DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹਾਕੀ ਦਾ ਜਾਦੂਗਰ ਧਿਆਨ ਚੰਦ

ਇਲਾਹਾਬਾਦ ਵਿੱਚ 29 ਅਗਸਤ 1905 ਨੂੰ ਇੱਕ ਬੱਚਾ ਪੈਦਾ ਹੋਇਆ ਜਿਸ ਦਾ ਨਾਮ ਸੀ ਧਿਆਨ ਸਿੰਘ। ਉਦੋਂ ਕਿਸੇ ਨੂੰ ਕੀ ਪਤਾ ਸੀ ਕਿ ਇਹ ਬੱਚਾ ਇੱਕ ਦਿਨ ਭਾਰਤੀ ਹਾਕੀ ਦਾ ਉਹ ਨਾਮ ਬਣੇਗਾ ਜਿਸਦੇ ਨਾਲ ‘ਜਾਦੂਗਰ’ ਸ਼ਬਦ ਜੋੜਿਆ ਜਾਵੇਗਾ। ਕਿਸੇ...

  • fb
  • twitter
  • whatsapp
  • whatsapp
Advertisement

ਇਲਾਹਾਬਾਦ ਵਿੱਚ 29 ਅਗਸਤ 1905 ਨੂੰ ਇੱਕ ਬੱਚਾ ਪੈਦਾ ਹੋਇਆ ਜਿਸ ਦਾ ਨਾਮ ਸੀ ਧਿਆਨ ਸਿੰਘ। ਉਦੋਂ ਕਿਸੇ ਨੂੰ ਕੀ ਪਤਾ ਸੀ ਕਿ ਇਹ ਬੱਚਾ ਇੱਕ ਦਿਨ ਭਾਰਤੀ ਹਾਕੀ ਦਾ ਉਹ ਨਾਮ ਬਣੇਗਾ ਜਿਸਦੇ ਨਾਲ ‘ਜਾਦੂਗਰ’ ਸ਼ਬਦ ਜੋੜਿਆ ਜਾਵੇਗਾ। ਕਿਸੇ ਨੂੰ ਕੀ ਪਤਾ ਸੀ ਕਿ ਇੱਕ ਦਿਨ ਦੁਨੀਆ ਉਸ ਦੀ ਸਟਿਕ ਦਾ ਅਜਿਹਾ ਜਾਦੂ ਦੇਖੇਗੀ, ਜਿਸ ਨੂੰ ਸਮਝਣਾ ਮੁਸ਼ਕਿਲ ਹੋਵੇਗਾ ਤੇ ਸ਼ਾਇਦ ਧਿਆਨ ਸਿੰਘ ਨੂੰ ਖੁਦ ਵੀ ਨਹੀਂ ਪਤਾ ਸੀ ਕਿ ਉਸ ਦੀ ਕਿਸਮਤ ਵਿੱਚ ‘ਧਿਆਨ ਚੰਦ’ ਬਣਨਾ ਲਿਖਿਆ ਹੋਇਆ ਹੈ।

ਧਿਆਨ ਚੰਦ ਦੇ ਪਿਤਾ ਸੂਬੇਦਾਰ ਸਮੇਸ਼ਵਰ ਦੱਤ ਸਿੰਘ ਫੌਜ ਵਿੱਚ ਸਨ ਤੇ ਹਾਕੀ ਖੇਡਦੇ ਸਨ। ਘਰ ਦਾ ਮਾਹੌਲ ਫੌਜੀ ਸੀ। ਤਬਾਦਲੇ ਹੁੰਦੇ ਰਹਿੰਦੇ ਸਨ। ਬਚਪਨ ਕਿਸੇ ਇੱਕ ਸ਼ਹਿਰ ਨਾਲ ਨਹੀਂ ਸਗੋਂ ਫੌਜੀ ਜੀਵਨ ਦੀ ਚਾਲ ਨਾਲ ਜੁੜਿਆ ਹੋਇਆ ਸੀ। ਧਿਆਨ ਚੰਦ ਦੀ ਜ਼ਿੰਦਗੀ ਵਿੱਚ ਵੀ ਕੁਝ ਅਜਿਹਾ ਹੀ ਹੋਇਆ। ਲਗਪਗ 16 ਸਾਲ ਦੀ ਉਮਰ ਵਿੱਚ ਸਾਲ 1922 ਵਿੱਚ ਉਹ ਬ੍ਰਿਟਿਸ਼ ਇੰਡੀਅਨ ਆਰਮੀ ’ਚ ਬਤੌਰ ਫੌਜੀ ਭਰਤੀ ਹੋ ਗਿਆ। ਫੌਜ ਨੇ ਉਸ ਨੂੰ ਅਨੁਸ਼ਾਸਨ ਦਿੱਤਾ ਪਰ ਮੈਦਾਨ ਨੇ ਉਸ ਨੂੰ ਉਸਦੀ ਅਸਲ ਪਛਾਣ ਦਿੱਤੀ। ਉਦੋਂ ਖੇਡਾਂ ਵਿੱਚ ਅੱਜ ਵਾਲੀ ਚਮਕ ਨਹੀਂ ਸੀ। ਨਾ ਵੱਡੇ ਸਪਾਂਸਰ, ਨਾ ਕਰੋੜਾਂ ਦੇ ਕਰਾਰ, ਨਾ ਟੈਲੀਵਿਜ਼ਨ ਦੇ ਕੈਮਰੇ ਤੇ ਨਾ ਹੀ ਸਟਾਰ ਬਣਨ ਦੀ ਦੌੜ। ਜੇਕਰ ਸੀ ਤਾਂ ਸਿਰਫ਼ ਇੱਕ ਮੈਦਾਨ। ਇੱਕ ਹਾਕੀ ਸਟਿਕ। ਇੱਕ ਗੇਂਦ ਤੇ ਉਸ ਗੇਂਦ ਨੂੰ ਆਪਣੇ ਕਾਬੂ ਵਿੱਚ ਰੱਖਣ ਦੀ ਅਸਾਧਾਰਨ ਕਲਾ।

Advertisement

ਧਿਆਨ ਚੰਦ ਦੇ ਨਾਮ ਨਾਲ ਜੁੜੀ ‘ਚੰਦ’ ਦੀ ਕਹਾਣੀ ਵੀ ਵਿਲੱਖਣ ਹੈ। ਕਿਹਾ ਜਾਂਦਾ ਹੈ ਕਿ ਫੌਜ ਦੀ ਡਿਊਟੀ ਤੋਂ ਬਾਅਦ ਜਦੋਂ ਰਾਤ ਪੈ ਜਾਂਦੀ ਤਾਂ ਧਿਆਨ ਸਿੰਘ, ਚੰਦ ਦੀ ਰੋਸ਼ਨੀ ਵਿੱਚ ਹਾਕੀ ਦੀ ਪ੍ਰੈਕਟਿਸ ਕਰਦਾ ਸੀ। ਮੈਦਾਨ ਵਿੱਚ ਫਲੱਡ ਲਾਈਟਾਂ ਨਹੀਂ ਸਨ। ਰਾਤ ਦੀ ਚੁੱਪ ਤੇ ਚਾਂਦਨੀ ਉਸਦੀ ਸਾਥੀ ਹੁੰਦੀ ਸੀ। ਉਸ ਦੀ ਇਹ ਆਦਤ ਉਸ ਦੇ ਸਾਥੀਆਂ ਦੀ ਨਜ਼ਰ ਵਿੱਚ ਆਈ ਅਤੇ ਹੌਲੀ-ਹੌਲੀ ਧਿਆਨ ਸਿੰਘ ਦੇ ਨਾਮ ਨਾਲ ‘ਚੰਦ’ ਜੁੜ ਗਿਆ। 1928 ਦੇ ਐਮਸਟਰਡਮ ਓਲੰਪਿਕ ਵਿੱਚ ਭਾਰਤ ਨੇ ਹਾਕੀ ’ਚ ਸੋਨੇ ਦਾ ਤਗ਼ਮਾ ਜਿੱਤਿਆ। ਫਿਰ 1932 ਵਿੱਚ ਲਾਸ ਏਂਜਲਸ ਅਤੇ ਫਿਰ 1936 ਦੇ ਬਰਲਿਨ ਵਿੱਚ ਸੋਨ ਤਗ਼ਮਾ ਜਿੱਤਿਆ। ਤਿੰਨ ਓਲੰਪਿਕ ਅਤੇ ਤਿੰਨ ਸੋਨੇ ਦੇ ਤਗ਼ਮੇ ਜਿੱਤੇ। ਅੱਜ ਜਦੋਂ ਅਸੀਂ ਇਹ ਗੱਲ ਅੰਕੜਿਆਂ ਵਾਂਗ ਪੜ੍ਹਦੇ ਹਾਂ ਤਾਂ ਸ਼ਾਇਦ ਇਸ ਦੀ ਅਸਲ ਮਹਾਨਤਾ ਦਾ ਅੰਦਾਜ਼ਾ ਨਹੀਂ ਲਾ ਸਕਦੇ ਪਰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਹ ਉਹ ਭਾਰਤ ਸੀ ਜੋ ਅਜੇ ਆਜ਼ਾਦ ਨਹੀਂ ਹੋਇਆ ਸੀ। ਦੇਸ਼ ਗ਼ੁਲਾਮ ਸੀ ਪਰ ਮੈਦਾਨ ਵਿੱਚ ਭਾਰਤੀ ਖਿਡਾਰੀ ਗ਼ੁਲਾਮ ਨਹੀਂ ਸਨ। ਉਹ ਆਪਣੇ ਹੁਨਰ ਦੇ ਮਾਲਕ ਸਨ।

Advertisement

ਧਿਆਨ ਚੰਦ ਦੀ ਖੇਡ ਬਾਰੇ ਇੰਨੀਆਂ ਕਹਾਣੀਆਂ ਹਨ ਕਿ ਕਈ ਵਾਰ ਲੱਗਦਾ ਹੈ ਜਿਵੇਂ ਉਹ ਹਾਕੀ ਨਹੀਂ ਖੇਡਦਾ ਸੀ, ਹਾਕੀ ਨਾਲ ਕੋਈ ਗੱਲਬਾਤ ਕਰਦਾ ਸੀ। ਗੇਂਦ ਉਸ ਦੀ ਸਟਿਕ ਤੋਂ ਦੂਰ ਜਾਣਾ ਹੀ ਨਹੀਂ ਚਾਹੁੰਦੀ ਸੀ। ਉਹ ਵਿਰੋਧੀ ਖਿਡਾਰੀ ਨੂੰ ਪੜ੍ਹ ਲੈਂਦਾ ਸੀ। ਕਿੱਥੇ ਪਾਸ ਦੇਣਾ ਹੈ। ਕਦੋਂ ਰੁਕਣਾ ਹੈ। ਕਦੋਂ ਅੱਗੇ ਵਧਣਾ ਹੈ। ਕਦੋਂ ਗੋਲ ਕਰਨਾ ਹੈ। ਇਹ ਸਭ ਕੁਝ ਜਿਵੇਂ ਉਸਦੇ ਸਰੀਰ ਵਿੱਚ ਨਹੀਂ, ਉਸਦੀ ਸੋਚ ਵਿੱਚ ਵਸਿਆ ਹੋਇਆ ਸੀ। ਇਸੇ ਕਰਕੇ ਉਸਦੇ ਬਾਰੇ ਉਹ ਮਸ਼ਹੂਰ ਕਹਾਣੀਆਂ ਬਣੀਆਂ ਹਨ ਕਿ ਵਿਰੋਧੀ ਟੀਮਾਂ ਦੇ ਖਿਡਾਰੀਆਂ ਨੂੰ ਸ਼ੱਕ ਹੁੰਦਾ ਸੀ ਕਿ ਉਸ ਦੀ ਸਟਿਕ ਵਿੱਚ ਕੋਈ ਚੁੰਬਕ ਤਾਂ ਨਹੀਂ। ਪਰ ਇੱਕ ਸੱਚ ਨੂੰ ਕੋਈ ਝੁਠਲਾ ਨਹੀਂ ਸਕਦਾ ਕਿ ਉਸਦੀ ਸਟਿਕ ਨਾਲ ਗੇਂਦ ਦਾ ਰਿਸ਼ਤਾ ਅਸਾਧਾਰਨ ਸੀ ਤੇ ਅਸਾਧਾਰਨ ਚੀਜ਼ਾਂ ਹੀ ਤਾਂ ਦੰਤਕਥਾਵਾਂ ਬਣਦੀਆਂ ਹਨ। 1936 ’ਚ ਬਰਲਿਨ ਵਿੱਚ ਭਾਰਤ ਤੇ ਜਰਮਨੀ ਵਿਚਕਾਰ ਹਾਕੀ ਦਾ ਫਾਈਨਲ ਮੁਕਾਬਲਾ ਖੇਡਿਆ ਗਿਆ। ਭਾਰਤ ਨੇ ਜਰਮਨੀ ਨੂੰ 8-1 ਨਾਲ ਹਰਾਇਆ। ਧਿਆਨ ਚੰਦ ਨੇ ਤਿੰਨ ਗੋਲ ਕੀਤੇ। ਉਸ ਦਿਨ ਹਾਕੀ ਦੇ ਮੈਦਾਨ ਵਿੱਚ ਸਿਰਫ਼ ਇੱਕ ਟੀਮ ਨਹੀਂ ਜਿੱਤੀ ਸੀ, ਕਲਾ ਜਿੱਤੀ ਸੀ। ਇੱਕ ਵਿਸ਼ਵਾਸ ਜਿੱਤਿਆ ਸੀ ਤੇ ਇੱਕ ਗੁਲਾਮ ਦੇਸ਼ ਦੇ ਲੋਕਾਂ ਲਈ ਇਹ ਮਾਣ ਵਾਲੀ ਗੱਲ ਸੀ ਕਿ ਉਨ੍ਹਾਂ ਦਾ ਇੱਕ ਖਿਡਾਰੀ ਦੁਨੀਆ ਦੇ ਸਭ ਤੋਂ ਵੱਡੇ ਮੰਚਾਂ ਵਿੱਚੋਂ ਇੱਕ ਉੱਤੇ ਆਪਣੀ ਕਲਾ ਦਾ ਝੰਡਾ ਬੁਲੰਦ ਰਿਹਾ ਸੀ। ਧਿਆਨ ਚੰਦ ਦੀ ਮਹਾਨਤਾ ਸਿਰਫ਼ ਇਸ ਵਿੱਚ ਨਹੀਂ ਸੀ ਕਿ ਉਹ ਕਿੰਨੇ ਗੋਲ ਕਰਦਾ ਸੀ ਸਗੋਂ ਉਸਦੀ ਮਹਾਨਤਾ ਇਸ ਵਿੱਚ ਸੀ ਕਿ ਉਸ ਨੇ ਹਾਕੀ ਨੂੰ ਇੱਕ ਕਲਾ ਬਣਾ ਦਿੱਤਾ। ਧਿਆਨ ਚੰਦ ਹਾਕੀ ਦੀ ਸਟਿਕ ਨਾਲ ਖੇਡਦਾ ਸੀ।

ਕਿਸੇ ਖਿਡਾਰੀ ਨੂੰ ਇਸ ਤੋਂ ਵੱਡੀ ਸ਼ਰਧਾਂਜਲੀ ਹੋਰ ਕੀ ਹੋ ਸਕਦੀ ਹੈ ਕਿ ਪੂਰਾ ਦੇਸ਼ ਉਸ ਦੇ ਜਨਮ ਦਿਨ ਨੂੰ ਖੇਡਾਂ ਦੇ ਨਾਮ ਕਰ ਦੇਵੇ? ਇਸ ਲਈ 29 ਅਗਸਤ ਨੂੰ ਜਦੋਂ ਅਸੀਂ ਧਿਆਨ ਚੰਦ ਨੂੰ ਯਾਦ ਕਰੀਏ ਤਾਂ ਸਿਰਫ਼ ਇਹ ਨਾ ਕਹੀਏ ਕਿ ਉਹ ਹਾਕੀ ਦਾ ਮਹਾਨ ਖਿਡਾਰੀ ਸੀ ਸਗੋਂ ਇਹ ਵੀ ਯਾਦ ਕਰੀਏ ਕਿ ਉਹ ਉਸ ਭਾਰਤ ਦੀ ਆਵਾਜ਼ ਸੀ ਜਿਸ ਨੇ ਆਜ਼ਾਦੀ ਤੋਂ ਪਹਿਲਾਂ ਵੀ ਦੁਨੀਆ ਦੇ ਸਾਹਮਣੇ ਆਪਣੀ ਯੋਗਤਾ ਸਾਬਤ ਕੀਤੀ ਸੀ। ਮੇਰੇ ਲਈ ਧਿਆਨ ਚੰਦ ਦੀ ਮਹਾਨਤਾ ਇਸ ਗੱਲ ਨਾਲ ਨਹੀਂ ਵਧਣੀ ਕਿ ਉਸ ਨੂੰ ਭਾਰਤ ਰਤਨ ਮਿਲਿਆ ਜਾਂ ਨਹੀਂ। ਉਹ ਪਹਿਲਾਂ ਹੀ ਭਾਰਤ ਦਾ ਰਤਨ ਹੈ। ਉਸਨੇ ਆਪਣੇ ਹੱਥ ਵਿੱਚ ਹਾਕੀ ਦੀ ਸਟਿਕ ਫੜ ਕੇ ਦੇਸ਼ ਦਾ ਨਾਮ ਦੁਨੀਆ ਵਿੱਚ ਰੋਸ਼ਨ ਕੀਤਾ ਸੀ। ਉਸ ਨੇ ਤਿੰਨ ਓਲੰਪਿਕ ਸੋਨ ਤਗ਼ਮੇ ਜਿੱਤੇ। ਉਸ ਨੇ ਭਾਰਤੀ ਹਾਕੀ ਨੂੰ ਇੱਕ ਅਜਿਹਾ ਮੁਕਾਮ ਦਿੱਤਾ ਜਿਸਦੀ ਮਿਸਾਲ ਅੱਜ ਵੀ ਦਿੱਤੀ ਜਾਂਦੀ ਹੈ। ਉਸ ਨੇ ਆਪਣੇ ਨਾਮ ਨੂੰ ਇੱਕ ਖੇਡ ਨਾਲ ਨਹੀਂ ਸਗੋਂ ਇੱਕ ਦੌਰ ਨਾਲ ਜੋੜ ਦਿੱਤਾ। ਇਸ ਲਈ ਜੇ ਕਦੇ ਦੇਸ਼ ਉਸ ਨੂੰ ਭਾਰਤ ਰਤਨ ਦਿੰਦਾ ਹੈ ਤਾਂ ਇਹ ਧਿਆਨ ਚੰਦ ਦੀ ਸ਼ਾਨ ਵਿੱਚ ਕੋਈ ਨਵੀਂ ਚਮਕ ਨਹੀਂ ਜੋੜੇਗਾ ਸਗੋਂ ਇਹ ਤਾਂ ਭਾਰਤ ਰਤਨ ਦੀ ਸ਼ਾਨ ਹੋਵੇਗੀ ਕਿ ਉਸ ਦੇ ਨਾਲ ਧਿਆਨ ਚੰਦ ਦਾ ਨਾਮ ਜੁੜੇਗਾ ਪਰ ਜੇ ਇਹ ਸਨਮਾਨ ਨਾ ਵੀ ਮਿਲੇ ਤਾਂ ਵੀ ਧਿਆਨ ਚੰਦ ਦੀ ਮਹਾਨਤਾ ਵਿੱਚ ਰੱਤੀ ਭਰ ਕਮੀ ਨਹੀਂ ਆਉਣੀ ਕਿਉਂਕਿ ਕੁਝ ਨਾਮ ਸਰਕਾਰੀ ਸੂਚੀਆਂ ਵਿੱਚ ਦਰਜ ਹੋ ਕੇ ਵੱਡੇ ਨਹੀਂ ਹੁੰਦੇ ਸਗੋਂ ਉਹ ਲੋਕਾਂ ਦੇ ਦਿਲਾਂ ਵਿੱਚ ਦਰਜ ਹੋ ਕੇ ਵੱਡੇ ਹੁੰਦੇ ਹਨ। ਧਿਆਨ ਚੰਦ ਦਾ ਨਾਮ ਉਨ੍ਹਾਂ ਦਿਲਾਂ ਵਿੱਚ ਦਰਜ ਹੈ ਅਤੇ ਜਦੋਂ ਤੱਕ ਭਾਰਤ ਵਿੱਚ ਕੋਈ ਬੱਚਾ ਹਾਕੀ ਦੀ ਸਟਿਕ ਚੁੱਕ ਕੇ ਮੈਦਾਨ ਵਿੱਚ ਉਤਰੇਗਾ ਰਹੇਗਾ, ਜਦੋਂ ਤੱਕ ਕੋਈ ਕੋਚ ਆਪਣੇ ਖਿਡਾਰੀ ਨੂੰ ਕਹਿੰਦਾ ਰਹੇਗਾ, “ਧਿਆਨ ਚੰਦ ਵਰਗਾ ਖੇਡਣਾ ਸਿੱਖ”, ਉਦੋਂ ਤੱਕ ਉਹ ਨਾਮ ਜ਼ਿੰਦਾ ਰਹੇਗਾ। ਸ਼ਾਇਦ ਇਹੀ ਕਿਸੇ ਖਿਡਾਰੀ ਦਾ ਅਸਲ ਭਾਰਤ ਰਤਨ ਹੁੰਦਾ ਹੈ। ਅੱਜ ਉਸ ਦੇ ਜਨਮ ਦਿਨ ’ਤੇ ਉਸ ਨੂੰ ਸਿਰਫ਼ ਸ਼ਰਧਾਂਜਲੀ ਨਹੀਂ ਸਗੋਂ ਸਲਾਮ ਹੈ।

ਸੰਪਰਕ: 94171-73700

Advertisement
×