ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਡਾ. ਰਣਜੀਤ ਸਿੰਘ

ਜਦੋਂ ਗੁਰੂ ਗੋਬਿੰਦ ਸਿੰਘ ਦਾ ਆਗਮਨ ਹੋਇਆ, ਉਦੋਂ ਸਮਾਜ ਊਚ-ਨੀਚ ਤੇ ਜਾਤ-ਪਾਤ ਦੇ ਬੰਧਨਾਂ ਵਿੱਚ ਬੰਨ੍ਹਿਆ ਹੋਇਆ ਸੀ। ਲੋਕਾਈ ਦੀ ਬਹੁ-ਗਿਣਤੀ ਨੂੰ ਸ਼ੂਦਰ ਆਖ ਪਸ਼ੂਆਂ ਨਾਲੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਸੀ। ਇਸ ਨਾਬਰਾਬਰੀ ਵਿਰੁੱਧ ਗੁਰੂ ਨਾਨਕ ਸਾਹਿਬ ਵੱਲੋਂ ਵਿੱਢੀ ਮੁਹਿੰਮ ਨੂੰ ਅਮਲੀ ਰੂਪ ਦੇ ਕੇ ਗੁਰੂ ਜੀ ਨੇ ਖ਼ਾਲਸੇ ਦੀ ਸਿਰਜਣਾ ਕੀਤੀ ਅਤੇ ਸੰਸਾਰ ’ਚੋਂ ਮਨੁੱਖੀ ਵਿਤਕਰੇ ਨੂੰ ਮੇਟ ਸਾਰਿਆਂ ਨੂੰ ਬਰਾਬਰੀ ਦੀ ਬਖ਼ਸ਼ਿਸ਼ ਕੀਤੀ। ਉਨ੍ਹਾਂ ਆਪਣੇ ਕਥਨ, ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਨੂੰ ਅਮਲੀ ਰੂਪ ਦਿੱਤਾ। ਧਰਮ, ਜਾਤ, ਰੰਗ, ਨਸਲ, ਅਮੀਰੀ ਆਦਿ ਕਾਰਨ ਪਏ ਮਨੁੱਖੀ ਵਿਤਕਰਿਆਂ ਨੂੰ ਇੱਕੋ ਝਟਕੇ ਨਾਲ ਤੋੜ ਸਭਨਾਂ ਨੂੰ ਇੱਕੋ ਨਾਮ ਅਤੇ ਸਰੂਪ ਦੀ ਬਖਸ਼ਿਸ਼ ਕੀਤੀ।

ਗੁਰੂ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਕੇਸਗੜ੍ਹ ਸਾਹਿਬ ਵਿੱਚ ਭਰੇ ਦੀਵਾਨ ’ਚ ਮਿਆਨ ’ਚੋਂ ਲਿਸ਼ਕਦੀ ਤਲਵਾਰ ਕੱਢ ਕੇ ਇੱਕ-ਇੱਕ ਕਰਕੇ ਪੰਜ ਸਿਰਾਂ ਦੀ ਮੰਗ ਕੀਤੀ ਤੇ ਇਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਨਾਲ ਸਿੰਘ ਸਜਾ ਕੇ ਪੰਜ ਪਿਆਰਿਆਂ ਦਾ ਨਾਂ ਦਿੱਤਾ। ਇਸ ਮਗਰੋਂ ਗੁਰੂ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਆਪਣੇ ਆਪ ਨੂੰ ਵੀ ਉਸੇ ਪੰਗਤੀ ਵਿੱਚ ਖੜ੍ਹਾ ਕਰ ਦਿੱਤਾ ਤੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰੂ-ਚੇਲੇ ਦਾ ਫਰਕ ਮੇਟਿਆ।

ਗੁਰੂ ਜੀ ਸਿਰਫ ਨੌ ਵਰ੍ਹਿਆਂ ਦੇ ਸਨ, ਜਦੋਂ ਉਨ੍ਹਾਂ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਨੁੱਖੀ ਹੱਕਾਂ ਦੀ ਰਾਖੀ ਲਈ ਸ਼ਹੀਦੀ ਦੇਣ ਦਿੱਲੀ ਤੋਰਿਆ ਸੀ। ਗੁਰੂ ਜੀ ਨੇ ਚਮਕੌਰ ਦੀ ਗੜ੍ਹੀ ਵਿੱਚ ਆਪਣੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਨੂੰ ਧਰਮ ਯੁੱਧ ਵਿਚ ਸ਼ਹੀਦ ਹੋਣ ਲਈ ਭੇਜਿਆ। ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਨੇ ਨੀਂਹ ਵਿੱਚ ਚਿਣਵਾ ਕੇ ਸ਼ਹੀਦ ਕੀਤਾ। ਗੁਰੂ ਜੀ ਨੇ ਤਲਵਾਰ ਨੂੰ ਕਿਰਪਾਨ ਦੇ ਰੂਪ ਵਿੱਚ ਸਾਰੇ ਸਿੰਘਾਂ ਲਈ ਪਹਿਨਣਾ ਲਾਜ਼ਮੀ ਕਰ ਦਿੱਤਾ ਤਾਂ ਜੋ ਲੋੜ ਪੈਣ ’ਤੇ ਇਸ ਦੀ ਵਰਤੋਂ ਜ਼ੁਲਮ ਵਿਰੁੱਧ ਕੀਤੀ ਜਾ ਸਕੇ। ਸੰਸਾਰ ’ਚੋਂ ਸ਼ਖਸੀ ਰਾਜ ਦੇ ਜ਼ੁਲਮ ਨੂੰ ਖ਼ਤਮ ਕਰਕੇ ਪੰਚਾਇਤੀ ਰਾਜ ਆਧਾਰਤ ਲੋਕਰਾਜ ਦੀ ਨੀਂਹ ਰੱਖੀ। ਸਾਰੇ ਫੈਸਲੇ ਚੁਣੇ ਗਏ ਪੰਜ ਲੋਕ ਆਗੂਆਂ ਰਾਹੀਂ ਕਰਨ ਦੀ ਪਿਰਤ ਪਾਈ। ਖਾਲਸਾ ਰਾਜ ਦਾ ਸੰਕਲਪ ਅਤੇ ਖਾਲਸੇ ਦੀ ਸਿਰਜਣਾ ਇੱਕ ਨਵੇਂ ਇਨਕਲਾਬ ਦਾ ਆਰੰਭ ਸੀ। ਇੰਜ ਦਸਮੇਸ਼ ਪਿਤਾ ਨੇ ਸੰਸਾਰ ਵਿਚ ਰਾਜਨੀਤਕ, ਸਮਾਜਿਕ ਅਤੇ ਸਭਿਆਚਾਰਕ ਇਨਕਲਾਬ ਸਿਰਜਿਆ।

ਗੁਰੂ ਸਾਹਿਬ ਨੇ ਆਪਣੇ ਆਪ ਨੂੰ ਰੱਬ ਆਖਣਾ ਤਾਂ ਦੂਰ ਆਪਣੇ ਆਪ ਨੂੰ ਰੱਬ ਦਾ ਪੈਗੰਬਰ ਵੀ ਨਹੀਂ ਆਖਿਆ, ਸਗੋਂ ਪਰਮਾਤਮਾ ਦਾ ਦਾਸ ਆਖਿਆ:

ਜੋ ਹਮ ਕੋ ਪਰਮੇਸ਼ਰ ਉਚਰਿ ਹੈ।।

ਤੇ ਸਭ ਨਰਕਿ ਕੁੰਡ ਮਹਿ ਪਰਿ ਹੈ।।

ਮੋ ਕੋ ਦਾਸੁ ਤਵਨ ਕਾ ਜਾਨੋ।।

ਯਾ ਮੈਂ ਭੇਦੁ ਨ ਰੰਚ ਪਛਾਨੋ।।

ਮੈਂ ਹੋ ਪਰਮ ਪੁਰਖ ਕੋ ਦਾਸਾ।।

ਦੇਖਨਿ ਆਯੋ ਜਗਤ ਤਮਾਸਾ।।

ਗੁਰੂ ਸਾਹਿਬ ਸਮੇਂ ਸਮਾਜ ਵਿੱਚ ਔਰਤ ਦੀ ਸਥਿਤੀ ਠੀਕ ਨਹੀਂ ਸੀ। ਲੜਕੀ ਦੇ ਜਨਮ ਲੈਂਦਿਆਂ ਹੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਗੁਰੂ ਜੀ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ। ਉਨ੍ਹਾਂ ਹੁਕਮ ਜਾਰੀ ਕੀਤਾ ਕਿ ਜਿਹੜਾ ਲੜਕੀ ਦੀ ਹੱਤਿਆ ਕਰਦਾ ਹੈ, ਉਹ ਉਨ੍ਹਾਂ ਦਾ ਸਿੰਘ ਨਹੀਂ ਹੋ ਸਕਦਾ। ਸੱਚ ਤੇ ਹੱਕ ਦੀ ਕਮਾਈ ਖਾਣ ਵਾਲਾ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਵਾਲਾ ਹੀ ਗੁਰੂ ਜੀ ਦਾ ਸਿੰਘ ਹੋ ਸਕਦਾ ਹੈ। ਗੁਰੂ ਜੀ ਵੱਲੋਂ ਬਖ਼ਸ਼ੀ ਸ਼ਕਤੀ ਹੀ ਸੀ, ਜਿਸ ਨੇ ਬੀਬੀਆਂ ਵਿੱਚ ਦਲੇਰੀ ਭਰੀ। ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ ਸਾਹਿਬਜ਼ਾਦਿਆਂ ਅਤੇ ਸਿੰਘਾਂ ਦਾ ਸ਼ਾਹੀ ਫ਼ੌਜ ਦੇ ਘੇਰੇ ਨੂੰ ਤੋੜ ਸਸਕਾਰ ਕਰਨ ਵਾਲੀ ਬੀਬੀ ਸ਼ਰਨ ਕੌਰ ਹੀ ਸੀ। ਮੁਕਤਸਰ ਦੇ ਮੈਦਾਨ ਵਿੱਚ ਲੋਕ ਸ਼ਕਤੀ ਦੀ ਹੋਈ ਜਿੱਤ ਵਿੱਚ ਮਾਈ ਭਾਗ ਕੌਰ ਦੀ ਅਹਿਮ ਭੂਮਿਕਾ ਸੀ।

ਗੁਰੂ ਜੀ ਨੇ ਕਈ ਭਾਸ਼ਾਵਾਂ ਵਿੱਚ ਬਾਣੀ ਦੀ ਰਚਨਾ ਕੀਤੀ। ਉਨ੍ਹਾਂ ਦੀ ਬਾਣੀ ‘ਜਾਪੁ ਸਾਹਿਬ’ ਨੂੰ ਪਰਮਾਤਮਾ ਦੀ ਉਸਤਤਿ ਦਾ ਸਭ ਤੋਂ ਵੱਡਾ ਖ਼ਜ਼ਾਨਾ ਮੰਨਿਆ ਜਾਂਦਾ ਹੈ। ਫ਼ਾਰਸੀ ’ਚ ਔਰੰਗਜ਼ੇਬ ਨੂੰ ਲਿਖੇ ਜ਼ਫ਼ਰਨਾਮੇ ਨੇ ਉਸ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਵਾਇਆ। ਚਾਰ ਦਹਾਕਿਆਂ ਦੀ ਉਮਰ ’ਚ ਜਿੰਨੇ ਕਾਰਜ ਗੁਰੂ ਜੀ ਨੇ ਕੀਤੇ, ਅੱਜ ਤਕ ਸੰਸਾਰ ’ਚ ਨਾ ਕੋਈ ਕਰ ਸਕਿਆ ਹੈ ਤੇ ਨਾ ਹੀ ਕਰ ਸਕੇਗਾ।

ਗੁਰੂ ਸਾਹਿਬ ਨੇ ਮਨੁੱਖੀ ਬਰਾਬਰੀ ਦੇ ਨਾਲ ਨਾਲ ਆਪਸੀ ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਵੀ ਦਿੱਤਾ। ਗੁਰੂ ਜੀ ਦਾ ਅੰਮ੍ਰਿਤ ਪ੍ਰਾਪਤ ਕਰਕੇ ਸਾਰੇ ਗੁਰਭਾਈ ਬਣ ਜਾਂਦੇ ਹਨ। ਉਨ੍ਹਾਂ ਦਾ ਉਪਦੇਸ਼ ਹੈ, ‘ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।’ ਖ਼ਾਲਸੇ ਦੀ ਸਿਰਜਣਾ ਪਿੱਛੋਂ ਵੱਡੀ ਗਿਣਤੀ ਵਿੱਚ ਜ਼ੁਲਮ ਦੇ ਸਤਾਏ ਹੋਏ ਲੋਕ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸਜਣ ਲਗ ਪਏ। ਇਸ ਇਨਕਲਾਬੀ ਤਬਦੀਲੀ ਨੇ ਮੌਕੇ ਦੇ ਸ਼ਾਸਕਾਂ, ਧਾਰਮਿਕ ਅਤੇ ਸਮਾਜਿਕ ਆਗੂਆਂ ਨੂੰ ਭੈਭੀਤ ਕਰ ਦਿੱਤਾ। ਸ਼ਾਸਨ ਨੇ ਇਸ ਚੇਤਨਾ ਨੂੰ ਖ਼ਤਮ ਕਰਨ ਲਈ ਭਾਰੀ ਫੌਜਾਂ ਨਾਲ ਦਸਮੇਸ਼ ਦੇ ਗੜ੍ਹ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਸ਼ਾਹੀ ਫ਼ੌਜਾਂ ਨੇ 1701 ਤੋਂ 1704 ਦੇ ਵਿਚਕਾਰ ਆਨੰਦਪੁਰ ਸਾਹਿਬ ’ਤੇ ਪੰਜ ਵਾਰ ਹਮਲਾ ਕੀਤਾ। ਚਾਰ ਲੜਾਈਆਂ ਵਿਚ ਸਿੰਘਾਂ ਨੇ ਵੈਰੀ ਦੇ ਦੰਦ ਖੱਟੇ ਕੀਤੇ। ਪੰਜਵੀਂ ਵਾਰ ਭਾਰੀ ਫ਼ੌਜ ਨਾਲ ਫਿਰ ਹਮਲਾ ਕੀਤਾ ਗਿਆ। ਇਹ ਮੁਕਾਬਲਾ ਛੇ ਮਹੀਨੇ ਚੱਲਦਾ ਰਿਹਾ। ਕੋਈ ਪੇਸ਼ ਨਾ ਜਾਂਦੀ ਵੇਖ ਹਾਕਮਾਂ ਵੱਲੋਂ ਇਹ ਪੇਸ਼ਕਸ਼ ਕੀਤੀ ਗਈ ਕਿ ਜੇ ਗੁਰੂ ਜੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦੇਣ ਤਾਂ ਲੜਾਈ ਹਮੇਸ਼ਾ ਲਈ ਬੰਦ ਹੋ ਜਾਵੇਗੀ। ਉਨ੍ਹਾਂ ਵੱਲੋਂ ਸਹੁੰ ਖਾਧੀ ਗਈ। ਖਾਲਸੇ ਦੇ ਹੁਕਮ ਨੂੰ ਮੰਨਦਿਆਂ ਗੁਰੂ ਜੀ ਨੇ ਆਨੰਦਪੁਰ ਸਾਹਿਬ ਛੱਡਣ ਦਾ ਫ਼ੈਸਲਾ ਕਰ ਲਿਆ। ਗੁਰੂ ਸਾਹਿਬ ਅਜੇ ਸਿਰਸਾ ਨਦੀ ਦੇ ਕਿਨਾਰੇ ਹੀ ਪੁੱਜੇ ਸਨ ਕਿ ਸ਼ਾਹੀ ਫ਼ੌਜ ਨੇ ਆਪਣੇ ਵਾਅਦੇ ਤੋਂ ਮੁੱਕਰ ਕੇ ਗੁਰੂ ਜੀ ’ਤੇ ਹਮਲਾ ਕਰ ਦਿੱਤਾ। ਉਸ ਵੇਲੇ ਗੁਰੂ ਜੀ ਨਿਤਨੇਮ ਕਰ ਰਹੇ ਸਨ। ਉਨ੍ਹਾਂ ਦਾ ਨਿਤਨੇਮ ਪੂਰਾ ਹੋਣ ਤਕ ਸਿੰਘਾਂ ਨੇ ਸ਼ਾਹੀ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ। ਅੱਗਿਓਂ ਸਿਰਸਾ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ। ਚੋਖਾ ਕੀਮਤੀ ਸਾਮਾਨ ਅਤੇ ਗੁਰੂ ਜੀ ਦੀ ਬਾਣੀ ਦਰਿਆ ਵਿੱਚ ਰੁੜ੍ਹ ਗਈ। ਗੁਰੂ ਜੀ ਰੋਪੜ ਪਹੁੰਚੇ ਹੀ ਸਨ ਕਿ ਫ਼ੌਜ ਨੇ ਮੁੜ ਹਮਲਾ ਕਰ ਦਿੱਤਾ। ਇਥੇ ਵੀ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ। ਇਥੋਂ ਗੁਰੂ ਜੀ ਚਮਕੌਰ ਸਾਹਿਬ ਪਹੁੰਚੇ, ਜਿੱਥੇ ਉਨ੍ਹਾਂ ਇੱਕ ਹਵੇਲੀ ਵਿੱਚ ਟਿਕਾਣਾ ਕੀਤਾ। ਇਸ ਨੂੰ ਗੜ੍ਹੀ ਆਖਿਆ ਜਾਂਦਾ ਸੀ। ਗੁਰੂ ਜੀ ਨਾਲ ਕੇਵਲ 40 ਸਿੰਘ ਤੇ ਦੋ ਵੱਡੇ ਸਾਹਿਬਜ਼ਾਦੇ ਰਹਿ ਗਏ ਸਨ। ਫ਼ੈਸਲਾ ਕੀਤਾ ਗਿਆ ਕਿ ਸਵੇਰੇ ਪੰਜ-ਪੰਜ ਸਿੰਘ ਗੜ੍ਹੀ ਤੋਂ ਬਾਹਰ ਜਾ ਕੇ ਵੈਰੀ ਦਾ ਮੁਕਾਬਲਾ ਕਰਨਗੇ। ਸਿੰਘਾਂ ਨੇ ਵਾਸਤੇ ਪਾਏ, ‘‘ਗੁਰੂ ਜੀ ਤੁਸੀਂ ਸਾਹਿਬਜ਼ਾਦਿਆਂ ਦੇ ਨਾਲ ਗੜ੍ਹੀ ’ਚੋਂ ਚਲੇ ਜਾਵੋ, ਉਦੋਂ ਤਕ ਅਸੀਂ ਫ਼ੌਜ ਦਾ ਮੁਕਾਬਲਾ ਕਰਾਂਗੇ।’’ ਗੁਰੂ ਜੀ ਰਾਜ਼ੀ ਨਾ ਹੋਏ। ਦੂਜੇ ਦਿਨ ਵਾਰੋ-ਵਾਰੀ ਜਥੇ ਗੜ੍ਹੀ ’ਚੋਂ ਨਿਕਲ ਕੇ ਵੈਰੀ ਨਾਲ ਲੜਦਿਆਂ ਸ਼ਹੀਦੀਆਂ ਪ੍ਰਾਪਤ ਕਰਨ ਲੱਗ ਪਏ। ਜਦੋਂ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦੀ ਵਾਰੀ ਆਈ ਤਾਂ ਗੁਰੂ ਜੀ ਨੇ ਆਪਣੇ ਹੱਥੀਂ ਉਨ੍ਹਾਂ ਨੂੰ ਸ਼ਹਾਦਤ ਲਈ ਤੋਰਿਆ। ਗੁਰੂ ਸਾਹਿਬ ਨੇ ਗੜ੍ਹੀ ’ਤੇ ਖੜੇ ਹੋ ਕੇ ਆਪਣੇ ਸਾਹਿਬਜ਼ਾਦੇ ਨੂੰ ਦਲੇਰੀ ਨਾਲ ਯੁੱਧ ਕਰਦਿਆਂ ਵੇਖਿਆ। ਬਾਬਾ ਅਜੀਤ ਸਿੰਘ ਦੀ ਸ਼ਹਾਦਤ ਪਿੱਛੋਂ ਗੁਰੂ ਜੀ ਨੇ ਆਪਣੇ ਛੋਟੇ ਸਾਹਿਬਜ਼ਾਦੇ ਦੇ ਜਥੇ ਨੂੰ ਬਾਹਰ ਵੇਖਿਆ। ਸ਼ਾਮ ਹੋਣ ਤਕ ਇਸ ਜਥੇ ਨੇ ਵੀ ਸ਼ਹਾਦਤ ਦਾ ਜਾਮ ਪੀ ਲਿਆ। ਗੁਰੂ ਜੀ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਆਖਿਆ, ‘‘ਮੈਂ ਤੁਹਾਡੀ ਅਮਾਨਤ ਤੁਹਾਡੇ ਧਰਮ ਦੀ ਰਾਖੀ ਲਈ ਭੇਟ ਕਰ ਦਿੱਤੀ ਹੈ।’’ ਕੇਵਲ ਪੰਜ ਸਿੰਘ ਰਹਿ ਗਏ ਸਨ। ਗੁਰੂ ਜੀ ਨੇ ਸਾਥੀ ਸਿੰਘਾਂ ਨੂੰ ਕਿਹਾ , ‘‘ਸਵੇਰੇ ਮੈਂ ਇਸ ਜਥੇ ਦੀ ਲੜਾਈ ਦੀ ਅਗਵਾਈ ਕਰਾਂਗਾ।’’ ਪਰ ਸਿੰਘਾਂ ਨੇ ਮੁੜ ਗੁਰੂ ਜੀ ਨੂੰ ਕਿਲ੍ਹਾ ਛੱਡ ਕੇ ਜਾਣ ਦੀ ਬੇਨਤੀ ਕੀਤੀ। ਜਦੋਂ ਗੁਰੂ ਜੀ ਨਾ ਮੰਨੇ ਤਾਂ ਪੰਜ ਸਿੰਘਾਂ ਨੇ ਗੁਰਮਤਾ ਪਾਸ ਕਰਕੇ ਗੁਰੂ ਜੀ ਨੂੰ ਕਿਹਾ, ‘‘ਇਹ ਸਾਡਾ ਹੁਕਮ ਹੈ ਕਿ ਤੁਸੀਂ ਗੜ੍ਹੀ ਛੱਡ ਕੇ ਚਲੇ ਜਾਵੋ।’’ ਇਸ ਮਗਰੋਂ ਗੁਰੂ ਜੀ ਵਿਰੋਧੀ ਫ਼ੌਜਾਂ ਨੂੰ ਵੰਗਾਰਦੇ ਹੋਏ ਦੋ ਸਾਥੀਆਂ ਨਾਲ ਉਥੋਂ ਚਲੇ ਗਏ। ਇੰਜ ਗੁਰੂ ਜੀ ਨੇ ਲੋਕਰਾਜ ਤੇ ਪੰਚਾਇਤੀ ਰਾਜ ਦੀ ਨੀਂਹ ਵੀ ਰੱਖੀ। ਉਨ੍ਹਾਂ ਆਖਿਆ ਕਿ ਸਾਰੇ ਫ਼ੈਸਲੇ ਪੰਜ ਸਿੰਘ ਪੂਰੀ ਸੋਚ ਵਿਚਾਰ ਪਿੱਛੋਂ ਕਰਨਗੇ ਤੇ ਉਹ ਫ਼ੈਸਲਾ ਸਾਰਿਆਂ ਨੂੰ ਮੰਨਣਾ ਪਵੇਗਾ। ਗੁਰੂ ਜੀ ਜਦੋਂ ਰਾਏਕੋਟ ਪੁੱਜੇ ਤਾਂ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ’ਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਹੈ ਤਾਂ ਗੁਰੂ ਜੀ ਦਾ ਪਹਿਲਾ ਪ੍ਰਸ਼ਨ ਸੀ ਕਿ ਸ਼ਹਾਦਤ ਵੇਲੇ ਸਾਹਿਬਜ਼ਾਦੇ ਡਰੇ ਜਾਂ ਘਬਰਾਏ ਤਾਂ ਨਹੀਂ? ਉਨ੍ਹਾਂ ਨੂੰ ਦੱਸਿਆ ਗਿਆ ਕਿ ਸੂੱਬੇ ਵਲੋਂ ਬਹੁਤ ਲਾਲਚ ਦਿੱਤੇ ਗਏ ਪਰ ਉਹ ਅਡੋਲ ਰਹੇ। ਗੁਰੂ ਜੀ ਨੇ ਵਾਹਿਗੁਰੂ ਦਾ ਸ਼ੁਕਰ ਕੀਤਾ ਤੇ ਆਖਿਆ ‘ਹੁਣ ਜ਼ੁਲਮ ਦੀ ਜੜ੍ਹ ਪੁੱਟੀ ਜਾਵੇਗੀ।’

ਗੁਰੂ ਜੀ ਰਾਏਕੋਟ ਤੋਂ ਜਦੋਂ ਖਿਦਰਾਣੇ ਦੀ ਢਾਬ ਪੁੱਜੇ ਤਾਂ ਸ਼ਾਹੀ ਫ਼ੌਜਾਂ ਪਿੱਛਾ ਕਰਦੀਆਂ ਇਥੇ ਵੀ ਪੁੱਜ ਗਈਆਂ ਤੇ ਗੁਰੂ ਸਾਹਿਬ ’ਤੇ ਹਮਲਾ ਕਰ ਦਿੱਤਾ। ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੇ ਲੋਕ ਰੋਹ ਨੂੰ ਤੇਜ਼ ਕਰ ਦਿੱਤਾ ਸੀ। ਕਿਰਤੀ ਕਾਮਿਆਂ ਨੇ ਫ਼ੌਜ ਨੂੰ ਚਾਰੇ ਪਾਸਿਓਂ ਘੇਰ ਲਿਆ। ਸ਼ਾਹੀ ਫ਼ੌਜ ਨੂੰ ਅਜਿਹੀ ਹਾਰ ਦਾ ਮੂੰਹ ਵੇਖਣਾ ਪਿਆ ਕਿ ਮੁੜ ਉਹ ਕਦੇ ਵੀ ਗੁਰੂ ਜੀ ’ਤੇ ਹਮਲਾ ਕਰਨ ਦਾ ਹੌਸਲਾ ਨਾ ਕਰ ਸਕੀ। ਇਹ ਲੋਕ ਸ਼ਕਤੀ ਦੀ ਅਨੌਖੀ ਜਿੱਤ ਸੀ। ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ ਕੇ ਸਦੀਵੀ ਗੁਰੂ ਥਾਪ ਗਏ। ਇੰਜ ਸ਼ਬਦ ਨੂੰ ਗੁਰੂ ਥਾਪ ਕੇ ਉਨ੍ਹਾਂ ਸੰਸਾਰ ਵਿਚ ਲਾਸਾਨੀ ਤੇ ਅਨੋਖੀ ਪਿਰਤ ਪਾਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

* ਮੁੱਖ ਮੰਤਰੀ ਅੱਜ ਦੇਣਗੇ ਬਹਿਸ ਦਾ ਜਵਾਬ * ਸ਼੍ਰੋਮਣੀ ਅਕਾਲੀ ਦਲ ਤੇ ‘ਆ...

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਪੱਛਮੀ ਬੰਗਾਲ ਦੇ ਲੇਖਕਾਂ, ਕਵੀਆਂ, ਕਿਸਾਨਾਂ ਤੇ ਵਿਦਿਆਰਥੀ ਕਾਰਕੁਨਾਂ ਵ...

ਸ਼ਹਿਰ

View All