ਰਾਸ਼ਟਰਮੰਡਲ ਖੇਡਾਂ ਦਾ ਇਤਿਹਾਸ ਅਤੇ ਗਲਾਸਗੋ 2026 ’ਚ ਭਾਰਤ ਦੀਆਂ ਉਮੀਦਾਂ
ਖੇਡ ਜਗਤ ਵਿੱਚ ਓਲੰਪਿਕਸ ਤੋਂ ਬਾਅਦ ਏਸ਼ਿਆਈ ਤੇ ਰਾਸ਼ਟਰਮੰਡਲ (ਕਾਮਨਵੈਲਥ) ਖੇਡਾਂ ਮੁਕਾਬਲੇ ਦੇ ਪੱਧਰ ਤੋਂ ਬਹੁਤ ਅਹਿਮ ਮੰਨੀਆਂ ਜਾਂਦੀਆਂ ਹਨ। ਏਸ਼ਿਆਈ ਖੇਡਾਂ ਵਿੱਚ ਜਿੱਥੇ ਏਸ਼ੀਆ ਦੇ 50 ਤੋਂ ਵੱਧ ਮੁਲਕ ਹਿੱਸਾ ਲੈਂਦੇ ਹਨ, ਉੱਥੇ ਰਾਸ਼ਟਰਮੰਡਲ ਖੇਡਾਂ ਵਿੱਚ 70 ਤੋਂ ਵੱਧ...
ਖੇਡ ਜਗਤ ਵਿੱਚ ਓਲੰਪਿਕਸ ਤੋਂ ਬਾਅਦ ਏਸ਼ਿਆਈ ਤੇ ਰਾਸ਼ਟਰਮੰਡਲ (ਕਾਮਨਵੈਲਥ) ਖੇਡਾਂ ਮੁਕਾਬਲੇ ਦੇ ਪੱਧਰ ਤੋਂ ਬਹੁਤ ਅਹਿਮ ਮੰਨੀਆਂ ਜਾਂਦੀਆਂ ਹਨ। ਏਸ਼ਿਆਈ ਖੇਡਾਂ ਵਿੱਚ ਜਿੱਥੇ ਏਸ਼ੀਆ ਦੇ 50 ਤੋਂ ਵੱਧ ਮੁਲਕ ਹਿੱਸਾ ਲੈਂਦੇ ਹਨ, ਉੱਥੇ ਰਾਸ਼ਟਰਮੰਡਲ ਖੇਡਾਂ ਵਿੱਚ 70 ਤੋਂ ਵੱਧ ਕਾਮਨਵੈਲਥ ਦੇਸ਼ਾਂ ਦੇ ਖਿਡਾਰੀ ਸ਼ਿਰਕਤ ਕਰਦੇ ਹਨ। ਹਾਲਾਂਕਿ ਇਨ੍ਹਾਂ ਖੇਡਾਂ ਨੂੰ ਗ਼ੁਲਾਮ ਮੁਲਕਾਂ ਦੀਆਂ ਖੇਡਾਂ ਵੀ ਕਿਹਾ ਜਾਂਦਾ ਹੈ ਕਿਉਂਕਿ ਬਰਤਾਨਵੀ ਹਕੂਮਤ ਅਧੀਨ ਰਹੇ ਦੇਸ਼ਾਂ ਨੂੰ ਹੀ ਕਾਮਨਵੈਲਥ ਮੁਲਕ ਕਿਹਾ ਜਾਂਦਾ ਹੈ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਇਹੋ ਦੇਸ਼ ਭਾਗ ਲੈਂਦੇ ਹਨ। ਇਸ ਦੇ ਬਾਵਜੂਦ ਮੁਕਾਬਲੇਬਾਜ਼ੀ ਦੇ ਪੱਖ ਤੋਂ ਰਾਸ਼ਟਰਮੰਡਲ ਖੇਡਾਂ ਦੀ ਵੱਡੀ ਅਹਿਮੀਅਤ ਹੈ। ਇਨ੍ਹਾਂ ਖੇਡਾਂ ਵਿੱਚ ਇੰਗਲੈਂਡ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਸਮੇਤ ਕੈਰੇਬੀਅਨ ਅਤੇ ਅਫ਼ਰੀਕੀ ਦੇਸ਼ਾਂ ਦੀ ਸ਼ਮੂਲੀਅਤ ਕਾਰਨ ਕਈ ਖੇਡਾਂ ਵਿੱਚ ਮੁਕਾਬਲੇ ਦਾ ਮਿਆਰ ਏਸ਼ਿਆਈ ਖੇਡਾਂ ਨਾਲੋਂ ਵੀ ਉੱਚਾ ਹੁੰਦਾ ਹੈ।
ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ 23 ਜੁਲਾਈ ਤੋਂ 2 ਅਗਸਤ 2026 ਤੱਕ 23ਵੀਆਂ ਰਾਸ਼ਟਰਮੰਡਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਗਲਾਸਗੋ ਦੂਜੀ ਵਾਰ ਅਤੇ ਸਕਾਟਲੈਂਡ ਚੌਥੀ ਵਾਰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਗਲਾਸਗੋ ਦੂਜੀ ਵਾਰ ਮੇਜ਼ਬਾਨੀ ਕਰਨ ਵਾਲਾ ਤੀਜਾ ਸ਼ਹਿਰ ਬਣੇਗਾ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦਾ ਆਕਲੈਂਡ ਸ਼ਹਿਰ 1950 ਤੇ 1990 ਅਤੇ ਸਕਾਟਲੈਂਡ ਦਾ ਐਡਿਨਬਰਗ ਸ਼ਹਿਰ 1970 ਤੇ 1986 ਵਿੱਚ ਦੋ-ਦੋ ਵਾਰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰ ਚੁੱਕਾ ਹੈ। ਗਲਾਸਗੋ ਨੇ ਪਹਿਲੀ ਵਾਰ 2014 ਵਿੱਚ ਇਹ ਖੇਡਾਂ ਕਰਵਾਈਆਂ ਸਨ ਅਤੇ ਹੁਣ ਦੂਜੀ ਵਾਰ ਕਰਵਾ ਰਿਹਾ ਹੈ। ਦੇਸ਼ਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਆਸਟ੍ਰੇਲੀਆ ਨੇ ਪੰਜ ਵਾਰ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ। ਕੈਨੇਡਾ ਨੇ ਚਾਰ ਵਾਰ ਖੇਡਾਂ ਕਰਵਾਈਆਂ ਹਨ ਅਤੇ ਹੁਣ ਸਕਾਟਲੈਂਡ ਵੀ ਚੌਥੀ ਵਾਰ ਇਹ ਜ਼ਿੰਮੇਵਾਰੀ ਨਿਭਾਏਗਾ। ਸ਼ੁਰੂਆਤ ਵਿੱਚ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਗਲਾਸਗੋ ਦੀ ਥਾਂ ਆਸਟ੍ਰੇਲੀਆ ਦੇ ਸ਼ਹਿਰ ਵਿਕਟੋਰੀਆ ਨੂੰ ਮਿਲੀ ਸੀ ਪਰ ਵਿੱਤੀ ਬੋਝ ਦਾ ਹਵਾਲਾ ਦਿੰਦਿਆਂ ਵਿਕਟੋਰੀਆ ਨੇ 2023 ਵਿੱਚ ਖੇਡਾਂ ਕਰਵਾਉਣ ਤੋਂ ਅਸਮਰੱਥਾ ਜ਼ਾਹਿਰ ਕਰ ਦਿੱਤੀ ਸੀ। ਇਸ ਤੋਂ ਬਾਅਦ ਗਲਾਸਗੋ ਨੂੰ ਖੇਡਾਂ ਦੀ ਮੇਜ਼ਬਾਨੀ ਸੌਂਪੀ ਗਈ।
ਗਲਾਸਗੋ ਵਿੱਚ ਪਿਛਲੇ 32 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਘੱਟ 10 ਖੇਡਾਂ ਦੇ ਮੁਕਾਬਲੇ ਹੋ ਰਹੇ ਹਨ। ਇੱਥੇ ਅਥਲੈਟਿਕਸ, ਤੈਰਾਕੀ, ਮੁੱਕੇਬਾਜ਼ੀ, ਵੇਟਲਿਫਟਿੰਗ, ਜੂਡੋ, ਸਾਈਕਲਿੰਗ, ਨੈੱਟਬਾਲ, ਬੌਲਜ਼, ਜਿਮਨਾਸਟਿਕ ਅਤੇ ਬਾਸਕਟਬਾਲ 3x3 ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਪੈਰਾ ਖਿਡਾਰੀਆਂ ਲਈ ਪੈਰਾ ਅਥਲੈਟਿਕਸ, ਪੈਰਾ ਤੈਰਾਕੀ, ਬਾਸਕਟਬਾਲ, ਬੌਲਜ਼, ਪੈਰਾ ਸਾਈਕਲਿੰਗ ਅਤੇ ਪੈਰਾ ਪਾਵਰਲਿਫਟਿੰਗ ਦੇ ਮੁਕਾਬਲੇ ਹੋਣਗੇ। ਹਾਕੀ, ਨਿਸ਼ਾਨੇਬਾਜ਼ੀ, ਬੈਡਮਿੰਟਨ, ਟੇਬਲ ਟੈਨਿਸ, ਕੁਸ਼ਤੀ ਅਤੇ ਤੀਰਅੰਦਾਜ਼ੀ ਜਿਹੀਆਂ ਅਹਿਮ ਖੇਡਾਂ ਨੂੰ ਬਾਹਰ ਰੱਖਣ ਕਰਕੇ ਜਿੱਥੇ ਖੇਡ ਪ੍ਰੇਮੀਆਂ ਨੂੰ ਨਿਰਾਸ਼ਾ ਹੋਈ ਹੈ, ਉੱਥੇ ਇਨ੍ਹਾਂ ਖੇਡਾਂ ਵਿੱਚ ਮਜ਼ਬੂਤ ਪਕੜ ਰੱਖਣ ਵਾਲੇ ਭਾਰਤ ਨੂੰ ਵੀ ਵੱਡਾ ਝਟਕਾ ਲੱਗਾ ਹੈ। ਗਲਾਸਗੋ ਵਿੱਚ 70 ਦੇਸ਼ਾਂ ਦੇ ਲਗਪਗ 3000 ਖਿਡਾਰੀ 10 ਖੇਡਾਂ ਦੇ 215 ਈਵੈਂਟਾਂ ਵਿੱਚ ਭਾਗ ਲੈਣਗੇ। ਭਾਰਤੀ ਖੇਡ ਦਲ ਵਿੱਚ 126 ਖਿਡਾਰੀ ਸ਼ਾਮਲ ਹਨ, ਜਿਨ੍ਹਾਂ ਵਿੱਚ 78 ਪੁਰਸ਼ ਅਤੇ 48 ਮਹਿਲਾ ਖਿਡਾਰੀ ਹਨ। ਓਲੰਪਿਕ ਤਗ਼ਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂੰ ਭਾਰਤੀ ਦਲ ਦੀ ਝੰਡਾਬਰਦਾਰ ਹੋਵੇਗੀ ਜਦੋਂਕਿ ਓਲੰਪਿਕ ਤੇ ਵਿਸ਼ਵ ਚੈਂਪੀਅਨ ਅਥਲੀਟ ਨੀਰਜ ਚੋਪੜਾ ਜੈਵਲਿਨ ਥਰੋਅ ਮੁਕਾਬਲੇ ਵਿੱਚ ਆਪਣੀ ਚੁਣੌਤੀ ਪੇਸ਼ ਕਰਨਗੇ। ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਉੱਤੇ ਝਾਤ ਮਾਰੀਏ ਤਾਂ ਇਹ ਓਲੰਪਿਕ ਖੇਡਾਂ ਤੋਂ ਬਾਅਦ ਫੀਫਾ ਵਿਸ਼ਵ ਕੱਪ ਜਿੰਨਾ ਹੀ ਪੁਰਾਣਾ ਹੈ। ਨਵੀਨ ਓਲੰਪਿਕ ਖੇਡਾਂ ਦਾ ਆਗਾਜ਼ 1896 ਵਿੱਚ ਯੂਨਾਨ ਦੇ ਸ਼ਹਿਰ ਏਥਨਜ਼ ਤੋਂ ਹੋਇਆ ਸੀ ਜਦੋਂ ਕਿ ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ 1930 ਵਿੱਚ ਕੈਨੇਡਾ ਦੇ ਸ਼ਹਿਰ ਹੈਮਿਲਟਨ ਤੋਂ ਹੋਈ। ਹਾਲਾਂਕਿ ਉਸ ਵੇਲੇ ਇਨ੍ਹਾਂ ਨੂੰ ‘ਬ੍ਰਿਟਿਸ਼ ਐਂਪਾਇਰ ਖੇਡਾਂ’ ਕਿਹਾ ਜਾਂਦਾ ਸੀ। ਇਸ ਤੋਂ ਬਾਅਦ 1954 ਵਿੱਚ ਇਸ ਦਾ ਨਾਮ ‘ਬ੍ਰਿਟਿਸ਼ ਐਂਪਾਇਰ ਅਤੇ ਰਾਸ਼ਟਰਮੰਡਲ ਖੇਡਾਂ’ ਰੱਖਿਆ ਗਿਆ, 1970 ਵਿੱਚ ‘ਬ੍ਰਿਟਿਸ਼ ਰਾਸ਼ਟਰਮੰਡਲ ਖੇਡਾਂ’ ਅਤੇ 1978 ਵਿੱਚ ‘ਰਾਸ਼ਟਰਮੰਡਲ ਖੇਡਾਂ’ ਕਰ ਦਿੱਤਾ ਗਿਆ ਜੋ ਅੱਜ ਤੱਕ ਜਾਰੀ ਹੈ।
1930 ਵਿੱਚ ਹੈਮਿਲਟਨ ਵਿੱਚ ਪਹਿਲੀ ਵਾਰ ਹੋਈਆਂ ਖੇਡਾਂ ਵਿੱਚ 11 ਦੇਸ਼ਾਂ ਦੇ 400 ਖਿਡਾਰੀਆਂ ਨੇ 6 ਖੇਡਾਂ ਦੇ 59 ਈਵੈਂਟਾਂ ਵਿੱਚ ਹਿੱਸਾ ਲਿਆ ਸੀ। ਭਾਰਤ ਨੇ ਪਹਿਲੀ ਵਾਰ 1934 ਵਿੱਚ ਇਨ੍ਹਾਂ ਖੇਡਾਂ ਦੇ ਦੂਜੇ ਐਡੀਸ਼ਨ (ਲੰਡਨ) ਵਿੱਚ ਸ਼ਿਰਕਤ ਕੀਤੀ ਸੀ। ਭਾਰਤ ਲਈ ਪਹਿਲਾ ਤਗ਼ਮਾ ਪਹਿਲਵਾਨ ਰਾਸ਼ਿਦ ਅਨਵਰ ਨੇ ਕਾਂਸੀ ਦੇ ਰੂਪ ਵਿੱਚ ਜਿੱਤਿਆ ਸੀ। 1942 ਅਤੇ 1946 ਵਿੱਚ ਦੂਜੀ ਸੰਸਾਰ ਜੰਗ ਕਾਰਨ ਇਹ ਖੇਡਾਂ ਕਰਵਾਈਆਂ ਨਹੀਂ ਜਾ ਸਕੀਆਂ। 1954 ਵਿੱਚ ਵੈਨਕੂਵਰ ਵਿੱਚ ਇਨ੍ਹਾਂ ਖੇਡਾਂ ਦਾ ਨਾਮ ‘ਬ੍ਰਿਟਿਸ਼ ਐਂਪਾਇਰ ਅਤੇ ਰਾਸ਼ਟਰਮੰਡਲ ਖੇਡਾਂ’ ਪਿਆ। ਭਾਰਤ ਲਈ ਪਹਿਲਾ ਸੋਨ ਤਗ਼ਮਾ ‘ਉੱਡਣਾ ਸਿੱਖ’ ਵਜੋਂ ਜਾਣੇ ਜਾਂਦੇ ਮਿਲਖਾ ਸਿੰਘ ਨੇ 1958 ਵਿੱਚ ਕਾਰਡਿਫ ਵਿਖੇ ਜਿੱਤਿਆ ਸੀ ਜਿੱਥੇ ਇੱਕ ਹੋਰ ਭਾਰਤੀ ਪਹਿਲਵਾਨ ਲੀਲਾ ਰਾਮ ਨੇ ਵੀ ਸੋਨੇ ਦਾ ਤਗ਼ਮਾ ਹਾਸਲ ਕੀਤਾ ਸੀ। 1970 ਵਿੱਚ ਐਡਿਨਬਰਗ ਵਿੱਚ ਖੇਡਾਂ ਦਾ ਨਾਮ ‘ਬ੍ਰਿਟਿਸ਼ ਰਾਸ਼ਟਰਮੰਡਲ ਖੇਡਾਂ’ ਰੱਖਿਆ ਗਿਆ ਅਤੇ 1978 ਵਿੱਚ ਐਡਮੰਟਨ ਵਿੱਚ ਇਨ੍ਹਾਂ ਦੇ ਨਾਮ ਨਾਲੋਂ ‘ਬ੍ਰਿਟਿਸ਼’ ਸ਼ਬਦ ਪੱਕੇ ਤੌਰ ’ਤੇ ਹਟਾ ਕੇ ਰਾਸ਼ਟਰਮੰਡਲ ਖੇਡਾਂ ਕਰ ਦਿੱਤਾ ਗਿਆ। ਉਦੋਂ ਤੋਂ ਇਹ ਇਸੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ। ਭਾਰਤ ਨੇ ਪਹਿਲੇ ਐਡੀਸ਼ਨ ਸਮੇਤ ਕੁੱਲ ਚਾਰ ਵਾਰ ਇਨ੍ਹਾਂ ਖੇਡਾਂ ਵਿੱਚ ਹਿੱਸਾ ਨਹੀਂ ਲਿਆ, 1950 ਵਿੱਚ ਆਕਲੈਂਡ, 1962 ਵਿੱਚ ਪਰਥ ਅਤੇ 1986 ਵਿੱਚ ਐਡਿਨਬਰਗ ਵਿੱਚ ਭਾਰਤੀ ਦਲ ਨੇ ਸ਼ਿਰਕਤ ਨਹੀਂ ਕੀਤੀ ਸੀ। ਭਾਰਤ ਨੇ 2010 ਵਿੱਚ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਵੀ ਕੀਤੀ ਸੀ ਜੋ ਨਵੀਂ ਦਿੱਲੀ ਵਿੱਚ ਕਰਵਾਈਆਂ ਗਈਆਂ ਸਨ। ਹੁਣ ਇਨ੍ਹਾਂ ਖੇਡਾਂ ਦੇ 100 ਸਾਲ ਪੂਰੇ ਹੋਣ ’ਤੇ 2030 ਵਿੱਚ ਭਾਰਤ ਦੂਜੀ ਵਾਰ ਅਹਿਮਦਾਬਾਦ ਵਿੱਚ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰੇਗਾ। ਰਾਸ਼ਟਰਮੰਡਲ ਖੇਡਾਂ ਵਿੱਚ ਕੁੱਲ ਮਿਲਾ ਕੇ ਆਸਟ੍ਰੇਲੀਆ ਦਾ ਦਬਦਬਾ ਰਿਹਾ ਹੈ। ਸਾਰੀਆਂ ਖੇਡਾਂ ਦੀ ਕੁੱਲ ਤਗ਼ਮਾ ਸੂਚੀ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਪਹਿਲੇ, ਇੰਗਲੈਂਡ ਦੂਜੇ, ਕੈਨੇਡਾ ਤੀਜੇ, ਭਾਰਤ ਚੌਥੇ ਅਤੇ ਨਿਊਜ਼ੀਲੈਂਡ ਪੰਜਵੇਂ ਸਥਾਨ ’ਤੇ ਆਉਂਦਾ ਹੈ। ਕੁੱਲ ਤਗ਼ਮਾ ਸੂਚੀ ਵਿੱਚ ਆਸਟ੍ਰੇਲੀਆ ਨੇ ਹੁਣ ਤੱਕ 1003 ਸੋਨੇ, 834 ਚਾਂਦੀ ਅਤੇ 767 ਕਾਂਸੀ ਦੇ ਤਗ਼ਮਿਆਂ ਸਮੇਤ ਕੁੱਲ 2604 ਤਗ਼ਮੇ ਜਿੱਤੇ ਹਨ। ਦੂਜੇ ਪਾਸੇ ਭਾਰਤ ਨੇ 203 ਸੋਨੇ, 190 ਚਾਂਦੀ ਅਤੇ 171 ਕਾਂਸੀ ਦੇ ਤਗ਼ਮਿਆਂ ਨਾਲ ਕੁੱਲ 564 ਤਗ਼ਮੇ ਆਪਣੇ ਨਾਮ ਕੀਤੇ ਹਨ। ਭਾਰਤ ਨੇ ਆਪਣਾ ਸਰਬੋਤਮ ਪ੍ਰਦਰਸ਼ਨ ਆਪਣੀ ਮੇਜ਼ਬਾਨੀ ਹੇਠ ਨਵੀਂ ਦਿੱਲੀ (2010) ਵਿੱਚ ਦਿਖਾਇਆ ਸੀ, ਜਦੋਂ 38 ਸੋਨ ਤਗ਼ਮਿਆਂ ਨਾਲ ਦੂਜਾ ਸਥਾਨ ਹਾਸਲ ਕੀਤਾ ਸੀ। ਪਿਛਲੀ ਵਾਰ 2018 ਵਿੱਚ ਗੋਲਡ ਕੋਸਟ ਵਿੱਚ ਭਾਰਤ 26 ਸੋਨ ਤਗ਼ਮਿਆਂ ਨਾਲ ਤੀਜੇ ਸਥਾਨ ’ਤੇ ਰਿਹਾ ਸੀ। ਖੇਡਾਂ ਦੇ ਹਿਸਾਬ ਨਾਲ ਭਾਰਤ ਨੇ ਸਭ ਤੋਂ ਵੱਧ ਸਫਲਤਾ ਨਿਸ਼ਾਨੇਬਾਜ਼ੀ ਵਿੱਚ ਹਾਸਲ ਕੀਤੀ ਹੈ, ਜਿੱਥੇ 63 ਸੋਨੇ, 44 ਚਾਂਦੀ ਅਤੇ 28 ਕਾਂਸੀ ਦੇ ਤਗ਼ਮਿਆਂ ਸਮੇਤ ਕੁੱਲ 135 ਤਗ਼ਮੇ ਜਿੱਤੇ ਹਨ। ਪਿਛਲੀ ਵਾਰ ਨਿਸ਼ਾਨੇਬਾਜ਼ੀ ਖੇਡ ਬਾਹਰ ਹੋਣ ਕਾਰਨ ਭਾਰਤ ਨੂੰ ਵੱਡਾ ਨੁਕਸਾਨ ਹੋਇਆ ਸੀ ਅਤੇ ਇਸ ਵਾਰ ਵੀ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਨਹੀਂ ਕਰਵਾਏ ਜਾ ਰਹੇ। ਨਿਸ਼ਾਨੇਬਾਜ਼ੀ ਤੋਂ ਬਾਅਦ ਭਾਰਤ ਨੇ ਕੁਸ਼ਤੀ ਵਿੱਚ 49, ਵੇਟਲਿਫਟਿੰਗ ਵਿੱਚ 46, ਮੁੱਕੇਬਾਜ਼ੀ ਵਿੱਚ 11, ਬੈਡਮਿੰਟਨ ਤੇ ਟੇਬਲ ਟੈਨਿਸ ਵਿੱਚ 10-10, ਅਥਲੈਟਿਕਸ ਵਿੱਚ 6, ਤੀਰਅੰਦਾਜ਼ੀ ਵਿੱਚ 3 ਅਤੇ ਹਾਕੀ, ਸਕੁਐਸ਼, ਲਾਅਨ ਬੌਲਜ਼ ਤੇ ਪਾਵਰਲਿਫਟਿੰਗ ਵਿੱਚ 1-1 ਸੋਨ ਤਗ਼ਮਾ ਜਿੱਤਿਆ ਹੈ।
ਭਾਰਤ ਵੱਲੋਂ ਸਭ ਤੋਂ ਸਫ਼ਲ ਖਿਡਾਰੀ ਜਸਪਾਲ ਰਾਣਾ ਹੈ, ਜਿਸ ਨੇ ਨਿਸ਼ਾਨੇਬਾਜ਼ੀ ਵਿੱਚ 9 ਸੋਨ ਤਗ਼ਮਿਆਂ ਸਮੇਤ ਕੁੱਲ 15 ਤਗ਼ਮੇ ਜਿੱਤੇ। ਇਸ ਤੋਂ ਬਾਅਦ ਨਿਸ਼ਾਨੇਬਾਜ਼ ਗਗਨ ਨਾਰੰਗ ਨੇ 8 ਸੋਨ ਤਗ਼ਮਿਆਂ ਸਮੇਤ ਕੁੱਲ 10, ਸਮਰੇਸ਼ ਜੰਗ ਨੇ 7 ਸੋਨ ਤਗ਼ਮਿਆਂ ਸਮੇਤ ਕੁੱਲ 14, ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੇ 5 ਸੋਨ ਤਗ਼ਮਿਆਂ ਸਮੇਤ ਕੁੱਲ 10 ਅਤੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ 5 ਸੋਨ ਤਗ਼ਮਿਆਂ ਸਮੇਤ ਕੁੱਲ 9 ਤਗ਼ਮੇ ਆਪਣੇ ਨਾਮ ਕੀਤੇ ਹਨ। ਹੁਣ ਦੇਸ਼ ਵਾਸੀਆਂ ਦੀਆਂ ਨਜ਼ਰਾਂ ਗਲਾਸਗੋ ਵਿਖੇ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ’ਤੇ ਟਿਕੀਆਂ ਹੋਈਆਂ ਹਨ, ਆਸ ਹੈ ਸਾਡੇ ਖਿਡਾਰੀ ਨਵੇਂ ਕੀਰਤੀਮਾਨ ਸਥਾਪਤ ਕਰਨਗੇ, ਭਾਰਤੀ ਅਥਲੀਟਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਸੰਪਰਕ: 97800-36216

