ਛੇਵੇਂ ਗੁਰੂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਬੋਦਲ ਵਿੱਚ ਸੁਸ਼ੋਭਿਤ ਇਤਿਹਾਸਕ ਗੁਰਦੁਆਰਾ ਸ੍ਰੀ ਗਰਨਾ ਸਾਹਿਬ ’ਤੇ ਹਰ ਸਾਲ ਵਿਸਾਖੀ ਦਾ ਭਾਰੀ ਮੇਲਾ ਲੱਗਦਾ ਹੈ, ਜਿਥੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ’ਚ ਸੰਗਤ ਨਤਮਸਤਕ...
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਬੋਦਲ ਵਿੱਚ ਸੁਸ਼ੋਭਿਤ ਇਤਿਹਾਸਕ ਗੁਰਦੁਆਰਾ ਸ੍ਰੀ ਗਰਨਾ ਸਾਹਿਬ ’ਤੇ ਹਰ ਸਾਲ ਵਿਸਾਖੀ ਦਾ ਭਾਰੀ ਮੇਲਾ ਲੱਗਦਾ ਹੈ, ਜਿਥੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ’ਚ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ। ਰਾਤ ਵੇਲੇ ਕੀਤੀ ਜਾਂਦੀ ਦੀਪਮਾਲਾ ਅਲੌਕਿਕ ਨਜ਼ਾਰਾ ਪੇਸ਼ ਕਰਦੀ ਹੈ। ਗੁਰਦੁਆਰਾ ਸਾਹਿਬ ਦੇ ਬਾਹਰ ਦੂਰ-ਦੂਰ ਤੱਕ ਦੁਕਾਨਾਂ ਸਜਦੀਆਂ ਹਨ ਤੇ ਮੇਲੇ ਵਿੱਚ ਲੱਗੇ ਪੰਘੂੜੇ ਖਿੱਚ ਦਾ ਕੇਂਦਰ ਬਣਦੇ ਹਨ।
ਗੁਰਦੁਆਰਾ ਸਾਹਿਬ ਦੇ ਮੁੱਢਲੇ ਇਤਿਹਾਸ ਦਾ ਸਬੰਧ ਗੁਰੂ ਨਾਨਕ ਪਾਤਸ਼ਾਹ ਦੀ ਛੇਵੀਂ ਜੋਤ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਹੈ। ਇਹ ਗੁਰਦੁਆਰਾ ਜਲੰਧਰ-ਪਠਾਨਕੋਟ ਦੀ ਜਰਨੈਲੀ ਸੜਕ ’ਤੇ ਪੁਰਾਤਨ ਪਿੰਡ ਬੋਦਲ ਵਿੱਚ ਸਥਿਤ ਹੈ।
ਸੰਨ 1606 ਵਿੱਚ ਮੁਗ਼ਲਾਂ ਦੀ ਅੱਤਿਆਚਾਰੀ ਹਕੂਮਤ ਨੂੰ ਢਾਹ ਲਾਉਣ ਲਈ ਜਦੋਂ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਹੋਰ ਸਿੱਖ ਸੰਤਾਂ ਨਾਲ ਸਲਾਹ-ਮਸ਼ਵਰਾ ਕਰਨ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੀਵਾਨ ਸਜਾ ਕੇ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਹਰਿਗੋਬਿੰਦ ਜੀ ਨੂੰ ਸੌਂਪ ਦਿੱਤੀ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੁਗ਼ਲਾਂ ਵਿਰੁੱਧ ਹਥਿਆਰਬੰਦ ਸੰਘਰਸ਼ ਚੁਣਨ ਲਈ ਪਹਿਲਾਂ ਸਿੱਖੀ ਦੇ ਪ੍ਰਚਾਰ ਨੂੰ ਪਹਿਲ ਦਿੱਤੀ। ਸੰਮਤ 1677 ਵਿੱਚ ਦੁਆਬੇ ਦੀ ਦਿਸ਼ਾ ਵਿੱਚ ਸ਼ਿਕਾਰ ਖੇਡਦਿਆਂ ਅਤੇ ਸਿੱਖੀ ਦਾ ਪ੍ਰਚਾਰ ਕਰਦਿਆਂ ਗੁਰੂ ਸਾਹਿਬ ਦਸੂਹਾ ਦੇ ਪਿੰਡ ਬੋਦਲ ਪੁੱਜੇ ਜੋ ਉਸ ਵੇਲੇ ਮੁਸਲਮਾਨਾਂ ਦਾ ਪਿੰਡ ਸੀ, ਜਿੱਥੇ ਗਰਨੇ ਦੇ ਦਰੱਖ਼ਤਾਂ ਦਾ ਜੰਗਲ ਹੋਇਆ ਕਰਦਾ ਸੀ। ਇਹ ਕਥਾ ਬੜੀ ਮਸ਼ਹੂਰ ਹੈ ਕਿ ਜੰਗਲ ਵਿੱਚੋਂ ਲੰਘਦੇ ਗਰਨੇ ਦਾ ਇੱਕ ਸੁੱਕਾ ਛਾਪਾ ਗੁਰੂ ਸਾਹਿਬ ਦੇ ਚੋਲੇ ਨਾਲ ਅੜ ਗਿਆ ਅਤੇ ਗੁਰੂ ਸਾਹਿਬ ਰੁਕ ਗਏ। ਗੁਰੂ ਸਾਹਿਬ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਇਸ ਸੁੱਕੇ ਛਾਪੇ ਨੂੰ ਜ਼ਮੀਨ ਵਿੱਚ ਗੱਡ ਦਿਓ। ਬਾਅਦ ਵਿੱਚ ਗੁਰੂ ਸਾਹਿਬ ਨੇ ਬਚਨ ਕੀਤੇ, ‘‘ਤੂੰ ਸਾਨੂੰ ਅਟਕਾਇਆ ਹੈ, ਤੂੰ ਹਰਾ ਹੋ ਕੇ ਸੰਸਾਰੀ ਜੀਵਾਂ ਦੀਆਂ ਅਟਕਾਂ ਦੂਰ ਕਰੇਗਾ, ਜੋ ਸੱਚੇ ਦਿਲੋਂ ਤੇਰੀ ਛੋਹ ਪ੍ਰਾਪਤ ਕਰਨਗੇ ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ ਅਤੇ ਤੂੰ ਜੁਗੋ-ਜੁੱਗ ਅਟੱਲ ਰਹੇਗਾ।’’ ਇਹ ਬਚਨ ਕਰਕੇ ਗੁਰੂ ਸਾਹਿਬ ਨੌਸ਼ਹਿਰਾ ਪੱਤਣ ਤੋਂ ਬਿਆਸ ਦਰਿਆ ਨੂੰ ਪਾਰ ਕਰ ਕੇ ਗੁਰਦਾਸਪੁਰ ਤੋਂ ਅੰਮ੍ਰਿਤਸਰ ਚਲੇ ਗਏ। ਅੱਠ ਸਾਲ ਬਾਅਦ ਗੁਰੂ ਜੀ ਸੈਨਾ ਸਮੇਤ ਜਦੋਂ ਫਿਰ ਪਿੰਡ ਬੋਦਲ ਵਿਖੇ ਪੁੱਜੇ ਤਾਂ ਗੁਰੂ ਜੀ ਤੋਂ ਵਰ ਪ੍ਰਾਪਤ ਗਰਨੇ ਦਾ ਸੁੱਕਾ ਛਾਪਾ ਇੱਕ ਵੱਡਾ ਦਰੱਖ਼ਤ ਬਣ ਚੁੱਕਿਆ ਸੀ। ਇਸੇ ਦਰੱਖ਼ਤ ਹੇਠ ਗੁਰੂ ਜੀ ਨੇ ਸੈਨਾ ਸਮੇਤ ਕਈ ਦਿਨ ਡੇਰਾ ਰੱਖਿਆ ਅਤੇ ਭਾਈ ਚੂਹੜ ਰਬਾਬੀ ਤੋਂ ਕੀਰਤਨ ਸੁਣਿਆ। ਇਸ ਗੁਰੂ ਵਰ ਪ੍ਰਾਪਤ ਗਰਨੇ ਦੇ ਦਰੱਖ਼ਤ ਦੇ ਨਾਂ ’ਤੇ ਹੀ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਦੀ ਇਮਾਰਤ ਅੱਜ ਇਥੇ ਸੁਸ਼ੋਭਿਤ ਹੈ।
ਸਥਾਨਕ ਕਮੇਟੀ ਦੇ ਸੇਵਾਦਾਰਾਂ ਦੀ ਮਦਦ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਦੇਖਦੀ ਹੈ। ਇਸ ਸਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ 12 ਅਪਰੈਲ ਨੂੰ ਸ੍ਰੀ ਅਖੰਡ ਪਾਠ ਆਰੰਭ ਕੀਤੇ ਗਏ ਹਨ, ਜਿਨ੍ਹਾਂ ਦੇ ਭੋਗ 14 ਅਪਰੈਲ ਨੂੰ ਪਾਏ ਜਾਣਗੇ। ਬੀਤੇ ਕੱਲ੍ਹ ਵਿਸ਼ਾਲ ਪੰਡਾਲ ਵਿੱਚ ਦੀਵਾਨ ਸਜਾਏ ਗਏ ਤੇ ਇਸ ਮੌਕੇ ਕੌਮੀ ਅਤੇ ਕੌਮਾਂਤਰੀ ਪੰਥਕ ਪ੍ਰਚਾਰਕਾਂ, ਰਾਗੀ ਅਤੇ ਢਾਡੀ ਜੱਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਭਲਕੇ 15 ਅਪਰੈਲ ਨੂੰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਵੀ ਹੋਵੇਗਾ।
ਆਸਥਾ ਦਾ ਪ੍ਰਤੀਕ ਬਣਿਆ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਸਿਰਫ਼ ਧਾਰਮਿਕ ਅਸਥਾਨ ਹੀ ਨਹੀਂ, ਸਗੋਂ ਸੇਵਾ, ਸਿਮਰਨ ਅਤੇ ਸਮਰਪਣ ਦਾ ਜੀਵੰਤ ਕੇਂਦਰ ਹੈ। ਸਥਾਨਕ ਕਮੇਟੀ ਦੇ ਸੇਵਾਦਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਚੱਜੀ ਅਗਵਾਈ ਹੇਠ ਗੁਰੂਘਰ ਅੰਦਰ ਹੋ ਰਹੇ ਵਿਕਾਸ ਕਾਰਜ ਸੰਗਤ ਦੀ ਆਸਥਾ ਅਤੇ ਸ਼ਰਧਾ ਨੂੰ ਦਰਸਾਉਂਦੇ ਹਨ। ਆਧੁਨਿਕ ਸਹੂਲਤਾਂ ਨਾਲ ਲੈਸ ਕਮਰੇ, ਵਿਸ਼ਾਲ ਲੰਗਰ ਹਾਲ, ਸੁੰਦਰ ਦੀਵਾਨ ਹਾਲ, ਅਜਾਇਬ ਘਰ ਅਤੇ ਲਾਇਬਰੇਰੀ ਸੰਗਤ ਨੂੰ ਆਤਮਿਕ ਅਤੇ ਇਤਿਹਾਸਕ ਦੋਹਾਂ ਪੱਖਾਂ ਤੋਂ ਜੋੜਦੇ ਹਨ।
ਉੱਚੀ ਥਾਂ ’ਤੇ ਬਣਿਆ ਸਰੋਵਰ ਸੰਗਤ ਨੂੰ ਅਤੁੱਟ ਸ਼ਾਂਤੀ ਦਾ ਅਹਿਸਾਸ ਕਰਵਾਉਂਦਾ ਹੈ, ਜਿੱਥੇ ਇਸ਼ਨਾਨ ਕਰਕੇ ਹਰ ਸ਼ਰਧਾਲੂ ਆਤਮਿਕ ਸੁਖ ਦਾ ਅਹਿਸਾਸ ਕਰਦੇ ਹਨ। ਭੂਰੀ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਨਵੀਂ ਆਲੀਸ਼ਾਨ ਇਮਾਰਤ ਦੀ ਉਸਾਰੀ ਇਸ ਪਵਿੱਤਰ ਅਸਥਾਨ ਦੇ ਭਵਿੱਖ ਨੂੰ ਹੋਰ ਰੌਸ਼ਨ ਕਰੇਗੀ। ਪੁਰਾਣੀ ਇਮਾਰਤ ਦੀ ਸੰਭਾਲ ਨਾਲ ਪਰੰਪਰਾ ਨੂੰ ਜਿਊਂਦਾ ਰੱਖਦੇ ਹੋਏ ਨਵੀਂ ਸੋਚ ਨਾਲ ਅੱਗੇ ਵਧਣ ਦੀ ਇਹ ਕੋਸ਼ਿਸ਼ ਕਾਬਿਲ-ਏ-ਤਾਰੀਫ਼ ਹੈ। ਨਿਸ਼ਚਿਤ ਤੌਰ ’ਤੇ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਭਵਿੱਖ ਵਿੱਚ ਵੀ ਸੰਗਤ ਦੀ ਆਸਥਾ ਦਾ ਕੇਂਦਰ ਬਣਿਆ ਰਹੇਗਾ ਅਤੇ ਸੇਵਾ ਅਤੇ ਸਿਮਰਨ ਦੀ ਇਹ ਜੋਤ ਸਦਾ ਮਘਦੀ ਰਹੇਗੀ।
ਸੰਪਰਕ: 98031-92000

