ਹਰਦਿਆਲ ਸਿੰਘ ਥੂਹੀ
ਪੰਜਾਬ ਦੀਆਂ ਪਰੰਪਰਿਕ ਗਾਇਨ ਵੰਨਗੀਆਂ ਵਿਚੋਂ ਲੋਕ ਢਾਡੀ ਕਲਾ ਦਾ ਸ਼ਾਨਦਾਰ ਤੇ ਸਨਮਾਨਯੋਗ ਇਤਿਹਾਸ ਰਿਹਾ ਹੈ। ਤਿੰਨ ਕੁ ਦਹਾਕੇ ਪਹਿਲਾਂ ਦਰਜਨਾਂ ਕਲਾਕਾਰ ਇਸ ਕਲਾ ਨਾਲ ਜੁੜੇ ਹੋਏ ਸਨ। ਮਨੋਰੰਜਨ ਦੇ ਆਧੁਨਿਕ ਸਾਧਨਾਂ ਕਾਰਨ ਹੌਲੀ ਹੌਲੀ ਇਸ ਕਲਾ ਦਾ ਘੇਰਾ ਸੁੰਗੜਦਾ ਗਿਆ। ਨਵੀਂ ਪੀੜ੍ਹੀ ਤਾਂ ਇਸ ਤੋਂ ਮੂੰਹ ਹੀ ਮੋੜ ਗਈ ਕਿਉਂਕਿ ਇਕ ਤਾਂ ਇਸ ਕਲਾ ਨੂੰ ਸਿੱਖਣ ਲਈ ਸਖ਼ਤ ਮਿਹਨਤ, ਦ੍ਰਿੜਤਾ ਅਤੇ ਕਠਿਨ ਤਪੱਸਿਆ ਦੀ ਜ਼ਰੂਰਤ ਹੈ, ਜੋ ਨਵੀਂ ਪੀੜ੍ਹੀ ਵਿਚ ਨਹੀਂ। ਦੂਜੇ, ਸਰੋਤਿਆਂ ਦੀ ਘਾਟ ਕਾਰਨ ਇਸ ਕਲਾ ਤੋਂ ਰੋਜ਼ੀ ਰੋਟੀ ਚੱਲਣੀ ਵੀ ਮੁਸ਼ਕਲ ਹੈ। ਅਜਿਹੇ ਵਾਤਾਵਰਣ ਵਿਚ ਕੇਵਲ ਤਿੰਨ ਚਾਰ ਗਿਣਤੀ ਦੇ ਪਰਿਵਾਰ ਹਨ ਜੋ ਪ੍ਰਤੀਕੂਲ ਪ੍ਰਸਥਿਤੀਆਂ ਦੇ ਬਾਵਜੂਦ ਆਪਣੀ ਪਰਿਵਾਰਕ ਵਿਰਾਸਤ ਨੂੰ ਸੰਭਾਲ ਰਹੇ ਹਨ। ਇਨ੍ਹਾਂ ਵਿਚੋਂ ਇਕ ਪਰਿਵਾਰ ਦਿਆਗੜ੍ਹ ਵਾਲੇ ਢਾਡੀਆਂ ਦਾ ਹੈ, ਜਿਸ ਦੀ ਨਵੀਂ ਪੀੜ੍ਹੀ ਇਸ ਕਲਾ ਨਾਲ ਜੁੜ ਕੇ ਆਪਣੀ ਪਰਿਵਾਰਕ ਵਿਰਾਸਤ ਨੂੰ ਸੰਭਾਲਣ ਦੇ ਯਤਨਾਂ ਵਿਚ ਹੈ। ਇਸ ਗਰੁੱਪ ਦੀ ਅਗਵਾਈ ਕਰ ਰਿਹਾ ਹੈ ਚੌਦਾਂ ਸਾਲਾ ਦਿਲਬਾਗ ਮਾਨ। ਉਸ ਦਾ ਸਾਥ ਨਿਭਾ ਰਹੇ ਹਨ, ਉਸ ਦਾ ਸਕਾ ਭਰਾ ਆਰੁਸ਼ ਮਾਨ ਤੇ ਚਚੇਰਾ ਭਰਾ ਰਨਵੀਰ ਮਾਨ।
ਦਿਲਬਾਗ ਮਾਨ ਨੂੰ ਇਹ ਕਲਾ ਵਿਰਸੇ ਵਿਚੋਂ ਮਿਲੀ ਹੈ। ਦਿਲਬਾਗ ਬਾਬੇ ਬਗੀਚੇ ਦੀ ਫੁਲਬਾੜੀ ਦੀਆਂ ਕਲੀਆਂ ਹਨ, ਜਿਨ੍ਹਾਂ ਨੇ ਭਵਿੱਖ ਵਿਚ ਖੁਸ਼ਬੂਦਾਰ ਫੁੱਲ ਬਣਨਾ ਹੈ। ਬਾਬੇ ਬਗੀਚੇ ਦੀ ਇਸ ਬਗੀਚੀ ਨੂੰ ਸਿੰਜਿਆ ਦਾਰਾ ਖਾਂ ਨੇ। ਦਾਰਾ ਖਾਂ ਦੀ ਵਿਰਾਸਤ ਨੂੰ ਅੱਗੇ ਤੋਰਿਆ ਆਤੂ ਖਾਂ ਨੇ। ਆਤੂ ਖਾਂ ਦੀ ਵਿਰਾਸਤ ਦੇ ਵਾਰਸ ਬਣੇ ਉਸ ਦੇ ਪੁੱਤਰ ਅਤੇ ਆਪਣੇ ਸਮੇਂ ਦੇ ਨਾਮੀ ਢਾਡੀ ਬੀਰੂ ਤੇ ਘੀਚਰ ਖਾਂ। ਘੀਚਰ ਖਾਂ ਹੁਰਾਂ ਦਾ ਢਾਡੀ ਜਗਤ ਵਿਚ ਨਾਂ ਚਮਕਾਇਆ ਉਨ੍ਹਾਂ ਦੇ ਪੁੱਤਰਾਂ ਰਾਜਮਾਨ, ਦਿਲਬਾਗ ਮਾਨ ਤੇ ਲਾਲ ਮਾਨ ਨੇ। ਢਾਡੀ ਕਲਾ ਦੇ ਇਤਿਹਾਸ ਵਿਚ ਰਾਜ ਮਾਨ ਕਿਸੇ ਰਸਮੀ ਜਾਣ ਪਛਾਣ ਦਾ ਮੁਥਾਜ ਨਹੀਂ। ਰਾਜ ਮਾਨ ਹੋਰਾਂ ਦੀ ਵਿਰਾਸਤ ਨੂੰ ਸੰਭਾਲ ਕੇ ਅੱਗੇ ਤੋਰਿਆ ਉਨ੍ਹਾਂ ਦੇ ਪੁੱਤਰਾਂ ਮੱਖਣ ਮਾਨ ਤੇ ਰੋਹੀ ਮਾਨ ਪੁੱਤਰ ਰਾਜ ਮਾਨ, ਪੱਪੀ ਮਾਨ ਪੁੱਤਰ ਦਿਲਬਾਗ ਮਾਨ ਅਤੇ ਰਮਜ਼ਾਨ ਮਾਨ ਪੁੱਤਰ ਲਾਲ ਮਾਨ ਨੇ। ਇਸ ਪਰਿਵਾਰਕ ਵਿਰਾਸਤ ਦੀ ਡੋਰ ਹੁਣ ਸੱਤਵੀਂ ਪੀੜ੍ਹੀ ਨੇ ਫੜ ਲਈ ਹੈ।
ਇਸ ਢਾਡੀ ਪਰਿਵਾਰ ਨੇ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਤੇ ਡਾਕਖਾਨਾ ਡਕੌਂਦਾ ਦੇ ਨਿੱਕੇ ਜਿਹੇ ਪਿੰਡ ਦਿਆਗੜ੍ਹ ਨੂੰ ਦੂਰ ਦੂਰ ਤਕ ਪ੍ਰਸਿੱਧੀ ਦੁਆਈ ਹੈ। ਇੱਥੇ ਹੀ ਦਿਲਬਾਗ ਮਾਨ ਦਾ ਜਨਮ 27 ਦਸੰਬਰ 2007 ਨੂੰ ਪਿਤਾ ਰਮਜ਼ਾਨ ਮਾਨ ਉਰਫ਼ ਜਾਨੀ ਦੇ ਘਰ ਹੋਇਆ। ਛੋਟੇ ਆਰੁਸ਼ ਮਾਨ ਦਾ ਜਨਮ ਇਕ ਜੁਲਾਈ 2011 ਨੂੰ ਹੋਇਆ। ਰਨਵੀਰ ਮਾਨ ਦਾ ਜਨਮ ਮਰਹੂਮ ਲਾਲ ਮਾਨ ਦੇ ਪੁੱਤਰ ਮੰਗਾ ਮਾਨ ਦੇ ਘਰ 26 ਮਈ 2011 ਨੂੰ ਹੋਇਆ। ਦਿਲਬਾਗ ਮਾਨ ਸਰਕਾਰੀ ਸਕੂਲ ਦਿੱਤੂਪੁਰ ਜੱਟਾਂ ਵਿਖੇ ਦਸਵੀਂ ਜਮਾਤ ਵਿਚ ਪੜ੍ਹਦਾ ਹੈ। ਦੂਸਰੇ ਦੋਵੇਂ ਸਰਕਾਰੀ ਮਿਡਲ ਸਕੂਲ ਡਕੌਂਦਾ ਵਿਖੇ ਛੇਵੀਂ ਜਮਾਤ ਦੇ ਵਿਦਿਆਰਥੀ ਹਨ। ਭਾਵੇਂ ਇਨ੍ਹਾਂ ਦਾ ਸੰਗੀਤ ਨਾਲ ਲਗਾਅ ਸੁਰਤ ਸੰਭਾਲਣ ਸਮੇਂ ਤੋਂ ਹੀ ਹੋ ਗਿਆ ਸੀ, ਪਰ 2018 ਤੋਂ ਇਨ੍ਹਾਂ ਨੂੰ ਰਮਜ਼ਾਨ ਮਾਨ ਨੇ ਬਾਕਾਇਦਾ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਸੀ। ਇਨ੍ਹਾਂ ਨੂੰ ਵੱਖ ਵੱਖ ਗਾਥਾਵਾਂ ਨਾਲ ਸਬੰਧਤ ‘ਗੌਣ’ ਕੰਠ ਕਰਵਾਇਆ। ‘ਗੌਣ’ ਕੰਠ ਕਰਨਾ ਇਸ ਗਾਇਕੀ ਦਾ ਮਹੱਤਵਪੂਰਨ ਪਹਿਲੂ ਹੈ ਕਿਉਂਕਿ ਅਖਾੜਿਆਂ ਵਿਚ ਕਾਪੀਆਂ ਤੋਂ ਪੜ੍ਹਕੇ ਗਾਉਣ ਦੀ ਰੀਤ ਨਹੀਂ। ਇਹ ਸੰਭਵ ਹੀ ਨਹੀਂ ਹੋ ਸਕਦਾ। ਦਿਲਬਾਗ ਮਾਨ ਦੇ ਲਗਭਗ ਚਾਲੀ ਰਚਨਾਵਾਂ ਜ਼ੁਬਾਨੀ ਯਾਦ ਹਨ। ‘ਦੁੱਲੇ’ ਅਤੇ ‘ਕੌਲਾਂ’ ਦੀਆਂ ਪੰਦਰਾਂ ਪੰਦਰਾਂ, ਜੈਮਲ ਫੱਤੇ ਦੀਆਂ ਚਾਰ, ਜਿਉਣੇ ਮੌੜ ਦੀਆਂ ਦੋ, ਹੀਰ ਦੀਆਂ ਚਾਰ ਤੇ ਇਕ ਦੋ ਪੂਰਨ ਦੀਆਂ ਰਚਨਾਵਾਂ ਯਾਦ ਹਨ।
ਦਿਲਬਾਗ ਨੇ ਪਹਿਲੀ ਵਾਰ ਨੰਦਪੁਰ ਕਲੌੜ ਦੇ ਮੇਲੇ ’ਤੇ ਅਖਾੜੇ ਵਿਚ ਗਾਇਆ ਸੀ। ਸਰੋਤਿਆਂ ਨੇ ਇਨ੍ਹਾਂ ਦੀ ਖੂਬ ਹੌਸਲਾ ਅਫ਼ਜਾਈ ਕੀਤੀ। ਜਿਸ ਨਾਲ ਇਨ੍ਹਾਂ ਦੇ ਹੌਸਲੇ ਬੁਲੰਦ ਹੋ ਗਏ। ਫੇਰ ਇਨ੍ਹਾਂ ਨੇ ਹੀਰੋਂ-ਝਾੜੋਂ ਵਾਲੇ ਨਾਥਾਂ ਦੇ ਡੇਰੇ, ਘਰਾਚੋਂ ਦੇ ਮੇਲੇ, ਨਾਗਰੇ ਪਿੰਡ ਦੇ ਮੇਲੇ, ਦੰਦਰਾਲਾ ਖਰੌੜ ਦੇ ਮੇਲੇ ’ਤੇ ਆਪਣੀ ਹਾਜ਼ਰੀ ਲੁਆਈ। ਇਸ ਵਾਰ ਪੰਜਾਬ ਦੇ ਪ੍ਰਸਿੱਧ ਜਰਗ ਦੇ ਮੇਲੇ ਦੇ ਸਾਂਝੇ ਅਖਾੜੇ ਵਿਚ ਇਨ੍ਹਾਂ ਨੂੰ ਗਾਉਣ ਦਾ ਮਾਣ ਪ੍ਰਾਪਤ ਹੋਇਆ। ਇੱਥੇ ਹੀ ਮੈਨੂੰ ਵੀ ਇਨ੍ਹਾਂ ਨੂੰ ਸੁਣਨ ਦਾ ਮੌਕਾ ਮਿਲਿਆ। ਇੱਥੇ ਇਨ੍ਹਾਂ ਨੇ ਤਿੰਨ ਚਾਰ ਅਲੱਗ ਅਲੱਗ ਰੰਗ ਦਿਖਾਏ। ਕੁਝ ਵੰਨਗੀਆਂ ਨਮੂਨੇ ਵਜੋਂ ਪੇਸ਼ ਹਨ:
* ਵੱਡੇ ਦੁੱਲੇ ਨਵਾਬ ਦੀ, ਚਰਚਾ ਹੋ ਗੀ ਵਿਚ ਬਜ਼ਾਰ।
ਗੱਲਾਂ ਕਰਦੇ ਬਾਣੀਏ, ਹੱਟੀਆਂ ਵਿਚ ਕਰਾੜ।
ਦੁੱਲਾ ਆ ਗਿਆ ਲੱਧੀ ਦਾ ਸੂਰਮਾ,
ਲੱਖੀ ਘੋੜੀ ਦਾ ਸਵਾਰ।
ਚਾਲੀ ਮਾਰੀ ਬਾਦਸ਼ਾਹ ਦੀ,
ਧਰਤੀ ਪੱਟੀ ਸਾਂਗਾਂ ਦੇ ਨਾਲ।
ਮਲਕੀ ਦਾ ਬੁੱਗਾ ਲੁੱਟਿਆ, ਕਰਲੂ ਨਾਲ ਕੁਹਾਰ।
ਮਾਈ ਨਿਆਮਤ ਲੁੱਟ ਲਈ,
ਸੁੱਚੇ ਲਾਹੇ ਮੋਤੀਆਂ ਦੇ ਹਾਰ।
ਚਿਮਨੀ ਬੇਗ਼ਮ ਲੁੱਟ ਲਈ,
ਬੇਗ਼ਮ ਲੁੱਟ ਲਈ ਸੱਤ ਹਜ਼ਾਰ।
ਦੁੱਲਾ ਸਿੰਗੀ ਹਰਨ ਤੇ ਚੜ੍ਹ ਗਿਆ,
ਉਹਦੀ ਕਿਸਮਤ ਦੇ ਗਈ ਹਾਰ।
* ਸੁਣੋ ਹਕੀਕਤ ਦੋਸਤੋ, ਦੱਸਾਂ ਖੋਲ੍ਹ ਬਿਆਨ।
ਕਿੱਸਾ ਪੂਰਨ ਭਗਤ ਦਾ,
ਤੁਸੀਂ ਸੁਣਿਓ ਨਾਲ ਧਿਆਨ।
ਅੰਦਰ ਸਿਆਲ ਕੋਟ ਦੇ, ਰਾਜਾ ਇਕ ਸਲਵਾਨ।
ਵਾਲੀ ਤਾਜ ਤਖ਼ਤ ਦਾ, ਉਹਦੀ ਰੱਬ ਵਧਾਈ ਸ਼ਾਨ।
ਕਰਦਾ ਬੈਠ ਅਦਾਲਤਾਂ, ਅਕਲਾਂ ਦਾ ਪ੍ਰਧਾਨ।
ਅੱਛਰਾਂ ਰਾਣੀ ਉਸਦੀ, ਉਹ ਸੀ ਸੁਘੜ ਸਿਆਣ।
ਘਰ ਵਿਚ ਆਪਣੇ ਵਸਦੇ, ਕਰਦੇ ਖੁਸ਼ ਗੁਜ਼ਰਾਨ।
ਸਭ ਕੁਝ ਦਿੱਤਾ ਰੱਬ ਨੇ, ਪਰ ਇਕ ਗੱਲੋਂ ਹਰਾਨ।
ਘਰ ਵਿਚ ਕੋਈ ਔਲਾਦ ਕੀਤੀ ਨਾ ਰਹਿਮਾਨ।
* ਘੜੇ ਛੱਡ ਕੇ ਕੁੜੀਆਂ ਹੋਣ ਉਦਾਲੇ ਜੋਗੀ ਦੇ,
ਕੁੜੀਆਂ ਜਾਣ ਕੇ ਹਮਾਣੀ ਕਰਨ ਠਠੋਲੀਆਂ।
ਚਾਰ ਚੁਫੇਰੇ ਜੋਗੀ ਦੇ ਫਿਰਦੀਆਂ ਨੇ ਲਟਕਦੀਆਂ,
ਕੁੜੀਆਂ ਖੇੜਿਆਂ ਦੀਆਂ ਪਰੀਆਂ ਸਬਜ਼ ਮਮੋਲੀਆਂ।
ਪੱਟਿਆ ਫਿਰਦੈਂ ਜੋਗੀਆ ਕਿਸੇ ਸਾਡੇ ਵਰਗੀ ਦਾ,
ਨਿਆਣੀ ਉਮਰ ’ਚ ਪਹਿਲਾਂ
ਕੀਤੀਆਂ ਲਾਡ ਕਲੋਲੀਆਂ।
ਮਾਲ ਮਾਲਕ ਲੈ ਗੇ ਕੰਮ ਜਿਨ੍ਹਾਂ ਨੇ ਖਰਚੇ ਐ,
ਮਗਰੋਂ ਔਖੇ ਤੋ ਗੇ, ਸਹਿਣੇ ਤਾਨ੍ਹੇ ਬੋਲੀਆਂ।
ਦਿਲਬਾਗ ਮਾਨ ਤੋਂ ਲੋਕ ਢਾਡੀ ਜਗਤ ਨੂੰ ਵੱਡੀਆਂ ਆਸਾਂ ਹਨ। ਇਨ੍ਹਾਂ ਨੂੰ ਅਜੇ ਸਖ਼ਤ ਮਿਹਨਤ ਦੀ ਜ਼ਰੂਰਤ ਹੈ। ਜੇ ਇਹ ਏਸੇ ਤਰ੍ਹਾਂ ਲਗਨ ਨਾਲ ਮਿਹਨਤ ਕਰਦੇ ਰਹੇ ਤਾਂ ਆਪਣੀ ਪਰਿਵਾਰਕ ਵਿਰਾਸਤ ਦੇ ਅਸਲੀ ਵਾਰਸ ਬਣ ਕੇ ਆਪਣੇ ਪੂਰਵਜ਼ਾਂ ਦਾ ਨਾਂ ਰੌਸ਼ਨ ਕਰਨਗੇ।
ਸੰਪਰਕ: 84271-00341