ਹੇਮਾ ਮਾਲਿਨੀ ਤੇ ਸੰਨੀ ਦਿਓਲ ਨੇ 90ਵੇਂ ਜਨਮ ਦਿਨ ’ਤੇ ਧਰਮਿੰਦਰ ਨੂੰ ਯਾਦ ਕੀਤਾ
ਮਰਹੂਮ ਅਦਾਕਾਰ ਧਰਮਿੰਦਰ ਦੇ 90ਵੇਂ ਜਨਮ ਦਿਨ ’ਤੇ ਉਨ੍ਹਾਂ ਦੀ ਪਤਨੀ ਹੇਮਾ ਮਾਲਿਨੀ ਨੇ ਬਹੁਤ ਭਾਵੁਕ ਢੰਗ ਨਾਲ ਉਨ੍ਹਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਨਾਲ ਬਿਤਾਏ ਪਲਾਂ ਦੀਆਂ ਕੁਝ ਖਾਸ ਤਸਵੀਰਾਂ ਸਾਂਝਾ ਕੀਤੀਆਂ। ਧਰਮਿੰਦਰ ਦਾ 24 ਨਵੰਬਰ ਨੂੰ 89 ਸਾਲ ਦੀ ਉਮਰ ਵਿੱਚ ਆਪਣੇ ਜੁਹੂ ਸਥਿਤ ਬੰਗਲੇ ਵਿੱਚ ਦੇਹਾਂਤ ਹੋ ਗਿਆ ਸੀ। ਹੇਮਾ ਮਾਲਿਨੀ ਨੇ ‘ਐਕਸ’ ਉੱਤੇ ਧਰਮਿੰਦਰ ਨਾਲ ਆਪਣੀਆਂ ਤਸਵੀਰਾਂ ਸਾਂਝਾ ਕਰਦਿਆਂ ਲਿਖਿਆ, ‘‘ਧਰਮ ਜੀ, ਜਨਮਦਿਨ ਮੁਬਾਰਕ... ਤੁਹਾਨੂੰ ਗਏ ਦੋ ਹਫ਼ਤਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਮੈਂ ਹੌਲੀ-ਹੌਲੀ ਖੁਦ ਨੂੰ ਸੰਭਾਲ ਰਹੀ ਹਾਂ... ਤੁਸੀਂ ਹਮੇਸ਼ਾ ਮੇਰੇ ਨਾਲ ਰਹੋਗੇ...।’’ ਹੇਮਾ ਨੇ ਕਿਹਾ ਕਿ ਉਨ੍ਹਾਂ ਨਾਲ ਬਿਤਾਈਆਂ ਜ਼ਿੰਦਗੀ ਦੀਆਂ ‘ਖੁਸ਼ਨੁਮਾ ਯਾਦਾਂ’ ਕਦੇ ਮਿਟ ਨਹੀਂ ਸਕਦੀਆਂ। ਇਨ੍ਹਾਂ ਪਲਾਂ ਨੂੰ ਯਾਦ ਕਰ ਕੇ ਸ਼ਾਂਤੀ ਅਤੇ ਖੁਸ਼ੀ ਮਿਲਦੀ ਹੈ।’’ ਹੇਮਾ ਮਾਲਿਨੀ ਅਤੇ ਧਰਮਿੰਦਰ ਦਾ ਵਿਆਹ 1980 ਵਿੱਚ ਹੋਇਆ ਸੀ। ਉਨ੍ਹਾਂ ਦੀਆਂ ਦੋ ਧੀਆਂ ਈਸ਼ਾ ਅਤੇ ਅਹਾਨਾ ਹਨ। ਧਰਮਿੰਦਰ ਦੇ ਪੁੱਤਰ ਅਤੇ ਅਦਾਕਾਰ ਸੰਨੀ ਦਿਓਲ ਨੇ ਵੀ ਆਪਣੇ ਮਰਹੂਮ ਪਿਤਾ ਨੂੰ ਯਾਦ ਕੀਤਾ। ਇੰਸਟਾਗ੍ਰਾਮ ’ਤੇ ਵੀਡੀਓ ਵਿੱਚ ਉਨ੍ਹਾਂ ਲਿਖਿਆ, ‘‘ਅੱਜ ਮੇਰੇ ਪਾਪਾ ਦਾ ਜਨਮਦਿਨ ਹੈ। ਪਾਪਾ ਹਮੇਸ਼ਾ ਮੇਰੇ ਨਾਲ ਹਨ, ਮੇਰੇ ਅੰਦਰ ਮੌਜੂਦ ਹਨ। ਤੁਹਾਨੂੰ ਬਹੁਤ ਪਿਆਰ ਕਰਦਾ ਹਾਂ, ਪਾਪਾ। ਮੈਂ ਤੁਹਾਨੂੰ ਬਹੁਤ ਯਾਦ ਕਰਦਾ ਹਾਂ।’’ ਸੰਨੀ ਧਰਮਿੰਦਰ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਦਾ ਪੁੱਤਰ ਹੈ।
