ਸ਼ਨਾਖ਼ਤ

ਸ਼ਨਾਖ਼ਤ

ਰੋਜ਼ੀ ਸਿੰਘ

ਰੋਜ਼ੀ ਸਿੰਘ

ਕਥਾ ਪ੍ਰਵਾਹ

ਉਸ ਨੇ ਕਾਨਿਆਂ ਅਤੇ ਕੱਖਾਂ ਨਾਲ ਬਣੀ ਆਪਣੀ ਕੁੱਲੀ ਵਿੱਚੋਂ ਟੇਢੀਆਂ ਹੀਆਂ ਵਾਲੀ, ਭੁੰਗ ਖਾਧੀ ਮੰਜੀ ਕੰਬਦੇ ਹੱਥਾਂ ਨਾਲ ਚੁੱਕੀ ਤੇ ਥੱਕੀਆਂ ਹੋਈਆਂ ਬੁੱਢੀਆਂ ਲੱਤਾਂ ਧਰੂਹਦਿਆਂ ਬਾਹਰ ਖੁੱਲ੍ਹੇ ਆਸਮਾਨ ਹੇਠ ਆ ਗਿਆ। ਗਰਮੀ ਖਾਸੀ ਸੀ। ਉਸ ਨੇ ਖੱਗੇ ਦੀ ਪੱਖੀ ਜਿਸ ਦੇ ਚਾਰ ਚੁਫ਼ੇਰੇ ਲੱਗੀ ਕੱਪੜੇ ਦੀ ਕਿਨਾਰੀ ਦੇ ਕੁਝ ਧਾਗੇ ਲਮਕ ਰਹੇ ਸਨ, ਹੌਲੀ-ਹੌਲੀ ਝੱਲਣੀ ਸ਼ੁਰੂ ਕੀਤੀ। ਕੁਝ ਦੇਰ ਬਾਅਦ ਹਵਾ ਦੇ ਰੁਮਕਣ ਨਾਲ ਗਰਮੀ ਤੋਂ ਕੁਝ ਖਲਾਸੀ ਹੋਈ ਤਾਂ ਉਸ ਨੇ ਢਾਬੇ ਤੋਂ ਲਿਆਂਦੀ ਦਾਲ ਤੇ ਫੁਲਕੇ ਝੁੱਗੀ ਵਿੱਚ ਲਿਆ ਆਪਣੇ ਅੱਗੇ ਰੱਖ ਕੇ ਖੋਲ੍ਹ ਲਏ। ਰੋਟੀ ਦੀ ਮਹਿਕ ਸੁੰਘ ਕੇ ਆਸ-ਪਾਸ ਦੀਆਂ ਝੁੱਗੀਆਂ ਤੋਂ ਕੁਝ ਕੁੱਤੇ ਉਸ ਦੀ ਮੰਜੀ ਲਾਗੇ ਆ ਬੈਠੇ। ਉਸ ਨੇ ਇੱਕ ਡੇਢ ਰੋਟੀ ਖਾਣ ਮਗਰੋਂ ਕੁਝ ਰੋਟੀਆਂ ਦੇ ਟੁਕੜੇ ਕੀਤੇ ਤੇ ਵਾਰੋ ਵਾਰੀ ਕੁੱਤਿਆਂ ਨੂੰ ਪਾ ਦਿੱਤੇ। ਇੱਕ ਵਾਰ ਫਿਰ ਉਹ ਡਿੱਗਦਾ ਢਹਿੰਦਾ ਕੁੱਲੀ ਦੇ ਅੰਦਰ ਗਿਆ। ਸ਼ਾਮ ਦੇ ਘੁਸਮੁਸੇ ਤੇ ਕੁੱਲੀ ਅੰਦਰਲੇ ਹਨੇਰੇ ਵਿੱਚੋਂ ਆਪਣੀਆਂ ਕਮਜ਼ੋਰ ਨਜ਼ਰਾਂ ਤੇ ਕੰਬਦੇ ਹੱਥਾਂ ਨਾਲ ਉਸ ਨੇ ਗਲਾਸ ਲੱਭ ਕੇ ਮੱਟ ’ਚੋਂ ਪਾਣੀ ਭਰ ਕੇ ਪੀਤਾ ਤੇ ਇੱਕ ਗਲਾਸ ਭਰ ਕੇ ਬਾਹਰ ਮੰਜੀ ’ਤੇ ਆ ਪਿਆ। ਉਸ ਨੇ ਤਾਰਿਆਂ ਨਾਲ ਭਰੇ ਆਸਮਾਨ ਵੱਲ ਤੱਕਿਆ ਤੇ ਕਿਸੇ ਸੋਚ ਵਿੱਚ ਚਲਾ ਗਿਆ। ਥੋੜ੍ਹੀ ਰਾਤ ਲੰਘੀ ਉਹ ਉੱਠਿਆ ਤੇ ਅੰਦਰ ਕੁੱਲੀ ਵਿੱਚ ਜਾ ਕੇ ਇੱਕ ਗੁਥਲੀ ਵਿੱਚ ਇੱਕ ਪੁਰਾਣੇ ਅਖ਼ਬਾਰ ਦੇ ਪੰਨੇ ਦੇ ਨਾਲ-ਨਾਲ ਜੋੜ ਕੇ ਰੱਖੇ ਕੁਝ ਪੈਸਿਆਂ ਨੂੰ ਟਟੋਲਣ ਲੱਗਾ। ਕੁਝ ਦੇਰ ਪੈਸੇ ਫਰੋਲਣ ਪਿੱਛੋਂ ਉਸ ਨੇ ਪਹਿਲਾਂ ਗੁਥਲੀ ਸੀਨੇ ਨਾਲ ਲਾਈ ਤੇ ਫਿਰ ਉੱਥੇ ਹੀ ਰੱਖ ਬਾਹਰ ਟੇਢੀਆਂ ਹੀਆਂ ਵਾਲੀ ਡੂੰਘੀ ਮੰਜੀ ’ਤੇ ਆਣ ਪਿਆ।

ਦਿੱਲੀ ਵਿੱਚ ਹੋਏ ਨਸਲੀ ਫਸਾਦਾਂ ਵਿੱਚ ਆਪਣੇ ਦੋਵੇਂ ਪੁੱਤਰ ਤੇੇ ਇੱਕ ਧੀ ਗੁਆਉਣ ਮਗਰੋਂ ਉਹ ਆਪਣੀ ਬਿਮਾਰ ਤੇ ਬੁੱਢੀ ਪਤਨੀ ਨਾਲ ਪੰਜਾਬ ਦੇ ਇੱਕ ਪਿੰਡ ਆ ਗਿਆ ਸੀ ਜਿੱਥੇ ਪਿੰਡ ਵਾਲਿਆਂ ਨੇ ਉਸ ਨੂੰ ਇੱਕ ਪੁਰਾਣੀ ਮਸੀਤ ਵਿੱਚ ਰਹਿਣ ਲਈ ਜਗ੍ਹਾ ਦੇ ਦਿੱਤੀ। ਮਾਹੌਲ ਸ਼ਾਂਤ ਹੋਣ ’ਤੇ ਉਹ ਆਪਣੀ ਬਿਮਾਰ ਪਤਨੀ ਨਾਲ ਪਤਾ ਨਹੀਂ ਕਿੰਨੀ ਵਾਰ ਦਿੱਲੀ ਦੇ ਮੁਰਦਾਘਰਾਂ ਵਿੱਚ ਲਾਸ਼ਾਂ ਦੇ ਢੇਰਾਂ ’ਚੋਂ ਆਪਣੇ ਲਾਲਾਂ ਦੀਆਂ ਲਾਸ਼ਾਂ ਦੀ ਸ਼ਨਾਖ਼ਤ ਕਰਨ ਗਿਆ ਸੀ, ਪਤਾ ਨਹੀਂ ਕਿੰਨੀ ਵਾਰ... ਪਰ...!

ਉਹ ਦਿਨ ਇੰਨੇ ਭਿਆਨਕ ਸਨ ਕਿ ਲੋਥਾਂ ਵੀ ਬੇਪਛਾਣ ਹੋ ਗਈਆਂ ਸਨ। ਕੁਝ ਮਹੀਨਿਆਂ ਤੱਕ ਉਹ ਆਪਣੇ ਬੱਚਿਆਂ ਦੇ ਜਿਉਂਦੇ ਹੋਣ ਦਾ ਭਰਮ ਪਾਲਦਿਆਂ ਸਰਕਾਰੀ ਰਜਿਸਟਰਾਂ ’ਚ ਆਪਣੇ ਬੱਚਿਆਂ ਦੇ ਨਾਵਾਂ ਦਾ ਇੰਦਰਾਜ ਕਰਵਾਉਂਦੇ ਰਹੇ। ਇਸ ਆਸ ’ਤੇ ਕਿ ਸ਼ਾਇਦ ਕਦੀ ਉਸ ਦੇ ਪੁੱਤਰ ਕਿਧਰੋਂ ਹਵਾ ਵਾਂਙ ਇਕਦਮ ਆ ਜਾਣ ਤੇ ਉਨ੍ਹਾਂ ਦੇ ਮੋਢਿਆਂ ’ਤੇ ਪਿਆ ਉਮਰਾਂ ਦਾ ਭਾਰ ਲਾਹ ਕੇ ਪਰਾਂ ਵਗਾਹ ਮਾਰਨ। ਇਸ ਆਸ ਵਿੱਚ ਪਤਾ ਨਹੀਂ ਕਿੰਨੇ ਵਰ੍ਹੇ ਲੰਘ ਗਏ।

ਸਵੇਰ ਹੋਈ। ਉਸ ਨੇ ਝੁੱਗੀ ਦੇ ਬਾਹਰ ਖੜ੍ਹੇ ਆਪਣੇ ਰਿਕਸ਼ੇ ਨੂੰ ਟਾਕੀ ਮਾਰਨੀ ਸ਼ੁਰੂ ਕੀਤੀ ਜੋ ਉਸ ਨੇ ਸ਼ਹਿਰ ਦੇ ਸਾਈਕਲ ਸਟੋਰ ਦੇ ਮਾਲਕਾਂ ਤੋਂ ਵੀਹ ਰੁਪਏ ਰੋਜ਼ਾਨਾ ਦੇ ਕਿਰਾਏ ’ਤੇ ਲਿਆ ਹੋਇਆ ਸੀ ਜਿਸ ਨੂੰ ਸਾਰਾ ਦਿਨ ਚਲਾ ਸਵਾਰੀਆਂ ਢੋਂਹਦਾ ਉਹ ਆਪਣਾ ਪੇਟ ਪਾਲਦਾ ਅਤੇ ਉਸ ਵਿੱਚੋਂ ਕੁਝ ਪੈਸੇ ਜੋੜ ਕੇ ਰੱਖ ਲੈਂਦਾ, ਖੌਰੇ ਕਿਸ ਵਾਸਤੇ? ਟਾਕੀ ਮਾਰਦਿਆਂ ਉਸ ਦਾ ਧਿਆਨ ਰਿਕਸ਼ੇ ਦੇ ਪਿਛਲੇ ਪੈਂਚਰ ਹੋ ਚੁੱਕੇ ਟਾਇਰ ’ਤੇ ਪਿਆ। ਉਸ ਨੂੰ ਇਕਦਮ ਧੱਕਾ ਲੱਗਾ ਜਿਵੇਂ ਉਸ ਦੀ ਕੱਲ੍ਹ ਦੀ ਕਮਾਈ ਬੇਕਾਰ ਚਲੀ ਗਈ ਹੋਵੇ। ਕੱਲ੍ਹ ਦੀ ਕਮਾਈ ਵਿਚੋਂ ਕਿਰਾਇਆ ਅਤੇ ਰੋਟੀ ਦਾ ਖ਼ਰਚਾ ਕੱਟ ਕੇ ਪੰਦਰਾਂ ਰੁਪਏ ਬਚੇ ਸਨ। ਉਸ ਨੇ ਝੁੱਗੀ ਦਾ ਛੱਪਰ ਹੇਠਾਂ ਕੀਤਾ ਤੇ ਜੋੜ ਕੇ ਰੱਖੇ ਪੈਸਿਆਂ ਵਾਲੀ ਗੁਥਲੀ ਪਜਾਮੇ ਦੇ ਨਾਲੇ ਨਾਲ ਬੰਨ੍ਹ ਕੇ ਨੇਗ ਵਿੱਚ ਅੜਾ, ਰਿਕਸ਼ਾ ਰੇੜ੍ਹਦਾ ਟੁਰ ਪਿਆ। ਪੈਂਚਰ ਲੁਆ ਕੇ ਪੈਸੇ ਪੈਂਚਰ ਵਾਲੇ ਨੂੰ ਫੜਾਏ ਤੇ ਸਵਾਰੀਆਂ ਦੀ ਭਾਲ ਵਿੱਚ ਬੱਸ ਅੱਡੇ ਵੱਲ ਵਧ ਗਿਆ। ਸ਼ਾਮ ਤੱਕ ਬੱਸ ਅੱਡੇ ਤੋਂ ਕਚਹਿਰੀਆਂ ਤੇ ਉੱਥੋਂ ਰੇਲਵੇ ਸਟੇਸ਼ਨ, ਹਸਪਤਾਲ ਆਦਿ ਦੇ ਫੇਰੇ ਲਾਉਂਦਾ ਉਹ ਥੱਕ ਕੇ ਚੂਰ ਹੋ ਜਾਂਦਾ। ਉਹ ਜਦ ਵੀ ਬੱਸ ਅੱਡੇ ਜਾਂਦਾ ਤਾਂ ਵਾਰ-ਵਾਰ ਕੰਡਕਟਰਾਂ ਡਰਾਈਵਰਾਂ ਨੂੰ ਪੁੱਛਦਾ ਰਹਿੰਦਾ ‘‘ਦਿੱਲੀ ਦਾ ਕਿੰਨਾ ਕਿਰਾਇਆ ਬਾਊ ਜੀ?’’ ਉਸ ਨੇ ਕਈ ਵਾਰ ਰੇਲਵੇ ਸਟੇਸ਼ਨ ਦੇ ਟਿਕਟ ਮਾਸਟਰ ਤੋਂ ਪੁੱਛਿਆ ਸੀ, ‘‘ਦਿੱਲੀ ਦੇ ਭਲਾ ਕਿੰਨੇ ਲੱਗਦੇ ਨੇ ਬਾਬੂ ਜੀ...?’’

ਤੇ ਅੱਗੋਂ ਕਦੇ ਕਦੇ ਆਵਾਜ਼ ਆਉਂਦੀ, ‘‘ਚਾਰ ਸੌ ਬਾਬਾ ਆਉਣ ਜਾਣ ਦੇ।’’

ਹੁਣ ਉਸ ਵਿੱਚ ਪਹਿਲਾਂ ਵਾਲੀ ਫੁਰਤੀ ਨਹੀਂ ਸੀ ਰਹੀ। ਘਰ ਵਾਪਸੀ ’ਤੇ ਉਹ ਮਸਾਂ ਹੀ ਰਿਕਸ਼ੇ ਦੇ ਪੈਡਲ ਮਾਰਦਾ। ਰਸਤੇ ਵਿੱਚ ਰਿਕਸ਼ਾ ਮਾਲਕਾਂ ਨੂੰ ਵੀਹ ਰੁਪਏ ਫੜਾ, ਨਾਲ ਵਾਲੇ ਢਾਬੇ ਤੋਂ ਦਾਲ ਫੁਲਕਾ ਤੇ ਪਿਆਜ਼ਾਂ ਦੀ ਚਟਨੀ ਲੈ ਲੈਂਦਾ। ਪਤਾ ਨਹੀਂ ਉਸ ਨੇ ਕਿੰਨੇ ਚਿਰ ਤੋਂ ਕਿਸੇ ਹੋਰ ਸ਼ੈਅ ਦਾ ਸੁਆਦ ਤੱਕ ਵੀ ਚੱਖਿਆ ਸੀ ਜਾਂ ਨਹੀਂ। ਰਿਕਸ਼ਾ ਇੱਕ ਪਾਸੇ ਲਾ ਉਹ ਕੰਬਦੇ ਹੱਥਾਂ ਨਾਲ ਟੇਢੀਆਂ ਹੀਂਆਂ ਵਾਲੀ ਭੁੰਗ ਖਾਧੀ ਮੰਜੀ ਚੁੱਕ ਬੁੱਢੀਆਂ ਥੱਕ ਚੁੱਕੀਆਂ ਲੱਤਾਂ ਧਰੂੰਹਦਾ ਬਾਹਰ ਖੁੱਲ੍ਹੇ ਆਕਾਸ਼ ਹੇਠ ਆ ਬੈਠਾ ਤੇ ਢਾਬੇ ਤੋਂ ਲਿਆਂਦੀਆਂ ਦਾਲ ਰੋਟੀਆਂ ਆਪਣੇ ਅੱਗੇ ਰੱਖ ਖਾਣ ਲੱਗਾ। ਇਸ ਤਰ੍ਹਾਂ ਉਹ ਪਿਛਲੇ ਕਈ ਚਿਰਾਂ ਤੋਂ ਕਰਦਾ ਆ ਰਿਹਾ ਸੀ। ਉਸ ਨੂੰ ਰੋਟੀ ਖਾਂਦੇ-ਖਾਂਦੇ ਅੱਜ ਆਪਣੇ ਪੁਰਾਣੇ ਖੁਸ਼ਹਾਲ ਦਿਨਾਂ ਦੀ ਯਾਦ ਆ ਗਈ। ਦੰਗਿਆਂ ਤੋਂ ਪਹਿਲਾਂ ਉਸ ਦੇ ਪੁੱਤਰ ਉਸ ਨੂੰ ਬਿਸਤਰਾ ਤੱਕ ਆਪ ਨਹੀਂ ਸਨ ਵਿਛਾਉਣ ਦਿੰਦੇ। ਉਸ ਦੀ ਧੀ ਤਾਜ਼ੀਆਂ-ਤਾਜ਼ੀਆਂ ਮਹਿਕਾਂ ਛੱਡਦੀਆਂ ਸਬਜ਼ੀਆਂ ਭਾਜੀਆਂ ਬਣਾਂ ਕੇ ਘਿਓ ਵਿੱਚ ਨੁੱਚੜਦੇ ਫੁਲਕੇ ਸਾਰੇ ਟੱਬਰ ਤੋਂ ਪਹਿਲਾਂ ਉਸ ਨੂੰ ਲਿਆ ਦਿੰਦੀ। ਬਾਜ਼ਾਰ ਵਿੱਚ ਜਿਹੜਾ ਵੀ ਫ਼ਲ ਨਵਾਂ ਆਉਂਦਾ ਉਸ ਦੇ ਪੁੱਤਰ ਸ਼ਾਮ ਨੂੰ ਕੰਮ ਤੋਂ ਆਉਂਦੇ ਆਪਣੇ ਮਾਪਿਆਂ ਲਈ ਲੈ ਆਉਂਦੇ। ਕਿੰਨਾ ਪਿਆਰ ਕਰਦੇ ਸੀ ਤੇ ਸੇਵਾ ਵੀ ਕਿੰਨੀ। ਚਾਰ-ਚੁਫ਼ੇਰੇ ਖ਼ੁਸ਼ੀਆਂ ਹੀ ਖ਼ੁਸ਼ੀਆਂ ਪਈਆਂ ਖੇਡਦੀਆਂ।

ਦਿੱਲੀ ਵਿੱਚ ਉਨ੍ਹਾਂ ਦਾ ਆਪਣਾ ਕੰਮ ਸੀ ਬਿਜਲੀ ਦਾ ਸਾਮਾਨ ਬਣਾਉਣ ਦੀ ਇੱਕ ਦਰਮਿਆਨੀ ਜਿਹੀ ਦੁਕਾਨ। ਪੁੱਤਰ ਨੇਕ ਸਨ ਤੇ ਦੋਵਾਂ ਨੇ ਪਿਓ ਦੇ ਕੰਮ ਨੂੰ ਸੰਭਾਲਣ ਦੇ ਨਾਲ-ਨਾਲ ਵਾਹਵਾ ਵਧਾ ਲਿਆ ਸੀ। ਘਰ ਵਿੱਚ ਹਰ ਸ਼ੈਅ ਉਪਲਬਧ ਸੀ। ਉਹ ਆਪਣੇ ਪਿਓ ਨੂੰ ਹੁਣ ਮਾਸਾ ਕੰਮ ਨਾ ਕਰਨ ਦਿੰਦੇ ਕਿਉਂਕਿ ਜਦ ਉਹ ਪੰਜਾਬ ਤੋਂ ਆਪਣੀ ਤਿੰਨ ਕਿੱਲੇ ਜ਼ਮੀਨ ਵੇਚ ਕੇ ਦਿੱਲੀ ਗਿਆ ਸੀ ਤਾਂ ਉਸ ਨੇ ਤੇ ਉਸ ਦੀ ਪਤਨੀ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਸੀ। ਇੱਕ ਛੋਟੀ ਜਿਹੀ ਦੁਕਾਨ ਤੋਂ ਉਸ ਨੇ ਆਪਣੇ ਬੱਚਿਆਂ ਨੂੰ ਵੱਡਿਆਂ ਕੀਤਾ ਤੇ ਪੜ੍ਹਾਇਆ ਲਿਖਾਇਆ। ਉਸ ਦੇ ਪੁੱਤਰਾਂ ਨੇ ਉਸ ਦੀ ਦੁਕਾਨ ਨੂੰ ਵੱਡਾ ਰੂਪ ਦੇ ਦਿੱਤਾ ਸੀ। ਦੋ ਪੁੱਤਰਾਂ ਤੇ ਇੱਕ ਧੀ ਨਾਲ ਉਹ ਆਪਣੇ ਸੰਸਾਰ ਵਿੱਚ ਖ਼ੁਸ਼ੀਆਂ ਹੰਢਾਅ ਰਿਹਾ ਸੀ। ਧੀ ਦੀ ਮੰਗਣੀ ਵੀ ਉਸ ਨੇ ਲੋਹਾ ਫੈਕਟਰੀ ਵਿੱਚ ਮੈਨੇਜਰ ਲੱਗੇ ਇੱਕ ਗੁਰਸਿੱਖ ਮੁੰਡੇ ਨਾਲ ਕਰ ਦਿੱਤੀ ਸੀ ਤੇ ਕੁਝ ਦਿਨਾਂ ਤੱਕ ਉਸ ਦਾ ਵਿਆਹ ਕਰਨਾ ਸੀ, ਪਰ ਇੱਕ ਦਿਨ ਉਸ ਦੇ ਹੱਸਦੇ-ਵੱਸਦੇ ਘਰ ਨੂੰ ਹਨੇਰੇ ਨੇ ਆ ਦਬੋਚਿਆ। ਉਸ ਦੇ ਦੋਵੇਂ ਪੁੱਤਰ ਦੁਕਾਨ ’ਤੇ ਸਨ ਤੇ ਧੀ ਕਾਲਜ। ਫ਼ਿਰਕੂ ਤੁਅੱਸਬੀਆਂ ਦਾ ਹਜੂਮ ਉਸ ਦੇ ਨਾਲ-ਨਾਲ ਕਈ ਹੋਰ ਪਰਿਵਾਰਾਂ ’ਤੇ ਕਹਿਰ ਢਾਹ ਰਿਹਾ ਸੀ। ਨੰਗੀਆਂ ਕਿਰਪਾਨਾਂ, ਦਾਤਰ, ਲੋਹਾ ਦਾਗਦੀਆਂ ਬੰਦੂਕਾਂ, ਇਨਸਾਨੀਅਤ ਨੂੰ ਤਾਰ-ਤਾਰ ਕਰ ਰਹੀਆਂ ਸਨ।

ਹਰ ਤਰਫ਼ ਜਿਵੇਂ ਅੱਗ ਲੱਗ ਗਈ। ਜਿਉਂਦੇ ਲੋਕਾਂ ਦੇ ਸੜਦੇ ਮਾਸ ਦੀ ਗੰਧ ਗਲੀਆਂ ਵਿੱਚ ਫੈਲ ਗਈ। ਨਾਲੀਆਂ ਵਿੱਚ ਲਾਲ ਰੰਗ ਦਾ ਪਾਣੀ ਵਹਿਣ ਲੱਗਾ। ਮੌਤ ਦਾ ਸਹਿਮ ਲੋਕਾਂ ਦੇ ਮਨਾਂ ਵਿੱਚ ਧਸ ਗਿਆ। ਜਦ ਉਸ ਦੇ ਗੁਆਂਢ ਰਹਿੰਦੇ ਇੱਕ ਭਲੇ ਹਿੰਦੂ ਪਰਿਵਾਰ ਨੇ ਉਸ ਨੂੰ ਤੇ ਉਸ ਦੀ ਪਤਨੀ ਨੂੰ ਆਪਣੇ ਮਕਾਨ ਅੰਦਰ ਸ਼ਰਨ ਦਿੱਤੀ, ਉਨ੍ਹਾਂ ਦਾ ਆਪਣਾ ਘਰ ਉਨ੍ਹਾਂ ਦੀਆਂ ਅੱਖਾਂ ਮੂਹਰੇ ਸੁਆਹ ਹੋ ਚੁੱਕਾ ਸੀ। ਗੁਆਂਢੀਆਂ ਨੇ ਉਨ੍ਹਾਂ ਨੂੰ ਕਿਸੇ ਹੀਲੇ ਸਟੇਸ਼ਨ ਤੱਕ ਪਹੁੰਚਾਇਆ। ਉਦੋਂ ਤੱਕ ਉਸ ਦੀ ਪਤਨੀ ਆਪਣੀ ਔਲਾਦ ਦੇ ਫ਼ਿਕਰ ਵਿੱਚ ਗੁੰਮ ਹੋ ਚੁੱਕੀ ਸੀ।

ਆਪਣਾ ਪਰਿਵਾਰ, ਘਰਬਾਰ, ਸਭ ਕੁਝ ਗੁਆ ਕੇ ਪੰਜਾਬ ਪੁੱਜੇ ਤਾਂ ਉਸ ਨੂੰ ਇਹ ਧਰਤੀ ਵੀ ਬੇਗਾਨੀ ਜਿਹੀ ਜਾਪੀ ਕਿਉਂ ਜੋ ਕੁਝ ਬਣਨ ਦੀ ਚਾਹ ਕਾਰਨ ਉਹ ਆਪਣੀ ਕੁਝ ਟੋਟੇ ਜ਼ਮੀਨ ਤਾਂ ਪਹਿਲਾਂ ਹੀ ਵੇਚ ਗਿਆ ਸੀ। ਹੁਣ ਉਨ੍ਹਾਂ ਦੇ ਪੱਲੇ ਸਿਸਕੀਆਂ ਤੋਂ ਸਿਵਾਇ ਕੁਝ ਨਹੀਂ ਸੀ। ਪਿੰਡ ਵਾਲਿਆਂ ਨੇ ਤਰਸ ਦੇ ਆਧਾਰ ’ਤੇ ਉਸ ਨੂੰ ਇੱਕ ਪੁਰਾਣੀ ਮਸੀਤ ਵਿੱਚ ਪਨਾਹ ਦੇ ਦਿੱਤੀ ਜਿੱਥੇ ਉਹ ਆਪਣੀ ਬਿਮਾਰ ਗੁੰਮ ਹੋ ਚੁੱਕੀ ਪਤਨੀ ਨਾਲ ਦਿਨ ਕਟੀ ਕਰਦਾ ਰਿਹਾ। ਲੋਕਾਂ ਦੇ ਖੇਤਾਂ ਵਿੱਚ ਕੰਮ ਕਰਕੇ ਦੋ ਵਕਤ ਦੀ ਰੋਟੀ ਮਿਲਦੀ। ਹਾਲਾਤ ਕੁਝ ਸੁਧਰਨ ਪਿੱਛੋਂ ਦਿੱਲੀ ਦੇ ਫੇਰੇ ਮਾਰ ਮਾਰ ਉਨ੍ਹਾਂ ਦਾ ਬਚਿਆ-ਖੁਚਿਆ ਸਰਮਾਇਆ ਵੀ ਖ਼ਰਚ ਹੋ ਗਿਆ ਜਿਸ ਵਿੱਚ ਉਸ ਦੀ ਪਤਨੀ ਦੀਆਂ ਵਾਲੀਆਂ, ਦੋ ਚੂੜੀਆਂ ਤੇ ਉਸ ਦੇ ਆਪਣੇ ਹੱਥ ਪਾਈ ਮੁੰਦਰੀ ਸ਼ਾਮਿਲ ਸਨ ਜੋ ਉਨ੍ਹਾਂ ਦਿੱਲੀ ਤੋਂ ਆਉਣ ਸਮੇਂ ਪਾਈਆਂ ਹੋਈਆਂ ਸਨ। ਉਨ੍ਹਾਂ ਨੂੰ ਕਿਧਰੋਂ ਵੀ ਕੋਈ ਖ਼ਬਰ ਮਿਲਦੀ ਜਾਂ ਕਿਸੇ ਲਾਵਾਰਿਸ ਲਾਸ਼ ਦੀ ਸ਼ਨਾਖ਼ਤ ਬਾਰੇ ਅਖ਼ਬਾਰ, ਰੇਡੀਓ, ਟੀ.ਵੀ. ’ਤੇ ਪਤਾ ਲੱਗਦਾ ਉਹ ਪਿੰਡ ਵਾਲਿਆਂ ਤੋਂ ਪੈਸੇ ਫੜ ਓਧਰ ਨੂੰ ਟੁਰ ਪੈਂਦੇ।

ਉਸ ਨੂੰ ਉਹ ਦਿਨ ਵੀ ਯਾਦ ਆਇਆ ਜਦ ਸਾਲਾਂਬੱਧੀ ਆਪਣੇ ਅੰਦਰ ਆਪਣੀ ਔਲਾਦ ਦੇ ਦੁੱਖ ਨੂੰ ਗੁੰਮ-ਸੁੰਮ ਹੰਢਾਉਂਦੀ ਉਸ ਦੀ ਪਤਨੀ ਨੇ ਆਖ਼ਰੀ ਵਾਰ ਕਿਹਾ ਸੀ ‘‘ਹਾਏ ਮੇਰੇ ਬੱਚੇ’’ ਤੇ ਸਦਾ ਲਈ ਗੁੰਮ ਹੋ ਗਈ। ਕਈ ਮਹੀਨੇ ਉਹ ਗੁੰਮ ਰਹੀ ਸੀ। ਜਦੋਂ ਕੋਈ ਗੱਲ ਚੇਤੇ ਆਉਂਦੀ ਤਾਂ ਬਸ ਉਸ ਦੀਆਂ ਅੱਖਾਂ ਦੇ ਕੋਏ ਭਰ ਆਉਂਦੇ ਜਿਸ ਜ਼ੁਬਾਨ ਤੋਂ ਉਸ ਨੇ ਆਪਣੀ ਧੀ ਦੇ ਸੁਹਾਗ ਗਾਉਣੇ ਸੀ, ਪੁੱਤਰਾਂ ਦੀਆਂ ਘੋੜੀਆਂ ਗਾਉਣੀਆਂ ਸਨ ਉਹ ਸਦਾ ਲਈ ਗੂੰਗੀ ਹੋ ਚੁੱਕੀ ਸੀ। ਜਿਨ੍ਹਾਂ ਅੱਖਾਂ ਨੇ ਪੁੱਤਰਾਂ ਦੀ ਜੰਞ ਚੜ੍ਹਦੀ ਤੱਕਣੀ ਸੀ ਉਨ੍ਹਾਂ ਅੱਖਾਂ ਨਾਲ ਉਸ ਨੇ ਮੌਤ ਦੇ ਅੰਗਿਆਰ ਤੱਕੇ ਸਨ। ਆਖ਼ਰ ਉਹ ਕਿੰਨਾ ਚਿਰ ਔਲਾਦ ਦੇ ਵਿਛੋੜੇ ਦੇ ਨਾਸੂਰ ਨੂੰ ਆਪਣੇ ਵਜੂਦ ਵਿੱਚ ਲੁਕੋਈ ਰੱਖਦੀ? ਸਭ ਕੁਝ ਤਾਂ ਤਬਾਹ ਹੋ ਚੁੱਕਾ ਸੀ। ਅੰਤਲੇ ਸਮੇਂ ਉਸ ਦੀ ਗੂੰਗੀ ਜ਼ੁਬਾਨ ਵਿੱਚੋਂ ਏਨਾ ਹੀ ਨਿਕਲਿਆ ‘‘ਹਾਏ ਮੇਰੇ ਬੱਚੇ’’!

ਸੋਚਦਿਆਂ ਉਸ ਦੇ ਹੱਥ ਫੜੀ ਗਰਾਹੀ ਥੱਲੇ ਡਿੱਗ ਪਈ। ਉਸ ਦੀਆਂ ਅੱਖਾਂ ਵਿੱਚੋਂ ਦੋ ਮੋਟੇ-ਮੋਟੇ ਗਲੇਡੂ ਕਿਰ ਕੇ ਉਸ ਦੀ ਚਿੱਟੀ ਘਸਮੈਲੀ ਦਾੜ੍ਹੀ ਵਿੱਚ ਗੁਆਚ ਗਏ। ਆਸ-ਪਾਸ ਦੀਆਂ ਝੁੱਗੀਆਂ ਦੇ ਕੁੱਤੇ ਰੋਟੀਆਂ ਦੀ ਮਹਿਕ ਸੁੰਘ ਕੇ ਉਸ ਦੀ ਮੰਜੀ ਕੋਲ ਆ ਬੈਠੇ। ਉਸ ਨੇ ਰੋਟੀਆਂ ਦੇ ਟੁਕੜੇ ਕੀਤੇ ਤੇ ਵਾਰੋ ਵਾਰੀ ਕੁੱਤਿਆਂ ਨੂੰ ਪਾ ਦਿੱਤੇ ਅਤੇ ਅੰਦਰੋਂ ਗਲਾਸ ਫੜ ਮੱਟ ਵਿੱਚੋਂ ਪਾਣੀ ਦਾ ਭਰ ਕੇ ਮੂੰਹ ’ਤੇ ਛਿੱਟੇ ਮਾਰ ਮੰਜੀ ’ਤੇ ਆ ਪਿਆ। ਉਹ ਅੱਜ ਕੁਝ ਜ਼ਿਆਦਾ ਹੀ ਬੇਚੈਨ ਲੱਗ ਰਿਹਾ ਸੀ। ਬਾਹਰ ਦੀ ਗਰਮੀ ਨਾਲੋਂ ਉਸ ਨੂੰ ਆਪਣੇ ਅੰਦਰ ਧੁਖ਼ਦੀ ਅੱਗ ਦਾ ਸੇਕ ਵਧੇਰੇ ਸਾੜ ਰਿਹਾ ਸੀ। ਆਪਣੇ ਅੰਦਰ ਵੱਸੀ ਤੜਪ, ਗਰਮੀ ਤੇ ਮੱਛਰਾਂ ਨਾਲ ਲੜਦਾ ਉਹ ਕੁਝ ਦੇਰ ਲਈ ਨੀਂਦ ਦੇ ਆਗੋਸ਼ ਵਿੱਚ ਚਲਾ ਗਿਆ।

ਇੱਕ ਪਹਿਰ ਰਾਤ ਲੰਘਿਆਂ ਉਹ ਇਕਦਮ ਉੱਠਿਆ ਤੇ ਕੁੱਲੀ ਦੇ ਅੰਦਰ ਮੁੜ੍ਹਕੇ ਨਾਲ ਭਿੱਜੇ ਕੁੜਤੇ ਦੀ ਵੱਖੀ ਵਾਲੀ ਜੇਬ੍ਹ ਵਿਚੋਂ ਮੈਲੀ ਜਿਹੀ ਗੁਥਲੀ ਖੋਲ੍ਹੀ। ਝੁੱਗੀ ਦੇ ਕਾਨਿਆਂ ਦੀ ਵਿਰਲ ਰਾਹੀਂ ਸੜਕ ਕੰਢੇ ਮਿਉਂਸਿਪਲ ਕਮੇਟੀ ਵੱਲੋਂ ਲਗਾਏ ਵੱਡੇ ਬਲਬ ਦੀ ਅੰਦਰ ਆਉਂਦੀ ਨਾਂ-ਮਾਤਰ ਲੋਅ ਵਿੱਚ ਨਿਰਾਸ਼ ਨਿਗਾਹਾਂ ਨਾਲ ਇਸ ਨੂੰ ਤੱਕਦਾ, ਉਹ ਕੰਬਦੇ ਹੱਥਾਂ ਨਾਲ ਪੈਸੇ ਗਿਣਨ ਲੱਗਾ। ਬੇਜਾਨ ਜਿਹੇ ਕੁਝ ਨੋਟਾਂ ਅਤੇ ਸਿੱਕਿਆਂ ਸਮੇਤ ਕੁੱਲ ਇੱਕ ਸੌ ਪਚਾਸੀ ਰੁਪਏ ਅਤੇ ਪੁਰਾਣੀ ਅਖ਼ਬਾਰ ਦਾ ਇੱਕ ਪੰਨਾ ਗੁਥਲੀ ਵਿੱਚ ਸੀ। ਉਸ ਨੇ ਗੁਥਲੀ ਜੇਬ੍ਹ ਵਿੱਚ ਰੱਖੀ ਤੇ ਬਾਹਰ ਮੰਜੀ ’ਤੇ ਆ ਪਿਆ।

ਪਤਨੀ ਦੀ ਮੌਤ ਤੋਂ ਬਾਅਦ ਉਹ ਪਿੰਡ ਛੱਡ ਕੇ ਸ਼ਹਿਰ ਆ ਗਿਆ ਸੀ। ਨਾਲੇ ਪਿੰਡ ਉਸ ਦਾ ਰਹਿ ਵੀ ਕੌਣ ਗਿਆ ਸੀ। ਪਿੰਡ ਤਾਂ ਕੀ, ਉਸ ਦਾ ਤਾਂ ਕਿਤੇ ਵੀ ਕੋਈ ਨਹੀਂ ਸੀ ਰਹਿ ਗਿਆ। ਪਤਾ ਨਹੀਂ ਕਿਹੜੀ ਆਸ ਸਹਾਰੇ ਹਾਲੇ ਤੱਕ ਜਿਉਂਦਾ ਸੀ। ਉਸ ਨੇ ਆਪਣੇ ਆਪ ਨੂੰ ਮੰਗਤਾ ਜਿਹਾ ਮਹਿਸੂਸ ਕੀਤਾ ਤੇ ਪਿੰਡ ਛੱਡ ਕੇ ਸ਼ਹਿਰ ਆ ਗਿਆ ਜਿੱਥੇ ਉਸ ਨੂੰ ਕੁਝ ਰਿਕਸ਼ਾ ਚਾਲਕਾਂ ਨੇ ਆਪਣੀ ਸ਼ਿਫਾਰਿਸ਼ ਕਰਕੇ ਸਾਈਕਲ ਸਟੋਰ ਤੋਂ ਰਿਕਸ਼ਾ ਕਿਰਾਏ ’ਤੇ ਲੈ ਦਿੱਤਾ ਸੀ, ਅਤੇ ਆਪਣੀ ਬਸਤੀ ਲਾਗੇ ਇੱਕ ਛੰਨ ਬਣਾ ਦਿੱਤੀ। ਇੱਕ ਰਿਕਸ਼ੇ ਵਾਲਾ ਉਸ ਨੂੰ ਟੇਢੀਆਂ ਹੀਆਂ ਵਾਲੀ ਮੰਜੀ ਦੇ ਗਿਆ ਤੇ ਦੂਜਾ ਪਾਣੀ ਵਾਲਾ ਮੱਟ ਤੇ ਗਲਾਸ। ਉਸ ਦਿਨ ਤੋਂ ਉਹ ਰਿਕਸ਼ਾ ਚਲਾ ਆਪਣਾ ਪੇਟ ਪਾਲਦਾ। ਰਿਕਸ਼ੇ ਦਾ ਕਿਰਾਇਆ ਤੇ ਰੋਟੀ ਦਾ ਖ਼ਰਚਾ ਕੱਢ ਜੋ ਪੰਜ ਦਸ ਰੁਪਏ ਬਚਦੇ ਉਹ ਉਸ ਨੂੰ ਆਪਣੀ ਗੁਥਲੀ ਵਿੱਚ ਸੰਭਾਲ ਲੈਂਦਾ। ਖ਼ੌਰੇ ਕਿਸ ਮਕਸਦ ਵਾਸਤੇ? ਕਈ ਵਾਰੀ ਤਾਂ ਦੁਪਹਿਰ ਦੀ ਰੋਟੀ ਵੀ ਨਾ ਖਾਂਦਾ ਤੇ ਪੈਸੇ ਜਮ੍ਹਾਂ ਕਰ ਲੈਂਦਾ। ਉਸ ਨੂੰ ਕਈ ਵਾਰ ਉਸ ਦੇ ਨਾਲ ਦੇ ਰਿਕਸ਼ਾ ਚਾਲਕਾਂ ਨੇ ਕਿਹਾ ਸੀ ‘‘ਖਾ ਪੀ ਲਿਆ ਕਰ ਬਾਬਾ। ਸਭ ਏਥੇ ਹੀ ਰਹਿ ਜਾਣਾ ਏ।’’ ਆਪਣੇ ਬੁੱਲ੍ਹਾਂ ’ਤੇ ਸੋਗੀ ਜਿਹੀ ਮੁਸਕਾਨ ਲਿਆ ਉਹ ਸਵਾਰੀਆਂ ਦੀ ਭਾਲ ਵਿੱਚ ਅੱਗੇ ਟੁਰ ਪੈਂਦਾ।

ਅੱਜ ਉਹ ਸਵੇਰੇ ਕਾਹਲੀ-ਕਾਹਲੀ ਉੱਠਿਆ ਤੇ ਝੁੱਗੀ ਵਿੱਚੋਂ ਧੋ ਕੇ ਰੱਖਿਆ ਇੱਕ ਸੂਟ ਪਾਇਆ। ਰੁਪਿਆਂ ਵਾਲੀ ਗੁਥਲੀ ਤੇ ਕੁਝ ਹੋਰ ਨਿਕਸੁੱਕ ਇੱਕ ਝੋਲੇ ਵਿੱਚ ਪਾ ਕੇ ਬਿਨਾਂ ਰਿਕਸ਼ਾ ਸਾਫ਼ ਕੀਤੇ ਟੁਰ ਪਿਆ ਜਿਵੇਂ ਉਸ ਨੂੰ ਆਪਣੀ ਮੰਜ਼ਿਲ ਦਿਸ ਪਈ ਹੋਵੇ ਤੇ ਉਹ ਕਾਹਲੀ-ਕਾਹਲੀ ਉੱਥੇ ਪਹੁੰਚ ਜਾਣਾ ਚਾਹੁੰਦਾ ਹੋਵੇ। ਬੱਸ ਅੱਡੇ ਤੋਂ ਸਿਵਲ ਹਸਪਤਾਲ ਅਤੇ ਫਿਰ ਸਟੇਸ਼ਨ ਤੱਕ ਆਉਂਦਿਆਂ ਉਸ ਨੇ ਪੰਦਰਾਂ ਰੁਪਏ ਕਮਾ ਲਏ ਸਨ। ਰਿਕਸ਼ਾ ਇੱਕ ਪਾਸੇ ਖੜ੍ਹਾ ਕੇ ਟਿਕਟ ਖਿੜਕੀ ਦੇ ਮੁੱਘ ਤੋਂ ਕਾਫ਼ੀ ਪਰ੍ਹਾਂ ਬੈਠੇ ਬਾਊ ਨੂੰ ਪੁੱਛਿਆ: ‘‘ਦਿੱਲੀ ਦਾ ਕਿੰਨਾ ਕਿਰਾਇਆ ਬਾਬੂ ਜੀ?’’

ਅੱਗੋਂ ਕੜਕਦੀ ਆਵਾਜ਼ ਵਿੱਚ ਬਾਬੂ ਨੇ ਕਿਹਾ, ‘‘ਚਾਰ ਸੌ ਆਉਣ ਜਾਣ ਦਾ ਬਾਬਾ, ਕਿੰਨੇ ਵਾਰੀ ਪੁੱਛੇਂਗਾ?’’

ਉਸ ਨੇ ਗੁਥਲੀ ਵਿੱਚੋਂ ਇੱਕ ਸੌ ਪਚਾਸੀ ਰੁਪਏ ਅਤੇ ਹੁਣੇ ਕਮਾਏ ਪੰਦਰਾਂ ਰੁਪਏ ਕੁੱਲ ਮਿਲਾ ਕੇ ਦੋ ਸੋ ਰੁਪਏ ਬਾਬੂ ਵੱਲ ਵਧਾਉਂਦਿਆਂ ਕਿਹਾ: ‘‘ਸਿਰਫ਼ ਜਾਣ ਦੀ ਦੇ ਦਿਓ ਸਾਬ ਜੀ।’’

‘‘ਵਾਪਸ ਨਹੀਂ ਆਉਣਾ ਬਜ਼ੁਰਗਾ?’’

ਟਿਕਟ ਮਾਸਟਰ ਨੇ ਮਜ਼ਾਕ ਨਾਲ ਕਿਹਾ। ਉਸ ਨੇ ਹੱਸਦੇ ਨੇ ਜਵਾਬ ਦਿੱਤਾ,

‘‘ਵਾਹਿਗੁਰੂ ਮਾਲਕ ਏ ਜੀ ਓਹੀ ਜਾਣਦੈ।’’

ਟਿਕਟ ਲੈ ਕੇ ਉਹ ਸਟੇਸ਼ਨ ਅੰਦਰ ਬਣੇ ਬੈਂਚ ਉੱਤੇ ਆਣ ਬੈਠਾ। ਗੱਡੀ ਹਾਲੇ ਆਈ ਨਹੀਂ ਸੀ। ਬੈਠਾ-ਬੈਠਾ ਉਹ ਕਿਸੇ ਸੋਚ ਵਿੱਚ ਗੁਆਚ ਗਿਆ। ਆਪਣੇ ਪੁਰਾਣੇ ਦਿਨਾਂ ਦਾ ਮੰਜ਼ਰ ਉਸ ਦੀਆਂ ਅੱਖਾਂ ਅੱਗੇ ਉਲੀਕਿਆ ਗਿਆ। ਉਸ ਨੂੰ ਦਿੱਲੀ ਦੀਆਂ ਗਲੀਆਂ ਰੰਗੀਨ ਨਜ਼ਰੀਂ ਪਈਆਂ। ਉਸ ਨੂੰ ਲੱਗਾ ਜਿਵੇਂ ਸ਼ਾਮ ਵੇਲੇ ਉਸ ਦੇ ਪੁੱਤਰ ਦੋਵਾਂ ਹੱਥਾਂ ਵਿੱਚ ਲਿਫ਼ਾਫ਼ੇ ਫੜੀ ਕਈ ਤਰ੍ਹਾਂ ਦੀਆਂ ਵਸਤਾਂ ਨਾਲ ਲੱਦੇ ਘਰ ਪਰਤਦੇ ਹੋਣ। ਉਸ ਨੂੰ ਲੱਗਾ ਜਿਵੇਂ ਉਸ ਦੀ ਧੀ ਤਾਜ਼ੀਆਂ ਤਾਜ਼ੀਆਂ ਮਹਿਕਾਂ ਛੱਡਦੀਆਂ ਸਬਜ਼ੀਆਂ-ਭਾਜੀਆਂ ਬਣਾ ਨਰਮ-ਨਰਮ ਘਿਓ ਨੁੱਚੜਦੇ ਫੁਲਕੇ ਪਕਾ ਥਾਲੀ ਉਸ ਦੇ ਸਿਰਹਾਣੇ ਰੱਖ ਗਈ ਹੋਵੇ। ਕਿੰਨੀ ਦੇਰ ਉਹ ਬੁੱਤ ਬਣ ਬੈਂਚ ’ਤੇ ਬੈਠਾ ਰਿਹਾ।

ਸਿਰ ਬੰਨ੍ਹੀ ਮੈਲੇ ਚਿੱਟੇ ਰੰਗ ਦੀ ਪੱਗ ਵਿੱਚੋਂ ਕੁਝ ਕੁ ਸਫ਼ੈਦ ਵਾਲ ਬਾਹਰ ਲਮਕ ਰਹੇ ਸੀ। ਗੱਡੀ ਖ਼ੌਰੇ ਕਿੰਨੇ ਚਿਰ ਦੀ ਆ ਖਲੋਤੀ ਸੀ। ਟੁਰਨ ਤੋਂ ਪਹਿਲਾਂ ਡਰਾਈਵਰ ਨੇ ਆਖ਼ਰੀ ਵਾਰ ਗੱਡੀ ਦਾ ਹਾਰਨ ਵਜਾਇਆ। ਮੁਸਾਫ਼ਿਰ ਕਾਹਲੀ ਨਾਲ ਗੱਡੀ ਵੱਲ ਵਧੇ। ਨਾਲ ਬੈਠੇ ਮੁਸਾਫ਼ਿਰ ਨੇ ਉਸ ਨੂੰ ਹਲੂਣਦਿਆਂ ਕਿਹਾ:

‘‘ਜਾਣਾ ਨਹੀਂ ਬਾਬਾ?’’

ਮੁਸਾਫ਼ਿਰ ਦੇ ਹੱਥ ਲਾਉਂਦਿਆਂ ਹੀ ਉਹ ਬੈਂਚ ’ਤੇ ਲੁੜਕ ਗਿਆ। ਉਸ ਦੀਆਂ ਖੁੱਲ੍ਹੀਆਂ ਅੱਖਾਂ ਨੂੰ ਇੱਕ ਪੁਲੀਸ ਵਾਲੇ ਨੇ ਬੰਦ ਕੀਤਾ। ਸਟੇਸ਼ਨ ’ਤੇ ਭੀੜ ਇਕੱਠੀ ਹੋ ਗਈ। ਲਾਸ਼ ਦੀ ਸ਼ਨਾਖ਼ਤ ਲਈ ਬਾਬੇ ਦਾ ਝੋਲਾ ਫੋਲਿਆ ਗਿਆ ਜਿਸ ਵਿੱਚ ਨਿਕਸੁੱਕ ਤੋਂ ਇਲਾਵਾ ਇੱਕ ਮੈਲੀ ਜਿਹੀ ਗੁਥਲੀ ਵਿੱਚ ਪੁਰਾਣੇ ਅਖ਼ਬਾਰ ਦਾ ਪੰਨਾ ਵੀ ਸੀ ਜਿਸ ’ਤੇ ਇਸ਼ਤਿਹਾਰ ਦਿੱਤਾ ਗਿਆ ਸੀ... ਦੰਗਿਆਂ ਦੌਰਾਨ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੀ ਮੁਰਦਾਘਰਾਂ ਵਿੱਚ ਸ਼ਨਾਖ਼ਤ ਦਾ ਆਖ਼ਰੀ ਮੌਕਾ, ਇਸ ਤੋਂ ਬਾਅਦ ਇਨ੍ਹਾਂ ਦਾ ਸਸਕਾਰ ਕਰ ਦਿੱਤਾ ਜਵੇਗਾ...।

ਸੰਪਰਕ: 99889-64633

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All