ਰਮੇਸ਼ ਬੱਗਾ ਚੋਹਲਾ
ਭਾਰਤ ਲੰਮਾ ਸਮਾਂ ਅੰਗਰੇਜ਼ਾਂ ਦਾ ਗੁਲਾਮ ਰਿਹਾ। ਇਸ ਗੁਲਾਮੀ ਤੋਂ ਨਿਜਾਤ ਹਾਸਲ ਕਰਨ ਲਈ ਜਿੱਥੇੇ ਭਾਰਤੀ ਨੌਜਵਾਨਾਂ ਨੇ ਅਨੇਕਾਂ ਕੁਰਬਾਨੀਆਂ ਕੀਤੀਆਂ, ਉੱਥੇ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਦਾ ਵੀ ਆਪਣਾ ਇੱਕ ਵੱਖਰਾ ਅਧਿਆਏ ਹੈ। ਇਸ ਅਧਿਆਏ ਵਿੱਚ ਦੇਸ਼ ਭਗਤ ਗ਼ਦਰੀ ਬਾਬਾ ਵਿਸਾਖਾ ਸਿੰਘ ਦਾ ਨਾਂ ਵੀ ਸ਼ਾਮਲ ਹੈ।
ਬਾਬਾ ਜੀ ਦਾ ਜਨਮ ਮਾਝੇ ਦੇ ਕੇਂਦਰੀ ਜ਼ਿਲ੍ਹੇ ਅੰਮ੍ਰਿਤਸਰ ਦੇ ਇੱਕ ਛੋਟੇ ਜਿਹੇ ਪਿੰਡ ਦਦਹੇਰ ਵਿੱਚ ਅੱਧ ਵਿਸਾਖ ਸੰਮਤ ਬਿਕਰਮੀ 1834 ਅਰਥਾਤ 1877 ਈਸਵੀ ਨੂੰ ਦਿਆਲ ਸਿੰਘ ਅਤੇ ਇੰਦ ਕੌਰ ਦੇ ਘਰ ਹੋਇਆ। ਦੇਸੀ ਮਹੀਨੇ ਵਿਸਾਖ ਦੀ ਪੈਦਾਇਸ਼ ਹੋਣ ਕਰਕੇ ਬਾਬਾ ਜੀ ਦਾ ਨਾਂ ਵਿਸਾਖਾ ਸਿੰਘ ਰੱਖ ਦਿੱਤਾ ਗਿਆ। ਬਚਪਨ ਤੋਂ ਹੀ ਉਹ ਸਾਧੂ ਸੁਭਾਅ ਅਤੇ ਧਾਰਮਿਕ ਸੋਚ ਵਾਲੇ ਵਿਅਕਤੀ ਸਨ। ਉਨ੍ਹਾਂ ਨੇ ਆਪਣੀ ਮੁੱਢਲੀ ਵਿੱਦਿਆ ਪਿੰਡ ਦੇ ਗੁਰਦੁਆਰੇ ਦੇ ਸੰਤ ਈਸ਼ਰ ਦਾਸ ਪਾਸੋਂ ਗ੍ਰਹਿਣ ਕੀਤੀ। 1896 ਈ. ਵਿੱਚ ਬਾਬਾ ਜੀ ਫੌਜ ਵਿੱਚ ਭਰਤੀ ਹੋ ਗਏ ਪਰ ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂ ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦੇ ਚਾਚਾ) ਦੇ ਪ੍ਰਭਾਵ ਹੇਠ ਆ ਕੇ ਉਨ੍ਹਾਂ ਨੇ 1907 ਈਸਵੀ ਨੂੰ ਫੌਜ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਕੁੱਝ ਸਮਾਂ ਪਾ ਕੇ ਉਹ ਹੰਕਾਊ (ਚੀਨ) ਚਲੇ ਗਏ ਅਤੇ ਉਥੇ ਪੁਲੀਸ ਵਿੱਚ ਭਰਤੀ ਹੋ ਗਏ। ਇੱਥੇ ਵੀ ਉਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਵੱਢ-ਵੱਢ ਖਾਣ ਲੱਗਿਆ, ਜਿਸ ਦੀ ਬਦੌਲਤ ਉਨ੍ਹਾਂ ਨੇ ਇਹ ਨੌਕਰੀ ਵੀ ਛੱਡ ਦਿੱਤੀ।
1908 ਈ. ਵਿੱਚ ਬਾਬਾ ਜੀ ਅਮਰੀਕਾ ਚਲੇ ਗਏ। ਇੱਥੇ ਉਨ੍ਹਾਂ ਦਾ ਤਾਲਮੇਲ ਬਹੁਤ ਸਾਰੇ ਗਦਰੀਆਂ ਅਤੇ ਦੇਸ਼ ਭਗਤਾਂ ਜਿਵੇਂ ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ, ਹਰਨਾਮ ਸਿੰਘ ਟੁੰਡੀਲਾਟ ਅਤੇ ਭਾਈ ਪਰਮਾਨੰਦ ਨਾਲ ਹੋਇਆ।
ਜੁਲਾਈ 1914 ਈ. ਨੂੰ ਪਹਿਲੀ ਸੰਸਾਰ ਜੰਗ ਛਿੜ ਪਈ। ਇਸ ਜੰਗ ਦੇ ਛਿੜਨ ’ਤੇ ਗ਼ਦਰ ਪਾਰਟੀ ਦੇ ‘ਯੁੁਗਾਂਤਰ ਆਸ਼ਰਮ’ ਵਿੱਚ ਇੱਕ ਹੰਗਾਮੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਮੌਕੇ ਦਾ ਫਾਇਦਾ ਉਠਾਉਂਦਿਆਂ ਹੋਇਆਂ ਸਾਰੇ ਗ਼ਦਰੀਆਂ ਨੂੰ ਦੇਸ਼ ਪਰਤ ਕੇ ਗ਼ਦਰ ਕਰਨ ਲਈ ਕਿਹਾ ਗਿਆ। 1914 ਨੂੰ ਸਾਰੇ ਗ਼ਦਰੀਆਂ ਨੇ ਭਾਰਤ ਵੱਲ ਮੁਹਾਰਾਂ ਮੋੜ ਲਈਆਂ, ਪਰ ਬਾਬਾ ਜੀ 1915 ਈ. ਵਿੱਚ ਦੇਸ਼ (ਭਾਰਤ) ਪਹੁੰਚੇ। ਦੇਸ਼ ਪਹੁੰਚਦਿਆਂ ਹੀ ਉਨ੍ਹਾਂ ਨੂੰ ਮਦਰਾਸ ਤੋਂ ਗ੍ਰਿਫ਼ਤਾਰ ਕਰਕੇ ਲੁਧਿਆਣਾ ਭੇਜ ਦਿੱਤਾ ਗਿਆ। ਪੁੱਛ-ਪੜਤਾਲ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਅਪਰੈਲ 1915 ਨੂੰ ਮੁੜ ਗ੍ਰਿਫਤਾਰੀ ਹੋਈ ਅਤੇ ਮੁਲਤਾਨ ਜੇਲ੍ਹ ਭੇਜ ਦਿੱਤਾ ਗਿਆ। 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸੱਤ ਹੋਰ ਸਾਥੀਆਂ ਨੂੰ ਫਾਂਸੀ ਦੇਣ ਤੋਂ ਬਾਅਦ ਉਨ੍ਹਾਂ ਨੂੰ ਕਾਲੇ ਪਾਣੀ (ਅੰਡੇਮਾਨ) ਭੇਜ ਦਿੱਤਾ ਗਿਆ। 14 ਅਪਰੈਲ 1920 ਨੂੰ ਬਾਬਾ ਜੀ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਅਤੇ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਰਿਹਾਈ ਤੋਂ ਬਾਅਦ ਉਹ ਪਿੰਡ ਆ ਗਏ।
ਪਿੰਡ ਆ ਕੇ ਬਾਬਾ ਜੀ ਨੇ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਬਣਾ ਲਈ ਅਤੇ ਤਨ ਮਨ ਅਤੇ ਧਨ ਨਾਲ ਦੇਸ਼ ਭਗਤ ਪਰਿਵਾਰਾਂ ਦੀ ਸਹਾਇਤਾ ਵਿੱਚ ਜੁਟ ਗਏ। ਇਸ ਮਨੋਰਥ ਲਈ ਬਾਬਾ ਜੀ ਨੇ ਇੱਕ ਵਿਸ਼ੇਸ਼ ਫੰਡ ਕਾਇਮ ਕੀਤਾ ਜਿਸ ਵਿਚੋਂ ਸਵਾ ਪੰਜ ਲੱਖ ਦੀ ਰਕਮ ਗਦਰ ਲਹਿਰ ਨਾਲ ਜੁੜੇ ਪਰਿਵਾਰਾਂ ਵਿਚ ਵੰਡੀ ਗਈ। ਬਾਬਾ ਜੀ ਬਹੁਤ ਸਾਰੇ ਗਦਰੀਆਂ ਦੇ ਘਰਾਂ ਵਿਚ ਗਏ ਅਤੇ ਉਨ੍ਹਾਂ ਨਾਲ ਮੇਲ-ਮਿਲਾਪ ਕਰਕੇ ਸੁੱਖਸਾਂਦ ਦੱਸੀ। ਕੈਦੀ ਗ਼ਦਰੀਆਂ ਦੇ ਕੇਸਾਂ ਦੀ ਪੈਰਵਾਈ ਕਰਨ ਦਾ ਵੀ ਬਾਬਾ ਜੀ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਬਾਬਾ ਵਿਸਾਖਾ ਸਿੰਘ ਨੇ ਕਿਰਤੀ-ਕਿਸਾਨ ਜਥੇਬੰਦੀ ਦਾ ਮੁੱਢ ਬੰਨ੍ਹਣ ਵਿਚ ਵੀ ਅਹਿਮ ਯੋਗਦਾਨ ਪਾਇਆ ਅਤੇ ਇਸ ਦੀ ਚੜ੍ਹਦੀਕਲਾ ਲਈ ਵਿਸ਼ੇੇੇੇੇੇੇੇੇੇੇੇਸ਼ ਯਤਨ ਕੀਤੇ। ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਵੀ ਬਾਬਾ ਜੀ ਵੱਡਮੁੱਲੀ ਦੇਣ ਰਹੀ ਹੈ।
1932 ਵਿੱਚ ਬਾਬਾ ਜੀ ਨੇ ਅੰਮ੍ਰਿਤ ਪ੍ਰਚਾਰ ਸੰਗਤ ਨਾਂ ਦੀ ਸੰਸਥਾ ਬਣਾਈ ਅਤੇ ਲੋਕਾਂ ਨੂੰ ਅੰਮ੍ਰਿਤ ਪਾਨ ਕਰਵਾਇਆ। ਉਨ੍ਹਾਂ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖ ਕੇ 1934 ਈਂ. ਵਿਚ ਉਨ੍ਹਾਂ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਗਿਆ। 5 ਦਸੰਬਰ 1957 ਨੂੰ ਬਾਬਾ ਵਿਸਾਖਾ ਸਿੰਘ ਦਾ ਦੇਹਾਂਤ ਹੋ ਗਿਆ। ਬਾਬਾ ਜੀ ਦੀ ਬਰਸੀ ਹਰ ਸਾਲ 5 ਦਸੰਬਰ ਨੂੰ ਪਿੰਡ ਦਦੇਹਰ ਸਾਹਿਬ ਵਿੱਚ ਮਨਾਈ ਜਾਂਦੀ ਹੈ।
ਸੰਪਰਕ: 94631-32719