DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਯੂਰੋਪ ਵਿੱਚ ਭਲਕ ਤੋਂ ਸਜੇਗਾ ਹਾਕੀ ਦਾ ਮਹਾਕੁੰਭ

ਹਾਕੀ ਵਿਸ਼ਵ ਕੱਪ ਦੇ ਜਨਮਦਾਤੇ ਯੂਰੋਪ ਵਿੱਚ ਇਸ ਵਾਰ ਫਿਰ ਹਾਕੀ ਦਾ ਮਹਾਕੁੰਭ ਸਜਣ ਜਾ ਰਿਹਾ ਹੈ। ਬੈਲਜੀਅਮ ਤੇ ਹਾਲੈਂਡ ਦੀ ਸਹਿ-ਮੇਜ਼ਬਾਨੀ ਵਿੱਚ 14 ਅਗਸਤ ਤੋਂ 30 ਅਗਸਤ ਤੱਕ ਹਾਕੀ ਵਿਸ਼ਵ ਕੱਪ ਖੇਡਿਆ ਜਾਵੇਗਾ। ਇਤਿਹਾਸ ਵਿੱਚ ਦੂਜੀ ਵਾਰ ਪੁਰਸ਼ਾਂ ਤੇ...

  • fb
  • twitter
  • whatsapp
  • whatsapp
Advertisement

ਹਾਕੀ ਵਿਸ਼ਵ ਕੱਪ ਦੇ ਜਨਮਦਾਤੇ ਯੂਰੋਪ ਵਿੱਚ ਇਸ ਵਾਰ ਫਿਰ ਹਾਕੀ ਦਾ ਮਹਾਕੁੰਭ ਸਜਣ ਜਾ ਰਿਹਾ ਹੈ। ਬੈਲਜੀਅਮ ਤੇ ਹਾਲੈਂਡ ਦੀ ਸਹਿ-ਮੇਜ਼ਬਾਨੀ ਵਿੱਚ 14 ਅਗਸਤ ਤੋਂ 30 ਅਗਸਤ ਤੱਕ ਹਾਕੀ ਵਿਸ਼ਵ ਕੱਪ ਖੇਡਿਆ ਜਾਵੇਗਾ। ਇਤਿਹਾਸ ਵਿੱਚ ਦੂਜੀ ਵਾਰ ਪੁਰਸ਼ਾਂ ਤੇ ਮਹਿਲਾਵਾਂ ਦਾ ਵਿਸ਼ਵ ਕੱਪ ਇਕੱਠਿਆਂ ਕਰਵਾਇਆ ਜਾ ਰਿਹਾ ਹੈ। ਇਹ ਵੀ ਸੰਯੋਗ ਹੈ ਕਿ ਇਸ ਤੋਂ ਪਹਿਲਾਂ 2014 ਵਿੱਚ ਹਾਲੈਂਡ ਵਿੱਚ ਹੀ 31 ਮਈ ਤੋਂ 15 ਜੂਨ ਤੱਕ ਪੁਰਸ਼ਾਂ ਤੇ ਮਹਿਲਾਵਾਂ ਦਾ ਵਿਸ਼ਵ ਕੱਪ ਇਕੱਠਿਆਂ ਕਰਵਾਇਆ ਗਿਆ ਸੀ। 1998 ਵਿੱਚ ਹਾਲੈਂਡ ਦੇ ਸ਼ਹਿਰ ਉਟਰੇਖਟ ਵਿੱਚ ਤਿੰਨ ਹਫ਼ਤਿਆਂ ਦੇ ਵਕਫ਼ੇ ਨਾਲ ਪੁਰਸ਼ਾਂ ਤੇ ਮਹਿਲਾਵਾਂ ਦਾ ਵਿਸ਼ਵ ਕੱਪ ਕਰਵਾਇਆ ਗਿਆ ਸੀ, ਜਦੋਂ ਕਿ ਬਾਕੀ ਹਰ ਵਾਰ ਵੱਖਰੇ ਸਮੇਂ ਅਤੇ ਸਥਾਨ ’ਤੇ ਵਿਸ਼ਵ ਕੱਪ ਕਰਵਾਏ ਜਾਂਦੇ ਹਨ। ਪੁਰਸ਼ਾਂ ਦਾ ਪਹਿਲਾ ਵਿਸ਼ਵ ਕੱਪ 1971 ਵਿੱਚ ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਕਰਵਾਇਆ ਗਿਆ ਸੀ ਜਦੋਂ ਕਿ ਮਹਿਲਾਵਾਂ ਦੇ ਵਿਸ਼ਵ ਕੱਪ ਦੀ ਸ਼ੁਰੂਆਤ 1974 ਵਿੱਚ ਫਰਾਂਸ ਦੇ ਸ਼ਹਿਰ ਮੈਂਡਲੀਓ ਲਾ ਨਾਪੂਲ ਤੋਂ ਹੋਈ ਸੀ। ਹੁਣ ਪੁਰਸ਼ਾਂ ਤੇ ਮਹਿਲਾਵਾਂ ਦਾ 16ਵਾਂ ਵਿਸ਼ਵ ਕੱਪ ਬੈਲਜੀਅਮ ਦੇ ਸ਼ਹਿਰ ਵੇਵਰੇ ਤੇ ਹਾਲੈਂਡ ਦੇ ਸ਼ਹਿਰ ਐਮਸਟਲਵੀਨ ਵਿੱਚ ਕਰਵਾਇਆ ਜਾ ਰਿਹਾ ਹੈ। ਭਾਰਤ ਤੋਂ ਬਾਅਦ ਹਾਲੈਂਡ ਦੂਜਾ ਮੁਲਕ ਬਣ ਜਾਵੇਗਾ ਜੋ ਚੌਥੀ ਵਾਰ ਪੁਰਸ਼ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਜਦੋਂ ਕਿ ਮਹਿਲਾ ਵਰਗ ਵਿੱਚ ਹਾਲੈਂਡ ਚੌਥੀ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲਾ ਪਹਿਲਾ ਦੇਸ਼ ਬਣੇਗਾ।

ਪੁਰਸ਼ ਵਿਸ਼ਵ ਕੱਪ ਬਾਰੇ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ 1971 ਵਿੱਚ ਬਾਰਸੀਲੋਨਾ ਵਿੱਚ ਹੋਈ ਸੀ। ਵਿਸ਼ਵ ਕੱਪ ਦੀ ਸ਼ੁਰੂਆਤ ਅਤੇ ਇਸ ਦੀ ਜੇਤੂ ਟਰਾਫੀ ਨੂੰ ਬਣਾਉਣ ਦਾ ਸਿਹਰਾ ਪਾਕਿਸਤਾਨ ਸਿਰ ਜਾਂਦਾ ਹੈ। 1971 ਤੋਂ ਪਹਿਲਾਂ ਹਾਕੀ ਵਿੱਚ ਸਰਦਾਰੀ ਸਿਰਫ਼ ਓਲੰਪਿਕ ਖੇਡਾਂ ਜ਼ਰੀਏ ਹੀ ਹੁੰਦੀ ਸੀ। 1971 ਤੋਂ ਬਾਅਦ ਹਾਕੀ ਵਿੱਚ ਬਾਦਸ਼ਾਹਤ ਦੇ ਦੋ ਪੈਮਾਨੇ ਹਨ, ਇੱਕ ਓਲੰਪਿਕ ਖੇਡਾਂ ਤੇ ਦੂਜਾ ਵਿਸ਼ਵ ਕੱਪ। ਜਿੱਥੇ ਫੁੱਟਬਾਲ ਵਿੱਚ ਸਿਰਫ਼ ਵਿਸ਼ਵ ਕੱਪ ਹੀ ਅਹਿਮੀਅਤ ਰੱਖਦਾ ਹੈ ਉੱਥੇ ਹਾਕੀ ਵਿੱਚ ਓਲੰਪਿਕਸ ਤੇ ਵਿਸ਼ਵ ਕੱਪ ਦੋਵੇਂ ਬਰਾਬਰ ਮਹੱਤਤਾ ਵਾਲੇ ਮੁਕਾਬਲੇ ਹਨ। ਹੁਣ ਤੱਕ 15 ਵਾਰ ਵਿਸ਼ਵ ਕੱਪ ਖੇਡੇ ਗਏ ਹਨ। ਪਹਿਲੇ ਚਾਰ ਵਿਸ਼ਵ ਕੱਪ ਬਾਰਸੀਲੋਨਾ-1971, ਐਮਸਟਲਵੀਨ-1973, ਕੁਆਲਾ ਲੰਪੁਰ-1975 ਤੇ ਬਿਊਨਸ ਆਇਰਸ-1978 ਦੋ ਜਾਂ ਤਿੰਨ ਸਾਲਾਂ ਦੇ ਵਕਫ਼ੇ ਬਾਅਦ ਕਰਵਾਏ ਜਾਂਦੇ ਰਹੇ। 1982 ਦੇ ਬੰਬਈ ਵਿਸ਼ਵ ਕੱਪ ਤੋਂ ਬਾਅਦ ਹਾਕੀ ਦਾ ਮਹਾਕੁੰਭ ਹਰ ਚਾਰ ਸਾਲ ਬਾਅਦ ਜੁੜਦਾ ਹੈ ਪਰ ਇਸ ਵਾਰ ਤਿੰਨ ਸਾਲ ਬਾਅਦ ਜੁੜ ਰਿਹਾ ਹੈ ਕਿਉਂਕਿ ਪਿਛਲਾ ਵਿਸ਼ਵ ਕੱਪ 2023 ਵਿੱਚ ਓੜੀਸ਼ਾ ਵਿੱਚ ਕਰਵਾਇਆ ਗਿਆ ਸੀ। ਉਦੋਂ ਵੀ ਇਹ ਵਿਸ਼ਵ ਕੱਪ ਪੰਜ ਸਾਲਾਂ ਬਾਅਦ ਕਰਵਾਇਆ ਗਿਆ ਸੀ। ਉਸ ਤੋਂ ਪਹਿਲਾਂ ਵਿਸ਼ਵ ਕੱਪ 2018 ਵਿੱਚ ਭੁਬਨੇਸ਼ਵਰ ਵਿੱਚ ਕਰਵਾਇਆ ਗਿਆ ਸੀ। ਭਾਰਤ ਨੇ 1982, 2010, 2018 ਤੇ 2023 ਵਿੱਚ ਚਾਰ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਅਤੇ ਹਾਲੈਂਡ ਨੇ ਤਿੰਨ ਵਾਰ (ਐਮਸਟਲਵੀਨ-1973, ਉਟਰੇਖਟ-1998 ਤੇ ਹੇਗ-2014) ਮੇਜ਼ਬਾਨੀ ਕੀਤੀ। ਮਲੇਸ਼ੀਆ ਨੇ ਦੋ ਵਾਰ (ਕੁਆਲਾ ਲੰਪੁਰ ਵਿੱਚ 1975 ਤੇ 2002) ਅਤੇ ਸਪੇਨ (ਬਾਰਸੀਲੋਨਾ-1971), ਅਰਜਨਟੀਨਾ (ਬਿਊਨਸ ਆਇਰਸ-1978), ਇੰਗਲੈਂਡ (ਲੰਡਨ-1986), ਪਾਕਿਸਤਾਨ (ਲਾਹੌਰ-1990), ਆਸਟਰੇਲੀਆ (ਸਿਡਨੀ-1994) ਤੇ ਜਰਮਨੀ (ਮੋਨਚਗਲੇਬਾਚ-2006) ਨੇ ਇੱਕ-ਇੱਕ ਵਾਰ ਵਿਸ਼ਵ ਕੱਪ ਕਰਵਾਇਆ ਹੈ। ਬੈਲਜੀਅਮ ਵੀ ਐਤਕੀਂ ਸਹਿ-ਮੇਜ਼ਬਾਨੀ ਨਾਲ ਪਹਿਲੀ ਵਾਰ ਵਿਸ਼ਵ ਕੱਪ ਕਰਵਾ ਰਿਹਾ ਹੈ।

Advertisement

1971 ਵਿੱਚ ਪਹਿਲੇ ਵਿਸ਼ਵ ਕੱਪ ਵਿੱਚ 10 ਟੀਮਾਂ, 1978 ਵਿੱਚ ਚੌਥੇ ਵਿਸ਼ਵ ਕੱਪ ਵਿੱਚ 14 ਟੀਮਾਂ, 2002, 2018 ਤੇ 2023 ਵਿੱਚ 16-16 ਟੀਮਾਂ ਖੇਡੀਆਂ ਜਦੋਂ ਕਿ ਬਾਕੀ ਹਰ ਵਾਰ 12-12 ਟੀਮਾਂ ਹੀ ਖੇਡਦੀਆਂ ਰਹੀਆਂ। ਇਸ ਵਾਰ ਵੀ 16 ਟੀਮਾਂ ਖੇਡ ਰਹੀਆਂ ਹਨ। ਹੁਣ ਤੱਕ 27 ਮੁਲਕਾਂ ਨੇ ਵੱਖ-ਵੱਖ ਵਿਸ਼ਵ ਕੱਪਾਂ ਵਿੱਚ ਹਿੱਸਾ ਲਿਆ ਹੈ। ਵਿਸ਼ਵ ਕੱਪ ਵਿੱਚ ਸਰਦਾਰੀ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਪਾਕਿਸਤਾਨ ਨੇ ਚਾਰ ਵਾਰ ਵਿਸ਼ਵ ਕੱਪ ਜਿੱਤਿਆ ਹੈ। ਇਸ ਤੋਂ ਬਾਅਦ ਹਾਲੈਂਡ, ਆਸਟਰੇਲੀਆ ਤੇ ਜਰਮਨੀ ਨੇ ਤਿੰਨ-ਤਿੰਨ, ਅਤੇ ਭਾਰਤ ਤੇ ਬੈਲਜੀਅਮ ਨੇ ਇੱਕ-ਇੱਕ ਵਾਰ ਵਿਸ਼ਵ ਕੱਪ ਜਿੱਤਿਆ ਹੈ। ਭਾਰਤ ਨੇ ਪਹਿਲੇ ਵਿਸ਼ਵ ਕੱਪ 1971 ਵਿੱਚ ਕਾਂਸੀ, 1973 ਵਿੱਚ ਚਾਂਦੀ ਅਤੇ 1975 ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਸੀ। ਉਸ ਤੋਂ ਬਾਅਦ ਭਾਰਤ ਦਾ ਬਿਹਤਰੀਨ ਪ੍ਰਦਰਸ਼ਨ ਸਿਰਫ਼ ਪੰਜਵੀਂ ਪੁਜੀਸ਼ਨ ਹੀ ਰਿਹਾ ਹੈ, ਜੋ ਕਿ ਭਾਰਤ ਨੇ 1982 ਤੇ 1994 ਵਿੱਚ ਹਾਸਲ ਕੀਤਾ ਸੀ। 2023 ਵਿੱਚ ਪਿਛਲੇ ਵਿਸ਼ਵ ਕੱਪ ਵਿੱਚ ਭਾਰਤ ਨੌਵੇਂ ਸਥਾਨ ਉੱਤੇ ਆਇਆ ਸੀ। 2021 ਵਿੱਚ ਟੋਕੀਓ ਓਲੰਪਿਕ ਖੇਡਾਂ ਤੇ 2024 ਵਿੱਚ ਪੈਰਿਸ ਓਲੰਪਿਕਸ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਭਾਰਤੀ ਹਾਕੀ ਟੀਮ ਤੋਂ ਇਸ ਵਾਰ ਵਿਸ਼ਵ ਕੱਪ ਵਿੱਚ ਵੱਡੀਆਂ ਆਸਾਂ ਹਨ। ਹਾਕੀ ਪ੍ਰੇਮੀਆਂ ਨੂੰ ਬਹੁਤ ਆਸ ਹੈ ਕਿ ਅਜੀਤਪਾਲ ਸਿੰਘ ਦੀ ਕਪਤਾਨੀ ਹੇਠ 1975 ਵਿੱਚ ਕੁਆਲਾ ਲੰਪੁਰ ਵਿੱਚ ਜੋ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਸੀ, ਉਸ ਨੂੰ ਇਸ ਵਾਰ ਦੁਹਰਾਇਆ ਜਾਵੇ । ਇਸ ਵਾਰ ਵੀ ਭਾਰਤੀ ਟੀਮ ਦੀ ਕਪਤਾਨੀ ਹਰਮਨਪ੍ਰੀਤ ਸਿੰਘ ਕੋਲ ਹੈ ਅਤੇ ਉਹ ਅਜੀਤਪਾਲ ਸਿੰਘ ਤੋਂ ਬਾਅਦ ਦੂਜਾ ਭਾਰਤੀ ਖਿਡਾਰੀ ਹੋਵੇਗਾ ਜੋ ਵਿਸ਼ਵ ਕੱਪ ਵਿੱਚ ਦੋ ਵਾਰ ਭਾਰਤ ਦੀ ਕਪਤਾਨੀ ਕਰੇਗਾ। ਭਾਰਤੀ ਟੀਮ ਵਿੱਚ ਸ਼ਾਮਲ ਮਨਪ੍ਰੀਤ ਸਿੰਘ ਪੂਰੇ ਵਿਸ਼ਵ ਕੱਪ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਹੈ ਜੋ ਕਿ ਹੁਣ ਤੱਕ 417 ਕੌਮਾਂਤਰੀ ਮੈਚ ਖੇਡ ਚੁੱਕਾ ਹੈ। ਹਰਮਨਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਸਮੇਤ 8 ਖਿਡਾਰੀ ਪੰਜਾਬ ਤੋਂ ਹਨ। ਮਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਆਪਣਾ ਚੌਥਾ ਵਿਸ਼ਵ ਕੱਪ ਖੇਡ ਰਹੇ ਹਨ। ਵਿਸ਼ਵ ਕੱਪ ਵਿੱਚ 16 ਟੀਮਾਂ ਨੂੰ ਚਾਰ ਪੂਲਾਂ ਵਿੱਚ ਵੰਡਿਆ ਹੈ। ਭਾਰਤ, ਇੰਗਲੈਂਡ, ਪਾਕਿਸਤਾਨ ਤੇ ਵੇਲਜ਼ ਪੂਲ ਡੀ ਵਿੱਚ ਹਨ। 14 ਤੋਂ 20 ਅਗਸਤ ਤੱਕ ਪੂਲ ਮੈਚ ਖੇਡੇ ਜਾਣਗੇ। ਭਾਰਤ ਤੇ ਵੇਲਜ਼ ਵਿਚਾਲੇ 15 ਅਗਸਤ, ਭਾਰਤ ਤੇ ਇੰਗਲੈਂਡ ਵਿਚਾਲੇ 17 ਅਗਸਤ ਅਤੇ ਭਾਰਤ ਤੇ ਪਾਕਿਸਤਾਨ ਵਿਚਾਲੇ 19 ਅਗਸਤ ਨੂੰ ਮੈਚ ਖੇਡਿਆ ਜਾਵੇਗਾ। ਚਾਰ ਪੂਲਾਂ ਵਿੱਚੋਂ ਸਿਖਰਲੀਆਂ ਦੋ-ਦੋ ਟੀਮਾਂ ਅਗਲੇ ਦੌਰ ਵਿੱਚ ਜਾਣਗੀਆਂ ਜਿੱਥੇ ਅੱਠ ਟੀਮਾਂ ਨੂੰ ਚਾਰ-ਚਾਰ ਕਰਕੇ ਦੋ ਪੂਲਾਂ ਵਿੱਚ ਵੰਡਿਆ ਜਾਵੇਗਾ। ਪੂਲ ਦੇ ਦੂਜੇ ਰਾਊਂਡ ਦੇ ਮੈਚ 21 ਤੋਂ 24 ਅਗਸਤ ਤੱਕ ਖੇਡੇ ਜਾਣਗੇ। ਦੋਵੇਂ ਪੂਲਾਂ ਵਿੱਚੋਂ ਦੋ-ਦੋ ਟੀਮਾਂ ਸੈਮੀਫ਼ਾਈਨਲ ਵਿੱਚ ਪੁੱਜਣਗੀਆਂ ਜਿੱਥੇ 28 ਅਗਸਤ ਨੂੰ ਸੈਮੀਫ਼ਾਈਨਲ, 30 ਅਗਸਤ ਨੂੰ ਫ਼ਾਈਨਲ ਤੇ ਕਾਂਸੀ ਦੇ ਤਗ਼ਮੇ ਦਾ ਮੈਚ ਖੇਡਿਆ ਜਾਵੇਗਾ।

Advertisement

ਮਹਿਲਾ ਵਿਸ਼ਵ ਕੱਪ ਦੀ ਗੱਲ ਕਰੀਏ ਇਸ ਵਿੱਚ ਹਾਲੈਂਡ ਨੇ ਸਭ ਤੋਂ ਵੱਧ 9 ਵਾਰ ਇਹ ਖਿਤਾਬ ਜਿੱਤਿਆ ਹੈ, ਜਦਕਿ ਅਰਜਨਟੀਨਾ, ਆਸਟਰੇਲੀਆ ਤੇ ਜਰਮਨੀ ਨੇ ਦੋ-ਦੋ ਵਾਰ ਜਿੱਤਿਆ ਹੈ। ਭਾਰਤ ਦਾ ਸਰਵੋਤਮ ਪ੍ਰਦਰਸ਼ਨ 1974 ਦੇ ਪਹਿਲੇ ਵਿਸ਼ਵ ਕੱਪ ਵਿੱਚ ਦੇਖਣ ਨੂੰ ਮਿਲਿਆ ਸੀ ਜਦੋਂ ਟੀਮ ਨੇ ਚੌਥਾ ਸਥਾਨ ਹਾਸਲ ਕੀਤਾ ਸੀ। ਟੀਮ 7 ਵਾਰ ਕੁਆਲੀਫਾਈ ਨਹੀਂ ਕਰ ਸਕੀ ਅਤੇ ਪਿਛਲੇ ਵਿਸ਼ਵ ਕੱਪ ਵਿੱਚ ਨੌਵੇਂ ਸਥਾਨ ਉੱਤੇ ਰਹੀ ਸੀ। ਮੌਜੂਦਾ ਟੀਮ ਵਿੱਚ ਗੋਲਕੀਪਰ ਸਵਿਤਾ 313 ਕੌਮਾਂਤਰੀ ਮੈਚਾਂ ਨਾਲ ਸਭ ਤੋਂ ਤਜਰਬੇਕਾਰ ਖਿਡਾਰਨ ਹੈ ਅਤੇ ਟੀਮ ਦੀ ਕਪਤਾਨ ਸਾਲਿਮਾ ਟੇਟੇ ਹੈ। ਇਸ ਵਾਰ 16 ਟੀਮਾਂ ਨੂੰ ਪੂਲਾਂ ਵਿੱਚ ਵੰਡਿਆ ਗਿਆ ਹੈ। ਭਾਰਤ, ਇੰਗਲੈਂਡ, ਚੀਨ ਤੇ ਦੱਖਣੀ ਅਫਰੀਕਾ ਪੂਲ ਡੀ ਵਿੱਚ ਹਨ। 14 ਤੋਂ 20 ਅਗਸਤ ਤੱਕ ਹੋਣ ਵਾਲੇ ਪੂਲ ਮੈਚਾਂ ਵਿੱਚ ਭਾਰਤ ਦਾ ਮੁਕਾਬਲਾ 16 ਅਗਸਤ ਨੂੰ ਚੀਨ, 18 ਅਗਸਤ ਨੂੰ ਦੱਖਣੀ ਅਫਰੀਕਾ ਅਤੇ 20 ਅਗਸਤ ਨੂੰ ਇੰਗਲੈਂਡ ਨਾਲ ਹੋਵੇਗਾ। ਚਾਰੇ ਪੂਲਾਂ ਦੀਆਂ ਸਿਖਰਲੀਆਂ ਦੋ-ਦੋ ਟੀਮਾਂ ਅਗਲੇ ਦੌਰ ਵਿੱਚ ਜਾਣਗੀਆਂ, ਜਿਨ੍ਹਾਂ ਦੇ ਮੈਚ 21 ਤੋਂ 24 ਅਗਸਤ ਤੱਕ ਖੇਡੇ ਜਾਣਗੇ। ਇਸ ਤੋਂ ਬਾਅਦ 27 ਅਗਸਤ ਨੂੰ ਸੈਮੀ ਫ਼ਾਈਨਲ ਅਤੇ 29 ਅਗਸਤ ਨੂੰ ਫ਼ਾਈਨਲ ਤੇ ਕਾਂਸੀ ਦੇ ਤਗ਼ਮੇ ਦਾ ਮੈਚ ਖੇਡਿਆ ਜਾਵੇਗਾ।

ਸੰਪਰਕ: 97800-36216

Advertisement
×