18 ਸਤੰਬਰ ਨੂੰ ਬਰਸੀ ’ਤੇ ਵਿਸ਼ੇਸ਼

ਗ਼ਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ

ਗ਼ਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ

ਹਰਦੀਪ ਸਿੰਘ ਝੱਜ

ਹਰਨਾਮ ਸਿੰਘ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੋਟਲਾ ਨੌਧ ਸਿੰਘ ਵਿੱਚ 26 ਅਕਤੂਬਰ, 1884 ਨੂੰ ਹੋਇਆ। ਉਸ ਨੇ ਬਚਪਨ ਵਿੱਚ ਹੀ ਉਰਦੂ, ਫ਼ਾਰਸੀ ਤੇ ਗੁਰਮੁਖੀ ਸਿੱਖ ਲਈ। ਮਗਰੋਂ 28 ਨਵੰਬਰ, 1902 ਨੂੰ ਪਿਸ਼ਾਵਰ ਦੇ 25 ਨੰ. ਪਲਟਨ ’ਚ ਇਕ ਫ਼ੌਜੀ ਵਜੋਂ ਭਰਤੀ ਹੋ ਗਿਆ।

ਹਰਨਾਮ ਸਿੰਘ 12 ਜੁਲਾਈ, 1906 ਵਿਚ ਵੈਨਕੁਵਰ (ਕੈਨੇਡਾ) ਚਲਾ ਗਿਆ। ਇੱਥੋਂ ਦਸੰਬਰ 1909 ਨੂੰ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਪਹੁੰਚ ਗਿਆ, ਜਿੱਥੇ ਉਸ ਨੇ ਓਰੇਗਨ ਰਾਜ ਦੇ ਪ੍ਰਸਿੱਧ ਸ਼ਹਿਰ ਪੋਰਟਲੈਂਡ ਕੋਲ ਬ੍ਰਾਡਲਵਿਲੇ ਦੀ ਲੱਕੜ ਮਿੱਲ ਵਿਚ ਕੰਮ ਕੀਤਾ। ਇੱਥੇ ਭਾਰਤੀਆਂ ਨੂੰ ਗ਼ੁਲਾਮ ਸਮਝ ਕੇ ਬੜੀ ਨਫ਼ਰਤ ਕੀਤੀ ਜਾਂਦੀ ਸੀ। ਇਸ ਦੇ ਸਿੱਟੇ ਵਜੋਂ ਹਰਨਾਮ ਸਿੰਘ ਨੇ ਜੀ.ਡੀ. ਕੁਮਾਰ ਦੇ ਸੱਦੇ ’ਤੇ 1912 ਦੇ ਸ਼ੁਰੂ ਵਿਚ ਪੋਰਟਲੈਂਡ ’ਚ ਹੋਈ ਭਾਰਤੀ ਕ੍ਰਾਂਤੀਕਾਰੀਆਂ ਦੀ ਬੈਠਕ ਵਿਚ ਹਿੱਸਾ ਲਿਆ ਅਤੇ ਹਿੰਦੋਸਤਾਨੀ ਮਜ਼ਦੂਰਾਂ ਦਾ ਇਕ ਸੰਗਠਨ ਬਣਾਇਆ। ਇਸ ਦਾ ਨਾਂ ‘ਹਿੰਦੀ ਐਸੋਸੀਏਸ਼ਨ ਆਫ਼ ਦਿ ਪੈਸੀਫ਼ਿਕ ਕੋਸਟ’ ਰੱਖਿਆ ਗਿਆ। ਇਸ ਦੀ ਪਹਿਲੀ ਬੈਠਕ 31 ਮਾਰਚ, 1913 ਨੂੰ ਬ੍ਰਾਡਲਵਿਲੇ ਵਿੱਚ ਹੋਈ, ਜਿਸ ਵਿਚ ਹਰਨਾਮ ਸਿੰਘ ਟੁੰਡੀਲਾਟ ਨੂੰ ਇਸ ਦੀ ਸਥਾਨਕ ਸ਼ਾਖਾ ਦਾ ਸਕੱਤਰ ਚੁਣਿਆ ਗਿਆ। ਮਗਰੋਂ 31 ਦਸੰਬਰ ਨੂੰ ਸੈਕਰਾਮੈਂਟ (ਅਮਰੀਕਾ) ਵਿਚ ਗ਼ਦਰ ਪਾਰਟੀ ਦੀ ਬੈਠਕ ’ਚ ਟੁੰਡੀਲਾਟ ਦੀ ਕੇਂਦਰੀ ਕਾਰਜਕਾਰਨੀ ਦੇ ਮੈਂਬਰ ਵਜੋਂ ਚੋਣ ਕੀਤੀ ਗਈ।

ਅਪਰੈਲ 1914 ਵਿਚ ਲਾਲਾ ਹਰਦਿਆਲ ਦੇ ਅਮਰੀਕਾ ’ਚੋਂ ਕੱਢੇ ਜਾਣ ਮਗਰੋਂ ਸਾਨ ਫਰਾਂਸਿਸਕੋ ਵਿਚ ਪਾਰਟੀ ਦੇ ਮੁੱਖ ਦਫ਼ਤਰ ਯੁਗਾਂਤਰ ਆਸ਼ਰਮ ਵਿੱਚ ਇਸ ਦੇ ਕੰਮ ਦੀ ਪੁਨਰ ਵੰਡ ਕੀਤੀ ਗਈ ਤਾਂ ਟੁੰਡੀਲਾਟ ਜੀ ਨੂੰ ‘ਗ਼ਦਰ’ ਪਰਚੇ ਦਾ ਸੰਪਾਦਕ ਚੁਣਿਆ ਗਿਆ। ਜਦੋਂ 1914 ਵਿਚ ਇੰਗਲੈਂਡ ਪਹਿਲੇ ਵਿਸ਼ਵ ਯੁੱਧ ਸਮੇਂ ਜਰਮਨੀ ਨਾਲ ਯੁੱਧ ਵਿਚ ਉਲਝਿਆ ਹੋਇਆ ਸੀ ਤਾਂ ਮਾਸਟਰ ਊਧਮ ਸਿੰਘ ਕਸੇਲ ਨੇ ਗ਼ਦਰ ਪਾਰਟੀ ਦੇ ਕਾਰਕੁਨਾਂ ਨੂੰ ਫ਼ੌਜੀ ਸਿਖਲਾਈ ਦੇਣੀ ਸ਼ੁਰੂ ਕੀਤੀ। ਹੀਰਾ ਸਿੰਘ ਦਰਦ ਆਪਣੀ ਪੁਸਤਕ ‘ਜੀਵਨ ਦੇਸ਼ ਭਗਤ ਬਾਬਾ ਹਰਨਾਮ ਸਿੰਘ ਟੁੰਡੀਲਾਟ’ (1962) ਦੇ ਸਫ਼ਾ. 22 ’ਤੇ ਲਿਖਦੇ ਹਨ, ‘‘5 ਜੁਲਾਈ 1914 ਨੂੰ ਕਰਤਾਰ ਸਿੰਘ ਸਰਾਭਾ ਤੇ ਪ੍ਰਿਥਵੀ ਸਿੰਘ ਆਜ਼ਾਦ ਨੂੰ ਬੰਬ ਬਣਾਉਣ ਦੇ ਇੱਕ ਸਫ਼ਲ ਤਜ਼ਰਬੇ ਤੋਂ ਬਾਅਦ ਹਰਨਾਮ ਸਿੰਘ ਦਾ ਸੱਜਾ ਹੱਥ ਬਾਂਹ ਤੋਂ ਅਲੱਗ ਹੋ ਗਿਆ ਜਿਸ ਦੇ ਸਿੱਟੇ ਵਜੋਂ ਉਸ ਦੀ ਸੱਜੀ ਬਾਂਹ ਕੂਹਣੀ ਤੋਂ ਉੱਪਰੋਂ ਕੱਟਣੀ ਪਈ। ਮਗਰੋਂ ਇਸ ਦੇ ਸਾਥੀਆਂ ਨੇ ਹਰਨਾਮ ਸਿੰਘ ਦਾ ਨਵਾਂ ਨਾਂ ਟੁੰਡੀਲਾਟ ਰੱਖ ਦਿੱਤਾ।’’

1914 ਵਿਚ ਜਿਹੜੇ ਗ਼ਦਰੀ ਆਗੂ ਐੱਸ.ਐੱਸ. ਕੋਰੀਆ ਜਹਾਜ਼ ਰਾਹੀਂ ਕਲਕੱਤੇ ਵੱਲੋਂ ਭਾਰਤ ਪਹੁੰਚੇ ਸਨ, ਉਨ੍ਹਾਂ ਨੂੰ ਬੰਦਰਗਾਹ ’ਤੇ ਹੀ ਗ੍ਰਿਫ਼ਤਾਰ ਕਰ ਕੇ ਮਿੰਟਗੁਮਰੀ ਤੇ ਮੁਲਤਾਨ ਦੀਆਂ ਕੇਂਦਰੀ ਜੇਲ੍ਹਾਂ ਵਿਚ ਕੈਦ ਕਰਨ ਦੇ ਹੁਕਮ ਦਿੱਤੇ ਗਏ। ਹਰਨਾਮ ਸਿੰਘ ਅਕਤੂਬਰ ਦੇ ਆਖ਼ਰ ਵਿਚ ਆਪਣੀ ਸੋਚ ਮੁਤਾਬਕ ‘ਮਸ਼ੀਮਾ ਮਾਰੂ’ ਜਹਾਜ਼ ਰਾਹੀਂ ਕੋਲੰਬੋ, 24 ਦਸੰਬਰ ਨੂੰ ਭਾਰਤ ਤੇ ਮਗਰੋਂ ਪੰਜਾਬ ਵਿਚ ਦਾਖ਼ਲ ਹੋਇਆ। ਇੱਥੇ ਉਨ੍ਹਾਂ ਗ਼ਦਰ ਪਾਰਟੀ ਵੱਲੋਂ ਪਿਸ਼ਾਵਰ, ਰਾਵਲਪਿੰਡੀ ਅਤੇ ਨੌਸ਼ਹਿਰਾ ਛਾਉਣੀਆਂ ਵਿਚ ਫ਼ੌਜੀ ਸਿਪਾਹੀਆਂ ਦੇ ਦਸਤਿਆਂ ਨਾਲ ਸੰਪਰਕ ਕਾਇਮ ਕੀਤਾ। ਗ਼ਦਰ ਅੰਦੋਲਨ ਨੂੰ ਅਸਫ਼ਲ ਕਰਨ ਲਈ ਅੰਗਰੇਜ਼ ਪੁਲੀਸ ਨੇ ਕਿਰਪਾਲ ਸਿੰਘ ਮਾਧੋਕੇ (ਅੰਮ੍ਰਿਤਸਰ) ਗਦਾਰ ਨੂੰ ਪਾਰਟੀ ਵਿਚ ਜਾਸੂਸ ਬਣਾ ਕੇ ਭੇਜਿਆ ਤੇ ਦਿਨਾਂ ਵਿੱਚ ਹੀ ਗ਼ਦਰ ਦੀ ਸਾਰੀ ਖੁਫ਼ੀਆ ਜਾਣਕਾਰੀ ਪੁਲੀਸ ਅਫ਼ਸਰ ਲਿਆਕਤ ਖਾਂ ਕੋਲ ਪਹੁੰਚ ਗਈ ਤੇ ਕਈ ਗ਼ਦਰੀ ਫੜੇ ਗਏ। ਹਰਨਾਮ ਸਿੰਘ ਟੁੰਡੀਲਾਟ, ਕਰਤਾਰ ਸਿੰਘ ਸਰਾਭਾ, ਤੇ ਜਗਤ ਸਿੰਘ ਸੁਰਸਿੰਘ ਕੁਝ ਦਿਨਾਂ ਵਾਸਤੇ ਆਫ਼ਗਾਨਿਸਤਾਨ ਵੱਲ ਚਲੇ ਗਏ। 2 ਮਾਰਚ, 1915 ਨੂੰ ਟੁੰਡੀਲਾਟ ਜੀ ਕਰਤਾਰ ਸਿੰਘ ਸਰਾਭਾ ਅਤੇ ਜਗਤ ਸਿੰਘ ਗ਼ਦਰ ਅਸਫ਼ਲ ਹੋਣ ਮਗਰੋਂ ਸ਼ਾਹਪੁਰ ਜ਼ਿਲ੍ਹੇ (ਸਰਗੋਧਾ) ਦੇ ਵਿਲਾਸਪੁਰ ਚੱਕ ਨੰਬਰ 5 ਦੇ ਇੱਕ ਫ਼ਾਰਮ ਤੇ ਇੱਕ ਫ਼ੌਜੀ ਪੈਨਸ਼ਨਰ ਰਾਜਿੰਦਰ ਸਿੰਘ ਕੋਲ ਠਹਿਰਨ ਲਈ ਆ ਪਹੁੰਚੇ। ਉਸ ਨੇ ਬੁਲ੍ਹੋਵਾਲ ਥਾਣੇ ’ਚ ਗ਼ਦਰੀਆਂ ਦੇ ਆਉਣ ਦੀ ਸੂਹ ਦੇ ਕੇ ਹਰਨਾਮ ਸਿੰਘ ਟੁੰਡੀਲਾਟ ਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।

ਮਗਰੋਂ ਹਰਨਾਮ ਸਿੰਘ ’ਤੇ ‘ਪਹਿਲਾ ਲਾਹੌਰ ਸਾਜ਼ਿਸ਼ ਮਕੱਦਮਾ’ ਚਲਾਇਆ ਗਿਆ। ਡਿਫ਼ੈਂਸ ਆਫ਼ ਇੰਡੀਆ ਐਕਟ 1914 ਤਹਿਤ ਵਿਸ਼ੇਸ਼ ਟ੍ਰਿਬਿਊਨਲ ਰਾਹੀਂ 26 ਅਪਰੈਲ, 1915 ਨੂੰ ਕਰੀਬ 81 ਗ਼ਦਰੀਆਂ ’ਤੇ ਮੁਕੱਦਮਾ ਸ਼ੁਰੂ ਹੋਇਆ। ਹਰਨਾਮ ਸਿੰਘ ਟੁੰਡੀਲਾਟ ਸਮੇਤ 24 ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਗ਼ਦਰੀਆਂ ਵੱਲੋਂ ਮੁਕੱਦਮੇ ਦੀ ਪੈਰਵੀ ਕਰ ਰਹੇ ਵਕੀਲ ਰਘੂਨਾਥ ਸਹਾਇ ਨੇ 24 ਗ਼ਦਰੀਆਂ ਨੂੰ ਫਾਂਸੀ ਦੀ ਸਜ਼ਾ ਦਾ ਮੁੱਦਾ ਵਾਇਸਰਾਇ ਕੌਂਸਲ ਕੋਲ ਉਠਾਇਆ ਤੇ ਕੌਂਸਲ ਦੇ ਮੈਂਬਰ ਸਰ ਅਲੀ ਇਮਾਮ ਦੇ ਕਾਨੂੰਨੀ ਪੈਂਤਰਿਆਂ ਦੀ ਨਜ਼ਰਸਾਨੀ ਤੋਂ ਬਾਅਦ ਭਾਰਤ ਦੇ ਵਾਇਸਰਾਇ ਚਾਰਲਸ ਹਾਰਡਿੰਗ (1910-1916) ਨੇ ਆਪਣੇ ਤੌਰ ’ਤੇ ਇਨ੍ਹਾਂ ’ਚੋਂ 17 ਦੀ ਮੌਤ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ, ਜਿਨ੍ਹਾਂ ਵਿਚ ਹਰਨਾਮ ਸਿੰਘ ਟੁੰਡੀਲਾਟ ਵੀ ਸ਼ਾਮਲ ਸੀ। ਬਾਅਦ ਵਿਚ ਟੁੰਡੀਲਾਟ ਨੇ ਜ਼ਿੰਦਗੀ ਦੇ 6 ਸਾਲ ਕੈਦੀ ਦੇ ਰੂਪ ਵਿੱਚ ਅੰਡੇਮਾਨ ਦੀ ਜੇਲ੍ਹ ਵਿਚ ਗੁਜ਼ਾਰੇ ਅਤੇ ਬਾਕੀ ਦੇ 9 ਵਰ੍ਹੇ ਮਦਰਾਸ, ਪੁਣੇ, ਮੁੰਬਈ ਅਤੇ ਮਿੰਟਗੁਮਰੀ ਦੀਆਂ ਜੇਲ੍ਹਾਂ ਵਿਚ ਬਤੀਤ ਕੀਤੇ। 1930 ਵਿੱਚ ਟੁੰਡੀਲਾਟ ਰਿਹਾਅ ਹੁੰਦਿਆਂ ਹੀ ‘ਕਿਰਤੀ ਕਿਸਾਨ ਪਾਰਟੀ’ ਤੇ ‘ਕਮਿਊਨਿਸਟ ਪਾਰਟੀ’ ਵਿੱਚ ਸ਼ਾਮਲ ਹੋ ਗਏ। ਆਖ਼ਰ ਗ਼ਦਰ ਲਹਿਰ ਦੇ ਸਿਰੜੀ ਆਗੂ ਹਰਨਾਮ ਸਿੰਘ ਟੁੰਡੀਲਾਟ ਦੀ 78 ਸਾਲ ਦੀ ਉਮਰ ’ਚ 18 ਸਤੰਬਰ, 1962 ਨੂੰ ਮੌਤ ਹੋ ਗਈ।
ਸੰਪਰਕ: 94633-64992

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All