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਦਾ ਧੁਰਾ ਹੈ। ਕਿਸਾਨ ਖੇਤਾਂ ਵਿੱਚ ਕਣਕ ਅਤੇ ਝੋਨਾ ਬੀਜ ਕੇ ਆਸ ਲਾਉਂਦਾ ਹੈ, ਜਦਕਿ ਮਜ਼ਦੂਰ ਆਪਣੀ ਰੋਜ਼ੀ-ਰੋਟੀ ਲਈ ਇਸ ਖੇਤੀ ’ਤੇ ਨਿਰਭਰ ਕਰਦਾ ਹੈ। ਪਰ ਪਿਛਲੇ ਕੁਝ ਸਾਲਾਂ ਦੌਰਾਨ ਮੌਸਮੀ ਤਬਦੀਲੀਆਂ ਨੇ ਇਸ ਪ੍ਰਣਾਲੀ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਬੇਮੌਸਮੀ ਮੀਂਹ, ਗੜ੍ਹੇ ਅਤੇ ਹੜ੍ਹਾਂ ਨੇ ਨਾ ਸਿਰਫ਼ ਫ਼ਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ, ਸਗੋਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ’ਤੇ ਵੀ ਅਸਥਿਰ ਕਰ ਦਿੱਤਾ ਹੈ।
ਸਾਲ 2023 ਵਿੱਚ ਮਾਰਚ ਅਤੇ ਅਪਰੈਲ ਦੇ ਮਹੀਨਿਆਂ ਦੌਰਾਨ ਪਏ ਬੇਮੌਸਮੀ ਮੀਂਹ ਅਤੇ ਗੜਿਆਂ ਨੇ ਕਣਕ ਦੀ ਫ਼ਸਲ ਨੂੰ ਲਗਪਗ 20 ਤੋਂ 30 ਫ਼ੀਸਦੀ ਤੱਕ ਨੁਕਸਾਨ ਪਹੁੰਚਾਇਆ। ਇਸ ਤੋਂ ਬਾਅਦ ਜੁਲਾਈ ਵਿੱਚ ਆਏ ਹੜ੍ਹਾਂ ਨੇ ਝੋਨੇ ਦੀ ਫ਼ਸਲ ਨੂੰ ਵੀ ਕਾਫ਼ੀ ਪ੍ਰਭਾਵਿਤ ਕੀਤਾ, ਜਿਸ ਕਾਰਨ ਲੱਖਾਂ ਏਕੜ ਰਕਬਾ ਪਾਣੀ ਵਿਚ ਡੁੱਬ ਗਿਆ। ਇਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। 2024 ਅਤੇ 2025 ਵਿੱਚ ਵੀ ਮੌਸਮੀ ਅਸਥਿਰਤਾ ਜਾਰੀ ਰਹੀ, ਜਿਸ ਨਾਲ ਪੈਦਾਵਾਰ ’ਤੇ ਲਗਾਤਾਰ ਅਸਰ ਪੈਂਦਾ ਰਿਹਾ।
ਇਸ ਤਰ੍ਹਾਂ ਦੇ ਮੌਸਮੀ ਬਦਲਾਅ ਦਾ ਮੁੱਖ ਕਾਰਨ ਆਲਮੀ ਤਪਸ਼ ਹੈ। ਧਰਤੀ ਦੇ ਤਾਪਮਾਨ ਵਿੱਚ ਵਾਧਾ ਹੋਣ ਕਾਰਨ ਮੌਸਮ ਦੇ ਪੈਟਰਨ ਬਦਲ ਰਹੇ ਹਨ। ਕਦੇ ਬੇਮੌਸਮੀ ਮੀਂਹ ਪੈਂਦਾ ਹੈ, ਕਦੇ ਲੰਮਾ ਸੁੱਕਾ ਪੈ ਜਾਂਦਾ ਹੈ ਅਤੇ ਕਦੇ ਅਚਾਨਕ ਹੜ੍ਹ ਆ ਜਾਂਦੇ ਹਨ। ਇਹ ਸਾਰੀਆਂ ਸਥਿਤੀਆਂ ਖੇਤੀ ਲਈ ਵੱਡੀਆਂ ਚੁਣੌਤੀ ਬਣ ਗਈਆਂ ਹਨ, ਕਿਉਂਕਿ ਖੇਤੀ ਬਹੁਤ ਹੱਦ ਤੱਕ ਮੌਸਮ ’ਤੇ ਨਿਰਭਰ ਕਰਦੀ ਹੈ।
ਇਸ ਦੇ ਨਾਲ-ਨਾਲ ਖੇਤੀਬਾੜੀ ਦੇ ਵਧਦੇ ਖਰਚਿਆਂ ਨੇ ਸਮੱਸਿਆ ਨੂੰ ਹੋਰ ਗੰਭੀਰ ਕਰ ਦਿੱਤਾ ਹੈ। ਇੱਕ ਏਕੜ ਕਣਕ ਦੀ ਫ਼ਸਲ ਉਗਾਉਣ ਲਈ ਲਗਪਗ 18,000 ਤੋਂ 25,000 ਰੁਪਏ ਤੱਕ ਖਰਚ ਹੁੰਦੇ ਹਨ, ਜਦਕਿ ਝੋਨੇ ਦੀ ਫ਼ਸਲ ’ਤੇ ਇਹ ਖਰਚਾ 25,000 ਤੋਂ 30,000 ਰੁਪਏ ਤੱਕ ਪਹੁੰਚ ਜਾਂਦਾ ਹੈ। ਜੇ ਕਿਸਾਨ ਜ਼ਮੀਨ ਠੇਕੇ ’ਤੇ ਲੈਂਦਾ ਹੈ, ਤਾਂ ਖਰਚਾ ਕਾਫ਼ੀ ਵਧ ਜਾਂਦਾ ਹੈ, ਕਿਉਂਕਿ ਕੁਝ ਥਾਵਾਂ ’ਤੇ ਇੱਕ ਏਕੜ ਦਾ ਸਾਲਾਨਾ ਠੇਕਾ 60,000 ਤੋਂ 1,00,000 ਰੁਪਏ ਤੱਕ ਦੱਸਿਆ ਜਾਂਦਾ ਹੈ। ਇਸ ਤਰ੍ਹਾਂ ਕੁੱਲ ਖਰਚਾ, ਕਣਕ ਲਈ ਲਗਪਗ 70,000 ਤੋਂ 1 ਲੱਖ ਅਤੇ ਝੋਨੇ ਲਈ 85,000 ਤੋਂ 1.1 ਲੱਖ ਰੁਪਏ ਪ੍ਰਤੀ ਏਕੜ ਤੱਕ ਪਹੁੰਚ ਜਾਂਦਾ ਹੈ।
ਇਸ ਸਥਿਤੀ ਵਿੱਚ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਕਿਸਾਨਾਂ ਲਈ ਬਹੁਤ ਮਹੱਤਵਪੂਰਨ ਬਣ ਜਾਂਦਾ ਹੈ। ਸਾਲ 2023-24 ਵਿੱਚ ਕਣਕ ਦੀ ਐੱਮ ਐੱਸ ਪੀ ਲਗਭਗ 2,125 ਰੁਪਏ ਪ੍ਰਤੀ ਕੁਇੰਟਲ ਅਤੇ ਝੋਨੇ ਦੀ ਐੱਮ ਐੱਸ ਪੀ ਲਗਪਗ 2,183 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤੀ ਗਈ ਸੀ। ਪਰ ਜੇਕਰ ਸਮਰਥਨ ਮੁੱਲ ਸਿਰਫ਼ ਕਣਕ ਅਤੇ ਝੋਨੇ ਤੱਕ ਸੀਮਤ ਨਾ ਰਹੇ ਅਤੇ ਹੋਰ ਫ਼ਸਲਾਂ ਜਿਵੇਂ ਦਾਲਾਂ, ਸੂਰਜਮੁਖੀ ਅਤੇ ਤੇਲ ਬੀਜਾਂ ਲਈ ਵੀ ਯਕੀਨੀ ਬਣਾਇਆ ਜਾਵੇ, ਤਾਂ ਕਿਸਾਨ ਵੱਖ-ਵੱਖ ਫ਼ਸਲਾਂ ਦੀ ਖੇਤੀ ਵੱਲ ਮੋੜਾ ਕੱਟ ਸਕਦਾ ਹੈ। ਇਸ ਨਾਲ ਆਮਦਨ ਵਧੇਗੀ, ਮਿੱਟੀ ਦੀ ਸਿਹਤ ਸੁਧਰੇਗੀ ਅਤੇ ਮੌਸਮੀ ਜੋਖ਼ਮ ਘਟੇਗਾ।
ਜਦੋਂ ਫ਼ਸਲ ਖ਼ਰਾਬ ਹੋ ਜਾਂਦੀ ਹੈ ਤਾਂ ਕਿਸਾਨ ਨੂੰ ਭਾਰੀ ਆਰਥਿਕ ਘਾਟਾ ਝੱਲਣਾ ਪੈਂਦਾ ਹੈ। ਕਣਕ ਵਿੱਚ 25 ਤੋਂ 50 ਫ਼ੀਸਦੀ ਨੁਕਸਾਨ ਹੋਣ ’ਤੇ ਲਗਪਗ 15,000 ਤੋਂ 30,000 ਰੁਪਏ ਪ੍ਰਤੀ ਏਕੜ ਦਾ ਘਾਟਾ ਹੁੰਦਾ ਹੈ, ਜਦਕਿ ਪੂਰੀ ਫ਼ਸਲ ਤਬਾਹ ਹੋਣ ’ਤੇ ਇਹ ਨੁਕਸਾਨ 60,000 ਰੁਪਏ ਜਾਂ ਇਸ ਤੋਂ ਵੱਧ ਹੋ ਸਕਦਾ ਹੈ। ਝੋਨੇ ਵਿੱਚ ਹੜ੍ਹਾਂ ਕਾਰਨ ਪੂਰੀ ਫ਼ਸਲ ਤਬਾਹ ਹੋਣ ’ਤੇ ਲਗਪਗ 70,000 ਤੋਂ 1 ਲੱਖ ਰੁਪਏ ਪ੍ਰਤੀ ਏਕੜ ਤੱਕ ਦਾ ਨੁਕਸਾਨ ਹੋ ਸਕਦਾ ਹੈ।
ਇਸ ਮੌਸਮੀ ਅਸਥਿਰਤਾ ਦਾ ਪ੍ਰਭਾਵ ਖੇਤੀ ਮਜ਼ਦੂਰਾਂ ’ਤੇ ਵੀ ਸਿੱਧਾ ਪੈਂਦਾ ਹੈ। ਜਦੋਂ ਖੇਤਾਂ ਵਿੱਚ ਕੰਮ ਘਟ ਜਾਂਦਾ ਹੈ, ਤਾਂ ਮਜ਼ਦੂਰਾਂ ਦੀ ਆਮਦਨ ਘਟ ਜਾਂਦੀ ਹੈ। ਇੱਕ ਮਜ਼ਦੂਰ ਦੀ ਮਹੀਨਾਵਾਰ ਆਮਦਨ ਲਗਪਗ 8,000 ਤੋਂ 10,000 ਰੁਪਏ ਹੁੰਦੀ ਹੈ, ਜੋ ਫ਼ਸਲਾਂ ਦੇ ਨੁਕਸਾਨ ਨਾਲ ਹੋਰ ਘੱਟ ਹੋ ਜਾਂਦੀ ਹੈ।
ਦੇਸ਼ ਪੱਧਰ ਦੇ ਅੰਕੜੇ ਇਸ ਸੰਕਟ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ। ਸਾਲ 2022 ਵਿੱਚ ਖੇਤੀਬਾੜੀ ਖੇਤਰ ਵਿੱਚ 11,290 ਖੁਦਕੁਸ਼ੀਆਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 5,207 ਕਿਸਾਨ ਅਤੇ 6,083 ਖੇਤੀ ਮਜ਼ਦੂਰ ਸਨ। ਇਹ ਗੱਲ ਧਿਆਨਯੋਗ ਹੈ ਕਿ ਮਜ਼ਦੂਰਾਂ ਦੀ ਗਿਣਤੀ ਕਿਸਾਨਾਂ ਨਾਲੋਂ ਵੱਧ ਸੀ। ਪੰਜਾਬ ਵਿੱਚ ਵੀ ਹਰ ਸਾਲ ਲਗਪਗ 300 ਤੋਂ 400 ਦੇ ਕਰੀਬ ਕੇਸ ਦਰਜ ਕੀਤੇ ਜਾਂਦੇ ਹਨ, ਜੋ ਇਸ ਸਮੱਸਿਆ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ।
ਇਸ ਸਥਿਤੀ ਲਈ ਖੇਤੀ ਪ੍ਰਣਾਲੀ ਦੀਆਂ ਕਮਜ਼ੋਰੀਆਂ ਵੀ ਜ਼ਿੰਮੇਵਾਰ ਹਨ। ਕਣਕ-ਝੋਨਾ ਚੱਕਰ ’ਤੇ ਵੱਧ ਨਿਰਭਰਤਾ, ਪਾਣੀ ਦੀ ਵੱਧ ਵਰਤੋਂ ਅਤੇ ਮਿੱਟੀ ਦੀ ਘਟਦੀ ਉਪਜਾਊ ਸ਼ਕਤੀ ਵਰਗੇ ਜੋਖ਼ਮ ਪੈਦਾ ਕਰ ਰਹੀ ਹੈ।
ਸਰਕਾਰ ਦੀ ਭੂਮਿਕਾ ਇਸ ਮਾਮਲੇ ਵਿੱਚ ਬਹੁਤ ਮਹੱਤਵਪੂਰਨ ਹੈ। ਜਦੋਂ ਫ਼ਸਲ ਨੁਕਸਾਨੀ ਜਾਂਦੀ ਹੈ, ਤਾਂ ਸਮੇਂ ਸਿਰ ਗਿਰਦਾਵਰੀ ਕਰ ਕੇ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਕਈ ਵਾਰ ਦੇਰੀ ਜਾਂ ਘੱਟ ਮੁਆਵਜ਼ਾ ਕਿਸਾਨਾਂ ਦੀ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੰਦਾ ਹੈ। ਇਸ ਲਈ ਲੋੜ ਹੈ ਕਿ ਸਰਕਾਰ ਤੁਰੰਤ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ।
ਇਸਦੇ ਨਾਲ-ਨਾਲ ਸਮਾਜ ਅਤੇ ਸਹਿਕਾਰੀ ਪ੍ਰਣਾਲੀ ਦੀ ਭੂਮਿਕਾ ਵੀ ਅਹਿਮ ਹੈ। ਪਿੰਡ ਪੱਧਰ ’ਤੇ ਸਹਿਕਾਰੀ ਸਭਾਵਾਂ ਰਾਹੀਂ ਖੇਤੀਬਾੜੀ ਦੇ ਸਾਧਨ ਸਾਂਝੇ ਤੌਰ ’ਤੇ ਉਪਲਬਧ ਕਰਵਾਏ ਜਾਣ, ਤਾਂ ਜੋ ਛੋਟੇ ਕਿਸਾਨਾਂ ਨੂੰ ਮਹਿੰਗੀਆਂ ਮਸ਼ੀਨਾਂ ਖਰੀਦਣ ਦੀ ਲੋੜ ਨਾ ਪਵੇ। ਇਸ ਨਾਲ ਖਰਚਾ ਘੱਟ ਹੋਵੇਗਾ ਅਤੇ ਕਰਜ਼ੇ ਦਾ ਬੋਝ ਵੀ ਘਟੇਗਾ।
ਪੰਜਾਬ ਦੀ ਖੇਤੀ ਅੱਜ ਇੱਕ ਵੱਡੀ ਕਸੌਟੀ ’ਤੇ ਖੜ੍ਹੀ ਹੈ। ਮੌਸਮੀ ਤਬਦੀਲੀਆਂ, ਵਧਦੇ ਖਰਚੇ ਅਤੇ ਪ੍ਰਣਾਲੀ ਦੀਆਂ ਕਮਜ਼ੋਰੀਆਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਚੁਣੌਤੀ ਦੇ ਰਹੀਆਂ ਹਨ। ਪਰ ਜੇ ਸਰਕਾਰ, ਸਮਾਜ ਅਤੇ ਕਿਸਾਨ ਇਕੱਠੇ ਹੋ ਕੇ ਕੰਮ ਕਰਨ, ਨਵੀਆਂ ਤਕਨੀਕਾਂ ਅਤੇ ਫ਼ਸਲੀ ਵਿਭਿੰਨਤਾ ਨੂੰ ਅਪਣਾਇਆ ਜਾਵੇ, ਤਾਂ ਇਸ ਸੰਕਟ ਨੂੰ ਮੌਕੇ ਵਿੱਚ ਬਦਲਿਆ ਜਾ ਸਕਦਾ ਹੈ ਅਤੇ ਪੰਜਾਬ ਦੀ ਖੇਤੀ ਮੁੜ ਖੁਸ਼ਹਾਲੀ ਵੱਲ ਵਧ ਸਕਦੀ ਹੈ।
ਸੰਪਰਕ: 70095-29882

