ਡਾ. ਅਜੀਤਪਾਲ ਸਿੰਘ
ਜਦੋਂ ਵੀ ਤੁਸੀਂ ਕਿਸੇ ਦਵਾਈ ਦੀ ਦੁਕਾਨ (ਕੈਮਿਸਟ) ਤੋਂ ਕੋਈ ਸਾਧਾਰਨ ਜਾਂ ਖ਼ਾਸ ਦਵਾਈ ਖਰੀਦੋ ਤਾਂ ਉਸ ਦੀ ਪੱਕੀ ਰਸੀਦ ਜ਼ਰੂਰ ਮੰਗੋ, ਨਾਲ ਹੀ ਆਪਣੇ ਵੱਲੋਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਜੋ ਦਵਾਈ ਖਰੀਦ ਰਹੇ ਹੋ, ਉਹ ਅਸਲੀ ਤਾਂ ਹੈ? ਕਾਰਨ ਪੂਰੇ ਦੇਸ਼ ’ਚ ਪ੍ਰਸਿੱਧ ਕੰਪਨੀਆਂ ਦੀਆਂ ਦਵਾਈਆਂ ਦੇ ਨਾਂ ਹੇਠ ਨਕਲੀ ਦਵਾਈਆਂ ਵੇਚੀਆਂ ਜਾ ਰਹੀਆਂ ਹਨ। ਇਨ੍ਹਾਂ ਦਵਾਈਆਂ ਵਿੱਚ ਜਾਂ ਤਾਂ ਲਿਖੇ ਹੋਏ ਤੱਤਾਂ ਦੀ ਥਾਂ ਚੂਨਾ ਪਾਊਡਰ, ਚਾਰਕੋਲ ਜਾਂ ਹੋਰ ਕੁਝ ਮਿਲਿਆ ਹੁੰਦਾ ਹੈ ਜਾਂ ਫਿਰ ਅਜਿਹੇ ਨੁਕਸਾਨਦੇਹ ਤੱਤ ਵੀ, ਜੋ ਕਿਸੇ ਦੀ ਮੌਤ ਦਾ ਕਾਰਨ ਬਣ ਸਕਦੇ ਹਨ।
ਪਿੱਛੇ ਜਿਹੇ ਹੀ ਇੱਕ ਜਨਹਿੱਤ ਪਟੀਸ਼ਨ ਦੇ ਜਰੀਏ ਹਾਸਲ ਜਾਣਕਾਰੀ ਤੋਂ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਭਾਰਤ ਦੇ ਬਾਜ਼ਾਰ ’ਚ ਚਾਲੀ ਫੀਸਦੀ ਤੱਕ ਦਵਾਈਆਂ ਨਕਲੀ ਹਨ। ਹਾਲਾਂਕਿ ਪਟੀਸ਼ਨ ਜ਼ਰੀਏ ਹਾਸਲ ਕੀਤੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼, ਤਾਮਿਲਨਾਡੂ, ਬਿਹਾਰ, ਮਹਾਰਾਸ਼ਟਰ, ਪੱਛਮੀ ਬੰਗਾਲ ਵਰਗੇ ਸੂਬੇ ’ਚ ਨਕਲੀ ਦਵਾਈਆਂ ਸਭ ਤੋਂ ਵੱਧ ਵਿਕ ਰਹੀਆਂ ਹਨ ਪਰ ਦੇਸ਼ ਦੇ ਦੂਜੇ ਸੂਬਿਆਂ ਦੀ ਤਸਵੀਰ ਇਸ ਤੋਂ ਬਹੁਤ ਵੱਖਰੀ ਨਹੀਂ ਹੈ। ਦਿੱਲੀ, ਗੋਆ, ਸਿੱਕਮ, ਰਾਜਸਥਾਨ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਝਾਰਖੰਡ ਵਰਗੇ ਸੂਬਿਆਂ ਵਿੱਚ ਵੀ ਪਿਛਲੇ ਦਿਨੀਂ ਮੁਹਿੰਮ ਦੇ ਤਹਿਤ ਦਵਾਈਆਂ ਦਾ ਵੱਡਾ ਜ਼ਖ਼ੀਰਾ ਫੜਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਇੰਡੀਅਨ ਮੈਡੀਕਲ ਕੌਂਸਲ ਨੇ ਕੇਂਦਰ ਸਰਕਾਰ ਨੂੰ ਸੌਂਪੀ ਆਪਣੀ ਰਿਪੋਰਟ ’ਚ ਦਾਅਵਾ ਕੀਤਾ ਸੀ ਕਿ ਦੇਸ਼ ’ਚ ਨਕਲੀ ਤੇ ਬਨਾਵਟੀ ਦਵਾਈਆਂ ਦਾ ਵੱਡਾ ਕਾਰੋਬਾਰ ਕੁੱਲ ਦਵਾਈਆਂ ਦੇ ਕਾਰੋਬਾਰ ਦਾ ਕਰੀਬ ਪੈਂਤੀ ਫੀਸਦੀ ਤੱਕ ਪਹੁੰਚ ਗਿਆ ਹੈ। ਦਰਅਸਲ ਕਾਨੂੰਨ ਪ੍ਰਵਰਤਨ ਏਜੰਸੀਆਂ ਦੀਆਂ ਖਾਮੀਆਂ, ਜਾਂਚ ਲੈਬਾਟਰੀਆਂ ਦੀ ਘਾਟ ਕਰਕੇ ਨਕਲੀ ਦਵਾਈਆਂ ਦਾ ਧੰਦਾ ਸਾਲਾਨਾ ਪੱਚੀ ਫ਼ੀਸਦੀ ਦੀ ਦਰ ਨਾਲ ਵਧਦਾ ਜਾ ਰਿਹਾ ਹੈ। ਇੱਕ ਪਾਸੇ ਦੁਨੀਆਂ ’ਚ ਭਾਰਤ ਦੀ ਪਹਿਚਾਣ ਸਸਤੀਆਂ ਜੈਨਰਿਕ ਦਵਾਈਆਂ ਦੇ ਵੱਡੇ ਉਤਪਾਦਕ ਦੇਸ਼ ਵਜੋਂ ਬਣੀ ਹੋਈ ਹੈ ਤਾਂ ਦੂਜੇ ਪਾਸੇ ਦੁਨੀਆਂ ਭਰ ਵਿੱਚ ਨਕਲੀ ਦਵਾਈਆਂ ਦੇ ਉਤਪਾਦਕ ਦੇਸ਼ ਵਜੋਂ ਇਹ ਬਦਨਾਮ ਹੋ ਚੁੱਕਿਆ ਹੈ। ਆਰਗੇਨਾਈਜੇਸ਼ਨ ਫਾਰ ਇਕਨਾਮਿਕ ਕੋਆਪ੍ਰੇਸ਼ਨ ਐਂਡ ਡਿਵੈਲਪਮੈਂਟ ਦੇ ਅੰਕੜਿਆਂ ਮੁਤਾਬਕ ਦੁਨੀਆਂ ਦੇ ਬਾਜ਼ਾਰਾਂ ਵਿੱਚ ਜੋ ਨਕਲੀ ਦਵਾਈਆਂ ਵਿਕ ਰਹੀਆਂ ਹਨ, ਉਨ੍ਹਾਂ ਵਿੱਚ 75 ਫੀਸਦੀ ਦਵਾਈਆਂ ਭਾਰਤ ’ਚ ਬਣੀਆਂ ਹੁੰਦੀਆਂ ਹਨ। ਇਸ ਵਿੱਚ ਦਵਾ ਮਾਫੀਆ ਦੇ ਨਾਲ ਸਰਕਾਰੀ ਤੰਤਰ ਅਤੇ ਰਾਜਸੀ ਨੇਤਾਵਾਂ ਦੀ ਵੀ ਮਿਲੀਭੁਗਤ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਨਕਲੀ ਦਵਾਈਆਂ ਦੇ ਕਾਰੋਬਾਰ ਦਾ ਕੇਂਦਰ ਹੈ, ਇੱਥੋਂ ਇਸ ਦਾ ਨੈੱਟਵਰਕ ਦੇਸ਼ ਦੇ ਹੋਰਨਾਂ ਰਾਜਾਂ ਦੇ ਨਾਲ ਵਿਦੇਸ਼ਾਂ ਵਿੱਚ ਵੀ ਫੈਲਿਆ ਹੋਇਆ ਹੈ। ਸਾਲ 2003 ਵਿੱਚ ਵੀ ਐੱਨਡੀਏ ਦੇ ਹਕੂਮਤੀ ਅਰਸੇ ਦੌਰਾਨ ਨਕਲੀ ਦਵਾਈਆਂ ਦੇ ਕਾਰੋਬਾਰ ’ਤੇ ਰੋਕ ਲਾਉਣ ਦੀ ਗੱਲ ਕੀਤੀ ਗਈ ਸੀ। ਆਰਏ ਮਾਸ਼ੇਲਕਰ ਸਮਿਤੀ ਦਾ ਗਠਨ ਕੀਤਾ ਗਿਆ, ਜਿਸ ਨੇ ਮੌਤ ਦਾ ਕਾਰੋਬਾਰ ਕਰਨ ਵਾਲੀਆਂ ਨੂੰ ਮੌਤ ਦੀ ਸਜ਼ਾ ਦੀ ਸਿਫਾਰਿਸ਼ ਕੀਤੀ ਸੀ ਪਰ ਇਹ ਸੁਝਾਅ ਸੰਸਦ ’ਚ ਪਾਸ ਨਹੀਂ ਹੋ ਸਕਿਆ। ਗਾਜ਼ੀਆਬਾਦ, ਮੇਰਠ,ਫਰੀਦਾਬਾਦ, ਨੋਇਡਾ, ਮੁਜਫ਼ਰਨਗਰ ਤੇ ਸਹਾਰਨਪੁਰ ’ਚ ਵੀ ਨਕਲੀ ਦਵਾਈਆਂ ਦੀਆਂ ਕਈ ਛੋਟੀਆਂ ਛੋਟੀਆਂ ਇਕਾਈਆਂ ਕੰਮ ਕਰਦੀਆਂ ਹਨ, ਜਿੱਥੇ ਵੱਡੀਆਂ ਕੰਪਨੀਆਂ ਦੇ ਲੇਬਲ ਲਾ ਕੇ ਨਕਲੀ ਤੇ ਘਟੀਆ (ਘੱਟ ਗੁਣਵੰਤਾ ਵਾਲੀਆਂ) ਦਵਾਈਆਂ ਬਣਾਈਆਂ ਜਾਂਦੀਆਂ ਹਨ। ਇਸ ਧੰਦੇ ਵਿੱਚ ਡਰੱਗ ਇੰਸਪੈਕਟਰ ਤੋਂ ਲੈ ਕੇ ਡਿਸਟ੍ਰੀਬਿਊਟਰ ਅਤੇ ਰਿਟੇਲਰ ਤੋਂ ਲੈ ਕੇ ਏਜੰਟ ਤੱਕ ਸ਼ਾਮਲ ਹੁੰਦੇ ਹਨ। ਵੈਸੇ ਦੇਸ਼ ਵਿੱਚ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਦੋ ਸੌ ਡਰੱਗ ਇੰਸਪੈਕਟਰ ਆਰਜ਼ੀ ਰੱਖੇ ਹਨ ਪਰ ਕੀ ਦਵਾਈਆਂ ਦੇ ਇਸ ਮੱਕੜਜਾਲ ’ਤੇ ਕਾਬੂ ਪਾਇਆ ਜਾ ਸਕੇਗਾ? ਇਹ ਗੱਲ ਦੇਖਣ ਵਾਲੀ ਹੈ। ਦਵਾ ਨਿਰਮਾਤਾ ਕੰਪਨੀ ਦੇ ਰੂਪ ’ਚ ਰਜਿਸਟਰਡ ਛੋਟੀਆਂ ਕੰਪਨੀਆਂ ਵੱਡੀਆਂ ਕੰਪਨੀਆਂ ਦਾ ਲੇਬਲ ਲਾ ਕੇ ਆਪਣਾ ਘਟੀਆ ਮਾਲ ਬਾਜ਼ਾਰ ਭੇਜ ਰਹੀਆਂ ਹਨ। ਦਿੱਲੀ ਨਾਲ ਲੱਗਦੇ ਬਹਾਦੁਰਗੜ੍ਹ ਤੇ ਪੰਜਾਬ ਦੇ ਕਈ ਕਸਬਿਆਂ ਵਿੱਚ ਇਨ੍ਹਾਂ ਲੋਕਾਂ ਦੀਆਂ ਫੈਕਟਰੀਆਂ ਚੱਲਦੀਆਂ ਹਨ,ਜਿੱਥੇ ਨਾਮਚੀਨ ਦਵਾਈਆਂ ਦੇ ਬਰਾਂਡਾਂ ਨੂੰ ਬਣਾਇਆ ਜਾਂਦਾ ਹੈ। ਭਾਰਤ ਨਾਲ ਸਿਰਫ ਨਕਲੀ ਦਵਾਈਆਂ ਦੇ ਵੱਡੇ ਉਤਪਾਦਕ ਦੇ ਦੇਸ਼ ਵਜੋਂ ਬਦਨਾਮ ਹੋ ਰਿਹਾ ਹੈ ਬਲਕਿ ਇਨ੍ਹਾਂ ਦਵਾਈਆਂ ਦੀ ਖਪਤ ਦਾ ਵੱਡਾ ਅੱਡਾ ਵੀ ਬਣਦਾ ਜਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਚੀਨ,ਨੇਪਾਲ ਤੇ ਬਰਮਾ ਤੋਂ ਵੀ ਵੱਡੀ ਗਿਣਤੀ ’ਚ ਨਕਲੀ ਦਵਾਈਆਂ ਭਾਰਤ ਆ ਰਹੀਆਂ ਹਨ, ਇਨ੍ਹਾਂ ਨੂੰ ਪ੍ਰਾਈਵੇਟ ਨਰਸਿੰਗ ਹੋਮਾ ਤੇ ਨਿੱਜੀ ਹਸਪਤਾਲਾਂ ਰਾਹੀਂ ਖਪਾਇਆ ਜਾ ਰਿਹਾ ਹੈ। ਇਸ ਧੰਦੇ ਵਿੱਚ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਪਤਾ ਲੱਗੀ ਹੈ। ਨਾਲ ਹੀ ਵੱਡੀਆਂ ਕੰਪਨੀਆਂ ’ਚ ਕੰਮ ਕਰਦੇ ਲੋਕ ਪੈਸੇ ਦੇ ਲਾਲਚ ’ਚ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ। ਦਿੱਲੀ ਦੇ ਭਗੀਰਥ ਪੈਲੇਸ ਨੂੰ ਰਾਜਧਾਨੀ ਦਾ ਸਭ ਤੋਂ ਵੱਡਾ ਦਵਾ ਬਾਜ਼ਾਰ ਕਿਹਾ ਜਾਂਦਾ ਹੈ ਇਸ ’ਚ ਦੇਸ਼ ਦੀਆਂ ਨਾਮੀ ਕੰਪਨੀਆਂ ਦੇ ਡੀਲਰ ਤਾਂ ਹਨ ਹੀ ਨਾਲ ਹੀ ਨਕਲੀ ਕਾਰੋਬਾਰ ਵੀ ਵੱਡਾ ਗਿਣਤੀ ਵਿੱਚ ਹੈ। ਸਿਰਫ ਦਵਾਈ ਦਾ ਬਿੱਲ ਲੈਣ ਜਾਂ ਦੇਣ ਨਾਲ ਹੀ ਇਹ ਕਾਰੋਬਾਰ ਰੁਕਣਾ ਨਹੀਂ। ਸਖਤ ਤੋਂ ਸਖਤ ਕਾਨੂੰਨ ਲਾਗੂ ਕਰਨ ਨਾਲ ਹੀ ਨਕਲੀ ਦਵਾਈਆਂ ਦੇ ਨਾਸੂਰ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ, ਨਹੀਂ ਤਾਂ ਮੌਤ ਦੇ ਸੌਦਾਗਰ ਇਉਂ ਹੀ ਲੋਕਾਂ ਨੂੰ ਮੌਤ ਵੰਡਦੇ ਰਹਿਣਗੇ।
ਸੰਪਰਕ: 98156-29301