DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ਵਿੱਚ ਸਿਹਤ ਸੈਰ-ਸਪਾਟਾ; ਸੰਭਾਵਨਾਵਾਂ ਅਤੇ ਚੁਣੌਤੀਆਂ

ਕੁਲਵੰਤ ਸਿੰਘ ਫੁੱਲ (ਡਾ.) ਸੰਸਾਰ ਭਰ ਵਿੱਚ ਅੱਜਕੱਲ੍ਹ ਕਫਾਇਤੀ ਅਤੇ ਉੱਚ-ਗੁਣਵੱਤਾ ਵਾਲੀਆਂ ਸਿਹਤ-ਸੰਭਾਲ ਸਹੂਲਤਾਂ ਪ੍ਰਾਪਤ ਕਰਨ ਲਈ ਦੇਸ਼-ਵਿਦੇਸ਼ ਦੀ ਯਾਤਰਾ ਕਰਨਾ ਕਾਫ਼ੀ ਪ੍ਰਚੱਲਿਤ ਹੋ ਰਿਹਾ ਹੈ। ਭਾਰਤ ਆਪਣੇ ਹੁਨਰਮੰਦ ਅਤੇ ਕਾਬਲ ਡਾਕਟਰਾਂ, ਅਤਿ-ਆਧੁਨਿਕ ਹਸਪਤਾਲਾਂ, ਪੈਰਾ-ਮੈਡੀਕਲ ਸਹੂਲਤਾਂ ਅਤੇ ਪ੍ਰਤੀਯੋਗੀ ਕੀਮਤ ਢਾਂਚੇ...

  • fb
  • twitter
  • whatsapp
  • whatsapp
Advertisement

ਕੁਲਵੰਤ ਸਿੰਘ ਫੁੱਲ (ਡਾ.)

ਸੰਸਾਰ ਭਰ ਵਿੱਚ ਅੱਜਕੱਲ੍ਹ ਕਫਾਇਤੀ ਅਤੇ ਉੱਚ-ਗੁਣਵੱਤਾ ਵਾਲੀਆਂ ਸਿਹਤ-ਸੰਭਾਲ ਸਹੂਲਤਾਂ ਪ੍ਰਾਪਤ ਕਰਨ ਲਈ ਦੇਸ਼-ਵਿਦੇਸ਼ ਦੀ ਯਾਤਰਾ ਕਰਨਾ ਕਾਫ਼ੀ ਪ੍ਰਚੱਲਿਤ ਹੋ ਰਿਹਾ ਹੈ। ਭਾਰਤ ਆਪਣੇ ਹੁਨਰਮੰਦ ਅਤੇ ਕਾਬਲ ਡਾਕਟਰਾਂ, ਅਤਿ-ਆਧੁਨਿਕ ਹਸਪਤਾਲਾਂ, ਪੈਰਾ-ਮੈਡੀਕਲ ਸਹੂਲਤਾਂ ਅਤੇ ਪ੍ਰਤੀਯੋਗੀ ਕੀਮਤ ਢਾਂਚੇ ਸਦਕਾ ਸੰਸਾਰ ਭਰ ’ਚ ‘ਮੈਡੀਕਲ ਟੂਰਿਜ਼ਮ ਸੂਚਕਾਂਕ’ ਵਿੱਚ ਦਸਵੇਂ ਅਤੇ ‘ਗਲੋਬਲ ਵੈਲਨੈੱਸ ਟੂਰਿਜ਼ਮ’ ਵਿੱਚ ਸੱਤਵੇਂ ਸਥਾਨ ’ਤੇ ਖੜ੍ਹਾ ਹੈ। ਚੰਗੀ ਤਰ੍ਹਾਂ ਸਥਾਪਿਤ, ਮਜ਼ਬੂਤ ਸਿਹਤ-ਸੰਭਾਲ ਢਾਂਚੇ, ਆਸਾਨ ਸੰਪਰਕ ਅਤੇ ਤੇਜ਼ੀ ਨਾਲ ਵਿਕਸਤ ਹੋ ਰਹੇ ਨਿੱਜੀ ਸਿਹਤ-ਸੰਭਾਲ ਖੇਤਰ ਕਾਰਨ ਪੰਜਾਬ ਵੀ ਮੈਡੀਕਲ ਟੂਰਿਜ਼ਮ ਖੇਤਰ ਵਿੱਚ ਪ੍ਰਮੁੱਖ ਕੇਂਦਰ ਬਣਨ ਦੀ ਮਜ਼ਬੂਤ ਸੰਭਾਵਨਾ ਰੱਖਦਾ ਹੈ।

Advertisement

ਪਿਛਲੇ ਦੋ ਦਹਾਕਿਆਂ ਦੌਰਾਨ ਪੰਜਾਬ ਨੇ ਆਪਣੇ ਬੁਨਿਆਦੀ ਮੈਡੀਕਲ ਢਾਂਚੇ ਵਿੱਚ ਕਾਫ਼ੀ ਸੁਧਾਰ ਕੀਤਾ ਹੈ। ਵਰਤਮਾਨ ਸਮੇਂ ਸੂਬੇ ਵਿੱਚ ਤਿੰਨ ਮੈਡੀਕਲ ਯੂਨੀਵਰਸਿਟੀਆਂ, ਇੱਕ ਆਯੁਰਵੈਦਿਕ ਯੂਨੀਵਰਸਿਟੀ, 72 ਸਰਕਾਰੀ ਸਿਵਲ ਹਸਪਤਾਲ ਅਤੇ 28 ਸਟੇਟ ਸੁਪਰ ਸਪੈਸ਼ਲਿਟੀ ਮੈਡੀਕਲ ਹਸਪਤਾਲ ਕਾਰਜਸ਼ੀਲ ਹਨ। ਪੰਜਾਬ ਕਲੀਨਿਕਲ ਇਸਟੈਬਲਿਸ਼ਮੈਂਟਸ ਅਤੇ ਫਿੱਕੀ-ਐੱਫਆਈਸੀਸੀਸੀ (FICCI) ਸਿਹਤ ਰਿਪੋਰਟ ਮੁਤਾਬਕ ਰਾਜ ਵਿੱਚ 3,000 ਤੋਂ ਵਧੇਰੇ ਮੱਧ-ਆਕਾਰ, ਛੋਟੇ ਅਤੇ ਵੱਡੇ ਰਜਿਸਟਰਡ ਮਲਟੀ-ਸਪੈਸ਼ਲਿਟੀ ਨਰਸਿੰਗ ਹੋਮ ਹਨ। ਜਿਨ੍ਹਾਂ ਵਿੱਚੋਂ ਲਗਭਗ 450-500 ਮਲਟੀ-ਸਪੈਸ਼ਲਿਟੀ ਪ੍ਰਾਈਵੇਟ ਹਸਪਤਾਲ ਵੱਖ-ਵੱਖ ਖੇਤਰਾਂ, ਜਿਵੇਂ ਕਿ ਕਾਰਡੀਓਲੋਜੀ, ਨਿਊਰੋਲੋਜੀ, ਆਰਥੋਪੀਡਿਕਸ, ਓਨਕੋਲੋਜੀ, ਯੂਰੋਲੋਜੀ, ਪ੍ਰਜਨਨ ਪ੍ਰਕਿਰਿਆ ਅਤੇ ਅੰਗ ਟ੍ਰਾਂਸਪਲਾਂਟੇਸ਼ਨ ਆਦਿ ਵਿੱਚ ਵਿਸ਼ਵ ਪੱਧਰੀ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਮੁਹਾਲੀ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਰਗੇ ਪ੍ਰਮੁੱਖ ਸ਼ਹਿਰਾਂ ਵਿੱਚ ਕਾਰਜਸ਼ੀਲ ਹਨ। ਫੋਰਟਿਸ, ਮੈਕਸ ਹੈਲਥਕੇਅਰ, ਆਈਵੀ, ਐੱਸਪੀਐੱਸ ਅਪੋਲੋ, ਆਕਸਫੋਰਡ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਸੀਐੱਮਸੀ ਲੁਧਿਆਣਾ, ਏਮਜ਼ ਬਠਿੰਡਾ ਅਤੇ ਪੀਜੀਆਈ ਚੰਡੀਗੜ੍ਹ ਵਰਗੀਆਂ ਨਾਮੀ ਸੰਸਥਾਵਾਂ ਸੂਬੇ ਵਿੱਚ ਬੇਸ਼ਕੀਮਤੀ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਜਿੱਥੇ ਕੇਵਲ ਗੁਆਂਢੀ ਰਾਜਾਂ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸੈਂਕੜੇ ਮਰੀਜ਼ ਇਲਾਜ ਵਾਸਤੇ ਆਕਰਸ਼ਿਤ ਹੁੰਦੇ ਹਨ। ਉੱਚ ਯੋਗਤਾ ਪ੍ਰਾਪਤ, ਮਾਹਿਰ ਪੇਸ਼ੇਵਰ ਡਾਕਟਰ, ਜਿਨ੍ਹਾਂ ਵਿੱਚੋਂ ਕਈ ਤਾਂ ਅੰਤਰਰਾਸ਼ਟਰੀ ਪ੍ਰਸਿੱਧੀ ਰੱਖਦੇ ਹਨ, ਦੀ ਮੌਜੂਦਗੀ ਦੇ ਨਾਲ ਨਾਲ ਅਤਿ-ਆਧੁਨਿਕ ਪੈਰਾ-ਮੈਡੀਕਲ ਸਹੂਲਤਾਂ ਦਾ ਸੁਮੇਲ ਸਿਹਤ-ਸੰਭਾਲ ਸੇਵਾਵਾਂ ਲਈ ਸੂਬੇ ਨੂੰ ਇੱਕ ਪ੍ਰਮੁੱਖ ਟੂਰਿਜ਼ਮ ਹੱਬ ਵਜੋਂ ਵਿਕਸਤ ਕਰਨ ਵਾਸਤੇ ਮਜ਼ਬੂਤ ਆਧਾਰ ਪ੍ਰਦਾਨ ਕਰਦਾ ਹੈ।

Advertisement

ਇਸ ਸਮੇਂ ਕੈਨੇਡਾ, ਯੂਕੇ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਯੂਰਪ ਸਮੇਤ ਖਾੜੀ ਖੇਤਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਲਗਭਗ 25 ਲੱਖ ਦੇ ਕਰੀਬ ਪੰਜਾਬੀ ਲੋਕਾਂ ਦਾ ਵੱਡਾ ਭਾਈਚਾਰਾ ਰਹਿ ਰਿਹਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਮਰੀਜ਼ ਕਈ ਕਾਰਨਾਂ ਕਰਕੇ ਪੰਜਾਬ ਵਿੱਚ ਡਾਕਟਰੀ ਇਲਾਜ ਕਰਵਾਉਣਾ ਪਸੰਦ ਕਰਦੇ ਹਨ, ਕਿਉਂਕਿ ਪੱਛਮੀ ਦੇਸ਼ਾਂ ਅਤੇ ਨਜ਼ਦੀਕੀ ਗੁਆਂਢੀ ਏਸ਼ਿਆਈ ਪ੍ਰਤੀਯੋਗੀ ਦੇਸ਼ਾਂ ਦੇ ਮੁਕਾਬਲੇ ਸੂਬੇ ਵਿੱਚ ਸਿਹਤ-ਸੰਭਾਲ ਸੇਵਾਵਾਂ ਵਧੀਆ ਅਤੇ ਕਫਾਇਤੀ ਹਨ। ਉਦਾਹਰਨ ਵਜੋਂ ਗੋਡੇ ਜਾਂ ਜੋੜ-ਬਦਲਣ, ਕਾਰਡੀਅਕ ਬਾਈਪਾਸ ਜਾਂ ਆਈਵੀਐੱਫ ਇਲਾਜ ਵਰਗੀਆਂ ਗੁੰਝਲਦਾਰ ਸਰਜਰੀਆਂ ਅੰਤਰ-ਰਾਸ਼ਟਰੀ ਕੀਮਤਾਂ ਦੇ ਮੁਕਾਬਲੇ ਕਾਫ਼ੀ ਸਸਤੀਆਂ ਹਨ। ਇਹ ਤੁਲਨਾਤਮਕ ਲਾਗਤ ਲਾਭ ਅਤੇ ਆਪ੍ਰੇਸ਼ਨਾਂ ਦੀ ਚੰਗੀ ਸਫਲਤਾ ਦਰ ਅੰਤਰਰਾਸ਼ਟਰੀ ਮਰੀਜ਼ਾਂ, ਖ਼ਾਸ ਕਰਕੇ ਅਫ਼ਰੀਕੀ, ਮੱਧ ਏਸ਼ਿਆਈ ਅਤੇ ਮੱਧ ਪੂਰਬੀ ਦੇਸ਼ਾਂ ਵਾਸਤੇ ਪੰਜਾਬ ਨੂੰ ਆਕਰਸ਼ਕ ਸਥਾਨ ਵਜੋਂ ਪੇਸ਼ ਕਰਦਾ ਹੈ।

ਕੇਂਦਰ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੀ ਰਿਪੋਰਟ ਅਨੁਸਾਰ ਸਾਲ 2024 ਦੌਰਾਨ ਦੇਸ਼ ਭਰ ਵਿੱਚ ਆਏ ਕੁਲ ਵਿਦੇਸ਼ੀ ਮੈਡੀਕਲ ਸੈਲਾਨੀਆਂ ਵਿੱਚੋਂ 2.59 ਫੀਸਦੀ ਟੂਰਿਸਟਾਂ ਦੀ ਹਿੱਸੇਦਾਰੀ ਨਾਲ ਪੰਜਾਬ ਦਸਵੇਂ ਅਤੇ ਉੱਤਰੀ ਭਾਰਤ ਵਿੱਚ ਯੂਪੀ ਤੇ ਦਿੱਲੀ ਤੋਂ ਬਾਅਦ ਤੀਸਰੇ ਸਥਾਨ ’ਤੇ ਹੈ। ਦੂਸਰਾ, ਇੱਥੇ ਮਰੀਜ਼ਾਂ ਨੂੰ ਡਾਕਟਰੀ ਪ੍ਰਕਿਰਿਆਵਾਂ ਵਾਸਤੇ ਕੋਈ ਬਹੁਤਾ ਸਮਾਂ ਉਡੀਕ ਨਹੀਂ ਕਰਨੀ ਪੈਂਦੀ ਸਗੋਂ ਰਿਸ਼ਤੇਦਾਰਾਂ ਜਾਂ ਦੋਸਤਾਂ ਮਿੱਤਰਾਂ ਦੀ ਮੌਜੂਦਗੀ ਵਿੱਚ ਸੱਭਿਆਚਾਰਕ ਜਾਣ-ਪਛਾਣ ਡਾਕਟਰੀ ਇਲਾਜ ਦੌਰਾਨ ਵਾਧੂ ਮਾਨਸਿਕ ਹੌਸਲਾ ਅਫ਼ਜ਼ਾਈ ਕਰਦੀ ਹੈ। ਤੀਸਰਾ, ਸੂਬੇ ਵਿੱਚ ਬਦਲਵੀਆਂ ਰਵਾਇਤੀ ਇਲਾਜ ਪ੍ਰਣਾਲੀਆਂ, ਜਿਵੇਂ ਕਿ ਆਯੁਰਵੇਦ, ਯੋਗ, ਯੂਨਾਨੀ, ਸਿੱਧੀ ਅਤੇ ਹੋਮਿਓਪੈਥੀ (ਆਯੁਸ਼), ਜੜੀ-ਬੂਟੀਆਂ, ਪੰਚਕਰਮਾ ਅਤੇ ਫਿਜ਼ੀਓਥੈਰੇਪੀ ਵਗੈਰਾ ਦੀ ਉਪਲੱਬਧਤਾ ਵੀ ਪੰਜਾਬੀ ਡਾਇਸਪੋਰਾ-ਸੰਚਾਲਿਤ ਮਰੀਜ਼ਾਂ ਦੀ ਆਮਦ ਵਾਸਤੇ ਮਜ਼ਬੂਤ ਆਧਾਰ ਬਣ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ, ਖ਼ਾਸ ਕਰਕੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਰਾਹੀਂ ਮੱਧ ਪੂਰਬ, ਮੱਧ ਏਸ਼ੀਆ ਅਤੇ ਯੂਰਪ ਸਮੇਤ ਵੱਖ-ਵੱਖ ਵਿਸ਼ਵਵਿਆਪੀ ਸਥਾਨਾਂ ਨਾਲ ਸਿੱਧਾ ਸੰਪਰਕ ਸਿਹਤ-ਸੰਭਾਲ ਸੇਵਾਵਾਂ ਦੀ ਮੰਗ ਕਰਨ ਵਾਲੇ ਸੈਲਾਨੀਆਂ ਲਈ ਇੱਕ ਆਦਰਸ਼ ਪ੍ਰਵੇਸ਼ ਬਿੰਦੂ ਬਣ ਸਕਦਾ ਹੈ।

ਪੰਜਾਬ ਦੀ ਅਮੀਰ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ, ਜਿਸ ਵਿੱਚ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਰਗੇ ਧਾਰਮਿਕ ਅਸਥਾਨ ਅਤੇ ਇੱਥੋਂ ਦੇ ਵਧੀਆ ਪਕਵਾਨ ਮਰੀਜ਼ਾਂ ਦੇ ਪਰਿਵਾਰਾਂ ਲਈ ਇੱਕ ਆਕਰਸ਼ਕ ਸੈਰ-ਸਪਾਟਾ ਅਨੁਭਵ ਪ੍ਰਦਾਨ ਕਰ ਸਕਦੇ ਹਨ ਭਾਵ ਮੈਡੀਕਲ ਦੇ ਨਾਲ ਨਾਲ ਧਾਰਮਿਕ ਅਤੇ ਸੱਭਿਆਚਾਰਕ ਟੂਰਿਜ਼ਮ ਜੋੜਨ ਨਾਲ ਸਿਹਤ-ਸੈਰ ਸਪਾਟਾ ਪੈਕੇਜ ਦਾ ਸਮੁੱਚਾ ਮੁੱਲ ਵਧ ਸਕਦਾ ਹੈ।

ਇਸ ਲਈ ਪੰਜਾਬ ਸਰਕਾਰ ਨੂੰ ਨੀਤੀਗਤ ਉਪਾਅ ਕਰਕੇ ਸਿਹਤ ਸੈਰ-ਸਪਾਟਾ ਬਾਜ਼ਾਰ ਵਿੱਚ ਆਪਣੀ ਵਿਸ਼ਵਵਿਆਪੀ ਮੌਜੂਦਗੀ ਦਰਜ, ਉਤਸ਼ਾਹਿਤ ਅਤੇ ਮਜ਼ਬੂਤ ਕਰਨੀ ਚਾਹੀਦੀ ਹੈ। ਜਿਸ ਵਾਸਤੇ ਮੁੱਖ ਤੌਰ ’ਤੇ ਅਮਨ ਕਾਨੂੰਨ ਵਿਵਸਥਾ, ਬੁਨਿਆਦੀ ਢਾਂਚਾ ਅਤੇ ਗੁਣਵੱਤਾ ਮਾਨਤਾ ਪ੍ਰਣਾਲੀ ਵਿੱਚ ਸੁਧਾਰ, ਨਿੱਜੀ ਨਿਵੇਸ਼ ਲਈ ਗਲੋਬਲ ਸਿਹਤ-ਸੰਭਾਲ ਚੇਨਾਂ ਨਾਲ ਭਾਈਵਾਲੀ ਕਾਇਮ ਕਰਨੀ ਅਤੇ ਅੰਤਰਰਾਸ਼ਟਰੀ ਮਾਰਕੀਟਿੰਗ ਨੂੰ ਉਤਸ਼ਾਹਿਤ ਕਰਨ ਲਈ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਵਾਸਤੇ ਗੰਭੀਰ ਯਤਨ ਕਰਨੇ ਚਾਹੀਦੇ ਹਨ।

ਹਾਲ ਹੀ ਦੇ ਕੁਝ ਸਾਲਾਂ ਦੌਰਾਨ, ਪੰਜਾਬ ਗੈਂਗਸਟਰ ਹਿੰਸਾ, ਕਾਰੋਬਾਰੀਆਂ ਤੋਂ ਜਬਰੀ ਵਸੂਲੀ ਅਤੇ ਛੋਟੇ ਮੋਟੇ ਮੁੱਦਿਆਂ ’ਤੇ ਨਿਸ਼ਾਨਾ ਬਣਾ ਕੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ, ਸਰਹੱਦੀ ਸੂਬਾ ਹੋਣ ਕਰਕੇ ਘੁਸਪੈਠ, ਸੁਰੱਖਿਆ ਚਿਤਾਵਨੀਆਂ ਅਤੇ ਤਸਕਰੀ ਨੈੱਟਵਰਕ ਆਦਿ ਮਾੜੀਆਂ ਖ਼ਬਰਾਂ ਕਾਰਨ ਬਦਨਾਮ ਹੋ ਰਿਹਾ ਹੈ। ਰੇਲ ਪਟੜੀਆਂ-ਸੜਕਾਂ ’ਤੇ ਅਕਸਰ ਲੱਗਦੇ ਧਰਨੇ, ਜਨਤਕ ਵਿਰੋਧ ਪ੍ਰਦਰਸ਼ਨ ਅਤੇ ਟ੍ਰੈਫਿਕ ਜਾਮ ਹਸਪਤਾਲਾਂ ਅਤੇ ਹਵਾਈ ਅੱਡਿਆਂ ਤੱਕ ਲੋਕਾਂ ਦੀ ਪਹੁੰਚ ਨੂੰ ਪ੍ਰਭਾਵਿਤ ਕਰਦੇ ਹਨ। ਨਤੀਜਨ, ਸੁਰੱਖਿਆ ਚਿੰਤਾਵਾਂ ਅੰਤਰਰਾਸ਼ਟਰੀ ਸੁਵਿਧਾ ਪ੍ਰਦਾਨ ਕਰਤਾਵਾਂ, ਬੀਮਾ ਕੰਪਨੀਆਂ ਅਤੇ ਯਾਤਰਾ ਭਾਈਵਾਲਾਂ ਦਾ ਵਿਸ਼ਵਾਸ ਹੀ ਨਹੀਂ ਘਟਾਉਂਦੀਆਂ ਸਗੋਂ ਨਵੇਂ ਸੁਪਰ-ਸਪੈਸ਼ਲਿਟੀ ਹਸਪਤਾਲਾਂ ਅਤੇ ਸਹਾਇਕ ਬੁਨਿਆਦੀ ਢਾਂਚੇ ਵਿੱਚ ਨਿੱਜੀ ਨਿਵੇਸ਼ ਨੂੰ ਵੀ ਸੀਮਤ ਕਰਦੀਆਂ ਹਨ।

ਮੈਡੀਕਲ ਟੂਰਿਜ਼ਮ ਸਿਰਫ਼ ਕਲੀਨਿਕਲ ਗੁਣਵੱਤਾ ’ਤੇ ਹੀ ਨਹੀਂ ਸਗੋਂ ਆਰਾਮ, ਸੁਰੱਖਿਆ ਅਤੇ ਆਵਾਜਾਈ ਦੀ ਸੌਖ ਦੀ ਸਮੁੱਚੀ ਭਾਵਨਾ ਉੱਪਰ ਵੀ ਨਿਰਭਰ ਕਰਦਾ ਹੈ। ਇਸ ਲਈ ਸਿਹਤ ਸੈਰ-ਸਪਾਟਾ ਉਤਸ਼ਾਹਿਤ ਕਰਨ ਵਾਸਤੇ ਸੂਬੇ ਵਿੱਚ ਭਰੋਸੇਯੋਗ ਅਮਨ ਕਾਨੂੰਨ-ਵਿਵਸਥਾ ਸਥਾਪਿਤ ਕਰਕੇ ਜਨਤਕ ਸੁਰੱਖਿਆ ਮਜ਼ਬੂਤ ਕਰਨੀ ਅਤਿ-ਜ਼ਰੂਰੀ ਹੈ। ਦੂਸਰਾ, ਪੰਜਾਬ ਵਿੱਚ ਜ਼ਿਆਦਾਤਰ ਹਸਪਤਾਲ, ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਵਾਸਤੇ ‘ਨੈਸ਼ਨਲ ਐਕਰੀਡਿਸ਼ਨ ਬੋਰਡ ਫਾਰ ਹਾਸਪੀਟਲਜ਼’ (NABH) ਤੋਂ ਮਾਨਤਾ ਪ੍ਰਾਪਤ ਨਹੀਂ ਹਨ, ਖਾਸ ਕਰਕੇ ਅਮਰੀਕਾ-ਆਧਾਰਿਤ ਅੰਤਰ-ਰਾਸ਼ਟਰੀ ‘ਜੁਆਇੰਟ ਕਮਿਸ਼ਨ ਇੰਟਰਨੈਸ਼ਨਲ’ (JCI) ਦੁਆਰਾ ਮਾਨਤਾ ਪ੍ਰਾਪਤ ਤਾਂ ਕੋਈ ਵੀ ਹਸਪਤਾਲ ਪੰਜਾਬ ਵਿੱਚ ਨਹੀਂ ਹੈ। ਜਦੋਂ ਕਿ ਵਿਦੇਸ਼ੀ ਸੈਲਾਨੀ ਮਰੀਜ਼ ਜ਼ਿਆਦਾਤਰ ਉਨ੍ਹਾਂ ਮੈਡੀਕਲ ਸੰਸਥਾਵਾਂ ਨੂੰ ਪਹਿਲ ਦਿੰਦੇ ਹਨ, ਜੋ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦੀਆਂ ਹਨ।

ਜੁਆਇੰਟ ਕਮਿਸ਼ਨ ਮਾਨਤਾ ਵਿਸ਼ਵ-ਪੱਧਰੀ ਕਲੀਨਿਕਲ ਪ੍ਰੋਟੋਕੋਲ, ਇਨਫੈਕਸ਼ਨ ਕੰਟਰੋਲ, ਮਰੀਜ਼ਾਂ ਦੇ ਅਧਿਕਾਰਾਂ ਅਤੇ ਪਾਰਦਰਸ਼ੀ ਇਲਾਜ ਪ੍ਰਕਿਰਿਆਵਾਂ ਨੂੰ ਯਕੀਨੀ ਬਣਾਉਂਦੀ ਹੈ। ਇਸ ਦੀ ਅਣਹੋਂਦ ਸੂਬੇ ਦੇ ਹਸਪਤਾਲਾਂ ਵਾਸਤੇ ਵਿਸ਼ਵਵਿਆਪੀ ਵਿਸ਼ਵਾਸ ਪ੍ਰਾਪਤ ਕਰਨ ਵਿੱਚ ਪ੍ਰਮੁੱਖ ਰੁਕਾਵਟ ਹੈ। ਜ਼ਿਆਦਾਤਰ ਅੰਤਰ-ਰਾਸ਼ਟਰੀ ਬੀਮਾ ਕੰਪਨੀਆਂ ਅਤੇ ਮੈਡੀਕਲ ਯਾਤਰਾ ਸੁਵਿਧਾ ਪ੍ਰਦਾਨ ਕਰਤਾ ਆਮ ਤੌਰ ’ਤੇ ਸਿਰਫ਼ ਜੁਆਇੰਟ ਕਮਿਸ਼ਨ ਮਾਨਤਾ ਪ੍ਰਾਪਤ ਹਸਪਤਾਲਾਂ ਨਾਲ ਹੀ ਤਾਲਮੇਲ ਰੱਖਦੇ ਹਨ। ਪੰਜਾਬ ਦੇ ਉਲਟ ਦਿੱਲੀ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਕਰਨਾਟਕ ਵਰਗੇ ਰਾਜਾਂ ਵਿੱਚ ਪਹਿਲਾਂ ਹੀ ਕਈ ਅਜਿਹੀ ਮਾਨਤਾ ਪ੍ਰਾਪਤ ਸੁਪਰ-ਸਪੈਸ਼ਲਿਟੀ ਹਸਪਤਾਲ ਹਨ। ਤੀਜਾ, ਸਿਹਤ-ਸੰਭਾਲ ਅਤੇ ਸੈਰ-ਸਪਾਟਾ ਵਿਭਾਗਾਂ ਦਰਮਿਆਨ ਢੁੱਕਵੇਂ ਤਾਲਮੇਲ ਅਤੇ ਸਹਿਯੋਗ ਦੀ ਘਾਟ ਵੀ ਪੰਜਾਬ ਵਿੱਚ ਮੈਡੀਕਲ ਟੂਰਿਜ਼ਮ ਦੇ ਵਿਕਾਸ ਨੂੰ ਸੀਮਤ ਕਰਦੀ ਹੈ।

ਪ੍ਰਭਾਵਸ਼ਾਲੀ ਮੈਡੀਕਲ ਟੂਰਿਜ਼ਮ ਲਈ ਹਸਪਤਾਲਾਂ ਦੇ ਨੇੜੇ ਤੰਦਰੁਸਤੀ ਕੇਂਦਰਾਂ ਅਤੇ ਹੋਟਲਾਂ ਦੀ ਸਥਾਪਨਾ, ਮੈਡੀਕਲ ਯਾਤਰਾ ਡੈਸਕ, ਮਰੀਜ਼-ਅਨੁਕੂਲ ਆਵਾਜਾਈ ਅਤੇ ਅੰਤਰਰਾਸ਼ਟਰੀ ਪ੍ਰਮੋਸ਼ਨ ਲਈ ਸਾਂਝੀ ਤਾਲਮੇਲ ਯੋਜਨਾਬੰਦੀ ਦੀ ਲੋੜ ਹੁੰਦੀ ਹੈ। ਵਿਦੇਸ਼ੀ ਮਰੀਜ਼ ਅਕਸਰ ਹਵਾਈ ਅੱਡੇ ਤੋਂ ਪਿਕਅਪ, ਹੋਟਲ-ਹਸਪਤਾਲ ਸੰਪਰਕ, ਅਨੁਵਾਦਕ ਅਤੇ ਯਾਤਰਾ ਸਹੂਲਤ ਵਰਗੀਆਂ ਸਹਿਜ ਸੇਵਾਵਾਂ ਦੀ ਉਮੀਦ ਰੱਖਦੇ ਹਨ, ਪ੍ਰੰਤੂ ਸੂਬੇ ਵਿੱਚ ਪਰਸਪਰ ਤਾਲਮੇਲ ਦੀ ਘਾਟ ਕਾਰਨ ਅਜਿਹੀ ਕੋਈ ਸਹਾਇਤਾ ਪ੍ਰਣਾਲੀ ਵਿਕਸਤ ਨਹੀਂ ਹੋ ਸਕੀ। ਸੈਰ-ਸਪਾਟਾ ਕਾਰਪੋਰੇਸ਼ਨ ਅਕਸਰ ਮਨੋਰੰਜਨ ’ਤੇ ਧਿਆਨ ਕੇਂਦਰਿਤ ਰੱਖਦਾ ਹੈ, ਜਦੋਂ ਕਿ ਸਿਹਤ ਵਿਭਾਗ ਸਿਰਫ਼ ਕਲੀਨਿਕਲ ਦੇਖਭਾਲ ਵੱਲ ਧਿਆਨ ਦਿੰਦਾ ਹੈ। ਇਸ ਦੇ ਮੁਕਾਬਲੇ ਕੇਰਲਾ ਅਤੇ ਤਾਮਿਲਨਾਡੂ ਵਰਗੇ ਸੂਬੇ ਏਕੀਕ੍ਰਿਤ ਮੈਡੀਕਲ ਟੂਰਿਜ਼ਮ ਰਣਨੀਤੀ ਅਪਣਾ ਕੇ ਵਧੇਰੇ ਮਰੀਜ਼-ਸੈਲਾਨੀਆਂ ਅਤੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਦੇ ਹਨ।

ਇਸ ਤੋਂ ਇਲਾਵਾ, ਸਿਹਤ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਿੱਚ ਇੱਕ ਮਜ਼ਬੂਤ ਅਤੇ ਪਾਰਦਰਸ਼ੀ ਕਾਨੂੰਨੀ ਰੈਗੂਲੇਟਰੀ ਅਥਾਰਟੀ ਦੀ ਸਥਾਪਨਾ ਦੀ ਵੀ ਲੋੜ ਹੈ, ਜੋ ਇਹ ਯਕੀਨੀ ਬਣਾਵੇ ਕਿ ਸੂਬੇ ਦੇ ਹਸਪਤਾਲ ਮਿਆਰੀ ਇਲਾਜ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਵਿਸ਼ਵ-ਪੱਧਰੀ ਗੁਣਵੱਤਾ ਮਾਪਦੰਡਾਂ ਅਨੁਸਾਰ ਸਾਫ਼-ਸਫ਼ਾਈ ਬਣਾ ਕੇ ਰੱਖਣ, ਡਾਕਟਰੀ ਸੇਵਾਵਾਂ ਸੁਰੱਖਿਅਤ ਅਤੇ ਪਾਰਦਰਸ਼ੀ ਯਕੀਨੀ ਬਣਾਉਣ। ਰੈਗੂਲੇਟਰੀ ਅਥਾਰਟੀ ਲਾਗਤਾਂ, ਸ਼ਿਕਾਇਤ ਨਿਵਾਰਣ ਜਾਂ ਗ਼ਲਤ ਵਿਵਹਾਰ ਦੀ ਜਵਾਬਦੇਹੀ ਨਿਰਧਾਰਤ ਕਰਕੇ ਮਰੀਜ਼ਾਂ ਨੂੰ ਅਨੈਤਿਕ ਅਭਿਆਸਾਂ ਤੋਂ ਬਚਾ ਸਕਦੀ ਹੈ। ਯਾਦ ਰਹੇ ਕਿ ਹਰ ਸੈਲਾਨੀ, ਸਮੇਤ ਮੈਡੀਕਲ ਸੈਲਾਨੀਆਂ, ਸਪੱਸ਼ਟ, ਪਾਰਦਰਸ਼ੀ ਅਤੇ ਉਚਿੱਤ ਕੀਮਤ ਵਾਲੀਆਂ ਥਾਵਾਂ ਨੂੰ ਹੀ ਤਰਜੀਹ ਦਿੰਦਾ ਹੈ। ਇਸ ਤਰ੍ਹਾਂ ਪੰਜਾਬ ਦੀ ਸੁਰੱਖਿਅਤ ਅਤੇ ਪੇਸ਼ੇਵਰ ਤੌਰ ’ਤੇ ਪ੍ਰਬੰਧਿਤ ਮੈਡੀਕਲ ਟੂਰਿਸਟ ਮੰਜ਼ਿਲ ਵਜੋਂ ਪਛਾਣ ਸਥਾਪਤ ਕਰਦਿਆਂ ਮੈਡੀਕਲ ਸੈਲਾਨੀਆਂ ਅਤੇ ਨਿਵੇਸ਼ਕਾਂ ਦੋਵਾਂ ਨੂੰ ਆਕਰਸ਼ਿਤ ਕਰਕੇ ਸੂਬੇ ਦੇ ਵਿਕਾਸ ਨੂੰ ਲੋੜੀਂਦਾ ਹੁਲਾਰਾ ਦਿੱਤਾ ਜਾ ਸਕਦਾ ਹੈ।

ਸੰਪਰਕ: 94637-63331

Advertisement
×