ਪਿੰਡ ਮਿੱਠੇਵਾਲ ’ਚ ਖਿੜਿਆ ਵਿਦਵਤਾ ਦਾ ਗੁਲਾਬ ਗਿਆਨੀ ਗੁਰਦਿੱਤ ਸਿੰਘ
ਅੱਜ ਤੋਂ 103 ਵਰ੍ਹੇ ਪਹਿਲਾਂ ਯਾਨੀ 1923 ਨੂੰ ਪਿਤਾ ਸ. ਹੀਰਾ ਸਿੰਘ ਤੇ ਮਾਤਾ ਨਿਹਾਲ ਕੌਰ ਦੇ ਘਰ ਪਿੰਡ ਮਿੱਠੇਵਾਲ, ਰਿਆਸਤ ਮਾਲੇਰਕੋਟਲਾ (ਹੁਣ ਜ਼ਿਲ੍ਹਾ ਮਾਲੇਰਕੋਟਲਾ) ਵਿਖੇ ਜਨਮ ਲੈਣ ਵਾਲੇ ਬਾਲ ਗੁਰਦਿੱਤ ਸਿੰਘ ਨੇ ਪੜ੍ਹਾਈ ਦੇ ਸਾਰੇ ਸਾਧਨਾਂ ਤੋਂ ਦੂਰ, ਪਿੰਡ...
ਅੱਜ ਤੋਂ 103 ਵਰ੍ਹੇ ਪਹਿਲਾਂ ਯਾਨੀ 1923 ਨੂੰ ਪਿਤਾ ਸ. ਹੀਰਾ ਸਿੰਘ ਤੇ ਮਾਤਾ ਨਿਹਾਲ ਕੌਰ ਦੇ ਘਰ ਪਿੰਡ ਮਿੱਠੇਵਾਲ, ਰਿਆਸਤ ਮਾਲੇਰਕੋਟਲਾ (ਹੁਣ ਜ਼ਿਲ੍ਹਾ ਮਾਲੇਰਕੋਟਲਾ) ਵਿਖੇ ਜਨਮ ਲੈਣ ਵਾਲੇ ਬਾਲ ਗੁਰਦਿੱਤ ਸਿੰਘ ਨੇ ਪੜ੍ਹਾਈ ਦੇ ਸਾਰੇ ਸਾਧਨਾਂ ਤੋਂ ਦੂਰ, ਪਿੰਡ ਦੇ ਗੁਰਦੁਆਰੇ ਦੀ ਪੁਰਾਣੀ ਰੀਤ ਅਨੁਸਾਰ ਆਰੰਭਕ ਪੋਥੀਆਂ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ। ਘਰੇਲੂ ਧੰਦਿਆਂ ਦੇ ਨਾਲ ਨਾਲ ਸਾਧਾਂ, ਸੰਤਾਂ ਅਤੇ ਗੁਣਵਾਨਾਂ ਤੋਂ ਨੀਤੀ, ਭਾਖਾ ਪਿੰਗਲ ਤੇ ਕਾਵਯ ਦੇ ਗ੍ਰੰਥ ਪੜ੍ਹਦਿਆਂ ਵੱਡੇ ਹੋਏ। ਗਿਆਨੀ ਜੀ ਸਰਬਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਅੰਦਰ ਇੱਕ ਸਾਹਿਤਕਾਰ, ਗੁਰਬਾਣੀਵੇਤਾ, ਵਿਆਖਿਆਕਾਰ ਤੇ ਖੋਜੀ, ਸਿਆਸਤਦਾਨ ਤੇ ਪੱਤਰਕਾਰ ਦੇ ਗੁਣ ਸਨ। ਗਿਆਨੀ ਗੁਰਦਿੱਤ ਸਿੰਘ ਨੇ 1956 ਵਿੱਚ ਇੱਕ ਲੇਖ ਲਿਖਿਆ ‘ਮੇਰਾ ਪਿੰਡ’, ਜਿਸ ਦੀ ਚਰਚਾ ਅਤੇ ਪ੍ਰਸ਼ੰਸਾ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਇਸ ਤਰ੍ਹਾਂ ਦੇ ਕੁਝ ਹੋਰ ਲੇਖ ਲਿਖੇ। 1961 ਵਿੱਚ ਪੁਸਤਕ ‘ਮੇਰਾ ਪਿੰਡ’ ਦਾ ਪਹਿਲਾ ਐਡੀਸ਼ਨ ਛਪਿਆ ਤਾਂ ਇਹ ਪੁਸਤਕ ਪੰਜਵੀਂ ਜਮਾਤ ਤੋਂ ਲੈ ਕੇ ਐਮ.ਏ. ਤੱਕ ਦੀਆਂ ਜਮਾਤਾਂ ਨੂੰ ਪੜ੍ਹਾਈ ਜਾਣ ਲੱਗੀ। ਛੋਟੀਆਂ ਜਮਾਤਾਂ ਦੇ ਬੱਚਿਆਂ ਲਈ ਇਸ ਕਿਤਾਬ ਵਿੱਚੋਂ ਲੇਖ ਚੁਣ ਕੇ ‘ਸਪਲੀਮੈਂਟਰੀ ਰੀਡਰਜ਼’ ਛਾਪੀਆਂ ਗਈਆਂ। ਅੱਜ ਵੀ ਇਹ ਕਿਤਾਬ ਪੰਜਾਬ ਤੇ ਦਿੱਲੀ ਦੀਆਂ ਯੂਨੀਵਰਸਿਟੀਆਂ ਅਤੇ ਸਕੂਲਾਂ ਦੀਆਂ ਜਮਾਤਾਂ ਨੂੰ ਪੜ੍ਹਾਈ ਜਾਂਦੀ ਹੈ। ਗਿਆਨੀ ਗੁਰਦਿੱਤ ਸਿੰਘ ਦੀ ਮਿੱਠੀ ਬੋਲੀ, ਮਿੱਠੀ ਮੁਸਕਰਾਹਟ ਅਤੇ ਮੱਠੀ ਟਕੋਰ ਨੇ ਪੰਜਾਬੀ ਪਾਠਕਾਂ ਦਾ ਮਨ ਮੋਹ ਲਿਆ। ਸ਼ਾਇਦ ਇਹ ਸਾਰੀਆਂ ਬਰਕਤਾਂ ਉਨ੍ਹਾਂ ਦੇ ਪਿੰਡ ਮਿੱਠੇਵਾਲ ਦੀਆਂ ਹਨ। ਟਿੱਬਿਆਂ ਅਤੇ ਸਰਕੰਡਿਆਂ ਵਿੱਚ ਵਸੇ ਇਸ ਪਿੰਡ ਵਿੱਚ ਪਤਾ ਨਹੀਂ ਗੁਲਾਬ ਦਾ ਫੁੱਲ ਕਿਵੇਂ ਖਿੜ ਪਿਆ? ਦਰਅਸਲ, ਇਹ ਉਨ੍ਹਾਂ ਵੱਲੋਂ ਦਿਨ-ਰਾਤ ਪੜ੍ਹਾਈ ਕਰਨ ਅਤੇ ਵਿਦਵਾਨਾਂ ਤੋਂ ਸਮੇਂ-ਸਮੇਂ ਵਿੱਦਿਆ ਪ੍ਰਾਪਤ ਕਰਨ ਦੀ ਘਾਲਣਾ ਦਾ ਫ਼ਲ ਹੈ।
‘ਮੇਰਾ ਪਿੰਡ’ ਦੇ ਮੇਰੇ ਵੱਡੇ-ਵਡੇਰੇ ਅਧਿਆਏ ਵਿੱਚ ਉਹ ਲਿਖਦੇ ਹਨ: ‘‘ਮੇਰੇ ਦਾਦੇ-ਪੜਦਾਦੇ, ਵੱਡ-ਵਡੇਰੇ, ਕਿਸੇ ਰਾਜੇ ਨਵਾਬ ਦੇ ਨੌਕਰ, ਰਈਸ ਜਾਂ ਬਖ਼ਤਾਵਰ ਬੰਦੇ ਨਹੀਂ ਸਨ। ਨਾ ਹੀ ਉਹ ਅਧਿਆਤਮਕ ਖੇਤਰ ਵਿੱਚ ਕੋਈ ਦਰਜਾ ਰੱਖਦੇ ਸੀ ਤੇ ਵਿਦਵਾਨ ਹੋਣਾ ਤਾਂ ਉਨ੍ਹਾਂ ਲਈ ਇਕਦਮ ਹੀ ਅਜਨਬੀ ਹੋਇਆ। ਮੇਰੇ ਪਿੰਡ ਦਾ ਨਾਂ ਮਿੱਠੇਵਾਲ ਕਹਿੰਦੇ ਇਸ ਕਰਕੇ ਪਿਆ ਸੀ ਕਿ ਸਾਡਾ ਪਿੰਡ ਅਕਬਰ ਦੇ ਸਮੇਂ ਪਰਗਣਾ ਦੀਨਾ ਕਾਂਗੜ ਦੇ ਇੱਕ ਮੁਖੀ ਚੌਧਰੀ ਮਹਿਰ ਮਿੱਠੇ ਨੇ ਬੰਨ੍ਹਿਆ ਸੀ। ਪਹਾੜਾਂ ਜਿੱਡੇ ਉੱਚੇ ਰੇਤੇ ਦੇ ਟਿੱਬਿਆਂ ਅਤੇ ਚੀਲ੍ਹਾਂ, ਲੰਮੇ-ਲੰਝੇ ਜ਼ੋਰੀਂ ਸ਼ੂਕਰਾਂ ਪਾਉਂਦੇ ਸਰਕੜੇ ਦੇ ਸੰਘਣੇ ਜੰਗਲਾਂ ਵਿਚਾਲੇ, ਪਲ੍ਹੋਂ ਵਾਲੀ ਕਾਲੀ ਮਿੱਟੀ ਨਾਲ ਲਿੱਪੇ ਹੋਏ ਕੱਚਿਆਂ ਕੋਠਿਆਂ ਵਾਲਾ ਇੱਕ ਟਾਪੂ ਜਿਹਾ ਹੈ ਮੇਰਾ ਪਿੰਡ, ਜਿਹੜਾ ਆਪਣੇ ਨਾਂ ਨਾਲੋਂ ਵੀ ਵੱਧ ਮਿੱਠੇ ਸੁਆਦ ਆਪਣੀਆਂ ਯਾਦਾਂ ਵਿੱਚ ਸਮੋਈ ਬੈਠਾ ਹੈ।’’ ਉਨ੍ਹਾਂ 1944-45 ਵਿੱਚ ਲਾਹੌਰ ਤੋਂ ਗਿਆਨੀ ਪਾਸ ਕੀਤੀ। ਖੋਜ ਦੀ ਲਗਨ ਵਿੱਚ ਘਰ-ਬਾਰ ਛੱਡ ਕੇ 1943 ਤੋਂ 1947 ਤੱਕ ਅਣਵੰਡੇ ਦੇਸ਼ ਦਾ ਪੰਜਾ ਸਾਹਿਬ ਤੋਂ ਪਟਨਾ, ਬਨਾਰਸ ਤੱਕ ਦਾ ਭ੍ਰਮਣ ਕੀਤਾ। ਧਰਮ ਅਸਥਾਨਾਂ ਦੇ ਤੋਸ਼ੇਖ਼ਾਨਿਆਂ ਤੋਂ ਲੈ ਕੇ ਲਾਹੌਰ, ਅੰਮ੍ਰਿਤਸਰ, ਪਟਿਆਲਾ ਅਤੇ ਕਾਸ਼ੀ ਦੀਆਂ ਲਾਇਬਰੇਰੀਆਂ ਘੋਖੀਆਂ। ਉੱਘੀਆਂ ਇਤਿਹਾਸਕ ਰਿਆਸਤੀ ਹਸਤੀਆਂ ਤੇ ਨਾਭੇ, ਪਟਿਆਲੇ ਦੇ ਸਿੱਖ ਘਰਾਣਿਆਂ ਵਿੱਚ ਹੱਥ-ਲਿਖਤਾਂ, ਬੀੜਾਂ ਤੇ ਪੁਸਤਕਾਂ ਦੀ ਖੋਜ ਕੀਤੀ।
ਮਾਸਿਕ ਪੱਤਰ ‘ਜੀਵਨ ਸੰਦੇਸ਼’ ਪਟਿਆਲਿਓਂ ਕੱਢਿਆ, ਜਿਸ ਦੇ ਪੰਜਾਬੀ ਅੰਕ, ਸਿੱਖ ਇਤਿਹਾਸ ਅੰਕ ਵਿਸ਼ੇਸ਼ ਮੰਨੇ ਗਏ। ਪੰਜਾਬੀ ਬੋਲੀ, ਗੁਰਮੁਖੀ ਲਿਪੀ ਅਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਨਿਬੰਧ ਲਿਖੇ। ਉਹ ਧਰਮ ਅਰਥ ਬੋਰਡ ਦੇ ਜਨਰਲ ਸਕੱਤਰ ਰਹੇ। 1950 ਵਿੱਚ ਪੁਰਾਤਨ ਪੁਸਤਕ ‘ਅਮਰ ਨਾਮਾ’ ਪ੍ਰਕਾਸ਼ਿਤ ਕੀਤੀ।
1947 ਦੇ ਆਰੰਭ ਵਿੱਚ ਪਟਿਆਲੇ ਨਿਵਾਸ ਕੀਤਾ। 1948 ਵਿੱਚ ‘ਪ੍ਰਕਾਸ਼’ ਅਖ਼ਬਾਰ ਪਹਿਲਾਂ ਹਫ਼ਤਾਵਾਰੀ ਤੇ ਫਿਰ ਰੋਜ਼ਾਨਾ ਕੱਢਿਆ, ਜੋ 1956 ਤੱਕ ਪਟਿਆਲੇ ਰਿਹਾ। ਪੈਪਸੂ ਦੇ ਪੰਜਾਬ ਵਿੱਚ ਰਲੇਵੇਂ ਅਤੇ ਸੰਪਾਦਕ ਦੇ ਲੈਜਿਸਲੇਟਿਵ ਕੌਂਸਲ (ਪੰਜਾਬ ਵਿਧਾਨ ਪ੍ਰੀਸ਼ਦ) ਦੇ 1956 ਤੋਂ 1964 ਤੱਕ ਮੈਂਬਰ ਬਣਨ ਕਰਕੇ ਚੰਡੀਗੜ੍ਹ ਤੋਂ ਛਪਦਾ ਰਿਹਾ। ਫਿਰ 1970 ਵਿੱਚ ਪਟਿਆਲੇ ਤੋਂ ਹਫ਼ਤਾਵਾਰੀ ਦੇ ਰੂਪ ਵਿੱਚ 1976 ਤੱਕ ਜਾਰੀ ਰਿਹਾ।
1973 ਵਿੱਚ ਸਿੰਘ ਸਭਾ ਲਹਿਰ ਦੀ ਯਾਦ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਭਾ ਸ਼ਤਾਬਦੀ ਕਮੇਟੀ ਦਾ ਕੰਮ ਉਨ੍ਹਾਂ ਨੂੰ ਸੌਂਪਿਆ ਗਿਆ ਸੀ, ਉਦੋਂ ਆਪ ਦਾ ਨਿਵਾਸ ਅੰਮ੍ਰਿਤਸਰ ਰਿਹਾ। ਪਹਿਲਾਂ ਦੇਸ਼ ਭਰ ਵਿੱਚ ਪ੍ਰਚਾਰ ਵਹੀਰ ਚਲਾਈ। 1973 ਵਿੱਚ ਜਨਰਲ ਸਕੱਤਰ ਅਤੇ 1983 ਤੋਂ 1992 ਤੱਕ ਕੇਂਦਰੀ ਸਿੰਘ ਸਭਾ ਦੀ ਪ੍ਰਧਾਨਗੀ ਦੇ ਰੂਪ ਵਿੱਚ ਸੇਵਾ ਕੀਤੀ। ‘ਸਿੰਘ ਸਭਾ ਪੱਤ੍ਰਿਕਾ’ ਰਸਾਲੇ ਦੇ ਮਹੱਤਵਪੂਰਨ ਵਿਸ਼ੇਸ਼ ਅੰਕ ਕੱਢੇ। ਸਿਧਾਂਤਕ ਇਤਿਹਾਸਕ ਮਸਲਿਆਂ ਉੱਤੇ ਵਿਚਾਰ ਸਮਾਗਮ ਕੀਤੇ। ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਜਿਲਦ, ਜੀਵਨ ਭਰ ਦੀ ਖੋਜ ਦਾ ਹਿੱਸਾ, ਭਗਤ ਬਾਣੀ ਦਾ ਇਤਿਹਾਸ ਛਾਪਿਆ। ਉਨ੍ਹਾਂ ਦੁਆਰਾ ਲਿਖੀਆਂ ਜੀਵਨੀਆਂ ‘ਸਿੰਘ ਸਭਾ ਪੱਤ੍ਰਿਕਾ’ ਵਿੱਚ ਛਪੀਆਂ।
ਜਦੋਂ ਗਿਆਨੀ ਗੁਰਦਿੱਤ ਸਿੰਘ ਹੋਰਾਂ ਦੀ ਕੋਈ ਕਿਤਾਬ ਛਪਦੀ ਤਾਂ ਪੰਜਾਬੀ ਸਾਹਿਤ ਦੇ ਸ਼ਾਂਤ ਪਾਣੀਆਂ ਵਿੱਚ ਹਲਚਲ ਮੱਚ ਜਾਂਦੀ ਸੀ। ਇਸ ਦਾ ਕਾਰਨ ਇਹ ਸੀ ਕਿ ਗਿਆਨੀ ਜੀ ਕਿਸੇ ਵੀ ਵਿਸ਼ੇ ਉੱਤੇ ਲਿਖਣ ਲਈ ਸਾਲਾਂਬੱਧੀ ਅਧਿਐਨ ਕਰਦੇ ਅਤੇ ਉਸ ਵਿਸ਼ੇ ਨਾਲ ਸਬੰਧਿਤ ਦੂਰ-ਦੁਰਾਡੀਆਂ ਥਾਵਾਂ ਦੀ ਯਾਤਰਾ ਵੀ ਕਰਦੇ ਸਨ। ਇਸ ਪ੍ਰਕਾਰ ਦੀ ਘੋਖ ਉਪਰੰਤ ਸਾਹਮਣੇ ਆਉਂਦੇ ਵਿਚਾਰ ਅਤੇ ਨਤੀਜੇ ਲੀਹ ਤੋਂ ਹਟਵੇਂ, ਨਵੇਂ ਅਤੇ ਵਿਲੱਖਣ ਹੁੰਦੇ ਸਨ। 1990 ਵਿੱਚ ਪੁਸਤਕ ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਭਗਤ ਬਾਣੀ ਭਾਗ-1’ ਵਿੱਚ ਬਾਣੀਕਾਰ ਭਗਤਾਂ ਦੇ ਜੀਵਨ ਅਤੇ ਰਚਨਾ ਬਾਰੇ ਸਮੱਗਰੀ ਸੀ। ਗਿਆਨੀ ਜੀ ਨੇ ਇਸ ਪੁਸਤਕ ਵਿੱਚ ਭਗਤਾਂ ਦੀਆਂ ਜੀਵਨੀਆਂ ਅਤੇ ਉਨ੍ਹਾਂ ਦੀ ਬਾਣੀ ਬਾਰੇ ਅਹਿਮ ਸਵਾਲ ਉਠਾਏ।
ਗਿਆਨੀ ਗੁਰਦਿੱਤ ਸਿੰਘ ਦੀ ਬਹੁ-ਚਰਚਿਤ ਪੁਸਤਕ ‘ਮੁੰਦਾਵਣੀ’ 2003 ਵਿੱਚ ਛਪੀ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਰਾਗਮਾਲਾ’ ਦੇ ਵਿਸ਼ੇ ਨਾਲ ਸਬੰਧਿਤ ਹੈ। ਸਿੱਖ ਪੰਥ ਵਿੱਚ ਰਾਗਮਾਲਾ ਦਾ ਮਸਲਾ ਬਹੁਤ ਅਹਿਮ ਅਤੇ ਗੰਭੀਰ ਹੈ। ਗਿਆਨੀ ਗੁਰਦਿੱਤ ਸਿੰਘ ਇਸ ਮਸਲੇ ਨੂੰ 60 ਸਾਲ ਤੋਂ ਵਾਚਦੇ ਅਤੇ ਇਸ ਉੱਤੇ ਖੋਜ ਵੀ ਕਰ ਰਹੇ ਸਨ। ਇਸ ਲਈ ਉਨ੍ਹਾਂ ਨੇ ਦੇਸ਼ ਵਿਦੇਸ਼ ਵਿੱਚ ਸੈਂਕੜੇ ਹੱਥਲਿਖਤ ਬੀੜਾਂ ਦੇ ਦਰਸ਼ਨ ਕੀਤੇ, ਤਕਰੀਬਨ 500 ਬੀੜਾਂ ਦਾ ਡੂੰਘਾ ਅਧਿਐਨ ਕੀਤਾ ਅਤੇ ਰਾਗਮਾਲਾ ਨਾਲ ਸਬੰਧਿਤ ਪੰਨਿਆਂ ਦੇ ਚਿੱਤਰ ‘ਮੁੰਦਾਵਣੀ’ ਵਿੱਚ ਪ੍ਰਕਾਸ਼ਿਤ ਕੀਤੇ।
ਇਨ੍ਹਾਂ ਤਿੰਨ ਮੁੱਖ ਰਚਨਾਵਾਂ ਤੋਂ ਬਿਨਾਂ ਗਿਆਨੀ ਜੀ ਦੀ ਸਾਹਿਤ ਘਾਲਣਾ ਵਿੱਚ ਭੱਟ ਅਤੇ ਉਨ੍ਹਾਂ ਦੀ ਰਚਨਾ, ਪੰਜਾਬ ਦੀਆਂ ਲੋਕ ਕਹਾਣੀਆਂ (ਤਿੰਨ ਭਾਗ) ਅਤੇ ਭਾਈ ਰੂਪ ਚੰਦ ਅਤੇ ਉਨ੍ਹਾਂ ਦਾ ਵੰਸ਼ ਆਦਿ ਪੁਸਤਕਾਂ ਸ਼ਾਮਲ ਹਨ। ਉਨ੍ਹਾਂ ਨੇ 1950 ਵਿੱਚ ‘ਅਮਰ ਨਾਮਾ’ ਦੀ ਖੋਜ ਕੀਤੀ ਜੋ ਨਾਂਦੇੜ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਦਿਨਾਂ ਬਾਰੇ ਦੁਰਲੱਭ ਫ਼ਾਰਸੀ ਰਚਨਾ ਹੈ। ਖ਼ਾਲਸਾ ਸਿਰਜਣਾ ਦੀ ਤ੍ਰੈ-ਸ਼ਤਾਬਦੀ ਸਮੇਂ ਗਿਆਨੀ ਜੀ ਦੇ ਸੁਝਾਅ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਕਰੀਬਨ 100 ਪੁਰਾਣੀਆਂ ਅਤੇ ਅਣ-ਉਪਲਬਧ ਪੁਸਤਕਾਂ ਦੁਬਾਰਾ ਪ੍ਰਕਾਸ਼ਿਤ ਕੀਤੀਆਂ। ਇਹ ਸਾਰੀਆਂ ਪੁਸਤਕਾਂ ਗਿਆਨੀ ਜੀ ਨੇ ਆਪਣੀ ਨਿੱਜੀ ਲਾਇਬ੍ਰੇਰੀ ਵਿੱਚੋਂ ਉਪਲਬਧ ਕਰਵਾਈਆਂ ਸਨ। ਉਨ੍ਹਾਂ ਨੇ ਇਨ੍ਹਾਂ ਪੁਸਤਕਾਂ ਨੂੰ ਸੰਪਾਦਿਤ ਕੀਤਾ ਅਤੇ ਹਰ ਪੁਸਤਕ ਦੀ ਲੰਮੀ ਸਾਰਥਿਕ ਭੂਮਿਕਾ ਲਿਖੀ।
ਉਨ੍ਹਾਂ ਰਿਆਸਤ ਪਟਿਆਲਾ ਵਿੱਚ ਪੰਜਾਬੀ ਮਹਿਕਮਾ ਸਥਾਪਤ ਕਰਨ ’ਚ ਯੋਗਦਾਨ ਪਾਇਆ, ਜੋ ਮਗਰੋਂ ਪੰਜਾਬ ਦਾ ਭਾਸ਼ਾ ਵਿਭਾਗ ਬਣਿਆ। ਮਰਹੂਮ ਲੇਖਕ ਭੂਸ਼ਨ ਨੇ ਲਿਖਿਆ ਹੈ: ਉਂਜ ‘ਮੇਰਾ ਪਿੰਡ’ ਤੋਂ ਇਲਾਵਾ ਗਿਆਨੀ ਗੁਰਦਿੱਤ ਸਿੰਘ ਨੂੰ ਦੋ ਹੋਰ ਕਾਰਨਾਮਿਆਂ ਕਰਕੇ ਵੀ ਯਾਦ ਰੱਖਿਆ ਜਾਵੇਗਾ। ਇੱਕ ਤਾਂ ਇਹ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਕਾਇਮੀ ਲਈ ਸਭ ਤੋਂ ਪਹਿਲਾ ਮਤਾ ਪੇਸ਼ ਕਰਨ ਵਾਲੀ ਸ਼ਖ਼ਸੀਅਤ ਇਹੋ ਸੀ ਅਤੇ ਦੂਜਾ ਸਾਡਾ ਪੰਜਵਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਂਦ ਵਿੱਚ ਆਉਣ ਦਾ ਆਧਾਰ ਵੀ ਗਿਆਨੀ ਗੁਰਦਿੱਤ ਸਿੰਘ ਦੀ ਖੋਜ ਹੀ ਮੰਨੀ ਜਾਂਦੀ ਹੈ। ਜਿਉਂ-ਜਿਉਂ ਸਮਾਂ ਬੀਤੇਗਾ, ਬਹੁਤ ਕੁਝ ਪਤਾ ਲੱਗੇਗਾ। ਘਰ ਦੇ ਜੋਗੀ ਨੂੰ ਅਸੀਂ ‘ਜੋਗੜਾ’ ਹੀ ਸਮਝਦੇ ਰਹਿੰਦੇ ਹਾਂ। ‘ਮੇਰਾ ਦਾਗ਼ਸਿਤਾਨ’ ਆਉਣ ’ਤੇ ਸਾਨੂੰ ਹੋਸ਼ ਆਈ ਕਿ ਸਾਡੇ ਕੋਲ ਪਹਿਲਾਂ ‘ਮੇਰਾ ਪਿੰਡ’ ਵੀ ਹੈ। ਮਹਾਤਮਾ ਗਾਂਧੀ ਦਾ ਕਥਨ ਸੀ ਕਿ ਭਾਰਤ ਪਿੰਡਾਂ ਵਿੱਚ ਵਸਦਾ ਹੈ। ਮੇਰਾ ਦਾਅਵਾ ਹੈ ਕਿ ਪਿੰਡ ਗਿਆਨੀ ਗੁਰਦਿੱਤ ਸਿੰਘ ਵਿੱਚ ਵਸਦਾ ਹੈ।’’ ਗਿਆਨੀ ਗੁਰਦਿੱਤ ਸਿੰਘ 17 ਜਨਵਰੀ 2007 ਨੂੰ ਸਦੀਵੀ ਵਿਛੋੜਾ ਦੇ ਗਏ, ਪਰ ਆਪਣੇ ਕਾਰਜਾਂ ਅਤੇ ਲਿਖਤਾਂ ਸਦਕਾ ਸਦਾ ਪੰਜਾਬੀਆਂ ਦੇ ਮਨਾਂ ’ਚ ਵਸੇ ਰਹਿਣਗੇ।
ਸੰਪਰਕ: 94787-35220

