ਹੇਅਰੋ-ਗਲਿੱਫ : The Tribune India

ਭਾਸ਼ਾ ਦੀਆਂ ਜੜ੍ਹਾਂ

ਹੇਅਰੋ-ਗਲਿੱਫ

ਹੇਅਰੋ-ਗਲਿੱਫ

ਮਿਸਰ ਵਿੱਚ ਵਰਤੀ ਜਾਂਦੀ ਭਾਸ਼ਾ ਦੇ ਚਿੱਤਰ, ਚਿੰਨ੍ਹ ਅਤੇ ਸੰਕੇਤ।

ਸਿਰਦਾਰ ਕਪੂਰ ਸਿੰਘ

ਅਜੋਕੀਆਂ ਭਾਸ਼ਾਵਾਂ ਤੇ ਲਿਪੀਆਂ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਮਨੁੱਖ ਚਿੱਤਰਮਈ ਤੇ ਸੰਕੇਤਕ ਲਿਪੀ ਦੀ ਵਰਤੋਂ ਕਰਦਾ ਸੀ। ਇਸ ਨੂੰ ਹੇਅਰੋ ਗਲਿੱਫ ਕਿਹਾ ਜਾਂਦਾ ਹੈ। ਅਜਿਹੀ ਲਿਪੀ ਦੀ ਸਭ ਤੋਂ ਪੁਰਾਤਨ ਮਿਸਾਲ ਮਿਸਰ ਦੀ ਚਿੱਤਰਮਈ ਲਿਪੀ ਹੈ ਜਿਸ ਦੇ 1000 ਤੋਂ ਵਧੇਰੇ ਚਿੱਤਰਾਂ, ਚਿੰਨ੍ਹਾਂ ਆਦਿ ਦੀ ਪਛਾਣ ਹੋ ਚੁੱਕੀ ਹੈ। ਸਿੰਧੂ ਘਾਟੀ ਦੀ ਸੱਭਿਅਤਾ ਵਿੱਚ ਵੀ ਅਜਿਹੀ ਲਿਪੀ ਵਰਤੀ ਗਈ ਹੈ, ਪਰ ਇਸ ਵਿੱਚ ਵਰਤੇ ਗਏ ਚਿੱਤਰਾਂ ਤੇ ਚਿੰਨ੍ਹਾਂ ਤੋਂ ਭਾਸ਼ਾ ਦੀ ਥਾਹ ਨਹੀਂ ਪਾਈ ਜਾ ਸਕੀ। ‘ਪੰਜਾਬੀ ਟ੍ਰਿਬਿਊਨ’ ਮਿਸਰ ਦੀ ਲਿਪੀ ਬਾਰੇ ਉੱਘੇ ਵਿਦਵਾਨ ਸਿਰਦਾਰ ਕਪੂਰ ਸਿੰਘ ਦਾ 1950ਵਿਆਂ ’ਚ ਲਿਖਿਆ ਲੇਖ ਪਾਠਕਾਂ ਦੀ ਨਜ਼ਰ ਕਰ ਰਿਹਾ ਹੈ।

ਸਿੰਧੂ ਘਾਟੀ ਦੀ ਲਿਪੀ ਨੂੰ ਹੜੱਪਨ ਲਿਪੀ ਵੀ ਕਿਹਾ ਜਾਂਦਾ ਹੈ। ਇਸ ਸੱਭਿਅਤਾ ਦੀ ਚਿੱਤਰਮਈ ਅਤੇ ਸੰਕੇਤਕ ਭਾਸ਼ਾ ਦੀ ਥਾਹ ਨਹੀਂ ਪਾਈ ਜਾ ਸਕੀ ਕਿਉਂਕਿ ਇਸ ਵਿੱਚ ਵਰਤੇ ਗਏ ਚਿੱਤਰਾਂ ਤੇ ਸੰਕੇਤਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ ਮੋਹਰਾਂ ਆਦਿ ’ਤੇ ਉੱਕਰੇ ਚਿੱਤਰ ਤੇ ਸੰਕੇਤ ਬਹੁਤ ਛੋਟੇ ਆਕਾਰ ਦੇ ਹਨ। ਸਮੇਂ ਨਾਲ ਇਸ ਲਿਪੀ ਵਿੱਚ ਬਹੁਤੇ ਬਦਲਾਅ ਵੀ ਨਹੀਂ ਆਏ। ਇਸ ਲਿਪੀ ਨੂੰ ਸਮਝਣ ਲਈ ਵੱਡੇ ਪੱਧਰ ’ਤੇ ਯਤਨ ਹੋਏ ਹਨ, ਪਰ ਸਫ਼ਲਤਾ ਨਹੀਂ ਮਿਲ ਸਕੀ। ਕੁਝ ਵਿਦਵਾਨ ਦਾਅਵਾ ਕਰਦੇ ਹਨ ਕਿ ਇਸ ਸੰਕੇਤਕ ਲਿਪੀ ਦਾ ਸੰਸਕ੍ਰਿਤ ਨਾਲ ਰਿਸ਼ਤਾ ਹੈ ਜਦੋਂਕਿ ਕੁਝ ਇਸ ਦਾ ਦ੍ਰਾਵਿੜੀਅਨ ਭਾਸ਼ਾ ਨਾਲ ਰਿਸ਼ਤਾ ਮੰਨਦੇ ਹਨ, ਪਰ ਵਿਗਿਆਨਕ ਤੌਰ ’ਤੇ ਇਨ੍ਹਾਂ ਵਿੱਚੋਂ ਕੋਈ ਵੀ ਗੱਲ ਸਿੱਧ ਨਹੀਂ ਹੋ ਸਕੀ।

ਤੁਸੀਂ ਪੁਛੋਗੇ, ਇਹ ਹੇਅਰੋ-ਗਲਿੱਫ ਕਿਸ ਜਨੌਰ ਦਾ ਨਾਮ ਹੈ? ਅਸੀਂ ਅੱਗੇ ਤਾਂ ਕਦੇ ਇਹ ਨਾਮ ਪੜ੍ਹਿਆ ਜਾਂ ਸੁਣਿਆ ਨਹੀਂ। ਜੇ ਤੁਹਾਨੂੰ ਦੱਸੀਏ ਕਿ ਜੋ ਕੁਝ ਭੀ ਤੁਸਾਂ ਅੱਜ ਤਕ ਪੜ੍ਹਿਆ ਜਾਂ ਸੁਣਿਆ ਹੈ, ਅਤੇ ਜੇ ਕੁਝ ਤੁਸੀਂ ਅੱਗੇ ਨੂੰ ਪੜ੍ਹੋ ਜਾਂ ਸੁਣੋਗੇ, ਉਸ ਦੇ ਦਾਦਕੇ ਨਾਨਕੇ ਹੇਅਰੋ-ਗਲਿੱਫ ਹਨ ਤਾਂ ਤੁਸੀਂ ਹੋਰ ਭੀ ਅਚੰਭਾ ਮੰਨੋਂਗੇ।

ਕਈ ਹਜ਼ਾਰਾਂ ਵਰ੍ਹਿਆਂ ਦੀ ਗੱਲ ਹੈ, ਅੱਜ ਤੋਂ ਘੱਟੋ ਘੱਟ ਸੱਤ ਜਾਂ ਅੱਠ ਹਜ਼ਾਰ ਸਾਲ ਪਹਿਲਾਂ ਦੀ। ਉਸ ਸਮੇਂ ਮਿਸਰ ਦੇਸ਼ ਵਿੱਚ ਬੜੀ ਉੱਚੀ ਸੱਭਯਤਾ ਵਾਲੇ, ਮੁਹੱਜ਼ਬ ਤੇ ਉੱਨਤ ਲੋਕ ਵਸਦੇ ਸਨ। ਉਸ ਸਮੇਂ ਇਸ ਦੇਸ਼ ਦਾ ਨਾਮ ਕੁਝ ਹੋਰ ਸੀ। ਮਿਸਰ ਨਾਮ ਤਾਂ, ਜਦੋਂ ਅਰਬ ਦੇਸ਼ ਦੇ ਲੋਕਾਂ ਨੇ ਇਸ ਮੁਲਕ ਨੂੰ ਫਤ੍ਵੇ ਕਰਕੇ ਮੁਸਲਮਾਨ ਬਣਾ ਲਿਆ ਅਤੇ ਇਸ ਦੇ ਪ੍ਰਾਚੀਨ ਵਾਸੀ ਮਰ ਖਪ ਗਏ, ਓਦੋਂ, ਕੋਈ ਅੱਜ ਤੋਂ ਤੇਰ੍ਹਾਂ ਸੌ ਸਾਲ ਪਹਿਲਾਂ ਪਿਆ। ਇਸ ਤੋਂ ਪਹਿਲਾਂ, ਕੋਈ ਦੋ ਹਜ਼ਾਰ ਵਰ੍ਹੇ ਤੋਂ ਉਤੇ ਸਮਾਂ ਬੀਤਿਆ ਹੈ ਕਿ ਇਸ ਦੇਸ਼ ਉੱਤੇ ਯੂਨਾਨੀ ਰਾਜ ਕਰਦੇ ਰਹੇ ਹਨ। ਮਿਸਰੀ, ਜੋ ਗੰਨ੍ਹੇ ਦੇ ਰੱਸ ਤੋਂ ਬਣੇ ਗੁੜ ਨੂੰ ਉਬਾਲ ਕੇ ਉਸ ਵਿੱਚੋਂ ਭੂਰੇ ਰੰਗ ਦੇ ਗੁਣਕਾਰੀ ਸਤ ਕੱਢ ਕੇ ਬਣਾਈ ਜਾਂਦੀ ਹੈ, ਅਤੇ ਜੋ ਚਿੱਟੇ ਸਫੈਦ ਰੰਗ ਦੇ ਚੌਕੋਰ ਦਾਣਿਆਂ ਦੇ ਰੂਪ ਵਿੱਚ, ਅਨੇਕ ਪ੍ਰਕਾਰ ਦੇ ਭੋਜਨਾਂ ਤੇ ਖਾਣਿਆਂ ਵਿੱਚ ਵਰਤੀ ਜਾਂਦੀ ਹੈ, ਪਹਿਲੋਂ ਪਹਿਲ ਅਰਬ ਦੇਸ਼ ਦੇ ਬਿਉਪਾਰੀ ਹੀ ਸਾਡੇ ਦੇਸ਼, ਭਾਰਤ ਵਰਸ਼, ਵਿੱਚ ਲਿਆਏ ਸਨ, ਮਿਸਰ ਦੇਸ਼ ਵਿੱਚੋਂ। ਕਿਉਂਕਿ ਮਿਸਰੀ ਬਣਾਉਣ ਦਾ ਢੰਗ ਮਿਸਰ ਦੇਸ਼ ਦੇ ਪ੍ਰਾਚੀਨ ਵਾਸੀਆਂ ਦੀ ਹੀ ਕਾਢ ਸੀ, ਇਸ ਕਾਰਨ ਅਰਬੀ ਬਿਉਪਾਰੀ ਇਸ ਨੂੰ ਮਿਸਰੀ, ਜਿਸ ਦੇ ਅਰਥ ਹਨ ਮਿਸਰ ਦੇਸ਼ ਦੀ ਕਾਢ ਤੇ ਉਥੋਂ ਦੀ ਬਣੀ ਹੋਈ, ਕਹਿੰਦੇ ਸਨ, ਤੇ ਹੁਣ ਸਾਡੇ ਦੇਸ਼ ਤੇ ਸਾਡੀ ਬੋਲੀ ਵਿੱਚ ਭੀ ਇਸ ਦਾ ਨਾਮ ‘ਮਿਸਰੀ’ ਪ੍ਰਸਿੱਧ ਹੈ। ਇਸੇ ਪ੍ਰਕਾਰ ‘ਚੀਨੀ’, ਜੋ ਕਿ ਸਾਡੀ ਬੋਲੀ ਵਿੱਚ ਖੰਡ ਦਾ ਹੀ ਦੂਜਾ ਨਾਮ ਹੈ, ਕੋਈ ਪੰਦਰਾਂ ਸੌ ਸਾਲ ਹੋਏ, ਪਹਿਲੋਂ ਪਹਿਲ, ਬੋਧੀ ਭਿੱਖੂ ਤੇ ਅਰਬੀ ਬਿਉਪਾਰੀ ਚੀਨ ਦੇਸ਼ ਵਿੱਚੋਂ, ਸਾਡੇ ਦੇਸ਼ ਵਿੱਚ ਲਿਆਏ ਸਨ। ‘ਚੀਨੀ’ ਦਾ ਅਰਥ ਹੈ ਚੀਨ ਦੇਸ਼ ਦੀ ਕਾਢ ਤੇ ਓਥੋਂ ਦੀ ਬਣੀ ਹੋਈ। ਪੰਜਾਬੀ ਬੋਲੀ ਵਿੱਚ ਚੀਨੀ ਨੂੰ ‘ਖੰਡ’ ਕਹਿੰਦੇ ਹਨ। ਗੁੜ ਵਿੱਚੋਂ ਜਦੋਂ ਉਹ ਅਤੀ ਲਾਭਕਾਰੀ ਤੇ ਸੱਤਿਆ-ਦਾਇਕ ਅੰਸ਼ ਜੋ ਲੂਣ ਦੀ ਕਿਸਮ ਦੇ ਹੁੰਦੇ ਹਨ ਅਤੇ ਜੋ ਗੁੜ ਨੂੰ ਢੇਲੀਆਂ ਵਿੱਚ ਜੋੜੀ ਰੱਖਦੇ ਹਨ, ਕੱਢ ਲਏ ਜਾਣ ਤਾਂ ਗੁੜ ਖੰਡਤ ਹੋ ਜਾਂਦਾ ਹੈ, ਤਥਾ ਖਿੰਡ ਜਾਂਦਾ ਹੈ ਤੇ ਖੰਡ ਦਾ ਰੂਪ ਧਾਰਨ ਕਰ ਲੈਂਦਾ ਹੈ। ਭੋਜਨ ਪਦਾਰਥਾਂ ਦੀ ਵਿੱਦਿਆ ਦੇ ਪੰਡਤ ਹੁਣ ਭਲੀ ਪ੍ਰਕਾਰ ਜਾਣ ਗਏ ਹਨ ਜੁ ਚੀਨੀ ਤੇ ਮਿਸਰੀ ਵਿੱਚ ਮਨੁੱਖ ਦੇ ਸਰੀਰ ਨੂੰ ਸੱਤਿਆ ਦੇਣ ਵਾਲੇ ਉਹ ਗੁਣ ਨਹੀਂ ਜੋ ਗੁੜ ਵਿੱਚ ਹਨ। ਇਸੇ ਲਈ, ਜਿਥੇ ਮਹਾਤਮਾ ਗਾਂਧੀ ਨੇ ਦੇਸ਼ ਵਿੱਚੋਂ ਹੋਰ ਕੁਰੀਤੀਆਂ ਨੂੰ ਕੱਢਣ ਦਾ ਯਤਨ ਕੀਤਾ, ਉਥੇ ਚੀਨੀ ਤੇ ਮਿਸਰੀ ਦੀ ਵਰਤੋਂ ਦੇ ਵਿਰੁੱਧ ਤੇ ਗੁੜ ਦੀ ਵਰਤੋਂ ਦੇ ਹੱਕ ਵਿੱਚ ਭੀ ਪ੍ਰਚਾਰ ਕੀਤਾ।

ਮਿਸਰ ਤੋਂ ਲਿਆ ਕੇ ਲੰਡਨ ਵਿੱਚ ਦਰਿਆ ਕਿਨਾਰੇ ਗੱਡਿਆ ਕਲੂਪਤੀਰਾ ਸਥੰਭ

ਆਓ, ਹੁਣ ਦੇਖੀਏ ਕਿ ਮਿਸਰੀ ਦਾ ਹੇਅਰੋ-ਗਲਿੱਫ ਨਾਲ ਕੀ ਸਬੰਧ ਹੈ। ਪ੍ਰਾਚੀਨ ਮਿਸਰ ਦੇਸ਼ ਦੇ ਵਾਸੀਆਂ ਨੇ ਮਿਸਰੀ ਬਣਾਨ ਦਾ ਢੰਗ ਹੀ ਨਹੀਂ ਕੱਢਿਆ, ਸਗੋਂ ਮਿਸਰੀ ਸ਼ਬਦ ਨੂੰ ਲਿਖਣ ਦਾ ਢੰਗ ਭੀ ਪਹਿਲੋਂ ਪਹਿਲ ਉਨ੍ਹਾਂ ਦੇ ਦਿਮਾਗ਼ ਦੀ ਹੀ ਉਪਜ ਸੀ। ਆਪਣੇ ਵਿਚਾਰਾਂ ਤੇ ਖ਼ਿਆਲਾਂ ਨੂੰ ਲਿਖਤ ਵਿੱਚ ਪ੍ਰਗਟ ਕਰਨ ਦਾ ਢੰਗ ਪਹਿਲੋਂ ਪਹਿਲ ਮਿਸਰ ਦੇਸ਼ ਦੇ ਪ੍ਰਾਚੀਨ ਵਾਸੀਆਂ ਨੂੰ ਜੋ ਸੁੱਝਿਆ ਸੀ, ਏਹੋ ਸਾਡੀ ਹੇਅਰੋ-ਗਲਿੱਫ ਦੀ ਕਥਾ ਦਾ ਮੁੱਢ ਹੈ।

ਜਦੋਂ ਮਿਸਰ ਦੇਸ਼ ਦੇ ਪ੍ਰਾਚੀਨ ਵਾਸੀ ਪਹਿਲੋਂ ਪਹਿਲ ਲਿਖਣ ਲੱਗੇ ਤਾਂ ਉਹ ਆਪਣੇ ਖ਼ਿਆਲਾਂ ਤੇ ਵਿਚਾਰਾਂ ਨੂੰ ਮੂਰਤਾਂ ਵਾਹ ਕੇ ਲਿਖਦੇ ਸਨ, ਜਿਵੇਂ, ਜੇ ‘ਆਦਮੀ’ ਸ਼ਬਦ ਲਿਖਣਾ ਹੋਵੇ ਤਾਂ ਆਦਮੀ ਦੀ ਭੈੜੀ ਚੰਗੀ ਮੂਰਤ ਵਾਹ ਦੇਣੀ। ਜੇ ਇਹ ਲਿਖਣਾ ਹੋਵੇ ਕਿ ‘ਆਦਮੀ ਖਾਂਦਾ ਹੈ,’ ਤਾਂ ਆਦਮੀ ਦੀ ਮੂਰਤ ਵਾਹ ਕੇ ਉਸ ਦਾ ਸੱਜਾ ਹੱਥ ਉਸ ਦੇ ਮੂੰਹ ਕੋਲ ਵਾਹ ਦੇਣਾ। ਸਣੇ ਸਣੇ ਇਨ੍ਹਾਂ ਮੂਰਤਾਂ ਦੇ ਅਰਥ ਬਦਲਦੇ ਗਏ। ਜਿਵੇਂ, ਉਹ ਮੂਰਤ ਜੋ ‘ਆਦਮੀ ਖਾਂਦਾ ਹੈ’ ਦੇ ਵਿਚਾਰ ਨੂੰ ਪ੍ਰਗਟ ਕਰਦੀ ਸੀ, ‘ਭੋਜਨ’ ਸ਼ਬਦ ਲਿਖਣ ਲਈ ਵਰਤੀਣ ਲੱਗੀ! ਫੇਰ ਆਦਮੀ ਦੀ ਮੂਰਤ ਵਿੱਚ ਖੁਲ੍ਹਾ ਮੂੰਹ ‘ਭੁੱਖ’ ਸ਼ਬਦ ਪ੍ਰਗਟ ਕਰਨ ਲਈ ਤੇ ਮੂੰਹ ਕੋਲ ਹੱਥ ‘ਭੋਜਨ ਖਾਣ’ ਲਈ ਵਰਤੀਣ ਲੱਗਾ। ਇਉਂ ਹੁੰਦਾ ਹੁੰਦਾ, ਬਹੁਤ ਸਮਾਂ ਪਾ ਕੇ, ਇਹ ਮੂਰਤਾਂ ਐਵੇਂ, ਨਿਸ਼ਾਨੀ ਮਾਤ੍ਰ ਹੀ ਰਹਿ ਗਈਆਂ ਤੇ ਇਹ ਮੂਰਤਾਂ ਦੀਆਂ ਨਿਸ਼ਾਨੀਆਂ ਜਿਵੇਂ ਕਿ ਮੂੰਹ ਕੋਲ ਹੱਥ ਕਰਕੇ ਖਾਂਦੇ ਆਦਮੀ ਦੀ ਮੂਰਤ, ‘ਆਦਮੀ ਖਾਂਦਾ ਹੈ’ ਵਾਕ ਤਥਾ ‘ਖਾਣਾ’ ਸ਼ਬਦ ਦੀ ਥਾਂ ਇੱਕ ਅੱਖਰ ਬਣ ਗਿਆ ਤੇ ਸ੍ਵਰ, ਜਿਹਾ ਕਿ ਉ, ਅ, ੲ, ਯਾ ਵਿਯੰਜਨ ਜਿਹਾ ਕਿ ਸ, ਕ, ਹ, ਵਾਂਗ ਵਰਤੀ ਜਾਣ ਲੱਗੀ। ਪ੍ਰਾਚੀਨ ਮਿਸਰ ਵਾਸੀਆਂ ਨੇ ਇਸ ਤਰ੍ਹਾਂ ਆਪਣੀ ਬੋਲੀ ਨੂੰ ਲਿਖਣ ਲਈ ਚਵ੍ਹੀ ਅੱਖ਼ਰ ਬਣਾ ਲਏ ਸਨ, ਜਿਸ ਤਰ੍ਹਾਂ ਕਿ ਪੰਜਾਬੀ ਬੋਲੀ ਨੂੰ ਲਿਖਣ ਲਈ ਗੁਰਮੁਖੀ ਦੇ ਪੈਂਤੀ ਅੱਖਰ ਹਨ, ਪਰ ਮੂਰਤਾਂ ਦੁਆਰਾ ਲਿਖਣ ਦਾ ਢੰਗ ਭੀ ਪ੍ਰਾਚੀਨ ਮਿਸਰ ਦੇ ਲੋਕ ਵਰਤਦੇ ਰਹੇ। ਇਹ ਮੂਰਤਾਂ ਦੀ ਲਿਖਤ ਪ੍ਰਾਚੀਨ ਮਿਸਰੀ ਲੋਕ, ਆਪਣੇ ਜਗਤ-ਪ੍ਰਸਿੱਧ ਪੱਥਰ ਦੀਆਂ ਇਮਾਰਤਾਂ ਤੇ ਮੰਦਰਾਂ ਉੱਤੇ ਸ਼ਿਲਾ-ਲੇਖਾਂ ਦੇ ਰੂਪ ਵਿੱਚ ਵਰਤਦੇ ਸੀ। ਛੈਣੀ ਤੇ ਹਥੌੜੇ ਨਾਲ ਇਹ ਮੂਰਤ-ਲਿਖਤਾਂ ਪੱਥਰ ਉੱਤੇ ਉਕਰੀਆਂ ਜਾਂਦੀਆਂ ਸਨ ਤਾਂ ਜੁ ਇਨ੍ਹਾਂ ਇਮਾਰਤਾਂ ਦੇ ਮੰਤਵ ਦਾ ਪਤਾ ਲੱਗੇ ਤੇ ਇਨ੍ਹਾਂ ਦੇ ਸੁਹਜ ਵਿੱਚ ਵਾਧਾ ਹੋਵੇ।

ਜਦੋਂ ਇਹ ਮੂਰਤਾਂ ਵਾਹ ਕੇ ਲਿਖਣ ਦਾ ਢੰਗ ਰਤਾ ਵਧੇਰੇ ਪ੍ਰਚੱਲਤ ਹੋ ਗਿਆ, ਤਾਂ ਲੋੜ ਭਾਸੀ, ਜੁ ਲਿਖਣ ਲਿਖਾਉਣ ਦੀ ਸਮੱਗਰੀ ਅਜਿਹੀ ਹੋਵੇ ਜੋ ਵਧੇਰੇ ਸੌਖ ਨਾਲ ਵਰਤੀ ਜਾ ਸਕੇ। ਮਿਸਰ ਦੇ ਦਰਿਆ ਨੀਲ ਦੇ ਕੰਢਿਆਂ ’ਤੇ ਇੱਕ ਸਰਕੰਡਾ ਉੱਗਦਾ ਹੈ, ਜਿਸ ਨੂੰ ਯੂਨਾਨੀ ਲੋਕ ‘ਪੇਪਿਰਸ’ ਤੇ ਅਰਬੀ ਲੋਕ ‘ਕਾਗਜ਼’ ਕਹਿੰਦੇ ਹਨ। ਪ੍ਰਾਚੀਨ ਮਿਸਰੀਆਂ ਨੇ ਏਸ ਸਰਕੰਡੇ ਨੂੰ ਘੋਟ ਕੇ ਪਹਿਲਾਂ ਲੇਵੀ ਵਾਂਗ ਬਣਾਇਆ ਤੇ ਫੇਰ ਚਕਲੇ ਵੇਲਣੇ ਨਾਲ ਪਾਪੜ ਬਣਾ ਕੇ ਸੁਕਾ ਲਿਆ। ਏਹੋ ਯੂਨਾਨੀ ਭਾਸ਼ਾ ਵਿੱਚ ‘ਪੇਪਰ’ ਤੇ ਅਰਬੀ ਭਾਸ਼ਾ ਵਿੱਚ ਕਾਗਜ਼ ਹੈ ਅਤੇ ਅੱਜ ਤਕ ਕਾਗਤ ਬਣਾਉਣ ਦੀ ਏਹੋ ਵਿਧੀ ਸੰਸਾਰ ਭਰ ਵਿੱਚ ਪ੍ਰਚਲਤ ਹੈ। ਇਸ ਕਾਗਜ਼ ਉਤੇ ਲਿਖਣ ਲਈ ਪ੍ਰਾਚੀਨ ਮਿਸਰੀ ਲੋਕ, ਅੱਜ ਤੋਂ ਕੋਈ ਚਾਰ ਪੰਜ ਹਜ਼ਾਰ ਵਰ੍ਹੇ ਪਹਿਲਾਂ, ਦੀਵੇ ਦੀ ਕਾਲਖ ਨੂੰ ਪਾਣੀ ਵਿਚ ਘੋਲ ਕੇ ਤੇ ਸਰਕੰਡੇ ਦੀ ਨਾਲੀ ਨੂੰ ਇੱਕ ਸਿਰਿਓਂ ਟੇਢਾ ਕੱਟ ਕੇ, ਉਸ ਨੂੰ ਕਾਲਖ ਵਿੱਚ ਡਬੋ ਕੇ, ਸਰਕੰਡੇ ਦੀ ਲੇਵੀ ਤੋਂ ਬਣਾਏ ਹੋਏ ਸੁੱਕੇ ਪਾਪੜਾਂ ਉਤੇ ਲਿਖਦੇ ਸਨ। ਅਰਬੀ ਭਾਸ਼ਾ ਵਿੱਚ ਉਸ ਘੋਲੀ ਹੋਈ ਕਾਲਖ ਨੂੰ ‘ਸਿਆਹੀ’ ਤੇ ਪੰਜਾਬੀ ਵਿੱਚ ‘ਮੱਸ’ ਕਹਿੰਦੇ ਹਨ। ਜਿਸ ਕੁੱਜੀ ਵਿੱਚ ਇਹ ਕਾਲਖ ਘੋਲ ਕੇ ਰੱਖੀਦੀ ਹੈ, ਉਸ ਨੂੰ ਅਰਬੀ ਭਾਸ਼ਾ ਵਿੱਚ ‘ਦਵਾਤ’ ਤੇ ਪੰਜਾਬੀ ਭਾਸ਼ਾ ਵਿੱਚ ‘ਮਸਵਾਣੀ’ ਕਹਿੰਦੇ ਹਨ। ਸਰਕੰਡੇ ਦੀ ਕਾਨੀ ਨੂੰ ਜਦੋਂ ਟੇਢਾ ਟੁੱਕ ਦਿੱਤਾ ਜਾਂਦਾ ਹੈ, ਉਸ ਨੂੰ ਅਰਬੀ ਭਾਸ਼ਾ ਵਿੱਚ ‘ਕਲਮ’ ਕਹਿੰਦੇ ਹਨ, ਕਿਉਂ ਜੋ ‘ਕਲਮ’ ਦਾ ਅਰਥ ਹੈ ‘ਟੁੱਕੀ ਹੋਈ’। ਪੰਜਾਬੀ ਭਾਸ਼ਾ ਵਿੱਚ ਇਸ ਲਿਖਣ ਵਾਲੇ ਟੁੱਕੇ ਹੋਏ ਸਰਕੰਡੇ ਨੂੰ ‘ਲਿਖਣ’ ਕਹਿੰਦੇ ਹਨ ਜਾਂ ਸਿੱਧਾ ‘ਕਾਨੀ’।

ਇਹ ਸਭ ਗੱਲਾਂ ਤੁਹਾਨੂੰ ਇਸ ਲਈ ਦੱਸੀਆਂ ਗਈਆਂ ਹਨ, ਤਾਂ ਜੁ ਤੁਹਾਨੂੰ ਨਿਸਚੇ ਹੋ ਜਾਵੇ, ਜੋ ਅਸਲ ਵਿੱਚ ਸਾਰੇ ਸੰਸਾਰ ਦੀ ਸੱਭਯਤਾ ਦਾ ਸੋਮਾ ਸਾਂਝਾ ਹੈ, ਅਤੇ ਮਨੁੱਖ ਨੇ ਜੋ ਜੋ ਉੱਨਤੀ ਕੀਤੀ ਹੈ, ਭਾਵੇਂ ਉਹ ਲਿੱਖਣ ਢੰਗ ਦੀ ਕਾਢ ਹੈ ਤੇ ਭਾਵੇਂ ਲਿੱਖਣ-ਸਾਮੱਗਰੀ ਦੀ ਦਰਿਆਫਤ, ਤੇ ਭਾਵੇਂ ਬੋਲੀਆਂ ਤੇ ਖ਼ਿਆਲਾਂ ਦੀ ਬਣਤਰ ਤੇ ਭਾਵੇਂ ਹੋਰ ਵਰਤਣ ਵਰਤਾਣ ਦੀਆਂ ਚੀਜ਼ਾਂ ਦਾ ਗਿਆਨ, ਉਸ ਵਿੱਚ ਸਭ ਦੇਸ਼ਾਂ ਤੇ ਸਭ ਜਾਤੀਆਂ ਨੇ ਸਮੇਂ ਸਮੇਂ ਉੱਤੇ, ਆਪਣੇ ਵਿੱਤ ਅਨੁਸਾਰ, ਸਾਂਝ ਪਾਈ ਹੈ ਤੇ ਸਾਰੇ ਸੰਸਾਰ ਦਾ ਕਲਿਆਣ ਅੱਗੋਂ ਲਈ ਵੀ ਏਸੇ ਵਿੱਚ ਹੈ ਜੁ ਹਰ ਦੇਸ਼ ਤੇ ਜਾਤੀ ਦੇ ਮਨੁੱਖ ਦੂਜੇ ਦੇਸ਼ਾਂ ਤੇ ਜਾਤੀਆਂ ਦੇ ਮਨੁੱਖਾਂ ਨੂੰ ਇੱਕੋ ਸਾਂਝੇ ਭਾਈਚਾਰੇ ਤਥਾ ਮਨੁੱਖ-ਜਾਤੀ ਦਾ ਅੰਗ ਸਮਝਣ। ਏਹੋ ਉਪਦੇਸ਼ ਸਾਡੇ ਪ੍ਰਾਚੀਨ ਪੂਜਯ ਗ੍ਰੰਥਾਂ, ਵੇਦਾਂ ਤੇ ਉਪਨਿਸ਼ਦਾਂ ਵਿੱਚ ਹੈ ਕਿ ਵਿੱਦਵਾਨ ਉਹ ਹੈ ਜੋ ਸਾਰੇ ਸੰਸਾਰ ਨੂੰ ਆਪਦਾ ਕੁਟੰਬ ਜਾਣੇ। ਗੁਰੂ ਗੋਬਿੰਦ ਸਿੰਘ ਜੀ ਨੇ ਭੀ ਕਿਹਾ ਹੈ, ਜੋ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’। ਮਹਾਤਮਾ ਗਾਂਧੀ ਭੀ ਆਪਣੇ ਜੀਵਨ ਪ੍ਰਯੰਤ ਏਹੋ ਪ੍ਰਚਾਰ ਕਰਦੇ ਰਹੇ ਹਨ।

ਹੇਅਰੋ-ਗਲਿੱਫ ਇਸ ਨਾਮ ਨਾਲ ਕਿਉਂ ਪ੍ਰਸਿੱਧ ਹਨ? ਤੁਹਾਨੂੰ ਉੱਤੇ ਦੱਸ ਆਏ ਹਾਂ ਜੁ ਪ੍ਰਾਚੀਨ ਮਿਸਰ ਦੇਸ਼ ਦੇ ਵਾਸੀਆਂ ਨੂੰ ਯੂਨਾਨੀਆਂ ਨੇ ਕੋਈ ਦੋ ਹਜ਼ਾਰ ਸਾਲ ਹੋਏ, ਪ੍ਰਾਧੀਨ ਬਣਾ ਲਿਆ ਸੀ, ਤੇ ਉਨ੍ਹਾਂ ਉਤੇ ਕੋਈ ਪੰਜ ਸੌ ਵਰ੍ਹੇ ਰਾਜ ਕਰਦੇ ਰਹੇ। ਯੂਨਾਨੀ ਸੱਭਯਤਾ ਦੇ ਸੰਚਾਲਕ, ਰੋਮਨ ਲੋਕਾਂ ਦਾ ਰਾਜ ਮਿਸਰ ਉੱਤੇ ਕੋਈ ਪੰਜਵੀਂ ਸਦੀ ਈਸਵੀ ਤੱਕ ਰਿਹਾ। ਉਸ ਵੇਲੇ ਤੱਕ ਪ੍ਰਾਚੀਨ ਮਿਸਰੀਆਂ ਦਾ ਮੂਰਤਾਂ ਦੁਆਰਾ ਲਿਖਣ ਦਾ ਢੰਗ, ਕੋਈ ਚਾਰ ਪੰਜ ਹਜ਼ਾਰ ਸਾਲ ਤੱਕ ਪ੍ਰਚੱਲਤ ਰਹਿ ਕੇ, ਮਾਨੋ ਅਲੋਪ ਹੋ ਚੁੱਕਾ ਸੀ, ਕਿਉਂ ਜੁ ਦੇਸ਼ ਉਤੇ ਰਾਜ ਬਦੇਸ਼ੀ ਰੋਮਨ ਲੋਕਾਂ ਦਾ ਸੀ ਤੇ ਉਨ੍ਹਾਂ ਦੀ ਬੋਲੀ, ਯੂਨਾਨੀ ਤੇ ਉਨ੍ਹਾਂ ਦੀ ਸੱਭਯਤਾ ਹੀ ਪ੍ਰਧਾਨ ਤੇ ਸ੍ਰੇਸ਼ਟ ਸਮਝੀ ਜਾਂਦੀ ਸੀ। ਇਉਂ ਪੰਜ ਸੱਤ ਸੌ ਸਾਲ ਦੀ ਪ੍ਰਾਧੀਨਤਾ ਤੇ ਗੁਲਾਮੀ ਵਿੱਚ, ਪ੍ਰਾਚੀਨ ਮਿਸਰ ਦੇਸ਼ ਦੇ ਵਾਸੀਆਂ ਦੀ ਸੱਭਯਤਾ ਤੇ ਉਨ੍ਹਾਂ ਦੀਆਂ ਉਜਾਗਰ ਕੀਤੀਆਂ ਹੋਈਆਂ ਕਾਢਾਂ ਤੇ ਗਿਆਨ ਮਿਟ ਗਿਆ। ਏਸੇ ਲਈ ਸਾਡੇ ਰਿਸ਼ੀ ਤੇ ਗੁਰੂ ਏਹੋ ਉਪਦੇਸ਼ ਦੇਂਦੇ ਰਹੇ ਹਨ, ਜੁ ਪ੍ਰਾਧੀਨਤਾ ਦਾ ਜੀਵਨ ਘਟੀਆ ਜੀਵਨ ਹੈ, ਤੇ ਸਵਾਧੀਨਤਾ ਅਤੇ ਸਵਰਾਜ ਪਰਾਏ ਰਾਜ ਹੇਠਾਂ ਰਹਿਣ ਨਾਲੋਂ ਸਦਾ ਚੰਗੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ, ਜੁ ਪਰਾਏ ਰਾਜ ਵਿੱਚ ਜੀਵਨ ਨਾਲੋਂ ਜਾਂ ਪ੍ਰਾਧੀਨਤਾ ਦੇ ਜੀਵਨ ਨਾਲੋਂ ਤਾਂ ਮਰ ਜਾਣਾ ਚੰਗਾ ਹੈ। ‘‘ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ।। ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ।।’’ (ਪੰਨਾ 1380) ਯੂਨਾਨੀਆਂ ਤਥਾ ਰੋਮਨ ਰਾਜ ਦੇ ਅੰਤ ਤਕ ਕੇਵਲ ਪ੍ਰਾਚੀਨ ਮਿਸਰ ਦੇ ਮੰਦਰਾਂ ਦੇ ਪੁਜਾਰੀ ਹੀ ਇਸ ਮੂਰਤਾਂ ਦੀ ਲਿਖਤ ਨੂੰ ਸਮਝ ਕੇ ਉੱਕਰ ਸਕਦੇ ਸਨ। ਯੂਨਾਨੀ ਬੋਲੀ ਵਿੱਚ ‘ਹੇਅਰੋ’ ਦੇ ਅਰਥ ਹਨ ‘ਧਾਰਮਿਕ’ ਤੇ ‘ਗੋਲਿਫ’ ਦੇ ਅਰਥ ਹਨ, ‘ਉੱਕਰੀ ਹੋਈ ਮੂਰਤ’। ਸੋ, ਯੂਨਾਨੀ ਬੋਲੀ ਵਿੱਚ ਇਨ੍ਹਾਂ ਉਕਰੀਆਂ ਹੋਈਆਂ ਮੂਰਤ-ਲਿਖਤਾਂ ਦਾ ਨਾਮ ‘ਹੇਅਰੋ-ਗਲਿਫ’ ਪੈ ਗਿਆ, ਤੇ ਪੰਜਵੀਂ ਸਦੀ ਈਸਵੀ ਤੋਂ ਪਿੱਛੋਂ ਕੋਈ ਆਦਮੀ ਵੀ ਅਜਿਹਾ ਸੰਸਾਰ ਵਿੱਚ ਨਹੀਂ ਸੀ ਜੋ ਇਨ੍ਹਾਂ ਮੂਰਤ-ਲਿਖਤਾਂ ਦੇ ਅਰਥ ਸਮਝਦਾ ਹੋਵੇ ਜਾਂ ਇਨ੍ਹਾਂ ਨੂੰ ਸਮਝ ਕੇ ਉੱਕਰ ਸਕਦਾ ਹੋਵੇ। ਸੋ, ਇਹ ਦੁਨੀਆਂ ਲਈ ਇੱਕ ਅਜੂਬਾ ਤੇ ਦਰਸ਼ਨੀ ਚੀਜ਼ ਬਣ ਕੇ ਹੀ ਰਹਿ ਗਈਆਂ।

ਮਈ ਦੇ ਮਹੀਨੇ, ਸੰਨ 1798 ਵਿੱਚ, ਸੰਸਾਰ ਦੇ ਪ੍ਰਸਿੱਧ ਯੋਧਾ ਨੈਪੋਲੀਅਨ ਬੋਨਾਪਾਰਟ ਦੀ 35000 ਫੌਜ ਨੇ ਮਿਸਰ ਉਤੇ ਕਬਜ਼ਾ ਕਰ ਲਿਆ, ਤਾਂ ਜੁ ਉਹ ਅੱਗੇ ਵਧਕੇ, ਹਿੰਦੁਸਤਾਨ ਵਿੱਚੋਂ ਅੰਗਰੇਜ਼ਾਂ ਨੂੰ ਕੱਢ ਕੇ, ਇਥੇ ਆਪਣਾ ਰਾਜ ਸਥਾਪਤ ਕਰ ਸਕੇ। ਪਹਿਲਾਂ ਨੈਪੋਲੀਅਨ ਨੇ ਮਿਸਰ ਦੇ ਮਹਾਨ ਨਗਰ, ਅਲੇਗਜ਼ੇਂਡਰੀਆ ਨੂੰ ਮੱਲਿਆ ਅਤੇ ਉਸ ਤੋਂ ਪਿੱਛੋਂ ‘ਰੋਜ਼ੇਟਾ’ ਨਾਮੀ ਨਗਰ ਉੱਤੇ ਕਬਜ਼ਾ ਕੀਤਾ। ਸੰਨ 1931 ਵਿੱਚ ਜਦੋਂ ਇਨ੍ਹਾਂ ਸਤਰਾਂ ਦਾ ਲਿਖਾਰੀ ‘ਰੋਜ਼ੇਟਾ’ ਨਗਰ ਦੇਖਣ ਗਿਆ ਤਾਂ ਉਦੋਂ ਇਹ ਛੋਟਾ ਜਿਹਾ ਢੱਠਾ ਪੁਰਾਣਾ ਨਗਰ ਸੀ, ਜਿਸ ਵਿੱਚ ਇੱਕ ਮਾਮੂਲੀ ਜਿਹਾ ਹੋਟਲ ਅਤੇ ਦਸ ਪੰਦਰਾਂ ਚੰਗੇ ਮਕਾਨ ਸਨ ਅਤੇ ਬਾਕੀ ਐਵੇਂ ਘਰੋਂਦੇ ਜਿਹੇ, ਤੇ ਵਿੰਗੇ ਟੇਢੇ ਬਾਜ਼ਾਰ ਸਨ। ਇਨ੍ਹਾਂ ਦਸ ਪੰਦਰਾਂ ਚੰਗੇ ਮਕਾਨਾਂ ਵਿੱਚ ਪੁਰਾਣੇ ਸੰਗ ਮਰਮਰ ਦੇ ਟੋਟੇ ਤੇ ਥੰਮ ਚਿਣੇ ਹੋਏ ਸਨ, ਜਿਸ ਤੋਂ ਸਪਸ਼ਟ ਹੁੰਦਾ ਸੀ ਕਿ ਪ੍ਰਾਚੀਨ ਸਮਿਆਂ ਵਿੱਚ, ਯੂਨਾਨੀ ਰਾਜ ਵੇਲੇ, ਇਹ ਕੋਈ ਚੰਗਾ ਪ੍ਰਤਿਸ਼ਟ ਨਗਰ ਸੀ। ਰੋਜ਼ੇਟਾ ਦੇ ਉੱਤਰ ਵੱਲ, ਇੱਕ ਸੋਲ੍ਹਵੀਂ ਸ਼ਤਾਬਦੀ ਮਸੀਹੀ ਦਾ ਪੁਰਾਣਾ ਕਿਲ੍ਹਾ ਹੈ, ਜਿਸ ਦੀ ਮੁਰੰਮਤ ਦਾ ਕੰਮ ਨੈਪੋਲੀਅਨ ਨੇ ਆਪਣੇ ਇੱਕ ਇੰਜੀਨੀਅਰ ਬੂਸ਼ਰ (Bouchard) ਦੇ ਜ਼ਿੰਮੇ ਲਗਾਇਆ। ਜੁਲਾਈ, ਸੰਨ 1799 ਵਿੱਚ, ਕਿਲ੍ਹੇ ਦੀ ਮੁਰੰਮਤ ਕਰਵਾਉਂਦਿਆਂ ਇੱਕ ਸ਼ਿਲਾ ਲੇਖ ਲੱਭਾ, ਜੋ ਕਿ ਹੁਣ ‘ਰੋਸੇਤ ਸ਼ਿਲਾ’ (Rosetta Stone) ਦੇ ਨਾਮ ਹੇਠਾਂ ਸਾਰੇ ਜਗਤ ਵਿੱਚ ਪ੍ਰਸਿੱਧ ਹੈ। ਇਹ ਪੱਥਰ ਝਟਪਟ ਨੈਪੋਲੀਅਨ ਕੋਲ, ਮਿਸਰ ਦੀ ਰਾਜਧਾਨੀ, ਕਾਇਰਾ (Cairo) ਭੇਜਿਆ ਗਿਆ ਅਤੇ ਨੈਪੋਲੀਅਨ ਦੇ ਨਾਲ ਆਏ ਫਰਾਂਸੀਸੀ ਵਿੱਦਵਾਨਾਂ ਨੇ ਝੱਟ ਭਾਂਪ ਲਿਆ ਕਿ ਇਹ ਪੱਥਰ ਬੜੀ ਭਾਰੀ ਵਿੱਦਯਕ ਮਹੱਤਤਾ ਰੱਖਦਾ ਹੈ।

ਇਸ ਪੱਥਰ ਉੱਤੇ ਤਿੰਨਾਂ ਲਿੱਪੀਆਂ ਵਿੱਚ ਵਿਗਯਾਪਨ ਉੱਕਰੇ ਹੋਏ ਹਨ: ਪਹਿਲੀਆਂ ਚੌਦਾਂ ਸਤਰਾਂ, ਹੇਅਰੋ-ਗਲਿੱਫ ਲਿੱਪੀ ਵਿੱਚ ਹਨ, ਫਿਰ ਬੱਤੀ ਸਤਰਾਂ ਉਸ ਲਿੱਪੀ ਵਿੱਚ ਹਨ, ਜੋ ਹੇਅਰੋ-ਗਲਿੱਫ ਦੇ ਸੰਖੇਪ ਰੂਪ ਵਿੱਚ, ਪ੍ਰਾਚੀਨ ਮਿਸਰ ਵਿੱਚ, ਪ੍ਰਚਲਤ ਹੋਈ ਅਤੇ ਜਿਸ ਨੂੰ ‘ਦਿਮਾਤੀ’ (Demotic) ਲਿੱਪੀ ਕਹਿੰਦੇ ਹਨ ਉਸ ਤੋਂ ਹੇਠਾਂ ਯੂਨਾਨੀ ਲਿੱਪੀ ਉੱਕਰੀ ਹੋਈ ਹੈ।

ਹੇਅਰੋ-ਗਲਿੱਫ ਅਤੇ ਦਿਮਾਤੀ ਲਿੱਪੀਆਂ ਦਾ ਗਿਆਨ ਸੰਸਾਰ ਤੋਂ ਬੜੇ ਚਿਰ ਤੋਂ ਅਲੋਪ ਹੋ ਚੁੱਕਾ ਹੋਇਆ ਸੀ, ਅਤੇ ਸੰਸਾਰ ਭਰ ਵਿੱਚ ਕੋਈ ਅਜਿਹਾ ਪੁਰਸ਼ ਨਹੀਂ ਸੀ ਜੋ ਮਿਸਰ ਦੇ ਪ੍ਰਾਚੀਨ ਮੰਦਰਾਂ ਅਤੇ ਮਸੌਦਿਆਂ ਆਦਿ ਉੱਤੇ ਲਿਖੀਆਂ ਹੋਈਆਂ ਇਨ੍ਹਾਂ ਲਿੱਪੀਆਂ ਨੂੰ ਪੜ੍ਹ ਸਮਝ ਸਕੇ ਤੇ ਇਉਂ ਮਿਸਰ ਦੀ ਮਹਾਨ ਤੇ ਗੌਰਵਮਈ ਪ੍ਰਾਚੀਨ ਸੱਭਯਤਾ ਦੇ ਭੇਤ ਸੰਸਾਰ ਦੀਆਂ ਅੱਖਾਂ ਤੋਂ ਓਹਲੇ ਲੁਕੇ ਪਏ ਸਨ।

‘ਰੋਸੇਤ ਸ਼ਿਲਾ’ ਦਾ ਯੂਨਾਨੀ ਲਿੱਪੀ ਵਿੱਚ ਉੱਕਰਿਆ ਹੋਇਆ ਭਾਗ ਪੜ੍ਹ ਕੇ, ਫਰਾਂਸੀਸੀ ਵਿੱਦਵਾਨਾਂ ਨੇ ਇਹ ਸਮਝ ਲਿਆ ਸੀ ਕਿ ਇਸ ਪੱਥਰ ਉੱਤੇ ਉੱਕਰਿਆ ਵਿਗਯਾਪਨ ਕੋਈ ਦੋ ਹਜ਼ਾਰ ਵਰ੍ਹੇ ਪੁਰਾਣਾ ਹੈ, ਸੰਨ 196 ਪ੍ਰਿਥਿਮ ਮਸੀਹ (196-B.C.) ਦਾ ਲਿਖਿਆ ਹੋਇਆ। ਇਸ ਵਿਗਯਾਪਨ ਵਿੱਚ, ਪ੍ਰਾਚੀਨ ਮਿਸਰ ਦੇ ਯੂਨਾਨੀ ਬਾਲ ਅਧੀਰਾਜ, ਤੌਲਮੀ ਪੰਚਮ (Ptolemy V) ਦੀ ਸ਼ੋਭਾ ਸਤੁਤੀ ਕੀਤੀ ਹੋਈ ਹੈ। ਇਸ ਬਾਲ ਅਧੀਰਾਜ ਦੀ ਜਯੰਤੀ ਮਨਾਉਣ ਸਮੇਂ ਇਹ ਸ਼ਿਲਾ ਲੇਖ ਉੱਕਰਿਆ ਗਿਆ ਸਹੀ ਹੋ ਆਇਆ ਅਤੇ ਫਰਾਂਸੀਸੀ ਵਿੱਦਵਾਨਾਂ ਨੇ ਬੁੱਝ ਲਿਆ ਕਿ ‘ਰੋਸੇਤ ਸ਼ਿਲਾ’ ਵਿੱਚ ਮਿਸਰ ਦੀਆਂ ਅਲੋਪ ਹੋ ਚੁੱਕੀਆਂ ‘ਹੇਅਰੋ-ਗਲਿੱਫ’ ਤੇ ‘ਦਿਮਾਤੀ’ ਲਿੱਪੀਆਂ ਨੂੰ ਉਜਾਗਰ ਕਰਨ ਦੀ ਕੁੰਜੀ ਲੁਕੀ ਪਈ ਹੈ, ਅਤੇ ਇਉਂ ਇਹ ਸ਼ਿਲਾਲੇਖ ਸੰਸਾਰ ਭਰ ਦੇ ਸ਼ਿਲਾ ਲੇਖਾਂ ਵਿੱਚ ਬਹੁ ਮੁੱਲਾ ਸ਼੍ਰੋਮਣੀ ਹੈ।

ਫਰਾਂਸੀਸੀ ਅਫਸਰਾਂ ਨੇ ਇਸ ‘ਰੋਸੇਤ ਸ਼ਿਲਾ’ ਨੂੰ ਚੁਕਾਠਿਆਂ ਵਿੱਚ ਚੰਗੀ ਤਰ੍ਹਾਂ ਮੜ੍ਹ ਲਿਆ ਤਾਂ ਜੁ ਇਸ ਨੂੰ ਪੈਰਿਸ ਲੈ ਜਾਇਆ ਜਾ ਸਕੇ, ਪਰ ਇਤਨੇ ਸਮੇਂ ਵਿੱਚ ਨੈਪੋਲੀਅਨ ਦਾ ਤੇਜ ਘੱਟ ਚੁੱਕਾ ਸੀ। ਅੰਗਰੇਜ਼ ਵਿਜਯੀਆਂ ਨੇ ਜੋ ਸੰਧੀ ਉਸ ਸਮੇਂ ਕੀਤੀ, ਉਸ ਦੀ ਇੱਕ ਧਾਰਾ ਇਹ ਵੀ ਸੀ, ਕਿ ਫਰਾਂਸੀਸੀ ਮਿਸਰ ਵਿੱਚੋਂ ਨਿਕਲ ਜਾਣ ਅਤੇ ਜੋ ਪੁਰਾਤਨ ਵਸਤੂਆਂ ਉਥੋਂ ਲੱਭੀਆਂ ਹਨ, ਉਹ ਅੰਗਰੇਜ਼ਾਂ ਦੇ ਹਵਾਲੇ ਕਰ ਦੇਣ। ਫਰਾਂਸੀਸੀ ਕਮਾਣ ਅਫਸਰ, ‘ਮੇਨੂ’ (Menou) ਨੇ ਬੜਾ ਯਤਨ ਕੀਤਾ ਕਿ ਕਿਵੇਂ ਨ ਕਿਵੇਂ ਇਹ ‘ਰੋਸੇਤ ਸ਼ਿਲਾ’ ਫਰਾਂਸ ਦੇਸ਼ ਵਾਸਤੇ ਬਚਾ ਲਈ ਜਾਵੇ ਅਤੇ ਉਹ ਇਸ ਨੂੰ ਆਪਣੇ ਨਿਵਾਸ ਅਸਥਾਨ, ਅਲੇਗਜ਼ੇਂਡਰੀਆ, ਵਿੱਚ ਚੁੱਕ ਲੈ ਗਿਆ, ਤਾਂ ਜੁ ਇਹ ਕਹਿ ਸਕੇ ਕਿ ਇਹ ਸ਼ਿਲਾ ਉਸ ਦੀ ਨਿੱਜੀ ਚੀਜ਼ ਹੈ ਜੋ ਸੰਧੀ ਦੀ ਧਾਰਾ ਅਨੁਸਾਰ ਅੰਗਰੇਜ਼ ਲੈਣ ਦੇ ਹੱਕਦਾਰ ਨਹੀਂ। ਉਸ ਦਾ ਦ੍ਰਿੜ੍ਹ ਇਰਾਦਾ ਸੀ ਕਿ ਜੇ ਹੋਰ ਕੋਈ ਰਾਹ ਨਾ ਲੱਭੇ ਤਾਂ ਇਸ ਸ਼ਿਲਾ ਨੂੰ ਭੰਨ ਤੋੜ ਸਿੱਟੇ ਪਰ ਆਪਣੀ ਜਾਤੀ ਦੇ ਸ਼ਤਰੂਆਂ, ਅੰਗਰੇਜ਼ਾਂ ਦੇ ਹਵਾਲੇ ਨ ਕਰੇ। ਪਰ ਅੰਗਰੇਜ਼ਾਂ ਨੇ ਬੜੀ ਫੁਰਤੀ ਤੋਂ ਕੰਮ ਲਿਆ। ਇੱਕ ਪੂਰੀ ਤੋਪਖਾਨੇ ਦੀ ਬਾਤਰੀ ਇੱਕ ਜਰਨੈਲ ਦੀ ਕਮਾਣ ਹੇਠਾਂ, ਝਟ ਪਟ ਜਰਨੈਲ ਮੇਨੂੰ ਦੇ ਘਰ ਅੱਗੇ ਆ ਰੁਕੀ ਅਤੇ ‘ਰੋਸੇਤ ਸ਼ਿਲਾ’ ਦੀ ਮੰਗ ਕੀਤੀ, ਜੋ ਕਿ ‘ਮੇਨੂੰ’ ਨੂੰ ਦੇਣੀ ਪਈ। ਰੋਸੇਤ ਸ਼ਿਲਾ ਨੂੰ ਤੋਪਗੱਡੀ ਉਤੇ ਰੱਖ ਕੇ ਜਦ ਇਹ ਪੂਰੇ ਦਾ ਪੂਰਾ ਤੋਪਖਾਨਾ ਸ਼ਹਿਰ ਦੇ ਭੀੜੇ ਤੰਗ ਬਾਜ਼ਾਰਾਂ ਵਿੱਚੋਂ, ਆਪਣੇ ਕੰਪੂ ਵਲ ਨੂੰ ਮੁੜਿਆ ਤਾਂ ਛਿੱਥੇ ਪਏ ਹੋਏ ਫਰਾਂਸੀਸੀ ਸਿਪਾਹੀ ਬਜ਼ਾਰਾਂ ਵਿੱਚ ਖੜੇ, ਅੰਗਰੇਜ਼ਾਂ ਨੂੰ ਗਾਲ੍ਹਾਂ ਕੱਢ ਰਹੇ ਸਨ।

ਫਰਵਰੀ, ਸੰਨ 1802 ਵਿੱਚ, ਮਦਰਾਸ ਨਾਮੀ ਜਹਾਜ਼ ਉੱਤੇ, ‘ਰੋਸੇਤ ਸ਼ਿਲਾ’ ਲੰਦਨ ਪਹੁੰਚੀ ਅਤੇ ਉਥੋਂ ਦੇ ਜਗਤ ਪ੍ਰਸਿੱਧ ਅਜਾਇਬ ਘਰ, ‘ਬ੍ਰਿਟਿਸ਼ ਮੀਊਸੀਅਮ’ (British Museum) ਵਿੱਚ ਰੱਖੀ ਗਈ।

ਉਸ ਵੇਲੇ ਇਹ ਸ਼ਿਲਾ ਆਮ ਲੋਕਾਂ, ਜਨ ਸਾਧਾਰਨ, ਲਈ ਕੋਈ ਬਹੁਤੀ ਦਿਲਚਸਪੀ ਅਤੇ ਖਿੱਚ ਦਾ ਕਾਰਨ ਨਾ ਬਣੀ, ਕਿਉਂ ਜੁ ਅਜੇ ਇਸ ਦੇ ‘ਹੇਅਰੋ-ਗਲਿੱਫ’ ਪੜ੍ਹੇ ਨਹੀਂ ਸੀ ਜਾ ਸਕੇ ਤੇ ਅਜੇ ਵੀਹ ਵਰ੍ਹੇ ਹੋਰ ਸੰਸਾਰ ਨੇ ਇਸ ਲਿੱਪੀ ਦੇ ਭੇਤਾਂ ਤੋਂ ਅਗਿਆਤ ਹੀ ਰਹਿਣਾ ਸੀ।

ਅੰਗਰੇਜ਼ਾਂ ਦੇ ਜਰਨੈਲ ਮੇਨੂੰ ਦੇ ਘਰੋਂ, ‘ਰੋਸੇਤ ਸ਼ਿਲਾ’ ਨੂੰ ਖੋਹ ਖੜਨ ਤੋਂ ਪਹਿਲਾਂ, ਕਈ ਨਕਲਾਂ ਇਸ ਦੇ ਲੇਖਾਂ ਦੀਆਂ ਬਣਾ ਲਈਆਂ ਗਈਆਂ ਸਨ, ਅਤੇ ਇਉਂ ਇਹ ਨਕਲਾਂ, ਸੰਸਾਰ ਭਰ ਦੇ ਪ੍ਰਾਚੀਨ ਲਿੱਪੀਆਂ ਦੇ ਵਿੱਦਵਾਨਾਂ ਦੇ ਹੱਥਾਂ ਵਿੱਚ ਪਹੁੰਚ ਚੁੱਕੀਆਂ ਸਨ, ਜੋ ਕਿ ਇਸ ਅਤਿ ਗੋਹਯ ਤੇ ਮਹਾਨ ਪਹੇਲੀ ਨੂੰ ਖੋਹਲਣ ਵਿੱਚ ਰੁਝੇ ਹੋਏ ਸਨ। ਇਹਨਾਂ ਵਿੱਦਵਾਨਾਂ ਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਹੇਅਰੋ-ਗਲਿੱਫ ਲਿੱਪੀ ਸਪੱਸ਼ਟ ਮੂਰਤ-ਲਿਪੀ (Representational Alphabet) ਨਹੀਂ ਹੈ। ਭਾਵ ਇਹ ਕਿ, ਜੇ ਕੁੱਤੇ ਦੀ ਮੂਰਤ ਹੇਅਰੋ-ਗਲਿੱਫ ਵਿੱਚ ਬਣੀ ਹੋਈ ਹੋਵੇ ਤਾਂ ਉਸ ਦਾ ਅਰਥ ‘ਕੁੱਤਾ’ ਨਹੀਂ ਹੈ, ਸਗੋਂ ਇਹ ਮੂਰਤ ਕਿਸੇ ਵਯੰਜਨ ਯਾ ਸ੍ਵਰ ਆਦੀ ਦੇ ਸੰਗ੍ਰਹ ਦਾ ਸੂਚਕ ਹੈ, ਕਿਸੇ ਉਸ ਸ਼ਬਦ ਦਾ ਭਾਗ, ਜਿਸ ਦਾ ਉਚਾਰਨ ਕਿ ‘ਕੁੱਤਾ’ ਪਦ ਸੰਕੇਤ ਕਰਨ ਲਈ, ਪ੍ਰਾਚੀਨ ਮਿਸਰੀ ਕਰਦੇ ਸਨ। ਉਹ ਸ਼ਬਦ ਲਿਖਿਆ ਕਿਵੇਂ ਜਾਂਦਾ ਸੀ, ਇਹ ਤਾਂ ਹੁਣ ਅਸਾਨੂੰ ਪਤਾ ਲੱਗ ਗਿਆ ਹੈ, ਪਰ ਇਸ ਦਾ ਉਚਾਰਨ ਕੀ ਸੀ, ਇਹ ਭੇਤ ਪ੍ਰਾਚੀਨ ਮਿਸਰੀਆਂ ਦੇ ਨਾਲ ਹੀ ਸਦਾ ਲਈ ਅਲੋਪ ਹੋ ਗਿਆ ਹੈ।

ਅੰਗਰੇਜ਼ ਵਿੱਦਵਾਨ, ਥੋਮਸ ਯੰਗ (Thomas Young) ਅਤੇ ਫਰਾਂਸੀਸੀ ਵਿੱਦਵਾਨ, ਸ਼ਮਪੋਲੀਓਂ (Champollion) ਦੇ ਸਾਹਮਣੇ, ਜੋ ਕਿ ਹੇਅਰੋ-ਗਲਿੱਫ ਦੇ ਭੇਤ ਲੱਭਣਾ ਚਾਹੁੰਦੇ ਸਨ ਪਹੇਲੀ ਇਹ ਸੀ ਕਿ ਇਸ ਲਿੱਪੀ ਦਾ ਉਚਾਰਣ ਕੀ ਹੈ, ਉਹ ਉਚਾਰਣ ਜਿਹੜਾ ਕਿ ਨ ਉਨ੍ਹਾਂ ਵਿੱਦਵਾਨਾਂ ਅਤੇ ਨ ਹੀ ਕਿਸੇ ਹੋਰ ਜੀਵਤ ਆਦਮੀ ਨੇ ਸੁਣਿਆ ਸੀ। ਉਨ੍ਹਾਂ ਦੀ ਔਕੜ ਵਧੇਰੇ ਗੁੰਝਲਦਾਰ ਬਣ ਗਈ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ‘ਰੋਸੇਤ ਸ਼ਿਲਾ’ ਦੀ ਹੇਅਰੋ-ਗਲਿੱਫ ਲਿਖਤ, ‘ਯੂਨਾਨੀ ਲਿਖਦ ਦਾ ਉਲੱਥਾ ਨਹੀਂ, ਕੇਵਲ ਭਾਵਾਰਥ ਹੈ।

ਇਹ ਵਿੱਦਵਾਨ ਅਤੇ ਕਈ ਹੋਰ, ਵਰ੍ਹਿਆਂ ਬੱਧੀ ਇਸ ਪੇਚੀਦਾ ਗੁੰਝਲ ਨੂੰ ਸੁਲਝਾਉਣ ਲਈ ਸਿਰ ਖਪਾਂਦੇ ਰਹੇ ਪਰ ਇਸ ਦੇ ਤਾਣੇ ਪੇਟੇ ਦਾ ਕੁਝ ਥੌਹ ਸਿਰ ਛੇਤੀ ਛੇਤੀ ਹੱਥ ਨਾ ਆਇਆ।

ਜਿਸ ਤਰ੍ਹਾਂ ਇਹਨਾਂ ਵਿੱਦਵਾਨਾਂ ਨੇ ਇਸ ਹੇਅਰੋ-ਗਲਿੱਫ ਦੀ ਬੇਸਿਰੀ ਅਤੇ ਬੇਸੁਰੀ ਉਲਝਣ ਨਾਲ ਅਪਣੀ ਤੀਕਸ਼ਣ ਬੁੱਧੀ ਦੇ ਬਲ ਨਾਲ ਘੋਲ ਕੀਤਾ, ਉਹ ਕਥਾ ਆਪ ਬੜੀ ਗੁੰਝਲਦਾਰ ਹੈ, ਪਰ ਇਹ ਘੋਲ ਇਤਨਾ ਮਨੋਰੰਜਕ ਸੀ, ਕਿ ਇਕ ਸਰਲ ਜਿਹੀ ਉਦਾਹਰਣ ਅਸੀਂ ਹੇਠਾਂ ਦਿੰਦੇ ਹਾਂ, ਤਾਂ ਜੁ ਤੁਹਾਨੂੰ ਕੁਝ ਗਿਆਨ ਉਸ ਔਕੜ ਦਾ ਹੋ ਸਕੇ, ਜਿਸ ਨੂੰ ਹੇਅਰੋ ਗਲਿੱਫ ਨੂੰ ਸਮਝਣ ਤੋਂ ਪਹਿਲਾਂ, ਇਨ੍ਹਾਂ ਵਿੱਦਵਾਨਾਂ ਨੂੰ ਪਾਰ ਕਰਨਾ ਪਿਆ।

ਸਭ ਤੋਂ ਪਹਿਲੀ ਘੁੰਡੀ ਜੋ ਇਨ੍ਹਾਂ ਵਿੱਦਵਾਨਾਂ ਦੇ ਹੱਥ ਆਈ ਉਹ ਇਸ ਪ੍ਰਕਾਰ ਸੀ।

ਉਨ੍ਹਾਂ ਇਉਂ ਅਨੁਮਾਨ ਲਗਾਇਆ ਕਿ ਰੋਸੇਤ ਸ਼ਿਲਾ ਦੀ ਇੱਕ ਸਤਰ ਵਿੱਚ ਜੋ ਹੇਅਰੋ ਗਲਿੱਫ ਹਨ, ਉਸ ਵਿੱਚ ਮਿਸਰ ਦੇ ਯੂਨਾਨੀ ਰਾਜਿਆਂ ਦੀ ਉਪਾਧੀ, ‘ਤਾਲਮੀ’ (PTOLMY) ਉਕਰੀ ਹੋਈ ਹੈ। ਉਹ ਸਤਰ ਇਸ ਪ੍ਰਕਾਰ, ਰੋਸੇਤ ਸ਼ਿਲਾ ਉੱਤੇ ਉਕਰੀ ਹੋਈ ਹੈ:

ਵਲੈਤ ਵਿੱਚ ਇੱਕ ਹੋਰ ਪੱਥਰ ਦਾ ਸਥੰਭ, ਲੰਦਨ ਵਿੱਚਕਾਰ, ਦਰਿਆ ਦੇ ਕਿਨਾਰੇ, ਗੱਡਿਆ ਖੜ੍ਹਾ ਹੈ, ਜਿਸ ਨੂੰ ਮਿਸਰ ਦੇ ਦਰਿਆ, ਨੀਲ, ਦੇ ਇੱਕ ਟਾਪੂ ਵਿੱਚੋਂ ਅੰਗਰੇਜ਼ਾਂ ਨੇ ਪਹਿਲਾਂ ਚੁੱਕ ਲਿਆਂਦਾ ਸੀ, ਅਤੇ ਜਿਸ ਉਤੇ ਕਿ ਹੇਅਰੋ-ਗਲਿੱਫ ਉੱਕਰੇ ਹੋਏ ਹਨ। ਵਿਦਵਾਨਾਂ ਅਤੇ ਇਤਿਹਾਸਕਾਰਾਂ ਨੂੰ ਇਹ ਪਤਾ ਸੀ, ਕਿ ਇਸ ਟਾਪੂ ਦਾ ਸਬੰਧ ਪ੍ਰਚੀਨ ਮਿਸਰ ਦੀ ਇੱਕ ਮਹਾਰਾਣੀ, ਕਲੂਪੀਤਰਾ (Cleopetra) ਨਾਮੀ ਨਾਲ ਸੀ, ਅਤੇ ਇਉਂ ਅਨੁਮਾਨ ਇਹ ਸੀ ਕਿ ਇਹ ਸਤੰਭ ਲੇਖ ਵਿੱਚ ‘ਕਲੂਪੀਤਰਾ’ ਸ਼ਬਦ, ਹੇਅਰੋ-ਗਲਿੱਫ ਲਿੱਪੀ ਵਿੱਚ ਉਕਰਿਆ ਹੋਇਆ ਹੈ। ਉਹ ਲੇਖ ਇਸ ਤਰ੍ਹਾਂ ਹੈ:-

ਅਸਾਂ ਹੇਅਰੋ-ਗਲਿੱਫ ਦੇ ਉਪਰੋਕਤ ਅੱਖਰਾਂ ਉਤੇ ਨੰਬਰ ਆਪ ਲਾ ਦਿੱਤੇ ਹਨ ਤਾਂ ਜੁ ਇਹਨਾਂ ਨੂੰ ਪਛਾਨਣ ਵਿੱਚ ਸੌਖ ਰਹੇ। ਤੁਸੀਂ ਦੇਖੋਗੇ ਕਿ ‘ਰੋਸੇਤ ਸ਼ਿਲਾ’ ਦੇ ਉਪਰੋਕਤ ਲੇਖ ਵਿੱਚ ਨੰਬਰ ‘ਇਕ’ ਹੇਠਾਂ ਜੋ ਮੁਰਬੇ ਦੀ ਚੌਕੋਰ ਸ਼ਕਲ ਬਣੀ ਹੋਈ ਹੈ, ਉਹੋ ਮੂਰਤੀ ਸਥੰਭ ਦੇ ਲੇਖ ਵਿੱਚ ਨੰਬਰ ‘ਪੰਜ’ ਤੇ ਹੈ। ਇਸ ਲਈ ਇਸ ਚੌਕੋਰ ਨੂੰ ਰੋਮਨ ਲਿਪੀ ਦਾ ਅੱਖਰ ‘P’ ਅਨੁਮਾਨਿਆ ਗਿਆ ਜੋ ਕਿ ‘Ptolemy’ ਅਤੇ ‘Cleopetra’, ਦੋਹਾਂ ਸ਼ਬਦਾਂ ਵਿੱਚ ਸਾਂਝਾ ਹੈ। ਇਉਂ ਹੀ ‘ਰੋਸੇਤ-ਸ਼ਿਲਾ’ ਵਿੱਚ ਨੰਬਰ ‘ਚਾਰ’ ਉਤੇ ਜੋ ਸ਼ੇਰ ਦੀ ਮੂਰਤ ਵਹੀ ਹੋਈ ਹੈ, ਉਹੋ ਕਲੂਪੀਤਰਾ ਸਥੰਭ ਵਿਚ ਨੰਬਰ ‘ਦੋ’ ਉੱਤੇ ਹੈ। ਇਸ ਲਈ ਇਸ ਨੂੰ ਰੋਮਨ ਲਿਪੀ ਦਾ ਅੱਖਰ ‘L’ ਅਨੁਮਾਨ ਲਿਆ ਗਿਆ ਜੋ ਕਿ ਉਪਰੋਕਤ ਦੋਹਾਂ ਨਾਮਾਂ ਵਿੱਚ ਸਾਂਝਾ ਹੈ। ਇਉਂ ਹੌਲੀ ਹੌਲੀ, ਬੜੀ ਮਗਜਪਚੀ ਪਿੱਛੋਂ ਕਲੂਪਤੀਰਾ ਸਥੰਭ ਦੀ ਲਿਖਤ ਨੂੰ ਇਉਂ ਅਨੁਵਾਦਿਆ ਗਿਆ:

ਪਰ ਇਹ ਸਾਰੀ ਸਮੱਸਿਆ ਇਤਨੀ ਸੁਖੈਨ ਨਹੀਂ ਸੀ ਜਿਤਨੀ ਕਿ ਅਸਾਡੇ ਕਥਨ ਤੋਂ ਦਿਸ ਆਉਂਦੀ ਹੈ। ਕਈ ਟੋਏ ਟਿੱਬੇ ਅਤੇ ਉਲਝਣਾਂ ਦਾ ਸਾਹਮਣਾ ਵਿੱਦਵਾਨਾਂ ਨੂੰ ਹੇਅਰੋ-ਗਲਿੱਫ ਦੀ ਪਹੇਲੀ ਸਮਝਣ ਵਿੱਚ ਕਰਨਾ ਪਿਆ ਅਤੇ ਸਾਲਾਂ ਬੱਧੀ ਘਾਲ ਘਾਲਣੀ ਪਈ, ਤਾਂ ਕਿਤੇ ਜਾ ਕੇ ਹੇਅਰੋ-ਗਲਿੱਫ ਦਾ ਪੂਰਨ ਗਿਆਨ ਸੰਸਾਰ ਨੂੰ ਪ੍ਰਾਪਤ ਹੋ ਸਕਿਆ।

ਥੋਮਸ ਯੰਗ ਤਾਂ ਹੇਅਰੋ-ਗਲਿੱਫ ਦੇ ਕੁਝ ਅੱਖਰ ਪੜ੍ਹਨ ਵਿੱਚ ਹੀ ਸਫਲ ਹੋਇਆ। ਸ਼ਮਪੋਲੀਓ ਨੇ ਸੰਨ 1824 ਵਿੱਚ ਪਹਿਲੀ ਵਾਰ ਆਪਣੀ ਜਗਤ ਪ੍ਰਸਿੱਧ ਪੁਸਤਕ Prescribe du Systeme Hierogliphique, ਫਰਾਂਸੀਸੀ ਵਿੱਚ ਛਪਵਾਕੇ ਹੇਅਰੋ ਗਲਿੱਫ ਦੀ ਪ੍ਰਾਚੀਨ ਲਿੱਪੀ ਦਾ ਮੁਕੰਮਲ ਗਿਆਨ ਸੰਸਾਰ ਨੂੰ ਪ੍ਰਦਾਨ ਕੀਤਾ, ਜਿਸ ਦੁਆਰਾ ਕਿ ਪ੍ਰਾਚੀਨ ਮਿਸਰ ਦੀਆਂ ਅਨੇਕ ਲਿਖਤਾਂ ਦੇ ਭੇਤ ਅਰਥ ਸੰਸਾਰ ਭਰ ਦੇ ਵਿੱਦਵਾਨਾਂ ਨੇ ਖੋਜੀਆਂ ਨੂੰ ਉਜਾਗਰ ਹੋ ਗਏ।

ਇਹ ਰੋਸੇਤ ਸ਼ਿਲਾ ਹੁਣ ਲੰਡਨ ਦੇ ਮਹਾਨ ਅਜਾਇਬ-ਘਰ, ਬ੍ਰਿਟਿਸ਼ ਮੀਊਸੀਯਮ, ਵਿੱਚ ਪਈ ਹੈ ਤੇ ਸੰਸਾਰ ਭਰ ਦੇ ਚੰਗੇ ਵਿਦਿਆਲਿਆਂ ਤੇ ਪੁਸਤਕਾਲਿਆਂ ਵਿੱਚ ਇਸ ਸ਼ਿਲਾ ਦੀਆਂ ਨਕਲਾਂ ਮੌਜੂਦ ਹਨ। ਹੁਣ ਹੇਅਰੋ-ਗਲਿੱਫ ਲਿਖਤ ਪੂਰਨ ਤੌਰ ਉਤੇ ਸਮਝ ਲਈ ਗਈ ਹੈ ਤੇ ਇਸ ਦੀਆਂ ਲਿਖਤਾਂ ਬਿਨਾਂ ਕਿਸੇ ਖਾਸ ਔਖ ਦੇ ਉਠਾਈਆਂ ਤੇ ਸਮਝੀਆਂ ਜਾ ਸਕਦੀਆਂ ਹਨ। ਹੇਅਰੋ-ਗਲਿੱਫ ਲਿਖਤ ਸਮੇਂ, ਜੋ ਭਾਸ਼ਾ ਪ੍ਰਾਚੀਨ ਮਿਸਰ ਦੇਸ਼ ਵਿੱਚ ਪ੍ਰਚੱਲਤ ਸੀ, ਜਿਸ ਨੂੰ ਕਿ ਹੁਣ ਬੋਲਣ ਵਾਲਾ ਆਦਮੀ ਕੋਈ ਨਹੀਂ ਰਿਹਾ, ਉਸ ਦੇ ਪਦ-ਕੋਸ਼ ਤੇ ਵਯਾਕਰਣ ਭੀ ਬਣਾ ਲਏ ਗਏ ਹਨ ਤੇ ਪ੍ਰਾਚੀਨ ਮਿਸਰ ਦੀਆਂ ਵਿੱਦਿਆਵਾਂ ਦੇ ਵਿੱਦਿਆਰਥੀ ਇਨ੍ਹਾਂ ਤੋਂ ਲਾਭ ਉਠਾਉਂਦੇ ਹਨ।

ਇਹ ਹੈ ਅਚੰਭਾ ਕਰਨ ਵਾਲੀ ਕਥਾ ਇੱਕ ਅਲੋਪ ਹੋ ਚੁੱਕੀ ਲਿਖਤ ਤੇ ਭਾਸ਼ਾ ਦੇ ਮੁੜ ਪ੍ਰਗਟ ਹੋਣ ਦੀ।

(ਸਿਰਦਾਰ ਕਪੂਰ ਸਿੰਘ ਦਾ ਲੇਖ ਉਨ੍ਹਾਂ ਦੀ ਕਿਤਾਬ ‘ਪੁੰਦ੍ਰੀਕ’ ਵਿੱਚੋਂ ਲਿਆ ਗਿਆ ਹੈ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਕੈਂਸਰ ਬਾਰੇ ਚੇਤਨਾ ਲਈ ਹੰਭਲੇ

ਕੈਂਸਰ ਬਾਰੇ ਚੇਤਨਾ ਲਈ ਹੰਭਲੇ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਸ਼ਹਿਰ

View All