ਮੁੱਢਲੀ ਲੋੜ

ਗੁਸਲਖਾਨਿਆਂ ਦਾ ਇਤਿਹਾਸ

ਗੁਸਲਖਾਨਿਆਂ ਦਾ ਇਤਿਹਾਸ

ਹਰਜੀਤ ਅਟਵਾਲ

ਹਰਜੀਤ ਅਟਵਾਲ

ਇਸ਼ਨਾਨ ਇਨਸਾਨ ਦੀ ਜੀਵਨ-ਜਾਚ ਦੀਆਂ ਮੁੱਢਲੀਆਂ ਲੋੜਾਂ ਵਿੱਚੋਂ ਹੈ। ਜਨਮ ਵੇਲੇ ਇਸ਼ਨਾਨ, ਮਰਨ ਵੇਲੇ ਇਸ਼ਨਾਨ, ਹਰ ਸਵੇਰ ਇਸ਼ਨਾਨ। ਮੁੱਢ ਕਦੀਮ ਤੋਂ ਇਨਸਾਨ ਦਰਿਆਵਾਂ, ਝੀਲਾਂ ਦੇ ਕਿਨਾਰੇ ਰਹਿੰਦਾ ਆਇਆ ਹੈ। ਜਿਹੜੇ ਇਨਸਾਨ ਇਨ੍ਹਾਂ ਸਰੋਤਾਂ ਤੋਂ ਦੂਰ ਰਹਿੰਦੇ ਸਨ ਉਨ੍ਹਾਂ ਨੂੰ ਇਸ਼ਨਾਨ ਲਈ ਪਾਣੀ ਦਾ ਇੰਤਜ਼ਾਮ ਕਰਨਾ ਪੈਂਦਾ ਹੋਵੇਗਾ ਤੇ ਘਰਾਂ/ਝੌਂਪੜੀਆਂ ਦੇ ਨਾਲ ਹੀ ਇਸ਼ਨਾਨ ਲਈ ਵੱਖਰੀ ਜਗ੍ਹਾ ਰਾਖਵੀਂ ਰੱਖਣੀ ਪੈਂਦੀ ਹੋਵੇਗੀ। ਜਿਉਂ-ਜਿਉਂ ਇਨਸਾਨ ਤਰੱਕੀ ਕਰਦਾ ਗਿਆ, ਜ਼ਿੰਦਗੀ ਪ੍ਰਤੀ ਉਹਦੀ ਸੋਝੀ ਵਧਦੀ ਗਈ, ਸਾਫ਼-ਸਫ਼ਾਈ ਬਾਰੇ ਚੇਤਨਾ ਜਾਗਰੂਕ ਹੁੰਦੀ ਗਈ, ਗੁਸਲਖਾਨੇ ਦੀ ਅਹਿਮੀਅਤ ਵੀ ਵਧਦੀ ਗਈ। ਸਿੰਧੂ ਘਾਟੀ ਦੀ ਸਭਿਅਤਾ ਦੇ ਖੰਡਰਾਂ ਤੋਂ ਪਤਾ ਲੱਗਦਾ ਹੈ ਕਿ ਉਸ ਵੇਲੇ ਦੇ ਘਰਾਂ ਵਿੱਚ ਗੁਸਲਖਾਨਿਆਂ ਲਈ ਖ਼ਾਸ ਜਗ੍ਹਾ ਹੁੰਦੀ ਸੀ। ਪਾਣੀ ਦੇ ਨਿਕਾਸ ਲਈ ਨਾਲ਼ੀਆਂ ਦੇ ਸਬੂਤ ਵੀ ਮਿਲਦੇ ਹਨ। ਥੇਹਾਂ ਵਿੱਚੋਂ ਮਿਲੀਆਂ ਵਸਤਾਂ ਤੋਂ ਪਤਾ ਲੱਗਦਾ ਹੈ ਕਿ ਸਿੰਧੂ ਘਾਟੀ ਵੇਲੇ ਦੇ ਇਮਾਰਤਸਾਜ਼ਾਂ ਨੂੰ ਸੈਨੀਟਰੀ ਇੰਜੀਨੀਅਰਿੰਗ ਸਾਇੰਸ ਦੀ ਜਾਣਕਾਰੀ ਸੀ। ਨਿਕਾਸ ਪ੍ਰਣਾਲੀ ਮਨੁੱਖ ਦੇ ਜੀਵਨ ਤੇ ਸਿਹਤ ਨਾਲ ਮੁੱਢ ਤੋਂ ਹੀ ਜੁੜੀ ਹੋਈ ਹੈ। ਮੋਹੰਜੋਦਾਰੋ ਤੇ ਹੜੱਪਾ ਦੇ ਖੰਡਰਾਂ ਵਿੱਚ ਵੀ ਗੁਸਲਖਾਨਿਆਂ ਦਾ ਸੁਧਰਿਆ ਰੂਪ ਮਿਲਦਾ ਹੈ। ਪਖਾਨੇ ਲਈ ਲੱਕੜੀ ਦੀਆਂ ਸੀਟਾਂ ਮਿਲਦੀਆਂ ਹਨ ਤੇ ਬਾਥਰੂਮਾਂ ਵਿੱਚ ਇੱਟਾਂ ਦੇ ਥੜ੍ਹੇ ਮਿਲਦੇ ਹਨ।

ਬੈਠਣ ਵਾਲੇ ਪਖਾਨੇ ਤੇ ਫੁਹਾਰਿਆਂ ਵਾਂਗ ਪਾਣੀ ਸੁੱਟਣਾ ਯੂਨਾਨੀ ਮਿਨੋਅਨ ਵਿੱਚ ਮਿਲਦਾ ਹੈ। ਇਹ ਸਭਿਅਤਾ ਸਿੰਧੂ ਘਾਟੀ ਦੀ ਸਭਿਅਤਾ ਤੋਂ ਵੀ ਪੁਰਾਣੀ ਹੈ। ਉਹ ਪ੍ਰਣਾਲੀ ਮਿਸਰ ਦੀ ਘਾਟੀ ਦੀ ਸਭਿਅਤਾ ਵਿੱਚ ਵੀ ਚਲਦੀ ਸੀ। ਗੁਸਲਖਾਨੇ ਬਹੁਤੇ ਘਰਾਂ ਦੇ ਨਾਲ ਬਣੇ ਮਿਲਦੇ ਹਨ।

ਇਤਿਹਾਸ ਵਿੱਚ ਨਹਾਉਣਾ ਇਕ ਸਾਂਝੀ ਗਤੀਵਿਧੀ ਸੀ। ਲੋਕ ਇਕੱਠੇ ਹੋ ਕੇ ਨਹਾਉਂਦੇ। ਇਕੱਠੇ ਨਹਾਉਣ ਦੀ ਪਿਰਤ ਅੱਜ ਵੀ ਕਾਇਮ ਹੈ। ਧਾਰਮਿਕ-ਅਸਥਾਨਾਂ ਉਪਰ ਨਹਾਉਣਾ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਔਰਤਾਂ ਲਈ ਅਲੱਗ ਜਗ੍ਹਾ ਬਣੀ ਹੁੰਦੀ ਹੈ ਜਿਸ ਨੂੰ ਸਾਡੀ ਭਾਸ਼ਾ ਵਿੱਚ ‘ਪੋਣਾ’ ਆਖਦੇ ਹਨ। ਗੁਰਦੁਆਰਿਆਂ ਵਿੱਚ ਸਰੋਵਰ ਦਾ ਹੋਣਾ ਇਸ ਦਾ ਸਬੂਤ ਹੈ ਕਿ ਸਰੀਰ ਦੀ ਸਫ਼ਾਈ ਰੱਖਣਾ ਇਕ ਧਾਰਮਿਕ ਕੰਮ ਹੈ। ਗੰਗਾ ਨਹਾਉਣ ਨੂੰ ਪੁੰਨ ਦਾ ਕੰਮ ਸਮਝਿਆ ਜਾਂਦਾ ਹੈ। ਭਾਰਤ ਸਮੇਤ ਕਈ ਮੁਲਕਾਂ ਵਿੱਚ ਜਨਤਕ ਤੌਰ ’ਤੇ ਇਸ਼ਨਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਯੌਰਪ ਤੇ ਉੱਤਰੀ ਅਮਰੀਕਾ ਵਿੱਚ ਮੌਸਮ ਠੰਢਾ ਹੋਣ ਕਰਕੇ ਗਰਮ ਪਾਣੀ ਜਾਂ ਭਾਫ਼ ਨਾਲ ਨਹਾਉਣ ਦਾ ਰਿਵਾਜ ਰਿਹਾ ਹੈ, ਇਹੀ ਸਿਸਟਮ ਅੱਗੇ ਜਾ ਕੇ ਸੋਨਾ ਬਾਥ ਦੇ ਰੂਪ ਵਿੱਚ ਸਾਹਮਣੇ ਆਇਆ। ਮੈਂ ਇੰਡੀਆ ਹੁੰਦਿਆਂ ਕਈ ਵਾਰ ਸੁਣਿਆ ਸੀ ਕਿ ਗੋਰੇ ਨਹਾਉਂਦੇ ਨਹੀਂ। ਬਹੁਤ ਸਾਰੇ ਲੋਕ ਹੈਰਾਨ ਹੋਣਗੇ ਕਿ ਪਿਛਲੀ ਸਦੀ ਦੇ ਅੱਧ ਤੱਕ ਇੰਗਲੈਂਡ ਦੇ ਆਮ-ਘਰਾਂ ਵਿੱਚ ਬਾਥਰੂਮ ਨਹੀਂ ਸੀ ਹੁੰਦੇ। ਹਾਂ, ਪਖਾਨੇ ਜ਼ਰੂਰ ਹੁੰਦੇ ਹਨ, ਬਹੁਤੀ ਵਾਰ ਬਾਹਰ, ਗਾਰਡਨ ਵਿੱਚ। ਨਹਾਉਣ ਤੇ ਕੱਪੜੇ ਧੋਣ ਲਈ ਜਨਤਕ ਇਸ਼ਨਾਨ-ਘਰ ਹੁੰਦੇ ਸਨ, ਇਸ ਲਈ ਲੋਕ ਹਫ਼ਤੇ ਬਾਅਦ ਹੀ ਨਹਾਉਂਦੇ। ਪਹਿਲੀਆਂ ਵਿੱਚ ਵਾਲ ਕਟਾਉਣ ਦਾ ਵੀ ਇਹੋ ਮੁੱਖ ਕਾਰਨ ਸੀ। ਪਿਛਲੀ ਸਦੀ ਦੇ ਸੱਠਵਿਆਂ ਵਿੱਚ ਆ ਕੇ ਵਸਣ ਵਾਲੇ ਪੰਜਾਬੀ ਲੋਕਾਂ ਦਾ ਇਸ ਬਾਰੇ ਕਾਫ਼ੀ ਤਜਰਬਾ ਹੈ।

ਸਾਂਝੇ ਤੌਰ ’ਤੇ ਨਹਾਉਣ ਬਾਰੇ ਅੱਗੇ ਗੱਲ ਕਰੀਏ ਤਾਂ ਜਪਾਨ ਵਿੱਚ ਇਸ ਨੂੰ ਸੈਂਟੋ ਆਖਦੇ ਹਨ। ਇਕ ਵੱਡਾ ਕਮਰਾ ਹੁੰਦਾ ਹੈ ਜਿਸ ਦੇ ਵਿਚਕਾਰ ਕੰਧ ਹੁੰਦੀ ਹੈ। ਇਕ ਪਾਸੇ ਔਰਤਾਂ ਨਹਾਉਂਦੀਆਂ ਹਨ ਤੇ ਦੂਜੇ ਪਾਸੇ ਮਰਦ। ਇਵੇਂ ਹੀ ਟਰਕਿਸ਼ ਬਾਥ ਹਨ ਜਿਨ੍ਹਾਂ ਨੂੰ ਅੱਗੇ ਚੱਲ ਕੇ ਹਮਾਮ ਵੀ ਕਿਹਾ ਗਿਆ। ਸਾਰੇ ਇਸਲਾਮੀ ਜਗਤ ਵਿੱਚ ਹਮਾਮ ਬਹੁਤ ਪ੍ਰਚਲਤ ਹਨ। ਹਿੰਦੋਸਤਾਨ ਵਿੱਚ ਵੀ ਮੁਗ਼ਲਾਂ ਵੇਲੇ ਹਮਾਮ ਆਮ ਸਨ, ਖ਼ਾਸਕਰ ਉਪਰਲੀਆਂ ਜਮਾਤਾਂ ਵਿੱਚ। ਇੱਥੋਂ ਹੀ ਮੁਹਾਵਰਾ ਬਣਿਆ ਸੀ ਕਿ ਹਮਾਮ ਵਿੱਚ ਸਭ ਨੰਗੇ। ਹਮਾਮ ਸ਼ਬਦ ਰੋਮਨਾਂ ਦੇ ਥੈਰਮ ਸ਼ਬਦ ਦਾ ਵਿਗੜਿਆ ਰੂਪ ਲੱਗਦਾ ਹੈ। ਰੋਮਨਾਂ ਵੇਲੇ ਸਾਂਝੇ ਥਾਂ ਨਹਾਉਣ ਵਾਲੀ ਜਗ੍ਹਾ ਨੂੰ ਥੈਰਮ, ਅੱਜਕੱਲ੍ਹ ਥਰਮਲ ਬਾਥ ਕਿਹਾ ਜਾਂਦਾ ਹੈ। ਇਹ ਵੱਡੀ ਜਗ੍ਹਾ ਹੁੰਦੀ ਹੈ ਜਿੱਥੇ ਸੈਂਕੜੇ ਲੋਕ ਨਹਾ ਸਕਦੇ ਹਨ। ਅਜੋਕੇ ਸਵਿੰਮਿੰਗ ਪੂਲ ਇਨ੍ਹਾਂ ਦਾ ਹੀ ਸੁਧਰਿਆ ਰੂਪ ਹੈ। ਰੋਮਨਾਂ ਵੇਲੇ ਦੇ ਇਸ਼ਨਾਨ-ਘਰ ਇੰਗਲੈਂਡ ਦੇ ਸ਼ਹਿਰ ‘ਬਾਥ’ ਵਿੱਚ ਅੱਜ ਵੀ ਕਾਇਮ ਹਨ ਜਿਨ੍ਹਾਂ ਵਿੱਚ ਗਰਮ ਪਾਣੀ ਨਾਲ ਨਹਾਉਣ ਦਾ ਦੋ ਹਜ਼ਾਰ ਸਾਲ ਪੁਰਾਣਾ ਸਿਸਟਮ ਉਪਲਬਧ ਹੈ।

ਅਸਲ ਵਿੱਚ ਇਸ਼ਨਾਨ-ਘਰ ਵਿੱਚ ਇਕੋ ਸਮੇਂ ਬਹੁਤ ਸਾਰੇ ਲੋਕ ਨਹਾ ਸਕਦੇ ਹਨ। ਆਮ ਘਰ ਵਿੱਚ ਅਸੀਂ ਗੁਸਲਖਾਨਾ ਸ਼ਬਦ ਵਰਤਦੇ ਹਾਂ। ਅੰਗਰੇਜ਼ੀ ਬੋਲਦੀ ਦੁਨੀਆ ਵਿੱਚ ਬਾਥਰੂਮ ਕਿਹਾ ਜਾਂਦਾ ਹੈ ਜਿਸ ਦੇ ਅੱਗੇ ਛੋਟੇ-ਛੋਟੇ ਉਪਨਾਮ/ਹਿੱਸੇ ਹਨ। ਬਾਥਰੂਮ ਦਾ ਦੂਜੇ ਕਮਰਿਆਂ ਤੋਂ ਅਲੱਗ ਹੋਣਾ ਕੁਦਰਤੀ ਹੈ। ਫੁਲ-ਬਾਥਰੂਮ ਵਿੱਚ ਟੱਬ/ਸ਼ਾਵਰ-ਕੈਬਿਨ, ਟੌਇਲਟ ਤੇ ਸਿੰਕ ਹੁੰਦੇ ਹਨ। ਫੁਲ-ਬਾਥਰੂਮ ਵਿੱਚ ਪਲੱਮਿੰਗ ਲਈ ਚਾਰ ਜੁੜਤਾਂ ਹੁੰਦੀਆਂ ਹਨ: ਸਿੰਕ, ਟੌਇਲਟ, ਬਾਥ-ਟੱਬ, ਸ਼ਾਵਰ। ਬਾਥ-ਟੱਬ ਤੇ ਸ਼ਾਵਰ ਵਿੱਚੋਂ ਇਕੋ ਹੀ ਵੀ ਹੋ ਸਕਦਾ ਹੈ ਜਾਂ ਦੋਵੇਂ ਹੀ ਇਕ ਥਾਵੇਂ। ਇਉਂ ਹੀ ਇਕ ਟਰਮ ਵਰਤੀ ਜਾਂਦੀ ਹੈ, ਐਨ-ਸੂਟ-ਬਾਥਰੂਮ ਜਾਂ ਐਨ-ਸ਼ਾਵਰ-ਰੂਮ। ਇਹ ਟਰਮ ਉਸ ਬਾਥਰੂਮ ਲਈ ਵਰਤੀ ਜਾਂਦੀ ਹੈ ਜੋ ਬੈੱਡਰੂਮ ਨਾਲ ਜੁੜਿਆ ਜਾਂ ਅਟੈਚਡ ਹੋਵੇ। ਇਕ ਹੋਰ ਟਰਮ ਹੈ, ਜੈਕ-ਐਂਡ-ਜਿੱਲ-ਬਾਥਰੂਮ ਜਾਂ ਕੁਲਿਕਟਿਵ-ਬਾਥਰੂਮ। ਇਹ ਉਹ ਬਾਥਰੂਮ ਹੈ ਜੋ ਦੋ ਕਮਰਿਆਂ ਨਾਲ ਜੁੜਿਆ ਹੁੰਦਾ ਹੈ। ਪੰਜਾਬ ਦੀਆਂ ਬਹੁਤ ਸਾਰੀਆਂ ਕੋਠੀਆਂ ਵਿੱਚ ਇਹ ਬਾਥਰੂਮ ਆਮ ਦੇਖਿਆ ਜਾ ਸਕਦਾ ਹੈ। ਇਕ ਹੋਰ ਟਰਮ ਹੈ, ਹਾਫ-ਬਾਥ ਜਾਂ ਪੌਡਰ-ਰੂਮ। ਇਹ ਕੁਝ ਛੋਟਾ ਹੁੰਦਾ ਹੈ ਜਿਸ ਵਿੱਚ ਟੁਆਲਿਟ, ਸਿੰਕ ਤੇ ਸ਼ਾਵਰ-ਕੈਬਿਨ ਹੁੰਦੇ ਹਨ। ਜੈਕ-ਐਂਡ-ਜਿੱਲ-ਬਾਥਰੂਮਾਂ ਵਿੱਚ ਕਈ ਵਾਰ ਦੋ ਵਾਸ਼-ਵੇਬਨ ਵੀ ਹੋ ਸਕਦੇ ਹਨ। ਸ਼ਾਵਰ-ਕੈਬਿਨ ਨੂੰ ਕਈ ਥਾਵੀਂ ਵੈਟਰੂਮ ਵੀ ਕਿਹਾ ਜਾਂਦਾ ਹੈ। ਅੱਜਕੱਲ੍ਹ ਟੌਇਲਟ ਤੋਂ ਬਾਅਦ ਵਾਲੀ ਸਫ਼ਾਈ ਲਈ ਬਾਈਡੈਟ ਵੀ ਲੱਗਣੇ ਸ਼ੁਰੂ ਹੋ ਗਏ ਹਨ। ਇਮਾਰਤਸਾਜ਼ੀ ਦੇ ਹਿਸਾਬ ਨਾਲ ਹਰ ਬਾਥਰੂਮ ਨੂੰ ਤਾਜ਼ੀ ਹਵਾ ਲਈ ਖਿੜਕੀ ਦਾ ਹੋਣਾ ਲਾਜ਼ਮੀ ਹੈ, ਪਰ ਅੱਜਕੱਲ੍ਹ ਖਿੜਕੀ-ਰਹਿਤ ਬਾਥਰੂਮ ਵੀ ਮਿਲਦੇ ਹਨ। ਇਨ੍ਹਾਂ ਬਾਥਰੂਮਾਂ ਵਿੱਚੋਂ ਭਾਫ਼ ਜਾਂ ਦੁਰਗੰਧ ਲਈ ਹਵਾ ਖਿੱਚਣ ਵਾਲੇ ਪੱਖੇ ਲੱਗਣੇ ਜ਼ਰੂਰੀ ਹੁੰਦੇ ਹਨ।

ਅਮਰੀਕਾ ਵਿੱਚ ਬਾਥਰੂਮ ਦੀ ਇਕਹਿਰੀ ਪ੍ਰੀਭਾਸ਼ਾ ਦੀ ਅਣਹੋਂਦ ਹੈ। ਜਿਵੇਂ ਕਿ ਫੁੱਲ-ਬਾਥਰੂਮ, ਜੈਕ-ਐਂਡ-ਜਿੱਲ ਬਾਥਰੂਮ ਆਦਿ ਉੱਥੇ ਘੱਟ ਪ੍ਰਚਲਤ ਹਨ। ਉੱਥੇ ਮਸ਼ਹੂਰੀ ਕਰਨ ਵੇਲੇ ਰੀਅਲ ਅਸਟੇਟ ਵਾਲੇ ਘਰ ਵਿੱਚ ਬਾਥਰੂਮਾਂ ਦੀ ਗਿਣਤੀ ਲਿਖ ਦਿੰਦੇ ਹਨ ਤੇ ਅੱਗੇ ਉਸ ਦੀ ਕਿਸਮ ਨਹੀਂ ਦੱਸਦੇ ਤੇ ਬਾਅਦ ਵਿੱਚ ਘਰ ਦੇ ਖਰੀਦਦਾਰ ਨਾਲ ਗ਼ਲਤ-ਫਹਿਮੀ ਪੈਦਾ ਹੋ ਸਕਦੀ ਹੈ ਕਿ ਉਹ ਕੁਝ ਸੋਚੇ ਤੇ ਅੱਗੇ ਕੁਝ ਹੋਰ ਮਿਲੇ। ਇਹ ਗੱਲਾਂ ਬਰੀਕ ਜਿਹੀਆਂ, ਪਰ ਦਿਲਚਸਪ ਹਨ। ਹਾਂ, ਕੈਨੇਡਾ ਵਿੱਚ ਬਾਥਰੂਮ ਨੂੰ ਵਾਸ਼ਰੂਮ ਕਹਿੰਦੇ ਹਨ।

ਰਿਕਾਰਡ ਅਨੁਸਾਰ ਰਿਹਾਇਸ਼ੀ ਘਰਾਂ ਵਿੱਚ ਬਾਥਰੂਮ ਦੀ ਵਰਤੋਂ ਪੰਜ ਹਜ਼ਾਰ ਸਾਲ ਪਹਿਲਾਂ ਸ਼ੁਰੂ ਹੁੰਦੀ ਹੈ। ਉਸ ਵੇਲੇ ਪਾਣੀ ਨੂੰ ਬਹੁਤ ਨਾਯਾਬ ਸਮਝਿਆ ਜਾਂਦਾ ਸੀ। ਹੋ ਸਕਦਾ ਹੈ ਉਸ ਵੇਲੇ ਵੀ ਪਾਣੀ ਦੀ ਘਾਟ ਹੋਵੇ ਜਿਸ ਬਾਰੇ ਅੱਜ ਫ਼ਿਕਰ ਕੀਤਾ ਜਾ ਰਿਹਾ ਹੈ। ਯੂਨਾਨੀ ਸਭਿਅਤਾ ਤੇ ਰੋਮਨ ਸਾਮਰਾਜ ਵੇਲੇ ਮਿਲਦੇ ਥਰਮਲ-ਬਾਥ ਬਹੁਤ ਵੱਡੇ ਸਨ। ਰੋਮਨਾਂ ਵੇਲੇ ਥਰਮਲ-ਬਾਥ ਸਮਾਜਿਕ ਉਸਾਰੀ ਦੀ ਨਿਸ਼ਾਨੀ ਹੁੰਦੇ ਸਨ। ਇੱਥੇ ਲੋਕ ਆਪਸ ਵਿੱਚ ਮਿਲਦੇ, ਵਿਚਾਰ ਸਾਂਝੇ ਕਰਦੇ, ਆਰਾਮ ਕਰਦੇ ਅਤੇ ਊਰਜਾ ਹਾਸਲ ਕਰਦੇ ਸਨ। ਇਨ੍ਹਾਂ ਬਾਥਾਂ ਨੂੰ ਮਨੋਰੰਜਨ ਦੀ ਥਾਂ ਵੀ ਮੰਨਿਆ ਜਾਂਦਾ ਸੀ। ਅਮੀਰ ਜਾਂ ਹੁਕਮਰਾਨ ਤਬਕੇ ਦੇ ਲੋਕਾਂ ਦੇ ਆਪਣੇ ਛੋਟੇ ਥਰਮਲ-ਬਾਥ ਹੁੰਦੇ ਸਨ, ਪਰ ਉਹ ਲੋਕਾਂ ਨਾਲ ਤਾਲ-ਮੇਲ ਰੱਖਣ ਲਈ ਵੱਡੇ ਥਰਮਲ-ਬਾਥਾਂ ਵਿੱਚ ਵੀ ਜਾਇਆ ਕਰਦੇ ਸਨ। ਰੋਮਨ ਸਾਮਰਾਜ ਦੀ ਇਕ ਗੱਲ ਬਹੁਤ ਮਸ਼ਹੂਰ ਰਹੀ ਹੈ ਕਿ ਉਸ ਦੇ ਨਾਗਰਿਕ ਤਿਆਰ-ਬਿਆਰ ਹੋ ਕੇ ਰਹਿਣ ਵਿੱਚ ਬਹੁਤ ਦਿਲਚਸਪੀ ਰੱਖਦੇ ਸਨ। ਹਰ ਨਾਗਰਿਕ ਦੇ ਬਾਥਰੂਮ ਵਿੱਚ ਕਰੀਮ, ਇਤਰ, ਕੰਘੀ ਤੇ ਸ਼ੀਸ਼ਾ ਜ਼ਰੂਰ ਹੁੰਦੇ ਸਨ। ਇਹ ਚੀਜ਼ਾਂ ਹਾਲੇ ਵੀ ਥੇਹਾਂ ਵਿੱਚੋਂ ਮਿਲਦੀਆਂ ਹਨ। ਰੋਮਨਾਂ ਵੇਲੇ ਦੇ ਟੱਬ, ਜਿਹੜੇ ਹਾਲੇ ਵੀ ਮਿਲਦੇ ਹਨ, ਦੀ ਬਣਤਰ ਦੇ ਟੱਬ ਚਾਰ ਹਜ਼ਾਰ ਸਾਲ ਤੋਂ ਮਿਲਦੇ ਆ ਰਹੇ ਹਨ। ਯੂਨਾਨ ਦੇ ਕਰੇਟ ਇਲਾਕੇ ਵਿੱਚ ਨੌਸਸ ਨਾਮੀ ਜਗ੍ਹਾ ਵਿਚਲੇ ਖੰਡਰਾਂ ਵਿੱਚ ਵਰਤੇ ਜਾਂਦੇ ਟੱਬਾਂ ਦੀ ਬਣਤਰ ਅਜੋਕੇ ਟੱਬਾਂ ਦੇ ਨੇੜਲੀ ਹੈ ਹੀ, ਪਰ ਪਲੱਮਿੰਗ ਵੀ ਤਕਰੀਬਨ ਮੌਡਰਨ-ਪਲੱਮਿੰਗ ਵਰਗੀ ਹੈ। ਇਸ ਤੋਂ ਵੀ ਬਿਹਤਰ ਪਲੱਮਿੰਗ ਦੇ ਨਮੂਨੇ 3500 ਸਾਲ ਪਹਿਲਾਂ ਐਕਰੋਟਿਰੀ ਦੀ ਥੇਹ ਵਿੱਚ ਮਿਲੇ ਹਨ ਜੋ ਇਕ ਯੂਨਾਨੀ ਜਜ਼ੀਰੇ ’ਤੇ ਸਥਿਤ ਹੈ। ਇੱਥੇ ਪਲੱਮਿੰਗ ਵਿੱਚ ਗਰਮ ਪਾਣੀ ਤੇ ਠੰਢੇ ਪਾਣੀ ਦੇ ਵੱਖ ਵੱਖ ਪਾਈਪ ਵਰਤੇ ਮਿਲਦੇ ਹਨ। ਅਸਲ ਵਿੱਚ ਇਸ ਜਜ਼ੀਰੇ ’ਤੇ ਲਾਵੇ ਫੁੱਟਣ ਕਾਰਨ ਗਰਮ ਪਾਣੀ ਉਪਲਬਧ ਸੀ।

ਗਰੀਕ ਤੇ ਰੋਮਨ ਸਭਿਆਚਾਰ ਵਿੱਚ ਨਹਾਉਣ ਦਾ ਬਹੁਤ ਮੁੱਲ ਸੀ। ਪ੍ਰਸਿੱਧ ਲੇਖਕ ਹੋਮਰ ਆਪਣੇ ਹੀਰੋਆਂ ਨੂੰ ਗਰਮ ਪਾਣੀ ਵਿੱਚ ਨਹਾਉਂਦਿਆਂ ਦਿਖਾਉਂਦਾ ਹੈ ਜਿੱਥੋਂ ਉਹ ਤਾਕਤ ਹਾਸਲ ਕਰਦੇ ਹਨ। ਹੋਮਰ ਤਸ਼ਬੀਹਾਂ ਵਿੱਚ ਬਾਥ-ਟੱਬ ਆਦਿ ਵਰਤਦਾ ਹੈ। ਯੂਨਾਨੀ ਮਿਥਿਹਾਸ ਵਿੱਚ ਨਹਾ ਕੇ ਸ਼ੁੱਧ ਹੋਣ ਦਾ ਜ਼ਿਕਰ ਆਉਂਦਾ ਹੈ। ਯੂਨਾਨੀ ਕਾਮੇਡੀਅਨ ਅਰਿਸਟੋਫੇਨਜ਼, ਜੋ ਕਿ ਫਿਲਿਪਸ ਦਾ ਪੁੱਤਰ ਸੀ, ਜੋ ਕਵੀ ਵੀ ਸੀ, ਇਕ ਥਾਵੇਂ ਜਨਤਕ ਇਸ਼ਨਾਨ ਦਾ ਜ਼ਿਕਰ ਕਰਦਾ ਹੈ। ਹੌਲੀ-ਹੌਲੀ ਸੋਲਵੀਂ, ਸਤਾਰਵੀਂ, ਅਠਾਰਵੀਂ ਸਦੀ ਵਿੱਚ ਇਕੱਠੇ ਹੋ ਕੇ ਨਹਾਉਣ ਜਾਂ ਜਨਤਕ ਇਸ਼ਨਾਨ ਦੀ ਪ੍ਰਥਾ ਖ਼ਤਮ ਹੋਣ ਲੱਗੀ ਤੇ ਮੱਧਵਰਗੀ ਲੋਕ ਆਪੋ-ਆਪਣੇ ਬਾਥਰੂਮ ਬਣਾਉਣ ਲੱਗੇ, ਪਰ ਗ਼ਰੀਬ ਤਬਕੇ ਦੀ ਹਾਲਤ ਬਹੁਤੀ ਵਧੀਆ ਨਹੀਂ ਸੀ।

ਯੂਕੇ ਵਿੱਚ ਬਾਥਰੂਮ ਪੰਦਰਵੀਂ ਸਦੀ ਵਿੱਚ ਤਰੱਕੀ ਕਰਨ ਲੱਗੇ। ਟੌਇਲਟ ਦਾ ਅੱਜ ਵਾਲਾ ਫਲੱਸ਼ ਸਿਸਟਮ ਜੌਹਨ ਹੈਰਿੰਗਡਨ ਨੇ ਕੱਢਿਆ। ਉਸ ਨੇ ਉਸ ਵੇਲੇ ਦੀ ਮਹਾਰਾਣੀ ਅਲੈਜ਼ਬੈੱਥ-ਪਹਿਲੀ ਲਈ ਇਸ ਨੂੰ ਫਿੱਟ ਕੀਤਾ। ਹਾਈਜੀਨ ਨੂੰ ਕਾਬੂ ਕਰਨ ਲਈ ਇਹ ਇਨਕਲਾਬ ਵਾਂਗ ਸੀ। ਪਹਿਲਾਂ ਇਸ ਨੂੰ ਅਮੀਰ ਹੀ ਵਰਤਦੇ ਸਨ, ਪਰ ਜਲਦੀ ਹੀ ਇਹ ਸਿਸਟਮ ਆਮ ਘਰਾਂ ਵਿੱਚ ਆ ਗਿਆ ਕਿਉਂਕਿ ਇਹ ਬਹੁਤਾ ਮਹਿੰਗਾ ਨਹੀਂ ਸੀ, ਬੱਸ ਪਾਣੀ ਦਾ ਨਿਕਾਸ ਚਾਹੀਦਾ ਸੀ।

ਯੂਕੇ ਵਿੱਚ ਹੇਠਲੀ ਕਲਾਸ ਲਈ ਸਰਕਾਰ ਨੇ ‘ਬਾਥ-ਐਂਡ-ਵਾਸ਼ ਹਾਊਸ’ ਖੋਲ੍ਹਣੇ ਸ਼ੁਰੂ ਕਰ ਦਿੱਤੇ ਸਨ। ਸਭ ਤੋਂ ਪਹਿਲਾ ਬਾਥ-ਐਂਡ-ਵਾਸ਼ ਹਾਊਸ 1828 ਵਿੱਚ ਲਿਵਰਪੂਲ ਵਿੱਚ ਖੋਲ੍ਹਿਆ ਗਿਆ। ਇੱਥੇ ਆਮ ਲੋਕ ਨਹਾਉਂਦੇ ਅਤੇ ਕਪੜੇ ਧੋਂਦੇ ਸਨ। ਇਨ੍ਹਾਂ ਵਿੱਚ ਲੂਣ ਵਾਲਾ ਪਾਣੀ ਵਰਤਿਆ ਜਾਂਦਾ ਸੀ। 1842 ਵਿੱਚ ਲਿਵਰਪੂਲ ਦੀ ਫਰੈਡਰਿਕ ਸਟਰੀਟ ’ਤੇ ਤਾਜ਼ੇ ਗਰਮ ਪਾਣੀ ਦੇ ਬਾਥ-ਐਂਡ-ਵਾਸ਼ ਹਾਊਸ ਸ਼ੁਰੂ ਕਰ ਦਿੱਤੇ ਗਏ। ਇਹ ਗ਼ਰੀਬ ਲੋਕਾਂ ਲਈ ਬਹੁਤ ਲਾਹੇਵੰਦ ਸਨ ਤੇ ਬਹੁਤ ਮਸ਼ਹੂਰ ਹੋਣ ਲੱਗੇ। ਇਹ ਸ਼ਹਿਰ-ਸ਼ਹਿਰ ਖੋਲ੍ਹੇ ਜਾਣ ਲੱਗੇ।

ਯੂਕੇ ਵਿੱਚ ਜਨਤਕ-ਇਸ਼ਨਾਨਘਰਾਂ ਦੀ ਗਿਣਤੀ ਏਨੀ ਵਧ ਗਈ ਕਿ ਕਈ ਵਾਰ ਆਮ-ਲੋਕਾਂ ਦੇ ਪ੍ਰਬੰਧਕਾਂ ਨਾਲ ਜਾਂ ਆਪਸ ਵਿੱਚ ਝਗੜੇ ਹੋਣ ਲੱਗੇ। ਇਸੇ ਕਰਕੇ ਸਰਕਾਰ ਨੂੰ ਇਸ ਬਾਰੇ ਕਾਨੂੰਨ ਬਣਾਉਣਾ ਪਿਆ। 1844 ਬਿਸ਼ਪ ਔਫ਼ ਲੰਡਨ ਨੇ ਇਸ ਮਾਮਲੇ ਵਿੱਚ ਕਮੇਟੀ ਬਣਾਈ। ਇਸ ਕਮੇਟੀ ਨੇ 1846 ਵਿੱਚ ਇਸ ਬਾਰੇ ਇਕ ਬਿੱਲ ਬਣਾਇਆ ਜਿਸ ਦਾ ਨਾਂ ਸੀ: ਪਬਲਿਕ ਬਾਥ-ਐਂਡ-ਵਾਸ਼ ਹਾਊਸ ਐਕਟ। ਕੁਝ ਕਾਰਨਾਂ ਕਰਕੇ ਮਾਨਚੈਸਟਰ ਵਿੱਚ ਜਨਤਕ ਇਸ਼ਨਾਨਘਰ ਸਭ ਤੋਂ ਅਖੀਰ ਵਿੱਚ ਜਾਣੀ ਕਿ 1876 ਵਿੱਚ ਬਣੇ। ਲੰਡਨ ਵਿੱਚ ਪਹਿਲੇ ਜਨਤਕ ਇਸ਼ਨਾਨਘਰ 1847 ਵਿੱਚ ਵਾਈਟ ਚੈਪਲ ਵਿੱਚ ਬਣੇ। ਹਰ ਟਾਊਨ ਵਿੱਚ ਜਨਤਕ ਇਸ਼ਨਾਨਘਰ ਇਕ ਵਿਸ਼ੇਸ਼ ਮਾਰਗਦਰਸ਼ਕ ਚਿੰਨ੍ਹਾਂ ਦੇ ਤੌਰ ’ਤੇ ਉੱਭਰ ਆਏ ਤੇ ਇਲਾਕੇ ਦਾ ਪਛਾਣ ਚਿੰਨ੍ਹ ਬਣ ਗਏ। ਵੀਹਵੀਂ ਸਦੀ ਦੇ ਪਿਛਲੇ ਅੱਧ ਵਿੱਚ ਘਰ-ਘਰ ਬਾਥਰੂਮ ਬਣਨ ਲੱਗੇ ਤਾਂ ਜਨਤਕ ਇਸ਼ਨਾਨਘਰਾਂ ਦੀ ਕਦਰ ਘਟਣ ਲੱਗੀ ਅਤੇ ਆਖ਼ਰ ਇਹ ਬੰਦ ਹੋ ਗਏ। ਵਾਈਟ ਚੈਪਲ ਜਨਤਕ ਇਸ਼ਨਾਨਘਰਾਂ ਵਿੱਚ 1989 ਵਿੱਚ ਆ ਕੇ ਲਾਇਬ੍ਰੇਰੀ ਖੁੱਲ੍ਹ ਗਈ। ਵੂਲਿਚ ਵਰਗੇ ਕਈ ਟਾਊਨਾਂ ਵਿੱਚ ਪੁਰਾਣੇ ਇਸ਼ਨਾਨਘਰ ਹਾਲੇ ਵੀ ਸਾਂਭੇ ਹੋਏ ਹਨ।

ਸੰਪਰਕ: 00447782265726

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All