ਹੀਰ-ਰਾਂਝਾ: ਚਿੱਤਰਕਾਰ ਸੋਭਾ ਸਿੰਘ

ਹੀਰ-ਰਾਂਝਾ: ਚਿੱਤਰਕਾਰ ਸੋਭਾ ਸਿੰਘ

ਜਗਤਾਰਜੀਤ ਸਿੰਘ

ਕਲਾ ਜਗਤ

ਲੋਕ ਕਥਾਵਾਂ ਸੁੱਘੜ ਸਮਾਜ ਦਾ ਸ਼ਿੰਗਾਰ ਹੁੰਦੀਆਂ ਹਨ। ਸਮਾਜ ਵਿਚੋਂ ਜਨਮ ਲੈਣ ਤੋਂ ਇਲਾਵਾ ਇਹ ਸਮੇਂ ਅਨੁਰੂਪ ਨਿਰੰਤਰ ਬਦਲਦੀਆਂ ਰਹਿੰਦੀਆਂ ਹਨ। ਤਾਹੀਓਂ ਇਕੋ ਕਥਾ ਕਈ ਰੂਪਾਂ ਰਾਹੀਂ ਹੋਂਦ ਵਿਚ ਆ ਕੇ ਸਮਾਜ ਦੀ ਆਪਣੇ ਪ੍ਰਤੀ ਜਗਿਆਸਾ ਬਣਾਈ ਰੱਖਦੀ ਹੈ। ਹੀਰ-ਰਾਂਝਾ ਦੀ ਕਹਾਣੀ ਇਸ ਦੀ ਉਦਾਹਰਣ ਹੈ। ਪੂਰੀ ਕਹਾਣੀ ਨੂੰ ਪਦ ਅਤੇ ਗਦ ਰੂਪ ਰਾਹੀਂ ਅਨੇਕ ਕਵੀਆਂ-ਲੇਖਕਾਂ ਨੇ ਬਿਆਨਿਆ ਹੈ।

ਸ਼ਬਦਾਂ ਰਾਹੀਂ ਜੋ ਵੰਨਸੁਵੰਨਤਾ, ਹੀਰ-ਰਾਂਝੇ ਦੇ ਸਬੰਧ ਵਿਚ, ਸਾਡੇ ਤੱਕ ਪਹੁੰਚਦੀ ਹੈ, ਉਹ ਚਿੱਤਰ-ਚਿੱਤਰਣ ਰਾਹੀਂ ਸੰਭਵ ਨਹੀਂ ਹੋ ਸਕਿਆ। ਦੋ-ਚਾਰ ਰੰਗਰੇਜ਼ਾਂ ਨੇ ਹੀਰ-ਰਾਂਝਾ ਕਥਾ ਦੇ ਪ੍ਰਮੁੱਖ ਪਾਤਰਾਂ ਨੂੰ ਕੈਨਵਸ ਉਪਰ ਉਤਾਰਿਆ, ਪਰ ਉਹ ਕੰਮ ਜਨ ਸਾਧਾਰਨ ਤੱਕ ਨਹੀਂ ਅੱਪੜਿਆ। ਇਸ ਸਭ ਦੇ ਮੁਕਾਬਲੇ ਸੋਭਾ ਸਿੰਘ ਨੇ ‘ਹੀਰ-ਰਾਂਝਾ’ ਨੂੰ ਪੇਂਟ ਕੀਤਾ, ਜਿਸ ਦੇ ਫਰੇਮ ਵਿਚ ਹੀਰ, ਰਾਂਝਾ ਅਤੇ ਸਹਿਤੀ ਹੈ।

ਪੇਂਟਿੰਗ ਦਰਸ਼ਨੀ ਹੈ। ਇਹ ਕਦ ਹੋਂਦ ਵਿਚ ਆਈ, ਇਸ ਦੀ ਉਚਾਈ-ਲੰਬਾਈ ਬਾਰੇ ਜਾਣਕਾਰੀ ਨਹੀਂ ਮਿਲਦੀ। ਇਹ ਤੇਲ-ਰੰਗਾਂ ਨਾਲ ਰਚੀ ਹੋਈ ਹੈ। ਪ੍ਰਸਿੱਧੀ ਦੀ ਘਾਟ ਇਸ ਕਲਾਕ੍ਰਿਤ ਦੇ ਹਿੱਸੇ ਵੀ ਆਈ ਹੈ। ਚਿੱਤਰਕਾਰ ਦੀ ਮਨੌਤ ਨੇ ਉਸ ਨੂੰ ਕਿੱਸਾ ਕਾਵਿ ਦੇ ਪਾਤਰਾਂ ਵੱਲ ਖਿੱਚ ਲਿਆ ਸੀ। ਉਸ ਅਨੁਸਾਰ ਹੀਰ-ਰਾਂਝਾ ਸੱਸੀ-ਪੁਨੂੰ, ਮਿਰਜ਼ਾ-ਸਾਹਿਬਾਂ, ਸੋਹਣੀ-ਮਹੀਵਾਲ ਦਾ ਆਪਸੀ ਇਸ਼ਕ ਹੀ ‘ਇਸ਼ਕ ਦਾ ਉੱਤਮ ਦਰਜਾ’ ਹੈ, ਪਰ ਸਮੇਂ ਦੇ ਬੀਤਣ ਨਾਲ ਉਸ ਨੇ ਆਪਣਾ ਵਿਚਾਰ ਬਦਲਿਆ ਹੈ। ਇਹ ਨਿਵੇਕਲੀ ਗੱਲ ਨਹੀਂ। ਅਨੁਭਵ ਵਿਚਾਰਾਂ ਨੂੰ ਬਦਲ ਦੇਣ ਦੇ ਸਮਰੱਥ ਹੈ। 

ਸੋਭਾ ਸਿੰਘ ਨੇ ਉਸ ਵੇਲੇ ਦਾ ਦ੍ਰਿਸ਼ ਰਚਿਆ ਹੈ, ਜਦ ਰਾਂਝਾ ਯੋਗੀ ਬਣਨ ਉਪਰੰਤ, ਹੀਰ ਨੂੰ ਮਿਲਣ ਹਿਤ, ਖੇੜਿਆਂ ਦੇ ਘਰ ਪਹੁੰਚਦਾ ਹੈ। ਹੀਰ ਦੇ ਵਿਆਹ ਤੋਂ ਪਹਿਲਾਂ ਹੀਰ ਅਤੇ ਰਾਂਝਾ ਪ੍ਰੇਮੀ ਸਨ। ਉਹ ਹੁਣ ਵੀ ਹੋ ਸਕਦੇ ਹਨ, ਪਰ ਸਮਾਜ ਦਾ ਦਖ਼ਲ-ਪਹਿਰਾ ਪਹਿਲਾਂ ਨਾਲੋਂ ਜ਼ਿਆਦਾ ਹੈ। ਆਪਣਾ ਭੇਸ ਬਦਲ ਕੇ ਆਪਣੀ ਪ੍ਰੇਮਿਕਾ ਦੇ ਸਹੁਰੇ ਘਰ ਜਾਣਾ ਇਕ ਦਲੇਰਾਨਾ ਕਦਮ ਹੈ। ਇਹ ਜਾਨ ਤਲੀ ਉਪਰ ਰੱਖ ਕੇ ਜਾਣ ਬਰਾਬਰ ਹੈ। ਰਾਂਝੇ ਨੂੰ ਆਪਣੇ ਬਚਾਅ ਦੀ ਚਿੰਤਾ ਵੀ ਹੈ। ਤਾਹੀਓਂ ਉਹ ਦੁਪਹਿਰ ਵੇਲੇ ਹੀਰ ਨੂੰ ਮਿਲਣ ਲਈ ਜਾਂਦਾ ਹੈ। ਇਹ ਵਿਚਾਰ ਪੇਂਟਿੰਗ ਨੂੰ ਧਿਆਨ ਵਿਚ ਰੱਖ ਕੇ ਪ੍ਰਗਟ ਕੀਤਾ ਜਾ ਰਿਹਾ, ਨਾ ਕਿ ਕਿਸੇ ਲਿਖਤ ਨੂੰ।

ਕਿਰਤ ਦਾ ਪਰਿਪੇਖ ਘਰ ਅੰਦਰ ਦਾ ਹੈ। ਦੇਖਣ ਵਾਲੇ ਨੂੰ ਮਹਿਸੂਸ ਹੁੰਦਾ ਹੈ ਜਿਵੇਂ ਉਹ ਕਮਰੇ/ਦਲਾਨ ਵਿਚ ਖੜ੍ਹਾ ਹੋ ਅੰਦਰੋਂ ਬਾਹਰ ਵੰਨੀ ਦੇਖ ਰਿਹਾ ਹੈ। ਏਦਾਂ ਉਸ ਨੂੰ ਫਰਸ਼ ਉਪਰ ਬੈਠੀ ਹੀਰ, ਪੀੜ੍ਹੀ ਉੱਪਰ ਬੈਠੀ ਸਹਿਤੀ (ਹੀਰ ਦੀ ਨਣਦ) ਅਤੇ ਇਨ੍ਹਾਂ ਦੋਹਾਂ ਤੋਂ ਪਾਰ, ਬਾਹਰ ਵੱਲ ਰਾਂਝਾ ਖੜ੍ਹਾ ਦਿਸਦਾ ਹੈ। ਦੋਵੇਂ ਜਣੀਆਂ ਕਮਰੇ ਅੰਦਰ ਹਨ, ਜਦੋਂ ਕਿ ਰਾਂਝਾ ਬੂਹੇ ਦੀ ਸਰਦਲ ਤੋਂ ਥੋੜ੍ਹਾ ਹਟਵਾਂ ਖੜ੍ਹਾ ਹੈ। ਸੋਭਾ ਸਿੰਘ ਨੇ ਇਹੋ ਪਾਤਰ ਲੈ ਕੇ ਇਕ ਹੋਰ ਪੇਂਟਿੰਗ ਵੀ ਬਣਾਈ, ਜਿੱਥੇ ਮੂਲ ਢਾਂਚੇ ਨੂੰ ਛੇੜੇ ਬਿਨਾਂ ਦੋ-ਤਿੰਨ ਹਲਕੇ ਬਦਲਾਅ ਕੀਤੇ ਹਨ।

ਇਹ ਥਾਂ ਇਕੱਲਵੰਝੀ ਹੈ, ਪਰ ਹੈ ਘਰ ਦਾ ਹਿੱਸਾ। ਤਿੰਨੋਂ ਪਾਤਰ ਇਕ-ਦੂਜੇ ਦੇ ਕਰੀਬ ਹਨ, ਬਹੁਤੇ ਕਰੀਬ ਨਹੀਂ। ਉਹ ਏਨੇ ਕੁ ਨੇੜੇ ਹਨ ਕਿ ਕਿਸੇ ਇਕ ਵੱਲੋਂ ਕਹੀ ਗੱਲ ਹੋਰਾਂ ਤੱਕ ਅਸਾਨੀ ਨਾਲ ਪਹੁੰਚ ਜਾਂਦੀ ਹੈ। ਕਹੀ ਗੱਲ ਤਿੰਨਾਂ ਤੋਂ ਚੱਲ ਕੇ ਕਿਸੇ ਚੌਥੇ ਕੋਲ ਪੁੱਜ ਸਕਦੀ ਹੈ, ਇਸ ਦੀ ਸੰਭਾਵਨਾ ਨਹੀਂ। ਹਾਲਾਤ ਹੀ ਅਜਿਹੇ ਬਣੇ ਹੋਏ ਹਨ।

ਪੇਂਟਿੰਗ ਜਿਸ ਸਮੇਂ ਦੀ ਦੱਸ ਪਾਉਂਦੀ ਹੈ, ਮਹੱਤਵਪੂਰਨ ਹੈ। ਅਨੁਮਾਨ ਹੈ, ਇਹ ਦੁਪਹਿਰ ਬਾਅਦ ਦਾ ਵੇਲਾ ਹੈ, ਜਦੋਂ ਘਰਾਂ ਦੀਆਂ ਸੁਆਣੀਆਂ ਘਰ ਦੇ ਕੰਮਾਂ ਤੋਂ ਵਿਹਲੀਆਂ ਹੋ ਕੇ ਕਿਸੇ ਰਚਨਾਤਮਿਕ ਕੰਮ ਨੂੰ  ਛੋਹ ਲੈਂਦੀਆਂ ਸਨ। ਇੱਥੇ ਸਹਿਤੀ ਚਰਖਾ ਕੱਤ ਰਹੀ ਹੈ, ਜਦੋਂ ਕਿ ਹੀਰ ਸਾਲੂ ਕੱਢ ਰਹੀ ਹੈ। ਘਰ ਦੇ ਮਰਦ ਘਰੋਂ ਬਾਹਰ ਹਨ, ਜਦ ਰਾਂਝਾ ਦਾਖ਼ਲ ਹੁੰਦਾ ਹੈ। ਇਹ ਸਮਾਂ ਰਾਂਝੇ ਨੂੰ ਹੀ ਨਹੀਂ ਇਸਤਰੀ ਪਾਤਰਾਂ ਨੂੰ ਸਹਿਜ-ਸੁਖਾਲਾ ਹੋਣ ਵਿਚ ਮਦਦ ਕਰਦਾ ਹੈ। ਆ ਰਹੀ ਸੂਰਜੀ ਲੋਅ ਕਾਰਨ ਵਸਤਾਂ ਦੇ ਧਰਤ ਉੱਪਰ ਪੈਂਦੇ ਪਰਛਾਵੇਂ ਜ਼ਿਆਦਾ ਲੰਮੇਰੇ ਨਹੀਂ। ਤਿੱਖੀ ਤੇਜ਼ ਧੁੱਪ ਲਿਸ਼ਕੋਰ ਦਾ ਅਹਿਸਾਸ ਪੈਦਾ ਕਰਦੀ ਹੈ। ਏਦਾਂ ਦੁਪਹਿਰ ਅਤੇ ਦੁਪਹਿਰੀ ਧੁੱਪ ਦੂਹਰਾ ਕੰਮ ਕਰ ਰਹੀ ਹੈ। ਇਕ, ਮੇਲ ਨੂੰ ਇਕਾਂਤ ਮਿਲ ਰਹੀ ਹੈ। ਦੂਜਾ, ਹਰ ਸ਼ੈਅ ਚੰਗੀ ਤਰ੍ਹਾਂ ਨਿੱਖਰ ਕੇ ਆਪਣੇ ਵਜੂਦ ਨੂੰ ਪ੍ਰਗਟਾਉਂਦੀ ਲੱਗਦੀ ਹੈ। ਧੁੱਪ ਦਾ ਪਰਤੌਅ ਪ੍ਰਬਲ ਹੋਣ ਸਦਕਾ ਕਮਰੇ ਦਾ ਅੰਦਰੂਨੀ ਹਿੱਸਾ ਵੀ ਰੁਸ਼ਨਾਇਆ ਹੋਇਆ ਹੈ।

ਦ੍ਰਿਸ਼ ਅਨੁਸਾਰ ਰਾਂਝਾ ਕਮਰੇ ਬਾਹਰ ਧੁੱਪੇ ਖੜ੍ਹਾ ਹੈ, ਜਦੋਂ ਕਿ ਦੋਵੇਂ ਤ੍ਰੀਮਤਾਂ ਕਮਰੇ ਅੰਦਰ ਸੁਰੱਖਿਅਤ ਬੈਠੀਆਂ ਹਨ। ਇਹ ਗੱਲ ਸਰੀਰ ਪੱਧਰ ਉੱਪਰ ਸਹੀ ਕਹੀ ਜਾ ਸਕਦੀ ਹੈ। ਮਨ ਪੱਧਰ ਉੱਪਰ ਨਹੀਂ, ਕਿਉਂਕਿ ਤਿੰਨੋਂ ਜੀਅ ਧੂਰ ਅੰਦਰੋਂ ਅਤ੍ਰਿਪਤ ਅਸ਼ਾਂਤ ਹਨ। ਅਸ਼ਾਂਤ ਸੰਸਾਰ ਨੂੰ ਵਰਨ ਕਰਨ ਵਾਲਾ (ਸਹਿਤੀ ਅਤੇ ਹੀਰ) ਵੀ ਹੈ ਅਤੇ ਉਸ ਦਾ ਤਿਆਗ ਕਰਨ ਵਾਲਾ (ਰਾਂਝਾ) ਵੀ। ਹਰ ਧਿਰ ਨੂੰ ਪੂਰਨਤਾ ਦੀ ਤਲਾਸ਼ ਹੈ।

ਵਿਆਹ ਉਪਰੰਤ ਜਿੱਥੇ ਜਾ ਹੀਰ ਰਹਿੰਦੀ ਹੈ, ਉਹ ਘਰ ਠਾਠ-ਬਾਠ ਵਾਲਾ ਹੈ। ਪੇਂਟਿੰਗ ਫਰੇਮ ਅੰਦਰ ਇਮਾਰਤ ਦਾ ਜਿੰਨਾ ਕੁ ਅੰਗ-ਅੰਸ਼ ਆਇਆ ਹੈ, ਸੁਚੱਜਾ ਅਤੇ ਪ੍ਰਭਾਵਸ਼ਾਲੀ ਹੈ। ਕਮਰੇ ਦਾ ਅੰਦਰਲਾ ਰੂਪ ਅਤੇ ਇਸ ਦੇ ਦਰ ਰਾਹੀਂ ਇਸ ਦਾ ਬਾਹਰੀ ਰੂਪ ਉਪਰੋਕਤ ਕਥਨ ਦੀ ਪੁਸ਼ਟੀ ਕਰਦਾ ਹੈ। ਦਰਵਾਜ਼ੇ ਕੋਲ ਬੈਠੀਆਂ ਤ੍ਰੀਮਤਾਂ ਆਪੋ ਆਪਣੇ ਕੰਮ ਰੁੱਝੀਆਂ ਹੋਈਆਂ ਸਨ ਕਿ ਤਦੇ ਇਕ ਯੋਗੀ ਖੁੱਲ੍ਹੇ ਦਰ ਅੱਗੇ ਆ ਖੜ੍ਹਦਾ ਹੈ। ਉਸ ਵੇਲੇ ਘਰੋ-ਘਰੀ ਜਾ ਕੇ ਮੰਗਣ ਦੀ ਰੀਤ ਯੋਗੀ ਸੰਪ੍ਰਦਾਇ ਵਿਚ ਪ੍ਰਚੱਲਿਤ ਰਹੀ ਹੋਵੇਗੀ। ਤਾਹੀਓਂ ਯੋਗੀ ਦੇ ਆਗਮਨ ਨੇ ਦੋਵਾਂ ਨੂੰ ਹੈਰਾਨ ਨਹੀਂ ਕੀਤਾ ਹੋਵੇਗਾ। ਸ਼ੁਰੂਆਤ ਦੀਆਂ ਰਸਮੀ ਗੱਲਾਂ ਉਪਰੰਤ ਅਸਲੀ ਛੁਪੇ ਰਾਜ਼ ਦੀਆਂ ਤੰਦਾਂ ਨੂੰ ਛੋਹਿਆ ਹੋਵੇਗਾ। ਰਿਸ਼ਤੇ ਜ਼ਾਹਿਰ ਹੋ ਜਾਣ ਉਪਰੰਤ ਆਪਸੀ ਗੱਲਬਾਤ ਵੀ ਸਹਿਜ ਹੋ ਗਈ ਹੋਵੇਗੀ। ਸਾਰੇ ਆਕਾਰ ਉਸੇ ਸਥਿਤੀ ਦੇ ਲਖਾਇਕ ਹਨ। ਪਾਤਰਾਂ ਨੇ ਜੋ ਕਿਹਾ-ਸੁਣਿਆ ਉਹ ਕਥਾਵਾਂ-ਕਿੱਸਿਆਂ ਵਿਚ ਦਰਜ ਹੈ। ਚਿੱਤਰ ਤਾਂ ਸੈਨਤਾਂ ਅਤੇ ਰੰਗਾਂ ਰਾਹੀਂ ਆਪਣੀ ਗੱਲ ਕਰਦੇ ਹਨ। ਇਸ ਕਹੇ ਅਨੁਸਾਰ ਤਿੰਨੋਂ ਪਾਤਰਾਂ ਦਾ ਆਪੋ-ਆਪਣਾ ਵਿਹਾਰ ਹੈ, ਪਿਛੋਕੜ ਸਮੇਤ।

ਹੀਰ ਅਤੇ ਰਾਂਝਾ ਇਸ਼ਕ ਰਿਸ਼ਤੇ ਵਿਚ ਬੱਝੇ ਹੋਏ ਸਨ। ਹੀਰ ਦਾ ਪਰਿਵਾਰ ਉਸ ਦਾ ਵਿਆਹ ਹੋਰ ਥਾਂ ਕਰ ਦੇਂਦਾ ਹੈ। ਹੀਰ ਨੂੰ ਸਮਾਜਿਕ ਤਲ ਉੱਪਰ ਪਤੀ, ਘਰ ਅਤੇ ਸਹੁਰਾ ਪਰਿਵਾਰ ਮਿਲ ਗਿਆ। ਇਹ ਵੱਖਰਾ ਵਿਸ਼ਾ ਹੈ ਕਿ ਹੀਰ ਸਭ ਕਾਸੇ ਨੂੰ ਕਿਵੇਂ ਲੈਂਦੀ ਹੈ। ਹੀਰ ਦੀ ਇਹ ਯਾਤਰਾ ਪਰਿਵਾਰ ਤੋਂ ਪਰਿਵਾਰ ਤੱਕ ਦੀ ਹੈ। ਪੇਂਟਿੰਗ ਵੀ ਇਹੋ ਕਹਿ ਰਹੀ ਹੈ। 

ਰਾਂਝਾ ਆਪਣੇ ਨਾਲ ਹੋਏ ਛਲ ਨੂੰ ਨਾ ਸਹਾਰਦਾ ਹੋਇਆ, ਬਿਲਕੁਲ ਵਿਪਰੀਤ ਰਾਹ ਚੁਣਦਾ ਹੈ। ਸੰਸਾਰ ਵਿਚ ਪੂਰੀ ਤਰ੍ਹਾਂ ਗੜੁੱਚ ਰਾਂਝਾ ਸੰਸਾਰ ਤਿਆਗਣ ਦਾ ਨਿਰਣਾ ਲੈ ਯੋਗ ਮਤ ਧਾਰਨ ਕਰ ਯੋਗੀ ਬਣ ਜਾਂਦਾ ਹੈ। ਇਸ ਦੇ ਬਾਵਜੂਦ ਹੀਰ ਪ੍ਰਤੀ ਉਸ ਦਾ ਲਗਾਅ ਬਣਿਆ ਰਹਿੰਦਾ ਹੈ। ਉਹੀ ਲਗਾਅ ਉਸ ਨੂੰ ਏਥੋਂ ਤੱਕ ਖਿੱਚ ਲਿਆਉਂਦਾ ਹੈ। ਜਦ ਰਾਂਝਾ ਨਹੀਂ ਸੀ ਤਾਂ ਪੀੜ੍ਹੀ ਉੱਪਰ ਬੈਠੀ ਸਹਿਤੀ ਚਰਖਾ ਕੱਤਣ ਵਿਚ ਮਸ਼ਗੂਲ ਸੀ ਅਤੇ ਭੂੰਜੇ ਬੈਠੀ ਹੀਰ ਸਾਲੂ ਕੱਢ ਰਹੀ ਸੀ। ਰਾਂਝੇ ਦੇ ਆਗਮਨ ਨਾਲ ਦੋਵੇਂ ਜਣੀਆਂ ਆਪੋ-ਆਪਣਾ ਕੰਮ ਵਿਚਾਲੇ ਛੱਡ ਕੇ ਆਏ ਸ਼ਖ਼ਸ ਨਾਲ ਗੱਲੀਂ ਪੈ ਜਾਂਦੀਆਂ ਹਨ।

ਰਾਂਝਾ ਦਰ ਦੇ ਵਿਚ-ਵਿਚਾਲੇ ਨਹੀਂ, ਬਲਕਿ ਸੱਜੇ ਵੱਲ ਨੂੰ ਖੜ੍ਹਾ ਹੈ। ਇਹ ਚੋਣ ਦੋ ਕੰਮ ਕਰ ਰਹੀ ਹੈ। ਇਕ, ਉਸ ਦੀ ਪਿੱਠ ਪਿਛਲਾ ਦ੍ਰਿਸ਼ ਬਿਨ ਰੋਕ ਸਾਨੂੰ ਇਕਸਾਰ ਦਿਸ ਰਿਹਾ ਹੈ। ਦੂਜਾ, ਏਥੇ ਖੜ੍ਹਾ ਰਾਂਝਾ ਹੀਰ ਵੱਲ ਅਤੇ ਉਸ ਦੇ ਕਰੀਬ ਪ੍ਰਤੀਤ ਹੁੰਦਾ ਹੈ। ਰਾਂਝੇ ਦਾ ਸਰੀਰ ਪੈਰਾਂ ਤੋਂ ਲੈ ਸਿਰ ਤੱਕ ਨਜ਼ਰੀਂ ਪੈ ਰਿਹਾ ਹੈ। ਇਹ ਚਿੱਤਰਕਾਰ ਦੀ ਮਨਸ਼ਾ ਹੈ ਕਿ ਰਾਂਝੇ, ਜਿਸ ਨੇ ਹੁਣ ਯੋਗ ਧਾਰਨ ਕਰ ਲਿਆ ਹੈ, ਦਾ ਪੂਰਾ ਸਰੀਰ ਦਿਸੇ। ਉਸ ਨੇ ਯੋਗ ਦੀਆਂ ਲੋੜੀਂਦੀਆਂ ਵਸਤਾਂ ਵਰ ਲਈਆਂ ਹਨ। ਉਹਦੀ ਦੇਹ ਇਕ ਰੰਗੀ ਹੈ, ਭਾਵ ਉਹਦੇ ਉੱਪਰ ਸਵਾਹ ਮਲੀ ਹੋਈ ਹੈ। ਸਿਰ ਮੁੰਨਿਆ ਹੋਇਆ ਹੈ। ਜਤ-ਸਤ ਦੀ ਰੱਖਿਆ ਲਈ ਲੰਗੋਟ ਕਸ ਲਿਆ ਹੈ। ਕੰਨ ਪੜਵਾ ਕੇ ਉਨ੍ਹਾਂ ਵਿਚ ਮੁੰਦਰਾਂ ਅਤੇ ਗਲੇ ਵਿਚ ਰੁਦਰਾਖ ਦੀਆਂ ਮਾਲਾਵਾਂ ਹਨ। ਯੋਗੀ ਆਪਣੇ ਹੱਥੀਂ ਕੋਈ ਕੰਮ-ਕਾਰ ਨਹੀਂ ਕਰਦੇ। ਆਪਣੀ ਭੁੱਖ ਦੂਰ ਕਰਨ ਲਈ ਹੱਥ ਵਿਚ ਕਚਕੌਲ ਰੱਖਦੇ ਹਨ। ਚਿੱਤਰ ਵਿਚ ਵੀ ਰਾਂਝੇ ਹੱਥ ਭੀਖਿਆ ਪਾਤਰ ਹੈ। ਪੈਰੋਂ ਨੰਗਾ ਹੈ। ਏਨਾ ਕੁ ਹੀ ਸਾਮਾਨ ਅਤੇ ਸਾਜ-ਸੱਜਾ ਦਿਸ ਪੈਂਦੀ ਹੈ। ਵਿਅਕਤੀ ਦਿਸਣ ਨੂੰ ਸਾਧਾਰਨ ਲੱਗ ਸਕਦਾ ਹੈ, ਪਰ ਇਹਦਾ ਵਿਹਾਰਕ ਜੀਵਨ ਕਠਿਨ ਹੈ।

ਹੀਰ ਉਸ ਦੀ ਪ੍ਰੇਮਿਕਾ ਰਹੀ, ਹੁਣ ਵੀ ਹੈ, ਤਾਂ ਵੀ ਚਿੱਤਰ ਅਨੁਸਾਰ ਉਹ ਜ਼ਾਬਤੇ ਵਿਚ ਹੈ। ਉਹ ਆਪਣੇ ਪ੍ਰੇਮੀ ਨੂੰ ਪਾਰਦਰਸ਼ੀ ਘੁੰਡ ਥਾਣੀਂ ਦੇਖ ਰਹੀ ਹੈ। ਨਿਝੱਕਪੁਣੇ ਤੋਂ ਗੁਰੇਜ਼ ਕੀਤਾ ਹੈ। ਹੀਰ ਦੀ ਨਣਦ ਸਹਿਤੀ ਦੋ ਪਾਤਰਾਂ ਵਿਚਾਲੇ ਪੁਲ ਦਾ ਕੰਮ ਕਰ ਰਹੀ ਹੈ, ਬਿਨਾਂ ਕਿਸੇ ਝਿਜਕ ਦੇ। ਉਹ ਹੀਰ ਨੂੰ ਨਹੀਂ, ਰਾਂਝੇ ਨੂੰ ਨਿਹਾਰ ਰਹੀ ਹੈ। ਗੱਲਬਾਤ ਵੀ ਉਸੇ ਨਾਲ ਹੋ ਰਹੀ ਹੈ। ਹੀਰ ਗੱਲਬਾਤ ਦੀ ਧਿਰ ਨਹੀਂ, ਪਰ ਤਿਰਛੀ ਨਜ਼ਰ ਰਾਂਝੇ ਉਪਰ ਟਿਕੀ ਹੈ। ਰਾਂਝੇ ਦੀ ਝੁਕੀ ਨਿਗਾਹ ਹੀਰ ਵੱਲ ਹੈ।

ਪੇਂਟਰ ਚੁਣੇ ਫਰੇਮ ਅੰਦਰ ਇਕ ਵਾਤਾਵਰਨ ਰਚ ਰਿਹਾ। ਜ਼ਮੀਨ ਉੱਪਰ ਬੈਠੀ ਹੀਰ ਸਾਲੂ ਕੱਢ ਰਹੀ ਸੀ, ਪਰ ਹੁਣ ਖੱਬਾ ਹੱਥ ਧੜਕਦੀ ਛਾਤੀ ’ਤੇ ਰੱਖ, ਘੁੰਡ ਥਾਣੀਂ ਆਪਣੇ ਪ੍ਰੇਮੀ ਵੱਲ ਆਪਣੀ ਨਿਗਾਹ ਟਿਕਾਅ ਲਈ। ਏਦਾਂ ਹੀ ਕੱਤਣਾ ਵਿਚਾਲੇ ਛੱਡ ਕੇ ਸਹਿਤੀ ਆਏ ਯੋਗੀ ਵੱਲ ਘੁੰਮ ਗਈ। ਯੋਗੀ ਦੀ ਆਮਦ ਚੱਲਦੇ ਕੰਮਾਂ ਨੂੰ ਰੋਕਦੀ ਹੈ। ਇਹਦੇ ਚਲੇ ਜਾਣ ਬਾਅਦ ਕਾਰਜ ਪਹਿਲਾਂ ਵਾਂਗ ਹੋਣ ਲੱਗਣਗੇ, ਉਮੀਦ ਹੈ। ਦਿਸ ਰਹੀ ਰੋਕ ਸਥਾਈ ਨਹੀਂ ਲੱਗਦੀ।

ਉਸ ਸਮੇਂ ਦੀਆਂ ਪ੍ਰਚੱਲਿਤ ਵਸਤਾਂ, ਵਰਤੋਂ-ਵਿਹਾਰ, ਪੁਸ਼ਾਕ ਨੂੰ ਪੇਂਟਰ ਨੇ ਧਿਆਨ ਵਿਚ ਰੱਖਿਆ ਹੈ। ਕਤਾਈ, ਕਢਾਈ, ਬੁਣਾਈ ਵਿਚ ਹਰ ਘਰ ਦੇ ਅਨਿੱਖੜਵੇਂ ਅੰਗ ਸਨ। ਘਰ ਅਮੀਰ ਜਾਂ ਗ਼ਰੀਬ ਹੋਵੇ, ਉਹ ਕਿਸੇ ਨਾ ਕਿਸੇ ਪੱਧਰ ਉੱਪਰ ਰਚਨਾਤਮਿਕ ਇਕਾਈਆਂ, ਜੋ ਉਪਯੋਗੀ ਵੀ ਸਨ, ਨੂੰ ਅਪਣਾਈ ਰੱਖਦਾ। ਕੱਤਿਆ ਜਾ ਰਿਹਾ ਸੂਤ ਅੱਗੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਬਣਾਈ ਜਾਣ ਵਾਲੀ ਵਸਤੂ ਦਾ ਆਧਾਰ ਬਣੇਗਾ। ਕੱਢਿਆ ਜਾ ਰਿਹਾ ਸਾਲੂ ਲੈਣ-ਦੇਣ, ਸਮਾਜਿਕ ਰਹੁ-ਰੀਤਾਂ ਨਿਭਾਉਣ ਸਮੇਂ ਵਿਹਾਰ ਦਾ ਅੰਗ ਹੁੰਦਾ ਸੀ।

ਚਰਖੇ ਤੋਂ ਇਲਾਵਾ ਸੂਤਲੀ ਦੀ ਬੁਣੀ ਰੰਗਲੀ ਪੀੜ੍ਹੀ ਹੈ। ਹੀਰ ਦੇ ਕਰੀਬ ਪਏ ਛਿੱਕੂ ਵਿਚ ਵੰਨਸੁਵੰਨੇ ਰੰਗਾਂ ਦੇ ਰੇਸ਼ਮੀ ਧਾਗੇ ਹਨ। ਇਹੋ ਧਾਗੇ ਸਾਲੂ ਦੀ ਕਢਾਈ ਲਈ ਵਰਤੇ ਜਾਣੇ ਹਨ। ਲਿਬਾਸ ਬਾਬਤ ਵੀ ਕੁਝ ਕਹਿ ਸਕਦੇ ਹਾਂ। ਸਹਿਤੀ ਨੇ ਗਲਮੇ ਵਾਲੀ ਕੁੜਤੀ ਅਤੇ ਘੱਗਰਾ ਪਾਇਆ ਹੋਇਆ ਹੈ। ਇਹੋ ਲਿਬਾਸ ਹੀਰ ਹਿੱਸੇ ਆਇਆ ਹੈ। ਦੋਵਾਂ ਸਿਰ ਚੁੰਨੀ ਹੈ। ਇਸੇ ਨੂੰ ਖਿੱਚ ਹੀਰ ਇਸ ਤੋਂ ਪਰਦੇ ਦਾ ਕੰਮ ਲੈਂਦੀ ਹੈ।

ਦੋਹਾਂ ਇਸਤਰੀ ਪਾਤਰਾਂ ਦੇ ਕੰਨ, ਗਲ, ਹੱਥ, ਪੈਰ ਲੋੜੀਂਦੇ ਗਹਿਣਿਆਂ ਨਾਲ ਸ਼ਿੰਗਾਰੇ ਹੋਏ ਹਨ। ਇਹ ਗਹਿਣਿਆਂ ਪ੍ਰਤੀ ਇਸਤਰੀ ਪਿਆਰ ਤੋਂ ਇਲਾਵਾ ਪਰਿਵਾਰ ਦੀ ਸਮਾਜ ਵਿਚ ਸਥਿਤੀ ਨੂੰ ਦੱਸਦਾ ਹੈ। ਇਨ੍ਹਾਂ ਦੇ ਮੁਕਾਬਲੇ ਮਰਦ ਪਾਤਰ ਨੇ ਵੀ ਸ਼ਿੰਗਾਰ ਕੀਤਾ ਹੈ, ਧਾਰਨ ਕੀਤੇ ਯੋਗ ਪੰਥ ਦੀ ਰੀਤ ਅਨੁਸਾਰ। ਸਹਿਤੀ ਹੱਥਾਂ ਦੀਆਂ ਸੈਨਤਾਂ ਦੀ ਮਦਦ ਨਾਲ ਆਪਣੀ ਗੱਲ ਕਹਿੰਦੀ ਹੈ। ਹੀਰ ਲਈ ਰਾਂਝੇ ਦਾ ਇਸ ਥਾਂ ਪਹੁੰਚਣਾ ਹੈਰਾਨਕੁਨ ਹੈ। ਰਾਂਝਾ ਲਗਪਗ ਸਥਿਰ ਹੈ। ਕਚਕੌਲ ਵਾਲਾ ਸੱਜਾ ਹੱਥ ਥੋੜ੍ਹਾ ਅਗਾਂਹ ਵੱਲ ਹੈ। ਰਾਂਝੇ ਵੱਲੋਂ ਕੀਤੀ ਕੋਈ ਵੀ ਹਰਕਤ ਸਥਿਤੀ ਨੂੰ ਪੇਤਲਾ ਕਰ ਸਕਦੀ ਸੀ। ਉਸ ਨੂੰ ਨਾਟਕੀ ਬਣਾ ਸਕਦੀ ਸੀ। ਬਾਹਰੀ ਸਥਿਰਤਾ ਅੰਦਰ ਤੱਕ ਨਹੀਂ ਲੱਥਦੀ। ਅੰਦਰਲੀ ਅਸਥਿਰਤਾ ਹੀ ਰਾਂਝੇ ਨੂੰ ਇੱਥੋਂ ਤੱਕ ਖਿੱਚ ਲਿਆਈ ਹੈ।

ਰਾਂਝੇ ਨੇ ਪਿਆਰ ਵਿਚ ਸਫਲ ਨਾ ਹੋਣ ਕਰਕੇ ਯੋਗ ਲੈ ਲਿਆ। ਹੀਰ ਵਿਆਹੀ ਹੋਈ ਹੈ ਅਤੇ ਸਹਿਤੀ ਦਾ ਵਿਆਹ ਹੋਣ ਵਾਲਾ ਹੈ। ਲੱਗਦਾ ਹੈ ਤਿੰਨੇ ਪਾਤਰ ਆਪੋ-ਆਪਣੇ ਉਦੇਸ਼ ਤੋਂ ਉਰ੍ਹਾਂ-ਉਰ੍ਹਾਂ ਜੀਅ ਰਹੇ ਹਨ। ਪ੍ਰਤੀਤ ਹੁੰਦਾ ਹੈ, ਚਿਤੇਰੇ ਨੇ ਆਪਣੀ ਕਿਰਤ ਵਿਚ ਅਪੂਰਨ ਪਾਤਰਾਂ ਨੂੰ ਇਕ ਥਾਂ ਇਕੱਠਾ ਕਰ ਦਿੱਤਾ ਹੈ। ਇਸ ਦੇ ਬਾਵਜੂਦ ਸਮਾਜ ਦਾ ਅੰਗ ਬਣੀ ਸਹਿਤੀ ਦੀ ਬਾਕੀ ਦੋਵਾਂ ਪ੍ਰਤੀ ਪਹੁੰਚ/ ਦ੍ਰਿਸ਼ਟੀ ਸਖਾ ਵਾਲੀ ਹੈ। ਦ੍ਰਿਸ਼ ਵਿਚਲੇ ਪਾਤਰ ਕਿਸੇ ਪ੍ਰਤੀ ਸੰਦੇਹ ਨਹੀਂ ਜਗਾਉਂਦੇ। ਨਾ ਹੀ ਕਿਸੇ ਵੱਲੋਂ ਕੋਈ ਸੰਦੇਹਮਈ ਹਰਕਤ ਦਰਜ ਕਰਵਾਈ ਗਈ ਹੈ। ਸਾਰਾ ਮਾਹੌਲ ਆਮ ਰਿਹਾ ਅਤੇ ਸਹਿਜ ਹੈ। ਹੀਰ ਦੀ ਨਣਦ ਸਹਿਤੀ ਦੋਵਾਂ ਵਿਚਾਲੇ ਜੋੜ ਦਾ ਕੰਮ ਕਰ ਰਹੀ ਹੈ।

ਇਹ ਕੰਮ ਵੱਖਰੀ ਤਰ੍ਹਾਂ ਦੀ ਸੰਗਤ ਉਭਾਰਦਾ ਹੈ। ਦੋ ਸੋਹਣੀਆਂ-ਸੁਨੱਖੀਆਂ, ਸਜੀਆਂ-ਧਜੀਆਂ ਇਸਤਰੀਆਂ ਦੇ ਵਿਚਾਲੇ ਕਸੇ ਹੋਏ ਲੰਗੋਟ ਵਾਲਾ ਆਦਮੀ ਖੜ੍ਹਾ ਹੈ। ਕੋਮਲ, ਲਚਕਦਾਰ ਸਰੀਰਾਂ ਦਰਮਿਆਨ ਰਾਂਝੇ ਦਾ ਗਠਿਆ ਸਰੀਰ ਦਿਖਾਈ ਦੇਂਦਾ ਹੈ। ਜੇ ਇਸਤਰੀ ਪਾਤਰ ਆਪੋ-ਆਪਣੇ ਹਾਵ-ਭਾਵ ਰਾਹੀਂ ਮਨ ਦੇ ਵਲਵਲੇ ਪ੍ਰਗਟ ਕਰ ਰਹੀਆਂ ਹਨ ਤਾਂ ਇਸ ਦੇ ਜਵਾਬ ਵਿਚ ਰਾਂਝਾ ਪੂਰੀ ਤਰ੍ਹਾਂ ਸਥਿਰ ਹੈ।

ਪੇਂਟਿੰਗ ਪਾਤਰਾਂ ਦੇ ਜੀਵਨ ਵਿਚ ਹੋਣ ਵਾਲੇ 

ਸੰਘਰਸ਼ਾਂ ਵਿਚੋਂ ਇਕ ਨੂੰ ਸਾਹਮਣੇ ਲਿਆਂਉਦੀ ਹੈ। ਕਲਾਕਾਰ ਦਾ ਮਤ ਹੈ, ਸੰਘਰਸ਼ ਦੀ ਪ੍ਰਾਪਤੀ ਵਾਸਤੇ ਸੰਘਰਸ਼ ਲਾਜ਼ਮੀ ਹੈ। ਚਿੱਤਰਕਾਰ ਸੋਭਾ ਸਿੰਘ ਨੇ ਖ਼ੁਦ ਆਪਣੇ ਵਾਸਤੇ ਜੋ ਸਥਾਨ ਬਣਾਇਆ, ਉਹਦੇ ਪਿੱਛੇ ਸੰਘਰਸ਼-ਕਥਾ ਹੈ। ਇਹ ਵੀ ਚਿੱਤ ਵਿਚ ਟਿਕਾਅ ਲੈਣਾ ਚਾਹੀਦਾ ਹੈ ਕਿ ਸੰਘਰਸ਼ ਇਕ ਪਰਤੀ ਨਹੀਂ ਹੁੰਦਾ, ਨਾ ਹੀ ਇਹ ਸਦਾ ਦੂਜੇ ਨੂੰ ਸਾਹਮਣੇ ਰੱਖ ਕੇ ਹੁੰਦਾ ਹੈ। ਇਹ ਖ਼ੁਦ ਨਾਲ ਵੀ ਹੋ ਸਕਦਾ ਹੈ। ਚਿੱਤਰ ਲਾਈ 

ਗਈ ਪਹਿਲੀ ਬੁਰਸ਼-ਛੋਹ ਤੋਂ ਲੈ ਕੇ ਉਸ ਦੀ ਅੰਤਿਮ ਛੋਹ ਤੱਕ ‘ਸੰਘਰਸ਼-ਕਥਾ’ ਹੀ ਹੈ।

ਸੰਪਰਕ: 98990-91186

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All