ਜੀਵਨ ਲੋਅ 14

ਗੁੱਡਬਾਈ

ਗੁੱਡਬਾਈ

ਜਿੰਦਰ

‘‘ਹਾਂ ਜੀ, ਉਪਰ ਨੂੰ ਦੇਖੋ,’’ ਮੈਂ ਬਰਾਂਡੇ ਵਿੱਚ ਖੜ੍ਹੇ ਨੇ ਆਵਾਜ਼ ਦਿੱਤੀ। ਬਾਹਰਲੇ ਗੇਟ ਕੋਲ ਲੱਗੀ ਘੰਟੀ ਨੇੜੇ ਖੜ੍ਹੇ ਉਸ ਸ਼ਖ਼ਸ ਨੇ ਉਪਰ ਨੂੰ ਦੇਖਿਆ। ਮੈਂ ਕਿਹਾ, ‘‘ਅੰਦਰ ਚਲੇ ਜਾਓ। ਰਮੇਸ਼ ਅੰਦਰ ਹੀ ਆ।’’ ਉਸ ਕਿਹਾ, ‘‘ਮੈਂ ‘ਸ਼ਬਦ’ ਵਾਲੇ ਜਿੰਦਰ ਜੀ ਨੂੰ ਮਿਲਣਾ।’’ ਮੈਂ ਪੌੜੀਆਂ ਉਤਰ ਕੇ ਹੇਠਾਂ ਆ ਗਿਆ। ਪੁੱਛਿਆ, ‘‘ਦੱਸੋ ਜੀ।’’ ‘‘ਮੈਨੂੰ ਪਤਾ ਲੱਗਾ ਕਿ ਤੁਸੀਂ ‘ਸ਼ਬਦ’ ਦਾ ‘ਬਾਨੋ ਕੁਦਸੀਆ ਵਿਸ਼ੇਸ਼ ਅੰਕ’ ਛਾਪਿਆ। ਮੈਨੂੰ ਬੱਸ ਸਟੈਂਡ ਤੋਂ ਮਿਲਿਆ ਨ੍ਹੀਂ। ਬੜੀ ਮੁਸ਼ਕਲ ਨਾਲ ਤੁਹਾਡਾ ਘਰ ਲੱਭਾ।’’ ਮੈਂ ਅੰਦਰ ਗਿਆ। ਇੱਕ ਕਾਪੀ ਲਿਆ ਕੇ ਉਸ ਨੂੰ ਦੇ ਦਿੱਤੀ। ਉਸ ਨੇ ਮੈਗਜ਼ੀਨ ਨੂੰ ਸਾਈਕਲ ਦੀ ਟੋਕਰੀ ਵਿੱਚ ਰੱਖ ਲਿਆ। ਕੁੜਤੇ ਦੀ ਜੇਬ੍ਹ ਵਿੱਚੋਂ ਪੰਜਾਹਾਂ ਦਾ ਨੋਟ ਕੱਢ ਕੇ ਮੇਰੇ ਵੱਲ ਨੂੰ ਕੀਤਾ। ਮੈਂ ਲੈਣ ਤੋਂ ਨਾਂਹ ਕਰ ਦਿੱਤੀ, ‘‘ਤੁਸੀਂ ਐਨੀ ਗਰਮੀ ’ਚ ਆਏ ਹੋ। ਮੇਰੇ ਲਈ ਇਹੀ ਵੱਡੀ ਗੱਲ ਆ।’’ ਉਸ ਵਾਰ-ਵਾਰ ਜ਼ੋਰ ਪਾਇਆ, ਪਰ ਮੈਂ ਪੈਸੇ ਨਾ ਲਏ। ਮੇਰਾ ਧਿਆਨ ਉਸ ਦੀ ਖੱਬੀ ਬਾਂਹ ਵੱਲ ਚਲਾ ਗਿਆ। ਉਸ ਦੀ ਖੱਬੀ ਕੂਹਣੀ ਹੇਠੋਂ ਬਾਂਹ ਨਹੀਂ ਸੀ।

‘‘ਅੰਦਰ ਆ ਜਾਓ। ਪਾਣੀ ਦਾ ਗਲਾਸ ਪੀ ਲਓ। ਅੱਜ ਗਰਮੀ ਨੇ ਵੀ ਬੱਸ ਕਰਾ ਦਿੱਤੀ ਆ।’’ ਮੈਂ ਦੋ-ਤਿੰਨ ਵਾਰ ਕਿਹਾ ਤਾਂ ਉਹ ਸਾਈਕਲ ਨੂੰ ਲੌਕ ਲਾ ਕੇ ਮੇਰੇ ਮਗਰ-ਮਗਰ ਆ ਗਿਆ। ਮੈਂ ਉਪਰ ਜਾ ਕੇ ਫਰਿੱਜ ਵਿੱਚੋਂ ਪਾਣੀ ਦੀ ਬੋਤਲ ਤੇ ਗਲਾਸ ਲਿਆਇਆ। ਉਸ ਨੇ ਪਾਣੀ ਦੇ ਦੋ ਗਲਾਸ ਪੀਤੇ। ਮੈਂ ਉਹਨੂੰ ਪੁੱਛਿਆ, ‘‘ਤੁਸੀਂ ਬਾਨੋ ਕੁਦਸੀਆ ਬਾਰੇ ਜਾਣਦੇ ਹੋ?’’ ਉਸ ਦੱਸਿਆ, ‘‘ਮੈਂ ‘ਨਾਗਮਣੀ’ ਦਾ ਰੈਗੂਲਰ ਪਾਠਕ ਰਿਹਾਂ। ਬਾਨੋ ਦੀ ਕਹਾਣੀ ‘ਅੱਠਵਾਂ ਰੰਗ’ ਪੜ੍ਹੀ ਸੀ। ਇਹ ਕਹਾਣੀ ਦਾ ਪਲਾਟ ਅੱਜ ਵੀ ਮੇਰੇ ਚੇਤਿਆਂ ’ਚ ਵਸਿਆ ਹੋਇਆ।’’ ਮੈਂ ਪਤਨੀ ਨੂੰ ਟੈਲੀਫੋਨ ਕਰ ਕੇ ਚਾਹ ਬਣਾਉਣ ਲਈ ਕਿਹਾ। ਅਸੀਂ ਘਰ-ਪਰਿਵਾਰ ਬਾਰੇ ਗੱਲਾਂ ਕਰਨ ਲੱਗੇ। ਉਸ ਨੇ ਆਪਣਾ ਨਾਂ ਮਾਨਕ ਚੰਦ ਦੱਸਿਆ। ਉਹ ਐਸ.ਟੀ.ਸੀ. ਦੇ ਚੰਡੀਗੜ੍ਹ ਵਾਲੇ ਦਫ਼ਤਰੋਂ ਬਤੌਰ ਸੀਨੀਅਰ ਅਸਿਸਟੈਂਟ ਸੇਵਾਮੁਕਤ ਹੋਇਆ। ਮੈਂ ਉਹਨੂੰ ਪੁੱਛਿਆ, ‘‘ਅੱਜਕੱਲ੍ਹ ਟਾਈਮ ਕਿੱਦਾਂ ਪਾਸ ਹੁੰਦਾ?’’ ਉਸ ਦੱਸਿਆ ਕਿ ਉਹ ਦੋ ਵੇਲੇ ਸੈਰ ਕਰਨ ਜਾਂਦਾ ਹੈ। ਗੁਰੂ-ਘਰ ਗੁਰਬਾਣੀ ਦਾ ਆਨੰਦ ਮਾਣਦਾ ਹੈ। ਬਾਕੀ ਸਮਾਂ ਘਰ ਦੀਆਂ ਬੂਤੀਆਂ ਕਰਨ ਤੇ ਪੜ੍ਹਣ ਵਿੱਚ ਲੰਘ ਜਾਂਦਾ ਹੈ। ਅੱਜਕੱਲ੍ਹ ਅੱਖਾਂ ਵਿੱਚ ਚਿੱਟਾ ਮੋਤੀਆ ਉਤਰ ਆਇਆ ਹੈ। ਸਾਫ਼ ਨਹੀਂ ਦਿੱਸਦਾ। ਡਾਕਟਰ ਨੇ ਕਿਹਾ ਹੈ ਕਿ ਲੈਂਸ ਪਵਾ ਲਓ।

‘‘ਤੁਹਾਨੂੰ ਛੇਤੀ ਲੈਂਸ ਪਵਾ ਲੈਣੇ ਚਾਹੀਦੇ ਨੇ,’’ ਮੈਂ ਕਿਹਾ।

‘‘ਅੱਜਕੱਲ੍ਹ ਮੇਰੇ ਕੋਲ ਪੈਸੇ ਹੈ ਨ੍ਹੀਂ।’’ ਉਸ ਦੀ ਆਵਾਜ਼ ਧੀਮੀ ਹੋ ਗਈ ਸੀ।

‘‘ਇਹ ਕੀ ਗੱਲ ਕਰਦੇ ਹੋ ਤੁਸੀਂ। ਤੁਹਾਡਾ ਮੁੰਡਾ ਆਸਟਰੇਲੀਆ ’ਚ ਸੈੱਟ ਆ। ਛੋਟੇ ਦਾ ਵੀ ਵਧੀਆ ਕੰਮ ਚੱਲ ਰਿਹਾ।’’ ਮੈਨੂੰ ਉਸ ’ਤੇ ਖਿੱਝ ਚੜ੍ਹੀ ਕਿ ਆਮ ਲੋਕਾਂ ਵਾਂਗੂ, ਜਿਹੜੇ ਪਿਛਲੀ ਉਮਰ ਵਿੱਚ ਕੰਜੂਸ ਹੋ ਜਾਂਦੇ ਹਨ, ਉਹ ਵੀ ਉਨ੍ਹਾਂ ਵਿੱਚੋਂ ਹੀ ਇੱਕ ਸੀ।

‘‘ਬਾਬੂ ਜੀ ਪੁੱਤਾਂ ’ਤੇ ਕਾਹਦਾ ਮਾਣ। ਇਹ ਜਿਹੜਾ ਪੁੱਤ ਦਾ ਮੋਹ ਹੈ ਨਾ- ਇਹਦਾ ਕੋਈ ਅੰਤ ਨ੍ਹੀਂ। ਧ੍ਰਿਤਰਾਸ਼ਟਰ ਵਾਂਗੂ। ਮੈਂ ਬਾਰ੍ਹਾਂ ਸਾਲ ਚੰਡੀਗੜ੍ਹ ਨੌਕਰੀ ਕੀਤੀ। ਐਸ.ਟੀ.ਸੀ. ਦਫਤਰ ’ਚ ਲੱਗੇ ਹੋਣ ਕਰਕੇ ਬੱਸਾਂ ’ਚ ਆਉਣ-ਜਾਣ ਫਰੀ ਵਰਗਾ ਸੀ। ਮਿਸਿਜ਼ ਸਵੇਰ ਨੂੰ ਚਾਰ ਵਜੇ ਉੱਠ ਕੇ ਮੇਰੀ ਰੋਟੀ ਵਾਲਾ ਡੱਬਾ ਤਿਆਰ ਕਰ ਦਿੰਦੇ। ਮੈਂ ਪੰਜ, ਸਵਾ ਪੰਜ ਵਾਲੀ ਬੱਸ ਫੜਦਾ। ਵਾਪਸੀ ’ਤੇ ਦਫ਼ਤਰ ਦੀ ਫਰਿਜ ਦਾ ਪੀਤਾ ਹੋਇਆ ਪਾਣੀ, ਫੇਰ ਘਰ ਆ ਕੇ ਹੀ ਪੀਂਦਾ। ਰਸਤੇ ’ਚ ਕਦੇ ਠੰਢਾ ਨ੍ਹੀਂ ਪੀਤਾ। ਚਾਹ ਦਾ ਕੱਪ ਨ੍ਹੀਂ ਪੀ ਕੇ ਦੇਖਿਆ। ਬੱਚਿਆਂ ਦੀ ਜ਼ਿੰਦਗੀ ਬਣਾਉਣ ਲਈ ਆਪਣੇ ਮੂੰਹ ਨੂੰ ਤਾਲਾ ਲਾ ਲਿਆ। ਮੈਂ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਹੀ ਅੱਪ-ਡਾਊਨ ਕਰਦਾ। ਸ਼ਨਿੱਚਰਵਾਰ ਮੈਥੋਂ ਉੱਠ ਨਾ ਹੁੰਦਾ। ਸਰੀਰ ਦਾ ਅੰਗ-ਅੰਗ ਦੁਖਦਾ। ਐਤਵਾਰ ਸ਼ਾਮ ਤੱਕ ਥਕੇਵਾਂ ਲਹਿੰਦਾ। ਸੋਮਵਾਰ ਨੂੰ ਫੇਰ ਉਹੀ ਚੱਕਰ ਸ਼ੁਰੂ ਹੋ ਜਾਂਦਾ। ਜਦੋਂ ਮੁੰਡੇੇ ਜੁਆਨ ਹੋਏ ਤਾਂ ਉਨ੍ਹਾਂ ਮੈਨੂੰ ਲੱਖਾਂ ਤੋਂ ਕੱਖਾਂ ਦਾ ਕਰ ਦਿੱਤਾ। ਇਹ ਤਾਂ ਸ਼ੁਕਰ ਆ ਕਿ ਸਰਕਾਰੀ ਪੈਨਸ਼ਨ ਮਿਲਦੀ ਆ। ਜੇ ਨਾ ਮਿਲਦੀ ਹੁੰਦੀ ਤਾਂ ਉਨ੍ਹਾਂ ਮੈਨੂੰ ਘਰੋਂ ਕੱਢ ਦੇਣਾ ਸੀ ਜਾਂ ਮੈਨੂੰ ਆਪ ਨੂੰ ਨਿਕਲਣਾ ਪੈ ਜਾਣਾ ਸੀ।’’ ਉਸ ਨੇ ਪਹਿਲਾਂ ਅੱਖਾਂ ਦੀਆਂ ਝਿਮਣੀਆਂ ’ਤੇ ਆਇਆ ਪਸੀਨਾ ਪੂੰਝਿਆ। ਫੇਰ ਧੌਣ ਦੇ ਆਲੇ-ਦੁਆਲੇ ਤੋਂ। ਅਜੇ ਵੀ ਉਹ ਪਸੀਨੇ ਨਾਲ ਭਿੱਜਿਆ ਪਿਆ ਸੀ। ਉਸ ਆਪਣੀ ਗੱਲ ਅਗਾਂਹ ਤੋਰੀ, ‘‘ਵੱਡੇ ਮੁੰਡੇ ਦਾ ਨਾਂ ਅਮਨਪ੍ਰੀਤ ਆ। ਸਟੱਡੀਬੇਸ ’ਤੇ ਆਸਟਰੇਲੀਆ ਭੇਜਿਆ ਸੀ। ਹੁਣ ਤੱਕ ਪੰਜਾਹ ਲੱਖ ਖਰਚ ਚੁੱਕਾਂ ਪਰ ਮੁੰਡੇ ਨੇ ਇਕ ਵਾਰ ਨ੍ਹੀਂ ਪੁੱਛਿਆ ਕਿ ਡੈਡੀ ਤੁਹਾਡੇ ਕੋਲ ਪੈਸੇ ਕਿੱਥੋਂ ਆਉਂਦੇ ਨੇ। ਜਦੋਂ ਮੈਂ ਸੇਵਾਮੁਕਤ ਹੋਣ ਵਾਲਾ ਸੀ ਤਾਂ ਉਹ ਅਕਸਰ ਕਹਿੰਦਾ ਸੀ ਕਿ ‘ਜਿਸ ਦਿਨ ਤੁਸੀਂ ਰਿਟਾਇਰ ਹੋਏ, ਮੈਂ ਤੁਹਾਨੂੰ ਦਸ ਅਖ਼ਬਾਰਾਂ ਲਵਾ ਦੇਣੀਆਂ। ਅੱਧਾ ਦਿਨ ਅਖ਼ਬਾਰਾਂ ਪੜ੍ਹਦਿਆਂ ਦਾ ਬੀਤ ਜਾਇਆ ਕਰੇਗਾ।’ ਅੱਗੇ ਦੱਸਣ ਲੱਗਾ, ‘‘ਮੈਂ ਕਿਹਾ ਹੈ ਨਾ- ਪੁੱਤ ਨੂੰ ਸੈੱਟ ਕਰਨ ਲਈ ਬੰਦਾ ਸਭ ਕੁਝ ਭੁੱਲ ਜਾਂਦਾ। ਆਪਣਾ ਆਪ ਵੀ। ਪੀ.ਆਰ. ਮਿਲਣ ਮਗਰੋਂ ਉਹ ਪਹਿਲੀ ਵਾਰ ਮਿਲਣ ਆਇਆ ਤਾਂ ਅਸੀਂ ਉਸ ਦਾ ਵਿਆਹ ਕਰ ਦਿੱਤਾ। ਕੁੜੀ ਜਚਦੀ-ਫਬਦੀ, ਸੋਹਣੀ-ਸੁਨੱਖੀ ਸੀ। ਗੁਰਦੁਆਰੇ ’ਚ ਦੇਖ ਦਿਖਾਈਆ ਹੋਇਆ। ਕੁੜੀ ਦੇ ਭਰਾ ਨੇ ਦੱਸਿਆ ਕਿ ਸੰਦੀਪਕਾ ਕੌਨਵੈਂਟ ਦੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਆ। ਸਮਾਂ ਥੋੜ੍ਹਾ ਸੀ ਮੁੰਡੇ ਕੋਲ। ਝਟਪਟ ਵਿਆਹ ਕਰਨ ਦੀ ਕੀਤੀ। ਵਿਆਹ ਤੋਂ ਬਾਅਦ ਮੁੰਡੇ ਨੇ ਕਹਿਣਾ ਸ਼ੁਰੂ ਕਰ ਦਿੱਤਾ, ‘ਇਹ ਤਾਂ ਪੇਂਡੂ ਆ। ਇਹਨੂੰ ਇੰਗਲਿਸ਼ ਬੋਲਣੀ ਨ੍ਹੀਂ ਆਉਂਦੀ।’ ਮੈਂ ਕਿਹਾ, ‘ਤੂੰ ਹਾਂ ਕੀਤੀ ਤਾਂ ਹੀ ਵਿਆਹ ਹੋਇਆ।’ ਉਹ ਅੱਗੋਂ ਔਖਾ ਬੋਲਿਆ, ‘ਮੈਂ ਤਾਂ ਸੋਚਿਆ ਸੀ ਕਿ ਮੌਡਲ ਸਕੂਲ ਦੀ ਪੜ੍ਹੀ ਹੋਈ ਆ, ਮਾੜੀ-ਮੋਟੀ ਇੰਗਲਿਸ਼ ਬੋਲਣੀ ਆਉਂਦੀ ਹੋਵੇਗੀ। ਇਹਨੂੰ ਤਾਂ ਪੰਜ ਪਾਸ ਜਿੰਨੀ ਵੀ ਇੰਗਲਿਸ਼ ਨ੍ਹੀਂ ਆਉਂਦੀ। ਮੈਂ ਤਾਂ ਉੱਥੇ ਬੱਚਿਆਂ ਦਾ ਸਕੂਲ ਖੋਲ੍ਹਣਾ। ਇਹ ਅਨਪੜ੍ਹ ਉੱਥੇ ਜਾ ਕੇ ਕੀ ਕਰੂ।’ ਮੈਂ ਸਮਝਾਇਆ, ‘ਸੰਦੀਪਕਾ ਨੇ ਬੀ.ਐਸ.ਸੀ. ਕੀਤੀ ਆ। ਨਰਸਿੰਗ ਦਾ ਡਿਪਲੋਮਾ ਕੀਤਾ। ਆਪੇ ਜਾ ਕੇ ਇੰਗਲਿਸ਼ ਬੋਲਣੀ ਆ ਜਾਵੇਗੀ।’ ਉਹ ਅੱਗੋਂ ਹੋਰ ਔਖਾ ਹੋ ਗਿਆ, ‘ਇਨ੍ਹਾਂ ਇੰਡੀਅਨਾਂ ’ਤੇ ਭਰੋਸਾ ਨ੍ਹੀਂ ਕਰਨਾ ਚਾਹੀਦਾ। ਮੈਂ ਇੱਥੇ ਆ ਕੇ ਵੱਡੀ ਗਲਤੀ ਕੀਤੀ।’ ਫੇਰ ਇਕ ਦਿਨ ਕਹਿਣ ਲੱਗਾ, ‘ਮੈਂ ਤੁਹਾਨੂੰ ਕਿਹਾ ਸੀ ਕਿ ਪੈਸਿਆਂ ਦੀ ਗੱਲ ਕੁੜੀ ਵਾਲਿਆਂ ਨਾਲ ਖੋਲ੍ਹ ਲਓ। ਇਹਦੀ ਪੀ.ਆਰ. ਤੇ ਇੰਸੋਰੈਂਸ ਲਈ ਪੰਦਰ੍ਹਾਂ ਵੀਹ ਲੱਖ ਲੱਗ ਜਾਣੇ। ਪਰ ਤੁਸੀਂ ਮੇਰੀ ਗੱਲ ਨ੍ਹੀਂ ਮੰਨੀ। ਹੁਣ ਤੁਸੀਂ ਹੀ ਸਾਰਾ ਖਰਚਾ ਝੱਲਣਾ।’ ਮੇਰੀ ਤਾਂ ਇਹੀ ਸੋਚ ਬਣੀ ਹੋਈ ਸੀ ਕਿ ਜਿਸ ਨੇ ਕੁੜੀ ਦੇ ਦਿੱਤੀ, ਉਸ ਨੇ ਸਭ ਕੁਝ ਦੇ ਦਿੱਤਾ। ਮੈਂ ਤਾਂ ਹਮੇਸ਼ਾ ਵਿਆਹਾਂ ’ਤੇ ਮਿਲਣੀ ਕਰਨੋਂ ਨਾਂਹ ਕੀਤੀ ਆ। ਮੈਨੂੰ ਫਜ਼ੂਲ ਦੀਆਂ ਰਸਮਾਂ ਨਾਲ ਨਫ਼ਰਤ ਆ। ਮਿਲਣੀ ਕਰਨ ਦਾ ਮਤਲਬ ਇਹ ਹੁੰਦਾ ਆ ਕਿ ਪਤਾ ਲੱਗ ਜਾਵੇ ਕਿ ਅਗਲੇ ਦੀ ਮੁੰਡੇ ਨਾਲ ਕੀ ਰਿਸ਼ਤੇਦਾਰੀ ਆ। ਲੋਕਾਂ ਨੇ ਮੁੰਦਰੀਆਂ ਤੇ ਕੰਬਲਾਂ ਨਾਲ ਟੌਹਰ ਬਣਾਉਣੀ ਸ਼ੁਰੂ ਕਰ ਦਿੱਤੀ। ਮੁੰਡੇ ਨੇ ਇੰਟਰਨੈੱਟ ਤੋਂ ਇੰਗਲਿਸ਼ ਟਿਊਟਰ ਲੱਭਿਆ। ਵਿਆਹ ਦੇ ਸੱਤ ਦਿਨਾਂ ਮਗਰੋਂ ਹੀ ਟਿਊਟਰ ਘਰੇ ਆ ਕੇ ਇੰਗਲਿਸ਼ ਬੋਲਣੀ ਸਿਖਾਉਣ ਲੱਗਾ। ਮੁੰਡੇ ਨੇ ਵਾਪਸ ਜਾਣਾ ਸੀ- ਸੋ ਚਲੇ ਗਿਆ। ਮੈਂ ਸੰਦੀਪਕਾ ਨੂੰ ਆਈਲੈਟਸ ਸੈਂਟਰ ’ਚ ਇੰਗਲਿਸ਼ ਸਿੱਖਣ ਭੇਜਣਾ ਸ਼ੁਰੂ ਕਰ ਦਿੱਤਾ। ਸੰਦੀਪਕਾ ਦੀ ਪਿੱਠ ਸੁਣਦੀ ਆ- ਬੜੀ ਸਚਿਆਰੀ ਤੇ ਕਹਿਣਾ ਮੰਨਣ ਵਾਲੀ ਕੁੜੀ ਆ। ਬਸ, ਮਾਰ ਇੰਗਲਿਸ਼ ਨਾ ਆਉਣ ਕਰਕੇ ਖਾਣ ਲੱਗੀ। ਮੈਨੂੰ ਉਸ ਦੇ ਭਰਾ ’ਤੇ ਗੁੱਸਾ ਆਉਂਦਾ ਕਿ ਉਸ ਗੁਰੂ-ਘਰ ’ਚ ਬੈਠ ਕੇ ਵੀ ਐਨਾ ਝੂਠ ਕਿਉਂ ਬੋਲਿਆ। ਛੇ ਮਹੀਨੇ ਕੋਚਿੰਗ ਸੈਂਟਰ ’ਚ ਪੜ੍ਹਨ ਮਗਰੋਂ ਵੀ ਸੰਦੀਪਕਾ ਦਾ ਇੰਗਲਿਸ਼ ਬੋਲਣ ’ਤੇ ਹੱਥ ਨਾ ਖੁੱਲ੍ਹਿਆ। ਮੈਂ ਆਪਣੇ ਕੁੜਮਾਂ ਦੇ ਗਿਆ ਤੇ ਕਿਹਾ ਕਿ ਕਈ ਵਾਰ ਸਹੁਰੇ ਘਰ ਜਾ ਕੇ ਕੁੜੀਆਂ ਝਿਜਕਦੀਆਂ ਰਹਿੰਦੀਆਂ ਨੇ- ਤੁਸੀਂ ਇਸ ਨੂੰ ਪੜ੍ਹਾਓ। ਕੁੜਮ ਸਾਹਿਬ ਨੇ ਪੈਰਾਂ ’ਤੇ ਪਾਣੀ ਨਾ ਪੈਣ ਦਿੱਤਾ। ਇਹੀ ਕਿਹਾ, ‘ਅਸੀਂ ਤਾਂ ਕੁੜੀ ਤੁਹਾਨੂੰ ਦੇ ਦਿੱਤੀ। ਹੁਣ ਅਗਾਂਹ ਬਾਰੇ ਤੁਸੀਂ ਸੋਚੋ।’ ਮੈਂ ਸੰਦੀਪਕਾ ਦੇ ਭਰਾਵਾਂ ਨੂੰ ਕਈ ਵਾਰ ਕਿਹਾ ਪਰ ਲੱਗਦਾ ਸੀ ਕਿ ਉਨ੍ਹਾਂ ਦੀ ਘਰ ’ਚ ਕੋਈ ਸੁਣਵਾਈ ਨ੍ਹੀਂ ਸੀ। ਸੰਦੀਪਕਾ ਨੇ ਵੀ ਜਿੱਦਾਂ ਧਾਰ ਲਿਆ ਸੀ- ਜੋ ਮਰਜ਼ੀ ਹੋ ਜਾਵੇ ਮੈਂ ਨ੍ਹੀਂ ਪੜ੍ਹਨਾ। ਮੁੰਡਾ ਬਹੂ ਨੂੰ ਫੋਨ ਕਰਦਾ। ਉਹ ਚਾਹੁੰਦਾ ਕਿ ਕੁੜੀ ਇੰਗਲਿਸ਼ ’ਚ ਉਸ ਨਾਲ ਗੱਲਾਂ ਕਰੇ। ਪਰ ਉਹ ਅੱਗੋਂ ਹੋਰ ਦੀਆਂ ਹੋਰ ਹੀ ਸੁਣਾਉਣ ਲੱਗ ਜਾਂਦੀ। ਮੁੰਡਾ ਗੁੱਸੇ ’ਚ ਭਰਿਆ ਕਿੰਨੇ-ਕਿੰਨੇ ਦਿਨ ਫੋਨ ਨਾ ਕਰਦਾ। ਮੈਂ ਉਸ ਨੂੰ ਘੂਰਦਾ ਤਾਂ ਉਹ ਕਹਿ ਦਿੰਦਾ- ‘ਇਹ ਮੇਰੀ ਜ਼ਿੰਦਗੀ ਦਾ ਸੁਆਲ ਆ। ਤੁਸੀਂ ਵਿਚਕਾਰ ਦਖ਼ਲ ਨਾ ਦਿਓ।’ ਕਈ ਵਾਰ ਇੱਥੋਂ ਤੱਕ ਧਮਕੀ ਦੇ ਦਿੰਦਾ, ‘ਜੇ ਮੈਂ ਫੋਨ ਬੰਦ ਕਰ ਦਿੱਤਾ ਤਾਂ ਮੈਨੂੰ ਕਿੱਥੋਂ ਲੱਭ ਲਓਂਗੇ।’ ਮੈਂ ਚੁੱਪ ਕਰ ਜਾਂਦਾ। ਸੰਦੀਪਕਾ ਨੂੰ ਸਮਝਾਉਂਦਾ, ‘ਪੁੱਤ, ਤੇਰੀ ਗਤੀ ਇੰਗਲਿਸ਼ ਸਿੱਖ ਕੇ ਹੀ ਹੋਣੀ ਆ। ਤੂੰ ਇਸ ਪਾਸੇ ਧਿਆਨ ਦੇ।’ ਉਹ ਕਹਿੰਦੀ, ‘ਜੀ, ਭਾਪਾ ਜੀ।’ ਮੈਂ ਸੋਚਦਾ ਕਿ ਕੀ ਉਸ ਦਾ ਦਿਮਾਗ਼ ਹੀ ਮੋਟਾ ਆ ਜਾਂ ਉਸ ਨੇ ਔਰਤਾਂ ਵਾਲੀ ਜ਼ਿੱਦ ਫੜ ਲਈ ਸੀ। ਮੈਨੂੰ ਕੋਈ ਰਸਤਾ ਨਾ ਲੱਭਦਾ। ਸਾਰੀ ਗੱਲ ਪਤਨੀ ’ਤੇ ਛੱਡ ਦਿੰਦਾ।’’ ਉਸ ਨੇ ਬੋਤਲ ਵਿੱਚ ਬਾਕੀ ਬਚਿਆ ਹੋਇਆ ਪਾਣੀ ਵੀ ਗਲਾਸ ਵਿੱਚ ਪਾ ਲਿਆ। ਇੱਕੋ ਸਾਹੇ ਪੀ ਗਿਆ।

ਮੇਰੀ ਪਤਨੀ ਚਾਹ ਤੇ ਬਿਸਕੁਟ ਰੱਖ ਗਈ।

‘‘ਇਸ ਤੋਂ ਪਹਿਲਾਂ ਇਕ ਹੋਰ ਗੱਲ ਹੋਈ। ਇੱਧਰ ਗੇੜਾ ਮਾਰਨ ਤੋਂ ਪਹਿਲਾਂ ਅਮਨਪ੍ਰੀਤ ਨੇ ਮਕਾਨ ਖਰੀਦਣਾ ਸੀ। ਉਸ ਨੂੰ ਵੀਹ ਹਜ਼ਾਰ ਡਾਲਰਾਂ ਦੀ ਲੋੜ ਸੀ। ਉਸ ਨੇ ਇਸ ਬਾਰੇ ਆਪਣੀ ਮੰਮੀ ਨੂੰ ਕਿਹਾ। ਮਿਮਿਜ਼ ਮੇਰੇ ’ਤੇ ਜ਼ੋਰ ਪਾਉਣ ਲੱਗੇ ਕਿ ਮੁੰਡੇ ਨੂੰ ਕਰਜ਼ਾ ਲੈ ਕੇ ਪੈਸੇ ਭੇਜੋ। ਆਪੇ ਕਮਾ ਕੇ ਭੇਜ ਦੇਵੇਗਾ। ਮੈਂ ਦੋ ਮਹੀਨਿਆਂ ਮਗਰੋਂ ਪੈਸੇ ਭੇਜ ਦਿੱਤੇ।’’

‘‘ਜੀ,’’ ਮੈਂ ਹੁੰਗਾਰਾ ਭਰਿਆ।

‘‘ਉਸ ਨੇ ਪੰਜ ਮਹੀਨਿਆਂ ਮਗਰੋਂ ਸੰਦੀਪਕਾ ਦੇ ਪੇਪਰ ਭੇਜ ਦਿੱਤੇ। ਪੈਸੇ ਭੇਜਣ ਤੋਂ ਕੋਰੀ ਨਾਂਹ ਕੀਤੀ। ਮੈਨੂੰ ਖੜ੍ਹੇ ਪੈਰ ਛੇ ਲੱਖ ਖਰਚਣਾ ਪਿਆ। ਨੱਬੇ ਹਜ਼ਾਰ ਤਾਂ ਏਜੇਂਟ ਨੇ ਅਪਲਾਈ ਕਰਨ ਲਈ ਲਏ। ਦੋ ਵਾਰ ਵਿਜ਼ਟਰ ਵੀਜ਼ੇ ਲਈ ਅਪਲਾਈ ਕੀਤਾ। ਅੰਬੈਂਸੀ ਨੇ ਵੀਜ਼ਾ ਨਾ ਦਿੱਤਾ। ਮੁਟਿਆਰ ਕੁੜੀ-ਨਵਾਂ-ਨਵਾਂ ਵਿਆਹ ਹੋਇਆ। ਮੈਂ ਨਵੀਂ ਮੁਸੀਬਤ ’ਚ ਫਸ ਗਿਆ। ਮਿਸਿਜ਼ ਬੁੜਬੁੜਾਉਂਦੇ ਰਹਿੰਦੇ, ‘ਜੇ ਕੁੜੀ ਨੂੰ ਵੀਜ਼ਾ ਨਾ ਮਿਲਿਆ ਤਾਂ ਉਸ ਦੇ ਪੇਕਿਆਂ ਨੇ ਸਾਡਾ ਜਿਊਣਾ ਦੁੱਭਰ ਕਰ ਦੇਣਾ। ਕੁੜੀ ਦਾ ਪਿਓ ਡੀ.ਸੀ. ਦਫ਼ਤਰ ਲਗਾ। ਛੋਟਾ ਭਰਾ ਜੱਜ ਦਾ ਰੀਡਰ ਆ। ਮਾਸੜ ਤੇ ਮਾਮੇ ਵੀ ਸਰਕਾਰੀ ਸਰਵਿਸ ਕਰਦੇ ਨੇ।’ ਮੈਂ ਉਸ ਨੂੰ ਸਮਝਾਉਂਦਾ, ‘ਕੁਸ਼ ਨ੍ਹੀਂ ਹੁੰਦਾ। ਮੈਂ ਸਾਰੀ ਉਮਰ ਅਫ਼ਸਰਾਂ ਨਾਲ ਕੰਮ ਕੀਤਾ। ਮੈਨੂੰ ਕਾਨੂੰਨ ਦੀ ਵਰਤੋਂ ਤੇ ਦੁਰਵਰਤੋਂ ਕਰਨੀ ਆਉਂਦੀ ਆ।’ ਉਹ ਕਹਿੰਦੇ, ‘ਡਾਢਿਆਂ ਦਾ ਛੱਤੀ ਵੀਹੀਂ ਸੌ ਹੁੰਦਾ।’ ਮੈਂ ਕਹਿੰਦਾ, ‘ਮੈਂ ਸੰਦੀਪਕਾ ਦੇ ਵੀਜ਼ੇ ਲਈ ਇਕ ਦਿਨ ਕੀ ਇਕ ਘੰਟਾ ਵੀ ਦੇਰੀ ਨ੍ਹੀਂ ਕੀਤੀ। ਜੇ ਕੋਈ ਐਸੀ ਵੈਸੀ ਗੱਲ ਵੀ ਹੋਈ ਤਾਂ ਮੈਂ ਕਹਿ ਦੇਣਾ- ‘ਕੁੜੀ ਨੂੰ ਗੁਰਦੁਆਰੇ ਲਿਜਾ ਕੇ ਸਹੁੰ ਖੁਆ ਲਓ- ਜੇ ਉਹ ਕਹੇ ਕਿ ਉਸ ਦੇ ਸਹੁਰੇ ਨੇ ਕਿਤੇ ਵੀ ਅਣਗਹਿਲੀ ਕੀਤੀ ਆ ਤਾਂ ਮੈਂ ਕੋਰੇ ਕਾਗਜ਼ ’ਤੇ ਸਾਈਨ ਕਰਕੇ ਦੇਣ ਨੂੰ ਤਿਆਰ ਹਾਂ ਕਿ ਮੇਰੇ ’ਤੇ ਕੋਈ ਵੀ ਕੇਸ ਬਣਾ ਦਿਓ।’ ਉਹ ਢੈਲੇ ਪੈ ਜਾਂਦੇ, ‘ਬਹੂ ਤਾਂ ਤੁਹਾਡੀ ਬਹੁਤ ਇੱਜ਼ਤ ਕਰਦੀ ਆ।’ ਮੈਂ ਕਹਿੰਦਾ, ‘ਮੈਨੂੰ ਤਾਂ ਇਹੀ ਚਿੰਤਾ ਰਹਿੰਦੀ ਆ ਕਿ ਕੁੜੀ ਆਪਣੇ ਮੀਏਂ ਕੋਲ ਜਲਦੀ ਚਲੇ ਜਾਵੇ। ਇਹੀ ਦਿਨ ਤਾਂ ਇੱਕ ਦੂਜੇ ਨੂੰ ਮਾਣਨ ਦੇ ਹੁੰਦੇ ਨੇ।’ ਬੜੀ ਲੰਬੀ ਕਥਾ ਹੈ ਜੀ। ... ਦੋ ਸਾਲਾਂ ਮਗਰੋਂ ਸੰਦੀਪਕਾ ਦਾ ਵੀਜ਼ਾ ਲੱਗਾ ਤਾਂ ਕਰੋਨਾ ਕਰਕੇ ਫਲਾਈਟਾਂ ਬੰਦ ਸਨ। ਮੇਰੇ ਇਕ ਪੁਰਾਣੇ ਕੁਲੀਗ ਨੇ ਦੱਸਿਆ ਕਿ ਗੌਰਾ ਟਰੈਵਲਜ਼ ਮੈਲਬੌਰਨ ਵਾਲੇ ਚਾਰਟਿਡ ਫਲਾਈਟ ਚਲਾਉਂਦੇ ਨੇ। ਮਹੀਨੇ ’ਚ ਦੋ ਵਾਰ। ਦੋ ਲੱਖ ਦੀ ਟਿਕਟ ਸੀ। ਮੈਂ ਮੁੰਡੇ ਨੂੰ ਪੁੱਛਿਆ ਤਾਂ ਉਸ ਕਿਹਾ ਕਿ ‘ਭੇਜ ਦਿਓ, ਪਰ ਮੈਂ ਪੈਸੇ ਨ੍ਹੀਂ ਖਰਚਣੇ।’ ਮੈਂ ਕਿਹਾ ਕਿ ਤੂੰ ਹੋਟਲ ਦਾ ਖਰਚਾ ਦੇ ਦਈਂ। ਟਿਕਟ ਮੈਂ ਲੈ ਦਿੰਨਾਂ। ਉਹ ਮੰਨ ਗਿਆ। ਸੰਦੀਪਕਾ ਨੂੰ ਚੌਦ੍ਹਾਂ ਦਿਨ ਕੁਆਰੰਟਾਈਨ ਹੋਣਾ ਪੈਣਾ ਸੀ। ਲਓ ਜੀ, ਕੁੜੀ ਮੁੰਡੇ ਕੋਲ ਪਹੁੰਚ ਗਈ। ਮੈਂ ਸਤਿਗੁਰੂ ਦਾ ਸ਼ੁਕਰਾਨਾ ਕੀਤਾ। ਕੁੜੀ ਦੇ ਜਾਣ ਤੋਂ ਦੋ ਕੁ ਮਹੀਨਿਆਂ ਮਗਰੋਂ ਬੈਂਕ ਵੱਲੋਂ ਚਿੱਠੀ ਆ ਗਈ। ਮੈਂ ਮੁੰਡੇ ਨੂੰ ਵੱਟਸਅਪ ’ਤੇ ਮੈਸੇਜ ਛੱਡਿਆ ਕਿ ਉਹ ਮੈਨੂੰ ਤੁਰੰਤ ਪੈਸੇ ਭੇਜੇ। ਉਸ ਨੇ ਜੁਆਬ ਦਿੱਤਾ: ‘ਮੈਂ ਪੇਅ ਨ੍ਹੀਂ ਕਰ ਸਕਦਾ। ਮੈਂ ਘਰ ਦੀ ਕਿਸ਼ਤ ਦੇਣੀ ਹੈ। ਇੱਥੇ ਲੌਕਡਾਊਨ ਲੱਗਾ ਹੋਇਆ। ਤੁਸੀਂ ਇਸ ਅਨਪੜ੍ਹ ’ਤੇ ਪੈਸੇ ਕਿਉਂ ਲਾਏ। ਇਹ ਤੁਹਾਡੀ ਗ਼ਲਤੀ ਆ। ਪੰਜ ਸਾਲ ਠਹਿਰ ਕੇ ਆ ਸਕਦੀ ਸੀ। ਹੁਣ ਤੁਸੀਂ ਜਾਣੋਂ ਜਾਂ ਤੁਹਾਡਾ ਕੰਮ ਜਾਣੇ।’ ਮੈਨੂੰ ਗੁੱਸਾ ਤਾਂ ਬੜਾ ਆਇਆ ਪਰ ਮੈਂ ਆਪਣੇ ਆਪ ’ਤੇ ਕੰਟਰੋਲ ਰੱਖਿਆ। ਫੇਰ ਲਿਖਿਆ: ‘ਜਿਹੜੇ ਮੈਂ ਤੈਨੂੰ ਵੀਹ ਹਜ਼ਾਰ ਡਾਲਰ ਭੇਜੇ ਸੀ, ਇਹ ਉਸੇ ਦੀ ਕਿਸ਼ਤ ਹੈ। ਜੇ ਮੈਂ ਸਮੇਂ ਸਿਰ ਕਿਸ਼ਤ ਨਾ ਦਿੱਤੀ ਤਾਂ ਬੈਂਕ ਮੇਰੇ ਵਿਰੁੱਧ ਕਾਰਵਾਈ ਕਰੇਗਾ। ਕੋਈ ਨਾ ਮੈਂ ਇਸ ਦਾ ਸਾਹਮਣਾ ਕਰਾਂਗਾ। ਖ਼ੁਸ਼ ਰਹੋ। ਮੇਰੇ ਬਾਰੇ ਚਿੰਤਾ ਨਾ ਕਰੋ। ਕੁਦਰਤ ਮੇਰੀ ਮਦਦ ਕਰੇਗੀ।’ ਫੇਰ ਮੁੰਡੇ ਨੇ ਮੇਰਾ ਨੰਬਰ ਹੀ ਬਲੌਕ ਕਰ ਦਿੱਤਾ। ਵੀਹਾਂ ਕੁ ਦਿਨਾਂ ਬਾਅਦ, ਪਤਾ ਨ੍ਹੀਂ ਉਸ ਦੇ ਮਨ ’ਚ ਕੀ ਆਇਆ, ਉਸ ਨੇ ਮੈਨੂੰ ਫੋਨ ਕੀਤਾ। ਮੈਂ ਅਟੈਂਡ ਨਾ ਕੀਤਾ। ਉਸ ਨੇ ਮੈਸੇਜ਼ ਛੱਡਿਆ: ‘ਮੈਂ ਤੁਹਾਨੂੰ ਅਗਲੇ ਮਹੀਨੇ ਵੀਹ ਹਜ਼ਾਰ ਰੁਪਏ ਭੇਜ ਰਿਹਾ ਹਾਂ।’ ਮੈਨੂੰ ਆਖ਼ਰਾਂ ਦਾ ਗੁੱਸਾ ਆਇਆ। ਮੈਂ ਜੁਆਬ ਦਿੱਤਾ: ‘ਮੈਨੂੰ ਕੋਈ ਪੈਸੇ ਨ੍ਹੀਂ ਭੇਜਣੇ। ਮੈਂ ਮੰਗਤਾ ਨ੍ਹੀਂ। ਮੈਨੂੰ ਡਿਸਟਰਬ ਨਾ ਕਰ। ਹੁਣ ਮੈਂ ਸ਼ਾਂਤੀਪੂਰਵਕ ਰਹਿਣਾ ਚਾਹੁੰਦਾਂ। ਆਪਣੇ ਲਾਈਫ਼-ਪਾਟਨਰ ਨਾਲ ਖ਼ੁਸ਼ ਰਹੁ।’ ਉਸ ਦਾ ਜੁਆਬ ਆਇਆ: ‘ਓ.ਕੇ.। ਇੰਜੁਆਇ। ਤੇ ਕਦੇ ਮੈਨੂੰ ਕਾਲ ਜਾਂ ਮੈਸਿਜ ਨ੍ਹੀਂ ਕਰਨਾ।’ ਮੈਂ ਵੀ ਲਿਖ ਦਿੱਤਾ : ‘ਗੁੱਡਬਾਈ ਫਾਰਐਵਰ’।’’ ਇੰਨਾ ਦੱਸ ਕੇ ਉਸ ਮੋਬਾਈਲ ਚੁੱਕ ਲਿਆ ਜਿੱਦਾਂ ਅਜੇ ਕੁਝ ਦੱਸਣ ਵਾਲਾ ਰਹਿ ਗਿਆ ਹੋਵੇ ਜਿਹੜਾ ਕਿ ਉਸ ਨੂੰ ਯਾਦ ਨਾ ਆ ਰਿਹਾ ਹੋਵੇ।

ਮੈਂ ਉਸ ਦੇ ਚਿਹਰੇ ਵੱਲ ਨੀਝ ਨਾਲ ਦੇਖਿਆ। ਉਸ ਦਾ ਚਿਹਰਾ ਸਪਾਟ ਸੀ। ਇੰਨੀਆਂ ਔਕੜਾਂ ਤੇ ਮਾਰਾਂ ਨੇ ਉਸ ਨੂੰ ਇੱਥੋਂ ਤੀਕ ਪਹੁੰਚਾ ਦਿੱਤਾ ਸੀ ਕਿ ਉਸ ’ਤੇ ਇਨ੍ਹਾਂ ਦਾ ਅਸਰ ਹੀ ਹੋਣਾ ਹਟ ਗਿਆ ਸੀ। ਜਾਣ ਤੋਂ ਪਹਿਲਾਂ ਉਸ ਦੱਸਿਆ, ‘‘ਜੇ ਕੋਈ ਵੱਡਾ ਖਰਚਾ ਨਾ ਪਿਆ ਤਾਂ ਮੈਂ ਅਗਲੇ ਤਿੰਨ ਮਹੀਨਿਆਂ ’ਚ ਬੱਚਤ ਕਰਕੇ ਇਕ ਅੱਖ ਦਾ ਲੈਂਸ ਪਵਾ ਲੈਣਾ। ਜਦੋਂ ਮੈਂ ਜਲੰਧਰ ਸਰਵਿਸ ਕਰਦਾ ਸੀ ਉਦੋਂ ਮਾਈ ਹੀਰਾਂ ਗੇਟ ਦੇ ਪ੍ਰਕਾਸ਼ਕਾਂ ਦੇ ਪਰੂਫ਼ ਪੜ੍ਹਦਾ ਹੁੰਦਾ ਸੀ। ਹੁਣ ਫੇਰ ਲੱਗਦਾ ਆ ਕਿ ਬੈਂਕ ਲੋਨ ਮੋੜਨ ਲਈ ਮੈਨੂੰ ਪਰੂਫ਼ ਪੜ੍ਹਣੇ ਪੈਣੇ ਨੇ।’’

ਸੰਪਰਕ: 98148-03254

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

‘ਔਰਤਾਂ ਖੇਤੀ ਵੀ ਕਰ ਸਕਦੀਆਂ ਹਨ ਅਤੇ ਦੇਸ਼ ਵੀ ਚਲਾ ਸਕਦੀਆਂ ਹਨ’

ਕਿਸਾਨ ਬੀਬੀਆਂ ਨੇ ਸੰਭਾਲੀ ਕਿਸਾਨ ਸੰਸਦ ਦੀ ਕਮਾਨ; ਮਹਿਲਾ ਕਿਸਾਨ ਆਗੂ ਕ...

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ

ਰਾਜ ਭਵਨ ਜਾ ਕੇ ਰਾਜਪਾਲ ਗਹਿਲੋਤ ਨੂੰ ਅਸਤੀਫ਼ਾ ਸੌਂਪਿਆ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਖੇਤੀ ਕਾਨੂੰਨਾਂ ਖ਼ਿਲਾਫ਼ ਮਾਰਚ: ਰਾਹੁਲ ਗਾਂਧੀ ਟਰੈਕਟਰ ਚਲਾ ਕੇ ਸੰਸਦ ਪਹੁੰਚੇ

ਪੁਲੀਸ ਨੇ ਰਣਦੀਪ ਸੁਰਜੇਵਾਲਾ ਤੇ ਬੀ.ਵੀ. ਸ੍ਰੀਨਿਵਾਸ ਸਣੇ ਹੋਰ ਕਈ ਕਾਂਗ...

ਸ਼ਹਿਰ

View All