ਮੂਰਤੀਆਂ ਦੀ ਤਸਕਰੀ ’ਤੇ ਡਾਕੂਮੈਂਟਰੀ ਬਣਾਉਣਗੇ ਗੋਵਾਰੀਕਰ
ਫਿਲਮ ਨਿਰਮਾਤਾ ਦੇ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਹੁਣ ‘ਟੈਂਪਲ ਰੇਡਰਜ਼’ ਨਾਂ ਦੀ ਚਾਰ ਭਾਗਾਂ ’ਚ ਬਣਨ ਵਾਲੀ ਡਾਕੂਮੈਂਟਰੀ-ਡਰਾਮਾ ਸੀਰੀਜ਼ ਲੈ ਕੇ ਆ ਰਹੇ ਹਨ। ਇਹ ਸੀਰੀਜ਼ ਭਾਰਤ ਦੇ ਮੰਦਰਾਂ ਦੀਆਂ ਮੂਰਤੀਆਂ ਤੇ ਕਲਾਕ੍ਰਿਤੀਆਂ ਦੀ ਚੋਰੀ ਅਤੇ ਉਨ੍ਹਾਂ ਦੀ ਤਸਕਰੀ ਵਿੱਚ ਸ਼ਾਮਲ...
ਫਿਲਮ ਨਿਰਮਾਤਾ ਦੇ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਹੁਣ ‘ਟੈਂਪਲ ਰੇਡਰਜ਼’ ਨਾਂ ਦੀ ਚਾਰ ਭਾਗਾਂ ’ਚ ਬਣਨ ਵਾਲੀ ਡਾਕੂਮੈਂਟਰੀ-ਡਰਾਮਾ ਸੀਰੀਜ਼ ਲੈ ਕੇ ਆ ਰਹੇ ਹਨ। ਇਹ ਸੀਰੀਜ਼ ਭਾਰਤ ਦੇ ਮੰਦਰਾਂ ਦੀਆਂ ਮੂਰਤੀਆਂ ਤੇ ਕਲਾਕ੍ਰਿਤੀਆਂ ਦੀ ਚੋਰੀ ਅਤੇ ਉਨ੍ਹਾਂ ਦੀ ਤਸਕਰੀ ਵਿੱਚ ਸ਼ਾਮਲ ਕੌਮਾਂਤਰੀ ਨੈੱਟਵਰਕਾਂ ਦੀ ਡੂੰਘਾਈ ਨਾਲ ਪੜਚੋਲ ਕਰੇਗੀ। ਸੀਰੀਜ਼ ਟਿਊਡਿਪ ਐਂਟਰਟੇਨਮੈਂਟ ਵੱਲੋਂ ਰਿਵਰਲੈਂਡ ਐਂਟਰਟੇਨਮੈਂਟ ਅਤੇ ਆਸ਼ੂਤੋਸ਼ ਗੋਵਾਰੀਕਰ ਪ੍ਰੋਡਕਸ਼ਨ ਨਾਲ ਮਿਲ ਕੇ ਬਣਾਈ ਜਾ ਰਹੀ ਹੈ। ਇਸ ਦੇ ਲੇਖਕ ਰਾਘਵ ਖੰਨਾ ਹਨ। ਇਹ ਮਿਆਰੀ ਡਾਕੂ-ਡਰਾਮਾ ਹੈ, ਜੋ ਤੱਥਾਂ ’ਤੇ ਅਧਾਰਿਤ ਕਹਾਣੀ ਨੂੰ ਸਿਨੇਮਾ ਦੇ ਅੰਦਾਜ਼ ਵਿੱਚ ਪੇਸ਼ ਕਰੇਗਾ। ਇਸ ਦਾ ਮੁੱਖ ਮਕਸਦ ਭਾਰਤ ਦੀ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਮੁੱਦਿਆਂ, ਖਾਸ ਕਰਕੇ ਮੰਦਰਾਂ ਵਿੱਚੋਂ ਮੂਰਤੀਆਂ ਦੀ ਚੋਰੀ ਅਤੇ ਗ਼ੈਰ-ਕਾਨੂੰਨੀ ਤਸਕਰੀ ਵੱਲ ਦੁਨੀਆ ਦਾ ਧਿਆਨ ਖਿੱਚਣਾ ਹੈ। ‘ਲਗਾਨ’, ‘ਜੋਧਾ ਅਕਬਰ’ ਵਰਗੀਆਂ ਇਤਿਹਾਸਕ ਫ਼ਿਲਮਾਂ ਲਈ ਜਾਣੇ ਜਾਂਦੇ ਗੋਵਾਰੀਕਰ ਪਹਿਲੀ ਵਾਰ ਗ਼ੈਰ-ਗਲਪ ਖੇਤਰ ਵਿੱਚ ਕਦਮ ਰੱਖ ਰਹੇ ਹਨ। ਉਨ੍ਹਾਂ ਕਿਹਾ, ‘ਮੈਂ ਕਈ ਸਾਲਾਂ ਤੋਂ ਵੱਖ-ਵੱਖ ਸ਼ੈਲੀਆਂ ਦੀਆਂ ਡਾਕੂਮੈਂਟਰੀਆਂ ਦੇਖ ਰਿਹਾ ਹਾਂ ਅਤੇ ਇਨ੍ਹਾਂ ਨੇ ਮੈਨੂੰ ਹਮੇਸ਼ਾ ਪ੍ਰਭਾਵਿਤ ਕੀਤਾ ਹੈ, ਜਦੋਂ ਰਾਘਵ ਖੰਨਾ ਮੇਰੇ ਕੋਲ ‘ਟੈਂਪਲ ਰੇਡਰਜ਼’ ਦਾ ਵਿਚਾਰ ਲੈ ਕੇ ਆਏ, ਤਾਂ ਮੈਂ ਤੁਰੰਤ ਹਾਂ ਕਰ ਦਿੱਤੀ। ਇਹ ਅਜਿਹਾ ਵਿਸ਼ਾ ਹੈ, ਜੋ ਸਾਲਾਂ ਤੋਂ ਦਬਿਆ ਹੋਇਆ ਹੈ।’ ਰਾਘਵ ਖੰਨਾ, ਜੋ ਪਹਿਲਾਂ ‘ਦਿ ਐਲੀਫੈਂਟ ਵਿਸਪਰਰਜ਼’, ‘ਦਿ ਹੰਟ ਫਾਰ ਵੀਰੱਪਨ’ ਅਤੇ ‘ਦਿ ਮੁੰਬਈ ਮਾਫ਼ੀਆ’ ਵਰਗੇ ਪ੍ਰੋਜੈਕਟਾਂ ਨਾਲ ਜੁੜੇ ਰਹੇ ਹਨ, ਨੇ ਦੱਸਿਆ ਕਿ ਇਹ ਸੀਰੀਜ਼ ਸ਼ਰਧਾ ਅਤੇ ਲਾਲਚ ਦੇ ਟਕਰਾਅ ਦੀ ਡੂੰਘੀ ਗਾਥਾ ਹੈ। ਨਿਰਮਾਤਾਵਾਂ ਅਨੁਸਾਰ ਇਸ ਸੀਰੀਜ਼ ਨੂੰ ਬਹੁਤ ਵੱਡੇ ਪੱਧਰ ’ਤੇ ਬਣਾਇਆ ਜਾ ਰਿਹਾ ਹੈ ਤਾਂ ਜੋ ਇਹ ਨਾ ਸਿਰਫ਼ ਜਾਣਕਾਰੀ ਦੇਵੇ, ਬਲਕਿ ਦਰਸ਼ਕਾਂ ਨੂੰ ਭਾਵਨਾਤਮਕ ਤੌਰ ’ਤੇ ਵੀ ਆਪਣੇ ਨਾਲ ਜੋੜ ਸਕੇ।

