ਪ੍ਰੋ. ਬਸੰਤ ਸਿੰਘ ਬਰਾੜ
ਕੋਵਿਡ-19 ਦੇ ਦੂਜੇ ਹਮਲੇ ਨੇ ਸਾਰੀ ਦੁਨੀਆ ਵਿਚ ਤਰਥੱਲੀ ਮਚਾ ਰੱਖੀ ਹੈ। ਇਸ ਬਾਰੇ ਡਰ ਅਤੇ ਚਿੰਤਾ ਕਾਰਨ ਬਹੁਤ ਲੋਕ ਤਣਾਅ ਵਿਚ ਹਨ ਜਿਸ ਤੋਂ ਬਚਣ ਦੀ ਅਤਿਅੰਤ ਲੋੜ ਹੈ। ਵਿਗਿਆਨ ਮੰਨਦਾ ਹੈ ਕਿ ਡਰ ਅਤੇ ਚਿੰਤਾ ਤਿਆਗਣ ਅਤੇ ਸਕਾਰਾਤਮਕ ਸੋਚ ਅਪਨਾਉਣ ਨਾਲ 70% ਰੋਗ ਲਗਦੇ ਹੀ ਨਹੀਂ, ਜਾਂ ਜਲਦੀ ਠੀਕ ਹੋ ਜਾਂਦੇ ਹਨ। ਚਿੰਤਾ ਚਿਖਾ ਬਰਾਬਰ। ਆਮ ਹਾਲਾਤ ਵਿਚ ਵੀ ਆਪਣੇ ਸਮਾਜ ਵਿਚ ਹਰ ਕਿਸੇ ਦੀ ਜ਼ੁਬਾਨ ਤੇ ‘ਟੈਨਸ਼ਨ’ ਦਾ ਮਾਰੂ ਰਾਗ ਰਹਿੰਦਾ ਹੈ। ਮਾਵਾਂ ਅਤੇ ਦਾਦੀਆਂ ਆਪਣੇ ‘ਹਰ ਉਮਰ ਦੇ’ ਬੱਚੇ-ਬੱਚੀਆਂ ਦੇ ਵਿਅਰਥ ਫ਼ਿਕਰਾਂ ਵਿਚ ਵਾਲ ਚਿੱਟੇ ਕਰਵਾ ਲੈਂਦੀਆਂ ਹਨ। ਉਨ੍ਹਾਂ ਦੇ ਖਾਣ-ਪੀਣ, ਸੌਣ-ਉੱਠਣ, ਪੜ੍ਹਾਈ-ਨੌਕਰੀ, ਬਾਹਰ ਜਾ ਕੇ ਵਾਪਸ ਮੁੜਨ ਆਦਿ ਦੀ ਚਿੰਤਾ ਉਨ੍ਹਾਂ ਦੇ ਚਿਹਰੇ ਤੇ ਸਮੇਂ ਤੋਂ ਪਹਿਲਾਂ ਹੀ ਝੁਰੜੀਆਂ ਪਾ ਦਿੰਦੀ ਹੈ।
ਚਿੰਤਾ ਸਿਰਫ਼ ਮਾਨਸਿਕ ਹੀ ਨਹੀਂ ਬਲਕਿ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਨੂੰ ਵੀ ਜਨਮ ਦਿੰਦੀ ਹੈ। ਪੋਲੀਓ ਦੀਆਂ ਦੋ ਬੂੰਦਾਂ ਤਾਂ ਘਰ ਘਰ ਪਿਆਈਆਂ ਜਾਂਦੀਆਂ ਹਨ ਪਰ ਚਿੰਤਾ ਰੋਗ ਤੋਂ ਬਚਣ ਦੀ ਸਲਾਹ ਕੋਈ ਨਹੀਂ ਦਿੰਦਾ। ਵਹਿਮ ਦਾ ਇਲਾਜ ਲੁਕਮਾਨ ਹਕੀਮ ਕੋਲ ਵੀ ਨਹੀਂ ਸੀ। ਇਹ ਨਿਰੋਲ ਸਾਡੇ ਆਪਣੇ ਹੱਥ ਹੈ। ਚਿੰਤਾ ਨਾਲ ਤਣਾਅ ਅਤੇ ਘਬਰਾਹਟ ਪੈਦਾ ਹੁੰਦੀ ਹੈ। ਇਹ ਪੇਟ ਦੀਆਂ ਰਗਾਂ/ਨਸਾਂ ਤੇ ਸਿੱਧਾ ਅਸਰ ਪਾਉਂਦੀ ਹੈ, ਉਸ ਵਿਚ ਪੈਦਾ ਹੋਣ ਵਾਲੇ ਲਾਭਕਾਰੀ ਰਸਾਂ ਨੂੰ ਪ੍ਰਭਾਵਿਤ ਕਰ ਦਿੰਦੀ ਹੈ ਅਤੇ ਅੰਤੜੀਆਂ ਵਿਚ ਫੋੜੇ ਬਣਾ ਦਿੰਦੀ ਹੈ। ਪੇਟ ਦੇ ਫੋੜੇ ਇਸ ਗੱੱਲ ਨਾਲ ਨਹੀਂ ਹੁੰਦੇ ਕਿ ਤੁਸੀਂ ਕੀ ਖਾ ਪੀ ਰਹੇ ਹੋ ਬਲਕਿ ਇਸ ਨਾਲ ਹੁੰਦੇ ਹਨ ਕਿ ਤੁਹਾਨੂੰ ਅੰਦਰੋ-ਅੰਦਰੀ ਕੀ ਖਾ ਰਿਹਾ ਹੈ। ਡਰ, ਚਿੰਤਾ, ਈਰਖਾ, ਨਫ਼ਰਤ, ਸਵਾਰਥ, ਅਸਲੀਅਤ ਤੋਂ ਮੂੰਹ ਮੋੜਨਾ, ਬੀਤੇ ਸਮੇਂ ਬਾਰੇ ਝੁਰਨਾ ਆਦਿ ਸਾਨੂੰ ਅੰਦਰੋਂ ਥੋਥਾ ਕਰ ਦਿੰਦੇ ਹਨ। ਇਸ ਨਾਲ ਸਰੀਰ ਦੀ ਰੋਗਾਂ ਤੋਂ ਸੁਰੱਖਿਆ ਦੇਣ ਵਾਲੀ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ।
ਵਿਗਿਆਨੀ ਮੰਨਦੇ ਹਨ ਕਿ ਮਨ ਅਤੇ ਸਰੀਰ ਇਕ ਹੀ ਹਨ। ਪੇਟ ਦੇ ਫੋੜੇ, ਬਦਹਜ਼ਮੀ, ਦਿਲ ਦੇ ਰੋਗ, ਨੀਂਦ ਦੀ ਕਮੀ, ਸਿਰ ਪੀੜ, ਥਾਇਰੋਇਡ, ਵਾਲ਼ ਛੇਤੀ ਚਿੱਟੇ ਹੋਣੇ ਅਤੇ ਝੜਨੇ, ਕਈ ਕਿਸਮ ਦੇ ਅਧਰੰਗ, ਗਠੀਆ, ਸ਼ੂਗਰ ਆਦਿ ਦੀਆਂ ਬਿਮਾਰੀਆਂ ਪਿੱਛੇ ਚਿੰਤਾ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਕਈ ਸਰੀਰਕ ਬਿਮਾਰੀਆਂ ਤੋਂ ਸੁਰੱਖਿਆ ਦੇਣ ਵਾਲੀਆਂ ਦਵਾਈਆਂ ਬਣ ਗਈਆਂ ਹਨ ਅਤੇ ਕੋਵਿਡ-19 ਤੋਂ ਸੁਰੱਖਿਆ ਦੇਣ ਵਾਲੀਆਂ ਵੈਕਸੀਨਾਂ ਤਿਆਰ ਕਰ ਕੇ ਅਰਬਾਂ/ਖ਼ਰਬਾਂ ਦੇ ਬਜਟ ਬਣ ਗਏ ਹਨ ਪਰ ਮਨ ਦੀ ਸਿਹਤ ਵੱਲ ਧਿਆਨ ਘੱਟ ਵੱਧ ਹੀ ਦਿੱਤਾ ਜਾਂਦਾ ਹੈ।
ਚਿੰਤਾ ਤੋਂ ਮੁਕਤੀ ਅਤੇ ਸਕਾਰਾਤਮਕ ਸੋਚ ਦੇ ਚਮਤਕਾਰਾਂ ਦੇ ਤਿੰਨ ਸਿੱਖਿਆਦਾਇਕ ਉਦਾਹਰਨ ਸਾਡੀ ਮਦਦ ਕਰ ਸਕਦੇ ਹਨ। ਸਿਆਹਫ਼ਾਮ ਮਨੁੱਖਾਂ ਨੂੰ ਗ਼ੁਲਾਮੀ ਤੋਂ ਮੁਕਤੀ ਦੇਣ ਲਈ ਅਮਰੀਕਾ ਵਿਚ ਰਾਸ਼ਟਰਪਤੀ ਅਬਰਾਹਾਮ ਲਿੰਕਨ ਦੀ ਅਗਵਾਈ ਵਿਚ ਚੱਲ ਰਹੇ ਗ੍ਰਹਿ ਯੁੱਧ (1861-65) ਦੇ ਆਖ਼ਰੀ ਦਿਨ ਸਨ। ਜਨਰਲ ਗ੍ਰਾਂਟ ਦੀ ਫ਼ੌਜੀ ਟੁਕੜੀ ਨੇ ਵਿਰੋਧੀ ਧਿਰ ਦੇ ਜਨਰਲ ਰਾਬਰਟ ਲੀ ਦੀ ਫ਼ੌਜ ਨੂੰ ਰਿਚਮੰਡ ਸ਼ਹਿਰ ਵਿਚ ਨੌਂ ਮਹੀਨੇ ਘੇਰਾ ਪਾਈ ਰੱਖਿਆ। ਬਹੁਤ ਤਬਾਹੀ ਹੋਈ। ਹਰ ਪਾਸੇ ਅੱਗ ਦੀਆਂ ਲਾਟਾਂ। ਜਨਰਲ ਗ੍ਰਾਂਟ ਦੀ ਫ਼ੌਜ ਅੱਗੇ ਵਧ ਰਹੀ ਸੀ ਪਰ ਬਹੁਤ ਜ਼ਿਆਦਾ ਸਿਰ ਪੀੜ ਨੇ ਉਸ ਨੂੰ ਇਕ ਕਿਸਾਨ ਦੇ ਘਰ ਰਾਤ ਕੱਟਣ ਤੇ ਮਜਬੂਰ ਕਰ ਦਿੱਤਾ। ਕਿਸਾਨ ਨੇ ਪੇਂਡੂ ਨੁਸਖ਼ੇ ਅਨੁਸਾਰ ਸਰ੍ਹੋਂ ਰਗੜ ਕੇ ਦੋਹਾਂ ਗੁੱਟਾਂ ਅਤੇ ਧੌਣ ਪਿੱਛੇ ਗਿੱਚੀ ਤੇ ਲਗਾ ਦਿੱਤੀ ਅਤੇ ਉਸ ਦੇ ਪੈਰ ਸਰ੍ਹੋਂ ਦੇ ਤੇਲ ਵਾਲੇ ਗਰਮ ਪਾਣੀ ਵਿਚ ਪਵਾ ਦਿੱਤੇ। ਕੁਝ ਆਰਾਮ ਮਿਲਣ ਤੇ ਗ੍ਰਾਂਟ ਸੌਂ ਤਾਂ ਗਿਆ ਪਰ ਜਦ ਅੱਖ ਖੁੱਲ੍ਹੀ ਤਾਂ ਸਿਰ ਪੀੜ ਉਵੇਂ ਦੀ ਉਵੇਂ ਅੱਖਾਂ ਚੀਰ ਰਹੀ ਸੀ। ਇੰਨੇ ਨੂੰ ਇਕ ਘੋੜ-ਸਵਾਰ ਨੇ ਉਸ ਨੂੰ ਜਨਰਲ ਲੀ ਦੀ ਲਿਖੀ ਚਿੱਠੀ ਦਿੱਤੀ ਜਿਸ ਵਿਚ ਲੀ ਨੇ ਆਤਮ-ਸਮਰਪਣ ਦੀ ਪੇਸ਼ਕਸ਼ ਕੀਤੀ ਸੀ। ਜਨਰਲ ਗ੍ਰਾਂਟ ਨੇ ਆਪਣੀ ਆਤਮ-ਕਥਾ ਵਿਚ ਲਿਖਿਆ ਹੈ ਕਿ ਚਿੱਠੀ ਪੜ੍ਹ ਕੇ ਉਸ ਦੀ ਸਿਰ ਪੀੜ ਦੂਰ ਹੋਣ ਲੱਗਿਆਂ ਇਕ ਸੈਕਿੰਡ ਵੀ ਨਹੀਂ ਲੱਗਾ। ਚਿੰਤਾ ਅਤੇ ਡਰ ਖ਼ਤਮ, ਸਿਰ ਪੀੜ ਖ਼ਤਮ। ਇਹ ਜਾਦੂ ਕਈ ਹੋਰ ਤਕਲੀਫ਼ਾਂ ਵਿਚ ਵੀ ਹੋ ਜਾਂਦਾ ਹੈ।
ਦੂਜੀ ਉਦਾਹਰਨ ਅਮਰੀਕਾ ਦੇ ਇਕ ਅਮੀਰ ਉਦਯੋਗਪਤੀ ਦੀ ਹੈ। ਉਸ ਦੇ ਪੇਟ ਵਿਚ ਫੋੜੇ/ਜ਼ਖ਼ਮ ਹੋ ਗਏ ਸਨ। ਡਾਕਟਰਾਂ ਨੇ ਬਹੁਤ ਟੈਸਟ ਕੀਤੇ, ਮਹਿੰਗੀਆਂ ਦਵਾਈਆਂ ਦਿੱਤੀਆਂ ਪਰ ਕੋਈ ਫ਼ਰਕ ਨਾ ਪਿਆ। ਆਖ਼ਰ ਉਨ੍ਹਾਂ ਨੇ ਕੋਰਾ ਜਵਾਬ ਦੇ ਕੇ ਉਸ ਨੂੰ ਘਰ ਭੇਜ ਦਿੱਤਾ। ਸਦਮਾ ਹਜ਼ਮ ਕਰ ਕੇ, ਉਸ ਨੇ ਚਿੰਤਾ ਅਤੇ ਮੌਤ ਦਾ ਡਰ ਮਨ ਵਿਚੋਂ ਕੱਢ ਦਿੱਤਾ। ਉਸ ਨੂੰ ਬੜੀ ਦੇਰ ਤੋਂ ਸਮੁੰਦਰਾਂ ਉੱਤੇ ਘੁੰਮ ਕੇ ਦੁਨੀਆ ਦੇਖਣ ਦੀ ਇੱਛਾ ਸੀ ਪਰ ਕਾਰੋਬਾਰ ਦੀ ਭੱਜ ਨੱਸ ਨੇ ਅਜਿਹਾ ਕਰਨ ਦਾ ਮੌਕਾ ਨਹੀਂ ਦਿੱਤਾ ਸੀ। ਉਸ ਨੇ ਸੋਚਿਆ ਕਿ ਮਰਨ ਤੋਂ ਪਹਿਲਾਂ ਦੁਨੀਆ ਤਾਂ ਘੁੰਮ ਲਈਏ ਅਤੇ ਉਹ ਆਮ ਸਮੁੰਦਰੀ ਜਹਾਜ਼ ਵਿਚ ਨਿਕਲ ਪਿਆ। ਸਭ ਦਵਾਈਆਂ ਛੱਡ ਦਿੱਤੀਆਂ, ਸਭ ਕੁਝ ਖਾਣਾ ਪੀਣਾ ਅਤੇ ਮੁਸਾਫ਼ਿਰਾਂ ਨਾਲ ਨੱਚਣਾ ਗਾਉਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਤਕਲੀਫ਼ ਖ਼ਤਮ ਹੁੰਦੀ ਗਈ। ਛੇ ਮਹੀਨਿਆਂ ਬਾਅਦ ਜਦ ਵਾਪਸ ਆਪਣੇ ਦੇਸ਼ ਗਿਆ ਤਾਂ ਉਸ ਦਾ ਭਾਰ ਤੀਹ ਕਿਲੋ ਵਧ ਚੁੱਕਾ ਸੀ। ਟੈਸਟ ਕਰਵਾਏ, ਬਿਮਾਰੀ ਖ਼ਤਮ। ਕਾਰੋਬਾਰ ਦੀਆਂ ਚਿੰਤਾਵਾਂ ਨੇ ਬਿਮਾਰੀ ਲਾਈ ਸੀ। ਚਿੰਤਾ ਖ਼ਤਮ, ਬਿਮਾਰੀ ਖ਼ਤਮ।
ਸਰੀਰਕ ਤਕਲੀਫ਼ ਤੋਂ ਨਜਾਤ ਪਾਉਣ ਵਿਚ ਦ੍ਰਿੜ੍ਹ ਇੱਛਾ ਸ਼ਕਤੀ ਦੇ ਯੋਗਦਾਨ ਦੀ ਇਕ ਉਦਾਹਰਨ ਮੌਰਿਸ ਗੁੱਡਮੈਨ ਦੀ ਕਿਤਾਬ ‘ਇਕ ਚਮਤਕਾਰੀ ਆਦਮੀ: ਮਨੁੱਖੀ ਹੌਸਲੇ ਦੀ ਸੱਚੀ ਕਹਾਣੀ’ ਵਿਚ ਮਿਲਦੀ ਹੈ। 1981 ਵਿਚ ਉਹ ਸ਼ੌਕੀਆ, ਛੋਟਾ ਜਿਹਾ ਜਹਾਜ਼ ਉਡਾ ਰਿਹਾ ਸੀ ਜਦੋਂ ਇਸ ਦਾ ਇੰਜਣ ਅਚਾਨਕ ਬੰਦ ਹੋ ਗਿਆ। ਉਤਾਰਨ ਦੀ ਕੋਸ਼ਿਸ਼ ਵੇਲੇ ਜਹਾਜ਼ ਬਿਜਲੀ ਦੀਆਂ ਤਾਰਾਂ ਵਿਚ ਉਲਝ ਕੇ ਝਟਕੇ ਨਾਲ ਡਿੱਗ ਪਿਆ। ਉਸ ਦੀ ਰੀੜ੍ਹ ਦੀ ਹੱਡੀ ਦਬ ਗਈ ਅਤੇ ਗਰਦਨ ਦੇ ਦੋ ਮਣਕੇ ਹਿੱਲਣ ਨਾਲ ਅਧਰੰਗ ਹੋ ਗਿਆ। ਉਹ ਸਿਰਫ਼ ਅੱਖਾਂ ਝਪਕ ਸਕਦਾ ਸੀ। ਡਾਕਟਰਾਂ ਨੇ ਕਿਹਾ ਕਿ ਉਹ ਸਾਰੀ ਉਮਰ ਗਤੀਹੀਣ ਰਹੇਗਾ ਪਰ ਗੁੱਡਮੈਨ ਨੇ ਆਪਣੇ ਮਨ ਵਿਚ ਤੰਦਰੁਸਤ ਹੋਣ ਦੀ ਠਾਣ ਲਈ। ਲੰਮੇ ਅਭਿਆਸ ਤੋਂ ਬਾਅਦ ਉਹ ਮਸ਼ੀਨ ਦੀ ਮਦਦ ਬਿਨਾਂ ਸਾਹ ਲੈਣ ਲੱਗ ਪਿਆ। ਬੋਲਣਾ ਸਿੱਖਣ ਦੇ ਕਰੜੇ ਅਭਿਆਸ ਨਾਲ ਉਸ ਨੇ ਪਹਿਲਾ ਸ਼ਬਦ ‘ਮਾਮਾ’ ਬੋਲਿਆ। ਬਹਾਲੀ ਵਾਲੇ ਕੇਂਦਰ ਵਿਚ ਉਸ ਨੇ ਭੋਜਨ ਖਾਣਾ ਅਤੇ ਤੁਰਨਾ ਸਿੱਖਣਾ ਸ਼ੁਰੂ ਕਰ ਦਿੱਤਾ। ਲੰਮੀ ਸਰੀਰਕ ਥਰੈਪੀ ਨਾਲ ਉਹ ਖੜ੍ਹਾ ਹੋਣ ਲੱਗ ਪਿਆ। ਆਪਣੇ ਮਨ ਵਿਚ ਮਿਥੇ ਹੋਏ ਦਿਨ ਉਹ ਤੁਰ ਕੇ ਹਸਪਤਾਲ ਤੋਂ ਬਾਹਰ ਗਿਆ। ਉਸ ਦਾ ਸੰਦੇਸ਼ ਹੈ: “ਆਦਮੀ ਜੋ ਸੋਚਦਾ ਹੈ, ਉਸੇ ਤਰ੍ਹਾਂ ਦਾ ਬਣ ਜਾਂਦਾ ਹੈ।” ਕੋਵਿਡ-19 ਵਰਗੀਆਂ ਗੰਭੀਰ ਬਿਮਾਰੀਆਂ ਵਿਚ ਵੀ ਇਸ ਤੋਂ ਬਚਣ ਅਤੇ ਠੀਕ ਹੋਣ ਵਿਚ ਪ੍ਰਬਲ ਇੱਛਾ ਸ਼ਕਤੀ ਪੂਰਾ ਇਲਾਜ ਨਹੀਂ ਤਾਂ ਬਹੁਤ ਮਦਦ ਜ਼ਰੂਰ ਕਰ ਸਕਦੀ ਹੈ। ਇਸ ਨਾਲ ਜਿੱਥੇ ਲੱਖਾਂ ਬਦਕਿਸਮਤ ਸਵਰਗਵਾਸ ਹੋ ਗਏ ਹਨ ਉੱਥੇ ਤਕਰੀਬਨ 97% ਠੀਕ ਵੀ ਤਾਂ ਹੋਏ ਹਨ।
ਕਰੋਨਾਵਾਇਰਸ ਦੇ ਇਸ ਕਹਿਰ ਵਿਚ ਸਭ ਨੂੰ ਇਸ ਤੋਂ ਬਚਣ ਦੇ ਉਪਾਅ ਪਤਾ ਲੱਗ ਚੁੱਕੇ ਹਨ ਪਰ ਹੌਸਲੇ ਵਾਲੀ ਸੋਚ ਅਤੇ ਦਲੇਰੀ ਨਾਲ ਇਸ ਦਾ ਸਾਹਮਣਾ ਕਰਨ ਦੀ ਇੱਛਾ ਸ਼ਕਤੀ ਘੱਟ ਹੋਣ ਕਰ ਕੇ ਕਈ ਲੋਕ ਸ਼ੱਕ ਪੈਣ ਤੇ ਵੀ ਟੈਸਟ ਨਹੀਂ ਕਰਵਾਉਂਦੇ, ਕਈ ਹਸਪਤਾਲਾਂ ਵਿਚੋਂ ਭੱਜ ਕੇ ਲਾਗ ਫੈਲਾ ਦਿੰਦੇ ਹਨ ਅਤੇ ਕਈ ਲੋਕ ਫ਼ਜ਼ੂਲ ਤਣਾਅ ਸਹੇੜ ਕੇ ਖ਼ੁਦਕੁਸ਼ੀ ਵੀ ਕਰ ਗਏ ਹਨ। ਬਹੁਤ ਲੋਕਾਂ ਦੇ ਮੂੰਹ ਤੋਂ ਚਿੰਤਾ ਸਾਫ ਝਲਕਦੀ ਹੈ। ਅਰਬ ਦੇਸ਼ਾਂ ਦੀ ਇਕ ਕਹਾਵਤ ਹੈ: “ਅੱਲ੍ਹਾ ਮੰਨੋ ਦੱਬ ਕੇ, ਊਠ ਰੱਖੋ ਬੰਨ੍ਹ ਕੇ”, ਭਾਵ, ਕਿਸੇ ਬਾਹਰੀ ਸ਼ਕਤੀ ਉੱਤੇ ਭਾਵੇਂ ਪੱਕਾ ਵਿਸ਼ਵਾਸ ਰੱਖੋ ਪਰ ਆਪਣੇ ਕੰਮ ਆਪ ਕਰੋ। ਆਪਣੀ ਸੁਰੱਖਿਆ ਦਾ ਪੂਰਾ ਧਿਆਨ ਰੱਖ ਕੇ ਆਪਣੀ ਆਤਮਿਕ ਸ਼ਕਤੀ ਅਤੇ ਮਨੋਬਲ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਿਚ ਹੀ ਸਭ ਦੀ ਭਲਾਈ ਹੈ। ਚੰਗਾ ਸੋਚੋ, ਹੌਸਲਾ ਬੁਲੰਦ ਰੱਖੋ। ਸੋਸ਼ਲ ਮੀਡੀਆ ਤੇ ਭਿਆਨਕ ਤਸਵੀਰਾਂ ਦਿਖਾਉਣ, ਫ਼ਜ਼ੂਲ ਦੀਆਂ ਮੱਤਾਂ ਦੇਣ ਅਤੇ ਅੰਕੜੇ ਸੁਣਾਉਣ ਵਾਲਿਆਂ ਤੋਂ ਬਚੋ। ਟੀਕੇ ਲਗਵਾਓ, ਸੁਰੱਖਿਆ ਨਿਯਮਾਂ ਦਾ ਪਾਲਣ ਕਰੋ। ਇਹ ਬੁਰੇ ਦਿਨ ਵੀ ਲੰਘ ਜਾਣਗੇ।
ਸੰਪਰਕ: 98149-41214