ਰਿਤਿਕ ਰੋਸ਼ਨ ਵੱਲੋਂ ਫਿਲਮ ‘ਓ’ ਰੋਮੀਓ’ ਦੀ ਸ਼ਲਾਘਾ
ਬੌਲੀਵੁੱਡ ਸਟਾਰ ਰਿਤਿਕ ਰੋਸ਼ਨ ਨੇ ਵਿਸ਼ਾਲ ਭਾਰਦਵਾਜ ਦੀ ਨਵੀਂ ਨਿਰਦੇਸ਼ਤ ਫਿਲਮ ‘ਓ’ ਰੋਮੀਓ’ ਦੀ ਸ਼ਲਾਘਾ ਕਰਦਿਆਂ ਦਰਸ਼ਕਾਂ ਨੂੰ ਫਿਲਮ ਦੇਖਣ ਦੀ ਅਪੀਲ ਕੀਤੀ ਹੈ। 13 ਫਰਵਰੀ ਨੂੰ ਰਿਲੀਜ਼ ਹੋਈ ਇਸ ਫਿਲਮ ਵਿੱਚ ਸ਼ਾਹਿਦ ਕਪੂਰ ਅਤੇ ਤ੍ਰਿਪਤੀ ਡਿਮਰੀ ਨੇ ਮੁੱਖ ਭੂਮਿਕਾ...
ਬੌਲੀਵੁੱਡ ਸਟਾਰ ਰਿਤਿਕ ਰੋਸ਼ਨ ਨੇ ਵਿਸ਼ਾਲ ਭਾਰਦਵਾਜ ਦੀ ਨਵੀਂ ਨਿਰਦੇਸ਼ਤ ਫਿਲਮ ‘ਓ’ ਰੋਮੀਓ’ ਦੀ ਸ਼ਲਾਘਾ ਕਰਦਿਆਂ ਦਰਸ਼ਕਾਂ ਨੂੰ ਫਿਲਮ ਦੇਖਣ ਦੀ ਅਪੀਲ ਕੀਤੀ ਹੈ। 13 ਫਰਵਰੀ ਨੂੰ ਰਿਲੀਜ਼ ਹੋਈ ਇਸ ਫਿਲਮ ਵਿੱਚ ਸ਼ਾਹਿਦ ਕਪੂਰ ਅਤੇ ਤ੍ਰਿਪਤੀ ਡਿਮਰੀ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਫਿਲਮ ਮੁੰਬਈ ਦੇ ਅੰਡਰਵਰਲਡ ਗੈਂਗਸਟਰ ਹਸੀਨ ਉਸਤਰਾ ਦੁਆਲੇ ਘੁੰਮਦੀ ਹੈ, ਜਿਸ ਦੀ ਭੂਮਿਕਾ ਸ਼ਾਹਿਦ ਅਤੇ ਅਫਸ਼ਾ ਦੀ ਭੂਮਿਕਾ ਤ੍ਰਿਪਤੀ ਡਿਮਰੀ ਨੇ ਨਿਭਾਈ ਹੈ।
ਰਿਤਿਕ ਨੇ ਆਪਣੇ ਐਕਸ ਹੈਂਡਲ ’ਤੇ ਪਾਈ ਪੋਸਟ ਵਿੱਚ ਲਿਖਿਆ, ‘‘ਓ’ ਰੋਮੀਓ’ ਦੀ ਹਾਜ਼ਰ-ਜਵਾਬੀ ਤੁਹਾਡਾ ਦਿਲ ਜਿੱਤ ਲੈਂਦੀ ਹੈ। ਮੈਨੂੰ ਮਜ਼ਾ ਆਇਆ। ਸ਼ਾਹਿਦ ਕਪੂਰ ਤੁਸੀਂ ਇਸ ਸ਼ੈਲੀ ਨੂੰ ਸਭ ਤੋਂ ਵਧੀਆ ਨਿਭਾਉਂਦੇ ਹੋ। ਤੁਸੀਂ ਕਮਾਲ ਹੋ। ਇਸ ਨੂੰ ਸਿਨੇਮਾਘਰਾਂ ’ਚ ਦੇਖੋ।’’ ਇਹ ਫਿਲਮ ਸਾਜਿਦ ਨਾਡਿਆਡਵਾਲਾ ਵੱਲੋਂ ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਦੇ ਬੈਨਰ ਹੇਠ ਬਣਾਈ ਗਈ ਹੈ। ਇਸ ਵਿੱਚ ਅਵਿਨਾਸ਼ ਤਿਵਾੜੀ, ਤਮੰਨਾ ਭਾਟੀਆ, ਦਿਸ਼ਾ ਪਟਾਨੀ ਅਤੇ ਵਿਕਰਾਂਤ ਮੈਸੀ ਵੀ ਅਹਿਮ ਭੂੁਮਿਕਾਵਾਂ ਵਿੱਚ ਹਨ। ਫਿਲਮ ਨੇ ਬਾਕਸ ਆਫਿਸ ’ਤੇ ਹੁਣ ਤੱਕ 75.80 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਰਿਤਿਕ ਰੋਸ਼ਨ ਨੂੰ ਆਖ਼ਰੀ ਵਾਰ ਫਿਲਮ ‘ਵਾਰ 2’ ਵਿੱਚ ਦੇਖਿਆ ਗਿਆ ਸੀ, ਜੋ ਅਗਸਤ 2025 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਸਨ ਅਤੇ ਇਸ ਵਿੱਚ ਜੂਨੀਅਰ ਐੱਨ ਟੀ ਆਰ ਨੇ ਵੀ ਕੰਮ ਕੀਤਾ ਸੀ।

