ਸਮਰ ਕੈਂਪ: ਹੁਨਰ ਦਾ ਵਿਕਾਸ ਜਾਂ ਮਹਿਜ਼ ਕਮਾਈ ਦਾ ਸਾਧਨ?
ਸਮਰ ਕੈਂਪ ਲਗਾਉਣਾ ਅੱਜ ਦੇ ਸਕੂਲਾਂ ਦਾ ਰਿਵਾਜ ਬਣ ਗਿਆ ਹੈ। ਇਹ ਮਜਬੂਰੀ ਹੈ ਜਾਂ ਫਿਰ ਕੁਝ ਸੰਸਥਾਵਾਂ ਵੱਲੋਂ ਇਸ ਨੂੰ ਸਿਰਫ਼ ਕਮਾਈ ਦੇ ਸਾਧਨ ਵਜੋਂ ਵਰਤਿਆ ਜਾ ਰਿਹਾ ਹੈ? ਇਸ ਬਾਰੇ ਜਾਣਨ ਤੋਂ ਪਹਿਲਾਂ ਜੇਕਰ ਅਸੀਂ ਸਮਰ ਕੈਂਪ ਦੇ...
ਸਮਰ ਕੈਂਪ ਲਗਾਉਣਾ ਅੱਜ ਦੇ ਸਕੂਲਾਂ ਦਾ ਰਿਵਾਜ ਬਣ ਗਿਆ ਹੈ। ਇਹ ਮਜਬੂਰੀ ਹੈ ਜਾਂ ਫਿਰ ਕੁਝ ਸੰਸਥਾਵਾਂ ਵੱਲੋਂ ਇਸ ਨੂੰ ਸਿਰਫ਼ ਕਮਾਈ ਦੇ ਸਾਧਨ ਵਜੋਂ ਵਰਤਿਆ ਜਾ ਰਿਹਾ ਹੈ? ਇਸ ਬਾਰੇ ਜਾਣਨ ਤੋਂ ਪਹਿਲਾਂ ਜੇਕਰ ਅਸੀਂ ਸਮਰ ਕੈਂਪ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਇਹ ਕਾਫ਼ੀ ਪੁਰਾਣਾ ਹੈ। ਇਸ ਦੀ ਸ਼ੁਰੂਆਤ ਇੱਕ ਬਹੁਤ ਵੱਡੇ ਸਾਰਥਕ ਮਕਸਦ ਨਾਲ ਹੋਈ ਸੀ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਾਲ 1861 ਵਿੱਚ ਅਮਰੀਕਾ ਦੇ ਕਨੈਕਟੀਕਟ ਵਿੱਚ ਪਹਿਲਾ ਕੈਂਪ ਲਗਾਇਆ ਗਿਆ ਸੀ। ਇਸ ਦੀ ਪਹਿਲਕਦਮੀ ਫਰੈਡਰਿਕ ਡਬਲਯੂ. ਗਨ ਨਾਂ ਦੇ ਇੱਕ ਅਧਿਆਪਕ ਨੇ ਕੀਤੀ ਸੀ। ਉਸ ਨੇ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਸੰਤੁਲਨ ਬਣਾਈ ਰੱਖਣ ਲਈ ਦੋ ਹਫ਼ਤਿਆਂ ਵਾਸਤੇ ਪਹਾੜਾਂ ਅਤੇ ਕੁਦਰਤੀ ਮਾਹੌਲ ਵਿੱਚ ਕੈਂਪ ਲਗਾ ਕੇ ਹਾਈਕਿੰਗ, ਤੈਰਾਕੀ ਅਤੇ ਸੈਰ-ਸਪਾਟਾ ਵਰਗੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਸਨ। ਉਸ ਵੱਲੋਂ ਸਮਰ ਕੈਂਪ ਸ਼ੁਰੂ ਕਰਨ ਦਾ ਅਸਲ ਮਕਸਦ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ ਸੀ, ਜਿਸ ਵਿੱਚ ਨਵੇਂ ਹੁਨਰ ਸਿੱਖਣਾ, ਆਤਮ-ਵਿਸ਼ਵਾਸ ਵਧਾਉਣਾ ਅਤੇ ਸਮਾਜਿਕ ਮੇਲ-ਜੋਲ ਸਿਖਾਉਣ ਵਰਗੇ ਟੀਚੇ ਮਿੱਥੇ ਗਏ ਸਨ। ਉਸ ਦਾ ਮੰਨਣਾ ਸੀ ਕਿ ਇਹ ਕੈਂਪ ਗਰਮੀਆਂ ਦੀਆਂ ਛੁੱਟੀਆਂ ਦੀ ਸਹੀ ਵਰਤੋਂ ਕਰਵਾ ਕੇ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਸਰਗਰਮ ਅਤੇ ਤੰਦਰੁਸਤ ਰੱਖਦੇ ਹਨ।
ਭਾਰਤ ਵਿੱਚ ਸਿੱਖਣ-ਆਧਾਰਿਤ ਵਾਈਲਡਲਾਈਫ ਸਮਰ ਕੈਂਪਾਂ ਦੇ ਸੰਕਲਪ ਦੀ ਸ਼ੁਰੂਆਤ ‘ਯੂਰੇਕਾ’ ਨਾਂ ਦੀ ਸੰਸਥਾ ਨੇ ਕੀਤੀ, ਜਿਸ ਨੇ 1996 ਵਿੱਚ ਸੀਤਲਾਖੇਤ (ਉੱਤਰਾਖੰਡ) ਵਿਖੇ ਆਪਣਾ ਮੁੱਖ ਕੈਂਪ ਸਥਾਪਿਤ ਕੀਤਾ। ਵੈਸੇ, ਕਿਸੇ ਇੱਕ ਅਧਿਕਾਰਤ ਜਾਂ ਕੇਂਦਰੀ ਸੰਸਥਾ ਦੁਆਰਾ ਪਹਿਲੇ ਸਮਰ ਕੈਂਪ ਦੀ ਸਹੀ ਮਿਤੀ ਦਾ ਕੋਈ ਲਿਖਤੀ ਇਤਿਹਾਸਕ ਪ੍ਰਮਾਣ ਨਹੀਂ ਮਿਲਦਾ। ਹਾਲਾਂਕਿ, ਭਾਰਤ ਵਿੱਚ ਸਮਰ ਕੈਂਪਾਂ ਦਾ ਰੁਝਾਨ 20ਵੀਂ ਸਦੀ ਦੇ ਮੱਧ ਵਿੱਚ ਸ਼ੁਰੂ ਹੋਇਆ, ਜਿਸ ਵਿੱਚ ‘ਭਾਰਤੀ ਸਕਾਊਟਸ ਅਤੇ ਗਾਈਡਜ਼’ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਨੇ ਬੱਚਿਆਂ ਦੇ ਵਿਕਾਸ ਲਈ ਮੋਹਰੀ ਭੂਮਿਕਾ ਨਿਭਾਈ। ਅੱਜਕੱਲ੍ਹ ਕਈ ਤਰ੍ਹਾਂ ਦੇ ਸਮਰ ਕੈਂਪ ਲਗਾਏ ਜਾਂਦੇ ਹਨ। ਕਈ ਲੋਕ ‘ਡੇਅ ਕੈਂਪ’ ਲਗਾਉਂਦੇ ਹਨ, ਜੋ ਦਿਨ ਦੇ ਸਮੇਂ ਕੁਝ ਘੰਟਿਆਂ ਲਈ ਹੁੰਦੇ ਹਨ ਅਤੇ ਬੱਚੇ ਸਵੇਰੇ ਜਾ ਕੇ ਸ਼ਾਮ ਨੂੰ ਆਪਣੇ ਘਰ ਪਰਤ ਆਉਂਦੇ ਹਨ। ਕੁਝ ਸੰਸਥਾਵਾਂ ਜਾਂ ਪ੍ਰਬੰਧਕ ਕਈ-ਕਈ ਦਿਨਾਂ ਦੇ ਰਿਹਾਇਸ਼ੀ ਕੈਂਪ ਵੀ ਲਗਾਉਂਦੇ ਹਨ, ਜਿੱਥੇ ਬੱਚੇ ਕੈਂਪ ਵਾਲੀ ਥਾਂ ’ਤੇ ਹੀ ਠਹਿਰਦੇ ਹਨ। ਉੱਥੇ ਬੱਚਿਆਂ ਨੂੰ ਆਪਣੀ ਸੁਰੱਖਿਆ ਦੇ ਨਾਲ-ਨਾਲ ਸਵੈ-ਨਿਰਭਰਤਾ ਅਤੇ ਸਮਾਜਿਕ ਭਲਾਈ ਦੇ ਕਾਰਜ ਸਿਖਾਉਣ ਦੀ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ। ਅੱਜਕੱਲ੍ਹ ਖੇਡਾਂ, ਨ੍ਰਿਤ, ਵਿਗਿਆਨ, ਆਰਟ ਐਂਡ ਕਰਾਫਟ ਜਾਂ ਐਡਵੈਂਚਰ ’ਤੇ ਆਧਾਰਿਤ ਕੈਂਪਾਂ ਦਾ ਰੁਝਾਨ ਬਹੁਤ ਵਧ ਗਿਆ ਹੈ, ਪਰ ਕੁਝ ਦਿਨਾਂ ਦੇ ਇਨ੍ਹਾਂ ਕੈਂਪਾਂ ਦੇ ਨਾਂ ’ਤੇ ਮਾਪਿਆਂ ਤੋਂ ਮੋਟੀਆਂ ਫੀਸਾਂ ਵੀ ਵਸੂਲੀਆਂ ਜਾਂਦੀਆਂ ਹਨ।
ਦਰਅਸਲ, ਸਮਰ ਕੈਂਪਾਂ ਵਿੱਚ ਜਾ ਕੇ ਬੱਚੇ ਖੇਡਾਂ, ਚਿੱਤਰਕਾਰੀ, ਨ੍ਰਿਤ, ਸੰਗੀਤ ਅਤੇ ਰੋਬੋਟਿਕਸ ਵਰਗੀਆਂ ਨਵੀਆਂ ਤਕਨੀਕਾਂ ਤੇ ਕਲਾਵਾਂ ਸਿੱਖਦੇ ਹਨ। ਇਨ੍ਹਾਂ ਕੈਂਪਾਂ ਸਦਕਾ ਬੱਚੇ ਮੋਬਾਈਲ ਅਤੇ ਟੀਵੀ ਦੀ ਸਕਰੀਨ ਤੋਂ ਦੂਰ ਅਤੇ ਸਰੀਰਕ ਗਤੀਵਿਧੀਆਂ ਵਿੱਚ ਰੁੱਝੇ ਰਹਿੰਦੇ ਹਨ। ਵੱਖ-ਵੱਖ ਸਕੂਲਾਂ ਦੇ ਬੱਚਿਆਂ ਨਾਲ ਮਿਲਣ-ਜੁਲਣ ਅਤੇ ਸਟੇਜ ’ਤੇ ਹੋਣ ਵਾਲੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਨਾਲ ਬੱਚਿਆਂ ਦੇ ਮਨ ਦਾ ਡਰ ਦੂਰ ਹੁੰਦਾ ਹੈ ਅਤੇ ਉਨ੍ਹਾਂ ਨੂੰ ਇੱਕ ਵਧੀਆ ਸ਼ਖ਼ਸੀਅਤ ਵਜੋਂ ਉਭਰਨ ਦਾ ਮੌਕਾ ਮਿਲਦਾ ਹੈ। ਅਜਿਹੇ ਕੈਂਪਾਂ ਰਾਹੀਂ ਬੱਚੇ ਛੋਟੇ-ਛੋਟੇ ਕੰਮ ਖ਼ੁਦ ਕਰਨਾ ਸਿੱਖਦੇ ਅਤੇ ਆਤਮ-ਨਿਰਭਰ ਬਣਦੇ ਹਨ, ਜਿਸ ਨਾਲ ਉਨ੍ਹਾਂ ਵਿੱਚ ਸੁਤੰਤਰ ਰਹਿਣ ਦੀ ਭਾਵਨਾ ਪੈਦਾ ਹੁੰਦੀ ਹੈ। ਕਈ ਸਮਰ ਕੈਂਪ ਸੱਭਿਆਚਾਰਕ ਗਤੀਵਿਧੀਆਂ ਨਾਲ ਸਬੰਧਿਤ ਹੁੰਦੇ ਹਨ, ਜਿੱਥੇ ਬੱਚਿਆਂ ਨੂੰ ਗਿੱਧਾ, ਭੰਗੜਾ, ਲੋਕ ਨਾਚ ਅਤੇ ਸੰਗੀਤ ਸਿਖਾਇਆ ਜਾਂਦਾ ਹੈ। ਬਹੁਤ ਸਾਰੀਆਂ ਥਾਵਾਂ ’ਤੇ ਬੱਚਿਆਂ ਨੂੰ ਕਲਾ ਅਤੇ ਹੁਨਰ ਨਾਲ ਜੋੜਨ ਲਈ ਡਰਾਇੰਗ, ਪੇਂਟਿੰਗ, ਮਿੱਟੀ ਦੇ ਖਿਡੌਣੇ ਬਣਾਉਣਾ ਅਤੇ ਕੈਲੀਗ੍ਰਾਫੀ (ਸੁੰਦਰ ਲਿਖਾਈ) ਵਰਗੇ ਸਾਰਥਕ ਟੀਚੇ ਮਿੱਥੇ ਜਾਂਦੇ ਹਨ। ਇਸ ਦੇ ਨਾਲ ਹੀ ਕਈ ਪ੍ਰਬੰਧਕ ਖੇਡਾਂ, ਯੋਗਾ, ਮੈਡੀਟੇਸ਼ਨ (ਧਿਆਨ), ਕਰਾਟੇ ਅਤੇ ਹੋਰ ਮੈਦਾਨੀ ਖੇਡਾਂ ਦੇ ਵਿਸ਼ੇਸ਼ ਕੈਂਪਾਂ ਦਾ ਆਯੋਜਨ ਵੀ ਕਰਦੇ ਹਨ।
ਸਮਰ ਕੈਂਪ ਲਗਾਉਣ ਦਾ ਮੁੱਖ ਮਕਸਦ ਬਹੁਤ ਹੀ ਸ਼ਲਾਘਾਯੋਗ ਹੈ, ਪਰ ਕੀ ਇਹ ਸਾਡੇ ਦੇਸ਼ ਵਿੱਚ ਬੱਚਿਆਂ ਦੇ ਹੁਨਰ ਵਿਕਾਸ, ਵਾਧੂ ਸਿੱਖਿਆ, ਕਲਾਤਮਿਕ ਰੁਚੀਆਂ ਜਾਂ ਸੱਭਿਆਚਾਰਕ ਗਤੀਵਿਧੀਆਂ ਨਾਲ ਜੋੜਨ ਵਿੱਚ ਸੱਚਮੁੱਚ ਸਹਾਈ ਸਿੱਧ ਹੋ ਰਹੇ ਹਨ? ਜਾਂ ਫਿਰ ਲੋਕਾਂ ਨੇ ਇਸ ਨੂੰ ਇੱਕ-ਦੋ ਮਹੀਨਿਆਂ ਵਿੱਚ ਮੋਟੀ ਕਮਾਈ ਕਰਨ ਦੇ ਸਾਧਨ ਵਜੋਂ ਅਪਣਾ ਲਿਆ ਹੈ? ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਨਿੱਜੀ ਸੰਸਥਾਵਾਂ ਵੱਲੋਂ ਸਮਰ ਕੈਂਪਾਂ ਦੀ ਇਸ਼ਤਿਹਾਰਬਾਜ਼ੀ ਸ਼ੁਰੂ ਕਰ ਦਿੱਤੀ ਜਾਂਦੀ ਹੈ, ਜਿਨ੍ਹਾਂ ਵਿੱਚ ਦਿੱਤੀ ਜਾਣ ਵਾਲੀ ਸਿਖਲਾਈ ਅਤੇ ਤਰ੍ਹਾਂ-ਤਰ੍ਹਾਂ ਦੀਆਂ ਆਧੁਨਿਕ ਸੁਖ-ਸਹੂਲਤਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਬਹੁਤੇ ਅਮੀਰ ਜਾਂ ਮੱਧਵਰਗੀ ਮਾਪੇ ਆਪਣੇ ਬੱਚਿਆਂ ਲਈ ਅਜਿਹੇ ਹੀ ਕੈਂਪਾਂ ਦੀ ਚੋਣ ਕਰਦੇ ਹਨ।
ਦੇਖਣ ’ਚ ਆਇਆ ਹੈ ਕਿ ਅੱਜਕੱਲ੍ਹ ਤਕਰੀਬਨ ਸਾਰੇ ਨਿੱਜੀ ਸਕੂਲਾਂ ਵੱਲੋਂ ਬੜੀ ਚਲਾਕੀ ਨਾਲ ਸੈਸ਼ਨ ਦੇ ਸ਼ੁਰੂ ਵਿੱਚ ਦਾਖ਼ਲੇ ਸਮੇਂ ਹੀ ‘ਐਕਟੀਵਿਟੀ ਚਾਰਜਿਜ਼’ ਦੇ ਨਾਂ ਹੇਠ ਮੋਟੀ ਰਕਮ ਵਸੂਲ ਲਈ ਜਾਂਦੀ ਹੈ। ਰਸਮੀ ਤੌਰ ’ਤੇ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰਨ ਤੋਂ ਬਾਅਦ ਸਕੂਲਾਂ ਵਿੱਚ ਬੱਚਿਆਂ ਨੂੰ ਸਮਰ ਕੈਂਪ ਲਈ 10 ਤੋਂ 15 ਦਿਨਾਂ ਤੱਕ ਦੁਬਾਰਾ ਬੁਲਾਇਆ ਜਾਂਦਾ ਹੈ। ਇਸ ਨਾਲ ਸਕੂਲ ਪ੍ਰਬੰਧਕਾਂ ਨੂੰ ਦੂਹਰਾ ਫ਼ਾਇਦਾ ਹੁੰਦਾ ਹੈ, ਇੱਕ ਤਾਂ ਉਹ ਅਧਿਆਪਕਾਂ ਨੂੰ ਦਿੱਤੀ ਜਾਣ ਵਾਲੀ ਤਨਖ਼ਾਹ ਦੇ ਬਦਲੇ ਗਰਮੀ ਦੀਆਂ ਛੁੱਟੀਆਂ ਵਿੱਚ ਉਨ੍ਹਾਂ ਤੋਂ ਵਾਧੂ ਕੰਮ ਲੈ ਲੈਂਦੇ ਹਨ ਅਤੇ ਦੂਜਾ, ਬੱਚਿਆਂ ਤੋਂ ਕਮਾਈ ਦਾ ਵੀ ਜ਼ਰੀਆ ਬਣ ਜਾਂਦਾ ਹੈ। ਬੱਚੇ ਇਨ੍ਹਾਂ 10-15 ਦਿਨਾਂ ਵਿੱਚ ਕੀ ਸਿੱਖਦੇ ਹਨ, ਇਸ ਦਾ ਅੰਦਾਜ਼ਾ ਕੈਂਪ ਦੇ ਆਖ਼ਰੀ ਦਿਨ ਲਗਾਈ ਜਾਣ ਵਾਲੀ ਇੱਕ ਰਸਮੀ ਪ੍ਰਦਰਸ਼ਨੀ (ਐਗਜ਼ੀਬੀਸ਼ਨ) ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਸਾਡੇ ਪਰਿਵਾਰਕ ਤੇ ਸਾਕ-ਸੰਬੰਧੀਆਂ ਦੇ ਆਪਸੀ ਵਿਸ਼ਵਾਸ ਅਤੇ ਮਿਲਵਰਤਣ ਵਿੱਚ ਆਈ ਕਮੀ ਕਾਰਨ ਵੀ ਇਹ ਰੁਝਾਨ ਵਧਿਆ ਹੈ। ਹੁਣ ਬੱਚਿਆਂ ਕੋਲ ਛੁੱਟੀਆਂ ਬਿਤਾਉਣ ਲਈ ਜਾਂ ਤਾਂ ਮਾਪਿਆਂ ਨਾਲ ਪਹਾੜਾਂ ਵਿੱਚ ਘੁੰਮਣ ਜਾਣ ਦਾ ਬਦਲ ਹੁੰਦਾ ਹੈ ਜਾਂ ਫਿਰ ਘਰ ਬੈਠ ਕੇ ਹੀ ਦਿਨ ਲੰਘਾਉਣੇ ਪੈਂਦੇ ਹਨ। ਅਜੋਕੇ ਦੌਰ ਵਿੱਚ ਮਾਪਿਆਂ ਦੇ ਕੰਮਕਾਜੀ ਹੋਣ ਕਰਕੇ ਜਾਂ ਸਾਰਾ ਦਿਨ ਘਰ ਵਿੱਚ ਬੱਚਿਆਂ ਦੇ ਰੌਲ਼ੇ-ਰੱਪੇ ਤੋਂ ਬਚਣ ਲਈ ਉਹ ਫੀਸ ਭਰ ਕੇ ਬੱਚਿਆਂ ਨੂੰ ਸਮਰ ਕੈਂਪਾਂ ਵਿੱਚ ਭੇਜਣਾ ਵਧੇਰੇ ਪਸੰਦ ਕਰਦੇ ਹਨ। ਕਈ ਲੋਕ ਤਾਂ ਹੁਣ ਸਕੂਲ ਵੱਲੋਂ ਮਿਲੇ ਛੁੱਟੀਆਂ ਦੇ ਕੰਮ ਨੂੰ ਕਰਵਾਉਣ ਲਈ ਵੀ ਵਿਸ਼ੇਸ਼ ਸਮਰ ਕੈਂਪ ਲਗਾਉਣ ਲੱਗ ਪਏ ਹਨ। ਮਾਪੇ ਅਜਿਹੇ ਕੈਂਪਾਂ ਵਿੱਚ ਬੱਚਿਆਂ ਨੂੰ ਭੇਜ ਕੇ ਆਪਣੀ ਜ਼ਿੰਮੇਵਾਰੀ ਅਤੇ ਸਿਰਦਰਦੀ ਤੋਂ ਸੁਰਖ਼ਰੂ ਹੋ ਜਾਂਦੇ ਹਨ। ਖ਼ੈਰ, ਸਚਾਈ ਜੋ ਵੀ ਹੋਵੇ, ਪਰ ਇਹ ‘ਸਮਰ ਕੈਂਪ’ ਕਿਤੇ ਨਾ ਕਿਤੇ ਬਹੁਤ ਸਾਰੇ ਬੇਰੁਜ਼ਗਾਰ ਨੌਜਵਾਨਾਂ ਨੂੰ ਥੋੜ੍ਹਾ-ਬਹੁਤ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮਾਪਿਆਂ ਅਤੇ ਬੱਚਿਆਂ ਲਈ ਵੀ ਕਿਸੇ ਹੱਦ ਤੱਕ ਲਾਹੇਵੰਦ ਸਾਬਿਤ ਹੋ ਰਹੇ ਹਨ।
ਸੰਪਰਕ: 99889-01324

