ਗ਼ਦਰ ਪਾਰਟੀ ਅਤੇ ਜੰਗ-ਏ-ਆਜ਼ਾਦੀ
ਇੱਕੀ ਅਪਰੈਲ ਗ਼ਦਰ ਪਾਰਟੀ ਦਾ ਸਥਾਪਨਾ ਦਿਵਸ ਹੈ। ਗ਼ਦਰ ਲਹਿਰ ਦਾ ਬਰਤਾਨਵੀ ਹਕੂਮਤ ਖ਼ਿਲਾਫ਼ ਸੰਘਰਸ਼ ਦਾ ਸ਼ਾਨਾਂਮੱਤਾ ਇਤਿਹਾਸ ਹੈ। ਗ਼ਦਰ ਪਾਰਟੀ ਵਿਸ਼ਵੀ ਨਜ਼ਰੀਏ ਵਾਲੀ ਪਹਿਲੀ ਉਹ ਰਾਜਨੀਤਕ ਪਾਰਟੀ ਸੀ, ਜਿਸ ਨੇ ਸਭ ਤੋਂ ਪਹਿਲਾਂ ਅੰਗਰੇਜ਼ ਹਕੂਮਤ ਦੇ ਖ਼ਿਲਾਫ਼ ਹਥਿਆਰਬੰਦ ਬਗ਼ਾਵਤ...
ਇੱਕੀ ਅਪਰੈਲ ਗ਼ਦਰ ਪਾਰਟੀ ਦਾ ਸਥਾਪਨਾ ਦਿਵਸ ਹੈ। ਗ਼ਦਰ ਲਹਿਰ ਦਾ ਬਰਤਾਨਵੀ ਹਕੂਮਤ ਖ਼ਿਲਾਫ਼ ਸੰਘਰਸ਼ ਦਾ ਸ਼ਾਨਾਂਮੱਤਾ ਇਤਿਹਾਸ ਹੈ। ਗ਼ਦਰ ਪਾਰਟੀ ਵਿਸ਼ਵੀ ਨਜ਼ਰੀਏ ਵਾਲੀ ਪਹਿਲੀ ਉਹ ਰਾਜਨੀਤਕ ਪਾਰਟੀ ਸੀ, ਜਿਸ ਨੇ ਸਭ ਤੋਂ ਪਹਿਲਾਂ ਅੰਗਰੇਜ਼ ਹਕੂਮਤ ਦੇ ਖ਼ਿਲਾਫ਼ ਹਥਿਆਰਬੰਦ ਬਗ਼ਾਵਤ ਰਾਹੀਂ ਦੇਸ਼ ਨੂੰ ਮੁਕੰਮਲ ਤੌਰ ’ਤੇ ਆਜ਼ਾਦ ਕਰਵਾ ਕੇ ਜਮਹੂਰੀ ਰਾਜ ਕਾਇਮ ਕਰਨ ਦੇ ਅਮਲੀ ਸੰਘਰਸ਼ ਦਾ ਆਗਾਜ਼ ਕੀਤਾ। ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿੱਚ ਉੱਤਰੀ ਅਮਰੀਕਾ (ਅਮਰੀਕਾ-ਕੈਨੇਡਾ) ਵਿੱਚ ਗਏ ਭਾਰਤੀਆਂ ਦੀ ਬੇਚੈਨੀ ਵਿੱਚੋਂ ਉਪਜੀ ਗ਼ਦਰ ਲਹਿਰ ਦਾ ਦੌਰ ਉਹ ਸੀ ਜਦੋਂ ਇੱਕ ਪਾਸੇ ਤਾਂ ਦੇਸ਼ ਦੀ ਜਨਤਾ ਗ਼ਰੀਬੀ, ਭੁੱਖ ਤੇ ਬਿਮਾਰੀਆਂ ਦੀ ਭਿਆਨਕ ਮਾਰ ਹੇਠ ਸੀ; ਦੂਜੇ ਪਾਸੇ ਮੁਲਕ ਦੇ ਜਾਗੀਰਦਾਰ ਅੰਗਰੇਜ਼ਾਂ ਦੀ ਕੀਤੀ ਜਾਂਦੀ ਸੇਵਾ ਬਦਲੇ ਉਨ੍ਹਾਂ ਕੋਲੋਂ ਰਾਇ ਬਹਾਦਰ, ਸਰਦਾਰ ਬਹਾਦਰ, ਖ਼ਾਨ ਬਹਾਦਰ ਆਦਿ ਖ਼ਿਤਾਬ ਲੈ ਕੇ ‘ਅੰਗਰੇਜ਼ ਰਾਜ ਦੀਆਂ ਬਰਕਤਾਂ’ ਦੇ ਸੋਹਲੇ ਗਾ ਰਹੇ ਸੀ।
19ਵੀਂ ਸਦੀ ਦੇ ਅੰਤ ਅਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਅਮਰੀਕਾ ਦੇ ਪੱਛਮੀ ਕੰਢੇ, ਕੈਨੇਡਾ ਅਤੇ ਅਮਰੀਕਾ ਦੀਆਂ ਰਿਆਸਤਾਂ ਵਿੱਚ ਜੰਗਲ ਕੱਟ ਕੇ ਜ਼ਮੀਨਾਂ ਆਬਾਦ ਕਰਨ, ਰੇਲਾਂ ਦੀਆਂ ਪਟੜੀਆਂ ਬਣਾਉਣ ਅਤੇ ਆਰਾ ਮਿੱਲਾਂ ਵਿੱਚ ਲੱਕੜਾਂ ਚੀਰਨ ਦੇ ਕੰਮ ਲਈ ਸਸਤੇ ਅਤੇ ਸਰੀਰੋਂ ਤਕੜੇ ਮਜ਼ਦੂਰਾਂ ਦੀ ਸਖ਼ਤ ਲੋੜ ਸੀ। ਇਸ ਮੰਗ ਅਤੇ ਚੋਖੀ ਮਜ਼ਦੂਰੀ ਮਿਲਣ ਬਾਰੇ ਜਾਣ ਕੇ ਆਰਥਿਕ ਤੌਰ ’ਤੇ ਟੁੱਟੇ ਲੋਕਾਂ ਦਾ ਜ਼ਮੀਨਾਂ ਵੇਚ ਕੇ ਜਾਂ ਗਹਿਣੇ ਰੱਖ ਕੇ ਓਧਰ ਜਾਣ ਦਾ ਸਿਲਸਿਲਾ ਸ਼ੁਰੂ ਹੋਇਆ।
ਉੱਥੇ ਆਰਥਿਕ ਤੌਰ ’ਤੇ ਕੁਝ ਖੁਸ਼ਹਾਲ ਹੋ ਰਹੇ ਹਿੰਦੋਸਤਾਨੀਆਂ ਨੂੰ ਵੇਖ ਕੇ ਗੋਰੇ ਸਾਮਰਾਜੀਆਂ ਨੂੰ ਇਹ ਫ਼ਿਕਰ ਹੋਣ ਲੱਗਿਆ ਕਿ ਇਹ ਸਾਡੇ ਬਰਾਬਰ ਦੇ ਸ਼ਰੀਕ ਬਣ ਰਹੇ ਹਨ, ਦੂਜਾ ਹਿੰਦੋਸਤਾਨ ਵਿੱਚ ਜਾ ਕੇ ਇਹ ਆਜ਼ਾਦੀ ਮੰਗਣ ਲੱਗ ਜਾਣਗੇ। ਉਨ੍ਹਾਂ ਨੇ ਇੱਕ ਤਾਂ ਹਕੂਮਤ ਵੱਲੋਂ ਰੋਕਾਂ ਲਗਾਉਣ ਅਤੇ ਦੂਜਾ ਉੱਥੋਂ ਦੇ ਮਜ਼ਦੂਰਾਂ ਰਾਹੀਂ ਨਸਲੀ ਵਿਤਕਰੇ ਨੂੰ ਹਵਾ ਦੇਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ।
ਸੰਨ 1908 ਵਿੱਚ ਕੈਨੇਡਾ ਵਿੱਚ ਪੁੱਜੇ ਸਾਰੇ ਹਿੰਦੋਸਤਾਨੀਆਂ ਨੂੰ ਵੱਖ-ਵੱਖ ਥਾਵਾਂ ਤੋਂ ਕੱਢ ਕੇ ਇੱਕ ਬਹੁਤ ਰੱਦੀ ਟਾਪੂ ਹਾਂਡੂਰਸ ਵਿੱਚ ਮਜ਼ਦੂਰ ਬਣਾ ਕੇ ਭੇਜਣ ਦੀ ਗੋਂਦ ਗੁੰਦੀ ਗਈ, ਪਰ ਭਾਰਤੀਆਂ ਨੇ ਸੰਘਰਸ਼ ਕਰ ਕੇ ਇਸ ਗੋਂਦ ਨੂੰ ਸਫ਼ਲ ਨਾ ਹੋਣ ਦਿੱਤਾ।
ਇਸ ਤੋਂ ਬਾਅਦ ਉੱਥੋਂ ਦੀ ਸਰਕਾਰ ਨੇ ਇਹ ਰੋਕ ਲਗਾ ਦਿੱਤੀ ਕਿ ਹਿੰਦੋਸਤਾਨੀ ਮਜ਼ਦੂਰ ਆਪਣੇ ਪਰਿਵਾਰ ਨੂੰ ਕੈਨੇਡਾ ਨਹੀਂ ਲਿਆ ਸਕਦੇ। ਇੱਕ ਹੋਰ ਸ਼ਰਤ ਲਗਾ ਦਿੱਤੀ ਕਿ ਉਹ ਕਲਕੱਤੇ ਤੋਂ ਸਿੱਧਾ ਕੈਨੇਡਾ ਆਉਣ ਵਾਲੇ ਜਹਾਜ਼ ’ਤੇ ਆਉਣ, ਪਰ ਕਲਕੱਤੇ ਤੋਂ ਉਨ੍ਹੀਂ ਦਿਨੀਂ ਕੋਈ ਸਿੱਧਾ ਜਹਾਜ਼ ਹੀ ਨਹੀਂ ਚੱਲਦਾ ਸੀ।
ਬਾਬਾ ਜਵਾਲਾ ਸਿੰਘ ਦਾ ਹੋਲਟ ਫਾਰਮ, ਸੇਂਟ ਜੌਹਨ (ਕੈਨੇਡਾ) ਜਿੱਥੇ ਬਾਬਾ ਸੋਹਨ ਸਿੰਘ ਭਕਨਾ ਅਤੇ ਕਾਂਸੀ ਰਾਮ ਮੜੌਲੀ ਆਰਾ ਮਿੱਲ ਵਿੱਚ ਕੰਮ ਕਰਦੇ ਸਨ, ਬਰਕਲੇ ਯੂਨੀਵਰਸਿਟੀ (ਜਿੱਥੇ ਲਾਲਾ ਹਰਦਿਆਲ ਪ੍ਰੋਫੈਸਰ ਸਨ, ਭਾਈ ਪਰਮਾਨੰਦ ਵੀ ਇੱਥੇ ਹੀ ਸਨ) ਅਤੇ ਸਿਆਟਲ ਆਦਿ ਹਿੰਦੋਸਤਾਨੀਆਂ ਦੇ ਮਿਲ ਬੈਠਣ ਅਤੇ ਵਿਚਾਰ ਚਰਚਾ ਦੇ ਕੇਂਦਰ ਸਨ। ਹੋਲਟ ਫਾਰਮ ’ਤੇ ਵੀ ਬਹੁਤ ਸਾਰੇ ਹਿੰਦੋਸਤਾਨੀ ਕੰਮ ਕਰਦੇ ਸਨ। ਬਾਬਾ ਵਿਸਾਖਾ ਸਿੰਘ ਅਤੇ ਭਾਈ ਸੰਤੋਖ ਵੀ ਇੱਥੇ ਹੀ ਰਹਿੰਦੇ ਸਨ। ਹਿੰਦੋਸਤਾਨ ਤੋਂ ਹੋਰ ਆਉਣ ਵਾਲੇ ਬੇਰੁਜ਼ਗਾਰਾਂ ਲਈ ਵੀ ਇਹ ਫਾਰਮ ਠਾਹਰ ਸੀ। ਬਾਬਾ ਹਰਨਾਮ ਸਿੰਘ ਟੁੰਡੀਲਾਟ, ਊਧਮ ਸਿੰਘ ਕਸੇਲ ਆਦਿ ਛੁੱਟੀ ਵਾਲੇ ਦਿਨ ਇੱਥੇ ਇਕੱਠੇ ਹੁੰਦੇ ਸਨ। ਬਰਕਲੇ ਯੂਨੀਵਰਸਿਟੀ ’ਚ ਪੜ੍ਹਦੇ 30 ਦੇ ਲਗਭਗ ਵਿਦਿਆਰਥੀਆਂ ਵਿੱਚ ਭਾਈ ਪਰਮਾਨੰਦ ਅਤੇ ਲਾਲਾ ਹਰਦਿਆਲ ਦੇ ਲੈਕਚਰਾਂ ਨੇ ਰਾਜਸੀ ਜਾਗ੍ਰਿਤੀ ਪੈਦਾ ਕੀਤੀ। ਸੁਰੇਂਦਨ ਮੋਹਨ ਬੋਸ ਦੀ ਸੰਪਾਦਨਾ ਹੇਠ ‘ਫਰੀ ਹਿੰਦੁਸਤਾਨ’ ਨਾਮ ਦਾ ਮਾਸਿਕ ਪਰਚਾ ਸਿਆਟਲ ਤੋਂ ਨਿਕਲਣ ਲੱਗਿਆ। ਸੰਨ 1911 ’ਚ ਬੋਸ ਨਾਲ ਮਿਲ ਕੇ ਤਾਰਕਨਾਥ ਦਾਸ ਨੇ ‘ਈਸਟ ਇੰਡੀਆ ਐਸੋਸੀਏਸ਼ਨ’ ਬਣਾਈ। ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਦੇ ਰਹਿਣ ਲਈ ‘ਇੰਡੀਆ ਹਾਊਸ’ ਬਣਾਇਆ ਗਿਆ। ਇਨ੍ਹਾਂ ਅਤੇ ਹੋਰ ਵੀ ਕਈ ਛੋਟੇ-ਛੋਟੇ ਕੇਂਦਰਾਂ ’ਤੇ ਹਿੰਦੋਸਤਾਨੀਆਂ ਦੀਆਂ ਛੋਟੀਆਂ-ਛੋਟੀਆਂ ਜਥੇਬੰਦੀਆਂ ਹੋਂਦ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ।
ਇਨ੍ਹਾਂ ਆਗੂਆਂ ਨੂੰ ਇਹ ਮਹਿਸੂਸ ਹੋਣ ਲੱਗਿਆ ਕਿ ਇਨ੍ਹਾਂ ਕੇਂਦਰਾਂ ਅਤੇ ਜਥੇਬੰਦੀਆਂ ਨੂੰ ਇੱਕ ਲੜੀ ਵਿੱਚ ਪਰੋਏ ਬਿਨਾਂ ਹਥਿਆਰਬੰਦ ਇਨਕਲਾਬ ਲਈ ਇੱਕ ਕੇਂਦਰੀ ਜਥੇਬੰਦੀ ਨਹੀਂ ਉਸਰ ਸਕਦੀ। 21 ਅਪਰੈਲ 1913 ਨੂੰ ਸਾਰੀਆਂ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੂੰ ਅਸਟੋਰੀਆ ਵਿਖੇ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ।
21 ਅਪਰੈਲ 1913 ਨੂੰ ਅਸਟੋਰੀਆ ਦੀ ਆਰਾ ਮਿੱਲ ਵਿੱਚ ਭਾਈ ਕੇਸਰ ਸਿੰਘ ਠੱਠਗੜ੍ਹ ਦੇ ਡੇਰੇ ਇਕੱਠ ਹੋਇਆ। ਲੰਮੀ ਵਿਚਾਰ ਚਰਚਾ ਤੋਂ ਬਾਅਦ ‘ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ’ ਦੀ ਸਿਰਜਣਾ ਕੀਤੀ ਗਈ। ਬਾਅਦ ਵਿੱਚ ਇਸ ਜਥੇਬੰਦੀ ਵੱਲੋਂ 1857 ਦੇ ਗ਼ਦਰ ਦੀ ਯਾਦ ਤਹਿਤ ਆਪਣੇ ਵੱਲੋਂ ਕੱਢੇ ਜਾਂਦੇ ਹਫ਼ਤਾਵਰੀ ਪਰਚੇ ਦਾ ਨਾਮ ‘ਗ਼ਦਰ’ ਰੱਖਿਆ ਗਿਆ। ਇਹ ਏਨਾ ਹਰਮਨ ਪਿਆਰਾ ਹੋਇਆ ਕਿ ਇਸ ਜਥੇਬੰਦੀ ਨੂੰ ਲੋਕਾਂ ਨੇ ‘ਗ਼ਦਰ ਪਾਰਟੀ’ ਹੀ ਕਹਿਣਾ ਸ਼ੁਰੂ ਕਰ ਦਿੱਤਾ। ਇਸ ਚੋਣ ਵਿੱਚ ਪ੍ਰਧਾਨ ਸੋਹਨ ਸਿੰਘ ਭਕਨਾ, ਮੀਤ ਪ੍ਰਧਾਨ ਭਾਈ ਕੇਸਰ ਸਿੰਘ ਠੱਠਗੜ੍ਹ, ਜਨਰਲ ਸਕੱਤਰ ਲਾਲਾ ਹਰਦਿਆਲ, ਜੁਆਇੰਟ ਸਕੱਤਰ ਲਾਲਾ ਠਾਕੁਰ ਦਾਸ ਧੂਰੀ, ਖਜ਼ਾਨਚੀ ਪੰਡਤ ਕਾਸ਼ੀ ਰਾਮ ਮੜੌਲੀ, ਪ੍ਰਬੰਧਕੀ ਸਕੱਤਰ ਕਰੀਮ ਬਖਸ਼ ਅਤੇ ਮੁਨਸ਼ੀ ਰਾਮ ਚੁਣੇ ਗਏ। ਇਸ ਜਥੇਬੰਦੀ ਦਾ ਮਨੋਰਥ ਹਥਿਆਰਬੰਦ ਇਨਕਲਾਬ ਨਾਲ ਬਰਤਾਨਵੀ ਗ਼ੁਲਾਮੀ ਤੋਂ ਹਿੰਦੋਸਤਾਨ ਨੂੰ ਛੁਡਾਉਣਾ ਅਤੇ ਆਜ਼ਾਦੀ ਤੇ ਬਰਾਬਰੀ ਦੀਆਂ ਬੁਨਿਆਦਾਂ ਉੱਤੇ ਕੌਮੀ ਜਮੂਹਰੀਅਤ ਕਾਇਮ ਕਰਨਾ ਸੀ।
ਕੈਨੇਡਾ ਅਤੇ ਅਮਰੀਕਾ ਵਿਚਲੇ ਗ਼ਦਰੀਆਂ ਨੇ ਪਹਿਲੀ ਆਲਮੀ ਜੰਗ ਦੇ ਹਾਲਾਤ ਨੂੰ ਅੰਗਦਿਆਂ ਭਾਰਤ ’ਚ ਹਥਿਆਰਬੰਦ ਗ਼ਦਰ ਕਰਨ ਦਾ ਐਲਾਨ ਕੀਤਾ। ਇਸ ਐਲਾਨ (ਦੇਸ਼ ਨੂੰ ਚੱਲੋ) ਤੋਂ ਬਾਅਦ ਲਗਭਗ ਅੱਠ ਹਜ਼ਾਰ ਹਿੰਦੋਸਤਾਨੀ ਵਾਪਸ ਵਤਨ ਆਏ। ਖ਼ੁਫ਼ੀਆਂ ਏਜੰਸੀਆਂ ਦੀ ਰਿਪੋਰਟ ’ਤੇ ਬਹੁਤਿਆਂ ਨੂੰ ਆਉਂਦਿਆਂ ਹੀ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਕਈਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹੀਂ ਡੱਕ ਦਿੱਤਾ ਗਿਆ। ਪੁਲੀਸ ਦੇ ਹੱਥ ਨਾ ਅਉਣ ਵਾਲੇ ਕੁਝ ਪ੍ਰਮੁੱਖ ਆਗੂ ਸਨ: ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ, ਨਿਧਾਨ ਸਿੰਘ ਚੁੱਘਾ, ਪੰਡਤ ਜਗਤ ਰਾਮ, ਭਾਈ ਪਰਮਾਨੰਦ, ਹਾਫ਼ਿਜ਼ ਅਬਦੁੱਲਾ, ਗੁਲਾਬ ਕੌਰ ਆਦਿ। ਇਨ੍ਹਾਂ ਨੇ ਫ਼ੌਜੀ ਛਾਉਣੀਆਂ ਵਿੱਚ ਬਗ਼ਾਵਤ ਕਰਵਾਉਣ ਦਾ ਕੰਮ ਆਰੰਭਿਆ, ਪਰ ਮੁਖ਼ਬਰੀ ਕਾਰਨ ਧੜਾਧੜ ਗ੍ਰਿਫ਼ਤਾਰੀਆਂ ਹੋਈਆਂ ਅਤੇ ਗ਼ਦਰ ਦੀ ਯੋਜਨਾ ਅਸਫ਼ਲ ਕਰ ਦਿੱਤੀ ਗਈ। 16 ਨਵੰਬਰ 1915 ਨੂੰ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ ਅਤੇ ਇਨ੍ਹਾਂ ਦੇ ਪੰਜ ਹੋਰ ਸਾਥੀਆਂ ਨੂੰ ਫਾਂਸੀ ਲਗਾਇਆ ਗਿਆ। ਕਈਆਂ ਨੂੰ ਉਮਰ ਕੈਦ, ਕਾਲੇਪਾਣੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ।
ਗ਼ਦਰੀਆਂ ਖਿਲਾਫ਼ ਚੱਲੇ ਹੋਰ ਵੱਖ-ਵੱਖ ਮੁਕੱਦਮਿਆਂ ਵਿੱਚ ਲਗਭਗ 150 ਗ਼ਦਰੀ ਫਾਂਸੀ ਚੜ੍ਹੇ, 308 ਨੇ ਉਮਰ ਕੈਦ ਕੱਟੀ ਅਤੇ 146 ਨੇ ਲੰਮੀਆਂ ਕੈਦਾਂ ਕੱਟੀਆਂ। ਗ਼ਦਰ ਪਾਰਟੀ ਬਰਤਾਨਵੀ ਹਕੂਮਤ ਖ਼ਿਲਾਫ਼ ਲੜਨ ਵਾਲੀ ਹਿੰਦੋਸਤਾਨ ਦੀ ਉਹ ਇੱਕੋ-ਇੱਕ ਇਨਕਲਾਬੀ ਪਾਰਟੀ ਸੀ, ਜਿਸ ਨੇ ਸਭ ਤੋਂ ਵੱਧ ਸ਼ਹਾਦਤਾਂ/ਕੁਰਬਾਨੀਆਂ ਭਾਰਤ ਦੀ ਆਜ਼ਾਦੀ ਪ੍ਰਾਪਤੀ ਲਈ ਦਿੱਤੀਆਂ। ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਅਜਿਹੀਆਂ ਅਣਗਿਣਤ ਕੁਰਬਾਨੀਆਂ ਸਦਕਾ ਅੱਜ ਅਸੀਂ ਆਜ਼ਾਦ ਹਾਂ।
*ਸੂਬਾ ਪ੍ਰਧਾਨ, ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ।
ਸੰਪਰਕ: 98153-17028

