ਦਿਲਦਾਰ ਲੇਖਿਕਾ ਤਾਰਨ ਵੀ ਚਲੀ ਗਈ!

ਦਿਲਦਾਰ ਲੇਖਿਕਾ ਤਾਰਨ ਵੀ ਚਲੀ ਗਈ!

ਗੁਰਬਚਨ ਸਿੰਘ ਭੁੱਲਰ

ਬੁੱਧਵਾਰ ਨੂੰ ਖ਼ਿਆਲ ਆਇਆ, ਤਾਰਨ ਨਾਲ ਗੱਲਾਂ ਕੀਤਿਆਂ ਬੜਾ ਚਿਰ ਹੋ ਗਿਆ। ਸੋਚਿਆ, ਭਲਕੇ ਵੀਰਵਾਰ ਨੂੰ ਠੀਕ ਵੇਲੇ ਫੋਨ ਕਰਾਂਗਾ। ਮੈਨੂੰ ਅਜਿਹੇ ਫੋਨਾਂ ਲਈ ਗਿਆਰਾਂ ਕੁ ਵਜੇ ਦਾ ਵੇਲਾ ਵਧੀਆ ਲਗਦਾ ਹੈ। ਵੀਰਵਾਰ ਸਵੇਰੇ ਹੀ ‘ਪੰਜਾਬੀ ਟ੍ਰਿਬਿਊਨ’ ਨੇ ਸੁਣਾਉਣੀ ਆ ਦਿੱਤੀ। ਮੈਨੂੰ ਉਹਦੇ ਹਸਪਤਾਲ ਗਈ ਦਾ ਵੀ ਕਿਤੋਂ ਪਤਾ ਨਹੀਂ ਸੀ ਲਗਿਆ। ਕਿੰਨਾ ਚਿਰ ਮੈਂ ਸੋਚਦਾ ਰਿਹਾ, ਉਹਦੇ ਸੋਗ ਵਿਚ ਕੁਝ ਲਿਖਾਂ। ਲਿਖਣ ਦੀ ਹਿੰਮਤ ਨਹੀਂ ਸੀ ਹੋ ਰਹੀ। ਕਲਮ ਨਿਢਾਲ ਪਈ ਸੀ। ਅਜਿਹੇ ਮੌਕੇ ਕੁਝ ਲਿਖਣਾ ਜਾਣ ਵਾਲੇ ਦੀ ਅਰਥੀ ਚੁੱਕਣ ਵਾਂਗ ਹੁੰਦਾ ਹੈ ਤੇ ਅਰਥੀ ਦਾ ਭਾਰ ਉਹਦੇ ਕਿਲੋਆਂ ਵਾਲੇ ਭਾਰ ਤੋਂ ਬਹੁਤ ਬੋਝਲ ਤੇ ਅਸਹਿ ਹੁੰਦਾ ਹੈ। ਕਲਮ ਚੁੱਕਿਆਂ ਦਹਾਕਿਆਂ ਦੀਆਂ ਯਾਦਾਂ ਛੁਰੀਆਂ ਬਣ-ਬਣ ਦਿਲ ਨੂੰ ਪੱਛਣ ਲਗਦੀਆਂ ਹਨ।

ਤਾਰਨ ਨੂੰ ਜਾਣਿਆ ਮਗਰੋਂ, ਦੇਖਿਆ ਬਹੁਤ ਪਹਿਲਾਂ। ਉਹਦਾ ਪਰਿਵਾਰ ਓਦੋਂ ਕਾਨਪੁਰ ਰਹਿੰਦਾ ਸੀ। ਉਹ ਅਜੇ ਵੱਡੀਆਂ ਤੇ ਗੰਭੀਰ ਸਾਹਿਤਕ ਕਾਨਫ਼ਰੰਸਾਂ ਦਾ ਜ਼ਮਾਨਾ ਸੀ। ਪੰਜਾਬੀ ਦੀ ਕੋਈ ਕਾਨਫ਼ਰੰਸ ਹੁੰਦੀ, ਉਹ ਏਨੀ ਦੂਰੋਂ ਚੱਲ ਕੇ ਆਉਂਦੀ। ਆਪਣੇ ਸ਼ਖ਼ਸੀਅਤੀ ਤੇ ਸਾਹਿਤਕ ਜਲ-ਜਲੌਅ ਨਾਲ। ਸਿੱਧਾ ਵਾਹ ਉਹਦੇ ਨਾਲ ਓਦੋਂ ਪਿਆ ਜਦੋਂ ਮੇਰਾ ਨਾਤਾ ਚੰਡੀਗੜ੍ਹ ਨਾਲ ਜੁੜਿਆ। ਮੁਹਾਲੀ ਵਿਚ ਉਨ੍ਹਾਂ ਨੇ ਕੋਠੀ ਬਣਾ ਲਈ ਸੀ। ਉਨ੍ਹਾਂ ਦੇ ਦੋਵੇਂ ਪੁੱਤਰ ਪਰਵਾਸੀ ਸਨ। ਉਹ ਸੀ, ਗੁਜਰਾਲ ਸਾਹਿਬ ਸਨ ਤੇ ਉਨ੍ਹਾਂ ਦੀ ਸਰੀਰਕ ਉਲਝਣਾਂ ਤੇ ਮਾਨਸਿਕ ਊਣ ਵਾਲੀ ਬੇਟੀ ਸੀ। ਬੇਟੀ ਲਈ ਉਹਦਾ ਪਿਆਰ ਤੇ ਉਸ ਵੱਲ ਦਿੱਤਾ ਜਾਂਦਾ ਧਿਆਨ ਬੇਮਿਸਾਲ ਸੀ। ਤਾਰਨ ਨੇ ਉਹਨੂੰ ਆਪਣਾ ਆਪ ਸੰਭਾਲਣਾ ਹੀ ਨਹੀਂ ਸੀ ਸਿਖਾਇਆ, ਉਹਨੂੰ ਆਤਮ-ਵਿਸ਼ਵਾਸੀ ਵੀ ਬਣਾਇਆ ਹੋਇਆ ਸੀ ਤੇ ਸਜ-ਧਜ ਕੇ ਰਹਿਣਾ ਵੀ ਸਿਖਾਇਆ ਹੋਇਆ ਸੀ। ਉਹਨੂੰ ਬਿਊਟੀਸ਼ਨ ਦੀ ਸਿਖਲਾਈ ਦੁਆਈ, ਨੇੜੇ ਦੇ ਕਿਸੇ ਪਾਰਲਰ ਵਿਚ ਉਹਦਾ ਰੁਝੇਵਾਂ ਕਰਵਾਇਆ ਤੇ ਉਹਨੂੰ ਪਾਰਲਰ ਦੇ ਰਾਹ ਦੀ ਭੀੜ ਤੋਂ ਸੁਰਖਿਅਤ ਆਉਣ-ਜਾਣ ਦੇ ਸਮਰੱਥ ਬਣਾਇਆ। ਉਹ ਆਖਦੀ, ਲੋਕ-ਕਹਾਣੀਆਂ ਦੇ ਤੋਤੇ ਵਾਂਗ ਮੇਰੀ ਜਿੰਦ ਮੇਰੀ ਇਸ ਪਿਆਰੀ ਬੱਚੀ ਵਿਚ ਹੈ। ਇਕ ਦਿਨ ਸਾਡੇ ਬੈਠਿਆਂ ਬੇਟੀ ਜਾਣ ਲਈ ਤਿਆਰ ਹੋ ਕੇ, ਕੰਘੀ-ਪੱਟੀ ਕਰ ਕੇ ਬਾਹਰ ਆਈ। ਉਹਨੇ ਸਾਨੂੰ ਫ਼ਤਿਹ ਬੁਲਾਈ। ਤਾਰਨ ਉਹਨੂੰ ਦੇਖ ਕੇ ਖਿੜ ਗਈ ਤੇ ਪਿਆਰ ਦੇ ਕੇ, ਦੱਸਣ ਵਾਲੀਆਂ ਗੱਲਾਂ ਦੱਸ ਕੇ ਤੋਰਿਆ।

ਉਹ ਲੇਖਕ ਹੀ ਚੰਗੀ ਨਹੀਂ ਸੀ, ਇਨਸਾਨ ਬਹੁਤ ਖ਼ੂਬਸੂਰਤ ਸੀ, ਮੋਹ-ਮਮਤਾ ਦੀ ਭਰੀ ਹੋਈ। ਜੇ ਬਿਨਾਂ ਦੱਸੇ ਵੀ ਜਾਣਾ, ਉਹ ਇਉਂ ਮਿਲਦੀ ਜਿਵੇਂ ਸਾਨੂੰ ਹੀ ਉਡੀਕਦੀ ਬੈਠੀ ਹੋਵੇ। ਅਪਣੱਤ ਦਿਖਾਉਣ ਦਾ ਉਹਦੇ ਵਰਗਾ ਸਲੀਕਾ ਵਿਰਲਿਆਂ ਵਿਚ ਹੀ ਹੁੰਦਾ ਹੈ। ਮਿਲੇ ਹੋਈਏ ਜਾਂ ਫੋਨ ਹੋਵੇ, ਉਹ ਆਪਣੇ ਲਿਖਣ ਬਾਰੇ ਦਸਦੀ ਤੇ ਮੇਰੇ ਲਿਖਣ ਬਾਰੇ ਪੁਛਦੀ। ਹਰ ਹਾਲਤ ਵਿਚ ਉਹ ਲਿਖਦੀ ਵੀ ਰਹੀ ਤੇ ਪੜ੍ਹਦੀ ਵੀ ਰਹੀ। ਸਾਹਿਤ ਦੀਆਂ ਗੱਲਾਂ ਕਰ ਕੇ ਤੇ ਸਾਹਿਤਕਾਰਾਂ ਨਾਲ ਰਿਸ਼ਤਾ ਜੋੜ ਕੇ ਉਹਨੂੰ ਬਹੁਤ ਚੰਗਾ ਲਗਦਾ। ਕਹਿੰਦੀ, ਜੀਵਨ ਵਿਚ ਜੇ ਕਦੀ ਕੋਈ ਖਾਲੀ ਥਾਂ ਮਹਿਸੂਸ ਹੁੰਦੀ ਹੈ, ਉਹ ਤੁਹਾਡੇ ਵਰਗੇ ਲੋਕਾਂ ਨਾਲ ਭਰ ਜਾਂਦੀ ਹੈ। ਨਵੀਂ ਭੇਜੀ ਕਿਤਾਬ ਦੀ ਇਕ ਕਹਾਣੀ ਵਿਚ ਉਹਨੇ ਇਕ ਰਾਗੀ ਦੇ ਮੂੰਹੋਂ ਕੁਝ ਬਹੁਤੀ ਹੀ ਰੁਮਾਂਟਿਕ ਪਰ ਸਾਹਿਤਕ ਪੱਖੋਂ ਬੜੀ ਦਿਲਚਸਪ ਗੱਲ ਅਖਵਾਈ ਹੋਈ ਸੀ। ਅਸੀਂ ਹੱਸ-ਹਸ ਦੂਹਰੇ ਹੋ ਗਏ। ਮੈਂ ਫੋਨ ਕੀਤਾ, ਤਾਰਨ, ਮੈਂ ਤਾਂ ਤੈਨੂੰ ਸ਼ਰੀਫ਼ ਸਮਝਦਾ ਸੀ। ਉਹ ਹੱਸੀ, ਕੀ ਕਰ ਦਿੱਤਾ ਮੇਰੀ ਸ਼ਰਾਫ਼ਤ ਨੇ? ਮੈਂ ਦੱਸਿਆ, ਉਹ ਤੇਰਾ ਰਾਗੀ ਸਿੰਘ...। ਉਹ ਮੇਰੀ ਗੱਲ ਵਿਚਾਲਿਉਂ ਕੱਟ ਕੇ ਖੁੱਲ੍ਹ ਕੇ ਹੱਸੀ, ਮੇਰੀ ਸ਼ਰਾਫ਼ਤ ਨੂੰ ਕਿਉਂ ਪੁਛਦੇ ਹੋ, ਰਾਗੀ ਸਿੰਘ ਨੂੰ ਪੁੱਛੋ ਜਿਸ ਇਹ ਵਚਨ ਕੀਤੇ ਨੇ!

ਅਸੀਂ ਚੰਡੀਗੜ੍ਹ-ਮੁਹਾਲੀ ਜਾਂਦੇ, ਉਹਨੂੰ ਜ਼ਰੂਰ ਮਿਲ ਕੇ ਆਉਂਦੇ। ਉਹਦੇ ਪਤੀ ਵੀ ਭਲੇ ਪੁਰਖ ਸਨ। ਜੀ-ਆਇਆਂ ਆਖਦੇ ਤੇ ਕੋਲ ਬੈਠ ਕੇ ਗੱਲਾਂ ਕਰਦੇ। ਇਕ ਵਾਰ ਅਸੀਂ ਕਾਫ਼ੀ ਦੇਰ ਬਾਅਦ ਗਏ। ਜਦੋਂ ਤਾਰਨ ਤੇ ਅਸੀਂ ਦੁਆ-ਸਲਾਮ ਮਗਰੋਂ ਸੋਫ਼ਿਆਂ ਉੱਤੇ ਟਿਕ ਗਏ, ਉਹ ਮੋਕਲੇ ਡਰਾਇੰਗ-ਰੂਮ ਦੇ ਇਕ ਪਾਸੇ ਬਿਨ-ਮਤਲਬ ਜਿਹੇ ਖਲੋਤੇ ਰਹੇ। ਮੈਂ ਕਿਹਾ, ਤਾਰਨ, ਅੱਜ ਤੂੰ ਭਾਈ ਸਾਹਿਬ ਨੂੰ ਕਿਸੇ ਗੱਲੋਂ ਡਾਂਟਿਆ ਹੈ? ਉਹਨੇ ਦੱਸਿਆ, ਇਹ ਸਭ ਕੁਝ ਤੋਂ ਅਟੰਕ ਹੋ ਗਏ ਨੇ, ਇਨ੍ਹਾਂ ਨੂੰ ਕੁਝ ਵੀ ਯਾਦ ਨਹੀਂ ਰਿਹਾ। ਫੇਰ ਉਹਨੇ ਆਵਾਜ਼ ਦੇ ਕੇ ਤੇ ਆਉਣ ਦਾ ਇਸ਼ਾਰਾ ਕਰ ਕੇ ਉਨ੍ਹਾਂ ਨੂੰ ਬੁਲਾ ਲਿਆ। ਅਸੀਂ ਉੱਠ ਕੇ ਹੱਥ ਜੋੜੇ, ਉਹ ਵੀ ਹੱਥ ਜੋੜ ਕੇ ਬੈਠ ਗਏ। ਤਾਰਨ ਬੋਲੀ, “ਤੁਸੀਂ ਕਿੰਨੇ ਵਾਰ ਤਾਂ ਮਿਲੇ ਹੋ। ਇਹ ਭੁੱਲਰ ਸਾਹਿਬ ਨੇ ਤੇ ਇਹ ਭੈਣ ਜੀ। ਦਿੱਲੀ ਤੋਂ ਆਪਾਂ ਨੂੰ ਮਿਲਣ ਆਏ ਨੇ।”

ਤਾਰਨ ਸਾਨੂੰ ਹਾਲ-ਚਾਲ ਪੁੱਛਣ ਲੱਗ ਪਈ। ਚੁੱਪ ਬੈਠਿਆਂ-ਬੈਠਿਆਂ ਅਚਾਨਕ ਉਨ੍ਹਾਂ ਨੇ ਤਾਰਨ ਨੂੰ ਕਿਹਾ, ਭੈਣ ਜੀ, ਮੈਂ ਤੁਹਾਨੂੰ ਵੀ ਕਿਤੇ ਦੇਖਿਆ ਹੈ। ਤਾਰਨ ਮੁਸਕਰਾ ਕੇ ਕਹਿੰਦੀ, ਭਰਾ ਜੀ, ਮੈਨੂੰ ਵੀ ਤੁਸੀਂ ਕਿਤੇ ਦੇਖੇ ਹੋਏ ਲਗਦੇ ਹੋ। ਉਹ ਉੱਠ ਕੇ ਫੇਰ ਪਹਿਲਾਂ ਵਾਲੀ ਥਾਂ ਜਾ ਖਲੋਤੇ। ਤਾਰਨ ਕਹਿੰਦੀ, “ਇਹ ਹੁਣ ਮੇਰੇ ਪਤੀ ਨਹੀਂ, ਮੇਰੇ ਪੁੱਤਰ ਨੇ। ਪਹਿਲਾਂ ਮੈਂ ਆਪਣੀ ਇਕ ਧੀ ਦਾ ਖ਼ਿਆਲ ਰਖਦੀ ਸੀ, ਹੁਣ ਇਸ ਪੁੱਤਰ ਨੂੰ ਵੀ ਸੰਭਾਲਦੀ ਹਾਂ।” ਇਹ ਕਹਿੰਦਿਆਂ ਉਹ ਹੱਸ ਪਈ, ਹਾਸਾ ਜੋ ਅੱਥਰੂਆਂ ਵਿਚ ਭਿੱਜਿਆ ਹੋਇਆ ਸੀ ਤੇ ਜਿਸ ਵਿਚੋਂ ਹਉਕੇ ਸਿਸਕੀਆਂ ਭਰਦੇ ਸੁਣਦੇ ਸਨ।

ਗੁਜਰਾਲ ਸਾਹਿਬ ਚਲੇ ਗਏ ਤਾਂ ਉਹਨੇ ਵੱਡੀ ਕੋਠੀ ਵੇਚ ਕੇ ਸੌਖਾ ਸਾਂਭਿਆ ਜਾ ਸਕਣ ਵਾਲਾ ਫ਼ਲੈਟ ਲੈ ਲਿਆ। ਅਸੀਂ ਉਹਦੇ ਨਵੇਂ ਘਰ ਮਿਲਣ ਗਏ ਤਾਂ ਵਸੇਬੇ ਦੇ ਬਾਹਰਲੇ ਗੇਟ ਉੱਤੇ ਫੱਟਾ ਲਗਿਆ ਹੋਇਆ ਸੀ, ਵਿਕਟੋਰੀਆ ਐਨਕਲੇਵ। ਅਸੀਂ ਗੇਟ ਤੋਂ ਉਹਦਾ ਰਾਹ ਪੁੱਛ ਕੇ ਪਹੁੰਚੇ ਤਾਂ ਉਹ ਲਿਫ਼ਟ ਦੇ ਕੋਲ ਖਲੋਤੀ ਰਾਹ ਦੇਖ ਰਹੀ ਸੀ। ਦੂਜੇ ਦਾ ਸਤਿਕਾਰ ਕਰਨ ਦਾ ਉਹਨੂੰ ਬਹੁਤ ਸਲੀਕਾ ਸੀ। ਉਹ ਸਤਿਕਾਰ ਦੇਣਾ ਵੀ ਜਾਣਦੀ ਸੀ ਤੇ ਸਤਿਕਾਰ ਹਾਸਲ ਕਰਨਾ ਵੀ। ਮੈਂ ਕਿਹਾ, ਤਾਰਨ, ਤੇਰਾ ਤਾਂ ਬੜਾ ਦਬਦਬਾ ਤੇ ਰੁਅਬ ਹੈ ਬਈ! ਉਹ ਹੈਰਾਨ ਹੋਈ, ਕਿਉਂ? ਮੈਂ ਆਖਿਆ, ਇਸ ਵਸੋਂ ਦਾ ਨਾਂ ਤੇਰੇ ਨਾਂ ਸਦਕਾ ਵਿਕਟੋਰੀਆ ਐਨਕਲੇਵ ਰੱਖ ਦਿੱਤਾ। ਉਸ ਪਿੱਛੋਂ ਮੈਂ ਫੋਨ ਹੀ ਇਉਂ ਕਰਨ ਲਗਿਆ, ਮਲਕਾ ਵਿਕਟੋਰੀਆ ਜੀ ਬੋਲਦੇ ਨੇ? ਉਹਨੂੰ ਵੀ ਜੇ ਫੋਨ ਕਰਨ ਵੇਲੇ ਚੇਤਾ ਆ ਜਾਂਦਾ, ਆਖਦੀ, ਮੈਂ ਵਿਕਟੋਰੀਆ ਬੋਲਨੀਂ ਹਾਂ।

ਬੇਟੇ ਉਥੇ ਲਿਜਾਣ ਲਈ ਜ਼ੋਰ ਪਾਉਂਦੇ ਪਰ ਉਹਦਾ ਜੀਅ ਨਾ ਲਗਦਾ। ਆਖਦੀ, ਮੇਰਾ ਸਭ ਕੁਝ ਤਾਂ ਇਥੇ ਹੈ, ਮੇਰੇ ਪਾਠਕ, ਮੇਰਾ ਸਾਹਿਤ, ਮੇਰਾ ਸਾਹਿਤਕ ਪਰਿਵਾਰ। ਉਹਨੂੰ ਪਰਿਵਾਰ ਬਣਾਉਣ ਦੀ ਆਦਤ ਸੀ। ਕਿਸੇ ਸੇਵਾਦਾਰ ਨੂੰ ਪੁੱਤ ਬਣਾ ਲੈਂਦੀ ਤੇ ਕਿਸੇ ਸੇਵਾਦਾਰਨੀ ਨੂੰ ਧੀ। ਉਨ੍ਹਾਂ ਦੇ ਦੁੱਖ-ਸੁਖ ਦੀ ਭਾਈਵਾਲ ਬਣ ਜਾਂਦੀ ਤੇ ਅੜੇ-ਥੁੜ੍ਹੇ ਉਨ੍ਹਾਂ ਦੀ ਮਦਦ ਕਰਦੀ ਰਹਿੰਦੀ। ਤੇ ਏਨਾ ਵੱਡਾ ਸਾਹਿਤਕ ਪਰਿਵਾਰ ਤਾਂ ਉਹਦਾ ਹੈ ਹੀ ਸੀ। ਪਰਿਵਾਰ ਜੋੜੇ ਬਿਨਾਂ ਉਹਨੂੰ ਜਿਉਣਾ ਹੀ ਨਹੀਂ ਸੀ ਆਉਂਦਾ।

ਬੇਟੀ ਦੀਆਂ ਸਰੀਰਕ ਉਲਝਣਾਂ ਵਧ ਗਈਆਂ। ਉਹਨੂੰ ਵਾਰ-ਵਾਰ ਹਸਪਤਾਲ ਲਿਜਾਣਾ ਪੈਂਦਾ। ਆਖ਼ਰ ਡਾਇਲੈਸਿਸ ਹਫ਼ਤੇ ਵਿਚ ਤਿੰਨ ਵਾਰ ਹੋਣ ਲਗਿਆ। ਬੇਟੀ ਦਾ ਹੌਸਲਾ ਬਣਾਈ ਰੱਖਣਾ ਪੈਂਦਾ ਤੇ ਆਪ ਇਹ ਸਾਰਾ ਕੁਝ ਦਿਲ ਕਰੜਾ ਕਰ ਕੇ ਸਹਿਣਾ ਪੈਂਦਾ। ਇਹ ਸਭ ਉਹੋ ਹੀ ਕਰ ਸਕਦੀ ਸੀ। ਉਹ ਆਖਦੀ, ਮੈਨੂੰ ਆਪਣੀ ਭੱਜ-ਭਜਾਈ ਦੀ ਸਮੱਸਿਆ ਨਹੀਂ, ਮੈਥੋਂ ਉਥੇ ਬੇਟੀ ਨੂੰ ਹੁੰਦੀ ਤਕਲੀਫ਼ ਦੇਖੀ ਨਹੀਂ ਜਾਂਦੀ। ਮੈਂ ਅਕਸਰ ਫੋਨ ਕਰ ਕੇ ਬੇਟੀ ਦਾ ਹਾਲ ਪੁਛਦਾ। ਇਕ ਦਿਨ ਰੋ ਪਈ, “ਭੁੱਲਰ ਜੀ, ਮੇਰੀ ਬੇਟੀ ਕਦਮ-ਕਦਮ ਕਰ ਕੇ ਮੈਥੋਂ ਦੂਰ ਜਾ ਰਹੀ ਹੈ, ਪਰ ਮੈਂ ਬੇਵੱਸ ਕੁਝ ਨਹੀਂ ਕਰ ਸਕਦੀ। ਮੇਰਾ ਜਿਊਣ ਦਾ ਮਨੋਰਥ ਮੇਰੇ ਹੱਥੋਂ ਛੁਟਦਾ ਜਾ ਰਿਹਾ ਹੈ।”

ਬੇਟੀ ਚਲੀ ਗਈ ਪਰ ਉਸ ਦਿਲਦਾਰ ਸੁਆਣੀ ਨੇ ਜ਼ਿੰਦਗੀ ਦੀ ਤੰਦ ਫੇਰ ਫੜ ਲਈ। ਆਪਣਿਆਂ ਨਾਲ ਸੰਪਰਕ ਲਈ ਫੋਨ ਤਾਂ ਸੀ ਹੀ, ਉਹ ਚੰਡੀਗੜ੍ਹ-ਮੁਹਾਲੀ ਦੇ ਲੇਖਕਾਂ-ਲੇਖਿਕਾਵਾਂ ਨੂੰ ਅਕਸਰ ਘਰ ਬੁਲਾਉਂਦੀ ਰਹਿੰਦੀ ਤੇ ਜ਼ਿੰਦਗੀ ਨੂੰ ਉਹਦੀਆਂ ਕੀਤੀਆਂ ਵਧੀਕੀਆਂ ਲਈ ਸ਼ਰਮਿੰਦਾ ਕਰਦੀ ਰਹਿੰਦੀ। ਮੈਨੂੰ ਕਿਸੇ ਨਾ ਕਿਸੇ ਲੇਖਕ-ਲੇਖਿਕਾ ਨਾਲ ਗੱਲਾਂ ਕਰਦਿਆਂ ਪਤਾ ਲੱਗ ਜਾਂਦਾ। ਇਕ ਦਿਨ ਮੈਂ ਫੋਨ ਕੀਤਾ, ਤਾਰਨ, ਇਹ ਸਭ ਮੇਰੇ ਨਾਲ ਤੂੰ ਕਰਵਾਉਣੀ ਹੈਂ। ਉਹ ਹੱਸੀ, ਕੀ ਕਰਵਾ ਦਿੱਤਾ ਮੈਂ? ਮੈਂ ਕਿਹਾ, ਪਹਿਲਾਂ ਤੂੰ ਲੋਕਾਂ ਨੂੰ ਛੱਤੀ ਪਦਾਰਥ ਖੁਆਉਣੀ ਹੈਂ ਤੇ ਫੇਰ ਮੈਨੂੰ ਲਲਚਾਉਣ-ਤਰਸਾਉਣ ਵਾਸਤੇ ਉਨ੍ਹਾਂ ਤੋਂ ਫੋਨ ਕਰਵਾਉਣੀ ਹੈਂ।

ਉਹ ਖੁੱਲ੍ਹ ਕੇ ਹੱਸੀ, ਅੱਗੇ ਤੋਂ ਮੈਂ ਪਹਿਲਾਂ ਫੋਨ ਕਰ ਦਿਆ ਕਰਾਂਗੀ। ਮੈਂ ਕਿਹਾ, ਹੁਣ ਅਜਿਹੇ ਕੋਰੀਅਰ ਹੈਗੇ ਨੇ ਜਿਹੜੇ ਚੰਡੀਗੜ੍ਹ ਤੋਂ ਚੀਜ਼ ਉਸੇ ਦਿਨ ਦਿੱਲੀ ਪਹੁੰਚਦੀ ਕਰ ਦਿੰਦੇ ਨੇ। ਉਹਨੇ ਦਿਖਾਵੇ ਦੀ ਹੈਰਾਨੀ ਪਰਗਟਾਈ, ਅੱਛਾ, ਜੇ ਏਨੇ ਵਧੀਆ ਕੋਰੀਅਰ ਹੈਨ, ਅਜਿਹੇ ਦਿਨ ਆਪ ਹੀ ਕੋਰੀਅਰ ਹੋ ਕੇ ਆ ਜਾਇਆ ਕਰਨਾ।

ਜ਼ਿੰਦਗੀ ਉਹਨੂੰ ਕਿੰਨੀ ਵੀ ਇਕੱਲੀ ਕਰਦੀ ਰਹੀ, ਉਹਨੂੰ ਇਕੱਲ ਤੋੜ ਕੇ ਰੌਣਕ ਲਾਉਣੀ ਆਉਂਦੀ ਸੀ। ਉਹ ਰੌਣਕ ਦੇ ਵਿਚਕਾਰੋਂ ਉੱਠ ਕੇ ਚਲੀ ਗਈ, ਪਰ ਉਸ ਬਿਨਾਂ ਪਤਾ ਨਹੀਂ ਕਿੰਨੇ ਲੇਖਕ-ਲੇਖਿਕਾਵਾਂ ਤੇ ਉਹਦੇ ਸੰਪਰਕ ਵਿਚ ਆਏ ਹੋਰ ਲੋਕ ਇਕੱਲ ਮਹਿਸੂਸ ਕਰਨਗੇ। ਜਦੋਂ ਅਸੀਂ ਉਹਦਾ ਸੋਗ ਮਨਾ ਰਹੇ ਹਾਂ, ਜੇ ਕੋਈ ਅਗਲੀ ਦੁਨੀਆ ਹੋਈ, ਉਹ ਪਹਿਲਾਂ ਪਹੁੰਚੇ ਹੋਏ ਪੰਜਾਬੀ ਲੇਖਕਾਂ ਨੂੰ ਖਾਣੇ ਲਈ ਬੁਲਾ ਕੇ ਹੱਸ-ਹੱਸ ਗੱਲਾਂ ਕਰ ਰਹੀ ਹੋਵੇਗੀ ਤੇ ਸਾਡਾ ਸਭ ਦਾ ਹਾਲ ਸੁਣਾ ਰਹੀ ਹੋਵੇਗੀ! ਤਾਰਨ, ਤੂੰ ਹੁਣ ਸਾਨੂੰ ਯਾਦ ਕਰੇਂ ਨਾ ਕਰੇਂ, ਸਾਡੀਆਂ ਯਾਦਾਂ ਵਿਚ ਤੂੰ ਵਸਦੀ ਹੀ ਰਹੇਂਗੀ!

ਸੰਪਰਕ: 011-42502364

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All