ਹਿਰਾਨੀ ਦੇ ਪੁੱਤ ਨੇ ਨਿਰਦੇਸ਼ਨ ਦੀ ਥਾਂ ਅਭਿਨੈ ਚੁਣਿਆ
‘ਥ੍ਰੀ ਇਡੀਅਟਸ’ ਫਿਲਮ ਦਾ ਫਲਸਫ਼ਾ ਕਿ ‘ਉਹੀ ਕਰੋ ਜੋ ਤੁਹਾਨੂੰ ਪਸੰਦ ਹੈ’, ਫਿਲਮ ਨਿਰਮਾਤਾ ਰਾਜਕੁਮਾਰ ਹਿਰਾਨੀ ਦੇ ਸਾਹਮਣੇ ਉਸ ਵੇਲੇ ਆ ਗਿਆ ਜਦੋਂ ਉਨ੍ਹਾਂ ਦੇ ਪੁੱਤਰ ਵੀਰ ਹਿਰਾਨੀ ਨੇ ਨਿਰਦੇਸ਼ਨ ਦੀ ਥਾਂ ਅਦਾਕਾਰੀ ਨੂੰ ਆਪਣੇ ਕਰੀਅਰ ਵਜੋਂ ਚੁਣਨ ਦੇ ਫ਼ੈਸਲੇ...
‘ਥ੍ਰੀ ਇਡੀਅਟਸ’ ਫਿਲਮ ਦਾ ਫਲਸਫ਼ਾ ਕਿ ‘ਉਹੀ ਕਰੋ ਜੋ ਤੁਹਾਨੂੰ ਪਸੰਦ ਹੈ’, ਫਿਲਮ ਨਿਰਮਾਤਾ ਰਾਜਕੁਮਾਰ ਹਿਰਾਨੀ ਦੇ ਸਾਹਮਣੇ ਉਸ ਵੇਲੇ ਆ ਗਿਆ ਜਦੋਂ ਉਨ੍ਹਾਂ ਦੇ ਪੁੱਤਰ ਵੀਰ ਹਿਰਾਨੀ ਨੇ ਨਿਰਦੇਸ਼ਨ ਦੀ ਥਾਂ ਅਦਾਕਾਰੀ ਨੂੰ ਆਪਣੇ ਕਰੀਅਰ ਵਜੋਂ ਚੁਣਨ ਦੇ ਫ਼ੈਸਲੇ ਨੂੰ ਸਹੀ ਠਹਿਰਾਉਣ ਲਈ ਇਸੇ ਫਲਸਫ਼ੇ ਦਾ ਸਹਾਰਾ ਲਿਆ। ਹਿਰਾਨੀ, ਜਿਨ੍ਹਾਂ ਨੇ ਸ਼ੁਰੂ ਵਿੱਚ ਆਪਣੇ ਪੁੱਤ ਨੂੰ ਨਿਰਦੇਸ਼ਨ ਵੱਲ ਪ੍ਰੇਰਿਤ ਕੀਤਾ ਸੀ, ਨੇ ਦੱਸਿਆ ਕਿ ਉਹ ਉਦੋਂ ਹੈਰਾਨ ਰਹਿ ਗਏ ਜਦੋਂ ਵੀਰ ਨੇ ਕੈਮਰੇ ਦੇ ਪਿੱਛੇ ਚੰਗੀ ਪ੍ਰਤਿਭਾ ਦਿਖਾਉਣ ਦੇ ਬਾਵਜੂਦ ਅਦਾਕਾਰੀ ਦੇ ਖੇਤਰ ਵਿੱਚ ਜਾਣ ਦਾ ਫੈਸਲਾ ਕੀਤਾ। ਹਿਰਾਨੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ, ‘ਉਹ ਸਕੂਲ ਵਿੱਚ ਸੀ, ਉਸ ਨੇ ਖੁਦ ਫ਼ਿਲਮ ਨਿਰਮਾਣ ਸਿੱਖਿਆ ਅਤੇ ਉਹ ਬਹੁਤ ਵਧੀਆ ਲਘੂ ਫਿਲਮਾਂ ਬਣਾ ਰਿਹਾ ਸੀ। ਮੈਂ ਹੈਰਾਨ ਰਹਿ ਗਿਆ ਜਦੋਂ ਇੱਕ ਦਿਨ ਉਹ ਮੇਰੇ ਕੋਲ ਆਇਆ ਅਤੇ ਕਿਹਾ, ‘ਮੈਂ ਫਿਲਮ ਨਹੀਂ ਬਣਾਉਣੀ’। ਮੈਂ ਕਿਹਾ ‘ਠੀਕ ਹੈ, ਨਾ ਬਣਾ, ਕੋਈ ਗੱਲ ਨਹੀਂ, ਤੂੰ ਕੀ ਕਰਨਾ ਚਾਹੁੰਦਾ ਹੈਂ?’ ਮੈਨੂੰ ਲੱਗਿਆ ਕਿ ਉਹ ਕੁਝ ਹੋਰ ਕਰਨਾ ਚਾਹੁੰਦਾ ਹੈ, ਪਰ ਉਸ ਨੇ ਕਿਹਾ ਕਿ ਉਹ ਅਦਾਕਾਰੀ ਕਰਨਾ ਚਾਹੁੰਦਾ ਹੈ। ਮੈਂ ਸੋਚਿਆ, ‘ਇਹ ਕੀ ਹੋ ਗਿਆ?’ ਕਿਉਂਕਿ ਉਸ ਨੇ ਫਿਲਮ ਸੰਜੂ ’ਤੇ ਮੇਰੇ ਨਾਲ ਛੇ ਮਹੀਨੇ ਕੰਮ ਕੀਤਾ ਸੀ, ਇਸ ਲਈ ਮੈਨੂੰ ਲੱਗਦਾ ਹੈ ਕਿ ਰਣਬੀਰ (ਕਪੂਰ) ਨੂੰ ਐਕਟਿੰਗ ਕਰਦੇ ਦੇਖ ਕੇ ਉਸ ’ਤੇ ਕੋਈ ਅਸਰ ਹੋਇਆ ਸੀ।’ ਨਿਰਦੇਸ਼ਕ, ਜਿਨ੍ਹਾਂ ਨੇ ਹੁਣ ਵੀਰ ਨੂੰ ਆਉਣ ਵਾਲੀ ਸੀਰੀਜ਼ ‘ਪ੍ਰੀਤਮ ਐਂਡ ਪੈਡਰੋ’ ਰਾਹੀਂ ਲਾਂਚ ਕੀਤਾ ਹੈ, ਨੇ ਮੰਨਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਅਦਾਕਾਰੀ ਤੋਂ ‘ਰੋਕਣ’ ਦੀ ਕੋਸ਼ਿਸ਼ ਕੀਤੀ ਸੀ। ਹਿਰਾਨੀ ਨੇ ਦੱਸਿਆ, ‘ਮੈਂ ਉਸ ਨੂੰ ਕਦੇ ਅਦਾਕਾਰੀ ਕਰਦੇ ਨਹੀਂ ਦੇਖਿਆ ਸੀ, ਇਸ ਲਈ ਮੈਂ ਉਸ ਨੂੰ ਪੂਰੀ ਤਰ੍ਹਾਂ ਇਸ ਪਾਸੇ (ਫਿਲਮ ਨਿਰਦੇਸ਼ਨ ਵੱਲ) ਧੱਕ ਰਿਹਾ ਸੀ। ਉਸ ਨੇ ਮੇਰੀ ਗੱਲ ਸੁਣੀ ਅਤੇ ਫਿਰ ਕਿਹਾ, ‘ਤੁਸੀਂ ਹੀ ਤਾਂ ‘3 ਇਡੀਅਟਸ’ ਬਣਾਈ ਸੀ ਜਿਸ ਵਿੱਚ ਤੁਸੀਂ ਕਿਹਾ ਸੀ ਕਿ ਉਹੀ ਕਰੋ ਜੋ ਤੁਹਾਨੂੰ ਪਸੰਦ ਹੈ।’
