ਤੰਬਾਕੂ ਖ਼ਿਲਾਫ਼ ਮੁਹਿੰਮ ਕਾਰਗਰ ਕਿਵੇਂ ਹੋਵੇ?
ਹਾਲੀਆ ਖ਼ਬਰ ਮੁਤਾਬਕ ਮਲੋਟ ਵਿਧਾਨ ਸਭਾ ਦੇ ਇੱਕ ਪਿੰਡ ਦੀ ਪੰਚਾਇਤ ਨੇ ਆਪਣੇ ਘੇਰੇ ਵਿੱਚ ਤੰਬਾਕੂ ਅਤੇ ਤੰਬਾਕੂ ਵਾਲੀਆਂ ਚੀਜ਼ਾਂ, ਅਤੇ ਐਨਰਜੀ ਡਰਿੰਕਸ ਦੀ ਵਿਕਰੀ ਦੇ ਨਾਲ-ਨਾਲ ਨਸ਼ਿਆਂ ਦੀ ਵਰਤੋਂ ਉੱਤੇ ਪਾਬੰਦੀ ਲਗਾਉਣ ਦਾ ਮਤਾ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਹੈ।...
ਹਾਲੀਆ ਖ਼ਬਰ ਮੁਤਾਬਕ ਮਲੋਟ ਵਿਧਾਨ ਸਭਾ ਦੇ ਇੱਕ ਪਿੰਡ ਦੀ ਪੰਚਾਇਤ ਨੇ ਆਪਣੇ ਘੇਰੇ ਵਿੱਚ ਤੰਬਾਕੂ ਅਤੇ ਤੰਬਾਕੂ ਵਾਲੀਆਂ ਚੀਜ਼ਾਂ, ਅਤੇ ਐਨਰਜੀ ਡਰਿੰਕਸ ਦੀ ਵਿਕਰੀ ਦੇ ਨਾਲ-ਨਾਲ ਨਸ਼ਿਆਂ ਦੀ ਵਰਤੋਂ ਉੱਤੇ ਪਾਬੰਦੀ ਲਗਾਉਣ ਦਾ ਮਤਾ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਹੈ। ਪੰਚਾਇਤ ਨੇ ਐਲਾਨ ਕੀਤਾ ਹੈ ਕਿ ਇਸ ਮਤੇ/ਹੁਕਮ ਦੀ ਉਲੰਘਣਾ ਕਰਨ ਵਾਲੇ ਨੂੰ 11,000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਉਲੰਘਣਾ ਬਾਰੇ ਜਾਣਕਾਰੀ ਦੇਣ ਵਾਲੇ ਜੀਅ ਨੂੰ 6,000 ਰੁਪਏ ਦਾ ਇਨਾਮ ਮਿਲੇਗਾ ਅਤੇ ਬਾਕਾਇਆ 5,000 ਰੁਪਏ ਪਿੰਡ ਦੇ ਗੁਰਦੁਆਰੇ ਦੀ ਗੋਲਕ ਵਿੱਚ ਜਮ੍ਹਾਂ ਕਰਵਾਏ ਜਾਣਗੇ। ਇਸੇ ਦੌਰਾਨ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਅੰਦਰੂਨ ਸ਼ਹਿਰ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਵਿੱਚ ਮਾਸ, ਤੰਬਾਕੂ ਅਤੇ ਸ਼ਰਾਬ ਦੀ ਵਿਕਰੀ ਉੱਤੇ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਇਨ੍ਹਾਂ ਨੂੰ ਪੰਜਾਬ ਦੇ ਪਵਿੱਤਰ ਸ਼ਹਿਰਾਂ ਵਜੋਂ ਮਾਨਤਾ ਦਿੱਤੀ ਗਈ ਹੈ। ਹਾਲਾਂਕਿ ਇਹ ਦੋਵੇਂ ਵੱਖੋ-ਵੱਖ ਖ਼ਬਰਾਂ ਹਨ ਪਰ ਇਨ੍ਹਾਂ ਵਿੱਚ ਸਾਂਝਾ ਨੁਕਤਾ ਤੰਬਾਕੂ ਦੀ ਵਰਤੋਂ ਸਮੇਤ ਸਿਹਤ ਵਿਹਾਰ ਵਿੱਚ ਨਿਗਰਾਨ ਵਜੋਂ ਗੁਰਦੁਆਰਿਆਂ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ।
ਮਜ਼ਹਬ ਦੀ ਇਸ ਤਰ੍ਹਾਂ ਦੀ ਭੂਮਿਕਾ ਸਿੱਖ ਧਰਮ ਤੱਕ ਮਹਿਦੂਦ ਨਹੀਂ ਹੈ। ਮਜ਼ਹਬ ਨੂੰ ਲਗਾਤਾਰ ਅਨੈਤਿਕ ਜਿਨਸੀ ਵਿਹਾਰ, ਸ਼ਰਾਬ, ਤੰਬਾਕੂ ਅਤੇ ਹੋਰ ਪਦਾਰਥਾਂ ਦੀ ਵਰਤੋਂ ਨੂੰ ਰੋਕਣ ਲਈ ਇਖ਼ਲਾਕੀ-ਮਜ਼ਹਬੀ ਰੋਕ ਵਜੋਂ ਵਰਤਿਆ ਗਿਆ ਹੈ। ਸਿਹਤ ਵਿਹਾਰ ਨੂੰ ਘੇਰਾਬੰਦ ਕਰਨ ਲਈ ਮਜ਼ਹਬ ਉੱਤੇ ਇਸ ਤਰ੍ਹਾਂ ਦੀ ਟੇਕ ਨੂੰ ਵਿਸ਼ਵ ਸਿਹਤ ਸੰਗਠਨ (WHO) ਨੇ ਦਸਤਾਵੇਜ਼ੀ ਰੂਪ ਦਿੱਤਾ ਹੈ। ਇਹ ਸਪੱਸ਼ਟ ਤੌਰ ਉੱਤੇ ਦਰਜ ਕੀਤਾ ਗਿਆ ਹੈ ਕਿ ਦੁਨੀਆ ਭਰ ਦੇ ਮਜ਼ਹਬ ਲੋਕਾਂ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਦੀ ਤਾਕੀਦ ਕਰਦੇ ਹਨ। ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਦੇ ਸ਼ੁਰੂ ਵਿੱਚ ਨਵ-ਉਦਾਰਵਾਦ (neoilberailsm) ਦੇ ਪਸਾਰ ਦੇ ਨਾਲ ਸਿਵਲ ਸੁਸਾਇਟੀ ਦੀ ਭੂਮਿਕਾ ਉੱਤੇ ਟੇਕ ਵਧੀ ਅਤੇ ਮਜ਼ਹਬੀ ਅਸਰਅੰਦਾਜ਼ੀ ਨੂੰ ਬੇਸ਼ਕੀਮਤੀ ਵਸੀਲੇ ਵਜੋਂ ਵੇਖਿਆ ਜਾਣ ਲੱਗਿਆ। ਤੰਬਾਕੂ ਦੀ ਵਰਤੋਂ ਨੂੰ ਮਜ਼ਹਬੀ ਨਜ਼ਰੀਏ ਤੋਂ ਨਜਿੱਠਣਾ ਅਤੇ ਸਖ਼ਤ ਕਾਨੂੰਨਾਂ ਨੂੰ ਲਾਗੂ ਕਰਨਾ ‘ਈਸਟ ਮੈਡੀਟੇਰੀਅਨ ਖੇਤਰ’ ਵਿੱਚ ਲਾਗੂ ਕੀਤੇ ‘ਤੰਬਾਕੂ ਮੁਕਤ ਪਹਿਲਕਦਮੀ ਪ੍ਰੋਗਰਾਮ’ ਦਾ ਅਹਿਮ ਹਿੱਸਾ ਰਿਹਾ ਹੈ।
ਪੰਜਾਬ ਵਿੱਚ ਤੰਬਾਕੂ ਦੀ ਖਪਤ ਗਲੋਬਲ ਅਡਲਟ ਟੋਬੈਕੋ ਸਰਵੇ (GATS)1 (2009-10) ਤੋਂ ਗਲੋਬਲ ਅਡਲਟ ਟੋਬੈਕੋ ਸਰਵੇ 2 (2016-17) ਦੇ ਸਮੇਂ ਦੌਰਾਨ ਵਧੀ ਹੈ ਜਦੋਂ ਕਿ ਇਸੇ ਸਮੇਂ ਦੌਰਾਨ ਪੂਰੇ ਮੁਲਕ ਵਿੱਚ ਇਹ ਖਪਤ ਘਟੀ ਹੈ। ਤੰਬਾਕੂ ਦੇ ਇਸਤੇਮਾਲ ਨਾਲ ਲਾਗ ਦੀਆਂ ਬੀਮਾਰੀਆਂ ਦਾ ਖ਼ਦਸ਼ਾ ਵਧ ਜਾਂਦਾ ਹੈ ਜਾਂ ਤੰਬਾਕੂ ਦਾ ਇਸਤੇਮਾਲ ਕਰਨ ਵਾਲਾ ਜੀਅ ਛੇਤੀ ਇਨ੍ਹਾਂ ਬੀਮਾਰੀਆਂ ਦੀ ਜ਼ੱਦ ਵਿੱਚ ਆ ਜਾਂਦਾ ਹੈ। ਸੂਬੇ ਵਿੱਚ ਤੰਬਾਕੂ ਦੀ ਵਰਤੋਂ ਨੂੰ ਰੋਕਣਾ ਤਰਜੀਹ ਵਜੋਂ ਵੇਖਿਆ ਜਾ ਸਕਦਾ ਹੈ ਕਿਉਂਕਿ ਪੰਜਾਬ ਵਿੱਚ ਬੀਮਾਰੀਆਂ ਦੇ ਬੋਝ ਦਾ ਵੱਡਾ ਹਿੱਸਾ ਲਾਗ ਦੇ ਘੇਰੇ ਤੋਂ ਬਾਹਰਲੀਆਂ ਬੀਮਾਰੀਆਂ (NCDs) ਨੂੰ ਮੰਨਿਆ ਗਿਆ ਹੈ। ਇਹ ਬੀਮਾਰੀਆਂ ਪੇਂਡੂ ਅਤੇ ਸ਼ਹਿਰੀ ਆਬਾਦੀਆਂ ਉੱਤੇ ਅਸਰਅੰਦਾਜ਼ ਹੁੰਦੀਆਂ ਹਨ। ਸਿੱਖ ਮਜ਼ਹਬ ਦੇ ਹਵਾਲੇ ਨਾਲ ਪੰਜਾਬ ਵਿੱਚ ਤੰਬਾਕੂ ਨੂੰ ਮਜ਼ਹਬੀ ਅਤੇ ਸਮਾਜਿਕ-ਸੱਭਿਆਚਾਰਕ ਵਰਜਣਾ ਦੇ ਘੇਰੇ ਵਿੱਚ ਰੱਖਿਆ ਜਾਂਦਾ ਹੈ। ਸਿੱਖ ਮਜ਼ਹਬ ਵਿੱਚ ਗੁਰਦੁਆਰਾ ਨਾ ਸਿਰਫ਼ ਸ਼ਰਧਾ ਅਤੇ ਮਜ਼ਹਬੀ ਦਸਤੂਰ ਨਿਭਾਉਣ ਦਾ ਅਸਥਾਨ ਹੈ ਬਲਕਿ ਸਮਾਜਿਕ ਸੰਵਾਦ ਲਈ ਸਮਾਜਿਕ ਅਸਥਾਨ ਵਜੋਂ ਵੀ ਹਿੱਸਾ ਪਾਉਂਦਾ ਹੈ। ਇਹ ਮਜ਼ਹਬੀ ਪਛਾਣ ਤੋਂ ਇਲਾਵਾ ਮੁਕਾਮੀ ਸਿਆਸਤ, ਸੱਭਿਆਚਾਰਕ ਅਤੇ ਸਮਾਜਿਕ ਸੰਵਾਦ ਨੂੰ ਜ਼ਰਖ਼ੇਜ਼ ਜ਼ਮੀਨ ਦਿੰਦਾ ਹੈ। ਪੰਜਾਬ ਵਿੱਚ ਆਮ ਲੋਕਾਂ ਤੱਕ ਸੁਨੇਹਾ ਪਹੁੰਚਾਉਣ ਅਤੇ ਸਮਾਜਿਕ ਤਾਣਾ-ਬਾਣਾ ਬਣਾਈ ਰੱਖਣ ਦੀ ਤਾਕੀਦ ਕਰਨ ਜਾਂ ਸਮਾਜਿਕ ਬਿਪਤਾ ਜਾਂ ਕੁਦਰਤੀ ਆਫ਼ਤ ਦੌਰਾਨ ਸੇਵਾ ਵਾਲੇ ਅਦਾਰੇ ਵਜੋਂ ਗੁਰਦੁਆਰਿਆਂ ਦੀ ਭੂਮਿਕਾ ਜੱਗ-ਜ਼ਾਹਿਰ ਹੈ। ਮਜ਼ਹਬ ਅਤੇ ਵਿਗਿਆਨਕ ਸੋਚ ਵਿਚਕਾਰ ਸੰਵਾਦ ਲਗਾਤਾਰ ਕਾਇਮ ਰਹਿੰਦਾ ਹੈ ਪਰ ਇਸ ਵਿੱਚ ‘ਤਾਲਮੇਲ’ ਅਤੇ ‘ਤਣਾਅ’ ਵੀ ਬਣੇ ਰਹਿੰਦੇ ਹਨ। ਸਿਹਤ ਮਸਲਿਆਂ ਬਾਬਤ ਸੰਵਾਦ ਵੀ ਇਸੇ ਘੇਰੇ ਵਿੱਚ ਆਉਂਦਾ ਹੈ।
ਪੰਜਾਬ ਵਿੱਚ ਖੇਤੀਬਾੜੀ ਅਤੇ ਉਸਾਰੀ ਦੇ ਖੇਤਰਾਂ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਆਉਂਦੇ ਹਨ ਜੋ ਜ਼ਿਆਦਾਤਰ ਉੱਤਰ-ਪ੍ਰਦੇਸ਼ ਅਤੇ ਬਿਹਾਰ ਤੋਂ ਹਨ। ਪੰਜਾਬ ਵਿੱਚ ਤੰਬਾਕੂ ਦੀ ਵਰਤੋਂ ਨੂੰ ਪਰਵਾਸੀਆਂ ਦੇ ਆਉਣ ਨਾਲ ਵੀ ਜੋੜਿਆ ਜਾਂਦਾ ਹੈ ਜੋ ਸੱਭਿਆਚਾਰਕ ਅਤੇ ਭਾਸ਼ਾਈ ਤੌਰ ਉੱਤੇ ਵੱਖੋ-ਵੱਖਰੇ ਪਿਛੋਕੜ ਵਾਲੇ ਹਨ। ਇਹ ਖ਼ਦਸ਼ੇ ਸਮਾਜਿਕ, ਸਿਆਸੀ ਅਤੇ ਆਰਥਿਕ ਚਿੰਤਾਵਾਂ ਨਾਲ ਜੁੜ ਕੇ ਜ਼ਰਬ ਖਾਂਦੇ ਹਨ। ਇਹੋ ਖ਼ਦਸ਼ੇ ਸਮਾਜਿਕ ਅਤੇ ਸਿਆਸੀ ਧਰੁਵੀਕਰਨ ਦਾ ਸਬੱਬ ਬਣਦੇ ਹਨ। ਇਸ ਰੁਝਾਨ ਵਿੱਚੋਂ ਉਪਜਦੀ ਬੇਗਾਨਗੀ ਪਰਵਾਸੀਆਂ ਉੱਤੇ ਨੈਤਿਕ ਦਬਾਅ ਬਣਾਉਂਦੀ ਹੈ। ਇਸ ਤਣਾਅ ਕਾਰਨ ਹੁੰਦੇ ਨੁਕਸਾਨ ਦੀ ਭਰਪਾਈ ਕਰਨ ਦੀ ਜ਼ਿੰਮੇਵਾਰੀ ਰਿਆਸਤ ਦੀ ਮਸ਼ੀਨਰੀ ਤੋਂ ਬਾਹਰ ਰਹਿ ਜਾਂਦੀ ਹੈ।
ਪੰਜਾਬ ਵਿੱਚ ਸਿਹਤ ਸੰਬੰਧੀ ਫ਼ੈਸਲਿਆਂ ਵਿੱਚ ਮਜ਼ਹਬੀ ਅਤੇ ਭਾਈਚਾਰਕ ਆਗੂਆਂ ਦੀ ਭੂਮਿਕਾ ਚੰਗੀ ਤਰ੍ਹਾਂ ਸਥਾਪਿਤ ਹੈ। ਵਿਸ਼ਵ ਪੱਧਰ ਉੱਤੇ ਖੋਜ ਨੇ ਖੁਲਾਸਾ ਕੀਤਾ ਹੈ ਕਿ ਮਰੀਜ਼ ਸਿਹਤ ਸਹੂਲਤਾਂ ਦੇਣ ਵਾਲੇ ਅਦਾਰਿਆਂ ਦੀ ਦਿੱਤੀ ਗਈ ਸਿਹਤ ਸਿੱਖਿਆ ਦੀ ਕਦਰ ਕਰ ਸਕਦੇ ਹਨ ਪਰ ਸ਼ਾਇਦ ਉਨ੍ਹਾਂ ਦੀਆਂ ਸਿਫ਼ਾਰਸ਼ਾਂ ਦੀ ਪਾਲਣਾ ਨਾ ਕਰਨ। ਜੇ ਸੁਨੇਹਾ ਜੀਅ ਦੇ ਸਿਹਤ ਵਿਹਾਰ ਦੇ ਮੁਤਾਬਕ ਨਹੀਂ ਹੈ ਤਾਂ ਉਸ ਦਾ ਅਸਰ ਘਟ ਜਾਂਦਾ ਹੈ। ਮਜ਼ਹਬੀ ਅਦਾਰਿਆਂ ਰਾਹੀਂ ਦਿੱਤੇ ਜਾਣ ਵਾਲੇ ਸਿਹਤ ਸੁਨੇਹਿਆਂ ਵਿੱਚ ਪੇਚੀਦਗੀ ਸ਼ਾਮਲ ਹੈ। ਅਜਿਹੀ ਗੁੰਜ਼ਾਇਸ਼ ਰਹਿੰਦੀ ਹੈ ਕਿ ਇਨ੍ਹਾਂ ਸੁਨੇਹਿਆਂ ਦੇ ਸਿਹਤ ਲਾਭ ਧਾਰਮਿਕ ਅਦਾਰਿਆਂ ਵੱਲੋਂ ਅਖ਼ਤਿਆਰ ਕੀਤੇ ਤਰੀਕਿਆਂ ਕਾਰਨ ਦੱਬ ਕੇ ਰਹਿ ਜਾਣ।
ਇਹ ਪ੍ਰਵਾਨਿਤ ਤੱਥ ਹੈ ਕਿ ਇਨ੍ਹਾਂ ਮਜ਼ਹਬੀ ਅਦਾਰਿਆਂ ਦੇ ਆਗੂ ਉਨ੍ਹਾਂ ਭਾਈਚਾਰਿਆਂ ਨੂੰ ਸਿਹਤ ਸੁਨੇਹੇ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ ਜੋ ਘੱਟ ਪੜ੍ਹੇ-ਲਿਖੇ/ਅਨਪੜ੍ਹ ਹਨ ਜਾਂ ਸਰਕਾਰੀ ਨੁਮਾਇੰਦਿਆਂ ਉੱਤੇ ਘੱਟ ਯਕੀਨ ਕਰਦੇ ਹਨ। ਅਧਿਐਨ ਸਾਬਤ ਕਰਦੇ ਹਨ ਕਿ ਅਜਿਹੇ ਸੁਨੇਹਿਆਂ ਨੂੰ ਵਧੇਰੇ ਭਰੋਸੇਮੰਦ ਬਣਾਉਣ ਲਈ ਸਮਾਜਿਕ ਅਤੇ ਸੱਭਿਆਚਾਰਕ ਸੁਭਾਅ ਨਾਲ ਇੱਕਸੁਰ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ‘ਅਸੀਂ ਬਨਾਮ ਉਹ’ (ਆਪਣੇ-ਪਰਾਏ) ਦੀ ਬਹਿਸ ਪੈਦਾ ਕੀਤੇ ਬਿਨਾਂ ਇਨ੍ਹਾਂ ਸੁਨੇਹਿਆਂ ਦੀ ਰਸਾਈ ਵਧਾਈ ਜਾ ਸਕਦੀ ਹੈ। ਲਗਾਤਾਰ ਤਰੱਕੀਯਾਫ਼ਤਾ ਆਲਮੀ ਭਾਈਚਾਰਿਆਂ ਦੇ ਵਿਗਿਆਨਕ ਸੁਭਾਅ ਨੂੰ ਵੇਖਦੇ ਹੋਏ ਪੁਖ਼ਤਾ ਖੋਜ ਅਤੇ ਠੋਸ ਜਾਣਕਾਰੀ ਭਰਪੂਰ ਵਿਗਿਆਨਕ ਸੁਨੇਹਿਆਂ ਨਾਲ ਮਜ਼ਹਬ ਰਾਹੀਂ ਵਰਤੇ ਜਾਂਦੇ ਤਰੀਕਿਆਂ ਨੂੰ ਇੱਕਸੁਰ ਕਰਨ ਦੀ ਲੋੜ ਹੈ। ਪੰਜਾਬ ਵਿੱਚ ਤੰਬਾਕੂ ਖ਼ਿਲਾਫ਼ ਸਿਹਤ ਸੁਨੇਹੇ ਨੂੰ ਵਧੇਰੇ ਅਸਰਦਾਰ ਬਣਾਉਣ ਲਈ ਸੱਭਿਆਚਾਰ ਅਤੇ ਵਿਗਿਆਨਕ ਜਾਣਕਾਰੀ ਦੇ ਲੜ੍ਹ ਮੇਲਣੇ ਬਣਦੇ ਹਨ। ਇਸਤਰ੍ਹਾਂ ਇਹ ਸੁਨੇਹਾ ਮਜ਼ਹਬੀ ਘੇਰਿਆਂ ਸਮੇਤ ਸਮੁੱਚੇ ਸਮਾਜ ਲਈ ਕਾਰਗਰ ਸਾਬਤ ਹੋ ਸਕਦਾ ਹੈ।
*ਸਹਾਇਕ ਪ੍ਰੋਫੈਸਰ, ਸਕੂਲ ਆਫ਼ ਪਬਲਿਕ ਹੈਲਥ, ਡੀ ਵਾਈ ਪਾਟਿਲ ਡੀਮਡ ਯੂਨੀਵਰਸਿਟੀ, ਨਵੀਂ ਮੁੰਬਈ
**ਡਾਇਰੈਕਟਰ, ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

