ਬੇਅੰਤ ਛਾਹੜ
ਲਿਤ ਸਮਾਜ ਨੂੰ ਸਦੀਆਂ ਤੋਂ ਦਬਾਇਆ ਤੇ ਲਤਾੜਿਆ ਗਿਆ ਹੈ। ਦਲਿਤਾਂ ਦੀ ਬਹੁਤ ਭੈੜੀ ਸਥਿਤੀ ਰਹੀ ਹੈ, ਪਰ ਇਸ ਤੋਂ ਵੀ ਕਿਤੇ ਭੈੜੀ ਸਥਿਤੀ ਦਲਿਤ ਔਰਤਾਂ ਦੀ ਸੀ। ਉਨ੍ਹਾਂ ’ਤੇ ਅੱਤਿਆਚਾਰ ਅਤੇ ਉਨ੍ਹਾਂ ਦਾ ਸ਼ੋਸ਼ਣ ਸ਼ਰ੍ਹੇਆਮ ਹੁੰਦਾ ਸੀ। ਇਨ੍ਹਾਂ ਔਰਤਾਂ ਨੇ ਅੱਤਿਆਚਾਰਾਂ ਖਿਲਾਫ਼ ਸਮੇਂ-ਸਮੇਂ ’ਤੇ ਆਵਾਜ਼ ਉਠਾਈ ਅਤੇ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ, ਸਮਾਜਿਕ ਬੁਰਾਈਆਂ ਦੇ ਵਿਰੋਧ, ਨਾਰੀਵਾਦ ਦੇ ਪੱਖ ਅਤੇ ਸਿੱਖਿਆ ਦੇ ਖੇਤਰ ਆਦਿ ਵਿੱਚ ਆਪਣਾ ਯੋਗਦਾਨ ਦਿੱਤਾ। ਅਫ਼ਸੋਸ ਦੀ ਗੱਲ ਇਹ ਹੈ ਕਿ ਜਾਤਪਾਤ ਦੀ ਵਿਵਸਥਾ ਵਾਲਾ ਸਮਾਜ ਹੋਣ ਕਾਰਨ ਉਨ੍ਹਾਂ ਦੇ ਯੋਗਦਾਨ ਨੂੰ ਅੱਖੋਂ-ਪਰੋਖੇ ਕੀਤਾ ਗਿਆ। ਇਸ ਲਈ ਦਲਿਤ ਸਮਾਜ ਦੀਆਂ ਮਹਾਨ ਔਰਤਾਂ ਬਾਰੇ ਗੱਲ ਕਰਨੀ ਜ਼ਰੂਰੀ ਹੈ।
ਸ਼ਹੀਦ ਇਨਕਲਾਬੀ ਨਾਂਗੇਲੀ
ਨਾਂਗੇਲੀ ਨੂੰ ਕੇਰਲ ਤੋਂ ਬਾਹਰ ਸ਼ਾਇਦ ਹੀ ਕੋਈ ਜਾਣਦਾ ਹੋਵੇ। ਉਹ ਇੱਕ ਦਲਿਤ ਔਰਤ ਸੀ। 19ਵੀਂ ਸਦੀ ਦੇ ਸ਼ੁਰੂ ਵਿੱਚ ਕੇਰਲ ਵਿੱਚ ਉੱਚ ਜਾਤੀਆਂ ਵੱਲੋਂ ਦਲਿਤ ਸਮਾਜ ਦੀਆਂ ਔਰਤਾਂ ਨੂੰ ਸਰੀਰ ਦਾ ਉਪਰਲਾ ਹਿੱਸਾ ਢਕਣ ਦੀ ਇਜਾਜ਼ਤ ਨਹੀਂ ਸੀ। ਜੇਕਰ ਉਹ ਆਪਣਾ ਸੀਨਾ ਢਕਦੀਆਂ ਸਨ ਤਾਂ ਉਨ੍ਹਾਂ ਨੂੰ ਕੇਲਿਆਂ ਦੇ ਪੱਤਿਆਂ ’ਤੇ ਧਰ ਕੇ ਇਸ ਬਦਲੇ ਟੈਕਸ ਦੇਣਾ ਪੈਂਦਾ ਸੀ। ਅਜਿਹੀਆਂ ਸ਼ਰਮਨਾਕ ਘਟਨਾਵਾਂ ਅਤੇ ਉਨ੍ਹਾਂ ਵਿਰੁੱਧ ਸੰਘਰਸ਼ ਕਰਨ ਵਾਲੀਆਂ ਔਰਤਾਂ ਦਾ ਸਾਡੇ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ।
ਚੇਰਥਾਲ (ਕੇਰਲਾ) ਇਲਾਕੇ ਦੀ ਇਜਹਾਣ ਜਾਤੀ ਦੀ ਔਰਤ ਨਾਂਗੇਲੀ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਉਸ ਨੇ ਔਰਤਾਂ ਦੇ ਹੱਕ ਵਿੱਚ ਆਵਾਜ਼ ਉਠਾਈ ਤੇ ਆਪਣਾ ਪੂਰਾ ਸਰੀਰ ਢਕਣਾ ਸ਼ੁਰੂ ਕਰ ਦਿੱਤਾ। ਪੂਰਾ ਸਰੀਰ ਢਕਣ ਕਾਰਨ ਦਲਿਤ ਔਰਤਾਂ ’ਤੇ ਲਾਇਆ ਜਾਣ ਵਾਲਾ ਟੈਕਸ ਵਸੂਲਣ ਵਾਲੇ ਅਧਿਕਾਰੀਆਂ ਤੱਕ ਵੀ ਇਸ ਦੀ ਖ਼ਬਰ ਪਹੁੰਚ ਗਈ। ਸਥਾਨਕ ਅਧਿਕਾਰੀ ਟੈਕਸ ਵਸੂਲਣ ਆਏ ਕਿਉਂਕਿ ਇਹ ਰਾਜ ਦੇ ਹੁਕਮਾਂ ਦਾ ਵਿਰੋਧ ਸੀ। ਅਧਿਕਾਰੀ ਜਦੋਂ ਨਾਂਗੇਲੀ ਦੀ ਝੁੱਗੀ ’ਚ ਆਏ ਤਾਂ ਉਨ੍ਹਾਂ ਨੇ ਉਸ ਨੂੰ ਤੁਰੰਤ ਉਪਰਲਾ ਕੱਜਣ ਉਤਾਰਨ ਦਾ ਹੁਕਮ ਸੁਣਾ ਦਿੱਤਾ। ਇਹ ਸੁਣ ਕੇ ਨਾਂਗੇਲੀ ਆਪਣੀ ਝੁੱਗੀ ਅੰਦਰ ਗਈ। ਇਸ ਤੋਂ ਪਹਿਲਾਂ ਕਿ ਅਧਿਕਾਰੀ ਝੁੱਗੀ ਅੰਦਰ ਜਾਂਦੇ, ਨਾਂਗੇਲੀ ਨੇ ਝੱਟ ਆਪਣੀ ਛਾਤੀ ਦਾਤੀ ਨਾਲ ਕੱਟ ਕੇ ਇੱਕ ਕੇਲੇ ਦੇ ਪੱਤੇ ਉੱਤੇ ਰੱਖ ਕੇ ਟੈਕਸ ਵਸੂਲਣ ਆਏ ਅਧਿਕਾਰੀਆਂ ਸਾਹਮਣੇ ਪੇਸ਼ ਕਰ ਦਿੱਤੀ। ਖ਼ੂਨ ਨਾਲ ਲੱਥਪੱਥ ਨਾਂਗੇਲੀ ਵੇਖਦਿਆਂ ਹੀ ਵੇਖਦਿਆਂ ਡਿੱਗ ਪਈ ਅਤੇ ਇਉਂ ਇਸ ਕੁਰੀਤੀ ਖਿਲਾਫ਼ ਸ਼ਹਾਦਤ ਦੇ ਗਈ। ਇਹ ਦੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ।
ਉਸ ਦੀ ਸ਼ਹਾਦਤ ਤੋਂ ਬਾਅਦ ਇਸ ਟੈਕਸ ਦਾ ਡਟ ਕੇ ਵਿਰੋਧ ਹੋਣ ਲੱਗਾ ਅਤੇ ਅੰਗਰੇਜ਼ਾਂ ਨੇ 1859 ਵਿੱਚ ਇਸ ਨੂੰ ਖ਼ਤਮ ਕਰਨ ਦੇ ਆਦੇਸ਼ ਦਿੱਤੇ। ਫਿਰ ਵੀ ਇਹ ਪੂਰੀ ਤਰ੍ਹਾਂ ਖ਼ਤਮ ਨਾ ਹੋਇਆ ਤਾਂ 1865 ਵਿੱਚ ਅੰਗਰੇਜ਼ਾਂ ਨੇ ਇਸ ਸਬੰਧੀ ਕਾਨੂੰਨ ਬਣਾਇਆ। ਫਿਰ ਵੀ ਇਹ ਪ੍ਰਥਾ ਹੌਲੀ ਹੌਲੀ ਖ਼ਤਮ ਹੋਈ। ਇਹ ਨਾਂਗੇਲੀ ਦੀ ਬਹਾਦਰੀ ਤੇ ਸ਼ਹਾਦਤ ਸਦਕਾ ਹੀ ਸੰਭਵ ਹੋਇਆ।
ਵੀਰਾਂਗਣਾ ਝਲਕਾਰੀ ਬਾਈ
ਝਲਕਾਰੀ ਬਾਈ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੀ ਮਹਾਨ ਔਰਤ ਸੀ। ਉਸ ਨੇ 1857 ਦੇ ਵਿਦਰੋਹ ਸਮੇਂ ਅੰਗਰੇਜ਼ਾਂ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਉਨ੍ਹਾਂ ਦਾ ਡਟ ਕੇ ਮੁਕਾਬਲਾ ਕੀਤਾ।
ਝਲਕਾਰੀ ਬਾਈ ਦਾ ਜਨਮ 22 ਨਵੰਬਰ 1830 ਨੂੰ ਝਾਂਸੀ ਦੇ ਇੱਕ ਪਿੰਡ ਭੋਜਲਾ ਵਿੱਚ ਹੋਇਆ। ਉਹ ਇੱਕ ਗ਼ਰੀਬ ਪਰਿਵਾਰ ਵਿੱਚ ਪੈਦਾ ਹੋਈ। ਉਸ ਦੇ ਪਿਤਾ ਦਾ ਨਾਮ ਸਾਦੋਵਰ ਸਿੰਘ ਤੇ ਮਾਤਾ ਦਾ ਨਾਮ ਜਮੁਨਾ ਦੇਵੀ ਸੀ। ਜਦੋਂ ਝਲਕਾਰੀ ਬਾਈ ਬਹੁਤ ਛੋਟੀ ਸੀ ਤਾਂ ਉਸ ਦੀ ਮਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਪਿਤਾ ਨੇ ਹੀ ਝਲਕਾਰੀ ਦਾ ਪਾਲਣ ਪੋਸ਼ਣ ਮੁੰਡੇ ਦੀ ਤਰ੍ਹਾਂ ਕੀਤਾ। ਉਸ ਨੇ ਝਲਕਾਰੀ ਨੂੰ ਤੀਰਅੰਦਾਜ਼ੀ, ਘੋੜਸਵਾਰੀ ਅਤੇ ਹਥਿਆਰ ਚਲਾਉਣਾ ਆਦਿ ਸਿਖਾਇਆ।
ਝਲਕਾਰੀ ਬਾਈ ਬਚਪਨ ਤੋਂ ਹੀ ਬਹੁਤ ਬਹਾਦਰ ਸੀ। ਇੱਕ ਵਾਰ ਉਹ ਜੰਗਲ ਵਿੱਚ ਲੱਕੜਾਂ ਕੱਟ ਰਹੀ ਸੀ ਤਾਂ ਉਸ ਦਾ ਸਾਹਮਣਾ ਇੱਕ ਚੀਤੇ ਨਾਲ ਹੋਇਆ। ਉਸ ਨੇ ਆਪਣੀ ਕੁਹਾੜੀ ਨਾਲ ਹੀ ਚੀਤੇ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਪਿੰਡ ਵਿੱਚੋਂ ਚੋਰ ਗਰੋਹ ਨੂੰ ਵੀ ਮਾਰ ਭਜਾਇਆ ਸੀ। ਕਿਹਾ ਜਾਂਦਾ ਹੈ ਕਿ ਉਸ ਦੀ ਇਸ ਬਹਾਦਰੀ ਦੇ ਮੱਦੇਨਜ਼ਰ ਪਿੰਡ ਵਾਲਿਆਂ ਨੇ ਉਸ ਦਾ ਵਿਆਹ ਰਾਣੀ ਝਾਂਸੀ ਦੇ ਇੱਕ ਸੈਨਿਕ ਪੂਰਨ ਸਿੰਘ ਨਾਲ ਕਰਵਾ ਦਿੱਤਾ। ਪੂਰਨ ਸਿੰਘ ਵੀ ਬਹਾਦਰ ਯੋਧਾ ਸੀ। ਪੂਰੀ ਸੈਨਾ ਉਸ ਦਾ ਲੋਹਾ ਮੰਨਦੀ ਸੀ। ਪੂਰਨ ਸਿੰਘ ਨੇ ਝਲਕਾਰੀ ਬਾਈ ਨੂੰ ਰਾਣੀ ਲਕਸ਼ਮੀ ਬਾਈ ਨਾਲ ਮਿਲਾਇਆ। ਰਾਣੀ ਲਕਸ਼ਮੀ ਬਾਈ, ਝਲਕਾਰੀ ਨੂੰ ਦੇਖਦੀ ਹੀ ਰਹਿ ਗਈ ਕਿਉਂਕਿ ਉਹ ਬਿਲਕੁਲ ਉਸੇ ਵਰਗੀ ਸੀ। ਇਸ ਤੋਂ ਬਾਅਦ ਰਾਣੀ ਲਕਸ਼ਮੀ ਬਾਈ ਨੇ ਝਲਕਾਰੀ ਬਾਈ ਨੂੰ ਦੁਰਗਾ ਦਲ ਵਿੱਚ ਸ਼ਾਮਲ ਕਰ ਲਿਆ।
1857 ਦੇ ਵਿਦਰੋਹ ਤੋਂ ਬਾਅਦ 1858 ਵਿੱਚ ਅੰਗਰੇਜ਼ਾਂ ਨੇ ਝਾਂਸੀ ’ਤੇ ਹਮਲਾ ਕੀਤਾ। ਇਸ ਹਮਲੇ ਵਿੱਚ ਝਲਕਾਰੀ ਬਾਈ ਰਾਣੀ ਲਕਸ਼ਮੀ ਬਾਈ ਦੇ ਭੇਸ ਵਿੱਚ ਲੜੀ ਅਤੇ ਉਸ ਨੇ ਅੰਗਰੇਜ਼ਾਂ ਦਾ ਡਟ ਕੇ ਮੁਕਾਬਲਾ ਕੀਤਾ। ਉਹ ਆਪਣੇ ਪੁੱਤਰ ਨੂੰ ਆਪਣੇ ਪਿੱਛੇ ਚੁੰਨੀ ਨਾਲ ਬੰਨ੍ਹ ਕੇ ਲੜਾਈ ਲੜਦੀ ਰਹੀ ਅਤੇ ਰਾਣੀ ਲਕਸ਼ਮੀ ਬਾਈ ਨੂੰ ਕਿਲ੍ਹੇ ਵਿੱਚੋਂ ਕੱਢਣ ਵਿੱਚ ਕਾਮਯਾਬ ਹੋ ਗਈ। ਉਸ ਦੀ ਮੌਤ ਬਾਰੇ ਅਜੇ ਤੱਕ ਮਤਭੇਦ ਹਨ। ਕਈ ਇਤਿਹਾਸਕਾਰ ਕਹਿੰਦੇ ਹਨ ਕਿ ਉਹ ਜੰਗ ਵਿੱਚ ਲੜਦੀ ਹੋਈ ਸ਼ਹੀਦ ਹੋ ਗਈ ਤੇ ਕਈ ਕਹਿੰਦੇ ਹਨ ਕਿ ਉਸ ਨੂੰ ਅੰਗਰੇਜ਼ਾਂ ਨੇ ਕੈਦ ਕਰ ਲਿਆ ਸੀ। ਝਲਕਾਰੀ ਬਾਈ ਦੀ ਇਸ ਬਹਾਦਰੀ ਨੂੰ ਰਾਣੀ ਲਕਸ਼ਮੀ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ ਜੋ ਝਲਕਾਰੀ ਬਾਈ ਨਾਲ ਬੇਇਨਸਾਫ਼ੀ ਹੈ। ਗਵਾਲੀਅਰ ਵਿੱਚ ਝਲਕਾਰੀ ਬਾਈ ਦਾ ਬੁੱਤ ਲੱਗਿਆ ਹੋਇਆ ਹੈ। ਇਹ ਬੁੱਤ ਉਸ ਦੇ ਭਾਈਚਾਰੇ ਦੇ ਲੋਕਾਂ ਨੇ ਲਗਾਇਆ ਹੈ।
ਪਹਿਲੀ ਅਧਿਆਪਕਾ ਸਾਵਿੱਤਰੀਬਾਈ ਫੂਲੇ
ਸਾਰੇ ਜਾਣਦੇ ਹਨ ਕਿ 5 ਸਤੰਬਰ 1888 ਨੂੰ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਹੋਇਆ ਸੀ ਜੋ ਸਾਡੇ ਮੁਲਕ ਵਿੱਚ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਹ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਸਨ। ਇਹ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਦਲਿਤ ਸਮਾਜ ਦੀ ਔਰਤ ਸਾਵਿੱਤਰੀਬਾਈ ਫੂਲੇ ਹਿੰਦੋਸਤਾਨ ਦੀ ਪਹਿਲੀ ਅਧਿਆਪਕਾ ਸੀ।
ਸਾਵਿੱਤਰੀਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਨਯਾਗਾਓਂ (ਜ਼ਿਲ੍ਹਾ ਸਤਾਰਾ, ਮਹਾਂਰਾਸ਼ਟਰ) ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਮ ਖਦੋਜੀ ਅਤੇ ਮਾਤਾ ਦਾ ਨਾਮ ਲਕਸ਼ਮੀ ਸੀ। ਉਸ ਦਾ ਵਿਆਹ 1840 ਵਿੱਚ ਨੌਂ ਸਾਲ ਦੀ ਉਮਰ ਵਿੱਚ 13 ਸਾਲਾ ਜੋਤੀਬਾਰਾਏ ਫੂਲੇ ਨਾਲ ਹੋਇਆ ਜੋ ਇੱਕ ਮਹਾਨ ਸਮਾਜਿਕ ਸੁਧਾਰਕ ਸਨ। ਉਨ੍ਹਾਂ ਦੀ ਪੁਸਤਕ ‘ਗੁਲਾਮਗਿਰੀ’ ਬਹੁਤ ਪ੍ਰਸਿੱਧ ਹੈ। ਸਾਵਿੱਤਰੀਬਾਈ ਫੂਲੇ ਨੂੰ ਜੋਤੀਬਾਰਾਏ ਫੂਲੇ ਨੇ ਹੀ ਪੜ੍ਹਾਇਆ ਲਿਖਾਇਆ ਅਤੇ ਅੱਗੇ ਲੈ ਕੇ ਆਏ। ਵਿਆਹ ਸਮੇਂ ਸਾਵਿੱਤਰੀਬਾਈ ਸਿੱਖਿਆ ਤੋਂ ਵਾਂਝੀ ਸੀ ਕਿਉਂਕਿ ਉਸ ਸਮੇਂ ਹਿੰਦੋਸਤਾਨ ਵਿੱਚ ਅੰਧ-ਵਿਸ਼ਵਾਸ, ਰੂੜੀਵਾਦੀ ਪਰੰਪਰਾਵਾਂ, ਛੂਤ-ਛਾਤ, ਜਾਤੀਵਾਦ ਤੇ ਖ਼ਾਸਕਰ ਦਲਿਤਾਂ ਅਤੇ ਔਰਤਾਂ ਉੱਤੇ ਸਰੀਰਕ ਤੇ ਮਾਨਸਿਕ ਜ਼ੁਲਮ ਸਿਖਰਾਂ ’ਤੇ ਸਨ।
ਸਾਵਿੱਤਰੀਬਾਈ ਨੇ ਸਿੱਖਿਅਤ ਹੋ ਕੇ ਮਹਿਸੂਸ ਕੀਤਾ ਕਿ ਔਰਤਾਂ ਦਾ ਸਿੱਖਿਅਤ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਉਸ ਨੇ ਔਰਤਾਂ ਨੂੰ ਸਿੱਖਿਅਤ ਕਰਨ ਦਾ ਫ਼ੈਸਲਾ ਕੀਤਾ। ਉਹ ਜਦੋਂ ਘਰ ਘਰ ਪੜ੍ਹਾਉਣ ਜਾਂਦੀ ਤਾਂ ਲੋਕ ਉਸ ’ਤੇ ਪੱਥਰ ਮਾਰਦੇ ਤੇ ਗੋਹਾ ਸੁੱਟਦੇ ਸਨ। ਇਸੇ ਲਈ ਉਹ ਨਾਲ ਇੱਕ ਵਾਧੂ ਸਾੜੀ ਵੀ ਲੈ ਕੇ ਜਾਂਦੀ। ਉਸ ਨੇ ਕਿਸੇ ਦੀ ਪਰਵਾਹ ਕੀਤੇ ਬਿਨਾਂ ਆਪਣਾ ਕੰਮ ਜਾਰੀ ਰੱਖਿਆ। ਅੱਜ ਤੋਂ ਲਗਪਗ 160 ਸਾਲ ਪਹਿਲਾਂ ਕੁੜੀਆਂ ਦਾ ਸਕੂਲ ਖੋਲ੍ਹਣਾ ਤਾਂ ਦੂਰ ਦੀ ਗੱਲ, ਕੁੜੀਆਂ ਦਾ ਕਿਸੇ ਵੀ ਤਰ੍ਹਾਂ ਸਿੱਖਿਆ ਪ੍ਰਾਪਤ ਕਰਨਾ ਪਾਪ ਸਮਝਿਆ ਜਾਂਦਾ ਸੀ। ਅਜਿਹੇ ਸਮੇਂ ਵਿੱਚ ਸਾਵਿੱਤਰੀਬਾਈ ਫੂਲੇ ਨੇ ਇਕੱਲਿਆਂ ਕੁੜੀਆਂ ਦਾ ਸਕੂਲ ਖੋਲ੍ਹਿਆ।
ਸਾਵਿੱਤਰੀਬਾਈ ਨੇ ਮਹਿਸੂਸ ਕੀਤਾ ਕਿ ਔਰਤਾਂ ਨੂੰ ਸਿੱਖਿਆ ਦੇਣਾ ਅਤੇ ਇਕੱਠਾ ਕਰਨਾ ਹੀ ਕਾਫ਼ੀ ਨਹੀਂ। ਉਹ ਇਸ ਸਿੱਟੇ ’ਤੇ ਪਹੁੰਚੀ ਕਿ ਔਰਤਾਂ ਨੂੰ ਇਸ ਢੰਗ ਨਾਲ ਜਥੇਬੰਦ ਕੀਤਾ ਜਾਵੇ ਕਿ ਉਹ ਝੂਠ ਦੇ ਤਾਣੇ-ਬਾਣੇ ਤੇ ਜਾਤ-ਪਾਤ ਨੂੰ ਸਮਝਣ ਅਤੇ ਇਸ ਨੂੰ ਜੜ੍ਹੋਂ ਪੁੱਟ ਸਕਣ। ਇਸ ਦਿਸ਼ਾ ਵਿੱਚ ਚਲਦਿਆਂ ਉਸ ਨੇ ਪੁਣੇ ਵਿੱਚ 1852 ਵਿੱਚ ਇੱਕ ਮਹਿਲਾ ਮੰਡਲ ਬਣਾਇਆ ਜਿਹੜਾ ਉਨ੍ਹਾਂ ਦਿਨਾਂ ਵਿੱਚ ਵਧੇਰੇ ਮੁਸ਼ਕਿਲ ਕਾਰਜ ਸੀ। ਇਸ ਮਹਿਲਾ ਮੰਡਲ ਨੇ ਔਰਤਾਂ ਦੇ ਸ਼ਕਤੀਕਰਨ ਅਤੇ ਮੁਕਤੀ ਲਈ ਕੰਮ ਸ਼ੁਰੂ ਕੀਤਾ। ਮਹਿਲਾ ਮੰਡਲ ਦੀ ਆਗੂ ਦੇ ਤੌਰ ’ਤੇ ਸਾਵਿੱਤਰੀਬਾਈ ਨੇ ਕਈ ਸਭਿਆਚਾਰਕ ਅਤੇ ਸਮਾਜਿਕ ਪ੍ਰੋਗਰਾਮ ਚਲਾਏ ਜਿਹੜੇ ਮਰਦ ਪ੍ਰਧਾਨ ਅਤੇ ਜਾਤੀਵਾਦੀ ਮਾਨਸਿਕਤਾ ਵਾਲਿਆਂ ਦੀਆਂ ਕੋਝੀਆਂ ਚਾਲਾਂ ’ਤੇ ਸੱਟ ਮਾਰਦੇ ਸਨ।
1896 ਵਿੱਚ ਮਹਾਂਰਾਸ਼ਟਰ ਵਿੱਚ ਬਹੁਤ ਵੱਡਾ ਕਾਲ ਪਿਆ। ਲੋਕ ਭੁੱਖ ਨਾਲ ਮਰਨ ਲੱਗੇ। ਉਸ ਸਮੇਂ ਸਾਵਿੱਤਰੀਬਾਈ ਫੂਲੇ ਨੇ ਆਪਣੀ ਸਾਰੀ ਤਾਕਤ ਕਾਲ ਪੀੜਤਾਂ ਦੀ ਸੇਵਾ ਵਿੱਚ ਲਾ ਦਿੱਤੀ। ਉਸ ਨੇ ਅੰਗਰੇਜ਼ ਸਰਕਾਰ ’ਤੇ ਰਾਹਤ ਕੈਂਪ ਸ਼ੁਰੂ ਕਰਨ ਲਈ ਜ਼ੋਰ ਪਾਇਆ। ਕਾਲ ਤੋਂ ਬਾਅਦ ਪੂਣੇ ’ਤੇ 1897 ਵਿੱਚ ਪਲੇਗ ਨੇ ਹਮਲਾ ਕਰ ਦਿੱਤਾ। ਅੰਗਰੇਜ਼ਾਂ ਨੇ ਪਲੇਗ ਪੀੜਤਾਂ ਦਾ ਇਲਾਜ ਪਸ਼ੂਆਂ ਦੀ ਤਰ੍ਹਾਂ ਕੀਤਾ। ਸਾਵਿੱਤਰੀਬਾਈ ਤੋਂ ਇਹ ਬਰਦਾਸ਼ਤ ਨਾ ਹੋਇਆ। ਉਸ ਨੇ ਪਲੇਗ ਪੀੜਤਾਂ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਉਹ ਇੱਕ ਬਿਮਾਰ ਬੱਚੇ ਦਾ ਇਲਾਜ ਕਰਦਿਆਂ ਖ਼ੁਦ ਪਲੇਗ ਦੀ ਸ਼ਿਕਾਰ ਹੋ ਗਈ ਅਤੇ 1897 ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਈ। ਉਸ ਨੇ ਮਹਾਂਰਾਸ਼ਟਰ ਵਿੱਚ ਹਨੇਰੇ ਯੁੱਗ ਦੌਰਾਨ ਇਨਕਲਾਬੀ ਭੂਮਿਕਾ ਨਿਭਾਈ। ਉਹ ਦੇਸ਼ ਦੀ ਪਹਿਲੀ ਅਧਿਆਪਕਾ ਹੀ ਨਹੀਂ ਸਗੋਂ ਪਹਿਲੀ ਸਮਾਜ ਸੇਵਿਕਾ ਵੀ ਸੀ।
ਮਾਤਾ ਰਮਾਬਾਈ ਅੰਬੇਡਕਰ
ਮਾਤਾ ਰਮਾਬਾਈ ਅੰਬੇਡਕਰ ਤਿਆਗ ਦੀ ਮੂਰਤ ਸੀ। ਉਹ ਦਲਿਤਾਂ ਦੇ ਮਸੀਹਾ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਪਤਨੀ ਸੀ। ਡਾ. ਅੰਬੇਡਕਰ ਨੇ ਆਪਣੀ ਕਿਤਾਬ (Thoughts on Pakistan ਜੋ 1941 ਵਿੱਚ ਪ੍ਰਕਾਸ਼ਿਤ ਹੋਈ ਸੀ) ਰਮਾਬਾਈ ਨੂੰ ਸਮਰਪਿਤ ਕੀਤੀ ਸੀ। ਇਸ ਵਿੱਚ ਉਹ ਲਿਖਦੇ ਹਨ ਕਿ ‘‘ਇੱਕ ਮਾਮੂਲੀ ਜਿਹੇ ਭੀਮਾ ਨੂੰ ਅੰਬੇਡਕਰ ਬਣਾਉਣ ਦਾ ਸਿਹਰਾ ਰਮਾਬਾਈ ਸਿਰ ਹੀ ਬੱਝਦਾ ਹੈ।’’
ਰਮਾਬਾਈ ਦਾ ਜਨਮ 7 ਫਰਵਰੀ 1898 ਨੂੰ ਵਣਾਂਦ, ਰਤਨਾਗਿਰੀ ਵਿੱਚ ਹੋਇਆ। ਉਹ ਗ਼ਰੀਬ ਦਲਿਤ ਪਰਿਵਾਰ ਨਾਲ ਸਬੰਧਿਤ ਸੀ। ਉਸ ਦੇ ਪਿਤਾ ਦਾ ਨਾਮ ਭੀਕੂ ਧੋਤਰੇ ਤੇ ਮਾਤਾ ਦਾ ਨਾਮ ਰੁਕਮਣੀ ਸੀ। ਰਮਾਬਾਈ ਦੇ ਪਿਤਾ ਮੱਛੀਆਂ ਦੀਆਂ ਟੋਕਰੀਆਂ ਬਾਜ਼ਾਰ ਵਿੱਚ ਪਹੁੰਚਾਉਣ ਦਾ ਕੰਮ ਕਰਦੇ ਸਨ। ਬਚਪਨ ਵਿੱਚ ਹੀ ਉਸ ਦੇ ਮਾਪਿਆਂ ਦੀ ਮੌਤ ਹੋ ਗਈ। ਮਾਪਿਆਂ ਦੀ ਮੌਤ ਤੋਂ ਬਾਅਦ ਰਮਾਬਾਈ ਅਤੇ ਉਸ ਦੇ ਭੈਣ ਭਰਾਵਾਂ ਨੂੰ ਉਸ ਦੇ ਮਾਮੇ ਅਤੇ ਚਾਚੇ ਮੁੰਬਈ ਲੈ ਆਏ। ਇੱਥੇ ਹੀ ਉਸ ਦੇ ਪਰਿਵਾਰ ਦੀ ਮੁਲਾਕਾਤ ਡਾ. ਅੰਬੇਡਕਰ ਦੇ ਪਿਤਾ ਨਾਲ ਹੋਈ। ਡਾ. ਅੰਬੇਡਕਰ ਦੇ ਪਿਤਾ ਨੇ ਰਮਾਬਾਈ ਨੂੰ ਦੇਖਦਿਆਂ ਹੀ ਉਸ ਦਾ ਰਿਸ਼ਤਾ ਭੀਮ ਰਾਓ ਨਾਲ ਪੱਕਾ ਕਰ ਦਿੱਤਾ।
ਨੌਂ ਸਾਲ ਦੀ ਉਮਰ ਵਿੱਚ ਰਮਾਬਾਈ ਦਾ ਡਾ. ਅੰਬੇਡਕਰ ਨਾਲ ਵਿਆਹ ਹੋ ਗਿਆ। ਇਸ ਦੌਰਾਨ ਭੀਮ ਰਾਓ ਅੰਬੇਡਕਰ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਜਿਸ ਕਾਰਨ ਘਰ ਦੀ ਜ਼ਿੰਮੇਵਾਰੀ ਰਮਾਬਾਈ ਸਿਰ ਆ ਗਈ। ਉਨ੍ਹਾਂ ਦੇ ਇੱਕ ਧੀ ਅਤੇ ਚਾਰ ਪੁੱਤਰ ਹੋਏ।
ਭੀਮ ਰਾਓ ਆਪਣੀ ਪੜ੍ਹਾਈ ਪੂਰੀ ਕਰਨ ਲਈ ਵਿਦੇਸ਼ ਵਿੱਚ ਚਲੇ ਗਏ। ਇਸ ਨਾਲ ਰਮਾਬਾਈ ਲਈ ਮੁਸ਼ਕਿਲਾਂ ਹੋਰ ਵਧ ਗਈਆਂ ਕਿਉਂਕਿ ਘਰ ਦੀ ਸਾਰੀ ਜ਼ਿੰਮੇਵਾਰੀ ਉਸ ’ਤੇ ਆ ਗਈ। ਉਹ ਮੁੰਬਈ ਦੀਆਂ ਗਲੀਆਂ ਵਿੱਚੋਂ ਗੋਹਾ ਇਕੱਠਾ ਕਰ ਕੇ ਉਸ ਦੀਆਂ ਪਾਥੀਆਂ ਬਣਾ ਕੇ ਉਨ੍ਹਾਂ ਨੂੰ ਵੇਚਦੀ ਅਤੇ ਨਾਲ ਨਾਲ ਮਜ਼ਦੂਰੀ ਵੀ ਕਰਦੀ ਰਹੀ। ਇਸ ਨਾਲ ਹੀ ਉਹ ਆਪਣੇ ਘਰ ਦਾ ਖ਼ਰਚ ਚਲਾਉਂਦੀ ਸੀ ਤੇ ਥੋੜ੍ਹੇ ਬਹੁਤੇ ਰੁਪਏ ਜਮ੍ਹਾਂ ਵੀ ਕਰ ਲੈਂਦੀ ਸੀ। ਉਸ ਨੇ ਕਦੇ ਵੀ ਅੰਬੇਡਕਰ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਇਕੱਲੀ ਹੀ ਦੁੱਖ ਤਕਲੀਫ਼ਾਂ ਤੇ ਅੰਤਾਂ ਦੀ ਗ਼ਰੀਬੀ ਸਹਿੰਦੀ ਰਹੀ। ਇੰਨੀਆਂ ਤੰਗੀਆਂ ਵਿੱਚ ਰਮਾਬਾਈ ਕਿਵੇਂ ਨਾ ਕਿਵੇਂ ਡਾ. ਅੰਬੇਡਕਰ ਨੂੰ ਵੀ ਲੋੜ ਪੈਣ ’ਤੇ ਪੈਸੇ ਭੇਜਦੀ ਸੀ।
ਬਾਬਾ ਸਾਹਿਬ ਅੰਬੇਡਕਰ ਘਰ ਦੀ ਕਬੀਲਦਾਰੀ ਅਤੇ ਦੁੱਖ ਤਕਲੀਫ਼ਾਂ ਤੋਂ ਆਜ਼ਾਦ ਸਨ। ਇਸੇ ਸਦਕਾ ਉਹ ਸਮਾਜ ਦੀ ਭਲਾਈ ਵਿੱਚ ਹੀ ਲੱਗੇ ਰਹਿੰਦੇ ਜਾਂ ਪੜ੍ਹਦੇ ਰਹਿੰਦੇ ਸਨ। ਸਭ ਦੁੱਖ ਤਕਲੀਫ਼ਾਂ ਰਮਾਬਾਈ ਹੀ ਹੰਢਾਉਂਦੀ ਰਹੀ। ਇੱਥੇ ਹੀ ਬਸ ਨਹੀਂ, ਉਨ੍ਹਾਂ ਦੇ ਤਿੰਨ ਪੁੱਤਰਾਂ ਤੇ ਇੱਕ ਧੀ ਦੀ ਵੀ ਇਲਾਜ ਨਾ ਕਰਾ ਸਕਣ ’ਤੇ ਬਿਮਾਰੀਆਂ ਕਾਰਨ ਮੌਤ ਹੋ ਗਈ।
ਇਸ ਤਰ੍ਹਾਂ ਉਹ ਦੁੱਖ ਤਕਲੀਫ਼ਾਂ ਕੱਟਦੀ ਆਪ ਬਿਮਾਰੀਆਂ ਵਿੱਚ ਘਿਰ ਗਈ ਅਤੇ 37 ਸਾਲ ਦੀ ਉਮਰ ਵਿੱਚ 27 ਮਈ 1935 ਨੂੰ ਦੁਨੀਆਂ ਨੂੰ ਅਲਵਿਦਾ ਕਹਿ ਗਈ। ਰਮਾਬਾਈ ਦੇ ਯੋਗਦਾਨ ਸਦਕਾ ਹੀ ਬਾਬਾ ਸਾਹਿਬ ਅੰਬੇਡਕਰ ਹਿੰਦੋਸਤਾਨ ਪ੍ਰਤੀ ਆਪਣਾ ਫ਼ਰਜ਼ ਨਿਭਾ ਸਕੇ।
ਇਸ ਤਰ੍ਹਾਂ ਦਲਿਤ ਸਮਾਜ ਦੀਆਂ ਔਰਤਾਂ ਨੇ ਸਮੇਂ ਸਮੇਂ ’ਤੇ ਬਹਾਦਰੀ ਅਤੇ ਮਹਾਨਤਾ ਵਿਖਾਈ ਹੈ, ਪਰ ਉਨ੍ਹਾਂ ਦੇ ਯੋਗਦਾਨ ਨੂੰ ਅੱਖੋਂ ਪਰੋਖੇ ਕੀਤਾ ਗਿਆ। ਸਾਨੂੰ ਊਚ-ਨੀਚ/ ਜਾਤੀਵਾਦ ਨੂੰ ਛੱਡ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਸੰਪਰਕ: 98157-93884