ਮੈਂ ਇਕਬਾਲ ਪੰਜਾਬੀ ਦਾ...
ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਵਿਰਸੇ ਨੂੰ ਪ੍ਰਫੁੱਲਿਤ ਕਰਨ ਅਤੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨ ਲਈ ਹਰ ਸਾਲ 23 ਸਤੰਬਰ ਨੂੰ ‘ਵਿਸ਼ਵ ਪੰਜਾਬੀ ਦਿਵਸ’ ਮਨਾਇਆ ਜਾਂਦਾ ਹੈ, ਜਿਸ ਦੀ ਸ਼ੁਰੂਆਤ ਮੁੱਖ ਤੌਰ ’ਤੇ ਪਿਛਲੇ ਸਾਲ...
ਪੰਜਾਬੀ ਭਾਸ਼ਾ, ਸੱਭਿਆਚਾਰ ਤੇ ਵਿਰਸੇ ਨੂੰ ਪ੍ਰਫੁੱਲਿਤ ਕਰਨ ਅਤੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨ ਲਈ ਹਰ ਸਾਲ 23 ਸਤੰਬਰ ਨੂੰ ‘ਵਿਸ਼ਵ ਪੰਜਾਬੀ ਦਿਵਸ’ ਮਨਾਇਆ ਜਾਂਦਾ ਹੈ, ਜਿਸ ਦੀ ਸ਼ੁਰੂਆਤ ਮੁੱਖ ਤੌਰ ’ਤੇ ਪਿਛਲੇ ਸਾਲ 2025 ਵਿੱਚ ਹੋਈ ਸੀ। ਪਹਿਲੇ ਪੰਜਾਬੀ ਸੂਫ਼ੀ ਕਵੀ ਬਾਬਾ ਫਰੀਦ ਜੀ ਦੇ ਆਗਮਨ ਪੁਰਬ (ਸਤੰਬਰ 23) ਨੂੰ ਸਮਰਪਿਤ ਇਹ ਦਿਨ ਦੁਨੀਆ ਭਰ ਵਿੱਚ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ ‘ਅਪਨਾ ਪੰਜਾਬ ਫਾਊਂਡੇਸ਼ਨ’ ਅਤੇ ਹੋਰ ਸੰਸਥਾਵਾਂ ਦੇ ਯਤਨਾਂ ਨਾਲ ਮਨਾਉਣਾ ਸ਼ੁਰੂ ਕੀਤਾ ਗਿਆ ਸੀ।
ਪੰਜਾਬੀ ਮਾਂ ਬੋਲੀ ਸਾਡੀ ਪਛਾਣ, ਵਿਰਸੇ ਅਤੇ ਰੂਹ ਦੀ ਆਵਾਜ਼ ਹੈ। ਅੱਜ ਪੰਜਾਬੀ ਭਾਸ਼ਾ ਸਿਰਫ਼ ਚੜ੍ਹਦੇ (ਭਾਰਤ) ਜਾਂ ਲਹਿੰਦੇ (ਪਾਕਿਸਤਾਨ) ਪੰਜਾਬ ਤੱਕ ਹੀ ਸੀਮਿਤ ਨਹੀਂ ਰਹੀ ਸਗੋਂ ਇਹ ਕੈਨੇਡਾ, ਇੰਗਲੈਂਡ, ਅਮਰੀਕਾ ਅਤੇ ਆਸਟਰੇਲੀਆ ਵਰਗੇ ਦੇਸ਼ਾਂ ਵਿੱਚ ਪੰਜਾਬੀਆਂ ਦੇ ਪਰਵਾਸ ਸਦਕਾ ਕੌਮਾਂਤਰੀ ਭਾਸ਼ਾ ਬਣ ਚੁੱਕੀ ਹੈ। ਕਿਸੇ ਵੀ ਕੌਮ ਜਾਂ ਦੇਸ਼ ਦੀ ਪਛਾਣ ਉਸ ਦੀ ਭਾਸ਼ਾ ਅਤੇ ਸੱਭਿਆਚਾਰ ਤੋਂ ਹੁੰਦੀ ਹੈ। ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਦੁਨੀਆ ਦੀਆਂ ਸਭ ਤੋਂ ਪ੍ਰਾਚੀਨ ਭਾਸ਼ਾਵਾਂ ’ਚੋਂ ਇੱਕ ਹੈ। ਮਾਂ ਬੋਲੀ ਸ਼ਬਦ ਸਾਡੇ ਜ਼ਿਹਨ ਵਿੱਚ ਆਉਂਦਿਆਂ ਹੀ ਅਸੀਂ ਸਹਿਜੇ ਹੀ ਇਸ ਗੱਲ ਦਾ ਅੰਦਾਜ਼ਾ ਲਾ ਲੈਂਦੇ ਹਾਂ ਕਿ ਸਾਨੂੰ ਜਨਮ ਦੇਣ ਵਾਲੀ ਮਾਂ ਦੇ ਕੰਨੋਂ ਸੁਣੇ ਬੋਲ ਸਾਡੀ ਮਾਂ ਬੋਲੀ ਹੁੰਦੇ ਹਨ। ਕਈ ਦੇਸ਼ਾਂ ਵਿੱਚ ਮਾਂ ਬੋਲੀ ਨੂੰ ਉਸ ਦੇਸ਼ ਜਾਂ ਖਿੱਤੇ ਦੇ ਲੋਕਾਂ ਦੇ ਸਮੂਹ ਦੀ ਲੋਕ ਬੋਲੀ ਵੀ ਆਖਿਆ ਜਾਂਦਾ ਹੈ।
ਸਿੱਖ ਧਰਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਗੁਰਮੁਖੀ ਲਿਪੀ ਵਿੱਚ ਹੋਈ। ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਦਾ ਪੰਜਾਬੀ ਬੋਲੀ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ। ਪੰਜਾਬ ਦੇ ਲੋਕ ਰੰਗ ਗਿੱਧਾ, ਭੰਗੜਾ, ਤੀਆਂ, ਮੇਲੇ, ਰੁੱਤਾਂ ਆਦਿ ਸਭ ਪੰਜਾਬੀ ਬੋਲੀ ਤੋਂ ਬਿਨਾਂ ਫਿੱਕੇ ਜਾਪਦੇ ਹਨ। ਲੋਕ ਗੀਤਾਂ, ਬੋਲੀਆਂ ਤੇ ਸਿੱਠਣੀਆਂ ਆਦਿ ਤੋਂ ਬਗੈਰ ਪੰਜਾਬ ਵਿੱਚ ਵਿਆਹ ਅਤੇ ਸ਼ਗਨ ਵਿਹਾਰ ਪ੍ਰਵਾਨ ਹੀ ਨਹੀਂ ਚੜ੍ਹਦੇ।
ਜੇਕਰ ਅੱਜ ਪੰਜਾਬੀ ਭਾਸ਼ਾ ਵਿਸ਼ਵ ਦੀਆਂ ਅਮੀਰ ਭਾਸ਼ਾਵਾਂ ਵਿੱਚ ਸ਼ਾਮਿਲ ਹੈ ਤਾਂ ਇਸ ਦੀ ਨੀਂਹ ਰੱਖਣ ਅਤੇ ਇਸ ਨੂੰ ਪ੍ਰਫੁੱਲਿਤ ਕਰਨ ਵਿੱਚ ਸੂਫ਼ੀ ਕਵੀਆਂ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਵਿੱਚ ਬਾਬਾ ਫ਼ਰੀਦ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਅਤੇ ਸੁਲਤਾਨ ਬਾਹੂ ਦਾ ਨਾਂ ਬਹੁਤ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ। ਉਨ੍ਹਾਂ ਨੇ ਪੰਜਾਬੀ ਬੋਲੀ ਨੂੰ ਸਿਰਫ਼ ਅਪਣਾਇਆ ਹੀ ਨਹੀਂ ਸਗੋਂ ਆਪਣੀ ਰੂਹਾਨੀ ਪਾਕੀਜ਼ਗੀ ਅਤੇ ਉੱਚ ਕੋਟੀ ਦੀ ਸਾਹਿਤਕ ਸਿਰਜਣਾ ਨਾਲ ਇਸ ਨੂੰ ਮਾਲਾਮਾਲ ਕਰ ਦਿੱਤਾ। ਮੁੱਕਦੀ ਗੱਲ ਇਹ ਹੈ ਕਿ ਪੰਜਾਬੀ ਬੋਲੀ ਰਣਭੂਮੀ, ਦੇਸ਼ ਭਗਤੀ, ਪ੍ਰਭੂ ਭਗਤੀ ਤੇ ਪ੍ਰੇਮ ਭਗਤੀ ਦੀ ਭਾਸ਼ਾ ਹੈ। ਜੇਕਰ ਅਸੀਂ ਪੰਜਾਬੀ ਦੇ ਮੁੱਢਲੇ ਇਤਿਹਾਸ ਨੂੰ ਵਾਚੀਏ ਤਾਂ ਪੂਰੇ ਦੱਖਣੀ ਏਸ਼ੀਆ ਦੀਆਂ ਬੋਲੀਆਂ ਵਾਂਗ ਪੰਜਾਬੀ ਵੀ ਇੰਡੋ-ਆਰੀਅਨ ਸਮੂਹ ਦੀ ਬੋਲੀ ਹੈ। ਇਸ ਦਾ ਭਾਸ਼ਾਈ ਪਿਛੋਕੜ ਵੈਦਿਕ ਸੰਸਕ੍ਰਿਤ ਨਾਲ ਮਿਲਦਾ ਦੱਸਿਆ ਜਾਂਦਾ ਹੈ।
ਇਤਿਹਾਸਕਾਰਾਂ ਅਨੁਸਾਰ ਆਰੀਆ ਸਮਾਜ ਦੇ ਲੋਕਾਂ ਨੇ ਕਰੀਬ 1500 ਈਸਾ ਪੂਰਵ ਵਿੱਚ ਸਾਰੇ ਪੰਜਾਬ ਵਿੱਚ ਪੈਰ ਪਸਾਰ ਲਏ ਸਨ। ਇੱਕ ਅੰਦਾਜ਼ੇ ਅਨੁਸਾਰ ਪੰਜਾਬੀ ਤਕਰੀਬਨ 3500 ਸਾਲ ਪੁਰਾਣੀ ਭਾਸ਼ਾ ਹੈ। ਕੈਨੇਡਾ ਵਿੱਚ ਪੰਜਾਬੀਆਂ ਦੀ ਬਹੁ-ਗਿਣਤੀ ਹੋਣ ਕਰਕੇ ਉੱਥੇ ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬੀ ਪ੍ਰਮੁੱਖ ਭਾਸ਼ਾਵਾਂ ’ਚੋਂ ਤੀਜੇ ਨੰਬਰ ਦੀ ਆਮ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈ।
ਸੰਨ 1947 ਦੀ ਭਾਰਤ-ਪਾਕਿ ਵੰਡ ਕਾਰਨ ਅਸਲ ਪੁਰਾਤਨ ਪੰਜਾਬ ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ ਦੇ ਦੋ ਭਾਗਾਂ ਵਿੱਚ ਵੰਡਿਆ ਗਿਆ। ਇਸ ਨਾਲ ਪੰਜਾਬੀ ਬੋਲੀ ਨਾਲ ਜੁੜੇ ਸੱਭਿਆਚਾਰ ਅਤੇ ਸਮਾਜਿਕ ਵੰਨਗੀਆਂ ਵਿੱਚ ਵੀ ਵੰਡੀਆਂ ਪੈ ਗਈਆਂ। ਆਧੁਨਿਕ ਯੁੱਗ ਵਿੱਚ ਆਏ ਨਵੀਨੀਕਰਨ ਅਤੇ ਪੱਛਮੀ ਸੱਭਿਆਚਾਰ ਦੇ ਅਸਰ ਹੇਠ ਆ ਕੇ ਆਧੁਨਿਕ ਪੰਜਾਬੀ ਬੋਲੀ ਹੋਰਨਾਂ ਭਾਸ਼ਾਵਾਂ ਜਿਵੇਂ ਅੰਗਰੇਜ਼ੀ ਤੇ ਹਿੰਦੀ ਆਦਿ ਤੋਂ ਕਾਫ਼ੀ ਪ੍ਰਭਾਵਿਤ ਹੋਈ ਹੈ। ਪੰਜਾਬੀ ਦਾ ਅੰਗਰੇਜ਼ੀ ਭਾਸ਼ਾ ਵਾਂਗ ਪੂਰੇ ਵਿਸ਼ਵ ਵਿੱਚ ਪਸਾਰ ਹੋ ਗਿਆ ਹੈ। ਇੱਕ ਅਨੁਮਾਨ ਅਨੁਸਾਰ ਪੂਰੀ ਦੁਨੀਆ ਵਿੱਚ 15 ਕਰੋੜ ਤੋਂ ਵੱਧ ਲੋਕ ਪੰਜਾਬੀ ਬੋਲੀ ਬੋਲਦੇ ਹਨ। ਇਸੇ ਕਰਕੇ ਪੰਜਾਬੀ ਨੂੰ ਵਿਸ਼ਵ ਭਰ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਦਸਵੀਂ ਬੋਲੀ ਮੰਨਿਆ ਗਿਆ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਸਮੁੱਚੇ ਭਾਰਤ ਵਿੱਚ 3,31,24,746 ਲੋਕ ਪੰਜਾਬੀ ਬੋਲਦੇ ਹਨ ਅਤੇ ਪਾਕਿਸਤਾਨ ਦੀ 2023 ਦੀ ਮਰਦਮਸ਼ੁਮਾਰੀ ਅਨੁਸਾਰ ਪੂਰੇ ਪਾਕਿਸਤਾਨ ਵਿੱਚ 8.89 ਕਰੋੜ ਲੋਕ ਪੰਜਾਬੀ ਬੋਲਦੇ ਹਨ। ਪੰਜਾਬੀ ਬੋਲੀ ਬੋਲਣ ਵਾਲੇ ਲੋਕਾਂ ਦੀ ਇੰਨੀ ਵੱਡੀ ਤਾਦਾਦ ਇਹ ਸਿੱਧ ਕਰਦੀ ਹੈ ਕਿ ਪੰਜਾਬੀ ਬੋਲੀ ਦੁਨੀਆ ਦੀਆਂ ਪਹਿਲੀਆਂ 10 ਪ੍ਰਮੁੱਖ ਹਰਮਨ ਪਿਆਰੀਆਂ ਬੋਲੀਆਂ ਵਿੱਚ ਆਪਣਾ ਇੱਕ ਵੱਖਰਾ ਸਥਾਨ ਰੱਖਦੀ ਹੈ।
ਪੰਜਾਬੀ ਮਾਂ ਬੋਲੀ ਦੀ ਸਥਿਤੀ ਨੂੰ ਹੋਰ ਮਜ਼ਬੂਤ ਅਤੇ ਇਸ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਨੂੰ ਮਿਲ ਕੇ ਸਾਰੇ ਸਰਕਾਰੀ, ਨੀਮ-ਸਰਕਾਰੀ ਦਫ਼ਤਰਾਂ ਅਤੇ ਅਦਾਲਤਾਂ ਵਿੱਚ 100 ਫ਼ੀਸਦੀ ਕੰਮਕਾਜ ਪੰਜਾਬੀ ਵਿੱਚ ਲਾਜ਼ਮੀ ਕਰਵਾਉਣ ਲਈ ਯਤਨ ਕਰਨੇ ਚਾਹੀਦੇ ਹਨ। ਸੜਕਾਂ, ਦਫ਼ਤਰਾਂ ਅਤੇ ਵਪਾਰਕ ਅਦਾਰਿਆਂ ਦੁਕਾਨਾਂ ਤੇ ਮਾਲਜ਼ ਦੇ ਨਾਮ ਵਾਲੇ ਬੋਰਡਾਂ ’ਤੇ ਪੰਜਾਬੀ ਭਾਸ਼ਾ ਸਭ ਤੋਂ ਉੱਪਰ ਲਿਖਣੀ ਲਾਜ਼ਮੀ ਕੀਤੀ ਜਾਵੇ। ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਜੁਰਮਾਨਾ ਜਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਕੁਝ ਹੋਰ ਮਹੱਤਵਪੂਰਨ ਕਦਮ ਵੀ ਚੁੱਕੇ ਜਾ ਸਕਦੇ ਹਨ। ਸਿਆਣੇ ਕਹਿੰਦੇ ਹਨ ਕਿ ਜਿਹੜੀਆਂ ਕੌਮਾਂ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦੀਆਂ ਹਨ ਉਨ੍ਹਾਂ ਦਾ ਵਜੂਦ ਖ਼ਤਮ ਹੋ ਜਾਂਦਾ ਹੈ। ਪੰਜਾਬੀ ਬੋਲੀ ਸਾਡੀ ਮਾਂ ਹੈ ਅਤੇ ਦੁਨੀਆ ਦੀ ਕੋਈ ਵੀ ਭਾਸ਼ਾ ਮਾਂ ਦਾ ਸਥਾਨ ਨਹੀਂ ਲੈ ਸਕਦੀ। ਸਾਨੂੰ ਦੂਸਰੀਆਂ ਭਾਸ਼ਾਵਾਂ ਜ਼ਰੂਰ ਸਿੱਖਣੀਆਂ ਚਾਹੀਦੀਆਂ ਹਨ, ਪਰ ਆਪਣੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਹਮੇਸ਼ਾ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ। ਇਸ ਮੌਕੇ ਬਾਬਾ ਨਜ਼ਮੀ ਦੀ ਕਵਿਤਾ ਦੀਆਂ ਸਤਰਾਂ ਯਾਦ ਆ ਰਹੀਆਂ ਹਨ:
ਅੱਖਰਾਂ ਵਿੱਚ ਸਮੁੰਦਰ ਰੱਖਾਂ,
ਮੈਂ ਇਕਬਾਲ ਪੰਜਾਬੀ ਦਾ।
ਝੱਖੜਾਂ ਦੇ ਵਿੱਚ ਰੱਖ ਦਿੱਤਾ ਏ,
ਦੀਵਾ ਬਾਲ ਪੰਜਾਬੀ ਦਾ।
ਸ਼ਾਲਾ! ਪੰਜਾਬੀ ਦਾ ਇਕਬਾਲ ਹਮੇਸ਼ਾ ਬੁਲੰਦ ਰਹੇ।
ਸੰਪਰਕ: 94179-90040

