ਵਿਕਾਸ ਦੂਬੇ ਨੂੰ ਕਿਸ ਮਾਰਿਆ?

ਵਿਕਾਸ ਦੂਬੇ ਨੂੰ ਕਿਸ ਮਾਰਿਆ?

ਐੱਸ ਪੀ ਸਿੰਘ*

ਭੱਜੇ ਜਾਂਦੇ ਜਾਂ ਪੁਲੀਸ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਵਿਕਾਸ ਦੂਬੇ ਨੂੰ ਮਾਰਨ ਲਈ ਕਿੰਨੇ ਲੋਕ ਲੋੜੀਂਦੇ ਹੋਣਗੇ? ਇਹ ਗੱਲ ਰਵਾਂਡਾ ਨਾਂ ਦੇ ਦੇਸ਼ ਦੀ ਹੈ: ਸੱਠ ਲੱਖ ਦੀ ਆਬਾਦੀ ਵਾਲੇ ਕਿਸੇ ਮੁਲਕ ਵਿੱਚ ਸਿਰਫ਼ 100 ਦਿਨਾਂ ਵਿੱਚ ਕੇਵਲ ਛੁਰੀਆਂ ਅਤੇ ਛਵੀਆਂ ਨਾਲ 10 ਲੱਖ ਲੋਕਾਂ ਨੂੰ ਕਤਲ ਕਰਨ ਲਈ ਕੁੱਲ ਕਿੰਨੇ ਲੋਕ ਲੋੜੀਂਦੇ ਹੋਣਗੇ? 

ਪੁਲਿਟਜ਼ਰ ਇਨਾਮ ਯਾਫ਼ਤਾ ਪੱਤਰਕਾਰ ਫਿਲਿਪ ਗੋਰੇਵਿੱਚ (Philip Gourevitch) ਨੂੰ ਇਸ ਸਵਾਲ ਨੇ ਏਨਾ ਮਜਬੂਰ ਕੀਤਾ ਕਿ ਉਹ ਰਵਾਂਡਾ ਵਿਚ ਉਨ੍ਹਾਂ ਲੋਕਾਂ ਨੂੰ ਮਿਲ ਰਿਹਾ ਸੀ ਜਿਨ੍ਹਾਂ ਦੇ ਪੂਰੇ ਖ਼ਾਨਦਾਨ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਕਤਲ ਕੀਤੇ ਗਏ ਸਨ; ਉਨ੍ਹਾਂ ਨੂੰ ਵੀ ਜਿਨ੍ਹਾਂ ਦਿਨ-ਰਾਤ ਇਹ ਛੁਰੀਆਂ-ਛਵੀਆਂ ਵਾਹੀਆਂ ਚਲਾਈਆਂ ਸਨ।  

ਆਪਣੀ ਕਿਤਾਬ ‘We Wish to Inform You That Tomorrow We Will Be Killed with Our Families’ (ਅਸੀਂ ਆਪ ਜੀ ਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਭਲਕੇ ਸਾਨੂੰ ਸਾਡੇ ਪਰਿਵਾਰਾਂ ਸਮੇਤ ਕਤਲ ਕੀਤਾ ਜਾਵੇਗਾ)- ਵਿੱਚ ਗੋਰੇਵਿੱਚ ਇਸ ਕਤਲੇਆਮ ਦੀ ਉਹ ਪੜ੍ਹਤ ਪੇਸ਼ ਕਰਦਾ ਹੈ ਜਿਸ ਵਿੱਚ ਕਿਸੇ ਕਾਤਲ ਦੀ ਸ਼ਨਾਖਤ ਹੋ ਹੀ ਨਹੀਂ ਸਕਦੀ। ਕਤਲ ਦਾ ਹਥਿਆਰ ਛਵੀਆਂ-ਛੁਰੀਆਂ ਨਹੀਂ ਸਨ। ਆਮ ਲੋਕ ਹਥਿਆਰ ਸਨ। ਸਮੇਂ ਦੀ ਸਰਕਾਰ ਨੇ ਹੁਤੂ ਨਸਲ ਦੇ ਸਾਰੇ ਲੋਕਾਂ ਨੂੰ ਆਪਣੇ ਟੁੱਟਸੀ ਨਸਲ ਦੇ ਹਮਸਾਇਆਂ ਨੂੰ ਕਤਲ ਕਰਨ ਲਈ ਪ੍ਰੇਰਿਆ, ਉਕਸਾਇਆ ਸੀ। 1994 ਦੀ ਜੁਲਾਈ ਦੇ ਅੱਧ ਤੱਕ ਰਵਾਂਡਾ ਦੇ 75 ਫ਼ੀਸਦੀ ਟੁੱਟਸੀ ਲਾਸ਼ਾਂ ਬਣ ਚੁੱਕੇ ਸਨ। ਬੱਚੇ, ਨੌਜਵਾਨ, ਬਜ਼ੁਰਗ ਇਸ ਸਮੂਹਿਕ ਕਾਰਜ ਲਈ ਉੱਠ ਖਲੋਤੇ ਸਨ। ਗੁਆਂਢੀ ਨੇ ਗੁਆਂਢੀ ਮਾਰ ਮੁਕਾਇਆ, ਦਫ਼ਤਰਾਂ ਵਿੱਚ ਨੌਕਰੀ-ਪੇਸ਼ਾ ਹੁੱਤੂ ਮੁਲਾਜ਼ਮਾਂ ਨੇ ਟੁੱਟਸੀ ਸਹਿਕਰਮੀ ਮੇਜ਼ਾਂ ਉੱਤੇ ਵੱਢ ਸੁੱਟੇ, ਪਾਦਰੀਆਂ ਨੇ ਗਿਰਜਾਘਰਾਂ ਵਿੱਚ ਨਿੱਤ ਹਾਜ਼ਰੀ ਭਰਨ ਵਾਲੇ ਟੁੱਟਸੀ ਪਛਾਣ ਪਛਾਣ ਮਾਰੇ, ਦੇਸ਼ ਦੇ ਪ੍ਰਾਇਮਰੀ ਸਕੂਲਾਂ ਵਿੱਚ ਛੋਟੇ ਬਾਲਾਂ ਦੇ ਅਧਿਆਪਕਾਂ ਨੇ ਟੁੱਟਸੀ ਵਿਦਿਆਰਥੀਆਂ ਨੂੰ ਜਿਵੇਂ ਮਾਰਿਆ, ਉਹਦੀ ਤਫ਼ਸੀਲ ਤਾਂ ਬਹੁਤ ਸਾਰੇ ਪਾਠਕ ਪੜ੍ਹ ਵੀ ਨਹੀਂ ਸਕਣਗੇ। 

ਨਸਲਕੁਸ਼ ਵਰਤਾਰਿਆਂ ਉੱਤੇ ਅਕਸਰ ਇੱਕ ਖ਼ਾਸ ਤਾਰੀਖ਼ੀ ਹਸਤਾਖਰ ਤਾਰੀ ਹੁੰਦਾ ਹੈ - ਹਿਟਲਰ, ਪੋਲ ਪੌਟ (Pol Pot), ਸਟਾਲਿਨ। ਰਵਾਂਡਾ ਦੀ ਨਸਲਕੁਸ਼ੀ ਉੱਤੇ ਜਿਨ੍ਹਾਂ ਦੇ ਹਸਤਾਖਰ ਸਨ, ਉਹ ਸਨ ਹੁਤੂ ਨਿਜ਼ਾਮ ਦੇ ਨੇਤਾ, ਫ਼ੌਜ ਦੇ ਅਫ਼ਸਰ, ਵਪਾਰੀ, ਪਤਵੰਤੇ ਨਾਗਰਿਕ, ਪੱਤਰਕਾਰ, ਪ੍ਰਸ਼ਾਸਨਿਕ ਅਧਿਕਾਰੀ, ਅਧਿਆਪਕ, ਦੁਕਾਨਦਾਰ, ਟੈਕਸੀ ਡਰਾਈਵਰ... 

ਜਦੋਂ ਸਾਰੇ ਦੋਸ਼ੀ ਹੋਣ ਤਾਂ ਦੋਸ਼ ਦੋਸ਼ ਹੀ ਨਹੀਂ ਰਹਿੰਦਾ। ਦੋਸ਼ੀ ਹੋਣ ਦਾ ਅਹਿਸਾਸ ਹੀ ਨਹੀਂ ਹੁੰਦਾ। ਇਹ ਤਾਂ ਇੱਕ ਜਿਊਣ-ਢੰਗ ਬਣ ਜਾਂਦਾ ਹੈ; ਰਸਮ ਬੇਮਤਲਬ ਹੋ ਨਿਬੜਦੀ ਹੈ; ‘ਦੋਸ਼’ ਜਾਂ ‘ਪਾਪ’ ਵਰਗੇ ਸ਼ਬਦ ਆਪਣੀ ਤਾਸੀਰ ਗੁਆ ਬੈਠਦੇ ਹਨ। ਇਸੇ ਲਈ ਵਿਕਾਸ ਦੂਬੇ ਦੀ ਕਿਸੇ ਸੱਚੇ, ਅਖੌਤੀ ਜਾਂ ਮੂਲੋਂ ਝੂਠੇ ਮੁਕਾਬਲੇ ਵਿਚ ਹੋਈ ਮੌਤ ਲਈ ਅਸੀਂ ਕਿਸੇ ਵੀ ਤਰ੍ਹਾਂ ਆਪਣੇ ਆਪ ਨੂੰ ਜ਼ਿੰਮੇਵਾਰ ਨਹੀਂ ਸਮਝਦੇ।

ਉਹ ਤਾਂ ਬਦਮਾਸ਼ ਸੀ, ਅਸੀਂ ਰੌਸ਼ਨ ਖ਼ਿਆਲ ਨਾਗਰਿਕ ਹਾਂ। ਉਹ ਪੁਲੀਸ ਦੇ ਜਵਾਨਾਂ ਦੀ ਮੌਤ ਦਾ ਜ਼ਿੰਮੇਵਾਰ ਸੀ, ਇਸ ਲਈ ਉਹਦੀ ਮੌਤ ਉੱਤੇ ‘ਜੈਸੀ ਕਰਨੀ ਵੈਸੀ ਭਰਨੀ’ ਵਾਲੇ ਅਖਾਣ ਦਾ ਕਫ਼ਨ ਪਾ ਕੇ ਸਮੂਹਿਕ ਜਨਭਾਵਨਾ ਦਾ ਸਤਿਕਾਰ ਕਰਦਿਆਂ ਹਕੂਮਤ ਨੇ ਸਰਕਾਰੀ ਕੀੜੀ-ਚਾਲ ਤਰੱਕ ਕੇ ਮੁਸਤੈਦੀ ਨਾਲ ਆਵਾਮ ਸਾਹਵੇਂ ਨਿਆਂ ਫ਼ਰਹਾਮ ਕੀਤਾ ਹੈ।  

ਨਿਜ਼ਾਮ ਨੇ ਐਸੇ ਨਿਆਂ ਲਈ ਪ੍ਰਵਾਨਗੀ ਦੇਣ ਵਾਲੀ ਉਸ ਆਵਾਮੀ ਸੋਚ ਨੂੰ ਵਰ੍ਹਿਆਂ ਦੀ ਮਿਹਨਤ ਨਾਲ ਤਕਮੀਲ ਕੀਤਾ ਹੈ। ਬਹੁਤ ਸਾਰੇ ਵਿਸ਼ਲੇਸ਼ਕ ਤਰਜੀਹਾਕਾਰ ਵਿਕਾਸ ਦੂਬੇ ਦੇ ਉਜੈਨ ਵਾਲੇ ਜ਼ਾਹਿਰਾ ਆਤਮ-ਸਮਰਪਣ ਤੋਂ ਲੈ ਕੇ ਕਾਨਪੁਰ ਵਾਲੇ ਹਾਦਸੇ ਅਤੇ ਮੁਕਾਬਲੇ ਵਾਲੀ ਪੁਲੀਸ ਦੀ ਉਸ ਕਹਾਣੀ ਵਿੱਚ ਵਲ-ਵਿੰਗ ਫੜ ਰਹੇ ਹਨ। ਤਾਅੱਸੁਰ ਇਹ ਦਿੱਤਾ ਜਾ ਰਿਹਾ ਹੈ ਜਿਵੇਂ ਪੁਲੀਸ ਨੇ ਸੱਚ ਤਾਂ ਕੀ ਦੱਸਣਾ ਸੀ, ਉਸ ਨੂੰ ਝੂਠੀ ਕਹਾਣੀ ਵੀ ਚੱਜ ਨਾਲ ਘੜਨੀ ਨਹੀਂ ਆਉਂਦੀ।

ਦਰਅਸਲ, ਇਹ ਸਾਡੀ ਮਾਸੂਮੀਅਤ ਹੈ। ਆਵਾਮ ਦੇ ਜਜ਼ਬਾ-ਏ-ਇੰਤਕਾਮ ਤੋਂ ਭਲੀਭਾਂਤ ਵਾਕਿਫ਼ ਨਿਜ਼ਾਮ ਸਾਨੂੰ ਸਾਰਿਆਂ ਨੂੰ ਵੀ ਅਜਿਹੀ ਨਿਆਂ-ਫ਼ਰਹਾਮੀ ਵਿੱਚ ਹਿੱਸੇਦਾਰ ਬਣਾਉਣ ਦੀ ਬਾਖ਼ੂਬੀ ਕਾਬਲੀਅਤ ਰੱਖਦਾ ਹੈ। ਪੁਲੀਸ ਚਾਹੇ ਤਾਂ ਹਮੇਸ਼ਾਂ ਵਧੀਆ ਕਹਾਣੀ ਘੜ ਸਕਦੀ ਹੈ, ਮੌਕੇ ਦੇ ਦੋ-ਚਾਰ ਗਵਾਹ ਵੀ ਨਾਲ ਖੜ੍ਹ ਸਕਦੀ ਹੈ, ਕਿਸੇ ਚੰਗੇ ਅਫ਼ਸਾਨਾਨਿਗਾਰ ਤੋਂ ਕੋਈ ਹਕੀਕੀ ਬਿਰਤਾਂਤ ਵੀ ਤਾਮੀਰ ਕਰਵਾ ਸਕਦੀ ਹੈ ਜਿਹੜਾ ਅਜੀਬੋ-ਗਰੀਬ ਮਫ਼ਰੂਜ਼ਿਆਂ ਦੀ ਬੁਨਿਆਦ ’ਤੇ ਹੀ ਮਗਮੀਂ ਨਾ ਹੋਵੇ। ਸੁੱਖ ਨਾਲ ਸਾਡੇ ਮੁਆਸ਼ਰੇ ਵਿੱਚ ਕਿਰਾਏ ’ਤੇ ਕਮਰਾ ਭਾਵੇਂ ਮਿਲੇ ਨਾ ਮਿਲੇ, ਕਲਮਾਂ ਤਾਂ ਹਰ ਥਾਣੇ, ਚੌਕੀ ਰੁਲਦੀਆਂ ਹਨ।  

ਪਰ ਪੁਲੀਸ ਅਜਿਹੇ ਤਰਜੀਹਾਕਾਰਾਂ ਤੋਂ ਸਿਆਣੀ ਹੈ। ਕਹਾਣੀ ਇੰਝ ਘੜੀ ਜਾਂਦੀ ਹੈ ਕਿ ਕਿਸੇ ਨੀਮ-ਬਾਖ਼ਬਰ ਬਾਸ਼ਿੰਦੇ ਨੂੰ ਵੀ ਸ਼ੱਕ ਨਾ ਰਹੇ ਕਿ ਖਾਲੀ ਸੜਕ ਉੱਤੇ ਪਲਟ ਗਈ ਗੱਡੀ ਵਿੱਚੋਂ ਵਿਕਾਸ ਦੂਬੇ ਪਿਸਤੌਲ ਖੋਹ ਕੇ ਭੱਜ ਨਿਕਲਿਆ ਸੀ ਕਿ ਨਹੀਂ? ਪੁਲੀਸ ਦੀ ਇਹ ‘‘ਗੁਫ਼ਤਗੂ ਮੇਰੀ ਆਵਾਮ ਸੇ ਹੈ।’’ ਆਵਾਮ ਦੀ ਇਸ ਵਿੱਚ ਹਾਮੀ ਹੈ। ਇਸ ਹਾਮੀ ਲਈ ਆਵਾਮ ਨੂੰ ਤਿਆਰ ਕੀਤਾ ਗਿਆ ਹੈ। ਜਿਹੋ ਜਿਹਾ ਮੁਲਕ ਅਸੀਂ ਚਾਹੁੰਦੇ ਹਾਂ, ਉਹਦੇ ਲਈ ਕਿਸੇ ਖ਼ਾਸ ਨਸਲ ਦੇ ਲੋਕਾਂ ਉੱਤੇ, ਕਿਸੇ ਖ਼ਾਸ ਫ਼ਿਰਕੇ ਉੱਤੇ, ਕਿਸੇ ਖ਼ਾਸ ਪਛਾਣ ਵਾਲੇ ਨਾਗਰਿਕਾਂ ਉੱਤੇ ਬਰਬਰਤਾ ਵਾਲੀ ਹਿੰਸਾ ਕਰਨੀ ਪੈ ਜਾਵੇ, ਸਾਰਾ ਲੋਕਤੰਤਰੀ ਵਿਧੀ-ਵਿਧਾਨ ਪਾਮਾਲ ਕਰਨਾ ਪੈ ਜਾਵੇ ਤਾਂ ਉਹਦੇ ਲਈ ਮੁਆਸ਼ਰੇ ਦੀ ਤਿਆਰੀ ਕਰਵਾਈ ਗਈ ਹੈ। 

ਇਸੇ ਲਈ ਅਸੀਂ ਭੁੱਲ ਗਏ ਹਾਂ ਕਿ ਦੇਸ਼ ਦੀ ਰਾਜਧਾਨੀ ਵਿੱਚ ਜਦੋਂ ਸੁੰਦਰ ਡਾਕੂ ਨੂੰ ਅਤਿ-ਸ਼ੱਕੀ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ ਤਾਂ ਸ਼ੱਕ ਦੀ ਸੂਈ ਪ੍ਰਧਾਨ ਮੰਤਰੀ ਦੇ ਪੁੱਤਰ ਵੱਲ ਵੀ ਗਈ ਸੀ। ਜਦੋਂ ਕੈਥਰੀਨ ਫਰੈਂਕ ਦੀ ਉਸ ਪ੍ਰਧਾਨ ਮੰਤਰੀ ਬਾਰੇ ਜੀਵਨੀ ਵਿੱਚ ਇਹ ਇੰਕਸ਼ਾਫ ਹੋਇਆ ਕਿ ਉਹਦੇ ਪੁੱਤਰ ਅਤੇ ਨੂੰਹ ਨੇ ਕਾਨੂੰਨ ਦਾ ਜਾਲ ਆਪਣੇ ਵੱਲੀਂ ਆਉਂਦਿਆਂ ਵੇਖ ਇੱਕ ਪ੍ਰਸ਼ਾਸਨਿਕ ਅਧਿਕਾਰੀ ਨੂੰ ਕਸੂਰ ਆਪਣੇ ਸਿਰ ਲੈਣ ਲਈ ਕਿਹਾ ਸੀ ਤਾਂ ਕਿਤਾਬ ਉੱਤੇ ਪਾਬੰਦੀ ਲੱਗ ਗਈ। ਪੁੱਤਰ ਹਵਾਈ ਹਾਦਸੇ ਵਿੱਚ ਮਰਿਆ, ਪਤਨੀ ਦੇਸ਼ ਦੀ ਮੰਤਰੀ ਬਣੀ, ਅਧਿਕਾਰੀ ਸਾਡਾ ਮੁੱਖ ਚੋਣ ਕਮਿਸ਼ਨਰ। ਸੁੰਦਰ ਡਾਕੂ ਕਿਉਂ ਯਾਦ ਆਉਣਾ ਸੀ, ਰੌਲਾ ਕਿਉਂ ਪੈਣਾ ਸੀ? ਜਨਤਾ ਨੂੰ ਡਾਕੂ ਦੀ ਐਸੀ ਮੌਤ ਸਵੀਕਾਰ ਸੀ।

ਜਦੋਂ ਸੜਕਾਂ ਉੱਤੇ ਆਏ ਦਿਨ ਕਿਸੇ ਖ਼ਾਸ ਜਾਨਵਰ ਨਾਲ ਟਰੱਕਾਂ ਟੈਂਪੂਆਂ ਵਿੱਚ ਸਫ਼ਰ ਕਰਦੇ ਇੱਕ ਧਰਮ ਦੇ ਬਸ਼ਿੰਦੇ ਜਾਨਵਰ-ਦੋਸਤ ਦੇਸ਼-ਪ੍ਰੇਮੀਆਂ ਹੱਥੋਂ ਮਾਰੇ ਜਾ ਰਹੇ ਸਨ ਤਾਂ ਵਰਤਾਰੇ ਨੂੰ ਵੱਡੇ ਪੱਧਰ ਉੱਤੇ ਮੁਆਸ਼ਰੀ ਸਹਿਮਤੀ ਮਿਲੀ ਸੀ। ਜਦੋਂ ਕਿਸੇ ਮੁਕੱਦਸ ਗ੍ਰੰਥ ਦੀ ਬੇਅਦਬੀ ਦੇ ਦੋਸ਼-ਹਿੱਤ ਐਲਾਨੀਆ ਕਤਲ ਹੋਏ ਤਾਂ ਅਕੀਦਤ ਦੇ ਵਡੇਰੇ ਸੰਦੇਸ਼ ਨਾਲ ਝੰਜੋੜੇ ਜਨਸਮੂਹ ਸੜਕਾਂ ’ਤੇ ਨਹੀਂ ਸਨ ਨਿਕਲੇ। ਹਿੰਸਾ ਦੀ ਹਰ ਵੰਨਗੀ ਵਿੱਚ ਸਮਾਜ ਦੇ ਕਿਸੇ ਨਾ ਕਿਸੇ ਸਥਾਪਿਤ ਹਿੱਸੇ ਦੀ ਸਾਂਝ ਹੁੰਦੀ ਹੈ।   

ਪੁਲੀਸ, ਥਾਣਾ, ਸਥਾਨਕ ਨੇਤਾ, ਮੰਤਰੀ, ਸੰਤਰੀ, ਗਲੀ ਦਾ ਗੁੰਡਾ, ਇਲਾਕੇ ਦਾ ਬਾਹੂਬਲੀ, ਆਪਣੇ ਵਿਹੜੇ ਵਿੱਚ ਝਗੜੇ ਵਾਲੀ ਜਾਇਦਾਦ ਬਾਰੇ ਸਮਝੌਤੇ ਕਰਵਾਉਂਦਾ ਮੋਹਤਬਰ, ਸਰਕਾਰੇ ਦਰਬਾਰੇ ਮੂੰਹ ਮਾਰਦਾ ਪੱਤਰਕਾਰ, ਹਰ ਵਿਭਾਗ ਵਿੱਚ ਸ਼ਰਤੀਆ ਕੰਮ ਕਰਵਾਉਂਦੇ ਪ੍ਰਸ਼ਾਸਨਿਕ ਅਫ਼ਸਰ, ਕਾਲਜਾਂ-ਯੂਨੀਵਰਸਿਟੀਆਂ ਦੇ ਪਰਿਸਰ ਵਿੱਚ ਹਕੂਮਤੀ ਕਿਰਪਾ ਨਾਲ ਸਜੇ ਜੁਗਾੜੀ ਪ੍ਰੋਫ਼ੈਸਰ-ਅਧਿਕਾਰੀ, ਸਭਨਾਂ ਦੇ ਆਪਸੀ ਤਾਲਮੇਲ ਅਤੇ ਜਾਹੋ-ਜਲਾਲ ਤੋਂ ਭਲੀਭਾਂਤ ਵਾਕਿਫ਼ ਐਸੇ ਨਿਜ਼ਾਮ ਵਿੱਚ ਜਿਸ ਨਿਰਲੇਪਤਾ ਨਾਲ ਅਸੀਂ ਹਰ ਰੋਜ਼ ਗੁਜ਼ਰ ਬਸਰ ਕਰ ਰਹੇ ਹਾਂ, ਉਸ ਵਿੱਚ ਇਹ ਸਵਾਲ ਕਰਨਾ ਕਿ ਵਿਕਾਸ ਦੂਬੇ ਕਿਸੇ ਸੱਚੇ ਪੁਲੀਸ ਮੁਕਾਬਲੇ ਵਿੱਚ ਮਾਰਿਆ ਗਿਆ ਜਾਂ ਝੂਠੇ ਵਿੱਚ, ਸਮਾਜ ਦੇ ਵਰਦੀਧਾਰੀ ਹਿੱਸੇ ਨਾਲ ਜ਼ਿਆਦਤੀ ਹੋਵੇਗੀ। 

ਜਿਨ੍ਹਾਂ ਰਸਤਿਆਂ ਥਾਣੀਂ ਵਿਕਾਸ ਦੂਬੇ ਇਸ ਮੁਕਾਮ ਤੱਕ ਪੁੱਜਿਆ, ਉਨ੍ਹਾਂ ਨੂੰ ਸਾਡੀ ਸਮਾਜਕ ਪ੍ਰਵਾਨਗੀ ਮਿਲੀ ਹੋਈ ਹੈ। ਜਿਵੇਂ ਭੱਜੇ ਜਾਂਦੇ ਕੁਖਿਆਤ ਮੁਜਰਮ ਨੂੰ ਗੋਲੀਆਂ ਵੱਜੀਆਂ ਅਤੇ ਉਹ ਢੇਰ ਹੋ ਗਿਆ, ਉਸੇ ਤਰ੍ਹਾਂ ਦੀਆਂ ਤਕਮੀਲ ਕੀਤੀਆਂ ਅਤਿ-ਕਥਨੀ ਦੀ ਹੱਦ ਛੂੰਹਦੀਆਂ ਪੁਲਸੀਆ ਕਹਾਣੀਆਂ ਧਰਤੀ ਦਾ ਸਵਰਗ ਕਹਾਉਂਦੀ ਉਸ ਵਾਦੀ ਵਿੱਚ ਨਿੱਤ ਸੁਣੀਂਦੀਆਂ ਹਨ ਜਿੱਥੋਂ ਦੇ ਬਸ਼ਿੰਦੇ ਕੇਵਲ ਇਸ ਲਈ ਸੁਰਖ਼ੀਆਂ ਪੜ੍ਹ ਹੈਰਾਨ ਹੁੰਦੇ ਹੋਣਗੇ ਕਿ ਅਚਾਨਕ ਤਰਜੀਹਾਕਾਰਾਂ ਨੂੰ ਐਸੀ ਕਹਾਣੀ ਅਜੀਬ ਕਿਉਂ ਜਾਪੀ? 

ਕਿਸੇ ਇੱਕ ਵਿਅਕਤੀ ਨੂੰ, ਭਾਵੇਂ ਉਹ ਕਿੰਨਾ ਹੀ ਕੁਖਿਆਤ ਮੁਜਰਿਮ ਹੋਵੇ, ਪਲ ਭਰ ਵਿੱਚ ਮਾਰ ਮੁਕਾਉਣ ਲਈ ਜਾਂ 10 ਲੱਖ ਲੋਕਾਂ ਨੂੰ 100 ਦਿਨਾਂ ਵਿੱਚ ਮੌਤ ਦੇ ਪਾਰ ਬੁਲਾਉਣ ਲਈ ਇੱਕ ਪੂਰਾ ਮੁਆਸ਼ਰਾ ਲੋੜੀਂਦਾ ਹੁੰਦਾ ਹੈ।

ਰਵਾਂਡਾ ਬਾਰੇ ਫਿਲਿਪ ਗੋਰੇਵਿੱਚ ਦੀ  ਲਿਖਤ ਦੀ ਆਖਰੀ ਸਤਰ ਹੈ: ‘‘ਕਬੀਲ ਅਤੇ ਹਬੀਲ, ਦੋਵੇਂ ਆਦਮ ਤੇ ਹੱਵਾ ਦੇ ਬੱਚੇ ਸਨ। ਕਬੀਲ ਵਾਹੀ ਕਰਦਾ ਸੀ, ਹਬੀਲ ਚਰਵਾਹਾ ਸੀ। ਕਬੀਲ ਨੇ ਆਪਣੀ ਫ਼ਸਲ ’ਚੋਂ ਹਿੱਸਾ ਅਰਪਣ ਕੀਤਾ, ਹਬੀਲ ਨੇ ਆਪਣੇ ਝੁੰਡ ਵਿੱਚੋਂ। ਹਬੀਲ ਦਾ ਤੋਹਫ਼ਾ ਖ਼ੁਦਾ ਨੂੰ ਭਾਇਆ, ਕਬੀਲ ਨੂੰ ਇਹ ਨਾ ਪਚਿਆ, ਉਹਨੇ ਹਬੀਲ ਮਾਰ ਮੁਕਾਇਆ। ਮੈਂ ਅਕਸਰ ਸੋਚਦਾ ਹਾਂ ਕਿ ਅਸੀਂ ਭਾਵੇਂ ਇਹਦੇ ਬਾਰੇ ਓਨੀ ਗੱਲ ਨਹੀਂ ਕਰਦੇ ਪਰ ਅਸੀਂ ਸਭ ਕਬੀਲ ਦੀ ਔਲਾਦ ਹਾਂ।’’  

ਵਿਕਾਸ ਦੂਬੇ ਵੀ, ਮੈਂ ਵੀ, ਤੁਸੀਂ ਵੀ। ਇੱਕ ਨੂੰ ਮਾਰਨ ਲਈ ਵੀ, 10 ਲੱਖ ਲਈ ਵੀ।

*(ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਨਕਸਲੀਆਂ ਦੇ ਝੂਠੇ ਪੁਲੀਸ ਮੁਕਾਬਲਿਆਂ ਵਾਲੇ ਸਾਲਾਂ ਵਿੱਚ ਜੰਮਿਆ, ਖਾੜਕੂਆਂ ਦੇ ਪੁਲੀਸ ਮੁਕਾਬਲਿਆਂ ਦੇ ਦੌਰ ਵਿੱਚ ਜਵਾਨੀ ਹੰਢਾ, ਹੁਣ ਹਕੂਮਤੀ ਪੁਲੀਸ ਮੁਕਾਬਲੇ ਵਿੱਚ ਮੁਆਸ਼ਰੇ ਭਰ ਦੀ ਸੰਵੇਦਨਾ ਦੇ ਕਤਲ ਦਾ ਚਸ਼ਮਦੀਦ ਗਵਾਹ ਹੈ।)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All