DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵੱਡਾ ਖਿਡਾਰੀ ਤੇ ਕੁਸ਼ਲ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ

ਰਾਜਾ ਰਣਧੀਰ ਸਿੰਘ 79 ਵਰ੍ਹਿਆਂ ਦੀ ਉਮਰੇ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੇ ਤੁਰ ਜਾਣ ਨਾਲ ਭਾਰਤੀ ਖੇਡਾਂ ਨੇ ਵੱਡਾ ਖਿਡਾਰੀ ਤੇ ਕੁਸ਼ਲ ਖੇਡ ਪ੍ਰਸ਼ਾਸਕ ਗੁਆ ਲਿਆ ਹੈ। ਰਾਜਾ ਰਣਧੀਰ ਸਿੰਘ ਦਿੱਲੀ ਦੇ ਬਦਰਪੁਰ ਖੇਤਰ ਸਥਿਤ ਇੱਕ...

  • fb
  • twitter
  • whatsapp
  • whatsapp
Advertisement

ਰਾਜਾ ਰਣਧੀਰ ਸਿੰਘ 79 ਵਰ੍ਹਿਆਂ ਦੀ ਉਮਰੇ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੇ ਤੁਰ ਜਾਣ ਨਾਲ ਭਾਰਤੀ ਖੇਡਾਂ ਨੇ ਵੱਡਾ ਖਿਡਾਰੀ ਤੇ ਕੁਸ਼ਲ ਖੇਡ ਪ੍ਰਸ਼ਾਸਕ ਗੁਆ ਲਿਆ ਹੈ। ਰਾਜਾ ਰਣਧੀਰ ਸਿੰਘ ਦਿੱਲੀ ਦੇ ਬਦਰਪੁਰ ਖੇਤਰ ਸਥਿਤ ਇੱਕ ਫਾਰਮ ਹਾਊਸ ਵਿੱਚ ਰਹਿੰਦੇ ਸਨ। ਉਹ ਕੁਝ ਅਰਸੇ ਤੋਂ ਬਿਮਾਰ ਚੱਲ ਰਹੇ ਸਨ। ਪਟਿਆਲਾ ਰਿਆਸਤ ਵਿੱਚ ਜੰਮੇ ਰਾਜਾ ਰਣਧੀਰ ਸਿੰਘ ਨੇ ਨਿਸ਼ਾਨੇਬਾਜ਼ੀ ਦੀ ਖੇਡ ਵਿੱਚ ਓਲੰਪਿਕਸ ’ਚ ਪੰਜ ਵਾਰ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਕਰਨੀ ਸਿੰਘ ਤੋਂ ਬਾਅਦ ਉਹ ਪੰਜ ਵਾਰ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਦੂਜੇ ਖਿਡਾਰੀ ਬਣੇ। ਰਾਜਾ ਰਣਧੀਰ ਸਿੰਘ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਪਹਿਲੇ ਭਾਰਤੀ ਨਿਸ਼ਾਨੇਬਾਜ਼ ਵੀ ਸਨ। ਰਣਧੀਰ ਸਿੰਘ ਦੀ ਧੀ ਰਾਜੇਸ਼ਵਰੀ ਨੇ ਵੀ 2024 ਵਿੱਚ ਪੈਰਿਸ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਭਾਰਤੀ ਖੇਡ ਇਤਿਹਾਸ ਵਿੱਚ ਰਾਜਾ ਰਣਧੀਰ ਸਿੰਘ ਤੇ ਰਾਜੇਸ਼ਵਰੀ ਇਕਲੌਤੀ ਓਲੰਪੀਅਨ ਪਿਓ-ਧੀ ਦੀ ਜੋੜੀ ਹੈ।

ਰਣਧੀਰ ਸਿੰਘ ਨੇ ਜਿੱਥੇ ਬਤੌਰ ਖਿਡਾਰੀ ਵੱਡੇ ਕੀਰਤੀਮਾਨ ਸਥਾਪਤ ਕੀਤੇ, ਉੱਥੇ ਖੇਡ ਪ੍ਰਸ਼ਾਸਕ ਵਜੋਂ ਭਾਰਤ ਵਿੱਚ ਓਲੰਪਿਕ ਲਹਿਰ ਖੜ੍ਹੀ ਕਰਨ ਵਿੱਚ ਵੀ ਉਨ੍ਹਾਂ ਦਾ ਵੱਡਾ ਯੋਗਦਾਨ ਰਿਹਾ। ਭਾਰਤ ਨੂੰ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਦਿਵਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਸੀ। ਸਾਲ 2003 ਵਿੱਚ ਭਾਰਤ ਵਿੱਚ ਪਹਿਲੀਆਂ ਐਫਰੋ ਏਸ਼ੀਅਨ ਖੇਡਾਂ ਅਤੇ 2004 ਵਿੱਚ ਪੰਜਾਬ ਵਿੱਚ ਪਹਿਲੀਆਂ ਹਿੰਦ-ਪਾਕਿ ਪੰਜਾਬ ਖੇਡਾਂ (ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਖੇਡਾਂ) ਕਰਵਾਉਣ ਵਿੱਚ ਵੀ ਉਨ੍ਹਾਂ ਦਾ ਸ਼ਲਾਘਾਯੋਗ ਯੋਗਦਾਨ ਸੀ। ਓਲੰਪਿਕ ਕੌਂਸਲ ਔਫ ਏਸ਼ੀਆ ਦੇ ਪ੍ਰਧਾਨ ਬਣਨ ਵਾਲੇ ਉਹ ਪਹਿਲੇ ਭਾਰਤੀ ਸਨ। ਇਸ ਦੇ ਨਾਲ ਹੀ ਉਹ ਕੌਮਾਂਤਰੀ ਓਲੰਪਿਕ ਕਮੇਟੀ ਦੇ ਮੈਂਬਰ, ਓਲੰਪਿਕ ਕੌਂਸਲ ਔਫ ਏਸ਼ੀਆ ਦੇ ਸਕੱਤਰ ਜਨਰਲ ਅਤੇ ਭਾਰਤੀ ਓਲੰਪਿਕ ਕੌਂਸਲ ਦੇ ਸਕੱਤਰ ਜਨਰਲ ਵੀ ਰਹੇ ਹਨ। ਓਲੰਪਿਕ ਕੌਂਸਲ ਔਫ ਏਸ਼ੀਆ ਦੇ ਅਹੁਦੇਦਾਰ ਹੋਣ ਦੇ ਨਾਲ ਉਹ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਪਹਿਲੇ ਖਿਡਾਰੀ ਹਨ।

Advertisement

ਰਣਧੀਰ ਸਿੰਘ ਦਾ ਜਨਮ 18 ਅਕਤੂਬਰ 1946 ਨੂੰ ਰਾਜਾ ਭਲਿੰਦਰ ਸਿੰਘ ਦੇ ਘਰ ਪਟਿਆਲਾ ਦੇ ਰਾਜਘਰਾਣੇ ਵਿੱਚ ਹੋਇਆ। ਭਲਿੰਦਰ ਸਿੰਘ ਮਹਾਰਾਜਾ ਭੁਪਿੰਦਰ ਸਿੰਘ ਦੇ ਪੁੱਤਰ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਦੇ ਛੋਟੇ ਭਰਾ ਸਨ। ਉਨ੍ਹਾਂ ਦਾ ਜੱਦੀ ਪਿੰਡ ਮਹਿਰਾਜ, ਜ਼ਿਲ੍ਹਾ ਬਠਿੰਡਾ ਸੀ। ਪਟਿਆਲਾ ਸ਼ਹਿਰ ਦੇ ਖੇਡ ਸੱਭਿਆਚਾਰ ਨੇ ਰਣਧੀਰ ਸਿੰਘ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਸੁਖਾਵਾਂ ਮਾਹੌਲ ਦਿੱਤਾ। ਉਹ ਸ਼ੌਕ ਵਜੋਂ ਕ੍ਰਿਕਟ ਖੇਡਦੇ ਸਨ, ਪਰ ਨਿਸ਼ਾਨੇਬਾਜ਼ੀ ਨੂੰ ਉਨ੍ਹਾਂ ਪ੍ਰਮੁੱਖ ਖੇਡ ਵਜੋਂ ਅਪਣਾਇਆ ਅਤੇ ਟਰੈਪ ਤੇ ਸਕੀਟ ਈਵੈਂਟ ਨੂੰ ਚੁਣਿਆ। ਸੰਨ 1963 ਵਿੱਚ 17 ਵਰ੍ਹਿਆਂ ਦੇ ਰਣਧੀਰ ਸਿੰਘ ਨੇ ਨਿਸ਼ਾਨੇਬਾਜ਼ੀ ਦੇ ਕੌਮੀ ਮੁਕਾਬਲੇ ਦੌਰਾਨ ਕਲੇਅ ਪਿਜਨ ਨਿਸ਼ਾਨਾ ਰਾਊਂਡ ਵਿੱਚ 25 ’ਚੋਂ 25 ਨਿਸ਼ਾਨੇ ਲਾ ਕੇ ਆਪਣੀ ਅਸਾਧਾਰਨ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ। ਸੰਨ 1964 ਦੇ ਇੰਡੀਅਨ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸੀਨੀਅਰ ਪੱਧਰ ਨਿਸ਼ਾਨੇਬਾਜ਼ੀ ਦੇ ਟਰੈਪ ਟੀਮ ਮੁਕਾਬਲੇ ਵਿੱਚ ਹਿੱਸਾ ਲੈਂਦਿਆ ਸੋਨ ਤਗ਼ਮਾ ਜਿੱਤਿਆ। ਅਗਲੇ ਸਾਲ 1965 ਵਿੱਚ ਮੁੜ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ। ਸੰਨ 1967 ਵਿੱਚ ਰਣਧੀਰ ਸਿੰਘ ਨੇ ਸਕੀਟ ਸ਼ੂਟਿੰਗ ਵਿੱਚ ਆਪਣਾ ਪਹਿਲਾ ਕੌਮੀ ਵਿਅਕਤੀਗਤ ਖਿਤਾਬ ਜਿੱਤਿਆ। ਇਸ ਤੋਂ ਬਾਅਦ ਉਨ੍ਹਾਂ ਸਕੀਟ ਅਤੇ ਟਰੈਪ ਦੋਵੇਂ ਵਰਗਾਂ ਵਿੱਚ ਲਗਾਤਾਰ ਕਈ ਸਾਲ ਕੌਮੀ ਖਿਤਾਬ ਆਪਣੇ ਨਾਮ ਕੀਤੇ ਅਤੇ ਭਾਰਤ ਦੇ ਨੰਬਰ ਇੱਕ ਨਿਸ਼ਾਨੇਬਾਜ਼ ਬਣੇ।

Advertisement

ਸੰਨ 1968 ਵਿੱਚ ਮੈਕਸਿਕੋ ਵਿਖੇ ਰਣਧੀਰ ਸਿੰਘ ਨੇ 22 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਓਲੰਪਿਕਸ ਵਿੱਚ ਹਿੱਸਾ ਲਿਆ। ਇਸ ਮਗਰੋਂ 1972 ’ਚ ਮਿਊਨਿਖ, 1976 ’ਚ ਮੌਂਟਰੀਅਲ, 1980 ’ਚ ਮਾਸਕੋ ਤੇ 1984 ਵਿੱਚ ਲਾਸ ਏਂਜਲਸ ਦੇ ਓਲੰਪਿਕਸ ’ਚ ਹਾਜ਼ਰੀ ਭਰੀ। ਸੰਨ 1978 ਵਿੱਚ ਬੈਂਕਾਕ ਵਿਖੇ ਏਸ਼ਿਆਈ ਖੇਡਾਂ ’ਚ ਰਣਧੀਰ ਸਿੰਘ ਨੇ ਇਤਿਹਾਸ ਸਿਰਜਦਿਆਂ ਟਰੈਪ ਈਵੈਂਟ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। ਇਸ ਦੇ ਨਾਲ ਹੀ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਉਹ ਭਾਰਤੀ ਨਿਸ਼ਾਨੇਬਾਜ਼ ਬਣ ਗਏ। ਚਾਰ ਸਾਲ ਬਾਅਦ 1982 ਦੀਆਂ ਨਵੀਂ ਦਿੱਲੀ ਏਸ਼ਿਆਈ ਖੇਡਾਂ ਵਿੱਚ ਰਣਧੀਰ ਸਿੰਘ ਨੇ ਟੀਮ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਰਣਧੀਰ ਸਿੰਘ ਨੇ ਚਾਰ ਵਾਰ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈ ਕੇ ਤਿੰਨ ਤਗ਼ਮੇ ਜਿੱਤੇ। 1994 ਵਿੱਚ ਹੀਰੋਸ਼ੀਮਾ ਵਿੱਚ 48 ਵਰ੍ਹਿਆਂ ਦੀ ਉਮਰੇ ਚੌਥੀ ਵਾਰ ਏਸ਼ਿਆਈ ਖੇਡਾਂ ਵਿੱਚ ਹਿੱਸਾ ਲਿਆ। ਰਣਧੀਰ ਸਿੰਘ 1987 ਵਿੱਚ ਭਾਰਤੀ ਓਲੰਪਿਕ ਕੌਂਸਲ ਦੇ ਸਕੱਤਰ ਜਨਰਲ ਬਣੇ ਤੇ 2012 ਤੱਕ 25 ਵਰ੍ਹੇ ਸੇਵਾਵਾਂ ਨਿਭਾਈਆਂ। 1991 ਤੋਂ 2015 ਤੱਕ 24 ਸਾਲ ਓਲੰਪਿਕ ਕੌਂਸਲ ਔਫ ਏਸ਼ੀਆ ਦੇ ਸਕੱਤਰ ਜਨਰਲ ਰਹੇ। ਇਸ ਸਮੇਂ ਦੌਰਾਨ ਉਹ ਬਤੌਰ ਨਿਸ਼ਾਨੇਬਾਜ਼ ਵੀ ਖੇਡਾਂ ਵਿੱਚ ਹਿੱਸਾ ਲੈਂਦੇ ਰਹੇ। ਉਹ ਓਲੰਪਿਕ ਕੌਂਸਲ ਔਫ ਏਸ਼ੀਆ ਦੇ ਅਹੁਦੇਦਾਰ ਹੋਣ ਦੇ ਨਾਲ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਪਹਿਲੇ ਖਿਡਾਰੀ ਬਣੇ। ਉਹ 2001 ਤੋਂ 2014 ਤੱਕ ਲਗਾਤਾਰ 13 ਸਾਲ ਕੌਮਾਂਤਰੀ ਓਲੰਪਿਕ ਕਮੇਟੀ ਦੇ ਮੈਂਬਰ ਰਹੇ ਤੇ ਭਾਰਤ ਦੀ ਨੁਮਾਇੰਦਗੀ ਕੀਤੀ। ਦੋ ਸਾਲ ਪਹਿਲਾਂ ਨਵੀਂ ਦਿੱਲੀ ਵਿੱਚ ਹੋਏ ਓਲੰਪਿਕ ਕੌਂਸਲ ਔਫ ਏਸ਼ੀਆ ਦੇ 44ਵੇਂ ਜਨਰਲ ਇਜਲਾਸ ਵਿੱਚ ਉਹ ਬਿਨਾਂ ਵਿਰੋਧ ਪ੍ਰਧਾਨ ਚੁਣੇ ਗਏ ਸਨ ਤੇ ਇਹ ਅਹੁਦਾ ਹਾਸਲ ਕਰਨ ਵਾਲੇ ਉਹ ਪਹਿਲੇ ਭਾਰਤੀ ਸਨ।

ਖੇਡ ਪ੍ਰਾਪਤੀਆਂ ਬਦਲੇ ਰਣਧੀਰ ਸਿੰਘ ਨੂੰ 1978 ਵਿੱਚ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਤੇ 1979 ਵਿੱਚ ਭਾਰਤ ਸਰਕਾਰ ਨੇ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ। ਰਣਧੀਰ ਸਿੰਘ ਦੀ ਨਿਗਰਾਨੀ ਹੇਠ 1996 ਵਿੱਚ ਐਟਲਾਂਟਾ ਓਲੰਪਿਕਸ ਵਿੱਚ 44 ਵਰ੍ਹਿਆਂ ਬਾਅਦ ਭਾਰਤ ਦੇ ਲੀਏਂਡਰ ਪੇਸ ਨੇ ਕੋਈ ਵਿਅਕਤੀਗਤ ਤਗ਼ਮਾ ਜਿੱਤਿਆ, 2000 ਵਿੱਚ ਸਿਡਨੀ ਓਲੰਪਿਕਸ ਵਿੱਚ ਕਰਨਮ ਮਲੇਸ਼ਵਰੀ ਪਹਿਲੀ ਮਹਿਲਾ ਓਲੰਪਿਕਸ ਤਗ਼ਮਾ ਜੇਤੂ ਬਣੀ, 2008 ਵਿੱਚ ਪੇਈਚਿੰਗ ਓਲੰਪਿਕਸ ਵਿੱਚ ਅਭਿਨਵ ਬਿੰਦਰਾ ਨੇ ਪਹਿਲਾ ਓਲੰਪਿਕਸ ਵਿਅਕਤੀਗਤ ਸੋਨ ਤਗ਼ਮਾ ਜਿੱਤਿਆ। ਸਾਲ 2012 ਵਿੱਚ ਲੰਡਨ ’ਚ ਭਾਰਤ ਨੇ ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਛੇ ਤਗ਼ਮੇ ਜਿੱਤੇ। ਰਣਧੀਰ ਸਿੰਘ ਨੇ ਭਾਰਤੀ ਖੇਡ ਪ੍ਰਬੰਧਨ ਨੂੰ ਨਵੀਂ ਦਿਸ਼ਾ ਦਿੱਤੀ। ਇਸ ਸਮੇਂ ਦੌਰਾਨ ਭਾਰਤੀ ਖਿਡਾਰੀਆਂ ਲਈ ਬਿਹਤਰ ਪ੍ਰਬੰਧ, ਕੌਮਾਂਤਰੀ ਮੌਕੇ ਅਤੇ ਖੇਡਾਂ ਦੇ ਵਿਕਾਸ ਲਈ ਕਈ ਯੋਜਨਾਵਾਂ ਬਣਾਈਆਂ ਗਈਆਂ। ਉਨ੍ਹਾਂ ਦਾ ਕਹਿਣਾ ਸੀ ਕਿ ਖਿਡਾਰੀ ਕਿਸੇ ਦੇਸ਼ ਦੀ ਅਸਲ ਪੂੰਜੀ ਹੁੰਦੇ ਹਨ ਤੇ ਉਨ੍ਹਾਂ ਨੂੰ ਵਧੀਆ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ।

ਭਾਰਤ ਦੇ ਪਹਿਲੇ ਅਰਜੁਨ ਐਵਾਰਡੀ ਗੁਰਬਚਨ ਸਿੰਘ ਰੰਧਾਵਾ, ਜੋ ਰਾਜਾ ਭਲਿੰਦਰ ਸਿੰਘ ਦੇ ਬਹੁਤ ਮੁਰੀਦ ਹਨ, ਦਾ ਕਹਿਣਾ ਹੈ ਕਿ 18 ਅਕਤੂਬਰ 1964 ਨੂੰ ਟੋਕੀਓ ਓਲੰਪਿਕਸ ਖੇਡਾਂ ਵਿੱਚ ਉਹ 14 ਸਕਿੰਟਾਂ ਨਾਲ 110 ਮੀਟਰ ਹਰਡਲਜ਼ ਵਿੱਚ ਪੰਜਵਾਂ ਸਥਾਨ ਹਾਸਲ ਕਰਨ ਵਾਲੇ ਏਸ਼ੀਆ ਦੇ ਪਹਿਲੇ ਹਰਡਲਰ ਬਣੇ ਸਨ ਅਤੇ 18 ਅਕਤੂਬਰ ਨੂੰ ਹੀ ਰਾਜਾ ਰਣਧੀਰ ਸਿੰਘ ਦਾ ਜਨਮ ਦਿਨ ਹੁੰਦਾ ਹੈ। 18 ਅਕਤੂਬਰ 1964 ਨੂੰ ਰਣਧੀਰ ਸਿੰਘ ਨੇ ਟੋਕੀਓ ਵਿਖੇ ਗੇਮਜ਼ ਵਿਲੇਜ ਵਿਖੇ ਆਪਣੇ ਜਨਮ ਦਿਨ ਦਾ ਕੇਕ ਗੁਰਬਚਨ ਸਿੰਘ ਰੰਧਾਵਾ ਤੇ ਮਿਲਖਾ ਸਿੰਘ ਦੇ ਨਾਲ ਕੱਟਿਆ ਸੀ।

ਰਣਧੀਰ ਸਿੰਘ ਦੇ ਪਿਤਾ ਰਾਜਾ ਭਲਿੰਦਰ ਸਿੰਘ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਕੌਮਾਂਤਰੀ ਓਲੰਪਿਕ ਕਮੇਟੀ ਦੇ ਮੈਂਬਰ ਰਹੇ ਅਤੇ ਉਨ੍ਹਾਂ ਫਸਟ ਕਲਾਸ ਦੀ ਕ੍ਰਿਕਟ ਵੀ ਖੇਡੀ ਹੈ। ਰਣਧੀਰ ਸਿੰਘ ਦੀ ਧੀ ਰਾਜੇਸ਼ਵਰੀ ਨੇ ਪੈਰਿਸ ਓਲੰਪਿਕਸ ਵਿੱਚ ਹਿੱਸਾ ਲਿਆ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗ਼ਮਾ ਅਤੇ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਰਣਧੀਰ ਸਿੰਘ ਦੇ ਤੁਰ ਜਾਣ ਨਾਲ ਭਾਰਤੀ ਖੇਡਾਂ ਨੂੰ ਵੱਡਾ ਘਾਟਾ ਪਿਆ ਹੈ।

ਸੰਪਰਕ: 97800-36216

Advertisement
×