ਗੁਰਦਿਆਲ ਸਿੰਘ ਦਾ ਪੰਜਾਬੀ ਸਾਹਿਤ ਜਗਤ ਵਿੱਚ ਰਸਮੀ ਦਾਖ਼ਲਾ ਸਤੰਬਰ 1957 ਵਿੱਚ ਪਹਿਲੀ ਕਹਾਣੀ ‘ਭਾਗਾਂ ਵਾਲੇ’ ਪ੍ਰਕਾਸ਼ਿਤ ਹੋਣ ਨਾਲ ਮੰਨਿਆ ਜਾਂਦਾ ਹੈ। ਸਾਹਿਤਕ ਗਤੀਵਿਧੀਆਂ ਵਿੱਚ ਉਸ ਦੀ ਸਰਗਰਮ ਸ਼ਮੂਲੀਅਤ 1952-53 ਤੋਂ ਸ਼ੁਰੂ ਹੋ ਗਈ ਸੀ। ਕਿਸੇ ਰਚਨਾ ਨੂੰ ਲਿਖਣਾ ਤੇ ਲਿਖੇ ਹੋਏ ਨੂੰ ਵਾਰ-ਵਾਰ ਸੋਧ ਕੇ ਨਵੇਂ ਰੂਪ ਵਿੱਚ ਲਿਖਣ ਦੀ ਉਸ ਦੀ ਆਦਤ ਮੁੱਢਲੇ ਦੌਰ ਵਿੱਚ ਹੀ ਬਣ ਗਈ ਸੀ। ਉਸ ਵੱਲੋਂ ਲਿਖੇ ਅਤੇ ਹੱਥ-ਲਿਖਤ ਖਰੜਿਆਂ ਵੱਜੋਂ ਪ੍ਰਾਪਤ ਹੋਏ ਇਕਾਂਗੀ, ਕਵਿਤਾ, ਕਹਾਣੀ, ਨਾਵਲ ਸਮਕਾਲੀ ਸਮਾਜ ਦੀਆਂ ਸਮੱਸਿਆਵਾਂ ਬਾਰੇ ਜਾਂ ਉਨ੍ਹਾਂ ਦੇ ਹੱਲ ਦੇ ਸੁਝਾਅ ਭਰਪੂਰ ਲੇਖ ਹੁੰਦੇ ਸਨ।
ਉਸ ਦੀ ਨਿੱਜੀ ਡਾਇਰੀ ਦੇ ਹਵਾਲਿਆਂ ਅਨੁਸਾਰ: ‘‘ਅੱਜ (16.12.1952) ਸਵੇਰੇ ਹੀ ਸਾਧੂ ਸਿੰਘ ਅਖ਼ਬਾਰ ਲੈ ਕੇ ਆਇਆ ਤੇ ਕਹਿਣ ਲੱਗਾ, ‘ਤੂੰ ਕੋਈ ਰਣਜੀਤ ਨੂੰ ਮਜ਼ਮੂਨ ਭੇਜਿਆ ਸੀ? ਉਸ ਮਜ਼ਮੂਨ ਪੜ੍ਹਨਾ ਸ਼ੁਰੂ ਕੀਤਾ, ‘ਰਹਿਮਤ ਕਿ ਲਾਹਣਤ’, ਗੁਰਦਿਆਲ ਸਿੰਘ ‘ਰਾਹੀ’ ਸਮਾਜ ਸੁਧਾਰਕ ਆਦਿ ਸ਼ਬਦ ਉਹ ਬੋਲਦਾ ਗਿਆ ਤੇ ਮੇਰੇ ਦਿਲ ਵਿੱਚ ਜਿਵੇਂ ਇੱਕ ਸਰੂਰ ਜਿਹਾ ਉਠਦਾ ਜਾਪਿਆ। ਖ਼ੈਰ, ਅੱਜ ਮੈਂ ਪਹਿਲੀ ਵੇਰ ਆਪਣੇ ਜੀਵਨ ਵਿੱਚ ਆਪਣੀ ਇਹ ਸੱਧਰ ਵੀ ਪੂਰੀ ਹੁੰਦੀ ਕਿਸੇ ਹੱਦ ਤੱਕ ਦੇਖੀ।’’
ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਤੇ ਨਾਵਲਕਾਰ ਨਾਨਕ ਸਿੰਘ ਨਾਲ ਉਸ ਦੀ ਲਗਾਤਾਰ ਖ਼ਤੋ-ਕਿਤਾਬਤ ਨੇ ਬੜੀ ਨੇੜਤਾ ਬਣਾ ਦਿੱਤੀ ਸੀ। ਉਹ ਇਨ੍ਹਾਂ ਦੋਹਾਂ ਦੀ ਹਰ ਰਚਨਾ ਨੂੰ ਪੜ੍ਹਦਾ ਤੇ ਆਪਣਾ ਪ੍ਰਤੀਕਰਮ ਜ਼ਰੂਰ ਭੇਜਦਾ।
ਨਾਨਕ ਸਿੰਘ ਦੇ ਨਾਵਲਾਂ ਦਾ ਗੁਰਦਿਆਲ ਸਿੰਘ ਅਜਿਹਾ ਸੰਜੀਦਾ ਪਾਠਕ ਸੀ ਕਿ ਲੋਕ ਸਾਹਿਤ ਰਸਾਲੇ ਵਿੱਚ ਪ੍ਰਕਾਸ਼ਿਤ ਹੋਣ ਵਾਲੇ ਨਾਵਲ ਦਾ ਇਸ਼ਤਿਹਾਰ ਪੜ੍ਹ ਕੇ ਅਗਾਊਂ ਪੈਸੇ ਭੇਜ ਦਿੰਦਾ। ਨਾਵਲ ਦੇ ਛਪਣ ’ਤੇ ਇੰਨੇ ਗਹੁ ਨਾਲ ਪੜ੍ਹਦਾ ਕਿ ਸ਼ਬਦ ਜੋੜਾਂ ਤੱਕ ਦੀਆਂ ਗ਼ਲਤੀਆਂ ਵੀ ਲਿਖ ਕੇ ਭੇਜ ਦਿੰਦਾ। ਗ਼ਲਤੀਆਂ ਜਤਾਉਂਦਾ ਰਹਿੰਦਾ ਤੇ ਪੱਤਰ ਦੇ ਅਖੀਰ ਵਿੱਚ ਲਿਖ ਦਿੰਦਾ, ‘ਤੁਸੀਂ ਕਹੋਗੇ ਮੈਂ ਕੌਣ, ਮੈਂ ਖਾਹਮਖ਼ਾਹ’। ਨਾਨਕ ਸਿੰਘ ਨੂੰ ਅਜਿਹੀ ਖ਼ਤੋ-ਕਿਤਾਬਤ ਬੜੀ ਚੰਗੀ ਲੱਗਦੀ ਤੇ ਉਹ ਵੀ ਇਸੇ ਲਹਿਜੇ ਵਿੱਚ ‘ਮੇਰੇ ਖਾਹਮਖ਼ਾਹ ਜੀ’ ਦੇ ਸੰਬੋਧਨ ਨਾਲ ਹਰ ਪੱਤਰ ਦਾ ਜਵਾਬ ਲਿਖਦੇ।
ਇੱਥੇ ‘ਕਾਗਤਾਂ ਦੀ ਬੇੜੀ’ ਅਤੇ ‘ਆਦਮਖੋਰ’ ਨਾਵਲ ਸਬੰਧੀ ਨਾਨਕ ਸਿੰਘ ਵੱਲੋਂ ਆਏ ਪੱਤਰ ਪਾਠਕਾਂ ਲਈ ਮੂਲ ਰੂਪ ਵਿੱਚ ਹੀ ਦਿੱਤੇ ਜਾ ਰਹੇ ਹਨ:
11 ਫਰਵਰੀ, 1952
ਮੇਰੇ ਪਿਆਰੇ ਸ. ਗੁਰਦਿਆਲ ਸਿੰਘ ਜੀ,
ਤੁਹਾਡਾ ਪ੍ਰਬੰਧਾਂ ਭਰੀ ਚਿੱਠੀ ਲਈ ਧੰਨਵਾਦੀ ਹਾਂ। ਤੁਸਾਂ ਨਾਵਲ ‘ਕਾਗਤਾਂ ਦੀ ਬੇੜੀ’ ਬਾਰੇ ਕੁਝ ਨੁਕਤੇ ਦੱਸ ਕੇ ਉਨ੍ਹਾਂ ਬਾਰੇ ਤਸੱਲੀ ਦੀ ਮੰਗ ਕੀਤੀ ਹੈ।
ਮੈਂ ਇਸ ਵੇਲੇ ਬਹੁਤ ਸਾਰੇ ਰੁਝੇਵਿਆਂ ਵਿੱਚ ਫਸਿਆ ਹੋਇਆ ਹਾਂ, ਜਿਸ ਕਰਕੇ ਜਵਾਬ ਦੇਣ ਦਾ ਕੰਮ ਕਿਸੇ ਹੋਰ ਵੇਲੇ ਉਤੇ ਛੱਡਦਾ ਹੋਇਆ ਤੁਹਾਡੇ ਪਾਸੋਂ ਖਿਮਾ ਮੰਗਦਾ ਹਾਂ। ਦੂਜਾ ਇਸ ਵੇਲੇ ਮੈਨੂੰ ‘ਕਾਗਤਾਂ ਦੀ ਬੇੜੀ’ ਦਾ ਨਾ ਤਾਂ ਪਲਾਟ ਯਾਦ ਹੈ ਨਾ ਉਸ ਵਿਚਲੀਆਂ ਘਟਨਾਵਾਂ ਦਾ ਚੇਤਾ। ਕਿਸੇ ਵੇਹਲੇ ਵੇਲੇ ਕਿਤਾਬ ਫੋਲਾਂਗਾ ਤੇ ਤੁਹਾਡੀ ਚਿੱਠੀ ਸਾਹਵੇਂ ਰੱਖ ਕੇ ਸਾਰੀ ਗੱਲ ਨੂੰ ਘੋਖਾਂਗਾ ਤੇ ਫੇਰ ਤੁਹਾਨੂੰ ਆਪਣੇ ਖਿਆਲ ਲਿਖ ਭੇਜਾਂਗਾ। ਕੀ ਏਡੀ ਕੁ ਮੋਹਲਤ ਦਿਓਗੇ?
ਵੈਸੇ ਮੇਰਾ ਦਿਲ ਕਹਿੰਦਾ ਹੈ ਕਿ ਤੁਸਾਂ ਵਰਗੇ ਸਿਆਣੇ ਆਦਮੀ ਦੀ ਨੁਕਤਾਚੀਨੀ ਬੇਮਤਲਬ ਨਹੀਂ ਹੋ ਸਕਦੀ। ਜ਼ਰੂਰ ਕੁਝ ਨ ਕੁਝ ਨੁਕਸ ਰਹਿ ਗਿਆ ਹੋਵੇਗਾ।
ਕੀ ਕਿਹਾ ਜੇ ਗੁੱਸਾ ਨਾ ਕਰਾਂ? ਤੁਹਾਡੇ ਵਰਗੇ ਬੰਦਿਆਂ ਨੂੰ ਤੇ ਮੈਂ ਲੱਭਦਾ ਫਿਰਦਾ ਹਾਂ ਜੇਹੜੇ ਰੋਂਦਿਆਂ ਨੂੰ ਹਸਾਉਣ ਦਾ ਹੁਨਰ ਜਾਣਦੇ ਨੇ। ਸੋ ਮੇਰੇ ਖਾਹਮਖ਼ਾਹ ਜੀ, ਮੈਂ ਤੁਹਾਡੇ ਉਤੇ ਬੜਾ ਖ਼ੁਸ਼ ਹਾਂ ਕਿ ਚਿਰਾਂ ਪਿੱਛੋਂ ਮੈਨੂੰ ਇੱਕ ਖਾਹਮਖ਼ਾਹ ਮਿਲਿਆ ਹੈ। ਓਈ ਤੇ ਰੋਂਦੂਆਂ ਦੀ ਡਾਕ ਤਾਂ ਬਥੇਰੀ ਔਂਦੀ ਰਹਿੰਦੀ ਹੈ।
ਆਪਦਾ ਦਾ ਦਾਸ
ਨਾਨਕ ਸਿੰਘ
ਨਾਵਲ ਆਦਮਖੋਰ ਸਬੰਧੀ ਲਿਖੇ ਪੱਤਰਾਂ ਦਾ ਜਵਾਬ ਨਾਨਕ ਸਿੰਘ ਵੱਲੋਂ 6 ਫਰਵਰੀ 1953 ਨੂੰ ਆਇਆ ਪਰ ਗੁਰਦਿਆਲ ਸਿੰਘ ਦਾ ਪਾਠਕ ਮਨ ਹਾਲੇ ਸੰਤੁਸ਼ਟ ਨਹੀਂ ਸੀ। ਇਸ ਲਈ ਫਿਰ ਤੋਂ ਪੱਤਰ ਲਿਖ ਕੇ ਸਮਝਾਇਆ ਕਿ ਅਸਲ ਗ਼ਲਤੀ ਕਿੱਥੇ ਹੋਈ ਸੀ। ਇਸ ਦੂਜੇ ਪੱਤਰ ਦਾ ਵੀ ਨਾਨਕ ਸਿੰਘ ਨੇ ਜਵਾਬ ਦਿੱਤਾ:
17 ਫਰਵਰੀ, 1953
ਮੇਰੇ ਪਿਆਰੇ ਸ੍ਰ. ਗੁਰਦਿਆਲ ਸਿੰਘ,
ਚਿੱਠੀ ਤੁਹਾਡੀ ਮਿਲੀ। ਭਲਾ ਤੁਸਾਂ ਮੈਨੂੰ ਇੰਨੇ ਛੋਟੇ ਦਿਲ ਵਾਲਾ ਸਮਝਿਆ ਸੀ? ਤੁਹਾਡਾ ਉਮਰ ਵਾਲਾ ਟੀਚਾ ਦਰੁਸਤ ਸੀ। ਮੈਂ ਹੀ ਗਲਤੀ ਉੱਤੇ ਸਾਂ, ਤੇ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸਾਂ ਇੱਕ ਭਾਰੀ ਭੁੱਲ ਵੱਲ ਮੇਰਾ ਧਿਆਨ ਦਿਵਾਇਆ। ਅਗਲੇ ਐਡੀਸ਼ਨ ਵਿੱਚ ਇਸਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗਾ।
ਜਵਾਬ ਵਿੱਚ ਦੇਰ ਇਸ ਕਰਕੇ ਹੋ ਗਈ ਕਿ ਕੁਝ ਦਿਨਾਂ ਲਈ ਬਾਹਰ ਜਾਣਾ ਪੈ ਗਿਆ ਸੀ। ਇੱਕ ਵਾਰੀ ਫਿਰ ਤਾਕੀਦ ਕਰਦਾ ਹਾਂ ਕਿ ਕਦੀ ਭੁੱਲ ਕੇ ਵੀ ਇਹੋ ਜਾ ਨਾ ਸੋਚਣਾ ਕਿ ਨਾਨਕ ਸਿੰਘ ਤੁਹਾਡਾ ਸ਼ੁਕਰਗੁਜ਼ਾਰ ਹੋਣ ਦੇ ਥਾਂ ਉਲਟਾ ਗੁੱਸੇ ਹੋ ਜਾਏਗਾ। ... ... ...
ਬੜੇ ਨਿੱਘੇ ਪਿਆਰ ਨਾਲ,
ਤੁਹਾਡਾ,
ਨਾਨਕ ਸਿੰਘ
1953-54 ਦੌਰਾਨ ਗੁਰਦਿਆਲ ਸਿੰਘ ਨੇ ਨਾਵਲ ਅਤੇ ਕਹਾਣੀਆਂ ਲਿਖਣ ਦਾ ਮੁੱਢਲਾ ਅਭਿਆਸ ਸ਼ੁਰੂ ਕੀਤਾ। ਇਸ ਦੌਰਾਨ ਲਿਖੀਆਂ ਕਈ ਰਚਨਾਵਾਂ ਦੇ ਵੇਰਵੇ ਤਾਂ ਮਿਲਦੇ ਹਨ ਪਰ ਉਨ੍ਹਾਂ ਵਿੱਚੋਂ ਇੱਕ ਨਾਵਲ ‘ਸ਼ਕੁੰਤਲਾ’ ਦਾ ਅਧੂਰਾ ਕੱਚਾ ਖਰੜਾ ਹੀ ਮਿਲਿਆ ਹੈ।
1953-54 ਵਿੱਚ ਹੀ ਗੁਰਦਿਆਲ ਸਿੰਘ ਨੇ ਸਿੱਖ ਇਤਿਹਾਸ ਨਾਲ ਸਬੰਧਿਤ ਜੈਤੋ ਦੇ ਪ੍ਰਸਿੱਧ ਮੋਰਚੇ ਬਾਰੇ ‘ਗੰਗਸਰ ਦੇ ਸ਼ਹੀਦ’ ਨਾਂ ਦੀ ਪੁਸਤਕ ਲਿਖੀ ਸੀ। ਸੁਭਾਅ ਅਨੁਸਾਰ ਇਸਦਾ ਖਰੜਾ ਪ੍ਰਸਿੱਧ ਸਿੱਖ ਵਿਦਵਾਨ ਡਾ. ਗੰਡਾ ਸਿੰਘ ਕੋਲ ਵਿਸ਼ੇਸ਼ੱਗ ਰਾਏ ਲੈਣ ਉਪਰੰਤ ਪ੍ਰਕਾਸ਼ਨ ਲਈ ਭੇਜਿਆ। ਇਸਦਾ ਪ੍ਰਕਾਸ਼ਨ 1954 ਵਿੱਚ ਦਿੱਲੀ ਤੋਂ ਸੇਵਕ ਸਾਹਿਤ ਭਵਨ ਵੱਲੋਂ ਕੀਤਾ ਗਿਆ। ਇਸ ਦਾ ਮੁੱਖਬੰਦ ਪਿਆਰਾ ਸਿੰਘ ਦਾਤਾ ਨੇ ਲਿਖਿਆ ਸੀ। ਪਰ ਗੁਰਦਿਆਲ ਸਿੰਘ ‘ਰਾਹੀ’ (ਜੈਤੋ ਦੇ ਪੁਰਾਣੇ ਬਜ਼ੁਰਗ ਉਸ ਨੂੰ ਹਾਲੇ ਵੀ ‘ਰਾਹੀ’ ਦੇ ਨਾਂ ਨਾਲ ਹੀ ਜਾਣਦੇ ਹਨ) ਦੇ ਨਾਂ ’ਤੇ ਪ੍ਰਕਾਸ਼ਿਤ ਹੋਈ ਇਸ ਪੁਸਤਕ ਨੂੰ ਗੁਰਦਿਆਲ ਸਿੰਘ ਨੇ ਆਪਣੀਆਂ ਰਚਨਾਵਾਂ ਦੀ ਸੂਚੀ ਵਿੱਚ ਕਦੇ ਸ਼ਾਮਿਲ ਨਹੀਂ ਕੀਤਾ।
1955-56 ਦੇ ਕਹਾਣੀ ਲਿਖਣ ਦੇ ਅਭਿਆਸ ਅਤੇ ਸਫ਼ਲਤਾ ਨੇ ਗੁਰਦਿਆਲ ਸਿੰਘ ਨੂੰ ਕਹਾਣੀ ਵੱਲ ਆਕਰਸ਼ਿਤ ਕਰ ਲਿਆ। ਇਹ ਉਹ ਸਮਾਂ ਹੈ, ਜਦੋਂ ਸੁਤੰਤਰਤਾ ਉਪਰੰਤ ਰਾਜਨੀਤਕ, ਆਰਥਿਕ, ਸਮਾਜਿਕ ਖੇਤਰ ਵਿੱਚ ਪਸਰੀ ਧੁੰਦ ਛਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਪੂੰਜੀਵਾਦੀ ਵਿਕਾਸ ਮਾਰਗ ’ਤੇ ਤੁਰਦੀ ਭਾਰਤ ਅਤੇ ਪੰਜਾਬ ਦੀ ਆਰਥਿਕਤਾ ਦਾ ਮੁਹਾਂਦਰਾ ਆਪਣੇ ਅੰਤਰ-ਵਿਰੋਧਾਂ ਅਤੇ ਤਣਾਅਗ੍ਰਸਤ ਅੰਤਰ-ਸਬੰਧਾਂ ਸਮੇਤ ਉੱਘੜ ਕੇ ਸਾਹਮਣੇ ਆਉਂਦਾ ਹੈ। ਦਿਹਾਤ ਦੇ ਸਮਾਜਿਕ ਜੀਵਨ ਅਤੇ ਸੰਸਥਾਵਾਂ ਦੇ ਕਠੋਰ ਯਥਾਰਥ ਦਾ ਵਿਸ਼ਾਲ ਅਨੁਭਵ, ਦੱਬੇ-ਕੁਚਲੇ ਵਰਗਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਮਾਲਵਾ ਖਿੱਤੇ ਦੇ ਜੀਵਨ ਦਾ ਅਸਲੋਂ ਅਛੂਤਾ ਅਨੁਭਵ ਉਸ ਦੀ ਕਹਾਣੀ ਦਾ ਵਿਸ਼ਾ ਬਣਿਆ। ਨਵਤੇਜ ਸਿੰਘ, ਸੁਖਬੀਰ, ਨਾਨਕ ਸਿੰਘ ਅਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਸਾਂਝ ਨੇ ਉਸ ਅੰਦਰਲੀ ਪ੍ਰਤਿਭਾ ਨੂੰ ਨਿਖਾਰਿਆ। ਭਾਪਾ ਪ੍ਰੀਤਮ ਸਿੰਘ ਵੱਲੋਂ ਮਿਲੇ ਅਨੁਵਾਦ ਦੇ ਲਗਾਤਾਰ ਮੌਕਿਆਂ ਨੇ ਉਸ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਹੋਰ ਨਿਖਾਰਿਆ। ਆਧੁਨਿਕ ਨਿੱਕੀ ਕਹਾਣੀ ਦੇ ਖੇਤਰ ਵਿੱਚ ਗੁਰਦਿਆਲ ਸਿੰਘ ਦਾ ਪ੍ਰਵੇਸ਼ ‘ਪੰਜ ਦਰਿਆ’ ਦੇ ਸਤੰਬਰ 1957 ਅੰਕ ਵਿੱਚ ‘ਭਾਗਾਂ ਵਾਲੇ’ ਕਹਾਣੀ ਦੇ ਪ੍ਰਕਾਸ਼ਨ ਨਾਲ ਹੋਇਆ। ਉਂਜ, ਇਹ ਕਹਾਣੀ ਉਸ ਨੇ ਆਪਣੇ ਕਿਸੇ ਵੀ ਕਹਾਣੀ-ਸੰਗ੍ਰਹਿ ਵਿੱਚ ਸ਼ਾਮਿਲ ਨਹੀਂ ਕੀਤੀ। ਯੁੱਗ ਕਵੀ ਪ੍ਰੋ. ਮੋਹਨ ਸਿੰਘ ਦੀ ਸੰਪਾਦਨਾ ਵਿੱਚ ਛਪਣ ਵਾਲਾ ਇਹ ਸਾਹਿਤਕ ਰਸਾਲਾ ਆਪਣੇ ਮਿਆਰ ਲਈ ਜਾਣਿਆ ਜਾਂਦਾ ਸੀ।
‘ਪ੍ਰੀਤਲੜੀ’ ਅਤੇ ‘ਬਾਲ ਸੰਦੇਸ਼’ ਉਸ ਸਮੇਂ ਦੇ ਸਭ ਤੋਂ ਵੱਧ ਪ੍ਰਸਿੱਧ ਸਾਹਿਤਕ ਸਮਾਜਿਕ ਰਸਾਲੇ ਸਨ। ਗੁਰਦਿਆਲ ਸਿੰਘ ਦੀਆਂ ਕਹਾਣੀਆਂ ਥੋੜ੍ਹੇ-ਥੋੜ੍ਹੇ ਵਕਫ਼ੇ ’ਤੇ ਹੀ ਇਨ੍ਹਾਂ ਵਿੱਚ ਪ੍ਰਕਾਸ਼ਿਤ ਹੋਣ ਲੱਗੀਆਂ। ‘ਬਕਲਮਖ਼ੁਦ’ ਨੇ ਗੁਰਦਿਆਲ ਸਿੰਘ ਲਈ ਇੱਕ ਪਾਠਕ ਵਰਗ ਪੈਦਾ ਕਰ ਦਿੱਤਾ ਅਤੇ ਉਸ ਦਾ ਪੱਕੇ ਪੈਰੀਂ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਕਰਵਾ ਦਿੱਤਾ।
* ਮੁਖੀ ਅਤੇ ਐਸੋਸੀਏਟ ਪ੍ਰੋਫੈਸਰ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਡੀ.ਏ.ਵੀ. ਕਾਲਜ, ਅਬੋਹਰ.
ਸੰਪਰਕ: 9814931880

