ਬੱਚਿਆਂ ਨੂੰ ਡਾਇਬਿਟੀਜ਼ ਤੋਂ ਕਿਵੇਂ ਬਚਾਈਏ
ਮਨੁੱਖ ਦੇ ਸਰੀਰ ਵਿੱਚ ਲੁਬਾ ਗ੍ਰੰਥੀ (ਪੈਨਕ੍ਰਿਆਸ) ਦੀਆਂ ਬੀਟਾ ਕੋਸ਼ਿਕਾਵਾਂ ਤੋਂ ਇਨਸੂਲਿਨ ਬਣਦੀ ਹੈ। ਇਹ ਹਾਰਮੋਨ ਖ਼ੂਨ ਵਿੱਚ ਮੌਜੂਦ ਗਲੂਕੋਜ਼ ਦੀ ਮਾਤਰਾ ਨੂੰ ਸੰਤੁਲਿਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਿਹੜੇ ਲੋਕਾਂ ਵਿੱਚ ਲਗਪਗ 90 ਫ਼ੀਸਦੀ ਬੀਟਾ ਕੋਸ਼ਿਕਾਵਾਂ ਕਿਸੇ ਕਾਰਨ...
ਮਨੁੱਖ ਦੇ ਸਰੀਰ ਵਿੱਚ ਲੁਬਾ ਗ੍ਰੰਥੀ (ਪੈਨਕ੍ਰਿਆਸ) ਦੀਆਂ ਬੀਟਾ ਕੋਸ਼ਿਕਾਵਾਂ ਤੋਂ ਇਨਸੂਲਿਨ ਬਣਦੀ ਹੈ। ਇਹ ਹਾਰਮੋਨ ਖ਼ੂਨ ਵਿੱਚ ਮੌਜੂਦ ਗਲੂਕੋਜ਼ ਦੀ ਮਾਤਰਾ ਨੂੰ ਸੰਤੁਲਿਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਿਹੜੇ ਲੋਕਾਂ ਵਿੱਚ ਲਗਪਗ 90 ਫ਼ੀਸਦੀ ਬੀਟਾ ਕੋਸ਼ਿਕਾਵਾਂ ਕਿਸੇ ਕਾਰਨ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ, ਉਨ੍ਹਾਂ ਵਿੱਚ ਸ਼ੱਕਰ ਰੋਗ ਦੇ ਲੱਛਣ ਪ੍ਰਗਟ ਹੋਣ ਲੱਗਦੇ ਹਨ। ਜਿਹੜੇ ਬੱਚੇ ਜਾਂ ਨੌਜਵਾਨ ਇਸ ਰੋਗ ਦਾ ਸ਼ਿਕਾਰ ਹੋ ਜਾਂਦੇ ਹਨ, ਉਨ੍ਹਾਂ ਦੀ ਗਿਣਤੀ ਕੁੱਲ ਸ਼ੂਗਰ ਰੋਗੀਆਂ ਵਿੱਚੋਂ ਲਗਪਗ 5 ਤੋਂ 10 ਫ਼ੀਸਦੀ ਹੁੰਦੀ ਹੈ। ਬਾਲ ਉਮਰ ਵਿੱਚ ਪੈਦਾ ਹੋਣ ਵਾਲੇ ਇਸ ਰੋਗ ਦੇ 95 ਫ਼ੀਸਦੀ ਮਾਮਲਿਆਂ ਵਿੱਚ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਉਂਦਾ। ਫਿਰ ਵੀ ਜੱਦੀ-ਪੁਸ਼ਤੀ ਕਾਰਕ, ਰੁਬੈਲਾ ਵਾਇਰਸ ਦੀ ਲਾਗ ਅਤੇ ਮਾਨਸਿਕ ਤਣਾਅ ਇਸ ਦੇ ਸੰਭਾਵੀ ਕਾਰਨ ਮੰਨੇ ਜਾਂਦੇ ਹਨ।
ਜਦੋਂ ਸਰੀਰ ਵਿੱਚ ਇਨਸੂਲਿਨ ਦੀ ਘਾਟ ਹੋ ਜਾਂਦੀ ਹੈ ਤਾਂ ਗਲੂਕੋਜ਼ ਕੋਸ਼ਿਕਾਵਾਂ ਵਿੱਚ ਦਾਖ਼ਲ ਹੋ ਕੇ ਊਰਜਾ ਨਹੀਂ ਬਣਾ ਸਕਦਾ। ਇਸ ਦੇ ਨਤੀਜੇ ਵਜੋਂ ਸਰੀਰ ਫੈਟੀ ਐਸਿਡ ਅਤੇ ਐਮੀਨੋ ਐਸਿਡ ਨੂੰ ਊਰਜਾ ਲਈ ਵਰਤਣਾ ਸ਼ੁਰੂ ਕਰਦਾ ਹੈ। ਇਸ ਪ੍ਰਕਿਰਿਆ ਦੌਰਾਨ ਬਣਦੀਆਂ ਕੀਟੋਨ ਬਾਡੀਜ਼ ਖ਼ੂਨ ਨੂੰ ਤੇਜ਼ਾਬੀ ਬਣਾ ਦਿੰਦੀਆਂ ਹਨ, ਜੋ ਇੱਕ ਖ਼ਤਰਨਾਕ ਸਥਿਤੀ ਹੈ।
ਬਿਮਾਰੀ ਦੇ ਲੱਛਣ:
* ਬਹੁਤ ਜ਼ਿਆਦਾ ਪਿਆਸ ਲੱਗਣਾ ਅਤੇ ਵਾਰ-ਵਾਰ ਪਿਸ਼ਾਬ ਆਉਣਾ।
* ਭੁੱਖ ਵਧਣ ਦੇ ਬਾਵਜੂਦ ਸਰੀਰਕ ਭਾਰ ਘਟਣਾ।
* ਥਕਾਵਟ ਅਤੇ ਸਰੀਰ ਦਰਦ।
* ਜੀ ਮਤਲਾਉਣਾ, ਉਲਟੀਆਂ ਅਤੇ ਪੇਟ ਵਿੱਚ ਦਰਦ।
* ਲੜਕੀਆਂ ਵਿੱਚ ਗੁਪਤ ਅੰਗਾਂ ਵਿੱਚ ਫੰਗਸ (ਉੱਲੀ) ਦੀ ਲਾਗ ਕਾਰਨ ਖਾਰਸ਼।
* ਸੁਭਾਅ ਵਿੱਚ ਚਿੜਚਿੜਾਪਣ।
ਕਈ ਵਾਰ ਖ਼ੂਨ ਵਿੱਚ ਕੀਟੋਨ ਬਾਡੀਜ਼ ਦੀ ਮਾਤਰਾ ਬਹੁਤ ਵਧ ਜਾਣ ਕਾਰਨ ਮਰੀਜ਼ ਬੇਹੋਸ਼ ਹੋ ਸਕਦਾ ਹੈ, ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ। ਜੇ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਥਿਤੀ ਜਾਨਲੇਵਾ ਹੋ ਸਕਦੀ ਹੈ।
ਡਾਇਬਟੀਜ਼ ’ਤੇ ਕਾਬੂ: ਸੰਨ 1921 ਵਿੱਚ ਇਨਸੂਲਿਨ ਦੀ ਖੋਜ ਹੋਣ ਤੋਂ ਪਹਿਲਾਂ ਇਸ ਰੋਗ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਜਾਂਦੀ ਸੀ। ਇਨਸੂਲਿਨ ਦੀ ਖੋਜ ਤੋਂ ਬਾਅਦ ਮੌਤਾਂ ਵਿੱਚ ਕਾਫ਼ੀ ਕਮੀ ਆਈ ਹੈ। ਇਸ ਰੋਗ ’ਤੇ ਕਾਬੂ ਪਾਉਣ ਲਈ ਸਭ ਤੋਂ ਜ਼ਰੂਰੀ ਹੈ ਕਿ ਸ਼ੂਗਰ ਪੀੜਤ ਮਰੀਜ਼ ਦੀ ਸਮੇਂ ਸਿਰ ਪਛਾਣ ਕਰਕੇ ਇਲਾਜ ਸ਼ੁਰੂ ਕੀਤਾ ਜਾਵੇ। ਇਹ ਰੋਗ ਸਿਰਫ਼ ਮਰੀਜ਼ ਲਈ ਹੀ ਨਹੀਂ, ਸਗੋਂ ਉਸਦੇ ਪਰਿਵਾਰ ਲਈ ਵੀ ਇੱਕ ਚੁਣੌਤੀ ਹੁੰਦਾ ਹੈ ਕਿਉਂਕਿ ਇਸ ਨਾਲ ਮਰੀਜ਼ ਨੂੰ ਜੀਵਨ ਭਰ ਸੰਭਾਲਣ ਦੀ ਲੋੜ ਪੈਂਦੀ ਹੈ।
ਰੋਗੀ ਅਤੇ ਉਸ ਦੇ ਮਾਪਿਆਂ ਨੂੰ ਡਾਕਟਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਵੇਂ ਕਿ:
* ਖ਼ੂਨ ਅਤੇ ਪਿਸ਼ਾਬ ਦੀ ਨਿਯਮਿਤ ਜਾਂਚ।
* ਇਨਸੂਲਿਨ ਦੀ ਸਹੀ ਮਾਤਰਾ ਅਤੇ ਸਮੇਂ ’ਤੇ ਟੀਕਾ।
* ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ।
ਇਸ ਕਿਸਮ ਦੀ ਸ਼ੂਗਰ ਨਾਲ ਖੁਰਾਕ ਦਾ ਸਿੱਧਾ ਸਬੰਧ ਘੱਟ ਹੁੰਦਾ ਹੈ, ਪਰ ਸੰਤੁਲਿਤ ਆਹਾਰ ਬਹੁਤ ਜ਼ਰੂਰੀ ਹੈ। ਨਸ਼ਾਸਤੇ ਅਤੇ ਚਰਬੀ ਦੀ ਮਾਤਰਾ ਨੂੰ ਨਿਯੰਤਰਿਤ ਰੱਖਿਆ ਜਾ ਸਕਦਾ ਹੈ ਜਦੋਂਕਿ ਪ੍ਰੋਟੀਨ ਯੁਕਤ ਖੁਰਾਕ ਬੱਚਿਆਂ ਦੇ ਵਿਕਾਸ ਲਈ ਲਾਜ਼ਮੀ ਹੈ।
ਇਨਸੂਲਿਨ ਅਤੇ ਸਾਵਧਾਨੀਆਂ:
ਇਨਸੂਲਿਨ ਦੇ ਟੀਕੇ ਰਾਹੀਂ ਖ਼ੂਨ ਵਿੱਚ ਗਲੂਕੋਜ਼ ਦੀ ਮਾਤਰਾ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਟੀਕਾ ਲਗਾਉਣ ਤੋਂ ਪਹਿਲਾਂ ਜਾਂਚ ਕਰਨਾ ਲਾਭਦਾਇਕ ਹੁੰਦਾ ਹੈ, ਪਰ ਕਈ ਵਾਰ ਗਲੂਕੋਜ਼ ਦੀ ਘੱਟ ਮਾਤਰਾ ਵੀ ਬੇਹੋਸ਼ੀ ਦਾ ਕਾਰਨ ਬਣ ਸਕਦੀ ਹੈ। ਬੇਹੋਸ਼ੀ ਦੀ ਸਥਿਤੀ ਵਿੱਚ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਸ ਦਾ ਕਾਰਨ ਗਲੂਕੋਜ਼ ਦੀ ਘਾਟ ਹੈ ਜਾਂ ਕੀਟੋਨ ਬਾਡੀਜ਼ ਦੀ ਵੱਧ ਮਾਤਰਾ ਕਿਉਂਕਿ ਦੋਹਾਂ ਦਾ ਇਲਾਜ ਵੱਖਰਾ ਹੁੰਦਾ ਹੈ।
ਰੋਗੀ ਕੋਲ ਹਮੇਸ਼ਾ ਇੱਕ ਮੈਡੀਕਲ ਕਾਰਡ ਹੋਣਾ ਚਾਹੀਦਾ ਹੈ, ਜਿਸ ’ਤੇ ਉਸ ਦੀ ਬਿਮਾਰੀ ਅਤੇ ਇਲਾਜ ਬਾਰੇ ਜਾਣਕਾਰੀ ਦਰਜ ਹੋਵੇ। ਜੇ ਬੇਹੋਸ਼ੀ ਗਲੂਕੋਜ਼ ਦੀ ਘਾਟ ਕਾਰਨ ਹੋਵੇ ਤਾਂ ਤੁਰੰਤ ਮਿੱਠੀਆਂ ਚੀਜ਼ਾਂ (ਜਿਵੇਂ ਸ਼ੱਕਰ, ਟੌਫ਼ੀਆਂ ਆਦਿ) ਦੇਣੀਆਂ ਚਾਹੀਦੀਆਂ ਹਨ ਅਤੇ ਮਰੀਜ਼ ਨੂੰ ਜਲਦੀ ਹਸਪਤਾਲ ਪਹੁੰਚਾਇਆ ਜਾਣਾ ਚਾਹੀਦਾ ਹੈ। ਬੱਚਿਆਂ ਵਿੱਚ ਸ਼ੂਗਰ ਇੱਕ ਗੰਭੀਰ, ਪਰ ਕਾਬੂ ਵਿੱਚ ਰੱਖੀ ਜਾ ਸਕਣ ਵਾਲੀ ਬਿਮਾਰੀ ਹੈ। ਸਹੀ ਜਾਣਕਾਰੀ, ਸਮੇਂ ਸਿਰ ਇਲਾਜ ਅਤੇ ਨਿਯਮਿਤ ਸੰਭਾਲ ਨਾਲ ਮਰੀਜ਼ ਸਾਧਾਰਨ ਅਤੇ ਸੁਖਮਈ ਜੀਵਨ ਬਤੀਤ ਕਰ ਸਕਦਾ ਹੈ।
