ਡਾ. ਸ਼ਿਆਮ ਸੁੰਦਰ ਦੀਪਤੀ
ਜਦੋਂ ਵੀ ਕਦੇ ਇਮੀਊਨਿਟੀ ਜਾਂ ਸਰੀਰ ਦੀ ਸੁਰੱਖਿਆ ਪ੍ਰਣਾਲੀ ਦੀ ਗੱਲ ਹੋਈ ਹੈ ਤੇ ਉਸ ਦੀ ਮਜ਼ਬੂਤੀ ਬਾਰੇ ਜ਼ਿਕਰ ਕੀਤਾ ਗਿਆ ਹੈ ਤਾਂ ਖੁਰਾਕ ਦੀ ਸੰਤੁਲਿਤ ਵਰਤੋਂ, ਜਿਸ ਵਿਚ ਕਾਰਬੋਜ, ਪ੍ਰੋਟੀਨ, ਵਿਟਾਮਿਨ, ਖਣਿਜ ਪਦਾਰਥ, ਤੇਲ, ਘਿਓ, ਕਰੀਮਾਂ ਆਦਿ ਦੀ ਗੱਲ ਹੋਈ ਹੈ। ਪਿਛਲੇ ਕੁਝ ਸਮੇਂ ਤੋਂ ਖਾਸ ਕਰ ਕਰੋਨਾ ਕਾਲ ਨੇ ਇਮੀਊਨਿਟੀ ਦੇ ਇਲਾਜ ਲਈ ਦੇਸੀ ਜੜ੍ਹੀ-ਬੂਟੀਆਂ ਜਿਵੇਂ ਇਲਾਈਚੀ, ਦਾਲਚੀਨੀ, ਮੁਲੱਠੀ ਆਦਿ ਦੀ ਭੂਮਿਕਾ ਨੂੰ ਕਾਫੀ ਉਭਾਰਿਆ ਹੈ।
ਇਸ ਵਿਸ਼ੇ ਨਾਲ ਸਬੰਧਤ ਕਈ ਲੇਖਾਂ ਵਿਚ ਇਮੀਊਨਿਟੀ ਨੂੰ ਲੈ ਕੇ ਸੰਤੁਲਨ, ਅਨੁਪਾਤ ਅਤੇ ਸਮਰਥਾ ਦੀ ਗੱਲ ਕੀਤੀ ਹੈ ਤਾਂ ਇਨ੍ਹਾਂ ਲਫ਼ਜ਼ਾਂ-ਭਾਵਾਂ ਦੀ ਵਿਆਖਿਆ ਸਬੰਧੀ ਕਈ ਸਵਾਲ ਖੜ੍ਹੇ ਹੋਏ। ਇਹ ਠੀਕ ਹੈ ਕਿ ਖੁਰਾਕ ਦੇ ਸੰਤੁਲਨ ਬਾਰੇ ਅਸੀਂ ਜਾਣਦੇ ਹਾਂ, ਪਰ ਸਰੀਰ ਖੁਰਾਕ ਤੋਂ ਇਲਾਵਾ ਹੋਰ ਵੀ ਕਈ ਮਹੱਤਵਪੂਰਨ ਪਹਿਲੂਆਂ ਤੋਂ ਪ੍ਰਭਾਵਿਤ ਹੁੰਦਾ ਹੈ। ਉਸ ਵਿਚ ਸਮਾਜ ਵਿਚ ਆਪਸੀ ਰਿਸ਼ਤਿਆਂ ਦਾ ਸਾਵਾਂ ਹੋਣਾ ਬਹੁਤ ਹੀ ਅਹਿਮ ਹੈ।
ਸਾਲ 1948 ਵਿਚ ਵਿਸ਼ਵ ਸਿਹਤ ਸੰਸਥਾ ਦੇ ਸੰਗਠਨ ਤੋਂ ਬਾਅਦ ਸਿਹਤ ਦੀ ਵਿਆਖਿਆ ਕਰਦਿਆਂ ਸਿਹਤ ਨੂੰ ਸਰੀਰਕ, ਮਾਨਸਿਕ ਅਤੇ ਸਮਾਜਿਕ ਧਰਾਤਲ ’ਤੇ ਨਰੋਆ ਹੋਣ ਦੀ ਗੱਲ ਕੀਤੀ ਗਈ। ਸਿਰਫ਼ ਬਿਮਾਰੀ ਨਾ ਹੋਣਾ ਹੀ ਤੰਦਰੁਸਤ ਸਿਹਤ ਨਹੀਂ ਹੈ। ਸਰੀਰਕ ਬਿਮਾਰੀ ਬਾਰੇ ਅਸੀਂ ਸਾਰੇ ਸੁਚੇਤ ਹਾਂ ਤੇ ਹੁਣ ਹੌਲੀ-ਹੌਲੀ ਮਨ ਦੀ ਪ੍ਰੇਸ਼ਾਨੀ, ਬੇਚੈਨੀ ਨੂੰ ਲੈ ਕੇ ਵੀ ਕੁਝ ਸੋਚ ਰਹੇ ਹਾਂ ਤੇ ਮਾਹਿਰ ਤੱਕ ਪਹੁੰਚ ਕਰਦੇ ਹਾਂ, ਪਰ ਸਮਾਜਿਕ ਸਿਹਤ ਦਾ ਸੰਕਲਪ ਅਜੇ ਵੀ ਸਾਡੇ ਮਨਾਂ ਵਿਚ ਸਪਸ਼ਟ ਨਹੀਂ ਹੈ।
ਸਮਾਜਿਕ ਸਿਹਤ ਤੋਂ ਸਾਧਾਰਨ ਜਿਹਾ ਮਤਲਬ ਹੈ, ਆਪਸੀ ਰਿਸ਼ਤਿਆਂ ਵਿਚ ਨਿੱਘ ਅਤੇ ਨੇੜਤਾ। ਅਜੋਕੇ ਸਮੇਂ ਵਿਚ ਸਮਾਜਿਕ ਰਿਸ਼ਤਿਆਂ ਨੂੰ ਲੈ ਕੇ ਜੋ ਤੋੜ-ਭੰਨ ਹੋ ਰਹੀ ਹੈ, ਜਿਸ ਤਰ੍ਹਾਂ ਰਿਸ਼ਤਿਆਂ ’ਚ ਬੇਵਿਸ਼ਵਾਸੀ ਦਾ ਮਾਹੌਲ ਬਣ ਰਿਹਾ ਹੈ, ਉਹ ਮਨ ’ਤੇ ਵੀ ਅਸਰ ਕਰਦਾ ਹੈ ਤੇ ਸਰੀਰ ਦੀ ਸੁਰੱਖਿਆ ਪ੍ਰਣਾਲੀ ’ਤੇ ਵੀ।
ਰਿਸ਼ਤਿਆਂ ਦਾ ਨਿੱਘ, ਰਲ-ਮਿਲ ਕੇ ਬੈਠਣ ਦਾ ਸਭ ਤੋਂ ਵੱਡਾ ਫ਼ਾਇਦਾ ਜੋ ਮਿਲਦਾ ਹੈ ਉਹ ਹੈ ਖੁਸ਼ੀ ਦਾ ਪੈਦਾ ਹੋਣਾ। ਖੁਸ਼ੀ ਭਾਵੇਂ ਕਹਿਣ ਨੂੰ ਮਨੁੱਖ ਦੇ ਨਿੱਜ ਨਾਲ ਜੋੜ ਕੇ ਪ੍ਰਚਾਰੀ ਜਾਂਦੀ ਹੈ। ਇਹ ਇਕ ਆਮ ਪ੍ਰਚਲਿਤ ਕਥਨ ਹੈ ਕਿ ਖੁਸ਼ੀ ਤੁਹਾਡੇ ਅੰਦਰ ਹੁੰਦੀ ਹੈ ਤੇ ਇਹ ਤੁਹਾਡੀ ਆਪਣੀ ਚੋਣ ਹੈ ਕਿ ਖੁਸ਼ ਰਹਿਣਾ ਹੈ ਜਾਂ ਨਹੀਂ, ਪਰ ਇਹ ਧਾਰਨਾ ਗਲਤ ਹੈ। ਖੁਸ਼ੀ ਦੇ ਸੋਮੇ ਬਾਹਰ ਹਨ, ਸਮਾਜ ਵਿਚ।
ਮਨੋਵਿਗਿਆਨ ਅਤੇ ਸਰੀਰਕ ਪ੍ਰਕਿਰਿਆ ਦੇ ਆਪਸੀ ਸਬੰਧਾਂ ਨੂੰ ਲੈ ਕੇ ਤਜ਼ਰਬੇ ਹੋਏ ਹਨ ਕਿ ਸਾਡੇ ਸਰੀਰ ਵਿਚ ਖੁਸ਼ੀ ਦੇ ਚਾਰ ਹਾਰਮੋਨਜ਼ ਹਨ। ਉਹ ਹਨ- ਸਿਰੋਟੋਨਿਨ, ਐਂਡੋਰਫਿਨ, ਡੋਪਾਮਾਈਨ ਅਤੇ ਔਕਸੀਟੋਸਿਨ (Serotnoin, Endorphin, Dopamine, Oxytocin) ਇਹ ਚਾਰੇ ਹਾਰਮੋਨਜ਼ ਸਾਡੇ ਸਮਾਜਿਕ ਰਿਸ਼ਤਿਆਂ ਨਾਲ ਜੁੜਦੇ ਹਨ। ਜਦੋਂ ਅਸੀਂ ਮਿਲਦੇ ਹਾਂ, ਕਿਸੇ ਦੀ ਮਦਦ ਕਰਦੇ ਹਾਂ, ਕਿਸੇ ਦਾ ਹੱਥ ਫੜ ਉਸ ਨੂੰ ਆਪਣੇਪਣ ਦਾ ਅਹਿਸਾਸ ਕਰਵਾਉਂਦੇ ਹਾਂ ਜਾਂ ਗਲਵੱਕੜੀ ਵਿਚ ਲੈਂਦੇ ਹਾਂ।
ਇਮੀਊਨ ਸਿਸਟਮ ਨੂੰ ਲੈ ਕੇ ਇਕ ਤਜਰਬੇ ਵਿਚ ਦੇਖਿਆ ਗਿਆ ਹੈ ਕਿ ਵਿਆਹੇ ਹੋਏ ਲੋਕਾਂ ਦਾ ਇਮੀਊਨ ਸਿਸਟਮ, ਅਣਵਿਆਹਿਆਂ ਤੋਂ ਜ਼ਿਆਦਾ ਵਧੀਆ ਹੁੰਦਾ ਹੈ। ਇਸ ਨੂੰ ਅੱਗੇ ਹੋਰ ਵੀ ਸਪਸ਼ਟ ਕੀਤਾ ਗਿਆ ਕਿ ਵਿਆਹੇ ਹੋਏ ਜੋੜੇ ਵਿਚ ਜੇਕਰ ਆਪਸੀ ਸਬੰਧ ਨਿੱਘੇ ਅਤੇ ਵਿਸ਼ਵਾਸ ਵਾਲੇ ਹੋਣ ਤਾਂ ਉੱਥੇ ਇਹ ਹੋਰ ਵੀ ਵਧੀਆ ਤੇ ਤਾਕਤਵਰ ਹੁੰਦਾ ਹੈ।
ਇਸ ਤੋਂ ਇਲਾਵਾ ਇਕ ਹੋਰ ਤਜਰਬੇ ਵਿਚ ਇਹ ਦੱਸਿਆ ਗਿਆ ਕਿ ਬਿਮਾਰ ਹੋਣ ’ਤੇ ਜੇ ਕਿਸੇ ਕੋਲ ਵੱਧ ਲੋਕ ਹਾਲ ਪੁੱਛਣ, ਉਸ ਦਾ ਦੁੱਖ ਵੰਡਾਉਣ ਅਤੇ ਹੌਸਲਾ ਦੇਣ ਆਉਂਦੇ ਹਨ ਤਾਂ ਉਸ ਦੇ ਠੀਕ ਹੋਣ ਦੀ ਰਫ਼ਤਾਰ ਬਾਕੀਆਂ ਨਾਲੋਂ ਵੱਧ ਹੁੰਦੀ ਹੈ।
ਆਪਾਂ ਇਮੀਊਨ ਸਿਸਟਮ ਨੂੰ ਸਮਝਣ ਵੇਲੇ ਇਨ੍ਹਾਂ ਨੂੰ ਬਿਮਾਰੀਆਂ ਨਾਲ ਲੜਨ ਵਾਲੀਆਂ ਫੌਜਾਂ ਦੇ ਬਰਾਬਰ ਰੱਖ ਕੇ ਜਾਣਿਆ। ਜਿਸ ਤਰ੍ਹਾਂ ਇਕ ਮੋਟਾ ਸਿਪਾਹੀ ਕਿਸੇ ਨੂੰ ਭੱਜ ਕੇ ਨਹੀਂ ਫੜ ਸਕਦਾ। ਉਸੇ ਤਰ੍ਹਾਂ ਹੀ ਕੋਈ ਬੇਚੈਨ, ਤਣਾਅ ਵਿਚ ਗ੍ਰਸਤ ਨਿਰਾਸ਼ ਸਿਪਾਹੀ ਵੀ ਹਮਲਾਵਰ ਉਪਰ ਹਮਲਾ ਕਰਨ ਦਾ ਹੌਸਲਾ ਨਹੀਂ ਜੁਟਾ ਪਾਉਂਦਾ।
ਹੁਣ ਜੇਕਰ ਇਸ ਤਰ੍ਹਾਂ ਦੇ ਸਮਾਜਿਕ ਮਾਹੌਲ ਸਬੰਧੀ ਅਜੋਕੇ ਸਮੇਂ ਵਿਚ ਗੱਲ ਕਰੀਏ ਤਾਂ ਘਰਾਂ ਵਿਚ ਪਤੀ-ਪਤਨੀ, ਮਾਂ-ਪਿਓ ਅਤੇ ਬੱਚੇ, ਘਰ ਦੇ ਅੰਦਰ ਰਹਿੰਦੇ ਬਜ਼ੁਰਗਾਂ ਦੀ ਹਾਲਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ ਤੇ ਅਸੀਂ ਉਸ ਦੇ ਨਤੀਜੇ ਵੀ ਦੇਖ ਰਹੇ ਹਾਂ। ਅਜਿਹੇ ਹੀ ਰਿਸ਼ਤੇ ਸਕੂਲ ਅਤੇ ਕੰਮ ਦੀ ਥਾਂ ’ਤੇ ਵੀ ਦੇਖੇ ਜਾ ਸਕਦੇ ਹਨ, ਜਿੱਥੇ ਹੌਲੀ-ਹੌਲੀ ਬੇਗਾਨਗੀ ਦਾ ਮਾਹੌਲ ਵੱਧ ਤੀਬਰ ਹੈ।
ਇਸ ਸਥਿਤੀ ਨੂੰ ਅਸੀਂ ਦੇਸ਼ ਦੇ ਪੱਧਰ ’ਤੇ ਵੀ ਮਹਿਸੂਸ ਕਰ ਸਕਦੇ ਹਾਂ, ਜਿੱਥੇ ਇਕ ਬੇਭਰੋਸਗੀ ਦਾ ਵਾਤਾਵਰਨ ਹੈ। ਸਾਡੇ ਮੁਲਕ ਵਿਚ ਵੱਡੇ ਪੱਧਰ ’ਤੇ ਧਰਮ-ਜਾਤ ਦਾ ਮਸਲਾ ਅਜਿਹਾ ਹੈ ਕਿ ਸਾਡੇ ਸਕੂਲ ਵੱਖਰੇ ਹਨ, ਮੁਹੱਲੇ ਵੱਖਰੇ ਹਨ, ਧਾਰਮਿਕ ਥਾਵਾਂ ਤਾਂ ਹਨ ਹੀ ਵੱਖਰੀਆਂ।
ਇਸ ਤੋਂ ਅੱਗੇ ਦੇਸ਼ ਦੀ ਰਾਜਨੀਤੀ ਦੇ ਪੱਖ ਤੋਂ ਬਣਾਈਆਂ ਤੇ ਅਪਣਾਈਆਂ ਜਾ ਰਹੀਆਂ ਨੀਤੀਆਂ, ਜੋ ਕਿ ਪੂੰਜੀਵਾਦ ਦੇ ਹੱਕ ਵਿਚ ਭੁਗਤਦੀਆਂ ਹਨ, ਵੀ ਸਾਨੂੰ ਇਕ ਦੂਸਰੇ ਤੋਂ ਦੂਰ ਕਰਨ ਦੀ ਭੂਮਿਕਾ ਵੱਧ ਨਿਭਾਅ ਰਹੀਆਂ ਹਨ। ਸਾਨੂੰ ਨਿੱਜ ਦੇ ਖੋਲ ਵਿਚ ਬੰਦ ਕੀਤਾ ਜਾ ਰਿਹਾ ਹੈ। ‘ਮੇਰਾ-ਮੇਰਾ’ ਦਾ ਅਹਿਸਾਸ ਭਾਰੂ ਹੋ ਰਿਹਾ ਹੈ। ਇਸ ਦਾ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ ਕਿ ਅਸੀਂ ਕਿਸੇ ਦੀ ਮਦਦ ਲੈਣ ਜਾਂ ਮਦਦ ਕਰਨ ਤੋਂ ਗੁਰੇਜ਼ ਕਰਦੇ ਹਾਂ।
ਮਨੁੱਖ ਸਮਾਜਿਕ ਪ੍ਰਾਣੀ ਹੈ। ਮਿਲ ਕੇ ਰਹਿਣਾ ਤੇ ਮਦਦ ਕਰਨਾ ਸਾਡੀ ਵਿਕਾਸ ਲੜੀ ਦੌਰਾਨ ਵਿਕਸਿਤ ਹੋਏ, ਸਾਡੇ ਸਰੀਰ ਦਾ ਹਿੱਸਾ ਹਨ। ਤੁਸੀਂ ਖੁਦ ਮਹਿਸੂਸ ਕੀਤਾ ਹੋਵੇਗਾ ਕਿ ਕਿਸੇ ਵੀ ਬਿਪਤਾ ਵੇਲੇ, ਦੂਰ-ਦਰਾਜ ਇਲਾਕੇ ਵਿਚ ਆਏ ਹੜ੍ਹ ਜਾਂ ਭੁਚਾਲ ਵੇਲੇ ਅਸੀਂ ਖੁਦ ਆਪ ਮੁਹਾਰੇ ਅੱਗੇ ਆ ਕੇ ਮਦਦ ਲਈ ਤਿਆਰ ਹੁੰਦੇ ਹਾਂ, ਪਰ ਹੌਲੀ-ਹੌਲੀ ਸਾਨੂੰ ਇਸ ਤਰ੍ਹਾਂ ਦੇ ਜਜ਼ਬਾਤ ਤੋਂ ਦੂਰ ਕੀਤਾ ਜਾ ਰਿਹਾ ਹੈ।
ਹੁਣ ਇਸ ਪਿਛੋਕੜ ਦੇ ਮੱਦੇਨਜ਼ਰ ਵਿਚਾਰ ਕੇ ਦੇਖੋ ਕਿ ਤੁਸੀਂ ਖਾ-ਪੀ ਵਧੀਆ ਰਹੇ ਹੋ, ਹੋਰ ਜੋ ਵੀ ਸਰੀਰ ਨੂੰ ਲੋੜੀਂਦਾ ਹੈ, ਉਹ ਕਰ ਰਹੇ ਹੋ, ਪਰ ਤੁਸੀਂ ਆਪਸੀ ਰਿਸ਼ਤਿਆਂ ਨੂੰ ਲੈ ਕੇ ਪ੍ਰੇਸ਼ਾਨ, ਬੇਚੈਨ ਹੋ ਤਾਂ ਕੀ ਤੁਹਾਡਾ ਖਾਧਾ ਤੁਹਾਡੇ ਸਰੀਰ ’ਤੇ ਅਸਰ ਕਰੇਗਾ? ਕੀ ਇਸ ਤਰ੍ਹਾਂ ਅਸੀਂ ਆਪਣੀ ਸਰੀਰਕ ਸੁਰੱਖਿਆ ਨੂੰ ਮਜ਼ਬੂਤ ਰੱਖ ਪਾਵਾਂਗੇ? ਇਹ ਹੈ ਸਾਰੇ ਪੱਖਾਂ ਦਾ ਸੰਤੁਲਨ ਅਤੇ ਸਮਗਰਤਾ ਦਾ ਭਾਵ, ਜੋ ਸਾਡੀ ਇਮੀਊਨਿਟੀ ਨੂੰ ਅਸਰ ਅੰਦਾਜ਼ ਕਰਦੇ ਹਨ।
ਸੰਪਰਕ: 98158-08506