ਦ੍ਰਿੜਤਾ ਦਾ ਮੁਜੱਸਮਾ ਗਿਆਨੀ ਕਰਤਾਰ ਸਿੰਘ

ਦ੍ਰਿੜਤਾ ਦਾ ਮੁਜੱਸਮਾ ਗਿਆਨੀ ਕਰਤਾਰ ਸਿੰਘ

ਡਾ. ਹਰਦੀਪ ਸਿੰਘ ਝੱਜ

ਗਿਆਨੀ ਕਰਤਾਰ ਸਿੰਘ ਦਾ ਜਨਮ 22 ਫਰਵਰੀ, 1902 ਵਿਚ ਚੱਕ ਝੰਗ ਸ਼ਾਖਾ ਨੰਬਰ-40, ਜ਼ਿਲ੍ਹਾ ਲਾਇਲਪੁਰ ਵਿੱਚ ਭਗਤ ਸਿੰਘ ਅਤੇ ਮਾਈ ਜੀਉ ਦੇ ਘਰ ਹੋਇਆ। ਕਰਤਾਰ ਸਿੰਘ ਨੇ ਛੇ ਸਾਲ ਦੀ ਉਮਰ ਵਿਚ ਮੁੱਢਲੀ ਵਿੱਦਿਆ ਪਿੰਡ ਦੇ ਗੁਰਦੁਆਰੇ ਤੋਂ ਪ੍ਰਾਪਤ ਕੀਤੀ ਅਤੇ ਮਗਰੋਂ ਚੱਕ ਨੰਬਰ- 41 ਦੇ ਲਾਇਲਪੁਰ ਖ਼ਾਲਸਾ ਸਕੂਲ ਤੋਂ 1921 ਵਿਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ।

ਗਿਆਨੀ ਜੀ ’ਤੇ ਨੌਂ ਵਰ੍ਹੇ ਦੀ ਉਮਰ ਵਿਚ 13 ਅਪਰੈਲ 1919 ਵਿੱਚ ਜੱਲ੍ਹਿਆਂਵਾਲਾ ਬਾਗ਼ ਦੇ ਸਾਕੇ ਦਾ ਵੱਡਾ ਰਾਜਨੀਤਕ ਪ੍ਰਭਾਵ ਪਿਆ। ਉਹ 9ਵੀਂ ਵਿੱਚ ਪੜ੍ਹਦਿਆਂ ਆਪਣੇ ਤਾਇਆ ਰਸਾਲਦਾਰ ਜਗਤ ਸਿੰਘ ਨੂੰ ਅੰਮ੍ਰਿਤਸਰ ਮਿਲਣ ਗਏ। 1920 ਦੇ ਅਕਤੂਬਰ ਮਹੀਨੇ ਦੇ ਸ਼ੁਰੂ ਵਿਚ ਧਾਰੋਵਾਲੀ ਪਿੰਡ ਵਿੱਚ ਹੋਈ ਸਿੱਖ ਕਾਨਫਰੰਸ ਵਿੱਚ ਸਰਗਰਮ ਹਿੱਸਾ ਲਿਆ। ਇੱਥੇ ਕਾਂਗਰਸ ਦੇ ਨੇਤਾ ਸੈਫ਼ੂਦੀਨ ਕਿਚਲੂ, ਮਾਸਟਰ ਮੋਤਾ ਸਿੰਘ ਅਤੇ ਤੇਜਾ ਸਿੰਘ ਚੂਹੜਕਾਣਾ ਰਾਹੀਂ ਕੀਤੀਆਂ ਜੋਸ਼ੀਲੀਆਂ ਤਕਰੀਰਾਂ ਦਾ ਗਿਆਨੀ ਜੀ ’ਤੇ ਕ੍ਰਾਂਤੀਕਾਰੀ ਪ੍ਰਭਾਵ ਪਿਆ। 1924 ’ਚ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਲਾਇਲਪੁਰ ਜ਼ਿਲ੍ਹੇ ਦੀ ਸ਼ਾਖਾ ਦਾ ਜਨਰਲ ਸਕੱਤਰ ਚੁਣਿਆ ਗਿਆ। ਇਸੇ ਹੀ ਸਾਲ ਜੈਤੋ ਦੇ ਮੋਰਚੇ ਦੌਰਾਨ ਜਦੋਂ 13ਵਾਂ ਸ਼ਹੀਦੀ ਜਥਾ ਪੰਜਾਬ ਦੇ ਮਾਝੇ ਖੇਤਰ ਵਿਚ ਦੀ ਜਾ ਰਿਹਾ ਸੀ ਤਾਂ ਸ਼ਹੀਦੀ ਜਥੇ ਦੇ ਸਵਾਗਤ ਲਈ ਜਾ ਰਹੇ ਜਲੂਸ ਦੀ ਅਗਵਾਈ ਕਰਦਿਆਂ ਅੰਗਰੇਜ਼ ਹਕੂਮਤ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਛੇ ਮਹੀਨੇ ਦੀ ਸਜ਼ਾ ਸੁਣਾਈ। ਉਨ੍ਹਾਂ ਨੂੰ 30 ਅਕਤੂਬਰ 1928 ਨੂੰ ਲਾਹੌਰ ਰੇਲਵੇ ਸਟੇਸ਼ਨ ’ਤੇ ਸਾਇਮਨ ਕਮਿਸ਼ਨ ਦਾ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰਨ ਅਤੇ 1930-31 ਵਿਚ ‘ਸਿਵਲ ਨਾ-ਫ਼ਰਮਾਨੀ’ ਅੰਦੋਲਨ ਵਿੱਚ ਅੰਗਰੇਜ਼ੀ ਹਕੂਮਤ ਵਿਰੁੱਧ ਜੋਸ਼ੀਲੇ ਭਾਸ਼ਣ ਦੇਣ ਦੇ ਜ਼ੁਲਮ ’ਚ ਇਕ ਸਾਲ ਦੀ ਸਜ਼ਾ ਸੁਣਾ ਕੇ ਮੁਲਤਾਨ ਜੇਲ੍ਹ ਭੇਜਿਆ ਗਿਆ। 17 ਅਗਸਤ 1932 ਨੂੰ ਜਦੋਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਸਰ ਰੈਮਜ਼ੇ ਮੈਕਡੌਨਿਲਨ ਨੇ ਕਮਿਊਨਲ ਐਵਾਰਡ ਦਾ ਐਲਾਨ ਕੀਤਾ ਤਾਂ ਇਸ ਦੇ ਵਿਰੋਧ ’ਚ 24 ਜੁਲਾਈ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ (ਲਾਹੌਰ) ’ਤੇ ਬੁਲਾਈ ਸਰਬ ਪਾਰਟੀ ਕਨਵੈਸ਼ਨ ਵਿਚ ਗਿਆਨੀ ਜੀ ਨੇ ਮਾਸਟਰ ਤਾਰਾ ਸਿੰਘ, ਸੁੰਦਰ ਸਿੰਘ ਮਜੀਠਿਆ ਅਤੇ ਗਿਆਨੀ ਸ਼ੇਰ ਸਿੰਘ ਸਮੇਤ ਵੱਧ ਚੜ੍ਹ ਕੇ ਹਿੱਸਾ ਲਿਆ। ਮਗਰੋਂ 3 ਨਵੰਬਰ 1932 ਨੂੰ ਅਲਾਹਾਬਾਦ ਵਿੱਚ ਪੰਡਤ ਮੋਹਨ ਮਾਲਵੀਆ ਦੁਆਰਾ ਬੁਲਾਈ ‘ਏਕਤਾ ਕਾਨਫਰੰਸ’ ਵਿਚ ਪ੍ਰਸਿੱਧ ਸਿੱਖ ਆਗੂਆਂ ਉੱਜਲ ਸਿੰਘ, ਗੋਪਾਲ ਸਿੰਘ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ, ਮਾਸਟਰ ਤਾਰਾ ਸਿੰਘ ਅਤੇ ਗਿਆਨੀ ਸ਼ੇਰ ਸਿੰਘ ਸਮੇਤ ਹਿੱਸਾ ਲਿਆ।

1937 ਵਿੱਚ ਗਿਆਨੀ ਜੀ ਲਾਇਲਪੁਰ ਜ਼ਿਲ੍ਹੇ ਦੇ ਸਮੁੰਦਰੀ-ਜੜ੍ਹਾਂਵਾਲਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਹੋਈ ਚੋਣ ’ਚ ਖ਼ਾਲਸਾ ਨੈਸ਼ਨਲ ਪਾਰਟੀ ਦੇ ਅੰਗਰੇਜ਼ ਪਿੱਠੂ ਉਮੀਦਵਾਰ ਸਰਦਾਰ ਬਹਾਦਰ ਦਲਬਾਗ ਸਿੰਘ ਨੂੰ 750 ਵੋਟਾਂ ਦੇ ਅੰਤਰ ਨਾਲ ਹਰਾ ਕੇ ਮੈਂਬਰ ਚੁਣੇ ਗਏ। 1943 ਵਿਚ ਮੁਸਲਿਮ ਲੀਗ ਦੀ ਵੱਖਰੇ ਮੁਸਲਿਮ ਰਾਜ ਦੀ ਮੰਗ ’ਤੇ ਪ੍ਰਤੀਕਿਰਿਆ ਦਿੰਦਿਆਂ ਗਿਆਨੀ ਜੀ ਨੇ ਕੁਝ ਠੋਸ ਨੁਕਤੇ ਬਿਆਨ ਕੀਤੇ, ਜਿਸ ਵਿਚ ਉਨ੍ਹਾਂ ਨੇ ‘ਆਜ਼ਾਦ ਪੰਜਾਬ’ ਯੋਜਨਾ ਦੀ ਕੁਝ ਸਮੇਂ ਲਈ ਪੁਰ-ਜ਼ੋਰ ਮੰਗ ਵੀ ਕੀਤੀ। 1957 ਵਿਚ ਗਿਆਨੀ ਜੀ ਦਸੂਹਾ-ਟਾਂਡਾ ਹਲਕੇ ਤੋਂ ਵਿਧਾਨ ਸਭਾ ਲਈ ਚੁਣੇ ਗਏ ਅਤੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਅਗਵਾਈ ਹੇਠ ਕੈਬਨਿਟ ’ਚ ਮਾਲ ਮੰਤਰੀ ਤੇ ਖੇਤੀ ਮੰਤਰੀ ਬਣੇ। 1962 ਵਿਚ ਉਹ ਰਾਜ ਵਿਧਾਨ ਸਭਾ ਲਈ ਦੁਬਾਰਾ ਚੁਣੇ ਗਏ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਰਾਜਨੀਤੀ ਵਿਚ ਲਿਆਉਣ ਵਾਲੇ ਗਿਆਨੀ ਕਰਤਾਰ ਸਿੰਘ ਜੀ ਹੀ ਸਨ। ਭਾਰਤ ਦੀ ਵੰਡ ਸਮੇਂ ਜਨਵਰੀ 1947 ਦੇ ਅੰਤ ਵਿਚ ਗਿਆਨੀ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ। ਜਦੋਂ ਦੇਸ਼ ਦੀ ਵੰਡ ਹੋਈ ਅਤੇ ਪਾਕਿਸਤਾਨੀ ਪੰਜਾਬ ਤੋਂ ਹਿੰਦੂ-ਸਿੱਖ ਆਉਣ ਲੱਗੇ ਤਾਂ ਗਿਆਨੀ ਜੀ ਨੇ ਤਿੰਨ ਲੱਖ ਤੋਂ ਵੱਧ ਵਿਅਕਤੀਆਂ ਵਾਲੇ ਵੱਡੇ ਜੱਥੇ ਦੀ ਅਗਵਾਈ ਕੀਤੀ। ਪਾਕਿਸਤਾਨੀ ਮੁਸਲਿਮ ਆਗੂ ਗਿਆਨੀ ਜੀ ਅਤੇ ਮਾਸਟਰ ਤਾਰਾ ਸਿੰਘ ਦੇ ਨਾਂ ਤੋਂ ਭੈਅ ਖਾਂਦੇ ਸਨ ਅਤੇ ਮਾਣ ਵੀ ਕਰਦੇ ਸਨ। ਇਹ ਜਥਾ ਸਹੀ ਸਲਾਮਤ ਬਿਨਾਂ ਕਿਸੇ ਰੁਕਾਵਟ ਤੋਂ ਭਾਰਤ ਪਹੁੰਚਿਆ।

ਸੱਚਰ ਫ਼ਾਰਮੂਲਾ ਜਿਸ ਅਨੁਸਾਰ ਪੰਜਾਬੀ ਭਾਸ਼ਾ ਨੂੰ ਸਰਕਾਰੀ ਦਰਜਾ ਦਿੱਤਾ ਗਿਆ, ਸਿਰਫ਼ ਗਿਆਨੀ ਜੀ ਦੀ ਸਿਆਸੀ ਸੂਝ ਦੀ ਦੇਣ ਸੀ। ਮਗਰੋਂ 1956 ਈ: ਵਿਚ ਰੀਜਨਲ ਫ਼ਾਰਮੂਲਾ, ਜਿਸ ਦੀ ਧਾਰਾ 14 ਅਧੀਨ ਪੰਜਾਬ, ਪੰਜਾਬੀ ਅਤੇ ਹਿੰਦੀ ਖੇਤਰਾਂ ਦੀ ਭਾਸ਼ਾਈ ਤੌਰ ’ਤੇ ਪੁਨਰ-ਸੁਧਾਈ ਕੀਤੀ ਗਈ। ਇਸ ਸੋਧ ਦੀ ਪੇਸ਼ਕਸ ਕੇਵਲ ਗਿਆਨੀ ਜੀ ਦੁਆਰਾ ਹੀ ਕੀਤੀ ਗਈ ਸੀ। ਇਹ ਦੋਵੇਂ ਫ਼ਾਰਮੂਲੇ ਅਸਲ ਵਿਚ ਪੰਜਾਬੀ ਸੂਬੇ (1 ਨਵੰਬਰ, 1966) ਦਾ ਪੱਕਾ ਆਧਾਰ ਬਣੇ, ਜਿਸ ਲਈ ਦੋ ਦਹਾਕੇ ਤੋਂ ਸੰਘਰਸ਼ ਚੱਲ ਰਿਹਾ ਸੀ।

ਸ੍ਰੀ ਆਨੰਦਪੁਰ ਸਾਹਿਬ, ਨੰਗਲ ਟਾਊਨਸ਼ਿਪ ਅਤੇ ਨੂਰਪੁਰ ਬੇਦੀ ਨੂੰ ਪੰਜਾਬ ’ਚ ਸ਼ਾਮਲ ਕਰਵਾਉਣ ਦਾ ਸਿਹਰਾ ਵੀ ਗਿਆਨੀ ਕਰਤਾਰ ਸਿੰਘ ਨੂੰ ਹੀ ਜਾਂਦਾ ਹੈ। ਨਹੀਂ ਤਾਂ ਇਹ ਹਿਮਾਚਲ ਵਿਚ ਊਨਾ ਤਹਿਸੀਲ ਦੇ ਹਿੱਸੇ ਵੱਜੋਂ ਜਾਣਾ ਸੀ। ਇਸੇ ਤਰ੍ਹਾਂ ਤਹਿਸੀਲ ਖਰੜ ਨੂੰ ਪੰਜਾਬ ਵਿਚ ਹੀ ਬਰਕਰਾਰ ਕਰਵਾਇਆ। ਨਹੀਂ ਤਾਂ ਜ਼ਿਲ੍ਹਾ ਅੰਬਾਲੇ ਦੇ ਹਿੱਸੇ ਹਰਿਆਣਾ ਵਿਚ ਜਾ ਰਹੀ ਸੀ। 1962 ਵਿਚ ਗਿਆਨੀ ਜੀ ਨੂੰ ਵਿਧਾਨ ਸਭਾ ਲਈ ਦੁਬਾਰਾ ਚੁਣਿਆ ਗਿਆ। ਉਹ ਆਪਣੇ ਪੁਰਾਣੇ ਇਲਾਕੇ ਸਮੁੰਦਰੀ-ਜੜ੍ਹਾਂਵਾਲਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਜੋਂ ਚੋਣ ਜਿੱਤਣਾ ਚਾਹੁੰਦੇ ਸਨ ਪਰ ਕੁਝ ਕਾਰਨਾਂ ਕਰਕੇ ਅਸਫ਼ਲ ਸਿੱਧ ਹੋਏ। ਉਨ੍ਹਾਂ ਨੇ 16 ਅਪਰੈਲ 1967 ਨੂੰ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ। ਨਤੀਜੇ ਵਜੋਂ 1972 ਵਿਚ ਹੁਸ਼ਿਆਰਪੁਰ ਤੋਂ ਅਕਾਲੀ ਪਾਰਟੀ ਦੀ ਟਿਕਟ ’ਤੇ ਕਾਂਗਰਸ ਆਗੂ ਦਰਬਾਰਾ ਸਿੰਘ ਵਿਰੁੱਧ ਲੋਕ ਸਭਾ ਮੈਂਬਰ ਦੇ ਤੌਰ ’ਤੇ ਚੋਣ ਜਿੱਤਣ ਵਿਚ ਅਸਫ਼ਲ ਰਹੇ।

ਜੇ ਅੱਜ ਪੰਜਾਬ ਦੀਆਂ ਲਟਕਦੀਆਂ ਮੰਗਾਂ ਖਾਸ ਕਰਕੇ ਪੰਜਾਬੀ ਬੋਲਦੇ ਪੰਜਾਬ ਤੋਂ ਬਾਹਰ ਰਹਿ ਗਏ ਇਲਾਕੇ (ਚੰਡੀਗੜ੍ਹ), ਦਰਿਆਵਾਂ ਦੇ ਪਾਣੀ, ਵਧੇਰੇ ਰਾਜਸੀ ਅਧਿਕਾਰਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਮੰਗਾਂ ’ਤੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ। ਮੰਗਾਂ ਦੀ ਆੜ ਵਿਚ ਸੱਤਾਧਾਰੀ ਪਾਰਟੀ ਨੂੰ ਖੁਆਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਦੋਂ ਉਹ ਪਾਰਟੀ ਸੱਤਾ ’ਤੇ ਕਾਬਜ਼ ਹੋ ਜਾਂਦੀ ਹੈ ਤਾਂ ਮੰਗਾਂ ਭੁੱਲ ਜਾਂਦੀਆਂ ਹਨ। 1973 ਦੇ ਅੰਤਲੇ ਦਿਨਾਂ ’ਚ ਗਿਆਨੀ ਕਰਤਾਰ ਸਿੰਘ ਦੀ ਸਿਹਤ ਖ਼ਰਾਬ ਰਹਿਣ ਲੱਗੀ। 10 ਜੂਨ 1974 ਈ: ਦੀ ਸਵੇਰ ਨੂੰ ਗਿਆਨੀ ਜੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ। 

ਸੰਪਰਕ: 94633-64992 

ਪਟਿਆਲਾ ਵਿੱਚ ਪੰਜਾਬੀ ਯੂਨੀਵਰਸਿਟੀ ਸਥਾਪਤ ਕਰਵਾਉਣ ’ਚ ਯੋਗਦਾਨ

ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਦੇ ਇਤਿਹਾਸਕ ਸ਼ਹਿਰ ਪਟਿਆਲਾ ਵਿਚ ਸਥਾਪਤ ਕਰਵਾਉਣ ਲਈ ਗਿਆਨੀ ਕਰਤਾਰ ਸਿੰਘ ਦਾ ਅਹਿਮ ਯੋਗਦਾਨ ਹੈ। ਹੋਇਆ ਇੰਝ ਕਿ ਪੰਜਾਬੀ ਰੀਜਨਲ ਕਮੇਟੀ ਦੀ ਬੈਠਕ ਹੋ ਰਹੀ ਸੀ। ਗਿਆਨੀ ਜੀ ਨੇ ਰਾਮ ਦਿਆਲ ਸਿੰਘ ਐੱਮਐੱਲਏ (ਗਿਆਨੀ ਜੀ ਦੇ ਨੇੜਲੇ) ਤੋਂ ਪ੍ਰਸਤਾਵ ਰੱਖਵਾ ਦਿੱਤਾ ਕਿ ਪੰਜਾਬੀ ਜ਼ੋਨ ਦੇ ਸਕੂਲਾਂ ’ਚ ਪੜ੍ਹਾਈ ਸਿਰਫ ਪੰਜਾਬੀ ਭਾਸ਼ਾ ਵਿਚ ਹੀ ਹੋਵੇ। ਇਸ ਨਾਲ ਤਰਥੱਲਾ ਪੈ ਗਿਆ ਅਤੇ ਗਿਆਨੀ ਜੀ ਨੂੰ ਮਨਾਇਆ ਗਿਆ ਕਿ ਇਹ ਪ੍ਰਸਤਾਵ ਵਾਪਸ ਕਰਾਓ ਨਹੀਂ ਤਾਂ ਹੋਰ ਮਸਲੇ ਪੈਦਾ ਹੋ ਜਾਣਗੇ। ਗਿਆਨੀ ਜੀ ਨੇ ਕਿਹਾ ਕਿ ਇਕ ਸ਼ਰਤ ’ਤੇ ਵਾਪਸ ਹੋ ਸਕਦਾ ਹੈ; ਸਦਨ ਦਾ ਆਗੂ ਐਲਾਨ ਕਰੇ ਕਿ ਪੰਜਾਬੀ ਭਾਸ਼ਾ ਲਈ ਸਮਰਪਿਤ ਇਕ ਯੂਨੀਵਰਸਿਟੀ ਬਣਾਈ ਜਾਵੇਗੀ। ਮਗਰੋਂ ਗਿਆਨੀ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਇਹ ਕਹਿ ਕੇ ਮਨਾ ਲਿਆ ਕਿ ਪੰਜਾਬੀ ਰੀਜਨਲ ਕਮੇਟੀ ਬਣੀ ਹੀ ਪੰਜਾਬੀ ਭਾਸ਼ਾ ਦੇ ਆਧਾਰ ’ਤੇ ਹੈ। ਪੰਜਾਬੀ ਭਾਸ਼ਾ ਦੀ ਉੱਨਤੀ ਪੰਜਾਬੀ ਭਾਸ਼ਾ ਤੋਂ ਬਿਨਾਂ ਕਿਵੇਂ ਸੰਭਵ ਹੋ ਸਕਦੀ ਹੈ। ਸਿੱਟੇ ਵਜੋਂ 30 ਅਪਰੈਲ 1962 ਨੂੰ ਪੰਜਾਬੀ ਦੇ ਆਧਾਰ ’ਤੇ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਭਾਰਤ ਦੇ ਰਾਸ਼ਟਰਪਤੀ ਡਾ. ਸਰਵਪਲੀ ਰਾਧਾਕ੍ਰਿਸ਼ਨਨ ਦੇ ਭਾਸ਼ਣ ਨਾਲ ਕੀਤੀ ਗਈ। ਇਸੇ ਤਰ੍ਹਾਂ ਜਦੋਂ 1962 ਵਿਚ ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਤਾਂ ਗਿਆਨੀ ਜੀ ਦਾ ਉਸ ਸਮੇਂ ਖੇਤੀ ਵਿਭਾਗ ਦੇ ਮੰਤਰੀ ਵਜੋਂ ਅਹਿਮ ਯੋਗਦਾਨ ਰਿਹਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All