ਅੰਕੜੇ ਤੇ ਇਮੀਊਨਿਟੀ

ਅੰਕੜੇ ਤੇ ਇਮੀਊਨਿਟੀ

ਡਾ. ਸ਼ਿਆਮ ਸੁੰਦਰ ਦੀਪਤੀ

ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇਹ ਕਿਹੋ ਜਿਹਾ ਸਿਰਲੇਖ ਹੈ। ਅੰਕੜੇ ਕਿੱਥੇ ਤੇ ਇਮੀਊਨਿਟੀ ਕਿੱਥੇ। ਇਕ ਦਾ ਸਰੀਰ ਦੀ ਸਿਹਤ ਨਾਲ ਰਿਸ਼ਤਾ ਹੈ ਤੇ ਦੂਸਰਾ ਗਿਣਤੀ-ਮਿਣਤੀ ਦਾ ਕਾਰਜ, ਜੋ ਬਾਜ਼ਾਰ-ਵਪਾਰ ਨਾਲ ਜੁੜਿਆ ਹੈ।

ਦਰਅਸਲ, ਇਹੀ ਬਾਜ਼ਾਰ ਦਾ ਚਾਲਕ ਹੈ। ਉਹ ਦੇਖਦਾ ਹੈ, ਕਿਹੜਾ ਸ਼ਬਦ-ਭਾਵ ਅੱਜ-ਕੱਲ੍ਹ ਸਭ ਤੋਂ ਵੱਧ ਬਾਜ਼ਾਰ ਵਿਚ ਮਾਨਤਾ ਹਾਸਲ ਕਰ ਰਿਹਾ ਹੈ ਤੇ ਲੋਕ ਉਸ ਵੱਲ ਖਿੱਚੇ ਜਾ ਰਹੇ ਹਨ। ਭਾਵੇਂ ਇਹ ਕੋਈ ਨਹੀਂ ਦੇਖਦਾ ਕਿ ਇਸ ਨਾਲ ਕਿਸੇ ਨੂੰ ਫ਼ਾਇਦਾ ਹੋਵੇਗਾ ਕਿ ਨਹੀਂ। ਮਨੁੱਖੀ ਮਾਨਸਿਕਤਾ ਨੂੰ ਸਿਆਣਾ ਬਣਾਉਣ ਦੇ ਉਪਰਾਲੇ ਬਹੁਤ ਘੱਟ ਹੋਏ ਹਨ ਤੇ ਉਸ ਦੇ ਜਜ਼ਬਾਤਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਜ਼ਿਆਦਾ ਹੁੰਦੀ ਰਹਿੰਦੀ ਹੈ, ਕਿਉਂਕਿ ਬਾਜ਼ਾਰ ਨੂੰ ਇਹੀ ਮਾਫ਼ਕ ਆਉਂਦਾ ਹੈ। ਬਾਜ਼ਾਰ ਦਾ ਮੰਤਵ ਫ਼ਾਇਦਾ ਹੈ ਤੇ ਇਹ ਸ਼ਬਦ ਹੁਣ ਸਭ ਦੇ ਮਨਾਂ ਵਿਚ ਘਰ ਕਰ ਗਿਆ ਹੈ। ਉਹ ਚਾਹੇ ਡਾਕਟਰੀ, ਚਾਹੇ ਕਾਨੂੰਨ ਤੇ ਚਾਹੇ ਰਾਜਨੀਤੀ ਦਾ ਖੇਤਰ ਹੋਵੇ।

ਉਂਜ ਇਹ ਵੀ ਸੱਚ ਹੈ ਕਿ ਹਿਸਾਬ ਦਾ ਵਿਸ਼ਾ ਸਭ ਨੂੰ ਹੀ ਪੜ੍ਹਨਾ ਪੈਂਦਾ ਹੈ। ਭਾਵੇਂ ਕਿਸੇ ਨੂੰ ਦਿਲਚਸਪ ਲੱਗੇ ਜਾਂ ਨਾ ਲੱਗੇ, ਕਿਉਂਕਿ ਥੋੜ੍ਹਾ-ਬਹੁਤ ਇਹ ਹਰ ਇਕ ਦੀ ਜ਼ਿੰਦਗੀ ਨਾਲ ਸਬੰਧਿਤ ਹੈ। ਵਿਗਿਆਨ ਜਿਸ ਪ੍ਰਤੀ ਅੱਜ ਸਭ ਤੋਂ ਵੱਧ ਖਿੱਚ ਹੈ, ਇਹ ਤਾਂ ਅੰਕੜਿਆਂ ਤੋਂ ਬਗੈਰ ਇਕ ਵੀ ਕਦਮ ਨਹੀਂ ਪੁੱਟ ਸਕਦਾ। ਵਿਗਿਆਨ ਦਾ ਆਧਾਰ ਪਰਖ ਹੈ ਤੇ ਦੋ ਹਾਲਤਾਂ ਦੀ ਤੁਲਨਾ, ਜਿਸ ਦੇ ਲਈ ਅੰਕੜੇ ਹੀ ਸਭ ਤੋਂ ਕਾਰਗਰ ਹਥਿਆਰ ਹਨ।

ਜੇ ਸਿਹਤ ਦੀ ਹੀ ਗੱਲ ਕਰੀਏ ਤਾਂ ਚੰਗੀ-ਮਾੜੀ ਸਿਹਤ, ਠੀਕ-ਠਾਕ ਹਾਲਤ, ਅਜਿਹੇ ਭਾਵ ਹਨ, ਜੋ ਸਥਿਤੀ ਨੂੰ ਸਪਸ਼ਟ ਨਹੀਂ ਕਰਦੇ। ਇਹ ਵਿਸ਼ੇਸ਼ਣੀ ਭਾਵ ਹਨ, ਜਦਕਿ ਗੁਣਾਤਮਿਕ ਵਿਆਖਿਆ ਵਿਅਕਤੀਗਤ ਮਾਨਸਿਕਤਾ ’ਤੇ ਨਿਰਭਰ ਕਰਦੀ ਹੈ। ਜੇਕਰ ਸਿਹਤ ਸਮੱਸਿਆਵਾਂ ਨੂੰ ਲੈ ਕੇ ਕੋਈ ਵਿਉਂਤਬੰਦੀ ਕਰਨੀ ਹੈ ਤਾਂ ਪਤਾ ਹੋਣਾ ਚਾਹੀਦਾ ਕਿ ਦੇਸ਼ ਵਿਚ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਕਿੰਨਾ ਬੋਝ ਹੈ। ਕਿੰਨੀਆਂ ਸਿਹਤ ਸੰਸਥਾਵਾਂ ਅਤੇ ਅਮਲਾ ਹੈ। ਇਸ ਦੇ ਆਧਾਰ ’ਤੇ ਹੀ ਹੋਰ ਲੋੜੀਂਦਾ ਸਾਜ਼ੋ-ਸਾਮਾਨ ਤੈਅ ਹੋਵੇਗਾ।

ਗੱਲ ਸਿਹਤ ਦੀ ਹੈ ਤਾਂ ਇਮੀਊਨਿਟੀ ਅੱਜ-ਕੱਲ੍ਹ ਪ੍ਰਚੱਲਿਤ ਸ਼ਬਦ ਹੈ ਤੇ ਇਸ ਦਾ ਵੀ ਅੰਕੜਿਆਂ ਨਾਲ ਸਬੰਧ ਹੈ। ਇਕ ਅਖਾਣ ਵਰਗਾ ਕਿੱਸਾ ਹੈ ਕਿ ਪਾਣੀ ਦਾ ਅੱਧਾ ਭਰਿਆ ਗਲਾਸ ਜਾਂ ਅੱਧਾ ਖਾਲ੍ਹੀ ਗਲਾਸ। ਪੁੱਛਣ ਵਾਲੇ ਦਾ ਕੀ ਮੰਤਵ ਹੈ ਤੇ ਦੱਸਣ ਵਾਲੇ ਦੀ ਕੀ ਮਾਨਸਿਕਤਾ ਹੈ, ਇਹ ਦੋ ਪੱਖੀ ਹੈ। ਇਕ ਪਾਸੇ ਉਸਾਰੂ, ਚੜ੍ਹਦੀ ਕਲਾ ਵਾਲੀ ਅਤੇ ਦੂਸਰੇ ਪਾਸੇ ਢਾਹੂ ਮਾਨਸਿਕਤਾ ਵਾਲੀ। ਸਾਧਾਰਨ ਸ਼ਬਦਾਂ ਵਿਚ ਆਸ਼ਾ ਅਤੇ ਨਿਰਾਸ਼ਾ ਵਾਲੀ।

ਜੇ ਇਸ ਪਹਿਲੂ ਨੂੰ ਅਜੋਕੇ ਕਰੋਨਾ ਕਾਲ ਦੇ ਇਕ ਲੰਮੇ ਸਮੇਂ ਤਹਿਤ ਦੇਖੀਏ ਤਾਂ ਬਿਮਾਰੀ ਅਤੇ ਟੈਸਟਾਂ ਨੂੰ ਲੈ ਕੇ ਪੇਸ਼ ਹੋ ਰਹੇ ਅੰਕੜੇ ਕੀ ਦਰਸ਼ਾ ਰਹੇ ਹਨ? ਹਰ ਰੋਜ਼ ਨਵੇਂ ਤੋਂ ਨਵੇਂ ਅੰਕੜੇ ਆਮ ਲੋਕਾਂ ਲਈ ਭਬਲਭੂਸਾ ਹੀ ਪੈਦਾ ਕਰ ਰਹੇ ਹਨ। ਕੋਵਿਡ-19, ਇੰਡੀਆ ਦੀ ਰਿਪਰੋਟ ਵਿਚ ਸ਼ੁਰੂ ਤੋਂ ਹੀ ਜੋ ਅੰਕੜੇ ਆ ਰਹੇ ਸੀ, ਉਹ ਸੀ: ਕੁੱਲ ਕੇਸ, ਐਕਟਿਵ ਕੇਸ, ਠੀਕ ਹੋਏ ਕੇਸ, ਮੌਤ ਦਰ। ਫਿਰ ਅੱਗੇ ਆ ਕੇ ਜੋ ਨਵੇਂ ਅੰਕੜੇ ਆਏ, ਉਹ ਹਨ ਪਾਜ਼ੇਟੀਵਿਟੀ ਰੇਟ, ਰਿਕਵਰੀ ਰੇਟ, ਵੈਂਟੀਲੇਟਰ ਕੇਸ, ਇਕਾਂਤਵਾਸ ਕੀਤੇ ਕੇਸ। ਘਰਾਂ ਵਿਚ ਅਲੱਗ ਹੋ ਕੇ ਰਹਿ ਰਹੇ ਕੇਸ।

ਹਰ ਰੋਜ਼ ਨਵੇਂ ਤਰ੍ਹਾਂ ਦੇ ਅੰਕੜੇ, ਕੀ ਮਹਾਮਾਰੀ ਦੀ ਸਥਿਤੀ ਸਪਸ਼ਟ ਕਰਨ ਵਾਲੇ ਹਨ ਜਾਂ ਸਾਡੀ ਸਿਹਤ ਵਿਵਸਥਾ ਦੀ ਕਾਰਗੁਜ਼ਾਰੀ ਦਰਸਾਉਣ ਵਾਸਤੇ ਜਾਂ ਦੇਸ਼ ਦੀ ਅਫਸਰਸ਼ਾਹੀ ਦੁਆਰਾ ਆਪਣੀ ਪਿੱਠ ਠੋਕਣ ਵਾਸਤੇ ਹਨ?

ਅੰਕੜੇ ਪੇਸ਼ ਕਰਨਾ ਵੀ ਇਕ ਹੁਨਰ ਹੈ। ਇਹ ਜਦੋਂ ਰਾਜਨੀਤੀਵਾਨਾਂ ਦੇ ਹੱਥ ਆਉਂਦੇ ਹਨ ਤਾਂ ਉਸ ’ਚੋਂ ਉਨ੍ਹਾਂ ਦੀ ਮਨਸ਼ਾ ਸਾਫ਼ ਝਲਕਦੀ ਹੈ। ਭਾਵ ਭਰਿਆ ਗਲਾਸ ਆਪਣੇ ਲਈ ਤੇ ਖਾਲ੍ਹੀ ਵਾਲਾ ਹਿੱਸਾ ਜਨਤਾ ਲਈ। ਜਿੱਥੇ ਇਹ ਅੰਕੜੇ ਉਲਝਾ ਰਹੇ ਨੇ, ਉੱਥੇ ਇਮੀਊਨਿਟੀ ਪ੍ਰਤੀ ਵੀ ਧੁੰਧਲਕਾ ਹੈ। ਕਰੋਨਾ ਨੇ ਇਮੀਊਨਟੀ ਨੂੰ ਇਕ ਬਾਜ਼ਾਰ ਤਾਂ ਦਿੱਤਾ ਹੈ, ਪਰ ਨਾਲ ਹੀ ਆਮ ਆਦਮੀ ਨੂੰ ਇਕ ਮੁੱਦਾ ਵੀ ਦਿੱਤਾ ਹੈ। ਅੱਜ ਦੀ ਤਾਰੀਖ਼ ਵਿਚ ਹਰ ਸ਼ਖ਼ਸ ਹੀ ‘ਕਾਹੜਾ ਸਪੈਸ਼ਲਿਸਟ’ ਹੈ। ਸਭ ਕੋਲ ਆਪਣਾ-ਆਪਣਾ ਢੰਗ-ਤਰੀਕਾ ਹੈ। ਬਾਜ਼ਾਰ ਦਾ ਸਰਵੇਖਣ ਕਰ ਕੇ ਦੇਖ ਲਵੋ, ਦਾਲਚੀਨੀ ਅਤੇ ਮੁਲੱਠੀ ਦੀ ਮੰਗ ਕਈ ਗੁਣਾਂ ਵਧ ਗਈ ਹੈ, ਬਾਕੀ ਸ਼ਹਿਦ-ਚਵਨਪ੍ਰਾਸ਼ ਇਮੀਊਨਿਟੀ ਦੀ ਸਨਅਤ ਆਪਣੇ ਅੰਦਾਜ਼ ਵਿਚ ਲੋਕਾਂ ਨੂੰ ਖਿੱਚ ਰਹੀ ਹੈ।

ਜੋ ਗੱਲ ਇਮੀਊਨਿਟੀ ਬਾਰੇ ਜਾਨਣ ਦੀ ਲੋੜ ਹੈ, ਉਹ ਇਹ ਹੈ ਕਿ ਹਰ ਸਰੀਰ ਦਾ ਇਕ ਸਿਸਟਮ ਹੈ, ਪਰ ਕੀ ਹੋਰ ਸਿਸਟਮ ਜਿਵੇਂ ਦਿਲ ਦੀ ਕਿਰਿਆ, ਖ਼ੂਨ ਪ੍ਰਵਾਹ ਦੀ ਪ੍ਰਕਿਰਿਆ ਜਾਂ ਖੁਰਾਕ ਪ੍ਰਣਾਲੀ ਦੀ ਦਰੁਸਤ ਵਰਤੋਂ ਵੀ ਲੋੜੀਂਦੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਆਕਸੀਜਨ ਦੀ ਵਿਵਸਥਾ ਦਾ ਹੋਣਾ ਲਾਜ਼ਮੀ ਹੈ। ਦੂਜੀ ਗੱਲ ਸਰੀਰ ਜਿਨ੍ਹਾਂ ਛੋਟੇ-ਛੋਟੇ ਸੈੱਲਾਂ ਨਾਲ ਬਣਿਆ ਹੈ, ਉਸ ਲਈ ਕਾਰਬੋਜ਼, ਪ੍ਰੋਟੀਨ, ਫੈਟ, ਵਿਟਾਮਿਨ ਅਤੇ ਮਿਨਰਲਜ਼ ਦੀ ਲੋੜ ਹੁੰਦੀ ਹੈ। ਸਾਡੇ ਸਰੀਰ ਦੇ ਸੈੱਲਾਂ ਨੂੰ ਅਹਿਮ ਖਣਿਜ ਪਦਾਰਥਾਂ ਦੀ ਲੋੜ ਹੁੰਦੀ ਹੈ, ਜੋ ਹਨ; ਕੈਲਸ਼ੀਅਮ, ਫਾਸਫੋਰਸ, ਆਇਰਨ, ਪੋਟਸ਼ੀਅਮ, ਸੋਡੀਅਮ ਕਲੋਰਾਈਡ, ਆਇਓਡੀਨ, ਜਿ਼ੰਕ, ਕਾਪਰ ਆਦਿ। ਇੱਥੇ ਇਕ ਉਦਾਹਰਣ ਹੈ ਕਿ ਖ਼ੂਨ ਦੀ ਘਾਟ ‘ਅਨੀਮੀਆ’ ਲਈ ਆਇਰਨ ਦੀਆਂ ਗੋਲੀਆਂ ਖਾਣ ਨੂੰ ਵੰਡੀਆਂ ਜਾਂਦੀਆਂ ਹਨ। ਖ਼ੂਨ ਦੀ ਜਾਂਚ ਦਾ ਸਰੀਰ ਵਿਚ ਪੈਮਾਨਾ ਹੀਮੋਗਲੋਬੀਨ (ਐੱਚਬੀ) ਦੇ ਦੋ ਮੁੱਖ ਹਿੱਸੇ ਹਨ। ਹੀਮੋ ਅਤੇ ਗਲੋਬੀਨ। ਹੀਮੋ ਮਤਲਬ ਆਇਰਨ ਅਤੇ ਗਲੋਬੀਨ ਮਤਲਬ ਪ੍ਰੋਟੀਨ। ਅਸੀਂ ਆਇਰਨ ਦੀਆਂ ਗੋਲੀਆਂ ਦੇ ਰਹੇ ਹਾਂ। ਨਾਲ ਹੀ ਸੋਚਦੇ ਹਾਂ ਕਿ ਪ੍ਰੋਟੀਨ ਤਾਂ ਬੰਦਾ ਖੁਰਾਕ ਤੋਂ ਲੈ ਰਿਹਾ ਹੋਵੇਗਾ, ਜੋ ਕਿ ਦਾਲਾਂ, ਦੁੱਧ-ਦਹੀ, ਆਂਡਿਆਂ ਤੋਂ ਮਿਲਦਾ ਹੈ ਪਰ ਜਿਸ ਨੂੰ ਰੋਟੀ ਦੇ ਲਾਲੇ ਪਏ ਹੋਣ, ਉਹ ਇਹ ਖੁਰਾਕ ਕਿਵੇਂ ਖਾਵੇਗਾ ਅਤੇ ਇਕੱਲਾ ਆਦਮੀ ਖ਼ੂਨ ਦੀ ਘਾਟ ਕਿਵੇਂ ਪੂਰੀ ਕਰੇਗਾ? ਇਸੇ ਤਰ੍ਹਾਂ ਹੀ ਗੱਲ ਹੈ ਇਮੀਊਨ ਸਿਸਟਮ ਦੀ, ਉਸ ਦੇ ਹਾਰਮੋਨ ਅਤੇ ਹੋਰ ਸਿਪਾਹੀ ਸੈੱਲ ਕਿਵੇਂ ਤਿਆਰ ਹੋਣਗੇ? ਜੇਕਰ ਇਕ ਵੀ ਤੱਤ ਦੀ ਘਾਟ ਹੋਵੇਗੀ। ਇਸ ਤਰ੍ਹਾਂ ਸਮੁੱਚਤਾ, ਅਨੁਪਾਤ ਅਤੇ ਸੰਤੁਲਤ ਦੀ ਗੱਲ ਹੁੰਦੀ ਹੈ। ਸਿਹਤ ਨੂੰ ਸੰਪੂਰਨ ਰੂਪ ਵਿਚ ਸਮਝਣ ਦਾ ਪੈਮਾਨਾ ਹੈ ਕਿ ਵਿਅਕਤੀ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ’ਤੇ ਸਿਹਤਮੰਦ ਹੋਵੇ। ਮਤਲਬ ਕਿ ਇਮੀਊਨ ਸਿਸਟਮ ਨੂੰ ਜਿੱਥੇ ਖੁਰਾਕੀ ਤੱਤਾਂ ਦੀ ਲੋੜ ਹੈ, ਉੱਥੇ ਪਿਆਰ, ਨਿੱਘ ਤੇ ਆਪਸੀ ਵਿਸ਼ਵਾਸ ਦੀ ਵੀ ਲੋੜ ਹੈ। ਦੇਸ਼ ਅੰਦਰ ਸਮਾਜਿਕ ਸੁਰੱਖਿਆ ਉਸਾਰਨ ਲਈ, ਇਕ ਦੂਸਰੇ ਪ੍ਰਤੀ ਮਦਦ ਦੀ ਭਾਵਨਾ ਵਾਲਾ ਮਾਹੌਲ ਵੀ ਲੋੜੀਂਦਾ ਹੈ।

ਅਸੀਂ ਇਸ ਕਰੋਨਾ ਦੇ ਦੌਰ ਵਿਚ ਜਿੱਥੇ ਅੰਕੜਿਆਂ ਦਾ ਭੰਬਲਭੂਸਾ ਪੈਦਾ ਕੀਤਾ ਹੈ, ਉੱਥੇ ਡਰ ਦਾ ਮਾਹੌਲ ਸਿਰਜਿਆ ਵੀ ਹੈ, ਨਾਲ ਹੀ ਇਮੀਊਨਿਟੀ ਨੂੰ ਵੀ ਇਕ ਵੱਖਰੀ ਅਸਪਸ਼ਟਤਾ ਦਾ ਮਾਹੌਲ ਦਿੱਤਾ ਹੈ। ਡਰ ਆਪਣੇ ਆਪ ਵਿਚ ਇਮੀਊਨਿਟੀ ਲਈ ਘਾਤਕ ਹੈ।

ਜੇਕਰ ਅਨੇਕਾਂ ਤਰ੍ਹਾਂ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਕੀ ਇਸ ਨਾਲ ਲੋਕਾਂ ਦਾ ਫ਼ਾਇਦਾ ਹੋ ਰਿਹਾ ਹੈ? ਕੀ ਉਹ ਸਮਝਦਾਰ ਹੋ ਰਹੇ ਹਨ? ਕੀ ਉਨ੍ਹਾਂ ਦਾ ਡਰ ਘੱਟ ਰਿਹਾ ਹੈ? ਅਸੀਂ ਹਰ ਰੋਜ਼ ਪਾਜ਼ੇਟੀਵਿਟੀ ਰੇਟ, ਰਿਕਵਰੀ ਅਤੇ ਐਕਟਿਵ ਕੇਸਾਂ ਦੇ ਅੰਕੜਿਆਂ ਨੂੰ ਘਟਦਾ-ਵਧਦਾ ਦੇਖ ਰਹੇ ਹਾਂ। ਫਿਰ ਹੋਰ ਮੁਲਕਾਂ ਨਾਲ ਤੁਲਨਾ ਕਰ ਕੇ ਖੁਸ਼ ਹੋਣ ਦੀ ਕੋਸ਼ਿਸ਼ ਕਰਦੇ ਹਾਂ। ਕਰੋਨਾ ਦੇ ਪਹਿਲੇ ਦਿਨ ਤੋਂ ਹੀ ਇਕੋ ਰੇਟ ਹੈ, ਜੋ ਬਿਲਕੁਲ ਇਕਸਾਰ ਹੀ ਰਿਹਾ ਹੈ, ਉਹ ਹੈ ਮੌਤ ਦਰ। ਇਹ ਦੋ ਫ਼ੀਸਦੀ ਦੇ ਨੇੜੇ-ਤੇੜੇ ਰਹੀ ਹੈ। ਅੱਜ ਦੀ ਤਾਰੀਖ਼ ਵਿਚ ਇਹ 1.6 ਫ਼ੀਸਦੀ ਹੈ। ਕੀ ਇਸ ਤੋਂ ਇਕੋ ਇਕ ਅੰਕੜਾ, ਇਕ ਨਤੀਜਾ ਇਹ ਨਹੀਂ ਪੇਸ਼ ਕਰ ਸਕਦੇ ਕਿ ਜੋ ਵੀ ਲੱਛਣ ਹੋ ਜਾਵੇ, ਉਸ ਤੋਂ ਸੁਚੇਤ ਰਹੀਏ ਤੇ ਘਬਰਾਈਏ ਨਾ। ਉਸ ਨੂੰ ਇਹ ਨਹੀਂ ਦੱਸ ਸਕਦੇ ਕਿ ਤੇਰੇ ਬਦਨ ਦੀ 98 ਫ਼ੀਸਦੀ ਸੰਭਾਵਨਾ ਹੈ, ਜੋ ਕਿ ਹੈ ਵੀ। ਫਿਰ ਕਿਉਂ ਇਹ ਗੱਲ ਉਭਾਰਨ ਵਿਚ ਗੁਰੇਜ਼ ਕੀਤਾ ਗਿਆ ਹੈ। ਇਕ ਪਾਸੇ ਅਸੀਂ ਲੋਕਾਂ ਨੂੰ ਬੁਖ਼ਾਰ, ਖਾਂਸੀ ਵਰਗੇ ਲੱਛਣਾਂ ਨਾਲ ਛੇਤੀ ਫੜਨਾ ਚਾਹੁੰਦੇ ਹਾਂ ਅਤੇ ਉਨ੍ਹਾਂ ਨੂੰ ਵਕਤ ਸਿਰ ਇਲਾਜ ਦੇਣ ਦੇ ਚਾਹਵਾਨ ਹਾਂ। ਪਰ ਦੂਸਰੇ ਪਾਸੇ ਡਰਾ ਕੇ, ਬੇਚੈਨ ਕਰਕੇ ਅਸੀਂ ਜੋ ਨੁਕਸਾਨ ਕਰ ਰਹੇ ਹਾਂ, ਉਸ ਬਾਰੇ ਕੀ ਕਦੇ ਸੋਚਿਆ ਹੈ? ਇਮੀਊਨਿਟੀ ਡਰੇ ਹੋਏ ਵਿਅਕਤੀ ਵਿਚ ਕਾਹੜਿਆਂ ਨਾਲ ਨਹੀਂ ਵਧਦੀ। ਉਸ ਦੇ ਲਈ ਵੀ ਮਨ-ਮਾਹੌਲ ਸ਼ਾਂਤ ਹੋਣਾ ਚਾਹੀਦੇ ਹਨ।
ਸੰਪਰਕ: 98158-08506

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ...

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

* ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸ ਨੂੰ ‘ਬਦਲਾਲਊ’ ...

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਪ੍ਰਸ਼ਾਸਨ ਨੇ ਰਿਹਾਇਸ਼ ਦੇ ਬਾਹਰ ਟਰੱਕ ਖੜ੍ਹਾ ਕਰਕੇ ਰਾਹ ਰੋਕਿਆ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ...

ਸ਼ਹਿਰ

View All