ਸ਼ਾਂਤੀ ਦੇ ਹਾਮੀ ਦਲਾਈ ਲਾਮਾ ਨੂੰ ਗ੍ਰੈਮੀ ਐਵਾਰਡ
ਫਿਲਮ ਤੇ ਸੰਗੀਤ ਦੇ ਬਦਲਦੇ ਆਧੁਨਿਕ ਰੂਪਾਂ ਵਿੱਚ ਇਸ ਵਾਰ ਦੇ ਗ੍ਰੈਮੀ ਐਵਾਰਡ ਦਾ ਐਲਾਨ ਦਿਲਚਸਪ ਸਾਬਿਤ ਹੋਇਆ ਕਿਉਂਕਿ ਦੁਨੀਆ ਦੇ ਪ੍ਰਸਿੱਧ ਅਧਿਆਤਮਕ ਆਗੂ ਤੇ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਦਲਾਈ ਲਾਮਾ ਨੂੰ ਵੀ ਗ੍ਰੈਮੀ ਐਵਾਰਡ ਨਾਲ ਨਿਵਾਜਿਆ ਗਿਆ ਹੈ ਅਤੇ...
ਫਿਲਮ ਤੇ ਸੰਗੀਤ ਦੇ ਬਦਲਦੇ ਆਧੁਨਿਕ ਰੂਪਾਂ ਵਿੱਚ ਇਸ ਵਾਰ ਦੇ ਗ੍ਰੈਮੀ ਐਵਾਰਡ ਦਾ ਐਲਾਨ ਦਿਲਚਸਪ ਸਾਬਿਤ ਹੋਇਆ ਕਿਉਂਕਿ ਦੁਨੀਆ ਦੇ ਪ੍ਰਸਿੱਧ ਅਧਿਆਤਮਕ ਆਗੂ ਤੇ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਦਲਾਈ ਲਾਮਾ ਨੂੰ ਵੀ ਗ੍ਰੈਮੀ ਐਵਾਰਡ ਨਾਲ ਨਿਵਾਜਿਆ ਗਿਆ ਹੈ ਅਤੇ 14ਵੇਂ ਦਲਾਈ ਲਾਮਾ ਨੇ 90 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਗ੍ਰੈਮੀ ਪੁਰਸਕਾਰ ਜਿੱਤਿਆ ਹੈ।
ਗ੍ਰੈਮੀ ਐਵਾਰਡਜ਼ ਦਾ ਇਹ 68ਵਾਂ ਸਾਲਾਨਾ ਸਮਾਗਮ ਸੀ। ਉਨ੍ਹਾਂ ਨੂੰ ਐਲਬਮ ‘ਮੈਡੀਟੇਸ਼ਨ: ਦਿ ਰਿਫਲੈਕਸ਼ਨਜ਼ ਔਫ ਹਿਜ਼ ਹੋਲੀਨੈੱਸ ਦਿ ਦਲਾਈ ਲਾਮਾ’ ਲਈ ਸਰਵੋਤਮ ਆਡੀਓਬੁੱਕ, ਨੈਰੇਸ਼ਨ ਅਤੇ ਸਟੋਰੀਟੈੱਲਿੰਗ ਰਿਕਾਰਡਿੰਗ ਲਈ ਪੁਰਸਕਾਰ ਮਿਲਿਆ ਹੈ। ਨੱਬੇ ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਗ੍ਰੈਮੀ ਐਵਾਰਡ ਜਿੱਤ ਕੇ ਦਲਾਈ ਲਾਮਾ ਨੇ ਇਤਿਹਾਸ ਰਚਿਆ ਹੈ।
ਦਲਾਈ ਲਾਮਾ ਦੀ ਇਹ ਐਲਬਮ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਪ੍ਰਸਿੱਧ ਕਲਾਕਾਰਾਂ ਦੇ ਸੰਗੀਤ ਨਾਲ ਜੋੜਦੀ ਹੈ, ਜਿਸ ਦਾ ਉਦੇਸ਼ ਵਿਸ਼ਵਵਿਆਪੀ ਸਰੋਤਿਆਂ ਤੱਕ ਸ਼ਾਂਤੀ ਅਤੇ ਹਮਦਰਦੀ ਦਾ ਸੰਦੇਸ਼ ਪਹੁੰਚਾਉਣਾ ਹੈ।
ਦਲਾਈ ਲਾਮਾ ਨੂੰ ਇਹ ਪੁਰਸਕਾਰ ਮਿਲਣਾ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ। ਉਹ ਆਪਣੀ ਧਾਰਮਿਕ ਆਸਥਾ ਦੇ ਨਾਲ ਸ਼ਾਂਤੀ ਦੇ ਦੂਤ ਵਜੋਂ ਦੁਨੀਆ ਵਿੱਚ ਪ੍ਰਸਿੱਧ ਹਨ। ਉਨ੍ਹਾਂ ਦੀਆਂ ਕਈ ਕਿਤਾਬਾਂ ਤੇ ਦਰਸ਼ਨ ਕਾਰਨ ਉਨ੍ਹਾਂ ਨੂੰ ਬੁੱਧ ਧਰਮ ਦੇ ਉਸ ਰਹਿਬਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਜਿਸ ਨੇ 21ਵੀਂ ਸਦੀ ਵਿੱਚ ਨਵੇਂ ਨਜ਼ਰੀਏ ਤੇ ਸੋਚ ਨਾਲ ਇੱਕ ਨਵਾਂ ਸਮਾਜ ਪੈਦਾ ਕੀਤਾ ਹੈ।
ਗ੍ਰੈਮੀ ਐਵਾਰਡ ਜਿੱਤਣ ’ਤੇ ਦਲਾਈ ਲਾਮਾ ਨੇ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹ ਗ੍ਰੈਮੀ ਐਵਾਰਡ ਅਤੇ ਹੋਰ ਪੁਰਸਕਾਰਾਂ ਨੂੰ ‘ਸਾਂਝੀ ਵਿਸ਼ਵਵਿਆਪੀ ਜ਼ਿੰਮੇਵਾਰੀ’ ਵਜੋਂ ਵੇਖਦੇ ਹਨ। ਸੰਗੀਤ ਦੀ ਵੰਨ-ਸੁਵੰਨਤਾ ਦੀ ਭਾਵਨਾ ਨਾਲ ਭਰੇ ਗ੍ਰੈਮੀ ਸਮਾਗਮ ਵਿੱਚ ਆਪਣੇ ਸੁਨੇਹੇ ਵਿੱਚ ਦਲਾਈ ਲਾਮਾ ਨੇ ਕਿਹਾ ਕਿ ਉਹ ਆਡੀਓ ਕਿਤਾਬ, ਬਿਰਤਾਂਤ ਅਤੇ ਕਹਾਣੀ ਸੁਣਾਉਣ ਲਈ ਇਹ ਚੋਟੀ ਦਾ ਸੰਗੀਤ ਪੁਰਸਕਾਰ ਜਿੱਤਣ ਤੋਂ ਬਾਅਦ ਆਪਣੇ ਪਹਿਲੇ ਗ੍ਰੈਮੀ ਲਈ ਧੰਨਵਾਦੀ ਹਨ।
ਭਾਰਤ ਵਿੱਚ ਧਰਮਸ਼ਾਲਾ ਵਿਖੇ ਜਲਾਵਤਨੀ ਵਿੱਚ ਰਹਿੰਦੇ 90 ਸਾਲਾ ਬੋਧੀ ਅਧਿਆਤਮਕ ਆਗੂ ਨੂੰ ਲਾਸ ਏਂਜਲਸ ਵਿੱਚ ਹੋਏ ਗ੍ਰੈਮੀ ਸਮਾਗਮ ਵਿੱਚ ਜੇਤੂ ਐਲਾਨਿਆ ਗਿਆ। ਇਸ ਨਾਲ ਪੂਰੀ ਦੁਨੀਆ ਵਿੱਚ ਨਿੱਜੀ ਆਜ਼ਾਦੀ ਤੇ ਧਾਰਮਿਕ ਅਧਿਆਤਮਕ ਸੰਗੀਤ ਦੀ ਆਵਾਜ਼ ਗੂੰਜ ਗਈ ਹੈ।
ਦਲਾਈ ਲਾਮਾ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਇੱਕ ਪੋਸਟ ਵਿੱਚ ਕਿਹਾ ਗਿਆ ਹੈ, ‘‘ਇਹ ਕੋਈ ਨਿੱਜੀ ਪ੍ਰਾਪਤੀ ਨਹੀਂ ਹੈ, ਸਗੋਂ ਇਹ ਸਾਡੀ ਸਾਂਝੀ ਵਿਸ਼ਵਵਿਆਪੀ ਜ਼ਿੰਮੇਵਾਰੀ ਨੂੰ ਮਿਲੀ ਮਾਨਤਾ ਹੈ।’’
ਦਲਾਈ ਲਾਮਾ ਆਪਣੀ ਮਾਤ-ਭੂਮੀ ਤਿੱਬਤ ਲਈ ਵਧੇਰੇ ਖ਼ੁਦਮੁਖਤਿਆਰੀ ਲਈ ਲਗਾਤਾਰ ਆਵਾਜ਼ ਉਠਾਉਂਦੇ ਆ ਰਹੇ ਹਨ ਕਿਉਂਕਿ ਚੀਨ ਇਸ ਨੂੰ ਆਪਣਾ ਖੇਤਰ ਮੰਨਦਾ ਹੈ। ਗ੍ਰੈਮੀ ਐਵਾਰਡ ਮਿਲਣ ’ਤੇ ਦਲਾਈ ਲਾਮਾ ਨੇ ਇਹ ਵੀ ਕਿਹਾ: ‘‘ਮੈਂ ਸੱਚਮੁੱਚ ਵਿਸ਼ਵਾਸ ਕਰਦਾ ਹਾਂ ਕਿ ਸ਼ਾਂਤੀ, ਹਮਦਰਦੀ, ਸਾਡੇ ਵਾਤਾਵਰਣ ਦੀ ਸੰਭਾਲ ਅਤੇ ਮਨੁੱਖਤਾ ਦੀ ਏਕਤਾ ਸਾਡੇ ਅੱਠ ਅਰਬ ਮਨੁੱਖਾਂ ਦੀ ਸਮੂਹਿਕ ਭਲਾਈ ਲਈ ਲਾਜ਼ਮੀ ਹੈ।’’
ਉਨ੍ਹਾਂ ਦੀ ਆਡੀਓ ਕਿਤਾਬ ਵਿੱਚ ਰੂਫਸ ਵੇਨਰਾਈਟ ਵਰਗੇ ਕਲਾਕਾਰ ਸ਼ਾਮਲ ਹਨ, ਜਿਨ੍ਹਾਂ ਨੇ ਅਧਿਆਤਮਕ ਆਗੂ ਦੀ ਤਰਫ਼ੋਂ ਪੁਰਸਕਾਰ ਸਵੀਕਾਰ ਕੀਤਾ।
ਇਹ ਵੀ ਵਰਣਨਯੋਗ ਹੈ ਕਿ ਦਲਾਈ ਲਾਮਾ ਨੂੰ ਸੰਨ 1959 ਨੂੰ 23 ਸਾਲ ਦੀ ਉਮਰ ਵਿੱਚ ਤਿੱਬਤ ਦੀ ਰਾਜਧਾਨੀ ਲਹਾਸਾ ਤੋਂ ਜਲਾਵਤਨ ਹੋਣਾ ਪਿਆ ਅਤੇ ਇਸ ਮਗਰੋਂ ਉਹ ਕਦੇ ਵੀ ਤਿੱਬਤ ਵਾਪਸ ਨਹੀਂ ਜਾ ਸਕੇ। ਤਿੱਬਤੀ ਬੋਧੀ ਮੰਨਦੇ ਹਨ ਕਿ ਮੌਜੂਦਾ ਦਲਾਈ ਲਾਮਾ ਉਨ੍ਹਾਂ ਦੇ ਅਧਿਆਤਮਕ ਰਹਿਬਰ ਦਾ 14ਵਾਂ ਜਨਮ ਹੈ। ਦੂਜੇ ਪਾਸੇ ਕਮਿਊਨਿਸਟ ਚੀਨ ਦਲਾਈ ਲਾਮਾ ਨੂੰ ਇੱਕ ਵੱਖਵਾਦੀ ਬਾਗੀ ਮੰਨਦਾ ਹੈ।
ਖ਼ੈਰ, ਦਲਾਈ ਲਾਮਾ ਦੀ ਗ੍ਰੈਮੀ ਜੇਤੂ ਐਲਬਮ ਦੀ ਗੱਲ ਕਰੀਏ ਤਾਂ ਇਸ ਐਲਬਮ ਦਾ ਸੰਗੀਤ ਪ੍ਰਸਿੱਧ ਸਰੋਦਵਾਦਕ ਉਸਤਾਦ ਅਮਜਦ ਅਲੀ ਖਾਨ ਅਤੇ ਉਨ੍ਹਾਂ ਦੇ ਪੁੱਤਰਾਂ ਅਮਾਨ ਅਲੀ ਬੰਗਸ਼ ਤੇ ਅਯਾਨ ਅਲੀ ਬੰਗਸ਼ ਦੁਆਰਾ ਤਿਆਰ ਕੀਤਾ ਗਿਆ ਹੈ। ਕਹਾਣੀ ਨਾਲ ਇਸ ਐਲਬਮ ਵਿੱਚ ਸ਼ਾਂਤੀ, ਦਇਆ, ਸਵੈ-ਜਾਗਰੂਕਤਾ ਅਤੇ ਵਾਤਾਵਰਣ ਬਾਰੇ ਦਲਾਈ ਲਾਮਾ ਦੀਆਂ ਸਿੱਖਿਆਵਾਂ ਅਤੇ ਵਿਚਾਰ ਪ੍ਰਦਰਸ਼ਿਤ ਕੀਤੇ ਗਏ ਹਨ। ਇਸ ਵਿੱਚ ਰੂਫਸ ਵੇਨਰਾਈਟ, ਮੈਗੀ ਰੋਜਰਜ਼ ਅਤੇ ਆਂਦਰਾ ਡੇ ਵਰਗੇ ਕੌਮਾਂਤਰੀ ਕਲਾਕਾਰਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਹੈ। ਗ੍ਰੈਮੀ ਜੇਤੂ ਕਬੀਰ ਸਹਿਗਲ ਵੀ ਇਸ ਪ੍ਰੋਜੈਕਟ ਹੈ।
ਇਹ ਐਲਬਮ ਦਲਾਈ ਲਾਮਾ ਦੇ ਅਧਿਆਤਮਕ ਵਿਚਾਰਾਂ ਦਾ ਹਿੰਦੋਸਤਾਨੀ ਸ਼ਾਸਤਰੀ ਸੰਗੀਤ (ਸਰੋਦ) ਨਾਲ ਇੱਕ ਵਿਲੱਖਣ ਮਿਸ਼ਰਣ ਹੈ। ਇਸ ਐਲਬਮ ਵਿੱਚ 10 ਟਰੈਕ ਹਨ ਜੋ ਪਿਆਰ, ਦਇਆ, ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹਨ। ਇਸ ਐਲਬਮ ਵਿਚਲੇ ਟਰੈਕ ‘ਦਿਲ’, ‘ਏਕਤਾ’, ‘ਸਦਭਾਵਨਾ’, ‘ਪਾਣੀ’, ‘ਮਨ’, ‘ਸਿਹਤ’, ‘ਸ਼ਾਂਤੀ’, ‘ਸਾਰ’ ਅਤੇ ‘ਯਾਤਰਾ’ ਹਨ। ਇਸ ਵਿੱਚ ਆਧੁਨਿਕ ਦਰਸ਼ਕਾਂ ਨੂੰ ਸ਼ਾਂਤੀ ਅਤੇ ਦਇਆ ਦਾ ਸੰਦੇਸ਼ ਦੇਣ ਲਈ ਦਲਾਈ ਲਾਮਾ ਦੇ 100 ਘੰਟਿਆਂ ਤੋਂ ਵੱਧ ਦੇ ਭਾਸ਼ਣਾਂ ਨੂੰ ਆਧਾਰ ਬਣਾਇਆ ਗਿਆ ਹੈ।
ਗ੍ਰੈਮੀ ਐਵਾਰਡ ਦੀ ਖ਼ਾਸੀਅਤ ਇਹ ਹੈ ਕਿ ਇਹ ਪੁਰਸਕਾਰ ਸੰਗੀਤ ਦੀ ਦੁਨੀਆ ਵਿੱਚ ਹਰ ਵਾਰ ਉਨ੍ਹਾਂ ਆਵਾਜ਼ਾਂ ਅਤੇ ਪ੍ਰਤਿਭਾਵਾਂ ਨੂੰ ਅੱਗੇ ਲਿਆਉਂਦਾ ਹੈ, ਜੋ ਲੋਕਾਂ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀਆਂ ਹਨ। ਦਲਾਈ ਲਾਮਾ ਨੂੰ ਗ੍ਰੈਮੀ ਮਿਲਣਾ ਅਸਲ ਵਿੱਚ ਉਨ੍ਹਾਂ ਕਰੋੜਾਂ ਲੋਕਾਂ ਦੀ ਆਸਥਾ ਤੇ ਭਰੋਸੇ ਨੂੰ ਪਛਾਣ ਮਿਲਣਾ ਹੈ, ਜੋ ਸ਼ਾਂਤੀ ਅਤੇ ਅਹਿੰਸਾ ਵਾਲੀ ਜੀਵਨ ਜਾਚ ਨੂੰ ਪ੍ਰਣਾਈ ਹੋਈ ਹੈ। ਦਲਾਈ ਲਾਮਾ ਸੱਚਮੁੱਚ ਉਸ ਵਿਲੱਖਣ ਸਫ਼ ਦੇ ਆਗੂਆਂ ਵਿੱਚੋਂ ਇੱਕ ਹਨ, ਜਿਨ੍ਹਾਂ ਨੂੰ ਸ਼ਾਂਤੀ ਲਈ ਨੋਬੇਲ, ਮੈਗਸੇਸੇ ਤੇ ਦੁਨੀਆ ਭਰ ਦੇ ਹੋਰ ਐਵਾਰਡਾਂ ਦੇ ਨਾਲ ਨਾਲ ਸੰਗੀਤ ਦਾ ਗ੍ਰੈਮੀ ਐਵਾਰਡ ਵੀ ਦਿੱਤਾ ਗਿਆ ਹੈ।
ਦਲਾਈ ਲਾਮਾ ਸ਼ਾਂਤੀ ਦੇ ਦੂਤ ਹਨ। ਉਨ੍ਹਾਂ ਨੂੰ ਇਸ ਐਵਾਰਡ ਨਾਲ ਨਿਵਾਜਿਆ ਜਾਣਾ ਅਸਲ ਵਿੱਚ ਸ਼ਾਂਤੀ ਭਰੇ ਭਵਿੱਖ ਨੂੰ ਮਾਨਤਾ ਦੇਣਾ ਹੈ।

