ਅਵਤਾਰ ਗਿੱਲ
ਬੇਜੀ ਅੱਜ ਬਹੁਤ ਉਦਾਸ ਸੀ। ਉਹ ਪਰਦੇ ਪਿਛਾਂਹ ਹਟਾ ਕੇ ਬਾਰੀ ਵਿਚ ਬੈਠੀ ਸਕੂਲ ਬੱਸ ਵਿਚ ਬਹਿੰਦੇ ਆਪਣੇ ਪੋਤੇ ਅਤੇ ਪੋਤੀ ਵੱਲ ਦੇਖ ਰਹੀ ਸੀ। ਜਦੋਂ ਬੱਚਿਆਂ ਨੇ ਆਪਣੀਆਂ ਸੀਟਾਂ ਉੱਤੇ ਬਹਿ ਕੇ ਹੱਥ ਹਿਲਾਏ ਤਾਂ ਬੇਜੀ ਨੇ ਢਿਲਕੇ ਜਿਹੇ ਹੱਥ ਨਾਲ ਮੋੜਾ ਦਿੱਤਾ। ਰੋਕਦਿਆਂ ਰੋਕਦਿਆਂ ਵੀ ਉਸ ਦੀਆਂ ਅੱਖਾਂ ਵਿਚ ਹੰਝੂ ਉਮੜ ਆਏ। ਚੁੰਨੀ ਦੇ ਲੜ ਨਾਲ ਹੰਝੂ ਪੂੰਝ ਕੇ ਉਹ ਸਾਹਮਣੇ ਵਾਲੇ ਘਰ ਤੋਂ ਰਤਾ ਕੁ ਉਤਾਂਹ ਆਸਮਾਨ ਵੱਲ ਤੱਕਣ ਲੱਗੀ।
“ਕੀਪੇ ਦੇ ਬਾਪੂ!” ਬੇਜੀ ਨੇ ਇਵੇਂ ਆਖਿਆ, ਜਿਵੇਂ ਹੁੰਗਾਰਾ ਭਰਨ ਵਾਲਾ ਸਾਹਮਣੇ ਬੈਠਾ ਹੋਵੇ, “ਮੈਨੂੰ ’ਕੱਲੀ ਛੱਡ ਕੇ ਕਿੱਥੇ ਤੁਰ ਗਿਆ ਤੂੰ? ਮੈਂ ਤਾਂ ਤੇਰਾ ਆਖਾ ਕਦੇ ਨਈਂ ਸੀ ਮੋੜਿਆ, ਤੂੰ ਇੰਨਾ ਨਿਰਮੋਹਾ ਕਿਉਂ ਹੋ ਗਿਆ? ਸੱਦ ਲੈ ਮੈਨੂੰ ਵੀ ਆਪਣੇ ਕੋਲ। ਹੁਣ ਮੈਂ ਕੀਹਦੇ ਆਸਰੇ ਡੰਗ ਟਪਾਵਾਂ?”
“ਕੀ ਕਿਹਾ? ਪੁੱਤ? … ਉਹਦੇ ਤਾਂ ਤੇਰੇ ਅੱਖਾਂ ਮੀਟਦਿਆਂ ਹੀ ਸਿੰਗ ਨਿਕਲ ਆਏ ਸੀ। ਉਸੇ ਮੰਡਲੀ ਨਾਲ ਹੁਣ ਖੰਡ ਖੀਰ ਹੋ ਗਿਐ ਜਿਸ ਵੱਲ ਤੇਰੇ ਵਰਜਣ ਕਰਕੇ ਮੂੰਹ ਨਹੀਂ ਸੀ ਕਰਦਾ। ਇੰਨਾ ਧੁੱਤ ਹੋ ਕੇ ਆਉਂਦਾ ਐ…। ਜਦੋਂ ਕਦੇ ਮੈਂ ਆਖ ਬਹਿਨੀ ਆਂ, ਘੱਟ ਪੀਆ ਕਰ ਤਾਂ ਕੋਠਾ ਸਿਰ ’ਤੇ ਚੁੱਕ ਲਊ। … ਕੀ ਪੁੱਛਿਆ? ਨੂੰਹ? … ਪਤਾ ਐ ਕੱਲ੍ਹ ਰਾਤੀਂ ਉਹਨੇ ਕੀ ਦੱਛਣਾ ਦਿੱਤੀ ਮੈਨੂੰ? ਤੇਰੇ ਹੁੰਦਿਆਂ ਇਸ ਘਰ ਵਿਚ ਮੇਰੀ ਜਿਹੜੀ ਮਾੜੀ ਮੋਟੀ ਪੁੱਛ ਪ੍ਰਤੀਤ ਸੀ, ਉਹ ਹੁਣ ਨਈਂ ਰਹੀ। ਲੈ ਸੁਣ…।”
ਘਰ ਵਿਚ ਇਸ ਵੇਲੇ ਹੋਰ ਕੋਈ ਨਹੀਂ ਸੀ। ਫਿਰ ਵੀ ਸਹਿਮੀ ਹੋਈ ਬੇਜੀ ਨੇ ਆਸੇ-ਪਾਸੇ ਦੇਖਿਆ, ਫਿਰ ਆਖਣ ਲੱਗੀ, “ਤੇਰੇ ਪੋਤੇ ਪੋਤੀ ਨੂੰ ਵੱਡੇ ਹੁੰਦੇ ਦੇਖਦੀ ਆਂ ਤਾਂ ਸੇਰ ਲਹੂ ਵਧ ਜਾਂਦਾ ਐ ਮੇਰਾ। ਟੋਨੀ ਨੂੰ ਦੇਖ ਕੇ ਤਾਂ ਮੈਨੂੰ ਐਂ ਲਗਦਾ ਐ, ਪਈ ਜਿੱਦਾਂ ਜਾਣੀ ਤੂੰ ਕਿਤੇ ਗਿਆ ਨਈਂ, ਇੱਥੇ ਕਿਤੇ ਸਾਡੇ ਕੋਲ ਈ ਐਂ। ਕਦੇ ਕਦੇ ਤੇਰੇ ਵਾਲੀ ਖੂੰਡੀ ਲੈ ਕੇ ਕੋਡਾ ਜਿਹਾ ਹੋ ਕੇ ਤੁਰਿਆ ਫਿਰੂ, ਅਖੇ ਮੈਂ ਬਾਪੂ ਜੀ ਆਂ। ਤੇ ਰਿੰਪੀ ਤਾਂ ਮੈਨੂੰ ਐਨ ਆਪਣੇ ਵਰਗੀ ਲੱਗਦੀ ਐ। ਸੱਚ ਜਾਣੀ ਕੀਪੇ ਦੇ ਬਾਪੂ! ਇੰਨਾ ਮੋਹ ਤਾਂ ਮੈਨੂੰ ਕਦੇ ਆਪਣੇ ਪੁੱਤਾਂ ਧੀਆਂ ਨਾਲ ਨਈਂ ਸੀ ਆਇਆ ਜਿੰਨਾ ਪੋਤੇ ਪੋਤੀ ਨਾਲ ਆਉਂਦਾ ਐ। ਕੱਲ੍ਹ ਦੋਵੇਂ ਆ ਗਏ ਮੇਰੇ ਕੋਲ, ਹੇਠਾਂ ਬੇਸਮੈਂਟ ਵਿਚ। ਹੋਰ ਈ ਤਰ੍ਹਾਂ ਦੇ ਲੀੜੇ ਪਾ ਲਏ ਦੋਹਾਂ ਨੇ। ਮੇਰੀਆਂ ਐਨਕਾਂ ਲਾ ਕੇ ਤੇ ਚੁੰਨੀ ਸਿਰ ਉੱਤੇ ਲੈ ਕੇ ਰਿੰਪੀ ਬਣ ਗਈ ਬੇਜੀ, ਬਨੌਟੀ ਜਿਹੀਆਂ ਮੁੱਛਾਂ ਲਾ ਕੇ ਟੋਨੀ ਬਣ ਗਿਆ ਕੀਪਾ। ਲੱਗ ਪਏ ਨਕਲਾਂ ਜਿਹੀਆਂ ਲਾਉਣ। ਕੋਕੋ ਦੀਆਂ ਛੱਡ ਕੇ ਮੈਂ ਕੋਕੋ ਦੇ ਬੱਚਿਆਂ ਦੀਆਂ ਬਾਤਾਂ ਪਾਉਣ ਬਹਿ ਗਈ? …ਨਈਂ ਨਈਂ, ਬੱਚੇ ਮੇਰੇ ਆਪਣੇ ਈ ਐ, ਤੇ ਕੋਕੋ ਵੀ ਮੇਰੀ ਆਪਣੀ, ਪਰ ਇਹ ਗੱਲ ਕੋਕੋ ਦੇ ਖਾਨੇ ਵਿਚ ਨਈਂ ਵੜਦੀ। ਕੰਮ ਤੋਂ ਆਉਂਦੀ ਨੂੰ ਮੈਂ ਰੋਟੀ ਟੁੱਕ ਤਿਆਰ ਰੱਖਦੀ ਆਂ। ਘਰ ਦੀਆਂ ਬੁੱਤੀਆਂ ਨੂੰ ਉਹਨੂੰ ਮੈਂ ਕਦੇ ਹੱਥ ਨਈਂ ਲਾਉਣ ਦਿੱਤਾ, ਪਤਾ ਨਈਂ ਫੇਰ ਵੀ ਕਿਉਂ ਚੱਤੋ ਪਹਿਰ ਜੀਭ ’ਤੇ ਸੱਪ ਲੜਾਈ ਰੱਖਦੀ ਐ। … ਕੀਪੇ ਦੇ ਬਾਪੂ, ਤੂੰ ਤਾਂ ਆਪਣੇ ਡੰਗਰਾਂ ਨੂੰ ਘਰ ਦੇ ਜੀਆਂ ਬਰੋਬਰ ਸਮਝਦਾ ਸੀ, ਇੱਥੇ ਤੇਰੀ ਧੰਨ ਕੁਰ ਹੁਣ ਡੰਗਰਾਂ ਨਾਲੋਂ ਵੀ…।”
ਬੇਜੀ ਨੇ ਹਉਕਾ ਲਿਆ।
ਇਸੇ ਵੇਲੇ ਸਾਹਮਣੇ ਘਰਾਂ ਦੀਆਂ ਛੱਤਾਂ ਉੱਤੋਂ ਦੀ ਲੰਘਦਾ ਜਹਾਜ਼ ਬੇਜੀ ਦੀ ਨਜ਼ਰੀਂ ਪਿਆ। ਬੇਜੀ ਨੂੰ ਯਾਦ ਆਇਆ, ਉਹ ਅਤੇ ਕੀਪੇ ਦਾ ਬਾਪੂ ਵੀ ਕੁਝ ਵਰ੍ਹੇ ਪਹਿਲਾਂ ਆਪਣੇ ਛੋਟੇ ਪੁੱਤਰ ਕੁਲਦੀਪ ਨੂੰ ਨਾਲ ਲੈ ਕੇ ਅਜਿਹੇ ਹੀ ਜਹਾਜ਼ ਵਿਚ ਵੱਡੇ ਪੁੱਤਰ ਕੋਲ ਕੈਨੇਡਾ ਆਏ ਸਨ। ਸਾਲ ਕੁ ਬਾਅਦ ਉਹ ਇੰਡੀਆ ਜਾ ਕੇ ਕੁਲਦੀਪ ਨੂੰ ਵਿਆਹ ਲਿਆਏ ਸਨ।
ਦੋਵਾਂ ਭਰਾਵਾਂ ਦੀ ਨਿਭੀ ਨਹੀਂ, ਜਾਂ ਸ਼ਾਇਦ ਦਰਾਣੀ ਜਠਾਣੀ ਇਕ ਦੂਜੀ ਦੇ ਸਿੰਗ ਛਾਂਗਣ ਲੱਗ ਪਈਆਂ; ਕੁਲਦੀਪ ਆਪਣੀ ਪਤਨੀ ਪਿੰਦਰ ਨੂੰ ਨਾਲ ਲੈ ਕੇ ਕਿਸੇ ਦੀ ਬੇਸਮੈਂਟ ਵਿਚ ਜਾ ਟਿਕਿਆ।
ਬੇਜੀ ਅਤੇ ਬਾਪੂ ਜੀ ਵੱਡੇ ਪੁੱਤਰ ਕੋਲ ਹੀ ਰਹੇ। ਨੂੰਹ ਪੁੱਤ ਕੰਮਾਂ ’ਤੇ ਜਾਂਦੇ ਸਨ। ਬੱਚਿਆਂ ਦੀ ਸਾਂਭ-ਸੰਭਾਲ ਲਈ ਘਰ ਵਿਚ ਕੋਈ ਚਾਹੀਦਾ ਸੀ। ਜਦੋਂ ਬੱਚੇ ਉਡਾਰੂ ਹੋ ਗਏ, ਬੇਜੀ ਅਤੇ ਬਾਪੂ ਜੀ ਲਈ ਘਰ ਵਿਚ ਕੋਈ ਆਹਰ ਨਾ ਰਿਹਾ। ਨੂੰਹ ‘ਹਮਕੋ ਤੁਮਕੋ’ ਕਰਨ ਲੱਗ ਪਈ। ਦੋਵੇਂ ਘੇਸਲ ਵੱਟ ਕੇ ਵਕਤ ਟਪਾਉਂਦੇ ਰਹੇ। ਜਦੋਂ ਪਾਣੀ ਸਿਰਾਂ ਦੇ ਉੱਤੋਂ ਦੀ ਵਗਣ ਲੱਗਾ ਤਾਂ ਉਹ ਛੋਟੇ ਪੁੱਤਰ ਕੁਲਦੀਪ ਕੋਲ ਜਾ ਟਿਕੇ ਜਿਸ ਨੇ ਹੁਣ ਤੀਕ ਆਪਣਾ ਮਕਾਨ ਖਰੀਦ ਲਿਆ ਸੀ।
ਇੱਥੇ ਆ ਕੇ ਉਹ ਕੁਲਦੀਪ ਦੇ ਬੱਚਿਆਂ ਨਾਲ ਪਰਚ ਗਏ। ਦਿਨ ਪੱਧਰਾ ਹੁੰਦਾ ਤਾਂ ਬੱਚਿਆਂ ਨੂੰ ਪਾਰਕ ਨੂੰ ਲੈ ਜਾਂਦੇ। ਬੱਚਿਆਂ ਨਾਲ ਖੇਡਦਿਆਂ ਖਿਡਾਉਂਦਿਆਂ ਉਨ੍ਹਾਂ ਦਾ ਸਮਾਂ ਫਿਰ ਦੀਵਾਲੀ ਵਾਂਗ ਗੁਜ਼ਰਨ ਲੱਗਾ। ਅਜੇ ਕੁਝ ਸਾਲ ਹੀ ਲੰਘੇ ਸਨ। ਇਕ ਦਿਨ ਅਚਾਨਕ ਬਾਪੂ ਜੀ ਨੂੰ ਦਿਲ ਦਾ ਅਜਿਹਾ ਦੌਰਾ ਪਿਆ ਕਿ ਉਹ ਘੜੀਆਂ ਪਲਾਂ ਵਿਚ ਫ਼ਤਹਿ ਬੁਲਾ ਗਿਆ। ਬੇਜੀ ਉੱਖੜੀ ਉੱਖੜੀ ਰਹਿਣ ਲੱਗੀ। ਫਿਰ ਗੁੰਮ-ਸੁੰਮ ਹੋਈ ਬੇਜੀ ਨੂੰ ਪੋਤੇ ਅਤੇ ਪੋਤੀ ਦੇ ਮੋਹ ਨੇ ਇਕਲਾਪੇ ਦੀ ਖੱਡ ਵਿੱਚੋਂ ਬਾਹਰ ਕੱਢ ਲਿਆ।
ਬੇਜੀ ਸਕੂਲ ਜਾਂਦੇ ਬੱਚਿਆਂ ਨੂੰ ਦੇਖਦੀ। ਉਨ੍ਹਾਂ ਦੇ ਸਕੂਲੋਂ ਮੁੜਨ ਦੇ ਵਕਤ ਤੋਂ ਬਹੁਤ ਪਹਿਲਾਂ ਬਾਰੀ ਲਾਗੇ ਹੋ ਕੇ ਬੈਠ ਜਾਂਦੀ। ਬੱਸੋਂ ਉਤਰਦੇ ਬੱਚਿਆਂ ਨੂੰ ਦੇਖ ਕੇ ਹੱਥ ਹਿਲਾਉਂਦੀ। ਬੱਚੇ ਹੱਸ ਕੇ, ਹੱਥ ਹਿਲਾ ਕੇ, ਦਾਦੀ ਮਾਂ ਦਾ ਹੁੰਗਾਰਾ ਭਰਦੇ। ਘਰ ਆ ਕੇ ਨਵੀਂਆਂ ਨਵੀਂਆਂ ਖੇਡਾਂ ਖੇਡਦੇ। ਬੇਜੀ ਲੋਚਦੀ, ਉਸ ਦੇ ਪੁੱਤ ਦਾ ਘਰ ਇਉਂ ਹੀ ਖ਼ੁਸ਼ੀਆਂ ਖੇੜਿਆਂ ਨਾਲ ਭਰਿਆ ਰਹੇ। ਪੋਤਾ ਪੋਤੀ ਵੱਡੇ ਹੋਣ। ਉਹ ਇਨ੍ਹਾਂ ਦੇ ਵਿਆਹ ਹੁੰਦੇ ਦੇਖੇ। … ਪਰ ਕੱਲ੍ਹ ਦੀ ਹੋਈ-ਬੀਤੀ ਬੇਜੀ ਦਾ ਖਹਿੜਾ ਨਹੀਂ ਸੀ ਛੱਡ ਰਹੀ। ਨਾ ਕੱਲ੍ਹ ਰਾਤੀਂ ਉਹਨੇ ਕੁਝ ਖਾਧਾ ਸੀ ਅਤੇ ਨਾ ਹੀ ਅੱਜ ਸਵੇਰੇ। ਜਦੋਂ ਵੀ ਖਾਣ ਲਈ ਉਹ ਕਿਸੇ ਚੀਜ਼ ਨੂੰ ਹੱਥ ਪਾਉਣ ਲੱਗਦੀ, ਉਹਦੇ ਅੰਦਰੋਂ ਚੀਸ ਜਿਹੀ ਉੱਠਦੀ: ਕਾਹਦੇ ਲਈ? ਉਹਦਾ ਹੱਥ ਆਪਣੇ ਆਪ ਪਿਛਾਂਹ ਪਰਤ ਆਉਂਦਾ। ਬਲੱਡ ਪਰੈੱਸ਼ਰ ਦੀਆਂ ਗੋਲੀਆਂ ਵੀ ਨਹੀਂ ਲਈਆਂ। ਜਿਵੇਂ ਜਿਉਣ ਦੀ ਇੱਛਾ ਹੀ ਮੁੱਕ ਗਈ ਹੋਵੇ। ਜਦੋਂ ਢਿੱਡ ਵਿਚ ਖੋਹ ਜਿਹੀ ਪੈਂਦੀ, ਪਾਣੀ ਦੇ ਦੋ ਘੁੱਟ ਅੰਦਰ ਲੰਘਾ ਕੇ ਸਬਰ ਕਰ ਲੈਂਦੀ।
ਬੱਚੇ ਕਦੋਂ ਦੇ ਸਕੂਲ ਜਾ ਚੁੱਕੇ ਸਨ। ਹਿੰਮਤ ਜੁਟਾ ਕੇ ਬੇਜੀ ਉੱਠੀ। ਪਾਣੀ ਪੀਤਾ। ਚੌਂਹ ਜੀਆਂ ਦੀਆਂ ਰੋਟੀਆਂ ਪਕਾ ਕੇ ਛਾਬੇ ਵਿਚ ਢਕ ਦਿੱਤੀਆਂ। ਵਿਹਲੀ ਹੋ ਕੇ ਬਾਰੀ ਮੁੱਢ ਜਾ ਬੈਠੀ। ਉਸ ਦਾ ਮਨ ਫਿਰ ਡੋਬੇ ਸੋਕੇ ਹੋਣ ਲੱਗਾ, “ਕੀਪੇ ਦੇ ਬਾਪੂ! ਤੇਰੇ ਪੋਤਾ ਪੋਤੀ ਹੁਣ ਦੂਰ ਦੇ ਸਕੂਲ ਜਾਣ ਲੱਗ ਪਏ। ਬੱਸ ਆਉਂਦੀ ਐ ਲੈਣ ਤੇ ਛੱਡਣ। ਉਨ੍ਹਾਂ ਦੇ ਜਾਣ ਤੇ ਆਉਣ ਵੇਲੇ ਮੈਂ ਇੱਥੇ ਬਹਿ ਜਾਨੀਂ ਆਂ। ਹੁਣ ਮੈਨੂੰ ਲੱਗਦਾ ਨਈਂ ਪਈ ਮੇਰੀ ਇਹ ਕਾਇਆ ਬਹੁਤਾ ਚਿਰ ਕੱਢੂਗੀ।
ਪਿਛਲੇ ਸਾਲ ਭਰ ਸਿਆਲ ਵਿਚ ਠੰਢ ਜਿਹੀ ਲੱਗ ਗਈ ਮੈਨੂੰ। ਹੋਰ ਤਾਂ ਸਾਰੀ ਤਰ੍ਹਾਂ ‘ਰਾਮ ਆ ਗਿਆ, ਪਰ ਖੰਘ, ਨਾ ਹਟਣ ਦਾ ਨਾਂ ਲਵੇ, ਨਾ ਘਟਣ ਦਾ। ਨੂੰਹ ਤੇਰੀ ਨੇ ਕੋਠਾ ਸਿਰ ਉੱਤੇ ਚੁੱਕ ਲਿਆ, ਅਖੇ ਇਹ ਬੁੜ੍ਹੀ ਸਾਰੀ ਰਾਤ ਸੌਣ ਨਈਂ ਦਿੰਦੀ। ਜਾਂ ਮੇਰੇ ਸਿਰ ਦੀ ਕੋਈ ਨਾੜ ਫਟੂ, ਜਾਂ ਮੈਂ ਕਮਲੀ ਹੋ ਜਾਊਂ… ਚੁੱਕੇ ਚੁਕਾਏ ਕੀਪੇ ਨੇ ਹੇਠਾਂ ਬੇਸਮੈਂਟ ਵਿਚ ਲੱਕੜ ਦੇ ਫੱਟਿਆਂ ਦਾ ਇਕ ਖੁੱਡਾ ਜਿਹਾ ਖੜ੍ਹਾ ਕਰ ਕੇ ਮੇਰਾ ਮੰਜਾ ਥੱਲੇ ਲਾਹ ਦਿੱਤਾ। ਖੰਘ ਤੋਂ ਭਾਵੇਂ ਮੈਨੂੰ ਮਹੀਨੇ ਕੁ ਮਗਰੋਂ ’ਰਾਮ ਆ ਗਿਆ, ਪਰ ਮੇਰਾ ਮੰਜਾ ਅਜੇ ਤਾਈਂ ਉੱਪਰ ਨਈਂ ਆਇਆ। ਪਤਾ ਐ ਕਿਉਂ? ਨੂੰਹ ਰਾਣੀ ਨੇ ਦੋਵਾਂ ਨਿਆਣਿਆਂ ਨੂੰ ਅੱਡੋ ਅੱਡਰੇ ਕਮਰੇ ਸੰਭਾਲ ਦਿੱਤੇ। ਹੁਣ ਮੇਰੇ ਲਈ ਉੱਪਰ ਕੋਈ ਥਾਂ ਨਹੀਂ। ਹੋਰ ਸੁਣ, ਇਕ ਦਿਨ ਤੇਰੇ ਪੋਤਾ ਪੋਤੀ ਕਿਸੇ ਗੱਲੋਂ ਜੁੰਡੀਓ ਜੁੰਡੀ ਹੋ ਪਏ। ਮੈਂ ਛੁਡਾਏ। ਦੋਹਾਂ ਨੂੰ ਕੁਰਸੀਆਂ ਉੱਤੇ ਬਿਠਾਇਆ। ਆਖਿਆ, ਪਈ ਜਿੰਨਾ ਚਿਰ ਤੁਸੀਂ ਠੰਢੇ ਹੋ ਕੇ ਆਪੋ ਆਪਣੀ ਗਲਤੀ ਨਈਂ ਮੰਨ ਲੈਂਦੇ, ਕੁਰਸੀਆਂ ਤੋਂ ਨਈਂ ਉੱਠਣਾ। ਉੱਪਰੋਂ ਆ ਗਈ… ਨੂੰਹ ਤੇਰੀ ਕੰਮ ਤੋਂ। ਤੱਤ ਭੜੱਥ ਭੁੜਕ ਪਈ, ਅਖੇ ਇਹ ਘਰ ਐ ਮੇਰਾ, ਕੋਈ ਕੈਦਖਾਨਾ ਨਈਂ। ਖਬਰਦਾਰ ਜੇ ਮੇਰੇ ਬੱਚਿਆਂ ਨੂੰ ਤਸੀਹੇ ਦਿੱਤੇ। ਦੂਜੇ, ਖੌਰੇ ਤੀਜੇ ਦਿਨ, ਬਾਹਰ ਖੇਡਦਾ ਖੇਡਦਾ ਟੋਨੀ ਰਸੋਈ ਵਿਚ ਆ ਵੜਿਆ। ਕਾਰੇਹੱਥੀ ਨੇ ਵਗਾਹ ਕੇ ਤਮਾਚਾ ਮਾਰਿਆ ਮੁੰਡੇ ਦੇ ਮੂੰਹ ’ਤੇ; ਅਖੇ ਜੁੱਤੀ ਦਰਵਾਜ਼ੇ ਕੋਲ ਕਿਉਂ ਨਈਂ ਲਾਹ ਕੇ ਆਇਆ। ਬਲੂਰ ਵਿਲਕਦਾ ਹੋਇਆ ਮੇਰੀ ਬੁੱਕਲ ਵਿਚ ਆ ਵੜਿਆ। ਮੈਂ ਕੁਛ ਕਿਹਾ ਨਾ ਸੁਣਿਆ, ਜੈਲਦਾਰਨੀ ਊਂ ਈਂ ਲੀੜਿਆਂ ਤੋਂ ਬਾਹਰ ਹੋ ਗਈ। ਅਖੇ ਮਾਈ, ਤੂੰ ਇਨ੍ਹਾਂ ਨੂੰ ਬਹੁਤਾ ਭੂਹੇ ਨਾ ਚੜ੍ਹਾਇਆ ਕਰ। … ਕੀਪੇ ਦੇ ਬਾਪੂ, ਪਤਾ ਨਈਂ ਕੀ ਹੋ ਗਿਐ ਏਸ ਜਨਾਨੀ ਨੂੰ। ਅੱਜਕਲ੍ਹ ਇਹ ਬੋਲਦੀ ਘੱਟ ਐ, ਵੱਢ ਖਾਣ ਨੂੰ ਬਹੁਤਾ ਪੈਂਦੀ ਐ। ਕੁਛ ਦਿਨ ਹੋਏ ਤੇਰਾ ਪੁੱਤ ਇਕ ਰੇੜ੍ਹਾ ਜਿਹਾ ਲੈ ਆਇਆ। ਪੁਰਾਣੀਆਂ ਕੁਰਸੀਆਂ, ਮੇਜ, ਮੰਜਾ ਤੇ ਹੋਰ ਨਿੱਕੜ ਸੁੱਕੜ ਉਹਦੇ ਉੱਤੇ ਲੱਦ ਲਿਆ। ਮੈਂ ਪੁੱਛਿਆ, ਪੁੱਤ ਇਹ ਕਿੱਥੇ ਨੂੰ? ਆਖਣ ਲੱਗਾ, ਇਨ੍ਹਾਂ ਪੁਰਾਣੀਆਂ ਚੀਜ਼ਾਂ ਦੀ ਘਰ ਵਿਚ ਹੁਣ ਕੋਈ ਲੋੜ ਨਈਂ, ਕਬਾੜੀਏ ਦੇ ਸੁੱਟਣ ਚੱਲਿਆਂ। ਮਨ ਵਿਚ ਆਈ ਪਈ ਆਖ ਦਿਆਂ, ਲੋੜ ਤਾਂ ਹੁਣ ਇਸ ਘਰ ਵਿਚ ਮੇਰੀ ਵੀ ਕੋਈ ਨਈਂ, ਸੁੱਟ ਆ ਮੈਨੂੰ ਵੀ ਨਾਲ ਈ।
ਮੈਨੂੰ ਐਂ ਦੱਸ ਕੀਪੇ ਦੇ ਬਾਪੂ, ਪਈ ਮੈਂ ਹੁਣ ਤੇਰੇ ਕੋਲ ਨਈਂ ਆ ਸਕਦੀ? … ਕੀ ਕਿਹਾ? ਰੱਬ ਨੇ ਜਿੰਨੀ ਲਿਖੀ ਐ, ਉਹ ਭੋਗਣੀ ਪਊ? …ਭੋਗਣ ਤੋਂ ਇਨਕਾਰੀ ਨਈਂ ਮੈਂ, ਪਰ ਕੋਈ ਡੰਗ ਤਾਂ ਟਪੌਣ ਦੇਵੇ। ਨਿਲੱਜਿਆਂ ਆਂਗੂੰ ਨਈਂ ਜੀਵਿਆ ਜਾਂਦਾ। ਹੋਰ ਘੜੀ ਦੋ ਘੜੀਆਂ ਨੂੰ ਨਿਆਣੇ ਸਕੂਲੋਂ ਆ ਜਾਣਗੇ। ਫੇਰ ਤੇਰੇ ਨੂੰਹ ਪੁੱਤ ਕੰਮਾਂ ਤੋਂ। ਖਾਣਗੇ ਪੀਣਗੇ ਤੇ ਸੌਂ ਜਾਣਗੇ। … ਮੇਰੀ ਵਾਈ ਧਾਈ? ਜਦ ਕੱਲ੍ਹ ਕਿਸੇ ਨਈਂ ਪੁੱਛਿਆ, ਅੱਜ ਕੋਈ ਕਿਉਂ ਪੁੱਛੂ? …ਕੀ ਕਿਹਾ? ਕੀਪੇ ਨੂੰ ਦੱਸਾਂ? … ਦੱਸ, ਕੀ ਦੱਸਾਂ? ਤੈਨੂੰ ਪਤੈ, ਅੱਗ ਬਗੋਲਾ ਉਹ ਐ। ਤੇਰੀ ਨੂੰਹ ਗਿੱਲੇ ਗੋਹਟੇ ਆਂਗੂੰ ਹਰ ਵੇਲੇ ਧੁਖ਼ਦੀ ਰਹਿੰਦੀ ਐ। ਘਰ ’ਚ ਕਲੇਸ਼ ਪਊ। ਗੱਲ ਛੱਡ ਛਡਾਈ ਤੱਕ ਪਹੁੰਚਦਿਆਂ ਏਸ ਮੁਲਖ ’ਚ ਦੇਰ ਨਈਂ ਲੱਗਦੀ। ਤੇਰੇ ਪੋਤਾ ਪੋਤੀ ਰੁਲ ਜਾਣਗੇ, ਮੇਰੇ ਜਿਗਰ ਦੇ ਟੁਕੜੇ।
ਪਿਛਲੇ ਕੁਛ ਦਿਨਾਂ ਤੋਂ ਇਕ ਨਵੀਂ ਖਿਚੜੀ ਰਿੱਝਣ ਲੱਗ ਪਈ ਐ ਇਸ ਘਰ ਵਿਚ; ਹੇਠਾਂ ਦੋ ਤਿੰਨ ਕਮਰੇ ਬਣਾ ਕੇ ਬੇਸਮੈਂਟ ਕਰਾਏ ਉੱਤੇ ਚਾੜ੍ਹਨ ਦੀ। ਪੁੱਤ ਤੇਰਾ ਲੱਤ ਨਈਂ ਲਾਉਂਦਾ, ਨੂੰਹ ਚਾਰੇ ਖੁਰ ਚੁੱਕੀ ਫਿਰਦੀ ਐ। …ਕੀ ਪੁੱਛਿਆ? ਮੈਂ ਕਿੱਥੇ ਜਾਊਂਗੀ? …ਮੈਂ ਜਾਊਂਗੀ ਢੱਠੇ ਖੂਹ ਵਿਚ। ਇੱਥੇ ਹੁਣ ਮੇਰੀ ਕਿਸੇ ਨੂੰ ਲੋੜ ਕੀ ਐ? ਮੈਂ ਤਾਂ ਅੱਜ ਮੁੱਕਾਂ ਪਰਸੋਂ ਨੂੰ ਤੀਆ ਦਿਨ। ਹਾਂ ਸੱਚ, … ਮੇਰੀ ਸੁਰਤੀ ਕੁਛ ਟਿਕਾਣੇ ਨਈਂ। ਇਕ ਅਖੇ ਊਂ ਕਮਲੀ, ਇਕ ਪੈ ਗਈ ਕਬਰਾਂ ਦੇ ਰਾਹ। ਗੱਲ ਕੋਈ ਹੋਰ ਕਰਨੀ ਸੀ, ਕਰਨ ਹੋਰ ਲੱਗ ਪਈ। ਦੋ ਟੁੱਕੜ ਤਾਂ ਲੋਕ ਕਾਵਾਂ ਕੁੱਤਿਆਂ ਨੂੰ ਵੀ ਪਾ ਦਿੰਦੇ ਐ, ਪਰ ਇੱਥੇ…। ਵੱਡੇ ਦੇ ਘਰੋਂ ਕੱਖੋਂ ਹੌਲ਼ੇ ਹੋ ਕੇ ਨਾ ਨਿਕਲੇ ਹੁੰਦੇ ਤਾਂ ਮੈਂ ਉੱਥੇ ਚਲੀ ਜਾਂਦੀ। ਕਈ ਵਾਰ ਸੋਚਦੀ ਆਂ, ਪੰਜਾਬ ਚਲੀ ਜਾਵਾਂ, ਤੇਰੀ ਧੀ ਕੋਲ। ਫੇਰ ਸੋਚਦੀ ਆਂ ਪਈ ਲੋਕਾਂ ਦੇ ਤਾਅਨੇ ਮਿਹਣੇ ਮੈਂ ਕਿਮੇਂ ਸਹਾਰੂੰਗੀ? …ਇਨ੍ਹਾਂ ਲੋਕਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਪਈ ਪੁੱਤ ਝੱਲਣ ਨਾ, ਧੀਆਂ ਕੋਲ ਕੋਈ ਜਾਵੇ ਨਾ ਤਾਂ ਕੋਈ ਕਿਹੜੇ ਖੂਹ ਵਿਚ ਛਾਲ ਮਾਰ ਕੇ ਮਰੇ…?”
ਬੇਜੀ ਦੇ ਹਉਕੇ-ਹਾਵੇ ਮੁੱਕਣ ਵਿਚ ਨਹੀਂ ਸਨ ਆ ਰਹੇ। ਬੇਜੀ ਦੇ ਸਿਰ ਨੂੰ ਘੁਮੇਰ ਜਿਹੀ ਚੜ੍ਹਨ ਲੱਗੀ।
ਲੌਢੇ ਵੇਲੇ ਸਕੂਲ ਦੀ ਬੱਸ ਆਈ। ਟੋਨੀ ਅਤੇ ਰਿੰਪੀ ਬੱਸ ਵਿੱਚੋਂ ਉੱਤਰੇ। ਉਨ੍ਹਾਂ ਹੱਥ ਹਿਲਾਏ। ਬੇਜੀ ਦਾ ਹਿੱਲਦਾ ਹੱਥ ਉਨ੍ਹਾਂ ਨੂੰ ਨਹੀਂ ਦਿਸਿਆ। ਦਰਵਾਜ਼ੇ ਨੂੰ ਚਾਬੀ ਲਾਈ। ਅੰਦਰ ਆਏ। ਦੋਵਾਂ ਨੇ ਹੇਕ ਲਾ ਕੇ ਆਵਾਜ਼ ਮਾਰੀ, “ਬੇਅ ਅ ਜੀਅ ਅ ਅ … ਅਸੀਂ ਆ ਅ ਅ ਗਏ।”
ਬੇਜੀ ਵੱਲੋਂ ਕੋਈ ਹੁੰਗਾਰਾ ਨਾ ਮਿਲਿਆ ਤਾਂ ਉਹ ਨੱਠ ਕੇ ਕੋਲ ਗਏ। ਮੋਢੇ ਨੂੰ ਥੋੜ੍ਹਾ ਜਿਹਾ ਹਿਲਾਉਣ ਦੀ ਦੇਰ ਸੀ, ਬੇਜੀ ਇਕ ਪਾਸੇ ਨੂੰ ਲੁੜ੍ਹਕ ਗਈ। ਬੱਚਿਆਂ ਨੇ ਫੁਰਤੀ ਵਰਤੀ, ਜਿਵੇਂ ਉਨ੍ਹਾਂ ਨੂੰ ਸਭ ਕੁਝ ਪਹਿਲਾਂ ਹੀ ਪਤਾ ਹੋਵੇ; ਝੱਟ ਐਂਬੂਲੈਂਸ ਸੱਦ ਲਈ। ਨਾਲ ਹੀ ਆਪਣੇ ਮੰਮੀ ਡੈਡੀ ਨੂੰ ਫੋਨ ਖੜਕਾ ਦਿੱਤੇ।
ਜਦੋਂ ਕੁਲਦੀਪ ਘਰ ਪਹੁੰਚਿਆ, ਉਦੋਂ ਤੱਕ ਐਂਬੂਲੈਂਸ ਬੇਜੀ ਨੂੰ ਲੈ ਕੇ ਜਾ ਚੁੱਕੀ ਸੀ। ਉਹ ਵੀ ਮਗਰ ਹੀ ਚੱਲ ਪਿਆ। ਪਿੰਦਰ ਦੇ ਘਰ ਅੱਪੜਨ ਤੋਂ ਝੱਟ ਕੁ ਬਾਅਦ ਦੋ ਤਿੰਨ ਗੁਆਂਢਣਾਂ, ਜਿਨ੍ਹਾਂ ਨੇ ਐਂਬੂਲੈਂਸ ਇਨ੍ਹਾਂ ਦੇ ਘਰ ਅੱਗੇ ਖੜ੍ਹੀ ਦੇਖ ਲਈ ਸੀ, ਖ਼ਬਰ ਲਈ ਆ ਗਈਆਂ। ਬੇਜੀ ਦੀ ਸਿਹਤ ਵਿਚ ਆਏ ਵਿਗਾੜ ਬਾਰੇ ਪਿੰਦਰ ਨੂੰ ਜਿੰਨਾ ਕੁ ਬੱਚਿਆਂ ਪਾਸੋਂ ਪਤਾ ਲੱਗਾ, ਉਹ ਦੱਸੀ ਜਾ ਰਹੀ ਸੀ। ਗੁਆਂਢਣਾਂ ਆਖ ਰਹੀਆਂ ਸਨ:
– ਬਈ ਕੁਛ ਪਤਾ ਨਹੀਂ ਲਗਦਾ ਦਾਤੇ ਦੇ ਰੰਗਾਂ ਦਾ। ਬੇਜੀ ਇੰਨੀ ਚੰਗੀ, ਉੱਤੋਂ ਬਿਪਤਾ ਕੀ ਆ ਪਈ।
– ਕੋਈ ਭਗਤਣੀ ਆਂ ਕੁਲਦੀਪ ਕੀ ਮਾਈ ਤਾਂ, ਨਾ ਕਿਸੇ ਨੂੰ ਮੰਦਾ ਬੋਲਦੀ ਆ, ਨਾ ਕਿਸੇ ਨਾਲ ਮੰਦਾ ਵਰਤਦੀ ਆ।
– ਊਂ ਕਹੀ ਭਾਵੇਂ ਕੋਈ ਕੁਛ ਵੀ ਜਾਵੇ, ਹੈ ਮਾਈ ਸੁੱਤੇ ਉੱਠਦਿਆਂ ਨਾਂ ਲੈਣ ਵਾਲੀ।
– ਬਈ ਸ਼ਾਬਾਸ਼ੇ ਪਿੰਦਰ ਦੇ, ਜਿਹੜੀ ਆਪਣੀ ਸੱਸ ਨੂੰ ਮਾਂ ਆਂਗੂੰ ਰੱਖਦੀ ਐ। ਮਹਿੰਦੀਪੁਰ ਆਲਿਆਂ ਦੀ ਮਿੰਦੋ ਨੇ ਆਪਣੀ ਬੁੜ੍ਹੀ ਬੇਸਮੈਂਟ ਵਿਚ ਤਾੜ ਰੱਖੀ; ਤਿੰਨਾਂ ਚਹੁੰ ਸਾਲਾਂ ਮਗਰੋਂ ਬੱਸ ਜੀ, ਹੱਡੀਆਂ ਈ ਬਾਹਰ ਆਈਆਂ ਬੁੜ੍ਹੀ ਦੀਆਂ।
– ਇਕ ਮਿੰਦੋ ਕੀ, ਇੱਥੇ ਕਈ ਮਿੰਦੋਆਂ ਅਕਲ ਦਾੜ੍ਹਾਂ ਕਢਵਾਈ ਫਿਰਦੀਆਂ ਐਂ। ਦਾਲ ਆਟੇ ਦੇ ਭਾਅ ਦਾ ਪਤਾ ਲੱਗੂ ਉਦੋਂ, ਜਦੋਂ ਬੀਜੀਆਂ ਕਿੱਕਰਾਂ ਦੇ ਕੰਡੇ ਚੁਗਣੇ ਪੈ ਗਏ।
– ਇਨ੍ਹਾਂ ਨੂੰ ਕੋਈ ਪੁੱਛੇ ਬਈ ਜੇ ਅੱਜ ਤੁਸੀਂ ਆਪਣੇ ਬਜ਼ੁਰਗਾਂ ਨੂੰ ਨਹੀਂ ਸੰਭਾਲੋਂਗੀਆਂ ਤਾਂ ਭਲਕ ਨੂੰ ਤੁਹਾਡੇ ਬੱਚੇ ਤੁਹਾਨੂੰ ਸੰਭਾਲਣ ਲੱਗੇ ਆ?
ਪਿੰਦਰ ਹੂੰ ਹਾਂ ਕਰਦੀ ਰਹੀ। ਜਦੋਂ ਗੁਆਂਢਣਾਂ ਉੱਠ ਕੇ ਚਲੀਆਂ ਗਈਆਂ ਅਤੇ ਪਿੰਦਰ ਕਮਰੇ ਵਿਚ ਇਕੱਲੀ ਰਹਿ ਗਈ ਤਾਂ ਉਹ ਅਜੀਬ ਜਿਹੀ ਘੁੰਮਣਘੇਰੀ ਵਿਚ ਘਿਰ ਗਈ। ਕੱਲ੍ਹ ਰਾਤ ਬੇਜੀ ਨਾਲ ਹੋਈਆਂ ਗੱਲਾਂ ਦੀ ਫਿਰਕੀ ਉਸਦੇ ਸਿਰ ਵਿਚ ਘਰਰ-ਘਰਰ ਕਰਨ ਲੱਗੀ। ਬੇਸਮੈਂਟ ਦੀਆਂ ਪੌੜੀਆਂ ਚੜ੍ਹ ਕੇ ਆਈ ਬੇਜੀ ਨੇ ਪਿੰਦਰ ਨੂੰ ਬੜੇ ਲਾਡ ਨਾਲ ਆਖਿਆ ਸੀ, “ਪਿੰਦਰ ਪੁੱਤ! ਕੱਲ੍ਹ ਨੂੰ ਕੰਮ ਤੋਂ ਆਉਂਦੀ ਹੋਈ ਸਟੋਰ ਤੋਂ ਕੁਛ ਫੜੀ ਆਮੀਂ। ਪਤਾ ਨਈਂ ਹੇਠਾਂ ਠੰਢ ਬਹੁਤੀ ਹੋਣ ਕਰਕੇ, ਪਤਾ ਨਈਂ ਪੌੜੀਆਂ ਚੜ੍ਹਨ ਉਤਰਨ ਕਰਕੇ, ਮੇਰੇ ਗੋਡੇ ਬਹੁਤ ਚੀਕਣ ਲੱਗ ਪਏ ਐ।”
ਪਿੰਦਰ ਝਈ ਲੈ ਕੇ ਪੈ ਗਈ ਸੀ, “ਮਾਈ, ਇਹ ਗੋਡੇ ਤੇਰੇ ਨਾ ਠੰਢ ਕਰਕੇ ਚੀਕਦੇ ਐ, ਨਾ ਪੌੜੀਆਂ ਕਰਕੇ ਅਤੇ ਨਾ ਹੀ ਕਿਸੇ ਬਿਮਾਰੀ ਕਰਕੇ; ਇਹ ਚੀਕਦੇ ਐ ਤੇਰੀ ਉਮਰ ਕਰਕੇ। ਤੂੰ ਗੁਰਦੁਆਰੇ ਜਾਨੀਂ ਐਂ, ਉੱਥੇ ਅਰਦਾਸ ਕਰਾਵੀਂ ਭਾਈ ਕੋਲੋਂ। ਸ਼ੈਦ ਰੱਬ ਤੇਰੀ ਸੁਣ ਲਵੇ।”
“ਰੱਬ ਤਾਂ ਮੇਰੀਆਂ ਸਾਰੀਆਂ ਸੁਣਦਾ ਐ ਪੁੱਤ! ਕਿਹੜੀ ਗੱਲ ਦਾ ਘਾਟਾ ਐ ਮੈਨੂੰ? ਨੂੰਹਾਂ, ਪੁੱਤ, ਪੋਤੇ, ਪੋਤੀਆਂ …ਕੀ ਲਕੋਇਆ ਐ ਰੱਬ ਨੇ ਮੈਥੋਂ?”
“ਮਾਈ, ਅੱਖਾਂ ਖੋਲ੍ਹ! ਆਸੇ ਪਾਸੇ ਝਾਤੀ ਮਾਰ। ਦੇਖ, ਹੈ ਤੇਰੀ ਉਮਰ ਦੀ ਕੋਈ ਬੁੜ੍ਹੀ ਕਿਸੇ ਘਰ ਵਿਚ ਹੱਡ ਰਗੜਾਉਂਦੀ ਦਿਸਦੀ?”
ਬੇਜੀ ਦੇ ਕਾਲਜੇ ਦਾ ਰੁੱਗ ਭਰਿਆ ਗਿਆ, ਪਰ ਉਹਨੇ ਸੀ ਨਹੀਂ ਕੀਤੀ।
ਪਿੰਦਰ ਨੂੰ ਭੁਚੱਕਾ ਜਿਹਾ ਲੱਗਿਆ, ਜਿਵੇਂ ਬੇਜੀ ਨੇ ਆਖਿਆ ਹੋਵੇ, “ਰੱਬ ਦੀਏ ਬੰਦੀਏ! ਮੇਰੇ ਨਾਲ ਕੀਤੀਆਂ ਤੇਰੇ ਅੱਗੇ ਆਉਣਗੀਆਂ।” ਉਹਨੇ ਪੁੱਛਿਆ, “ਮਾਈ, ਕੀ ਕਿਹਾ?”
“ਕੁਛ ਨਈਂ ਪੁੱਤ! ਮੈਂ ਤਾਂ ਕੁਛ ਨਈਂ ਕਿਹਾ।” ਬੇਜੀ ਨੇ ਜਵਾਬ ਦਿੱਤਾ ਸੀ ਅਤੇ ਫਿਰ ਕੰਧ ਨਾਲ ਲੱਗੇ ਡੰਡੇ ਨੂੰ ਹੱਥ ਪਾ ਕੇ ਹੌਲੀ ਹੌਲੀ ਪੌੜੀਆਂ ਉਤਰ ਗਈ ਸੀ।
ਇਨ੍ਹਾਂ ਬੋਲਾਂ ਨੇ ਕੱਲ੍ਹ ਸਾਰੀ ਰਾਤ ਪਿੰਦਰ ਦਾ ਖਹਿੜਾ ਨਹੀਂ ਛੱਡਿਆ। ਅੱਜ ਸਾਰਾ ਦਿਨ ਵੀ ਉਹ ਇਸੇ ਉਧੇੜ-ਬੁਣ ਵਿਚ ਉਲਝੀ ਰਹੀ। ਉਹਦੇ ਅੰਦਰੋਂ ਅਵਾਜ਼ ਉੱਭਰੀ, “ਕੁੜੇ ਪਿੰਦਰ ਤੱਤੜੀਏ! ਤੈਨੂੰ ਹਰ ਵੇਲੇ ਲੂਹਣੀ ਜਿਹੀ ਕਿਉਂ ਲੱਗੀ ਰਹਿੰਦੀ ਐ? ਕਿਉਂ ਚੰਡਾਲ ਚੜ੍ਹਿਆ ਰਹਿੰਦਾ ਐ ਤੈਨੂੰ ਅੱਠੋ ਪਹਿਰ? ਤੇਰੇ ਨਿਆਣੇ ਪਲ ਗਏ ਐ; ਇਹਦਾ ਮਤਲਬ ਇਹ ਤਾਂ ਨਹੀਂ ਬਈ ਤੂੰ ਹੁਣ ਬੁੱਢੜੀ ਦੀ ਜਾਨ ਦਾ ਖੌ ਬਣ ਜਾਵੇਂ। ਜੇ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈ ਗਈਆਂ, ਫੇਰ?”
ਪਿੰਦਰ ਨੂੰ ਝੁਣਝੁਣੀ ਆ ਗਈ। ਉਹਦਾ ਸਾਹ ਸੁੱਕਣ ਲੱਗਾ। ਉੱਠ ਕੇ ਉਹਨੇ ਪਾਣੀ ਦਾ ਗਲਾਸ ਪੀਤਾ ਅਤੇ ਬੈੱਡਰੂਮ ਵਿਚ ਜਾ ਕੇ ਬਿਸਤਰੇ ਉੱਤੇ ਲੇਟ ਗਈ। ਆਪਣੇ ਸੁਭਾਅ ਵਿਚ ਆਏ ਚਿੜਚਿੜੇਪਣ ਦਾ ਲੇਖਾ-ਜੋਖਾ ਕਰਨ ਲੱਗੀ। ਕਿੰਨਾ ਹੀ ਚਿਰ ਉਲਝੀ ਰਹੀ। ਮੈਟਰਸ ਦੀਆਂ ਸਿਉਣਾਂ ਪਿੱਠ ਵਿਚ ਚੁੱਭਣ ਲੱਗੀਆਂ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਦਾ ਬਿਸਤਰਾ ਤਾਂ ਉੱਥੇ ਹੈ ਹੀ ਨਹੀਂ ਸੀ। ਨਵੇਂ ਨਵੇਂ ਚੋਜ, ਨਵੇਂ ਨਵੇਂ ਚੋਚਲੇ ਕਰਨ ਗਿੱਝੇ ਬੱਚੇ ਘਰ ਦੇ ਹੋਰ ਸਾਮਾਨ ਦੀ ਧੂਹ-ਘਸੀਟ ਤਾਂ ਕਰਦੇ ਹੀ ਰਹਿੰਦੇ ਸਨ, ਪਰ ਪਿੰਦਰ ਦੇ ਬਿਸਤਰੇ ਦੀ ਵਰਤੋਂ ਉਨ੍ਹਾਂ ਨੇ ਅੱਜ ਪਹਿਲੀ ਵਾਰ ਕੀਤੀ ਸੀ। ਪਿੰਦਰ ਨੇ ਬੱਚਿਆਂ ਨੂੰ ਆਵਾਜ਼ ਮਾਰੀ। ਕੋਈ ਹੁੰਗਾਰਾ ਨਾ ਮਿਲਿਆ ਤਾਂ ਉੱਠ ਕੇ ਉਨ੍ਹਾਂ ਦੇ ਕਮਰਿਆਂ ਵਿਚ ਦੇਖਣ ਚਲੀ ਗਈ। ਬੱਚੇ ਉੱਥੇ ਵੀ ਨਹੀਂ ਸਨ। ਬੇਸਮੈਂਟ ਦੀਆਂ ਪੌੜੀਆਂ ਲਾਗੇ ਗਈ ਤਾਂ ਉਸ ਨੂੰ ਹੇਠਾਂ ਬੇਸਮੈਂਟ ਵਿੱਚ ਘੁਸਰ ਮੁਸਰ ਹੁੰਦੀ ਸੁਣਾਈ ਦਿੱਤੀ। ਹੰਭੀ ਹਾਰੀ ਜਿਹੀ ਉਹ ਡੰਡਾ ਫੜ ਕੇ ਪੌੜੀਆਂ ਹੇਠਾਂ ਉਤਰ ਗਈ। ਬੇਸਮੈਂਟ ਵਿੱਚ ਆਪਣਾ ਬਿਸਤਰਾ ਬੇਜੀ ਦੇ ਬੈੱਡ ਉੱਤੇ ਵਿਛਿਆ ਹੋਇਆ ਦੇਖ ਕੇ ਪਿੰਦਰ ਦਾ ਸਿਰ ਭੰਬੀਰੀ ਵਾਂਗ ਘੁੰਮਣ ਲੱਗ ਪਿਆ। ਉਸ ਨੂੰ ਹੇਠਾਂ ਆਈ ਦੇਖ ਕੇ ਰਿੰਪੀ ਬੇਜੀ ਵਾਲੀ ਸੋਟੀ ਹੱਥ ਵਿਚ ਫੜ ਕੇ, ਉਨ੍ਹਾਂ ਵਾਂਗ ਕੁੱਬੀ ਜਿਹੀ ਹੋ ਕੇ ਖੜ੍ਹ ਗਈ ਅਤੇ ਬੇਜੀ ਵਾਂਗ ਹੀ ਰੁਕ ਰੁਕ ਕੇ ਟੋਨੀ ਨੂੰ ਬੋਲੀ, “ਵੇ… ਵੇ ਇਹ ਤੈਂ ਕੀ ਕੀਤਾ?”
ਟੋਨੀ ਨੇ ਆਪਣੇ ਡੈਡੀ ਵਾਲੇ ਰੰਗ-ਢੰਗ ਵਿਚ ਉੱਤਰ ਦਿੱਤਾ, “ਮਾਈ, ਤੇਰਾ ਬੈੱਡਰੂਮ ਹੁਣ ਇਹੋ ਐ। ਮੇਰੇ ਬੱਚੇ ਹੁਣ ਵੱਡੇ ਹੋ ਗਏ ਐ। ਉਨ੍ਹਾਂ ਨੂੰ ਆਪਣੇ ਆਪਣੇ ਕਮਰੇ ਚਾਹੀਦੇ ਐ।”
“ਨਹੀਂ! ਨਹੀਂ!! ਨਹੀਂ!!!” ਪਿੰਦਰ ਚੀਕ ਪਈ। ਉਸ ਤੋਂ ਇਹ ਦ੍ਰਿਸ਼ ਦੇਖਿਆ ਨਾ ਗਿਆ।
ਉਸ ਨੂੰ ਰੋਣਹਾਕੀ ਹੋਈ ਦੇਖ ਕੇ ਬੱਚੇ ਬੋਲੇ, “ਮੰਮ, ਅਸੀਂ ਤਾਂ ਤੈਨੂੰ ਹੈਪੀ ਕਰਨ ਲਈ ਇਹ ਕੁਛ ਕਰ ਰਹੇ ਸੀ, ਤੂੰ ਅਪਸੈੱਟ ਕਿਉਂ ਹੋ ਗਈ?”
ਪਿੰਦਰ ਬੁੜਬੁੜਾਉਣ ਲੱਗੀ। ਜਿਹੜੀ ਗੱਲ ਦੇ ਸੰਸੇ ਨੇ ਕੱਲ੍ਹ ਰਾਤ ਤੋਂ ਉਸ ਨੂੰ ਉਪਰਾਮ ਕੀਤਾ ਹੋਇਆ ਸੀ, ਉਹੀ ਕੁਝ ਅੱਖਾਂ ਸਾਹਮਣੇ ਹੁੰਦਾ ਦੇਖ ਕੇ ਪਿੰਦਰ ਦੀਆਂ ਭੌਣੀਆਂ ਭੌਂ ਗਈਆਂ। ਮੱਥਾ ਫੜ ਕੇ ਉਹ ਬੈੱਡ ਉੱਤੇ ਬਹਿ ਗਈ।
ਬਾਹਰ ਵਾਲਾ ਦਰਵਾਜ਼ਾ ਖੁੱਲ੍ਹਣ ਦੀ ਬਿੜਕ ਸੁਣ ਕੇ ਪਿੰਦਰ ਦੀ ਬਿਰਤੀ ਉੱਖੜ ਗਈ। ਸੋਚਾਂ ਵਿੱਚੋਂ ਨਿਕਲੀ ਤਾਂ ਅਹਿਸਾਸ ਹੋਇਆ ਕਿ ਕੁਲਦੀਪ ਹਸਪਤਾਲ ਤੋਂ ਪਰਤ ਆਇਆ ਸੀ। ਹਿੰਮਤ ਜੁਟਾ ਕੇ ਉਹ ਹੌਲੀ ਹੌਲੀ ਪੌੜੀਆਂ ਚੜ੍ਹ ਗਈ, ਕੁਲਦੀਪ ਨੂੰ ਪੁੱਛਣ ਲੱਗੀ, “ਕਿੱਦਾਂ ਐ ਬੇਜੀ ਹੁਣ?”
“ਊਂ ਤਾਂ ਠੀਕ ਐ,” ਕੁਲਦੀਪ ਦੱਸਣ ਲੱਗਾ, “ਪਰ ਅਜੇ ਚੰਗੀ ਤਰ੍ਹਾਂ ਬੋਲਦੀ ਨਹੀਂ। ਨਾ ਹੀ ਕੁਛ ਖਾਂਦੀ ਪੀਂਦੀ ਐ। ਅੱਖਾਂ ਝਮਕਦੀ ਐ, ਹੌਲੀ ਹੌਲੀ। ਗੁਲੂਕੋਸ ਲੱਗਾ ਐ। ਮੈਂ ਰਾਤ ਉਹਦੇ ਕੋਲ ਰਹਿਣ ਲਈ ਪੁੱਛਿਆ ਸੀ, ਹਸਪਤਾਲ ਵਾਲੇ ਮੰਨ ਗਏ ਐ।”
“ਜੇ ਬੱਚਿਆਂ ਕੋਲ ਤੁਸੀਂ ਰਹਿ ਲਵੋਂ ਤਾਂ ਬੇਜੀ ਕੋਲ ਮੈਂ ਚਲੀ ਜਾਵਾਂ…।” ਪਿੰਦਰ ਬੋਲੀ।
“ਜਿਵੇਂ ਤੇਰੀ ਮਰਜ਼ੀ।” ਕੁਲਦੀਪ ਨੇ ਉੱਤਰ ਦਿੱਤਾ।
ਝਟਪਟ ਰੋਟੀ-ਟੁੱਕ ਦਾ ਕੰਮ ਮੁਕਾ ਕੇ ਪਿੰਦਰ ਹਸਪਤਾਲ ਪਹੁੰਚ ਗਈ। ਕਮਰੇ ਵਿਚ ਪਹੁੰਚੀ ਤਾਂ ਉਹਨੇ ਦੇਖਿਆ ਕਿ ਇਸ ਵੇਲੇ ਬੇਜੀ ਦਾ ਸੰਘ ਬਹੁਤ ਸੁੱਕ ਰਿਹਾ ਸੀ। ਨਰਸ ਥੋੜ੍ਹੀ ਥੋੜ੍ਹੀ ਦੇਰ ਬਾਅਦ ਆਉਂਦੀ, ਇਕ ਦੋ ਘੁੱਟ ਜੂਸ ਦੇ ਪਿਲਾ ਜਾਂਦੀ। ਫਿਰ ਇਹ ਡਿਊਟੀ ਪਿੰਦਰ ਨੇ ਸੰਭਾਲ ਲਈ। ਹੌਲੀ ਹੌਲੀ ਬੇਜੀ ਦੇ ਚਿਹਰੇ ਉੱਤੇ ਰੌਣਕ ਪਰਤਣ ਲੱਗੀ ਜਿਵੇਂ ਨੂੰਹ ਦੀ ਆਮਦ ਨੇ ਕੋਈ ਕ੍ਰਿਸ਼ਮਾ ਕਰ ਦਿੱਤਾ ਹੋਵੇ।
ਪਿੰਦਰ ਕਿੰਨਾ ਹੀ ਚਿਰ ਗੀਟੀਆਂ ਗਿਣਦੀ ਰਹੀ ਤੇ ਅਖੀਰ ਬੇਜੀ ਦੇ ਕੰਨ ਕੋਲ ਮੂੰਹ ਕਰ ਕੇ ਪੁੱਛਣ ਲੱਗੀ, “ਬੇਜੀ, ਕੱਲ੍ਹ ਤੁਹਾਨੂੰ ਮੈਂ ਇੰਨਾ ਅਵਾ-ਤਵਾ ਬੋਲਿਆ, ਤੁਸੀਂ ਮੈਨੂੰ ਕੁਛ ਕਿਹਾ ਕਿਉਂ ਨਹੀਂ?”
“ਪੁੱਤ! …ਕਾਲਜੇ ਵਿੱਚੋਂ ਹੂਕ … ਤਾਂ ਉੱਠੀ ਸੀ।” ਉੱਖੜੇ ਜਿਹੇ ਸਾਹ ਲੈਂਦੀ ਬੇਜੀ ਆਖਣ ਲੱਗੀ, “ਪਰ ਮੈਂ ਹਲ਼ਕ ਤੋਂ ਹੇਠਾਂ ਈ ਨੱਪ ਲਈ।”
“ਉਹ ਕਿਉਂ ਬੇਜੀ?”
“ਦੇਖ ਪੁੱਤ… ਮੈਂ ਦੁਖਿਆਰੀ ਦੇ ਮੂੰਹੋਂ ਕੋਈ ਭਾਖਿਆ ਨਿਕਲ ਜਾਂਦੀ… ਤੇ ਉਹ ਪੂਰੀ ਹੋ ਜਾਂਦੀ… ਦੱਸ, ਮੈਂ ਆਪਣੇ ਜਿਗਰ ਦੇ ਟੁਕੜਿਆਂ ਨੂੰ ਰੁਲਦੇ ਕਿਵੇਂ ਦੇਖ ਸਕਦੀ ਸੀ?”
ਡੂੰਘਾ ਜਿਹਾ ਸਾਹ ਲੈ ਕੇ ਪਿੰਦਰ ਆਖਣ ਲੱਗੀ, “ਬੇਜੀ, ਸੱਚ ਜਾਣਿਓਂ… ਤੁਹਾਡੇ ਕਾਲਜੇ ਵਿੱਚੋਂ ਉੱਠੀ ਹੂਕ ਮੈਨੂੰ ਸੁਣ ਗਈ ਸੀ। ਉਸ ਹੂਕ ਨੇ ਮੇਰੀਆਂ ਅੱਖਾਂ ਉੱਤੋਂ ‘ਮੈਂ, ਮੇਰਾ ਘਰ, ਮੇਰੇ ਬੱਚੇ’ ਵਾਲੀ ਪੱਟੀ ਲਾਹ ਦਿੱਤੀ ਐ। ਹੁਣ ਜਦੋਂ ਆਪਾਂ ਘਰ ਜਾਵਾਂਗੇ, ਉੱਥੇ ਅਸੀਂ, ਸਾਡਾ ਘਰ ਅਤੇ ਸਾਡੇ ਬੱਚੇ ਹੋਣਗੇ।”
ਹੁਲਾਸ ਵਿਚ ਆਈ ਬੇਜੀ ਨੇ ਆਪਣਾ ਹੱਥ ਹੌਲੀ-ਹੌਲੀ ਉਤਾਂਹ ਚੁੱਕਿਆ ਅਤੇ ਪਿੰਦਰ ਦੇ ਸਿਰ ਉੱਤੇ ਰੱਖ ਦਿੱਤਾ।