ਪੰਜਾਬ ’ਚ ਵਧ ਰਹੀ ਗੈਂਗਸਟਰਵਾਦ ਦੀ ਦਹਿਸ਼ਤ
ਪਹਿਲਾਂ ਸੰਤਾਲੀ ਅਤੇ ਫਿਰ ਚੁਰਾਸੀ ਦਾ ਸੰਤਾਪ ਹੰਢਾਉਣ ਵਾਲਾ ਪੰਜਾਬ ਅੱਜ ਗੈਂਗਸਟਰਵਾਦ ਦੀ ਮਾਰ ਨਾਲ ਕੁਰਲਾ ਰਿਹਾ ਹੈ। ਨਾਜਾਇਜ਼ ਹਥਿਆਰਾਂ ਦੀ ਨੋਕ ’ਤੇ ਲੋਕਾਂ ਨੂੰ ਡਰਾਉਣਾ, ਧਮਕਾਉਣਾ ਤੇ ਉਨ੍ਹਾਂ ਕੋਲੋਂ ਪੈਸੇ ਦੀ ਵਸੂਲੀ ਕਰਨੀ ਜਾਂ ਪੈਸਾ ਅਦਾ ਨਾ ਕਰਨ ’ਤੇ...
ਪਹਿਲਾਂ ਸੰਤਾਲੀ ਅਤੇ ਫਿਰ ਚੁਰਾਸੀ ਦਾ ਸੰਤਾਪ ਹੰਢਾਉਣ ਵਾਲਾ ਪੰਜਾਬ ਅੱਜ ਗੈਂਗਸਟਰਵਾਦ ਦੀ ਮਾਰ ਨਾਲ ਕੁਰਲਾ ਰਿਹਾ ਹੈ। ਨਾਜਾਇਜ਼ ਹਥਿਆਰਾਂ ਦੀ ਨੋਕ ’ਤੇ ਲੋਕਾਂ ਨੂੰ ਡਰਾਉਣਾ, ਧਮਕਾਉਣਾ ਤੇ ਉਨ੍ਹਾਂ ਕੋਲੋਂ ਪੈਸੇ ਦੀ ਵਸੂਲੀ ਕਰਨੀ ਜਾਂ ਪੈਸਾ ਅਦਾ ਨਾ ਕਰਨ ’ਤੇ ਜਾਨੋਂ ਮਾਰ ਦੇਣਾ ਆਦਿ ਤੋਂ ਇਲਾਵਾ ਕਿਸੇ ਸ਼ਾਰਪ ਸ਼ੂਟਰ ਵੱਲੋਂ ਸੁਪਾਰੀ ਲੈ ਕੇ ਕਿਸੇ ਸ਼ਖ਼ਸ ਦਾ ਕਤਲ ਕਰ ਦੇਣਾ ਆਦਿ ਜਿਹੇ ਘਿਨਾਉਣੇ ਕੰਮ ਕਿਸੇ ਵੇਲੇ ਉੱਤਰ ਪ੍ਰਦੇਸ਼, ਬਿਹਾਰ ਜਾਂ ਮਹਾਰਾਸ਼ਟਰ ਜਿਹੇ ਰਾਜਾਂ ਵਿੱਚ ਵਾਪਰਦੇ ਸਨ। ਹੁਣ ਪਿਛਲੇ ਕੁਝ ਸਮੇਂ ਤੋਂ ਇਹ ਸਾਰਾ ਕੁਝ ਪੰਜਾਬ ਦੀ ਧਰਤੀ ’ਤੇ ਵੀ ਵਾਪਰਨਾ ਸ਼ੁਰੂ ਹੋ ਗਿਆ ਹੈ।
ਸੂਬੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਸਦੇ ਖਾਂਦੇ-ਪੀਂਦੇ ਘਰਾਂ ਦੇ ਲੋਕਾਂ ਬਾਰੇ ਪਤਾ ਲਗਾਉਣ ਉਪਰੰਤ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਵਸੂਲ ਕਰਨ ਵਾਲੇ ਗੈਂਗਸਟਰਾਂ ਦੇ ਕਈ ਸਾਰੇ ਗਿਰੋਹ ਇਸ ਵੇਲੇ ਸਰਗਰਮ ਹਨ। ਫਿਰੌਤੀ ਲਈ ਫੋਨ ਕਰਨ ਤੋਂ ਬਾਅਦ ਸਬੰਧਿਤ ਘਰਾਂ ਜਾਂ ਕਾਰੋਬਾਰੀ ਅਦਾਰਿਆਂ ਦੇ ਮੁੱਖ ਦਰਵਾਜ਼ਿਆਂ ’ਤੇ ਗੋਲੀਆਂ ਮਾਰ ਕੇ ਸਬੰਧਿਤ ਪਰਿਵਾਰਾਂ ਨੂੰ ਡਰਾਉਣ ਦਾ ਕੰਮ ਧੜੱਲੇ ਨਾਲ ਕੀਤਾ ਜਾ ਰਿਹਾ ਹੈ। ਮੌਤ ਦੇ ਸਾਏ ਹੇਠ ਜੀਅ ਰਹੇ ਅਜਿਹੇ ਕਈ ਪਰਿਵਾਰ ਬਿਨਾਂ ਕਿਸੇ ਨੂੰ ਕੁਝ ਕਹੇ ਗੈਂਗਸਟਰਾਂ ਨੂੰ ‘ਮਹੀਨਾ’ ਭਰ ਰਹੇ ਹਨ ਤੇ ਆਪਣੀਆਂ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਜਾਨਾਂ ਬਚਾਅ ਰਹੇ ਹਨ। ਦੁੱਖ ਦੀ ਗੱਲ ਹੈ ਕਿ ਪੀੜਤ ਪਰਿਵਾਰਾਂ ਨੂੰ ਪੁਲੀਸ ਦੀ ਕਾਰਗੁਜ਼ਾਰੀ ’ਤੇ ਬਹੁਤਾ ਭਰੋਸਾ ਨਹੀਂ ਹੈ ਤੇ ਉਹ ਕਿਸੇ ਤਰ੍ਹਾਂ ਦੀ ਵੀ ਜਵਾਬੀ ਕਾਰਵਾਈ ਕਰਨ ਜਾਂ ਕਰਵਾਉਣ ਦੀ ਥਾਂ ਆਪਣਾ ਕਾਰੋਬਾਰ ਪੰਜਾਬ ’ਚੋਂ ਸਮੇਟ ਕੇ ਕਿਸੇ ਦੂਜੇ ਸੂਬੇ ’ਚ ਚਲੇ ਜਾਣ ਜਾਂ ਆਪਣੇ ਬੱਚਿਆਂ ਨੂੰ ਦੂਜੇ ਮੁਲਕਾਂ ਵਿੱਚ ਭੇਜ ਕੇ ਸੁਰੱਖਿਅਤ ਕਰਨ ਦਾ ਰਾਹ ਅਪਣਾ ਰਹੇ ਹਨ।
ਪੰਜਾਬ ਅੰਦਰ ਸਿਰ ਚੁੱਕ ਰਹੇ ਗੈਂਗਸਟਰਾਂ ਦੁਆਰਾ ਕੀਤੀਆਂ ਜਾਂਦੀਆਂ ਅਪਰਾਧਕ ਗਤੀਵਿਧੀਆਂ ਹਰ ਰੋਜ਼ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਪਰੇਸ਼ਾਨੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਫਿਰੌਤੀਆਂ ਮੰਗਣ ਅਤੇ ਵਸੂਲ ਕਰਨ ਵਾਲੇ ਗਿਰੋਹਾਂ ਦੀ ਗਿਣਤੀ ਅਤੇ ਹਰੇਕ ਗਿਰੋਹ ਅੰਦਰ ਸ਼ਾਮਲ ਬਦਮਾਸ਼ਾਂ ਦੀ ਗਿਣਤੀ ਨਿਤ ਦਿਨ ਵਧ ਰਹੀ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਨਾਮੀ ਗੈਂਗਸਟਰ ਜੇਲ੍ਹ ਅੰਦਰੋਂ ਜਾਂ ਵਿਦੇਸ਼ਾਂ ਵਿੱਚ ਬੈਠ ਕੇ ਆਪਣਾ ਫਿਰੌਤੀ ਵਸੂਲੀ ਵਾਲਾ ਧੰਦਾ ਚਲਾ ਰਹੇ ਹਨ। ਪੰਜਾਬ ਪੁਲੀਸ ਵੱਲੋ ਨਸ਼ਿਆਂ ਖ਼ਿਲਾਫ਼ ਤਾਂ ਮੁਹਿੰਮ ਵਿੱਢੀ ਗਈ ਹੈ, ਪਰ ਗੈਂਗਸਟਰਾਂ ਵਿਰੁੱਧ ਅਜਿਹੀ ਜੰਗ ਪੂਰੇ ਜੋਸ਼ ਨਾਲ ਲੜੀ ਜਾਂਦੀ ਨਜ਼ਰ ਨਹੀਂ ਆਉਂਦੀ। ਖੁੱਲ੍ਹੇਆਮ ਗੋਲੀਬਾਰੀ ਅਤੇ ਫਿਰੌਤੀ ਦੀ ਖੇਡ, ਖੇਡ ਰਹੇ ਗੈਂਗਸਟਰਾਂ ਦੇ ਮਨਾਂ ਅੰਦਰ ‘ਖਾਕੀ ਦਾ ਖ਼ੌਫ਼’ ਨਜ਼ਰ ਨਹੀਂ ਆ ਰਿਹਾ। ਗੈਂਗਸਟਰ ਗਰੁੱਪਾਂ ਦਰਮਿਆਨ ਗੈਂਗਵਾਰ ਦੀਆਂ ਕਈ ਘਟਨਾਵਾਂ ਨੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਅਸ਼ਾਂਤ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉੱਧਰ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਨਿਤ ਦਿਨ ਪੈਰ ਪਸਾਰਦੇ ਗੈਂਗਸਟਰਵਾਦ ਨਾਲ ਨਜਿੱਠਣ ਸਬੰਧੀ ਬੇਹੱਦ ਲੋੜੀਂਦੀ ਕੋਈ ਠੋਸ ਅਤੇ ਕਾਰਗਰ ਨੀਤੀ ਅਮਲ ਵਿੱਚ ਲਿਆਂਦੀ ਜਾਂਦੀ ਪ੍ਰਤੀਤ ਨਹੀਂ ਹੋ ਰਹੀ ਹੈ। ਫਿਰ ਵੀ 2025 ਵਿੱਚ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ 11 ਗੈਂਗਸਟਰਾਂ ਨੂੰ ਮਾਰ ਮੁਕਾਉਣ ਅਤੇ 896 ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰਦਿਆਂ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਦਾ ਕਹਿਣਾ ਹੈ, ‘‘ਸੂਬਾ ਸਰਕਾਰ ਅਤੇ ਪੰਜਾਬ ਪੁਲੀਸ ਤਾਂ ਸੂਬੇ ਵਿੱਚੋਂ ਗੈਂਗਸਟਰਵਾਦ ਨੂੰ ਖ਼ਤਮ ਕਰਨ ਲਈ ਅਤੇ ਪੰਜਾਬ ਵਾਸੀਆਂ ਨੂੰ ਭੈਅ-ਮੁਕਤ ਮਾਹੌਲ ਪ੍ਰਦਾਨ ਕਰਨ ਸਬੰਧੀ ਪੂਰੀ ਤਰ੍ਹਾਂ ਵਚਨਬੱਧ ਹਨ।’’
ਦੂਜੇ ਪਾਸੇ ਇਸ ਐਂਟੀ ਗੈਂਗਸਟਰ ਟਾਸਕ ਫੋਰਸ ਨਾਲ ਜੁੜੇ ਪੁਲੀਸ ਅਧਿਕਾਰੀ ਗੁਰਮੀਤ ਸਿੰਘ ਚੌਹਾਨ, ਜਿਸ ਨੇ ਨਾਮੀ ਗੈਂਗਸਟਰ ਵਿੱਕੀ ਗੌਂਡਰ ਨੂੰ ਰਾਜਸਥਾਨ ਸਰਹੱਦ ਦੇ ਕੋਲ ਘੇਰ ਕੇ ਢੇਰ ਕਰ ਦਿੱਤਾ ਸੀ, ਸਮੇਤ ਕੁਝ ਹੋਰ ਪੁਲੀਸ ਅਧਿਕਾਰੀ ਵੀ ਇਹ ਮੰਨਦੇ ਹਨ ਕਿ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕੁਝ ਗੈਂਗਸਟਰ ਤਾਂ ਜੇਲ੍ਹ ਜਾਣ ਪਿੱਛੋਂ ਵੀ ਆਪਣੇ ਗੈਂਗ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਅਪਰੈਲ, 2022 ਵਿੱਚ ਗੈਂਗਸਟਰਾਂ ਵੱਲੋਂ ਕੀਤੇ ਗਏ ਪੰਜਾਬੀ ਗਾਇਕ-ਅਦਾਕਾਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਲਗਪਗ ਇੱਕ ਮਹੀਨਾ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੈਂਗਸਟਰਾਂ ਦੇ ਖ਼ਾਤਮੇ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ।
ਪੰਜਾਬ ਇੱਕ ਸਰਹੱਦੀ ਸੂਬਾ ਹੋਣ ਕਰਕੇ ਇੱਥੇ ਸਰਹੱਦ ਪਾਰ ਤੋਂ ਡਰੋਨ ਰਾਹੀਂ ਜਾਂ ਹੋਰ ਤਰੀਕਿਆਂ ਨਾਲ ਹਥਿਆਰ ਅਤੇ ਨਸ਼ੀਲੇ ਪਦਾਰਥ ਅਕਸਰ ਪਹੁੰਚਾਏ ਜਾਂਦੇ ਹਨ ਜਿਨ੍ਹਾਂ ਦੀ ਵਰਤੋਂ ਗੈਂਗਸਟਰਾਂ ਵੱਲੋਂ ਕੀਤੀ ਜਾਂਦੀ ਹੈ। ਪੁਲੀਸ ਕਈ ਕੋਸ਼ਿਸ਼ਾਂ ਕਰਕੇ ਵੀ ਗੈਂਗਸਟਰਾਂ ਨੂੰ ਕਮਜ਼ੋਰ ਕਰਨ ਵਿੱਚ ਨਾਕਾਮ ਰਹਿੰਦੀ ਹੈ। ਕੁਝ ਸਮਾਜ ਵਿਗਿਆਨੀਆਂ ਅਤੇ ਮਨੋਵਿਗਿਆਨੀਆਂ ਦੀ ਦਲੀਲ ਹੈ ਕਿ ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’ ਜਿਹੀ ਸੋਚ ਪੰਜਾਬੀ ਨੌਜਵਾਨਾਂ ਦੇ ਦਿਲਾਂ ਅੰਦਰ ਘਰ ਚੁੱਕੀ ਹੈ। ਨੌਜਵਾਨਾਂ ਵੱਲੋਂ ਹਥਿਆਰਾਂ ਨਾਲ ਤਸਵੀਰਾਂ ਖਿਚਵਾਉਣ ਜਾਂ ਕਿਸੇ ਵਿਆਹ-ਸ਼ਾਦੀ ਜਾਂ ਕਿਸੇ ਹੋਰ ਖ਼ੁਸ਼ੀ ਦੇ ਸਮਾਗਮ ’ਤੇ ਬੰਦੂਕ ਜਾਂ ਪਿਸਤੌਲ ’ਚੋਂ ਫਾਇਰ ਕੱਢਣ ਦੀ ਚਾਹਤ ਅਕਸਰ ਪ੍ਰਗਟਾਈ ਜਾਂਦੀ ਹੈ। ਇੱਥੇ ਹੀ ਬਸ ਨਹੀਂ ਪੰਜਾਬੀ ਗਾਇਕਾਂ ਅਤੇ ਗੀਤਕਾਰਾਂ ਵੱਲੋਂ ਆਪਣੇ ਗੀਤਾਂ ਰਾਹੀਂ ਹਥਿਆਰਾਂ ਦੀ ਵਰਤੋਂ ਕਰਨ ਸਬੰਧੀ ਵਿਖਾਏ ਜਾਂਦੇ ਦ੍ਰਿਸ਼ ਜਾਂ ਬੋਲੇ ਗਏ ਲਫ਼ਜ਼ ਵੀ ਨੌਜਵਾਨਾਂ ਦੀ ਮਨੋਬਿਰਤੀ ਨੂੰ ਪ੍ਰਭਾਵਿਤ ਕਰਦੇ ਹਨ। 1990 ਅਤੇ ਉਸ ਤੋਂ ਬਾਅਦ ਦੇ ਕੁਝ ਸਾਲਾਂ ਵਿੱਚ ਪੰਜਾਬੀ ਨੌਜਵਾਨਾਂ ਨੂੰ ਦੁਨਾਲੀ ਬੰਦੂਕ ਹੱਥ ’ਚ ਫੜ ਕੇ ਤੁਰਨ ਅਤੇ ਬੁਲੇਟ ਮੋਟਰਸਾਈਕਲ ’ਤੇ ਗੇੜੀਆਂ ਲਗਾਉਣ ਸਬੰਧੀ ਦ੍ਰਿਸ਼ ਪ੍ਰਭਾਵਿਤ ਕਰਦੇ ਸਨ, ਪਰ ਅੱਜਕੱਲ੍ਹ ਦੇ ਨੌਜਵਾਨ ਵੱਡੀਆਂ-ਵੱਡੀਆਂ ਕਾਰਾਂ ਜਾਂ ਜੀਪਾਂ ’ਤੇ ਘੁੰਮਣ ਅਤੇ ‘ਗਲੌਕ’ ਜਿਹੇ ਵਿਦੇਸ਼ੀ ਪਿਸਤੌਲਾਂ ਸਣੇ ਹੋਰ ਆਟੋਮੈਟਿਕ ਹਥਿਆਰਾਂ ਨਾਲ ਵਿਖਾਏ ਜਾਂਦੇ ਹਿੰਸਾ-ਭਰਪੂਰ ਦ੍ਰਿਸ਼ਾਂ ਤੋਂ ਪ੍ਰਭਾਵਿਤ ਹਨ। ਪੰਜਾਬੀ ਗੀਤਾਂ ਅਤੇ ਫਿਲਮਾਂ ਵਿੱਚ ਹਿੰਸਾ ਭਰਪੂਰ ਦ੍ਰਿਸ਼ਾਂ ਨੂੰ ਬੜਾ ਦਿਲਖਿੱਚਵਾਂ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜੋ ਨੌਜਵਾਨਾਂ ਦੀ ਮਾਨਸਿਕਤਾ ਨੂੰ ਪ ੍ਰਭਾਵਿਤ ਕਰਦਾ ਹੈ। ਇੱਕ ਹੋਰ ਦੁੱਖਦਾਇਕ ਤੱਥ ਇਹ ਵੀ ਹੈ ਕਿ ਪੰਜਾਬੀ ਸੰਗੀਤ ਅਤੇ ਫਿਲਮ ਜਗਤ ਉੱਤੇ ਵੀ ਗੈਂਗਸਟਰ ਜਗਤ ਦਾ ਸਾਇਆ ਸਾਫ਼-ਸਾਫ਼ ਨਜ਼ਰ ਆਉਂਦਾ ਹੈ।
ਅੰਕੜਿਆਂ ਅਨੁਸਾਰ ਸਾਲ 2023 ਤੋਂ 2025 ਦੇ ਦਰਮਿਆਨ ਗੈਂਗਸਟਰਾਂ ਵੱਲੋਂ ਲੋਕਾਂ ਨੂੰ ਧਮਕਾਉਣ ਅਤੇ ਫਿਰੌਤੀ ਮੰਗਣ ਸਬੰਧੀ 569 ਐੱਫ਼.ਆਈ.ਆਰ. ਦਰਜ ਕੀਤੀਆਂ ਗਈਆਂ ਸਨ। ਪੁਲੀਸ ਦਾ ਇਹ ਵੀ ਮੰਨਣਾ ਹੈ ਕਿ ਜਾਅਲੀ ਪਾਸਪੋਰਟ ਜਾਂ ਹੋਰ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਬਹੁਤ ਸਾਰੇ ਗੈਂਗਸਟਰ ਵਿਦੇਸ਼ਾਂ ਨੂੰ ਭੱਜ ਜਾਂਦੇ ਹਨ। ਸਰਬੀਆ, ਕੀਨੀਆ, ਈਥੋਪੀਆ, ਅਮਰੀਕਾ ਅਤੇ ਕੈਨੇਡਾ ਆਦਿ ਉਨ੍ਹਾਂ ਲਈ ਸੁਰੱਖਿਅਤ ਪਨਾਹਗਾਹਾਂ ਹਨ। ਉਹ ਇਨ੍ਹਾਂ ਮੁਲਕਾਂ ਤੱਕ ਪੁੱਜਣ ਲਈ ਗ਼ੈਰਕਾਨੂੰਨੀ ਰਸਤਿਆਂ ਦੀ ਵਰਤੋਂ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਇੱਕ ਵਾਰ ਉਹ ਭਾਰਤ ਤੋਂ ਬਾਹਰ ਚਲੇ ਗਏ ਤਾਂ ਉਨ੍ਹਾਂ ਨੂੰ ਵਾਪਸ ਭਾਰਤ ਲਿਆਉਣ ਦੀ ਪ੍ਰਕਿਰਿਆ ਕਾਫ਼ੀ ਪੇਚੀਦਗੀਆਂ ਭਰੀ ਹੈ। ਵਿਦੇਸ਼ਾਂ ’ਚ ਬੈਠ ਕੇ ਗੈਂਗਸਟਰਾਂ ਵੱਲੋਂ ਪੰਜਾਬ ਦੇ ਕਾਰੋਬਾਰੀਆਂ ਨੂੰ ਕੀਤੀਆਂ ਜਾ ਰਹੀਆਂ ਫਿਰੌਤੀ ਦੇ ਫੋਨਾਂ ਬਾਰੇ ਪਤਾ ਲਗਾ ਪਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ ਕਿਉਂਕਿ ਇਹ ਗੈਂਗਸਟਰ ਅਸਲ ਵਿੱਚ ਵੀ.ਪੀ.ਐੱਨ. ਭਾਵ ਵਰਚੂਅਲ ਪ੍ਰਾਈਵੇਟ ਨੰਬਰ ਦੀ ਵਰਤੋਂ ਕਰਕੇ ਫੋਨ ਕਰਦੇ ਹਨ।
ਪੰਜਾਬੀ ਗੀਤ-ਸੰਗੀਤ ਜਗਤ ਨਾਲ ਜੁੜੇ ਜਾਣਕਾਰਾਂ ਦਾ ਮੰਨਣਾ ਹੈ ਕਿ ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਵਿੱਚ ਪੰਜਾਬ ਅੰਦਰ ਗੈਂਗਸਟਰ ਸ਼ਬਦ ਬੜੇ ਹੀ ਸੋਹਿਲੇ ਗਾਉਣ ਜਿਹੇ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਜਦੋਂ ਜ਼ਿਲ੍ਹਾ ਫਰੀਦਕੋਟ ਨਾਲ ਸਬੰਧਿਤ ਡਿੰਪੀ ਚੰਦਭਾਨ ਉਰਫ਼ ਪ੍ਰਭਜਿੰਦਰ ਸਿੰਘ ਬਰਾੜ ਨਾਮਕ ਇੱਕ ਬਦਨਾਮ ਗੈਂਗਸਟਰ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਮੱਖਣ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਕਿਸੇ ਪੰਜਾਬੀ ਗਾਇਕ ਨੇ ਇੱਕ ਗੀਤ ਗਾ ਕੇ ਡਿੰਪੀ ਦੀ ਮਹਿਮਾ ਕੀਤੀ ਸੀ ਤੇ ਉਸ ਗੀਤ ਦੇ ਬੋਲ ਸਨ, ‘‘ਨੀਂ ਟੇਢੀ ਪੱਗ ਬੰਨ੍ਹੇਂ ਡਿੰਪੀ ਚੰਦਭਾਨ ਵਰਗੀ’। ਹਥਿਆਰਾਂ ਦੀ ਨੋਕ ’ਤੇ ਅਮੀਰਾਂ ਨੂੰ ਲੁੱਟ ਕੇ ਗ਼ਰੀਬਾਂ ਦੀ ਮਦਦ ਕਰਨ ਵਾਲੇ ‘ਦੁੱਲਾ ਭੱਟੀ’, ‘ਜੱਗਾ ਡਾਕੂ’ ਅਤੇ ‘ਜਿਊਣਾ ਮੌੜ’ ਆਦਿ ਜਿਹੇ ਰੌਬਿਨਹੁੱਡਨੁਮਾ ਕਿਰਦਾਰ ਪੰਜਾਬੀ ਸਾਹਿਤ ਅਤੇ ਸੰਗੀਤ ਜਗਤ ਵਿੱਚ ਸਦਾ ਹੀ ਸਤਿਕਾਰੇ ਅਤੇ ਸਲਾਹੇ ਜਾਂਦੇ ਹਨ। ਪੰਜਾਬ ਅੰਦਰ ਨਕਸਲਵਾਦ ਅਤੇ ਖਾੜਕੂਵਾਦ ਨਾਲ ਸਬੰਧਿਤ ਕੁਝ ਆਗੂਆਂ ਨੂੰ ਵੀ ਪੰਜਾਬੀ ਨੌਜਵਾਨਾਂ ਨੇ ਆਪਣੇ ਰੋਲ ਮਾਡਲ ਮੰਨਣਾ ਸ਼ੁਰੂ ਕੀਤਾ ਸੀ। ਅੱਜ ਵੀ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਅਰਸ਼ ਡੱਲਾ ਆਦਿ ਜਿਹੇ ਗੈਂਗਸਟਰ ਅਤੇ ਬੰਬੀਹਾ ਗਰੁੱਪ ਆਦਿ ਜਿਹੇ ਗੈਂਗਸਟਰ ਗਰੁੱਪਾਂ ਦਾ ਜ਼ਿਕਰ ਪੰਜਾਬੀ ਸੰਗੀਤ ਜਗਤ ਵਿੱਚ ਕੀਤਾ ਜਾਂਦਾ ਹੈ। ਮਹਿੰਗੀਆਂ ਕਾਰਾਂ, ਜੀਪਾਂ ਅਤੇ ਹਥਿਆਰਾਂ ਸਮੇਤ ਹਿੰਸਾਤਮਕ ਅਤੇ ਉਕਸਾਊ ਸ਼ਬਦਾਂ ਅਤੇ ਦ੍ਰਿਸ਼ਾਂ ਦੀ ਵਰਤੋਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾਂਦੀ ਹੈ।
ਪੰਜਾਬ ਵਿੱਚ ਚੱਲ ਰਹੀ ਗੈਂਗਵਾਰ ਨਾਲ ਉਂਜ ਤਾਂ ਪੰਜਾਬ ਪੁਲੀਸ ਨੂੰ ਲਾਭ ਹੀ ਹੋ ਰਿਹਾ ਹੈ ਕਿਉਂਕਿ ਗੈਂਗਸਟਰਾਂ ਨੂੰ ਫੜਨ ਜਾਂ ਮਾਰਨ ਦੀ ਜ਼ਿੰਮੇਵਾਰੀ ਪੁਲੀਸ ਦੀ ਹੈ ਤੇ ਇਹ ਕੰਮ ਗੈਂਗਸਟਰ ਆਪ ਹੀ ਕਰੀ ਜਾ ਰਹੇ ਹਨ। ਇਸ ਦੀ ਇੱਕ ਮਿਸਾਲ ਚੰਡੀਗੜ੍ਹ ਦੇ ਸੈਕਟਰ 26 ਵਿੱਚ ਬਿਸ਼ਨੋਈ ਗੈਂਗ ਵੱਲੋਂ ਇੰਦਰਪ੍ਰੀਤ ਪੈਰੀ ਦੇ ਕਤਲ ਤੋਂ ਬਾਅਦ ਫੇਸਬੁੱਕ ’ਤੇ ਪਾਈ ਗਈ ਇਬਾਰਤ ਤੋਂ ਸਪੱਸ਼ਟ ਹੁੰਦੀ ਹੈ। ਫੇਸਬੁੱਕ ’ਤੇ ਪੋਸਟ ਪਾਉਂਦਿਆਂ ਆਰਜ਼ੂ ਬਿਸ਼ਨੋਈ, ਹਰੀ ਬਾਕਸਰ, ਸ਼ੁਭਮ ਲੌਂਕਰ ਅਤੇ ਹਰਮਨ ਸੰਧੂ ਨੇ ਲਿਖਿਆ ਸੀ, ‘‘ਅਸੀਂ ਪੈਰੀ ਨੂੰ ਮਾਰਨ ਦੀ ਜ਼ਿੰਮੇਵਾਰੀ ਲੈਂਦੇ ਹਾਂ। ਪੈਰੀ ਦਰਸਅਲ ਸਾਰੀਆਂ ਕਲੱਬਾਂ ਤੋਂ ਪੈਸਾ ਉਗਰਾਹਿਆ ਕਰਦਾ ਸੀ ਤੇ ਸਾਡੇ ਦੁਸ਼ਮਣਾਂ ਗੋਲਡੀ ਅਤੇ ਰੋਹਿਤ ਨੂੰ ਫੋਨ ਕਰਦਾ ਸੀ। ਇਸੇ ਕਰਕੇ ਅਸੀਂ ਉਸ ਦਾ ਕੰਮ ਤਮਾਮ ਕਰ ਦਿੱਤਾ।’’ ਇਸੇ ਤਰ੍ਹਾਂ ਲੁਧਿਆਣਾ ਦੇ ਕਿਲ੍ਹੇਨੁਮਾ ਬਣੇ ‘ਬਾਠ ਕਾਸਲ’ ਨਾਮਕ ਮੈਰਿਜ ਪੈਲੇਸ ਅੰਦਰ ਚੱਲ ਰਹੇ ਇੱਕ ਵਿਆਹ ਸਮਾਗਮ ਅੰਦਰ ਲਗਪਗ ਦੋ ਦਰਜਨ ਗੋਲੀਆਂ ਚੱਲੀਆਂ ਸਨ ਤੇ ਦੋ ਵਿਅਕਤੀਆਂ ਦੀ ਮੌਤ ਹੋਈ ਸੀ। ਇਸ ਗੋਲੀਬਾਰੀ ਦਾ ਕਾਰਨ ਦੋ ਵਿਰੋਧੀ ਗਰੁੱਪਾਂ ਦੇ ਅੰਕੁਰ ਅਤੇ ਸ਼ੁਭਮ ਮੋਟਾ ਨਾਮਕ ਗੈਂਗਸਟਰਾਂ ਦੀ ਉੱਥੇ ਮੌਜੂਦਗੀ ਕਾਰਨ ਉੱਭਰਿਆ ਤਕਰਾਰ ਸੀ।
ਇਹ ਗੱਲ ਸੱਚ ਹੈ ਕਿ ਪੰਜਾਬ ਅੰਦਰ ਖਾੜਕੂਵਾਦ ਨੂੰ ਹਵਾ ਦੇਣ ਦੇ ਨਾਲ-ਨਾਲ ਵਿੱਤੀ ਅਤੇ ਹਥਿਆਰਬੰਦਕ ਮਦਦ ਪ੍ਰਦਾਨ ਕਰਨ ਵਾਲੇ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਨੇ ਹੁਣ ਗੈਂਗਸਟਰਾਂ ਦੀ ਵਰਤੋਂ ਆਪਣੇ ਮਾੜੇ ਮਨਸੂਬਿਆਂ ਨੂੰ ਸਿਰੇ ਚਾੜ੍ਹਨ ਲਈ ਕਰਨੀ ਸ਼ੁਰੂ ਕੀਤੀ ਹੋਈ ਹੈ। ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਨੇ ਹੁਣ ਇੰਟਰਨੈੱਟ ਦੀ ਵਰਤੋਂ ਕਰਕੇ ਯੂਟਿਊਬ ਵੀਡੀਓਜ਼ ਰਾਹੀਂ ਭਾਰਤ ਦੇ ਅੰਦਰ ਅਤੇ ਭਾਰਤ ਤੋਂ ਬਾਹਰ ਬੈਠੇ ਗੈਂਗਸਟਰਾਂ ਨੂੰ ਹਥਿਆਰ ਚਲਾਉਣ ਅਤੇ ਵਿਸ਼ੇਸ਼ ਕਰਕੇ ਗ੍ਰਨੇਡ ਭਾਵ ਹਥਗੋਲੇ ਸੁੱਟਣ ਦੀ ਸਿਖਲਾਈ ਦੇਣ ਦਾ ਕੁਚੱਜਾ ਕੰਮ ਸ਼ੁਰੂ ਕੀਤਾ ਹੋਇਆ ਹੈ। ਭਾਰਤ ਅੰਦਰ ਮੌਜੂਦ ਅਤਿਵਾਦੀਆਂ ਦੇ ‘ਸਲੀਪਰ ਸੈੱਲ’ ਬੇਰੁਜ਼ਗਾਰ ਨੌਜਵਾਨਾਂ ਨੂੰ ਚੰਦ ਰੁਪਿਆਂ ਦਾ ਲਾਲਚ ਦੇ ਕੇ ਉਕਤ ਸਿਖਲਾਈ ਦਿਵਾਉਂਦੇ ਹਨ ਤੇ ਫਿਰ ਇਹ ਨੌਜਵਾਨ ਪੁਲੀਸ ਥਾਣਿਆਂ ਅਤੇ ਚੌਂਕੀਆਂ ’ਤੇ ਗ੍ਰਨੇਡ ਸੁੱਟਣ ਦੇ ਕਾਰਜ ਨੂੰ ਅੰਜਾਮ ਦਿੰਦੇ ਹਨ। ਸੋ ਪੰਜਾਬ ਵਿੱਚ ਪਸਰ ਰਹੇ ਗੈਂਗਸਟਰਾਂ ਦੇ ਪਿੱਛੇ ਪਾਕਿਸਤਾਨੀ ਹੱਥ ਪੂਰੀ ਤਰ੍ਹਾਂ ਨਾਲ ਸ਼ਾਮਲ ਹੈ। ਦੁਬਈ ਬੈਠੇ ਗੈਂਗਸਟਰ ਸ਼ਹਿਜ਼ਾਦ ਭੱਟੀ ਨੇ ਅਮਰੀਕਾ ਬੈਠੇ ਹੈਂਡਲਰ ਅਮਨਦੀਪ ਸਿੰਘ ਉਰਫ਼ ਅਮਨ ਪੰਨੂ ਨਾਲ ਮਿਲ ਕੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ 20 ਤੋਂ 30 ਹਜ਼ਾਰ ਰੁਪਏ ਪ੍ਰਤੀ ‘ਕੰਮ’ ਦੇ ਹਿਸਾਬ ਨਾਲ ਭਰਤੀ ਕੀਤਾ ਸੀ ਤੇ ਪੰਜਾਬ ਅੰਦਰ ਪੁਲੀਸ ਦੇ ਟਿਕਾਣਿਆਂ ’ਤੇ ਗ੍ਰਨੇਡ ਹਮਲੇ ਕਰਵਾਏ ਸਨ। ਇੱਥੇ ਇਹ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹੈ ਕਿ ਇਨ੍ਹਾਂ ‘ਵਰਤੇ’ ਗਏ ਨੌਜਵਾਨਾਂ ਦਾ ਪਹਿਲਾਂ ਕੋਈ ਵੀ ਅਪਰਾਧਕ ਰਿਕਾਰਡ ਨਹੀਂ ਸੀ।
ਸੋ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਅੰਦਰ ਗੈਂਗਸਟਰਵਾਦ ਦਾ ਪਸਾਰ ਕਾਫ਼ੀ ਚਿੰਤਾਜਨਕ ਹੈ। ਪੁਲੀਸ ਵੱਲੋਂ ਇਸ ਗੈਂਗਸਟਰਵਾਦ ਨਾਲ ਨਜਿੱਠਣ ਲਈ ਭਾਵੇਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸੂਬਾ ਸਰਕਾਰ ਦਾ ਰੁਖ਼ ਵੀ ਇਸ ਸਬੰਧੀ ਕਾਫ਼ੀ ਸਖ਼ਤ ਅਤੇ ਸਪੱਸ਼ਟ ਹੈ, ਪਰ ਫਿਰ ਵੀ ਹਾਲ ਦੀ ਘੜੀ ਗੈਂਗਸਟਰਾਂ ਦਾ ਪੱਲੜਾ ਭਾਰਾ ਵਿਖਾਈ ਦੇ ਰਿਹਾ ਹੈ। ਲੋੜ ਹੈ ਕਿ ਅਤਿਵਾਦ ਦੀ ਤਰ੍ਹਾਂ ਪੰਜਾਬ ਅੰਦਰੋਂ ਗੈਂਗਸਟਰਵਾਦ ਨੂੰ ਖ਼ਤਮ ਕਰਨ ਲਈ ਸੂਬਾ ਸਰਕਾਰ ਅਤੇ ਸੂਬਾ ਪੁਲੀਸ ਪੂਰੀ ਇੱਕਜੁਟਤਾ ਨਾਲ ਕੰਮ ਕਰੇ ਅਤੇ ਆਧੁਨਿਕ ਤਕਨੀਕ ਅਤੇ ਸਾਜ਼ੋ-ਸਾਮਾਨ ਦੀ ਵਰਤੋਂ ਕਰਦਿਆਂ ਪੰਜਾਬ ਦੀ ਜਨਤਾ ਨੂੰ ਇਸ ‘ਦੈਂਤ’ ਤੋਂ ਮੁਕਤੀ ਦੁਆਵੇ।
ਸੰਪਰਕ: 97816-46008

