ਸਾਲਾਨਾ ਪ੍ਰੀਖਿਆ ਤਣਾਅ ਮੁਕਤ ਕਿਵੇਂ ਹੋਵੇ

ਸਾਲਾਨਾ ਪ੍ਰੀਖਿਆ ਤਣਾਅ ਮੁਕਤ ਕਿਵੇਂ ਹੋਵੇ

ਪ੍ਰਿੰ. ਕੇਵਲ ਸਿੰਘ ਰੱਤੜਾ

ਸਕੂਲਾਂ ਕਾਲਜਾਂ ਦੇ ਵਿਦਿਆਰਥੀ ਸਾਲਾਨਾ ਇਮਤਿਹਾਨ ਵੇਲੇ ਅਕਸਰ ਜ਼ਿਆਦਾ ਚੌਕਸ ਹੋ ਜਾਂਦੇ ਹਨ। ਮਾਰਚ ਅਪਰੈਲ ਦੇ ਮਹੀਨੇ ਆਮ ਤੌਰ ’ਤੇ ਵੀ ਮਾਹੌਲ ਵਿੱਚ ਕੁੱਝ ਕਾਹਲੀ, ਕੁੱਝ ਖਿੱਚੋਤਾਣ, ਘਰਾਂ ਅੰਦਰ ਮਾਪਿਆਂ ਵਲੋਂ ਖਿੱਝਣ ਦਾ ਰੁਝਾਨ, ਵਿਦਿਆਰਥੀ ਵਿਚਾਰੇ ਸਾਰੇ ਪਾਸੇ ਤੋਂ ਕੈਮਰੇ ਅਧੀਨ ਆਏ ਮਹਿਸੂਸ ਕਰਦੇ ਹਨ। ਆਮ ਗੱਲਬਾਤ ਵਿੱਚ ਵੀ ਪੇਪਰਾਂ ਦਾ ਜ਼ਿਕਰ ਹੁੰਦਾ ਹੈ ਅਤੇ ਸਮਾਜਿਕ ਮੇਲ ਜੋਲ ਵੀ ਇਹ ਕਹਿਕੇ ਘਟਾਏ ਜਾਂਦੇ ਹਨ ਕਿ “ਕੀ ਕਰੀਏ, ਆ ਤਾਂ ਜਾਂਦੇ ਪਰ ਬੱਚਿਆਂ ਦੇ ਪੇਪਰ ਹਨ, ਟੈਂਸ਼ਨ ਬਹੁਤ ਹੈ।’ ਕਈ ਮਾਵਾਂ ਤਾਂ ਪੇਪਰਾਂ ਦੇ ਭੂਤ ਅਤੇ ਫਿਰ ਘੱਟ ਨੰਬਰਾਂ ਕਾਰਨ ਦਾਖਲਿਆਂ ਦੀਆਂ ਪ੍ਰੇਸ਼ਾਨੀਆਂ ਗਿਣਦੀਆਂ ਹੀ ਅੰਦਰੋਂ ਅੰਦਰੀ ਬੇਵਜ੍ਹਾ ਝੂਰਨਾ ਸ਼ੁਰੂ ਕਰ ਦਿੰਦੀਆਂ ਹਨ।

ਮਾਰਚ 2020 ਤੋਂ ਕਰੋਨਾ ਦੀ ਭੇਟ ਚੜ੍ਹੀ ਸਿੱਖਿਆ ਨੇ ਪਹਿਲੀ ਵਾਰੀ ਸਰਕਾਰ, ਸਿਸਟਮ, ਸਮਾਜ, ਸਕੂਲ ਅਤੇ ਉਚੇਰੀ ਸਿੱਖਿਆ ਪ੍ਰਬੰਧਕਾਂ ਲਈ ਅਤੇ ਸਿਹਤ ਮਹਿਕਮੇ ਤੋਂ ਇਲਾਵਾ ਬੜੀਆਂ ਅਣਹੋਈਆਂ ਘਟਨਾਵਾਂ ਨਾਲ ਦੋ ਚਾਰ ਹੋਣ ਲਈ ਆਮ ਲੋਕਾਂ ਨੂੰ ਮਜਬੂਰ ਕੀਤਾ। ਅਣਕਿਆਸੀਆਂ ਸਮੱਸਿਆਵਾਂ ਨਾਲ ਨਿਪਟਣਾ ਬਹੁਤ ਸਮਝਦਾਰੀ ਅਤੇ ਸੰਜਮ ਦੀ ਮੰਗ ਕਰਦਾ ਹੈ ਪਰ ਜਦੋਂ ਜਾਨੀ ਖਤਰੇ ਦੀਆਂ ਘੰਟੀਆਂ ਆਲਮੀ ਪੱਧਰ ’ਤੇ ਵੱਜਦੀਆਂ ਹੋਣ, ਦਵਾਈ ਦਾ ਥਹੁ ਪਤਾ ਨਾ ਮਿਲੇ ਤਾਂ ਅਫਸਰਸ਼ਾਹੀ ਵੀ ਫੂਕ ਫੂਕ ਕੇ ਜ਼ੋਖਮ ਰਹਿਤ ਕਦਮ ਚੁੱਕਦੀ ਹੈ। ਸਕੂਲ ਕਾਲਜ ਬੰਦ ਹੋਣ ਕਰਕੇ ਪਹਿਲਾਂ ਤਾਂ ਸਰਕਾਰ ਨੇ ਕਰੋਨਾ ਮਾਰ ਘੱਟਣ ਦਾ ਇੰਤਜ਼ਾਰ ਕਰਵਾਇਆ, ਦੋਚਿੱਤੀ ਖੂਬ ਰਹੀ ਅਤੇ ਸਿੱਖਿਆ ਮਹਿਕਮਾ ਤਜ਼ਰਬੇ ਹੀ ਕਰਦਾ ਰਿਹਾ। ਬਾਅਦ ਵਿੱਚ ਪ੍ਰਾਈਵੇਟ ਸਕੂਲਾਂ ਦਾ ਮਾਪਿਆਂ ਨਾਲ ਫੀਸਾਂ ਦੇ ਮੁੱਦੇ ’ਤੇ ਵੀ ਖੂਬ ਰੇੜਕਾ ਪਿਆ ਅਤੇ ਆਖਰ 2020 ਸਾਲ ਦੇ ਅਖੀਰ ਵਿੱਚ ਜਾ ਕੇ ਸ਼ਰਤਾਂ ਤਹਿਤ 9ਵੀਂ ਤੋਂ ਉਪਰਲੀਆਂ ਜਮਾਤਾਂ ਲਈ ਥੋੜੀ ਢਿੱਲ ਦਿੱਤੀ ਗਈ। ਆਨਲਾਈਨ ਪੜ੍ਹਾਈ ਦੀ ਪੇਂਡੂ ਖੇਤਰਾਂ ਵਿੱਚ ਨਿਗਰਾਨੀ ਰਹਿਤ ਰਸਮ ਪੂਰੀ ਕੀਤੀ ਗਈ। ਗ਼ਰੀਬ ਮਾਪਿਆਂ ਲਈ ਬੱਚਿਆਂ ਨੂੰ ਮੋਬਾਈਲ ਫੋਨ ਲੈਕੇ ਦੇਣਾ ਅੱਕ ਚੱਬਣ ਵਰਗਾ ਲੱਗਿਆ। ਜਿਹੜੇ ਵਰਤਾਰੇ ਤੋਂ ਅਧਿਆਪਕ ਵਰਗ ਮਾਪਿਆਂ ਨੂੰ ਸ਼ਿਕਾਇਤਾਂ ਕਰਦਾ ਸੀ, ਉਨ੍ਹਾਂ ਹੀ ਫੋਨਾਂ ਦੀ ਸਰਕਾਰੀ ਤੌਰ ’ਤੇ ਸਿਫਾਰਿਸ਼ ਹੋਣ ਲੱਗ ਪਈ। ਪਿੰਡਾਂ ਵਿੱਚ ਮੋਬਾਈਲ ਟਾਵਰਾਂ ਦੀ ਰੇਂਜ ਦਾ ਘੱਟ ਹੋਣਾ, ਘੱਟ ਪੜ੍ਹੇ ਮਾਪਿਆਂ ਵਲੋਂ ਬੱਚਿਆਂ ਦੇ ਫੋਨ ’ਤੇ ਨਜ਼ਰ ਨਾ ਰੱਖਣੀ, ਜੇਕਰ ਪਿਤਾ ਕੰਮ ’ਤੇ ਜਾ ਰਿਹਾ ਤਾਂ ਬੱਚਾ ਕਿਵੇਂ ਪੜ੍ਹੇ ,ਯਨੀ ਕਿ ਪਹਿਲੀ ਵਾਰੀ ਘਰ ਵਿੱਚ ਸਕੂਲ ਵਾਲਾ ਸਮਾਂ ਸਾਰਣੀ (ਟਾਈਮ ਟੇਬਲ) ਲਾਗੂ ਹੋਣ ਲੱਗਿਆ। ਇੱਕ ਸਰਕਾਰੀ ਅਧਿਆਪਕ ਰਿਸ਼ਤੇਦਾਰ ਨੇ ਸੱਚਾ ਤੱਥ ਦੱਸਿਆ ਕਿ ਕਿਵੇਂ ਇੱਕ ਹੁਸ਼ਿਆਰ ਬੱਚੇ ਨੂੰ ਟੈਸਟ ਹੱਲ ਕਰਕੇ ਦੇ ਦਿੱਤਾ ਜਾਂਦਾ ਸੀ ਤੇ ਉਹ ਅੱਗੋਂ ਸਭ ਦੀ ਦਿੱਤੀ ਹੋਈ ਆਈਡੀ ਉੱਤੋਂ ਜਵਾਬ ਲਿਖਵਾ ਕੇ ਆਨਲਾਈਨ ਟੈਸਟ ਪਾਸ ਕਰ ਲੈਂਦਾ ਸੀ। ਭਾਵ ਬਿਨਾਂ ਜਾਣੇ ਹੀ ਬੱਚਾ ਟੈਸਟਾਂ ’ਚੋਂ 50 ਫ਼ੀਸਦ ਤੋਂ ਉਪਰ ਨੰਬਰ ਲੈਂਦਾ ਸੀ। ਪਿੰਡਾਂ ਵਿੱਚ ਗਰੀਬ ਬੱਚਿਆਂ ਦੀ ਮਦਦ ਵਾਸਤੇ 12 ਪੜ੍ਹੇ ਟਿਊਟਰਾਂ ਦੀ ਵੀ ਕਦਰ ਵਧੀ ਰਹੀ। ਸਰੀਰਕ ਪੱਖੋਂ ਬੱਚਿਆਂ ਦੀ ਫਿਟਨੈੱਸ ’ਤੇ ਵੀ ਬੁਰਾ ਅਸਰ ਪਿਆ ਹੈ। ਮਾਪੇ ਸ਼ਿਕਾਇਤਾਂ ਕਰਦੇ ਹਨ ਕਿ ਆਪਣੇ ਕਮਰੇ ਵਿੱਚ ਬੈਠ ਕੇ ਬੱਚੇ ਭਾਵੇਂ ਵਰਜਿਤ ਸਾਈਟਾਂ ਹੀ ਖੋਲ੍ਹਕੇ ਬੈਠਣ ਜਾਂ ਗੇਮਜ਼ ਹੀ ਖੇਲਦੇ ਹੋਣ, ਉਨ੍ਹਾਂ ਦਾ ਕੋਈ ਕੰਟਰੋਲ ਨਹੀਂ ਰਿਹਾ। ਹੁਣ ਜਦੋਂ ਕਿ ਫਿਲਹਾਲ ਸਕੂਲ ਸਾਲਾਨਾ ਇਮਤਿਹਾਨਾਂ ਵੱਲ ਵੱਧ ਰਹੇ ਹਨ ਤਾਂ ਉਪਰੋਕਤ ਚੁਣੌਤੀਆਂ ਦੇ ਮੱਦੇਨਜ਼ਰ ਕੁਝ ਕੁ ਨੁਕਤਿਆਂ ਵੱਲ ਧਿਆਨ ਦੇਣਾ ਅਤਿ ਜ਼ਰੂਰੀ ਹੋਵੇਗਾ। ਸਰਕਾਰ ਦੀਆਂ ਕਰੋਨਾ ਹਦਾਇਤਾਂ ਨੂੰ ਸਾਹਮਣੇ ਰੱਖ ਕੇ ਬੋਰਡ ਕਲਾਸਾਂ ਦੇ ਨਾਲ ਹੀ ਬਾਕੀ ਲੋਕਲ ਕਲਾਸਾਂ ਦੇ ਮਹੱਤਵਪੂਰਨ ਸਿਲੇਬਸ ਦੀ ਦੁਹਰਾਈ (ਰਿਵੀਜ਼ਨ) ਜ਼ਰੂਰ ਕਰਵਾ ਲਈ ਜਾਵੇ ਤਾਂ ਕਿ ਵਿਦਿਆਰਥੀਆਂ ਦਾ ਸਿੱਖਣ ਪਾੜਾ (ਲਰਨਿੰਗ ਗੈਪ) ਘਟਾਇਆ ਜਾਵੇ। ਪੇਪਰਾਂ ਦੇ ਬਾਅਦ ਬੱਚਿਆਂ ਨੂੰ ਕੁੱਝ ਦੇਰ ਲਈ ਅਗਲੇ ਪੇਪਰ ਦੇ ਬਾਰੇ ਅਧਿਆਪਕ ਪੇਪਰ ਦੇ ਸਟਾਈਲ ਜਿਵੇਂ ਕਿ ਛੋਟੇ ਵੱਡੇ ਸਵਾਲਾਂ ਦੀ ਅੰਕ ਵੰਡ ਅਤੇ ਸਮੇਂ ਦੇ ਬਾਰੇ ਸੰਖੇਪ ਚਾਨਣਾ ਪਾ ਦੇਵੇ ਤਾਂ ਕਿ ਵਿਦਿਆਰਥੀ ਸਮੇਂ ਦਾ ਉਚਿਤ ਪ੍ਰਯੋਗ ਕਰਨ। ਸਾਰੇ ਸਾਲ ਦੇ ਮਹੀਨਾਵਾਰ ਟੈਸਟਾਂ ਅਤੇ ਹੋਮਵਰਕ ਦੀ ਕਾਰਗੁਜ਼ਾਰੀ ਦੀ ਗਰੇਡਿੰਗ ਦੀ ਪ੍ਰਤੀਸ਼ਤ ਨੂੰ ਯੋਗ ਅਹਿਮੀਅਤ ਦਿੱਤੀ ਜਾਵੇ। ਹਰ ਵਿਸ਼ੇ ਦੀ ਆਮ ਸਮਝ ਨੂੰ ਪਰਖਣ ਲਈ ਕੁੱਝ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਜ਼ਰੂਰ ਰੱਖੇ ਜਾਣ।

ਸਰਕਾਰ ਸਕੂਲ ਮੁਖੀ ਨੂੰ ਬੇਲੋੜੀਆਂ ਲੋਕਲ ਛੁੱਟੀਆਂ ਕਰਨ ਤੋਂ ਵਰਜੇ। ਹੋ ਸਕੇ ਤਾਂ ਮੌਸਮ ਦੀ ਦਸ਼ਾ ਦੇਖ ਕੇ ਇੱਕ ਘੰਟਾ ਸਕੂਲ ਟਾਈਮ ਵਧਾ ਲਿਆ ਜਾਵੇ। ਸਵੇਰ ਦੀ ਸਭਾ ਦੌਰਾਨ ਪੀ ਟੀ ਜਾਂ ਹਲਕਾ ਫੁੱਲਕਾ ਯੋਗਾ ਜ਼ਰੂਰ ਕਰਵਾਇਆ ਜਾਵੇ। ਹਰ ਅਧਿਆਪਕ ਬੱਚਿਆਂ ’ਤੇ ਦਬਾਅ ਦੀ ਬਜਾਏ ਸਹਿਯੋਗੀ ਦੀ ਭੂਮਿਕਾ ਪ੍ਰਦਾਨ ਕਰੇ। ਕਮਜ਼ੋਰ ਵਿਦਿਆਰਥੀਆਂ ਦੀ ਨਿੰਦਾ ਅਤੇ ਝਾੜਝੰਬ ਦੀ ਬਜਾਏ ਹੌਸਲਾ ਅਫ਼ਜ਼ਾਈ ਨੂੰ ਅਪਣਾਇਆ ਜਾਵੇ। ਸਕੂਲ ਅੰਦਰ ਕਰੋਨਾ ਹਦਾਇਤਾਂ ਨੂੰ ਬਿਲਕੁਲ ਤਿਆਗਿਆ ਨਾ ਜਾਵੇ। ਇਨ੍ਹੀਂ ਦਿਨੀਂ ਅਕਸਰ ਵਿਦਿਆਰਥੀਆਂ ਵਿੱਚ ਥੋੜਾ ਬਹੁਤ ਸਰੀਰਕ ਅਤੇ ਮਾਨਸਿਕ ਤਣਾਅ ਹੋਣਾ ਜ਼ਰੂਰੀ ਹੈ। ਮਾਪੇ, ਸਕੂਲ ਅਤੇ ਵਿਦਿਆਰਥੀ ਇਸ ਪੱਖ ਨੂੰ ਅਣਗੌਲਿਆ ਨਾ ਕਰਨ। ਘਰਾਂ ਵਿੱਚ ਬੱਚਿਆਂ ਦੀ ਖੁਰਾਕ ਸੰਤੁਲਿਤ ਅਤੇ ਜਲਦੀ ਪਚਣਯੋਗ ਹੋਵੇ। ਲੰਚ ਬੌਕਸ ਵਿੱਚ ਫਲ, ਸਲਾਦ ਆਦਿ ਜ਼ਿਆਦਾ ਦਿੱਤਾ ਜਾਵੇ। ਪੇਪਰਾਂ ਦੌਰਾਨ ਸਿਰਫ ਕਿਤਾਬੀ ਕੀੜੇ ਬਣਨ ਦੇ ਬਜਾਏ, ਥਕਾਵਟ ਵੇਲੇ ਥੋੜਾ ਜਿਹਾ ਮਨੋਰੰਜਨ ਅਤੇ ਸਰੀਰਕ ਹਲਚਲ ਵੀ ਕਰਨੀ ਲਾਹੇਵੰਦ ਹੁੰਦੀ ਹੈ। ਬਾਜ਼ਾਰੀ ਖਾਣੇ ਜਿਵੇਂ ਤਲ੍ਹੀਆਂ ਅਤੇ ਗਲ੍ਹੇ ਖਰਾਬ ਕਰਨ ਵਾਲੇ ਫਾਸਟ ਫੂਡ ਪਕਵਾਨਾਂ ਤੋਂ ਤਾਂ ਬਚਣਾ ਹੀ ਚਾਹੀਦਾ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਧਾਰਮਿਕ ਸਥਾਨਾਂ ਦੇ ਲਾਊਡ ਸਪੀਕਰ ਬੰਦ ਰੱਖੇ ਜਾਣ। ਚੋਣਾਂ ਦੇ ਮਾਹੌਲ ਅਤੇ ਮੁੱਦਿਆਂ ਨੂੰ ਘਰਾਂ ਅੰਦਰ ਨਾ ਵਿਚਾਰਿਆ ਜਾਵੇ। ਸ਼ਾਦੀ, ਜਨਮ ਦਿਨ ਜਾਂ ਅੰਤਿਮ ਅਰਦਾਸ ਦੇ ਸਮਾਗਮਾਂ ਉੱਤੇ ਬੱਚਿਆਂ ਨੂੰ ਬਿਲਕੁਲ ਨਾ ਲਿਜਾਇਆ ਜਾਵੇ। ਜਿੱਥੇ ਹੋ ਸਕੇ ਸਕੂਲ ਬੱਸ ਦੀ ਵਰਤੋਂ ਕੀਤੀ ਜਾਵੇ ਜਾਂ ਮਾਪੇ ਖੁੱਦ ਸਕੂਲੋਂ ਲਿਆਉਣ ਲਿਜਾਣ ਦੀ ਜ਼ਿੰਮੇਵਾਰੀ ਚੁੱਕਣ।

ਧੁੰਦਾਂ ਦੌਰਾਨ ਸਮੇਂ ਦੀ ਥੋੜੀ ਬਹੁਤ ਵਾਧ ਘਾਟ ਲਈ ਲੋਕਲ ਜਮਾਤਾਂ ਦੇ ਪੇਪਰਾਂ ਲਈ ਸਕੂਲ ਮੁਖੀ ਨੂੰ ਖੁਦਮੁਖਤਾਰੀ ਹੋਣੀ ਚਾਹੀਦੀ ਹੈ। ਸਰਕਾਰੀ ਇੰਸਪੈਕਸ਼ਨ ਜਾਂ ਬੇਲੋੜੇ ਛਾਪਿਆਂ ਤੋਂ ਗੁਰੇਜ ਕਰਨਾ ਚਾਹੀਦਾ ਹੈ। ਕਿਸੇ ਵੀ ਅਣਗਹਿਲੀ ਲਈ ਸਕੂਲ ਮੁਖੀ ਦੀ ਜ਼ਿੰਮੇਵਾਰੀ ਅਤੇ ਸ਼ਕਤੀ ਤਹਿ ਹੋਣੀ ਚਾਹੀਦੀ ਹੈ। ਕਰਫਿਊਨੁਮਾ ਮਾਹੌਲ ਵੀ ਬੱਚਿਆਂ ਲਈ ਤਣਾਅ ਪੈਦਾ ਕਰਦਾ ਹੈ। ਅਧਿਆਪਕਾਂ ਨੂੰ ਨਿਰਦੇਸ਼ ਸਪੱਸ਼ਟ ਅਤੇ ਸੰਖੇਪ ਹੋਣੇ ਚਾਹੀਦੇ ਹਨ।

ਸਕੂਲ ਮੁਖੀ ਖੁਦ ਨਿਗਰਾਨੀ ਸਿਸਟਮ ਕੰਟਰੋਲ ਕਰੇ। ਪ੍ਰੀਖਿਆ ਸਮੇਂ ਵੀ ਵਿਦਿਆਰਥੀਆਂ ਲਈ ਫੌਜੀ ਅਨੁਸ਼ਾਸਨ ਦੀ ਬਜਾਏ ਵਿਦਿਆਰਥੀ ਦੀ ਔਕੜ ਦਾ ਜਲਦੀ ਨਿਪਟਾਰਾ ਕੀਤਾ ਜਾਵੇ। ਭਾਂਪਕੇ ਜੇਕਰ ਅਧਿਆਪਕ ਆਪ ਬੱਚੇ ਨੂੰ ਸਮੱਸਿਆ ਪੁੱਛ ਲਵੇ ਤਾਂ ਉੁਹਦਾ ਬੋਝ ਘੱਟ ਜਾਂਦਾ ਹੈ। ਮੁੱਕਦੀ ਗੱਲ, ਭਾਂਵੇ ਬਾਕੀ ਸਾਰੇ ਹਾਲਾਤ ਜਿਵੇਂ ਮਰਜ਼ੀ ਹੋਣ ਪਰ ਜੇਕਰ ਵਿਦਿਆਰਥੀ ਨੇ ਖੁਦ ਪੂਰੀ ਲਗਨ, ਇਕਾਗਰਤਾ ਅਤੇ ਯੋਜਨਾਬੱਧ ਸਲੀਕੇ ਨਾਲ ਪੜ੍ਹਾਈ ਕਰਨੀ ਹੁੰਦੀ ਹੈ। ਰਾਤ ਦਾ ਖਾਣਾ ਕੁੱਝ ਥੋੜਾ ਅਤੇ ਨੀਂਦ ਵੀ ਕੁੱਝ ਘਟਾਉਣੀ ਹੁੰਦੀ ਹੈ। ਸਮੇਂ ਦੀ ਸਹੀ ਵੰਡ ਕਰ ਕੇ ਔਖੇ ਵਿਸ਼ਿਆਂ ਉੱਤੇ ਜ਼ਿਆਦਾ ਧਿਆਨ ਦੇ ਕੇ, ਆਪਣੇ ਆਪ ਨੂੰ ਅਨੁਸ਼ਾਸਨ ਵਿੱਚ ਰੱਖਕੇ ਮਿਹਨਤ ਕੀਤੀ ਹੋਵੇ ਤਾਂ ਤਣਾਅ ਵਿੱਚ ਫਸਣ ਦੀ ਨੌਬਤ ਹੀ ਨਹੀਂ ਆ ਸਕਦੀ। ਤਣਾਅ ਡਰ ਤੋਂ ਪੈਦਾ ਹੁੰਦਾ ਹੈ, ਡਰ ਗੈਰ ਵਿਸ਼ਵਾਸੀ ਬੰਦੇ ਨੂੰ ਹੀ ਘੇਰਦਾ ਹੈ। ਨਕਲ ਜਾਂ ਅਕਲ (ਮਿਹਨਤ) ਵਿੱਚੋਂ ਜੋ ਅਕਲ ਨੂੰ ਅਪਣਾਉਣਗੇ, ਉਹ ਹਰੇਕ ਪੇਪਰ ਵਿੱਚੋਂ ਮੁਸਕਾਨ ਸਹਿਤ ਕਾਮਯਾਬ ਹੋਣਗੇ। ਜਦੋਂ ਕਿ ਸੁਸਤ, ਬਹਾਨੇਬਾਜ਼ ਜਾਂ ਨੀਂਦ ਅਤੇ ਖਾਣਿਆਂ ਦੇ ਸ਼ੌਕੀਨ ਨਤੀਜੇ ਵੇਲੇ ਪੇਪਰ ਸੈੱਟ ਕਰਨ ਵਾਲਿਆਂ ਦੇ ਹੀ ਨੁਕਸ ਕੱਢਦੇ ਰਹਿਣਗੇ ਅਤੇ ਨਮੋਸ਼ੀ ਝੱਲਣਗੇ। ਸਕੂਲ ਸਾਨੂੰ ਇਮਤਿਹਾਨ ਵਿੱਚੋਂ ਸਫਲ ਹੋਣ ਦੇ ਨੁਸਖੇ ਸਿਖਾਉਂਦੇ ਹਨ ਪਰ ਯਾਦ ਰਹੇ ਕਿ ਜ਼ਿੰਦਗੀ ਦੇ ਵੱਡੇ ਇਮਤਿਹਾਨ ਤਾਂ ਹਾਲੇ ਆਉਣੇ ਹਨ।
ਸੰਪਰਕ: 8283830599

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All