ਫ਼ਸਲਾਂ ਨੂੰ ਗਰਮੀ ਦੇ ਕਹਿਰ ਤੋਂ ਕਿਵੇਂ ਬਚਾਈਏ

ਫ਼ਸਲਾਂ ਨੂੰ ਗਰਮੀ ਦੇ ਕਹਿਰ ਤੋਂ ਕਿਵੇਂ ਬਚਾਈਏ

ਡਾ. ਹਰਕੰਵਲਜੋਤ ਸਿੰਘ ਸੇਖੋਂ*

ਪੰਜਾਬ ਵਿੱਚ ਮਈ-ਜੂਨ ਦੇ ਮਹੀਨੇ ਅਤਿ ਗਰਮੀ ਦੇ ਹੁੰਦੇ ਹਨ। ਇਸ ਸਮੇਂ ਦੌਰਾਨ ਕਈ ਵਾਰੀ ਤਾਪਮਾਨ 45 ਡਿਗਰੀ ਸੈਂਟੀਗਰੇਡ ਤੋਂ ਵੀ ਪਾਰ ਚਲਾ ਜਾਂਦਾ ਹੈ। ਅਜਿਹੀਆਂ ਹਾਲਤਾਂ ਵਿੱਚ ਵਾਸ਼ਪੀਕਰਨ (ਧਰਤੀ ਦੀ ਸਤ੍ਵਾ ਤੋਂ ਪਾਣੀ ਉੱਡਣ) ਦੀ ਪ੍ਰਕਿਰਿਆ ਸਿਖ਼ਰ ’ਤੇ ਹੁੰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਗਰਮ ਅਤੇ ਖੁਸ਼ਕ ਮੌਸਮ ਸਿਰਫ਼ ਮਨੁੱਖਾਂ ਅਤੇ ਜੀਵ-ਜੰਤੂਆਂ ਲਈ ਹੀ ਨਹੀਂ ਸਗੋਂ ਫ਼ਸਲਾਂ ਲਈ ਵੀ ਮਾਰੂ ਰਿਹਾ ਹੈ। ਇਸ ਲਈ ਸਾਉਣੀ ਦੀਆਂ ਮੁੱਖ ਫ਼ਸਲਾਂ ਨਰਮਾ, ਦਾਲਾਂ, ਸਬਜ਼ੀਆਂ ਅਤੇ ਫਲਦਾਰ ਫ਼ਸਲਾਂ ਅਕਸਰ ਪ੍ਰਭਾਵਿਤ ਹੁੰਦੀਆਂ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਅਨੁਸਾਰ ਅਤਿ ਦੀ ਵਧੇਰੇ ਗਰਮੀ ਅਤੇ ਲੂ ਨਰਮੇ ਦੇ ਪੌਦਿਆਂ ਲਈ ਨੁਕਸਾਨਦੇਹ ਹੈ। ਉੱਤਰ-ਦੱਖਣ ਦਿਸ਼ਾ ਵਿੱਚ ਵੱਟਾਂ ਬਣਾ ਕੇ ਨਰਮੇ ਦੀ ਬਿਜਾਈ ਵੱਟ ਦੇ ਪੂਰਬੀ ਪਾਸੇ ਕਰਨ ਨਾਲ ਛੋਟੀ ਫ਼ਸਲ ਲੂ ਦੀ ਮਾਰ ਤੋਂ ਬਚ ਜਾਂਦੀ ਹੈ। ਨਰਮੇ ਦੀ ਬਿਜਾਈ ਸਵੇਰੇ ਸ਼ਾਮ ਪੂਰੀ ਵੱਤਰ ਵਿੱਚ ਹੀ ਕਰੋ ਤਾਂ ਜੋ ਉੱਗਣ ਸ਼ਕਤੀ ਪੂਰੀ ਰਹੇ। ਨਰਮੇ ਦੇ ਛੋਟੇ ਬੂਟੇ ਲੂ ਨੂੰ ਸਹਾਰਦੇ ਨਹੀਂ ਇਸ ਲਈ ਪਾਣੀ ਥੋੜ੍ਹੇ ਦਿਨਾਂ ਦੇ ਵਕਫ਼ੇ ’ਤੇ ਲਾਉਣਾ ਚਾਹੀਦਾ ਹੈ। ਇਹ ਵੀ ਕੋਸ਼ਿਸ਼ ਕੀਤੀ ਜਾਵੇ ਕਿ ਪਾਣੀ ਸਵੇਰ ਜਾਂ ਸ਼ਾਮ ਵੇਲੇ ਹੀ ਲਾਇਆ ਜਾਵੇ ਕਿਉਂਕਿ ਦੁਪਹਿਰ ਵੇਲੇ ਪਾਣੀ ਲਾਉਣ ਨਾਲ ਵਾਸ਼ਪੀਕਰਨ ਜ਼ਿਆਦਾ ਹੁੰਦਾ ਹੈ। ਦੁਪਹਿਰ ਵੇਲੇ ਪਾਣੀ ਲਾਉਣਾ ਇਸ ਲਈ ਵੀ ਨੁਕਸਾਨਦਾਇਕ ਹੋ ਸਕਦਾ ਹੈ ਕਿਉਂਕਿ ਇਸ ਨਾਲ ਨਰਮੇ ਦੇ ਬੂਟਿਆਂ ਵਿੱਚ ਪੈਰਾਵਿਲਟ ਦੀ ਸਮੱਸਿਆ ਆ ਸਕਦੀ ਹੈ। ਝੋਨੇ ਦੀ ਪਨੀਰੀ ਖ਼ਾਸ ਕਰ ਕੇ ਦੱਖਣੀ-ਪੱਛਮੀਂ ਪੰਜਾਬ ਵਿੱਚ ਵੀ ਵਧੇਰੇ ਤਾਪਮਾਨ ਨਾਲ ਪ੍ਰਭਾਵਿਤ ਹੁੰਦੀ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਝੋਨੇ ਦੀ ਪਨੀਰੀ ਵਿੱਚ ਪਾਣੀ ਦੀ ਵਰਤੋਂ ਇਸ ਤਰ੍ਹਾਂ ਕਰੋ ਕਿ ਦੁਪਹਿਰ ਵੇਲੇ ਵਧੇਰੇ ਗਰਮੀ ਵਾਲੇ ਸਮੇਂ ਦੌਰਾਨ ਪਾਣੀ ਪਨੀਰੀ ਵਿੱਚ ਜ਼ਮੀਨ ਦੀ ਸਤ੍ਵਾ ਉੱਪਰ ਨਾ ਖੜ੍ਹਾ ਰਹੇ। ਪਾਣੀ ਪਨੀਰੀ ਵਿੱਚ ਖੜ੍ਹਾ ਰਹਿਣ ਦੀ ਸੂਰਤ ਵਿੱਚ ਪਾਣੀ ਦਾ ਤਾਪਮਾਨ ਵਧਣ ਕਰ ਕੇ ਪਨੀਰੀ ਦਾ ਵਾਧਾ ਪ੍ਰਭਾਵਿਤ ਹੁੰਦਾ ਹੈ। ਇਸ ਕਰ ਕੇ ਕਿਸਾਨ ਪਨੀਰੀ ਨੂੰ ਹਲਕੀ ਸਿੰਜਾਈ ਸਵੇਰੇ ਤੇ ਸ਼ਾਮ ਵੇਲੇ ਸੰਜਮ ਨਾਲ ਕਰਨ ਤਾਂ ਕਿ ਪਾਣੀ ਦੀ ਬਹੁਤਾਤ ਨਾਲ ਗਰਮੀ ਦੇ ਪ੍ਰਭਾਵ ਤੋਂ ਰਾਹਤ ਮਿਲ ਸਕੇ ਅਤੇ ਪਾਣੀ ਦੀ ਘਾਟ ਹੋਣ ਦੀ ਬਦੌਲਤ ਪਨੀਰੀ ਵਿੱਚ ਲੋਹੇ ਦੀ ਘਾਟ ਵੀ ਨਾ ਆਵੇ। ਇੱਕ ਹੋਰ ਧਿਆਨ ਰੱਖਣ ਯੋਗ ਗੱਲ ਇਹ ਹੈ ਕਿ ਝੋਨੇ ਦੀ ਪਨੀਰੀ ਸਵੇਰੇ 10-11 ਵਜੇ ਤੋਂ ਪਹਿਲਾਂ ਜਾਂ ਸ਼ਾਮ ਵੇਲੇ ਹੀ ਬੀਜੋ ਕਿਉਂਕਿ ਦੁਪਹਿਰ ਵੇਲੇ ਵਧੇਰੇ ਗਰਮੀ ਹੋਣ ਕਰ ਕੇ ਝੋਨੇ ਦੇ ਢੰਗੂਰ ਮੱਚਣ ਦੀ ਵੀ ਸਮੱਸਿਆ ਆਉਂਦੀ ਹੈ।

ਸਬਜ਼ੀਆਂ ਦੀਆਂ ਫਸਲ਼ਾਂ ਜਿਵੇਂ ਕਿ ਮਿਰਚ, ਭਿੰਡੀ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਵੀ ਗਰਮੀਂ ਤੋਂ ਬਹੁਤ ਪ੍ਰਭਾਵਿਤ ਹੁੰਦੀਆਂ ਹਨ। ਜ਼ਿਆਦਾ ਤਾਪਮਾਨ ਦੇ ਮਾਰੂ ਪ੍ਰਭਾਵ ਨਾਲ ਇਨ੍ਹਾਂ ਸਬਜ਼ੀਆਂ ਦੀ ਫਲ ਲੱਗਣ ਦੀ ਯੋਗਤਾ ’ਤੇ ਮਾੜਾ ਪ੍ਰਭਾਵ ਪੈਂਦਾ ਹੈ। ਗਰਮੀ ਕਾਰਨ ਫੁੱਲ ਅਤੇ ਫਲ ਬਹੁਤ ਡਿੱਗਦੇ ਹਨ। ਅਜਿਹੇ ਅਸਾਧਾਰਨ ਤਾਪਮਾਨ ਕਰ ਕੇ ਸਬਜ਼ੀਆਂ ਵਿੱਚ ਪ੍ਰਾਗਣ ਦੀ ਪ੍ਰਕਿਰਿਆ ਵਿੱਚ ਵਿਘਨ ਪੈਂਦਾ ਹੈ ਅਤੇ ਇਸ ਨਾਲ ਫਲ ਲੱਗਣ ਵਿੱਚ ਮੁਸ਼ਕਿਲ ਆਉਂਦੀ ਹੈ। ਇਸ ਲਈ ਕਿਸਾਨਾਂ ਨੂੰ ਹਲਕੇ ਪਾਣੀ ਦੀ ਵਾਰ-ਵਾਰ ਸਿੰਜਾਈ ਕਰਨੀ ਚਾਹੀਦੀ ਹੈ ਤਾਂ ਕਿ ਕੁਝ ਹੱਦ ਤੱਕ ਅਨੁਕੂਲ ਤਾਪਮਾਨ ਬਣਾਉਣ ਵਿੱਚ ਮੱਦਦਗਾਰ ਹੋ ਸਕੇ। ਵਧੇਰੇ ਤਾਪਮਾਨ ਤੋਂ ਬਚਾਅ ਲਈ ਸਬਜ਼ੀਆਂ ਨੂੰ ਪੌਲੀ/ਨੈੱਟ ਹਾਊਸ ਵਿੱਚ ਵੀ ਉਗਾਇਆ ਜਾ ਸਕਦਾ ਹੈ। ਨੈੱਟਹਾਊਸ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਤੋਂ ਵੀ ਫ਼ਸਲ਼ਾਂ ਦਾ ਬਚਾਅ ਰਹਿੰਦਾ ਹੈ। ਸਬਜ਼ੀਆਂ ਨੂੰ ਗਰਮੀਂ ਤੋਂ ਬਣਾਉਣ ਲਈ ਮਲਚਿੰਗ ਵੀ ਕੀਤੀ ਜਾ ਸਕਦੀ ਹੈ। ਮਲਚਿੰਗ ਇੱਕ ਅਜਿਹੀ ਵਿਧੀ ਹੈ ਜਿਸ ਨਾਲ ਜ਼ਮੀਨ ਦੀ ਸਤ੍ਵਾ ਨੂੰ ਪਰਾਲੀ, ਘਾਹ-ਫੂਸ ਜਾਂ ਕਿਸੇ ਵੀ ਰਹਿੰਦ-ਖੂੰਹਦ ਨਾਲ ਢਕਿਆ ਜਾਂਦਾ ਹੈ ਜਿਸ ਨਾਲ ਵਾਸ਼ਪੀਕਰਨ ਦੀ ਕਿਰਿਆ ਘਟ ਜਾਂਦੀ ਹੈ। ਮਲਚਿੰਗ ਨਾਲ ਹੇਠਲਾ ਤਾਪਮਾਨ ਠੰਢਾ ਰਹਿੰਦਾ ਹੈ ਜੋ ਸਬਜ਼ੀਆਂ ਲਈ ਲਾਹੇਵੰਦ ਸਾਬਿਤ ਹੁੰਦਾ ਹੈ। ਮਲਚਿੰਗ ਕਰਨ ਨਾਲ ਨਦੀਨਾਂ ਦੀ ਵੀ ਰੋਕਥਾਮ ਹੁੰਦੀ ਹੈ ਜਿਸ ਕਰ ਕੇ ਨਦੀਨ ਸਾਡੀ ਸਬਜ਼ੀ ਦੀ ਫ਼ਸਲ ਨਾਲ ਪਾਣੀ ਅਤੇ ਖਾਧ-ਖ਼ੁਰਾਕ ਲਈ ਮੁਕਾਬਲਾ ਵੀ ਨਹੀਂ ਕਰਦੇ। ਫਲਦਾਰ ਪੌਦਿਆਂ ਲਈ ਮਈ-ਜੂਨ ਦਾ ਤਾਪਮਾਨ ਅਸਹਿ ਹੁੰਦਾ ਹੈ ਖ਼ਾਸ ਤੌਰ ’ਤੇ ਨਵੇਂ ਲਗਾਏ ਬੂਟਿਆਂ ਲਈ ਜਿਵੇਂ ਕਿ ਨਿੰਬੂ, ਅੰਬ, ਅਮਰੂਦ, ਪਪੀਤਾ ਆਦਿ। ਦੱਖਣ-ਪੱਛਮੀਂ ਪਾਸਿਓਂ ਜ਼ਿਆਦਾ ਤੀਬਰਤਾ ਵਾਲੀਆਂ ਸੂਰਜ ਦੀਆਂ ਕਿਰਨਾਂ ਬੂਟਿਆਂ ਦੇ ਤਣਿਆਂ ਨੂੰ ਬਹੁਤ ਨੁਕਸਾਨ ਪਹੁੰਚਾਉਦੀਆਂ ਹਨ। ਖੁਸ਼ਕ ਮੌਸਮ ਹੋਣ ਕਰ ਕੇ ਜ਼ਿਆਦਾ ਵਾਸ਼ਪੀਕਰਨ ਹੁੰਦਾ ਹੈ ਅਤੇ ਰੁੱਖਾਂ ਦੇ ਤਣਿਆਂ ਵਿੱਚ ਨਮੀ ਘਟ ਜਾਂਦੀ ਹੈ, ਜਿਸ ਕਰ ਕੇ ਤਣਿਆਂ ਵਿੱਚ ਤਰੇੜਾਂ ਆ ਜਾਂਦੀਆਂ ਹਨ। ਇਸ ਕਾਰਨ ਬੂਟੇ ਦਾ ਕੁਝ ਹਿੱਸਾ ਪ੍ਰਭਾਵਿਤ ਹੁੰਦਾ ਹੈ ਅਤੇ ਕਈ ਵਾਰ ਜ਼ਿਆਦਾ ਨੁਕਸਾਨ ਹੋਣ ਕਰ ਕੇ ਬੂਟਾ ਮਰ ਵੀ ਜਾਂਦਾ ਹੈ। ਖੇਤੀ ਮਾਹਿਰਾਂ ਅਨੁਸਾਰ ਫਲਦਾਰ ਬੂਟਿਆਂ ਨੂੰ ਗਰਮੀ ਦੇ ਕਹਿਰ ਤੋਂ ਬਚਾਉਣ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜਿਵੇਂ ਕਿ ਰੁੱਖ ਦੇ ਹੇਠਲੇ ਤਣੇ ਨੂੰ ਚਿੱਟਾ ਰੰਗ ਕਰੋ। ਇਸ ਚਿੱਟੇ ਰੰਗ ਦੇ ਘੋਲ ਨੂੰ ਤਿਆਰ ਕਰਨ ਲਈ 25 ਕਿੱਲੋ ਬੁਝਿਆ ਹੋਇਆ ਚੂਨਾ, 500 ਗ੍ਰਾਮ ਕਾਪਰ ਸਲਫੇਟ (ਨੀਲਾ ਥੋਥਾ) ਅਤੇ 500 ਗ੍ਰਾਮ ਗਮ ਸੁਰੇਸ਼ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਬਣਾਉਣਾ ਚਾਹੀਦਾ ਹੈ। ਨਿਯਮਤ ਅੰਤਰਾਲਾਂ ’ਤੇ ਵਾਰ-ਵਾਰ ਸਿੰਜਾਈ ਦੇਣਾ ਗਰਮੀ ਦੇ ਪ੍ਰਭਾਵ ਨੂੰ ਰੋਕਣ ਲਈ ਮਦਦਗਾਰ ਸਾਬਿਤ ਹੁੰਦਾ ਹੈ। ਨਵੇਂ ਲੱਗੇ ਨਾਜ਼ੁਕ ਫਲਦਾਰ ਬੂਟਿਆਂ ਨੂੰ ਗਰਮੀ ਤੋਂ ਬਚਾਉਣ ਲਈ ਸਰਕੰਡਾ, ਪਰਾਲੀ ਜਾਂ ਖਜ਼ੂਰ ਦੇ ਪੱਤਿਆਂ ਨਾਲ ਕੁੱਲੀਆਂ ਬਣਾ ਕੇ ਗਰਮੀਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਤੁਪਕਾ ਸਿੰਜਾਈ ਜਾਂ ਫੁਹਾਰਾ ਵਿਧੀ ਨਾਲ ਸਿੰਜਾਈ ਵੀ ਫਲਾਂ ਅਤੇ ਸਬਜ਼ੀਆਂ ਨੂੰ ਗਰਮੀ ਤੋਂ ਬਚਾਉਣ ਲਈ ਕਾਫ਼ੀ ਲਾਭਦਾਇਕ ਹੈ। ਗਰਮੀ ਤੋਂ ਫ਼ਸਲਾਂ ਨੂੰ ਬਚਾ ਕੇ ਰੱਖਣ ਲਈ ਜ਼ਮੀਨ ਵਿੱਚ ਨਮੀ ਨੂੰ ਸੰਭਾਲਣਾ ਹੀ ਇੱਕ ਮੂਲ ਮੰਤਰ ਹੈ। ਉਪਰੋਕਤ ਸੁਝਾਏ ਗਏ ਉਪਾਆਂ ਤੋਂ ਇਲਾਵਾ ਜ਼ਮੀਨ ਵਿੱਚ ਜੈਵਿਕ ਖਾਦਾਂ ਜਿਵੇਂ ਰੂੜ੍ਹੀ ਆਦਿ ਦੀ ਵਰਤੋਂ ਨਾਲ ਜ਼ਮੀਨ ਵਿੱਚ ਜੈਵਿਕ ਮਾਦੇ (ਮੱਲੜ੍ਹ) ਨੂੰ ਵਧਾਉਣਾ ਵੀ ਗਰਮੀਂ ਦੇ ਕਹਿਰ ਤੋਂ ਬਚਣ ਲਈ ਫ਼ਸਲਾਂ ਵਾਸਤੇ ਸਹਾਈ ਹੋ ਸਕਦਾ ਹੈ।

*ਮੌਸਮ ਵਿਗਿਆਨ ਵਿਭਾਗ, ਪੀਏਯੂ ਲੁਧਿਆਣਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All