ਸਿਰ ਘਟਦੇ ਵਧਦੇ ਹੁੰਦੇ ਹਨ, ਜੁੜਨੇ ਚਾਹੀਦੇ ਹਨ : The Tribune India

ਸਿਰ ਘਟਦੇ ਵਧਦੇ ਹੁੰਦੇ ਹਨ, ਜੁੜਨੇ ਚਾਹੀਦੇ ਹਨ

ਸਿਰ ਘਟਦੇ ਵਧਦੇ ਹੁੰਦੇ ਹਨ, ਜੁੜਨੇ ਚਾਹੀਦੇ ਹਨ

ਐੱਸ ਪੀ ਸਿੰਘ*

ਕਿਸੇ ਜਿਊਂਦੇ ਜਾਗਦੇ ਧੜਕਦੇ ਲੋਕਤੰਤਰ ਵਿੱਚ ਇੱਕ ਮੋਟੀ ਸਾਰੀ ਸਪੱਸ਼ਟ ਲਕੀਰ ਹੋਣੀ ਜ਼ਰੂਰੀ ਹੁੰਦੀ ਹੈ- ਮਨੁੱਖਤਾ ਦਾ ਕਿੰਨਾ ਵੱਡਾ ਹਿੱਸਾ, ਕਿੰਨੀ ਖ਼ਲਕਤ, ਕਿੰਨੇ ਸਿਰ ਕੋਈ ਮੁਤਾਲਬਾ ਕਰਨ ਤਾਂ ਹਾਕਮ ਕੰਨ ਧਰਦਾ ਹੈ, ਗੱਲ ਸੁਣਦਾ ਹੈ, ਅੜੀ ਤੋਂ ਟਲਦਾ ਹੈ?

ਜੇ ਸਾਰੇ ਫ਼ੈਸਲੇ ਸਿਰਫ਼ ਅਤੇ ਸਿਰਫ਼ ਸਿਰਾਂ ਦੀ ਗਿਣਤੀ ਦੇ ਆਧਾਰ ’ਤੇ ਹੀ ਹੋਣੇ ਸ਼ੁਰੂ ਹੋ ਜਾਣ ਤਾਂ ਦੇਸ਼ ਦਾ ਪ੍ਰਸ਼ਾਸਨ ਸਿਰਫ਼ ਮੁਣਸ਼ੀਪੁਣੇ ਤੱਕ ਮਹਿਦੂਦ ਹੋ ਜਾਵੇਗਾ। ਫਿਰ ਸਾਨੂੰ ਲੋਕਤੰਤਰ ਨਹੀਂ, ਇੱਕ ਚੰਗਾ ਸੌਫਟਵੇਅਰ ਦਰਕਾਰ ਹੋਵੇਗਾ ਜਿੱਥੇ ਲੋਕ ਮੋਬਾਈਲ ਉੱਤੇ ਹੀ ਅੰਗੂਠਾ ਨੱਪ ਦਿਆ ਕਰਨ ਕਿ ਕਿਹੜਾ ਕਾਨੂੰਨ ਠੀਕ ਹੈ, ਕਿਹੜਾ ਗਲਤ? ਉਸੇ ਮੁਤਾਬਿਕ ਦੇਸ਼ ਚਲਿਆ ਕਰੇਗਾ।

ਚੰਗੇ ਭਾਗੀਂ ਲੋਕਤੰਤਰ ਦੇ ਸੰਕਲਪ ਵਿੱਚ ਹੀ ਗਿਣਤੀ ਤੋਂ ਕਿਤੇ ਵਧੇਰੇ ਮਹੱਤਵ ਇਖ਼ਲਾਕ ਵਾਲੀ ਉਸ ਲਕੀਰ ਦਾ ਹੁੰਦਾ ਹੈ। ਹੋਰ ਵੀ ਚੰਗੇ ਭਾਗੀਂ ਵਿਦੇਸ਼ੀ ਹਾਕਮਾਂ ਨਾਲ ਸਾਡੇ ਲੰਮੇ ਸੰਘਰਸ਼ ਵਿੱਚੋਂ ਅਸਾਂ ਇਹ ਵੀ ਸਿੱਖਿਆ ਹੈ ਕਿ ਇਹ ਇਖ਼ਲਾਕੀ ਲਕੀਰ ਆਦਰਸ਼ ਹਾਲਾਤ ਵਿਚ ਬਹੁਤ ਬਰੀਕ ਹੋਣੀ ਚਾਹੀਦੀ ਹੈ। ਭਾਵੇਂ ਬਹੁਗਿਣਤੀ ਇਕ ਹੀ ਵਿਚਾਰ ਨੂੰ ਪ੍ਰਣਾਈ ਹੋਵੇ, ਕਿਸੇ ਮਾਮੂਲੀ ਜਿਹੀ ਘੱਟਗਿਣਤੀ ਦੇ ਹੱਕ-ਹਕੂਕ ਵੀ ਓਨੇ ਹੀ ਸੁਰੱਖਿਅਤ ਹੋਣਗੇ ਜਿੰਨੇ ਕਿਸੇ ਬਲਵਾਨ ਦੇ। ਅਤਿ-ਕਮਜ਼ੋਰ ਦੀ ਭਾਵਨਾ ਦਾ ਵੀ ਓਨਾ ਹੀ ਸਤਿਕਾਰ ਹੋਵੇਗਾ ਜਿੰਨਾ ਕਿਸੇ ਡਾਹਢੇ ਦੀ ਮਰਜ਼ੀ ਦਾ। ਜੇ ਧੱਕੇ ਵਾਲੀ ਸਥਿਤੀ ਬਣੀ ਤਾਂ ਫਿਰ ਕਮਜ਼ੋਰ ਨਾਲ ਖੜ੍ਹੇ ਹੋਣਾ ਇਖ਼ਲਾਕੀ ਤੌਰ ’ਤੇ ਆਇਦ ਹੋਵੇਗਾ।

ਸੱਤ ਦਹਾਕਿਆਂ ਦੇ ਗਣਤੰਤਰੀ ਪ੍ਰਬੰਧ ਨੇ ਭਾਵੇਂ ਇਖ਼ਲਾਕੀ ਲਕੀਰ ਦੀ ਬਰੀਕੀ ਜਾਂ ਮੋਟਾਈ ਬਾਰੇ ਮੁਲਕ ਵਿਚ ਕੋਈ ਮਹੀਨ ਜ਼ਹੀਨ ਸੋਚ ਨਹੀਂ ਬਣਾਈ, ਪਰ ਸਿਰਾਂ ਦੀ ਗਿਣਤੀ ਵਿਚ ਸਾਡੇ ਵਿਸ਼ਵਾਸ ਨੂੰ ਪ੍ਰਪੱਕ ਜ਼ਰੂਰ ਕੀਤਾ ਹੈ। ਸਾਡਾ ਰਾਜਨੀਤਕ ਤੰਤਰ, ਰਾਜਸੀ ਪਾਰਟੀਆਂ, ਕੁਲੀਨ ਵਰਗ ਅਤੇ ਕੁੱਲ ਇੰਤਜ਼ਾਮੀਆ ਘੱਟੋ-ਘੱਟ ਇਹ ਵਿਸ਼ਵਾਸ ਤਾਂ ਰੱਖਦਾ ਹੈ ਕਿ ਸੱਤਾ ਸਿਰਾਂ ਦੀ ਗਿਣਤੀ ਵਿੱਚ ਨਿਵਾਸ ਕਰਦੀ ਹੈ। ਵੱਧ ਤੋਂ ਵੱਧ ਸਿਰ ਉਹਦੇ ਪਾਲੇ ਵਿਚ ਹੋਣ, ਇਹਦੇ ਲਈ ਹਰ ਰਾਜਸੀ ਸ਼ਕਤੀ ਹਰ ਹੀਲਾ ਵਰਤਦੀ ਹੈ।

ਸਰਕਾਰ ਦੇ ਕਿਸੇ ਕਦਮ ਤੋਂ ਨਿਰਾਸ਼ ਖ਼ਲਕਤ ਹੁਣ ਜਾਣਦੀ ਹੈ ਕਿ ਉਹਦੇ ਬਿਆਨੀਏ ਵਿੱਚ ਕਿੰਨੀ ਵੀ ਦਲੀਲ ਹੋਵੇ, ਉਹਦੀ ਦਲੀਲ ਵਿੱਚ ਕਿੰਨਾ ਵੀ ਸਤਿ ਹੋਵੇ, ਉਹਦੇ ਸਤਿ ਦੀ ਕਿੰਨੀ ਵੀ ਇੰਤਹਾ ਹੋਵੇ, ਹੁਣ ਬਾਤ ਸਿਰਾਂ ਦੀ ਗਿਣਤੀ ਨਾਲ ਹੀ ਬਣਦੀ ਹੈ। ਇਸ ਲਈ ਹੁਣ ਸਿਰ ਜੋੜ ਕੇ ਬੈਠਣਾ ਹੀ ਕਾਫ਼ੀ ਨਹੀਂ, ਜੋੜ-ਜੋੜ ਕੇ ਸਿਰ ਇਕੱਠੇ ਕਰਨੇ ਪੈਂਦੇ ਹਨ। ਬਹੁਤ ਸਾਰੇ ਸਿਰ ਸਿੰਘੂ-ਟੀਕਰੀ ’ਤੇ ਜੁੜ ਜਾਣ ਤਾਂ ਕਿਸੇ ਦੇ ਸਿਰ ਵਿੱਚ ਗੱਲ ਪੈਂਦੀ ਹੈ ਕਿ ਕੋਈ ਗੱਲ ਹੈ, ਇਨ੍ਹਾਂ ਦੀ ਵਾਤ ਪੁੱਛੀਏ। ਤਾਂ ਜਾ ਕੇ ਇਨ੍ਹਾਂ ਕਾਵਾਂਰੌਲੀ ਵਾਲੇ ਸਮਿਆਂ ਵਿੱਚ ਟੀਵੀ ਉੱਤੇ, ਅਖ਼ਬਾਰਾਂ ਦੀਆਂ ਸੁਰਖੀਆਂ ਵਿਚ, ਸੱਤਾ ਦੇ ਗਲਿਆਰਿਆਂ ਵਿਚ ਕੋਈ ਬਾਤ ਪੈਂਦੀ ਹੈ।

ਅਚਾਨਕ ਕੋਈ ਵਾਵਰੋਲਾ ਆ ਜਾਵੇ, ਇੱਕ ਜਥਾ ਰਸਤਾ ਭਟਕ ਜਾਵੇ, ਕੋਈ ਹਫੜਾ-ਦਫੜੀ ਮੱਚ ਜਾਵੇ ਤੇ ਬਹੁਤ ਸਾਰੇ ਸਿਰ ਕਿਸੇ ਵਰਦੀ ਜਾਂ ਵਰ੍ਹਦੀ ਹਕੂਮਤ ਦੇ ਡਰੋਂ ਜਾਂ ਉਚਾਟ ਹੋ ਕੇ ਆਪਣੇ ਸ਼ਾਹਰਾਹ ’ਤੇ ਗੱਡੇ ਤੰਬੂਆਂ ਤੋਂ ਟੁਰ ਪੈਣ ਤਾਂ ਸਾਰੀ ਦਲੀਲ ਰੁਲ ਜਾਂਦੀ ਹੈ। ਦਲੀਲ ਵਿਚਲੇ ਸਤਿ ਦੀ ਸ਼ਿੱਦਤ ਸਿਰਾਂ ਦੀ ਗਿਣਤੀ ਨਾਲ ਮਨਸੂਬ ਕਰ ਦਿੱਤੀ ਜਾਂਦੀ ਹੈ। ਸਿਰ ਘਟਦਿਆਂ ਹੀ ਖ਼ਬਰਾਂ ਆਉਣ ਲੱਗ ਪੈਂਦੀਆਂ ਹਨ ਕਿ ਦਲੀਲ ਕਮਜ਼ੋਰ ਹੋ ਗਈ ਹੈ।

ਅਸੀਂ ਬੀਤੇ ਹਫ਼ਤੇ ਇਹ ਕੌਤਕ ਅੱਖਾਂ ਸਾਹਵੇਂ ਵਾਪਰਦਾ ਵੇਖਿਆ। ਹੁਣ ਇਹ ਸਮਝ ਲਗਭਗ ਅਖਾਣ ਤੱਕ ਅੱਪੜ ਚੁੱਕੀ ਹੈ ਕਿ ਸਿਆਸਤ ਸੰਭਾਵਨਾਵਾਂ ਦੀ ਖੇਡ ਹੁੰਦੀ ਹੈ। ਸਿਰਾਂ ਦੇ ਘਟ ਜਾਣ ਨਾਲ ਨਵੀਆਂ ਸੰਭਾਵਨਾਵਾਂ ਉਤਪੰਨ ਹੋ ਸਕਦੀਆਂ ਸਨ। ਚੌਕਾਂ ਉੱਤੇ ਅਚਾਨਕ ਨਵੇਂ ਨਵੇਂ ਮੋਮਨ ਉਮੜ ਆਏ ਸਨ, ਤਿਰੰਗੇ ਦੀ ਸ਼ਾਨ ਬਾਰੇ ਸਭ ਤੋਂ ਉੱਚੀ ਬਾਂਗ ਦੇ ਰਹੇ ਸਨ। ਚਾਣਚੱਕ ਕਿਸੇ ਦਾ ਰੋਣ ਨਿਕਲ ਗਿਆ। ਸਤਿ ਮਿੱਧਦਾ ਵੇਖ ਗਲਾ ਭਰ ਆਇਆ ਤਾਂ ਹਜ਼ਾਰਾਂ ਸਿਰਾਂ ਨੇ ਮੁੜ ਕੇ ਵੇਖਿਆ। ਬਸ ਫੇਰ ਉਨ੍ਹਾਂ ਮੁੜ ਕੇ ਨਹੀਂ ਵੇਖਿਆ, ਅੱਖਾਂ ਪੂੰਝਣ ਉਮੜ ਪਏ। ਸਿਰ ਫਿਰ ਜੁੜਨ ਲੱਗੇ। ਦੂਰ ਤਕ ਇਹ ਸੁਨੇਹਾ ਗਿਆ- ਸਿਰ ਜੇ ਥੁੜ੍ਹਨ ਲੱਗੇ! ਵਹੀਰਾਂ ਫਿਰ ਟੁਰੀਆਂ, ਸਿਰਾਂ ਦਾ ਹੜ੍ਹ ਆ ਗਿਆ। ਨਵੇਂ ਮੋਮਨ ਡੰਡਿਆਂ ਨੂੰ ਦੁਬਾਰਾ ਝੰਡਿਆਂ ਵਿੱਚ ਫਸਾ ਇਉਂ ਗਾਇਬ ਹੋਏ ਜਿਵੇਂ ਕਿਸੇ ਦੇ ਸਿਰ ਤੋਂ ਸਿੰਙ। ਜਿੱਥੇ ਕਦੀ ਕੋਈ ਫਿਸ ਪਿਆ ਸੀ, ਉੱਥੇ ਨਗਰ ਫਿਰ ਵਸ ਗਿਆ। ਗਾਜ਼ੀਪੁਰ ਸਜ ਗਿਆ। ਸਿੰਘੂ-ਟੀਕਰੀ ਵੀ ਬਹਾਰ ਪਰਤੀ।

ਪਰ ਕਿਸੇ ਗਣਤੰਤਰੀ ਲੋਕਤੰਤਰ ਦੀ ਪਰਖ ਹੁੰਦੀ ਹੈ ਕਿ ਉਹ ਇਖ਼ਲਾਕ ਵਾਲੀ ਲਕੀਰ ਪ੍ਰਤੀ ਕਿੰਨਾ ਸੰਜੀਦਾ ਹੈ। ਜੇ ਇੱਕ ਨੂੰ ਪੀੜ ਹੋਵੇ ਤਾਂ ਸਾਰਾ ਤੰਤਰ ਜਾਗ ਜਾਵੇ- ਇਹ ਆਦਰਸ਼ ਹੈ। ਜੇ ਬਹੁਤ ਸਾਰੇ ਸਿਰ ਚੱਲ ਕੇ ਬਰੂਹਾਂ ’ਤੇ ਆ ਜਾਣ ਪਰ ਹਾਕਮ ਨੂੰ ਕਾਈ ਫ਼ਰਕ ਨਾ ਪਵੇ ਤਾਂ ਫਿਰ ਸਮਝੋ ਇਖ਼ਲਾਕ ਵਾਲੀ ਚੂਲ ਹਿੱਲ ਚੁੱਕੀ ਹੈ।

ਹਾਕਮ ਹੁਣ ਮਿੱਥ ਕੇ ਹੀ ਦੱਸ ਦੇਵੇ ਕਿ ਕਿੰਨੇ ਸਿਰ ਕਿਸੇ ਮੁੱਦੇ ’ਤੇ ਇਕ ਰਾਏ ਹੋ ਜਾਣ ਤਾਂ ਉਹ ਆਪਣੇ ਕੀਤੇ ’ਤੇ ਨਜ਼ਰਸਾਨੀ ਕਰੇਗਾ? ਜਾਂ ਕੀ ਹੁਣ ਅਸੀਂ ਸਿਰਾਂ ਦੀ ਗਿਣਤੀ ਵਾਲੇ ਮੁਨਸ਼ੀਪੁਣੇ ਤੋਂ ਵੀ ਹੀਣੇ ਲੋਕਤੰਤਰ ਦੇ ਵਾਸੀ ਹੋ ਗਏ ਹਾਂ? ਸਿਰਾਂ ਦੀ ਗਿਣਤੀ ਤਾਂ ਲੋਕਤੰਤਰ ਦੀ ਆਖ਼ਰੀ ਚੂਲ ਹੁੰਦੀ ਹੈ। ਜੇ ਸਿਰਾਂ ਦੇ ਹੜ੍ਹ ਦੇ ਬਾਵਜੂਦ ਹਕੂਮਤੀ ਸੋਚ ਦਾ ਨੱਕਾ ਨਹੀਂ ਟੁੱਟਦਾ ਤਾਂ ਫਿਰ ਤੰਤਰ ਉਨ੍ਹਾਂ ਲਈ ਮੌਕਾ ਪੈਦਾ ਕਰਦਾ ਹੈ ਜਿਹੜੇ ਉਹਦੀ ਨੱਕ ਭੰਨਣ ਦਾ ਬਿਆਨੀਆ ਜੇਬ ਵਿੱਚ ਪਾਈ ਫਿਰਦੇ ਹਨ।

ਜਦੋਂ ਲਕੀਰਾਂ ਖਿੱਚੀਆਂ ਜਾਣ ਤਾਂ ਸਾਂਝ ਦੇ ਚਿੰਨ੍ਹ ਸਾਡੀਆਂ ਆਪਸੀ ਤੰਦਾਂ ਨੂੰ ਕਾਇਮ ਰੱਖਣ ਦੇ ਕੰਮ ਆਉਣੇ ਚਾਹੀਦੇ ਹਨ। ਸਾਡੇ ਲੋਕਤੰਤਰ ਦੇ ਅਦਾਰਿਆਂ ਉੱਤੇ ਝੂਲਦੇ ਤਿਰੰਗੇ ਅਤੇ ਉਨ੍ਹਾਂ ਅਦਾਰਿਆਂ ਵੱਲੋਂ ਲਏ ਫ਼ੈਸਲਿਆਂ ਖ਼ਿਲਾਫ਼ ਜੂਝਦੀਆਂ ਭੀੜਾਂ ਦੇ ਹੱਥਾਂ ਵਿੱਚ ਫੜੇ ਤਿਰੰਗੇ ਆਪੋ ਵਿੱਚ ਇੱਕ ਘੱਟੋ-ਘੱਟ ਸੂਝ ਦਾ ਨਿਰਮਾਣ ਕਰਦੇ ਹਨ- ਹੋ ਤੁਸੀਂ ਵੀ ਦੇਸ਼ ਦੇ, ਹਾਂ ਅਸੀਂ ਵੀ ਦੇਸ਼ ਲਈ। ਬਾਕੀ ਹਜ਼ਾਰ ਵਖਰੇਵੇਂ ਹੋਣਗੇ, ਪਰ ਲੜਾਈ ਹੈ ਸਾਰੀ ਇਹਦੀ ਆਨ ਬਾਨ ਸ਼ਾਨ ਲਈ।

ਜ਼ਮੀਨ ਕਿਸਾਨ ਕੋਲ ਰਹੇਗੀ, ਕਵਾਨੀਨ ਵਾਪਸ ਹੋਣਗੇ, ਮਜ਼ਦੂਰ ਨੂੰ ਪੂਰੀ ਉਜਰਤ ਮਿਲੇਗੀ, ਹਾਸ਼ੀਏ ‘ਤੇ ਧੱਕੇ ਮਿਹਨਤਕਸ਼ ਗ਼ਰੀਬ ਨੂੰ ਬਣਦਾ ਸਤਿਕਾਰ ਦਿਓਗੇ ਤਾਂ ਝੰਡੇ ਦੀ ਸ਼ਾਨ ਵਧੇਗੀ। ਪਰ ਜੇ ਇੱਕ ਧਿਰ ਇਸ ਸਾਂਝ ਨੂੰ ਜੁਗਤੀਪੂਰਨ (tactical) ਹਥਿਆਰ ਬਣਾ ਦੇਵੇ, ਝੰਡੇ ਉੱਤੇ ਇੱਕ ਖਿਆਲ ਦਾ ਏਕਾਧਿਕਾਰ ਜਤਾ ਦੇਵੇ, ਝੰਡਿਆਂ ਮਲੂਕ ਵਿੱਚ ਮੋਟੇ ਡੰਡੇ ਫਸਾ ਇੱਕ ਭੀੜ ਨੂੰ ਭੇਜੇ ਤਾਂ ਜੋ ਬਰੂਹਾਂ ’ਤੇ ਵਸੇ ਕਿਸੇ ਨਗਰ ਵਿੱਚੋਂ ਸਿਰ ਘਟਾਏ ਜਾ ਸਕਣ ਤਾਂ ਤਿਰੰਗੇ ਪ੍ਰਤੀ ਸਮਰਪਣ ਦੇ ਹਕੂਮਤੀ ਦਾਅਵੇ ਦਾ ਕੀ ਬਚਦਾ ਹੈ? ਜੋੜਨ ਵਾਲੇ ਝੰਡੇ ਵਿੱਚੋਂ ਤੋੜਨ ਵਾਲਾ ਡੰਡਾ ਕੱਢ ਕੇ ਤੁਸੀਂ ਸਿਰਫ਼ ਗਣਤੰਤਰ ਦਾ ਹੀ ਸਿਰ ਫਾੜ ਸਕਦੇ ਹੋ।

ਸਾਡਾ ਲੋਕਤੰਤਰ ਹਾਲੇ ਨਵਾਂ ਹੈ। ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਵਿੱਚ ਵੀ ਝੰਡੇ ਦੀ ਮਰਿਆਦਾ ਨੂੰ ਲੈ ਕੇ ਵੱਡੀਆਂ ਲੜਾਈਆਂ ਬਹਿਸਾਂ ਚੱਲੀਆਂ। ਅੰਤ ਲੜਾਈ ਅਮਰੀਕਾ ਦੀ ਸੁਪਰੀਮ ਕੋਰਟ ਤੱਕ ਪਹੁੰਚੀ। ਦਲੀਲਾਂ ਦਿੱਤੀਆਂ ਗਈਆਂ ਕਿ ਕਿਵੇਂ ਕਿਸੇ ਨੇ ਝੰਡੇ ਦੀ ਬੇਹੁਰਮਤੀ ਕੀਤੀ, ਇਹਨੂੰ ਜਨਤਕ ਤੌਰ ’ਤੇ ਸਾੜਿਆ ਗਿਆ ਅਤੇ ਇੰਝ ਪੂਰੇ ਰਾਸ਼ਟਰ ਦੀ ਹੱਤਕ ਹੋਈ ਹੈ, ਦੇਸ਼ ਦੇ ਮਾਣ-ਸਨਮਾਨ ਨੂੰ ਸੱਟ ਵੱਜੀ ਹੈ ਤਾਂ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਇਆ: ਕਿਉਂ ਜੋ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ, ਵਿਚਾਰ ਨੂੰ ਪ੍ਰਗਟ ਕਰਨ ਦੀ ਆਜ਼ਾਦੀ ਹੈ, ਇਸ ਲਈ ਝੰਡੇ ਨੂੰ ਸਾੜ ਕੇ ਵਿਰੋਧ ਪ੍ਰਗਟ ਕਰਨ ਵਾਲੇ ਵਰਤਾਰੇ ਨੂੰ ਵੀ ਸੰਵਿਧਾਨ ਦੀ ਸੁਰੱਖਿਆ ਪ੍ਰਾਪਤ ਹੈ। ਬੜਿਆਂ ਕਿਹਾ ਇਹ ਕਿਵੇਂ ਹੋ ਸਕਦਾ ਹੈ? ਝੰਡਾ ਤਾਂ ਦੇਸ਼ ਦਾ ਗੌਰਵ ਹੈ। ਜੱਜਾਂ ਦੇ ਟੈਕਸਾਸ ਬਨਾਮ ਜੌਹਨਸਨ (Texas Vs Johnson, 1989) ਵਾਲੇ ਫ਼ੈਸਲੇ ਦੀ ਇਸ ਟੂਕ ਤੋਂ ਕਾਨੂੰਨ ਦਾ ਹਰ ਵਿਦਿਆਰਥੀ ਵਾਕਿਫ ਹੈ- ‘‘ਇਹ ਬੁਨਿਆਦੀ ਨੁਕਤਾ ਹੈ ਕਿ ਇਹ ਝੰਡਾ ਉਨ੍ਹਾਂ ਦੀ ਵੀ ਰੱਖਿਆ ਕਰੇਗਾ ਜਿਹੜੇ ਇਸ ਪ੍ਰਤੀ ਹਿਕਾਰਤ ਰੱਖਦੇ ਹਨ।’’

ਸਮਾਂ ਬੀਤਿਆ। 26 ਸਾਲਾਂ ਬਾਅਦ 2015 ਵਿੱਚ ਕਿਸੇ ਨੇ ਇੱਕ ਦਿਨ ਉਸ ਉਹ ਫ਼ੈਸਲੇ ਵਿੱਚ ਸ਼ਰੀਕ ਰਹੇ ਜਸਟਿਸ ਐਂਟੋਨਿਨ ਸਕਾਲੀਆ ਨੂੰ ਪੁੱਛਿਆ ਕਿ ਤੁਸੀਂ ਇਹ ਫ਼ੈਸਲਾ ਕਿਵੇਂ ਦੇ ਸਕਦੇ ਸੀ? ਉਨ੍ਹਾਂ ਆਪਣੇ ਮਨ ਕੀ ਬਾਤ ਕਹਿ ਦਿੱਤੀ- ‘‘ਮੇਰਾ ਵੱਸ ਚੱਲੇ ਤਾਂ ਹਰ ਉਸ ਬੇਵਕੂਫ਼ ਨੂੰ ਜਿਹੜਾ ਝੰਡੇ ਦੀ ਬੇਹੁਰਮਤੀ ਕਰੇ, ਜੇਲ੍ਹ ਵਿੱਚ ਸੁੱਟ ਦਿਆਂ ਪਰ ਮੈਂ ਕੋਈ ਮਹਾਰਾਜਾ ਨਹੀਂ।’’ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਅਦਾਲਤ ਦਾ ਉਹ ਸਿਰਫ਼ ਸਭ ਤੋਂ ਸ਼ਕਤੀਸ਼ਾਲੀ ਜੱਜ ਹੀ ਤਾਂ ਸੀ। ਸੰਵਿਧਾਨ ਤੋਂ ਉੱਚਾ ਨਹੀਂ ਸੀ ਹੋ ਸਕਦਾ।

ਦੇਸ਼ ਦੀ ਸ਼ਾਨ ਇਖ਼ਲਾਕ ਵਾਲੀ ਲਕੀਰ ਦੀ ਬਰੀਕੀ ਨਾਲ ਜੁੜੀ ਹੁੰਦੀ ਹੈ। ਕੁਝ ਸਿਰ ਮੁਤਾਲਬਾ ਕਰਨ ਤਾਂ ਹਾਕਮ ਝੱਟ ਗੱਲ ਸੁਣੇ, ਇੰਜ ਤੰਤਰ ਨਾਲ ਗਣ ਜੁੜਿਆ ਰਹਿੰਦਾ ਹੈ। ਬਹੁਤ ਸਾਰੇ ਸਿਰ ਜੁੜਨ ਅਤੇ ਹਾਕਮ ਆਪਣੀ ਛੱਡ ਉਨ੍ਹਾਂ ਦੇ ਮਨ ਕੀ ਬਾਤ ਸੁਣੇ ਤਾਂ ਸੰਵਾਦ ਬਣਿਆ ਰਹਿੰਦਾ ਹੈ। ਲਾਲ ਕਿਲ੍ਹੇ ’ਤੇ ਝੂਲੇ ਜਾਂ ਫਹਿਰਾਏ ਕਿਸੇ ਮਿਹਨਤਕਸ਼ ਕਿਸਾਨਾਂ ਦੇ ਕਰਜ਼ੇ ’ਚ ਫਸੇ ਟਰੈਕਟਰ ਉੱਤੇ, ਤਿਰੰਗੇ ਦੀ ਸ਼ਾਨ ਮਿੱਟੀ ’ਚ ਮਿੱਟੀ ਹੁੰਦੇ ਕਿਸਾਨ ਨਾਲ ਜੁੜੀ ਹੋਈ ਹੈ। ਸਿਰ ਵਧ ਵੀ ਸਕਦੇ ਹਨ, ਕਦੀ ਘੱਟ ਵੀ ਹੋ ਸਕਦੇ ਹਨ ਪਰ ਦਲੀਲ ਵੀ ਕਦੀ ਸਿਰਾਂ ਖੁਣੋਂ ਥੁੜ੍ਹੀ ਹੋਈ ਹੈ?

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਚੋਣਾਂ ਦੀ ਚਾਸ਼ਣੀ ’ਚ ਲਪੇਟਿਆ ਬਜਟ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਕਿਸਾਨ ਖੁਦਕੁਸ਼ੀਆਂ: ਕੌਮਾਂਤਰੀ ਵਰਤਾਰਾ

ਬਜਟ 2023 ਅਤੇ ਮੁਲਕ ਦੇ ਬੁਨਿਆਦੀ ਮੁੱਦੇ

ਬਜਟ 2023 ਅਤੇ ਮੁਲਕ ਦੇ ਬੁਨਿਆਦੀ ਮੁੱਦੇ

ਆਖ਼ਿਰ ਇਸ ਦਰਦ ਕੀ ਦਵਾ ਕਯਾ ਹੈ...

ਆਖ਼ਿਰ ਇਸ ਦਰਦ ਕੀ ਦਵਾ ਕਯਾ ਹੈ...

ਪਾਕਿਸਤਾਨ ਸਿਆਸੀ ਦੁਬਿਧਾ ਦੇ ਰਾਹ ’ਤੇ

ਪਾਕਿਸਤਾਨ ਸਿਆਸੀ ਦੁਬਿਧਾ ਦੇ ਰਾਹ ’ਤੇ

ਸ਼ਹਿਰ

View All