ਉੱਠੋ ਤੁਰੋ ਦਿੱਲੀ, ਸਾਰੇ ਚਲੋ ਦਿੱਲੀ!!

ਉੱਠੋ ਤੁਰੋ ਦਿੱਲੀ, ਸਾਰੇ ਚਲੋ ਦਿੱਲੀ!!

ਕਰਨੈਲ ਸਿੰਘ ਪਾਰਸ

ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਕਿਸਾਨ ਘੋਲ ਦੌਰਾਨ 23 ਜਨਵਰੀ ਨੂੰ ਆਜ਼ਾਦੀ ਦੀ ਜੱਦੋਜਹਿਦ ਦੇ ਜੁਝਾਰੂ ਲੀਡਰ ਸੁਭਾਸ਼ ਚੰਦਰ ਬੋਸ (23 ਜਨਵਰੀ 1897) ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਉੱਘੇ ਕਵੀਸ਼ਰ ਮਰਹੂਮ ਕਰਨੈਲ ਸਿੰਘ ਰਾਮੂਵਾਲੀਆ ਨੇ ‘ਕਿੱਸਾ ਬਾਗ਼ੀ ਸੁਭਾਸ਼’ ਵਿਚ ਬੋਸ ਦੇ ਜੀਵਨ ਅਤੇ ਸਿਆਸਤ ਬਾਰੇ ਲਿਖਿਆ ਹੈ।

‘‘ਦਿੱਲੀ ਚੱਲੋ’’

ਮੌਕਾ ਆ ਗਿਆ ਮੇਰੇ ਬਹਾਦਰੋ ਓਏ,

ਜ਼ਰਾ ਤੇਜ਼ ਹੋ ਜੋ ਛੱਡੋ ਤੋਰ ਢਿੱਲੀ

ਗਿਰਨ ਵਾਲੀ ਹੈ ਕੰਧ ਬਰਤਾਨੀਆ ਦੀ,

ਧੱਕਾ ਮਾਰ ਦਿਉ ਪੈਰਾਂ ਤੋਂ ਪਈ ਹਿੱਲੀ

ਜ਼ੁੰਮੇਵਾਰੀਆਂ ਤੁਸਾਂ ਦੀਆਂ ਵਧਣ ਲੱਗੀਆਂ,

ਭੂਰੀ ਵਜ਼ਨ ਫੜਦੀ ਜਾਂ-ਜਾਂ ਹੋਏ ਸਿੱਲ੍ਹੀ

‘ਪਾਰਸ’ ਵੱਜਿਆ ਬਿਗ਼ਲ ਸੰਘਰਸ਼ ਵਾਲਾ,

ਉੱਠੋ ਤੁਰੋ ਦਿੱਲੀ, ਸਾਰੇ ਚਲੋ ਦਿੱਲੀ!!

ਬਿਆਨ ਨੇਤਾ ਜੀ

ਅਸੀਂ ਮਰਾਂਗੇ ਹਿੰਦ ਦੀ ਸ਼ਾਨ ਬਦਲੇ,

ਭਗਤ ਸਿੰਘ, ਕਰਤਾਰ ਦੀ ਰੀਸ ਨੇਤਾ

ਪੌਣੀ ਦੋਸਤੀ ਫਾਂਸੀ ਦੇ ਤਖ਼ਤਿਆਂ ਸੇ,

ਭੋਰਾ ਅਸੀਂ ਨਾ ਵੱਟਾਂਗੇ ਚੀਸ ਨੇਤਾ

ਲੈਣੀ ਤੇਰੇ ਵਿੱਦਿਆਲਿਓਂ ਲਾਲ ਡਿਗਰੀ,

ਸੁਰਖ਼ ਖ਼ੂਨ ਦੀ ਤਾਰ ਕੇ ਫ਼ੀਸ ਨੇਤਾ

ਹਰਕਤ ਅਸਾਂ ਤੋਂ ਹੋਇ ਨਾ ਕਦੇ ਐਸੀ,

ਜੀਹਦੀ ਭਾਰਤ ਨੂੰ ਲੱਗ ਜੇ ਠੀਸ ਨੇਤਾ

ਦੁਆਵਾਂ ਕਰਦਿਆਂ ਗੁਜ਼ਰ ਗਈ ਢੇਰ ਮੁੱਦਤ,

ਨਹੀਂਓਂ ਬਹੁੜਿਆ ਜੜਾ-ਜਗਦੀਸ਼ ਨੇਤਾ

ਮਕਸਦ ਪੂਰਤੀ ਹੇਤ ਕਾਬੂਲ ਮਰਨਾ,

ਸੂਲ਼ੀ ਚੜ੍ਹਾਂਗੇ ਵੱਟ ਕਸੀਸ ਨੇਤਾ

ਦੇਊ ਥਾਪੀਆਂ ਹਿੰਦ ਹੈ ਬਿਰਧ ਬਾਬਾ,

ਮਾਤਾ ਹਿੰਦ ਨੇ ਦੇਣੀ ਆਸੀਸ ਨੇਤਾ

ਸ੍ਰੀ ਸੁਭਾਸ਼ ਨੂੰ ਨਵੀਂ ਸੁਝੀ ਕਿ ਇਸਤਰੀਆਂ ਦੀ ਫ਼ੌਜ ਬਣਾਈ ਜਾਵੇ। ਇਨ੍ਹਾਂ ਦਿਨਾਂ ਵਿਚ ਬਹੁਤ ਵੱਡੀ ਕਾਨਫ਼ਰੰਸ ਵਿਚ ਭਾਰਤੀ ਦੇਵੀਆਂ ਨੂੰ ਸੰਬੋਧਨ ਕਰ ਕੇ ਕਿਹਾ ਕਿ ਤੁਸੀਂ ਵੀ ਆਪਣੇ ਵੀਰਾਂ ਵਾਂਗ ਬਾਕਾਇਦਾ ਫ਼ੌਜ ਬਣਾ ਕੇ ਮੈਦਾਨੇ ਜੰਗ ਵਿਚ ਜੂਝੋ। ਹਿੰਦੀ ਯੁਵਤੀਆਂ ਤੋਂ ਸੁਭਾਸ਼ ਦੀ ਮੰਗ

ਸਾੜ੍ਹੀ ਮਾਦਰੇ ਵਤਨ ਦੀ ਲਿੱਬੜੀ ਵੀ,

ਧੋ ਕੇ ਖ਼ੂਨ ਮੇਂ ਸਿਟੋ ਨਿਖ਼ੇਰ ਭੈਣੋਂ

ਕੁਛ ਵਿਗੜਿਆ ਨਾ ਝਾੜ-ਪੂੰਝ ਕੇ ਤੇ,

ਝੋਲ਼ੀ ਸੁੱਟ ਲੋ ਡੁੱਲ੍ਹੇ ਵੇ ਬੇਰ ਭੈਣੋਂ

ਹਿੱਸਾ ਪਾ ਲੋ ਆਜ਼ਾਦੀ ਦੀ ਜੰਗ ਅੰਦਰ,

ਐਸਾ ਸਮਾਂ ਨਾ ਮਿਲੇਗਾ ਫੇਰ ਭੈਣੋਂ

ਭਾਰਤ ਵਿਚ ਅੰਗਰੇਜ਼ ਦੀ ਫ਼ੌਜ ਉੱਤੇ,

ਧਾਵਾ ਬੋਲਣਾ ਸੰਝ-ਸਵੇਰ ਭੈਣੋਂ

ਡਾਢੀ ਲੋੜ ਹੈ ਡਾਕਟਰੀ ਕੋਰ ਅੰਦਰ,

ਭਰਤੀ ਹੋਣ ਤੋਂ ਲਾਓ ਨਾ ਦੇਰ ਭੈਣੋਂ

ਮਾਂ ਲਾਹੌਰ ਪਸ਼ੌਰ ਤੇ ਆਗਰੇ ਦੀ,

ਦਿੱਲੀ ਰਹੀ ਬੈਠੀ ਹੰਝੂ ਕੇਰ ਭੈਣੋਂ

ਤੁਸੀਂ ਉੱਠ ਕੇ ਤੋਪਾਂ ਦੇ ਬਣੋਂ ਗੋਲ਼ੇ,

ਕਿਲ੍ਹਾ ਦੇਣਾ ਅੰਗਰੇਜ਼ ਦਾ ਗੇਰ ਭੈਣੋਂ

ਧਰਮ ਯੁੱਧ ’ਚੋਂ ਮਤਾਂ ਪਿਛਾਂਹ ਮੁੜਿਓ,

ਲਵੋ ਦੂਈ ਨੂੰ ਦੂਈ ਪਰੇਰ ਭੈਣੋਂ

‘ਪਾਰਸ’ ਝਾਂਸੀਆਂ, ਤੇ ਬੀਬੀ ਚਾਂਦ ਵਾਂਗੂੰ,

ਲੜੋ ਜੰਗ ਤੇ ਬਣੋਂ ਦਲੇਰ ਭੈਣੋਂ

ਸੁਭਾਸ਼ ਦੀ ਇਸ ਅਸਰ ਭਰਪੂਰ ਅਪੀਲ ਪਿੱਛੋਂ ਸਾਰੀਆਂ ਅਣਖੀ ਵੀਰਾਂਗਣਾਂ ਨੇ ਉਠ ਕੇ ਬਾਗ਼ੀ ਨੂੰ ਕਿਹਾ ਕਿ ਸਾਡੀਆਂ ਸਾਰੀਆਂ ਸੇਵਾਵਾਂ ਦੇਸ਼ ਦੇ ਅਰਪਣ ਹਨ। ਇਸਤਰੀ ਨੇ ਕਦੀਮਾਂ ਤੋਂ ਅਸੂਲ ਪਿੱਛੇ ਕੁਰਬਾਨੀਆਂ ਕੀਤੀਆਂ ਹਨ ਅਤੇ ਪੁਰਸ਼ਾਂ ਦਾ ਸਾਥ ਦਿੱਤਾ ਹੈ; ਗੱਲ ਕੀ ਚਾਂਦ ਬੀਬੀ, ਰਾਣੀ ਝਾਂਸੀ ਅਤੇ ਸ਼ਰਨ ਕੌਰ ਦੀਆਂ ਭੈਣਾਂ ਵਤਨ ਖਾਤਰ ਆਪਣਾ ਜੀਵਨ ਸੁਭਾਸ਼ ਦੇ ਸਪੁਰਦ ਇਸ ਤਰ੍ਹਾਂ ਕਰਦੀਆਂ ਹਨ।

ਔਰਤਾਂ ਦੀ ਨੇਤਾ ਜੀ ਨੂੰ ਪੇਸ਼ਕਸ਼

ਸੀਸ ਨੇਤਾ ਜੀ ਆਪਣਾ ਵੱਢ ਕੇ ਤੇ,

ਭੇਟਾ ਦੇਵੀ ਆਜ਼ਾਦੀ ਦੀ ਧਰਾਂਗੀਆਂ

ਬਦਲੇ ਦੇਸ਼ ਪਿਆਰ, ਮਹਿਬੂਬ ਬਾਬੂ !

ਲੱਖ ਮੁਸ਼ਕਲਾਂ ਸੀਸ ’ਤੇ ਜਰਾਂਗੀਆਂ

ਤਾਰੇ ਤੋੜਨ ਵਿਚ ਆਕਾਸ਼ ਚੜ੍ਹ ਕੇ,

ਸਾਗਰ ਬਿਨਾਂ ਜਹਾਜ਼ ਤੋਂ ਤਰਾਂਗੀਆਂ

ਬਣ ਕੇ ਘੋੜੀਆਂ ਮੌਤ ਮਲਕੁਲ ਦੀਆਂ ਜੀ,

ਅਸੀਂ ਪੈਲੀ਼ ਅੰਗਰੇਜ਼ ਦੀ ਚਰਾਂਗੀਆਂ

ਜਿਉਂ ਕੇ ਅਸਾਂ ਨੇ ‘ਪਾਰਸਾ’ ਕੀ ਕਰਨਾ,

ਨਾਲ਼ ਵੀਰਾਂ ਭਰਾਵਾਂ ਦੇ ਮਰਾਂਗੀਆਂ

(ਬਿਆਨ ਆਪਾ-ਵਾਰੂ ਦੇਵੀਆਂ ਦਾ)

ਖਾਤਰ ਵਤਨ ਦੀ ਬਾਗ਼ੀ ਬੰਗਾਲੀਆ ਵੇ,

ਅਸੀਂ ਹੱਸ ਕੇ ਸੂਲ਼ੀ ਤੇ ਚੜ੍ਹਾਂਗੀਆਂ

ਜਿੱਥੇ ਮਰ ਕੇ ਤੇ ਜ਼ਿੰਦਗੀ ਪਾਈਦੀ ਹੈ,

ਅਸੀਂ ਓਸ ਸਕੂਲ ਜਾ ਪੜ੍ਹਾਂਗੀਆਂ

ਸ਼ਾਮਲ ਫ਼ੌਜ ਗੋਰੀਲਾ ਦੇ ਵਿਚ ਹੋ ਕੇ,

ਝਾੜਾਂ ਬੂਟਾ ਤੇ ਗਾਰਾਂ ਵਿਚ ਦੜਾਂਗੀਆਂ

ਹਾਨੀ ਭਾਰਤ ਦੀ ਕਦੇ ਨਾ ਹੋਣ ਦੇਣੀ,

ਵਿੱਚ ਅੱਗ ਦੇ ਜਿਊਂਦੀਆਂ ਸੜਾਂਗੀਆਂ

ਝੰਡਾ ਵਾਈਸਰਾਅ ਦੇ ਲਾਹ ਕੇ ਮਹਿਲ ਵਾਲਾ,

ਖਿੱਦੋ ਮੁੰਡਿਆਂ ਵਾਸਤੇ ਮੜ੍ਹਾਂਗੀਆਂ

ਸੀਸ ਗੋਰਿਆਂ ਦੇ ਅੰਦਰ ਉੱਖਲ਼ੀ ਦੇ,

ਪਾ ਕੇ ਮੂਲ਼ਿਆਂ ਦੇ ਨਾਲ ਛੜਾਂਗੀਆਂ

ਨੇਤਾ ਪੈ ਕੇ ਕੁਰਬਾਨੀ ਦੇ ਭੱਠ ਅੰਦਰ,

ਇੱਟਾਂ ਖੰਘਰਾਂ ਦੇ ਵਾਂਗ ਰੜ੍ਹਾਂਗੀਆਂ

ਸ਼ਾਬਾਸ਼ ਪੰਜਾਬੀ ਮੁਸਲਮਾਨ

ਸਾਰਾ ਪੰਡਾਲ, ਭਾਰਤ ਵਰਸ਼ ਦੇ ਨੇਤਾ ਜੀ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉੱਠਿਆ, ਕਈ ਲੱਖ ਰੁਪਿਆ ਮੌਕੇ ’ਤੇ ਜਮ੍ਹਾਂ ਹੋਇਆ ਅਤੇ ਕਈ ਲੱਖ ਦੇ ਵਾਅਦੇ ਕੀਤੇ ਗਏ। ਨੇਤਾ ਜੀ ਨੇ ਕਿਹਾ, ‘‘ਇਹ ਫੁੱਲਾਂ ਦਾ ਹਾਰ ਨੀਲਾਮ ਕਰਨਾ ਹੈ; ਕੋਈ ਬੋਲੀ ਦੇ ਕੇ ਖਰੀਦ ਲਵੋ।’’ ਇਕ ਮੁਸਲਮਾਨ ਬੋਲਿਆ ‘ਦੋ ਲੱਖ’ ਦੂਜਾ ‘ਚਾਰ ਲੱਖ’ ਤੀਜਾ ‘ਅੱਠ ਲੱਖ’ ਨੇਤਾ ਜੀ ਨੇ ਹਾਰ ਵਾਲਾ ਹੱਥ ਉਤਾਂਹ ਚੁੱਕ ਕੇ ਗਰਜ ਕੇ ਕਿਹਾ, ‘ਇਸ ਹਾਰ ਦੀ ਕੀਮਤ ‘ਅੱਠ ਲੱਖ ਅੱਠ ਲੱਖ’; ਫਿਰ ਕੀ ਸੀ ਪਹਿਲੇ ਮੁਸਲਮਾਨ ਦੀਆਂ ਅੱਖਾਂ ਵਿਚ ਪਾਣੀ ਭਰ ਆਇਆ, ਉਸ ਨੇ ਦੋ ਲੱਖ ਦੀ ਬੋਲੀ ਦਿੱਤੀ ਸੀ ਪ੍ਰੰਤੂ ਹਾਰ ਅੱਠ ਲੱਖ ਤਕ ਪਹੁੰਚ ਗਿਆ। ਇਸ ਤੇ ਉਸ ਨੇ ਕੁਝ ਚਿਰ ਸੋਚ ਕੇ ਕਿਹਾ, ‘‘ਮੇਰੀ ਤਮਾਮ ਜ਼ਿੰਦਗੀ ਦੀ ਕਮਾਈ ਜੋ ਅੰਦਾਜ਼ਨ ਡੇਢ ਕਰੋੜ ਰੁਪਏ ਦੀ ਹੋਵੇਗੀ, ਸਭ ਹਾਰ-ਭੇਟ, ਇਉਂ ਕਹਿ ਕੇ ਹਾਰ ਵੱਲ ਵਧਿਆ ਮਤੇ ਕੋਈ ਹੋਰ ਨਾ ਖਰੀਦ ਲਵੇ। ਬੋਲੀ ਦੇਣ ਵਾਲੇ ਹਾਲੇ ਵਧ ਹੀ ਰਹੇ ਸਨ ਪਰ ਨੇਤਾ ਜੀ ਨੇ ਕਿਹਾ ਇਕ! ਦੋ!! ਤਿੰਨ!!! ਹਾਰ ਪਹਿਲੇ ਮੁਸਲਮਾਨ ਦਾ ਹੈ।

ਦੂਜੇ ਦਿਨ ਇਹ ਹੀਰਿਆਂ ਜਵਾਹਰਾਂ ਦਾ ਬਿਉਪਾਰੀ ਸਾਰੀ ਪੂੰਜੀ ਵੇਚ ਕੇ ਕੋਈ ਡੇਢ ਕੁ ਕਰੋੜ ਰੁਪਿਆ ਨੇਤਾ ਜੀ ਦੇ ਸਪੁਰਦ ਕਰ ਕੇ ਮੁੜਨ ਲੱਗਾ ਤਾਂ ਨੇਤਾ ਜੀ ਨੇ ਸੱਤ ਕੁ ਲੱਖ ਰੁਪਿਆ ਉਸ ਨੂੰ ਵਾਪਸ ਕਰ ਕੇ ਕਿਹਾ- ‘ਜਾਓ ਇਸ ਨਾਲ ਫਿਰ ਕਾਰੋਬਾਰ ਸ਼ੁਰੂ ਕਰ ਲੈਣਾ।’ ਪਰ ਪੰਜਾਬੀ ਮੁਸਲਮਾਨ ਨੇ ਕਿਹਾ- ਮੈਂ ਤਾਂ ਖ਼ੁਦ ਘਰੋਂ ਆਜ਼ਾਦ ਹਿੰਦ ਫ਼ੌਜ ਵਿਚ ਭਰਤੀ ਹੋਣ ਦਾ ਪਕਾ ਤਹੱਈਆ ਕਰ ਕੇ ਆਇਆ ਹਾਂ।

ਤਨ, ਮਨ, ਧਨ ਦਾ ਦਾਨੀ ਪੰਜਾਬੀ ਮੁਸਲਮਾਨ ਹਬੀਬੁਲਾ ਰਹਿਮਾਨ, ਸੁਭਾਸ਼ ਜੀ ਦੀ ਦਰਗ਼ਾਹ ’ਚ ਇਉਂ ਕਹਿੰਦਾ ਹੈ:

ਮੁਸਲਮਾਨ ਪੰਜਾਬੀ ਮੈਂ ਅਰਜ਼ੀ ਮੇਰੀ,

ਕਰਲਾ ਰਕਮ ਦੇ ਨਾਲ਼ ਪਰਵਾਨ ਨੇਤਾ

ਕਰ ’ਤੇ ਦਸਤਖ਼ਤ ਖ਼ੂਨ ਦੇ ਨਾਲ ਮੈਂ ਵੀ,

ਲਿਖ ’ਤਾ ਖ਼ੂਨ ਸੇ ਖਰਾ ਬਿਆਨ ਨੇਤਾ

ਖਾਤਰ ਵਤਨ ਮਹਿਬੂਬ ਦੀ ਆਬਰੂ ਦੇ,

ਮਰਨਾ ਹੱਕ ਹੈ ਕਹੇ ਕੁਰਾਨ ਨੇਤਾ

ਸਾਡੇ ਮੁਲਕ ’ਤੇ ਸਾਡਾ ਹੀ ਰਾਜ ਹੋਵੇ,

ਹੋਇਆ ਅੱਜ ਤੋਂ ਮੇਰਾ ਈਮਾਨ ਨੇਤਾ

ਖ਼ੂਨ ਦੀ ਖ਼ੂਨ ਦੀ ਪੜੂੰ ਨਮਾਜ਼ ਹੁਣ ਤੋਂ,

‘ਦਿੱਲੀ ਚੱਲੋ’ ਦੀ ਦੇਊਂ ਆਜ਼ਾਦ ਨੇਤਾ

ਸੈਨਤ ਅੱਖ ਦੀ ਤੇ ਬਿਨਾ ਹੀਲ-ਹੁੱਜਤ,

ਕਰੂੰ ਆਪ ਦੀ ਜਾਨ ਕੁਰਬਾਨ ਨੇਤਾ

ਘੱਲੇਂ ਜਿਸ ਜਗ੍ਹਾ ਜਾਊਂਗਾ ਓਸ ਥਾਂ ਨੂੰ,

ਤੇਰਾ ਰਹੂੰ ਬਣ ਕੇ ਪਾਸਬਾਨ ਨੇਤਾ

ਰੋਟੀ ਰੱਜ ਕੇ ਖਾਊਂਗਾ ਜਦੋਂ ਝੁੱਲੂ,

ਲਾਲ ਕਿਲ੍ਹੇ ’ਤੇ ਕੌਮੀ ਨਿਸ਼ਾਨ ਨੇਤਾ

ਪਾਰੋਂ ਆਣ ਕੇ ਸਾਤ ਸਮੁੰਦਰਾਂ ਤੋਂ,

ਬਿੱਲੇ ਬੈਠੇ ਨੇ ਬਣੇ ਪ੍ਰਧਾਨ ਨੇਤਾ

ਜਦੋਂ ਘੜੂ ਕਾਨੂੰਨ ਆਜ਼ਾਦ ਕੌਂਸਲ,

ਉਹਨੂੰ ਸਮਝਲੂੰ ਮਾਹ ਰਮਜ਼ਾਨ ਨੇਤਾ

ਹੱਜ ਕਰਨ ਦਾ ਬੜਾ ਮੁਸ਼ਤਾਕ ਹਾਂ ਮੈਂ,

ਮੇਰਾ ਕਾਅਬਾ ਹੈ ਹਿੰਦੋਸਤਾਨ ਨੇਤਾ

ਮੇਰੀ ਜ਼ਿੰਦਗੀ ਦਾ ਪਾਣੀ ਬੰਨ੍ਹਿਆਂ ਸੀ,

ਹੁਣ ਹੋ ਦਿੱਲੀ ਨੂੰ ਗਿਆ ਰਵਾਨ ਨੇਤਾ

ਜਾਲ਼ੂੰ ਆਪ ਅੰਗਰੇਜ਼ ਦੀ ਰੱਤ ਪਾ ਕੇ,

ਲਾਲ ਕਿਲੇ ਅੰਦਰ ਸ਼ਮ੍ਹਾਂਦਾਨ ਨੇਤਾ

ਅਸੀਂ ਪੂਜਾ ਨਮਾਜ਼ ਤੇ ਪਾਠ ਅੰਦਰ,

ਹੋਏ ਦੇਰ ਦੇ ਰਹੇ ਗ਼ਲਤਾਨ ਨੇਤਾ

ਹੋ ਕੇ ਇਕ ਅੱਜ ਮਜ਼੍ਹਬਾਂ ਨੂੰ ਟੇਕ ਮੱਥਾ,

ਹਿੰਦੂ ਸਿੱਖ ਤੇ ਮੁਸਲਮ ਜਵਾਨ ਨੇਤਾ

‘ਪਾਰਸ’ ਫ਼ੌਜ ਅੰਦਰ ਮੈਨੂੰ ਕਰੋ ਭਰਤੀ,

ਮੇਰਾ ਨਾਮ ਹਬੀਬ ਰਹਿਮਾਨ ਨੇਤਾ

ਫੰਡ ਇਕੱਠਾ ਕਰਨਾ; ਤੋਲਣਾ ਸੁਭਾਸ਼ ਨੂੰ ਸੋਨੇ ਨਾਲ

ਆਖ਼ਰ ਜਦ ਬਹੁਤ ਸਾਰਾ ਭੀੜ ਭੜੱਕਾ ਜਮ੍ਹਾਂ ਹੋ ਗਿਆ ਤਾਂ ਨੇਤਾ ਜੀ ਨੂੰ ਤਿੰਨ ਰੰਗੀ ਤਕੜੀ ਵਿਚ ਬੈਠਾ ਕੇ ਸੋਨੇ ਨਾਲ਼ ਤੋਲਣਾ ਸ਼ੁਰੂ ਕੀਤਾ ਗਿਆ। ਸਭ ਤੋਂ ਪਹਿਲਾਂ ਇਕ ਗੁਜਰਾਤੀ ਔਰਤ ਨੇ ਆਪਣੀ, ਆਪਦੇ ਪਤੀ ਅਤੇ ਆਪਣੇ ਤਿੰਨਾਂ ਪੁੱਤਰਾਂ ਦੀ ਉਮਰ ਭਰ ਦੀ ਖੱਟੀ, ਪੰਜ ਸੋਨੇ ਦੀਆਂ ਇੱਟਾਂ, ਪਲੜੇ ਵਿਚ ਰੱਖ ਕੇ ਕਿਹਾ, ‘ਹੇ ਆਜ਼ਾਦੀ ਮਾਤਾ, ਮੇਰੀ ਇਹ ਤੁੱਛ ਭੇਟਾ ਅੰਗੀਕਾਰ ਕਰੀਂ’। ਇਸ ਤੋਂ ਬਾਅਦ ਸੋਨੇ ਦੇ ਗਹਿਣਿਆਂ ਦਾ ਮੀਂਹ ਜਿਹਾ ਪੈ ਗਿਆ, ਪਲੜਾ ਕਾਫ਼ੀ ਭਰ ਚੁੱਕਾ ਸੀ, ਪਰ ਸ਼ੋਕ ਕਿ ਵਜ਼ਨ ਹਾਲੀਂ ਪੂਰਾ ਨਹੀਂ ਸੀ ਹੋਇਆ।

ਲੋਕ ਸੋਚਾਂ ਵਿਚ ਹੀ ਸਨ ਕਿ ਇਕ ਮਾਈ, ਜ਼ਿੰਦਗੀ ਦੇ ਨੱਬੇ ਸਾਲ ਪੂਰੇ ਕਰ ਚੁੱਕੀ, ਲੜਖੜਾਂਦੀ ਹੋਈ ਖੜ੍ਹੀ ਹੋ ਗਈ। ਉਸ ਦੇ ਕੋਲ਼ ਆਪਣੇ ਪੁੱਤਰ ਦੀ ਤਸਵੀਰ ਸੀ ਜਿਸ ਨੂੰ ਅੰਗਰੇਜ਼ਾਂ ਨੇ ਜਾਪਾਨੀ ਜਾਸੂਸ ਕਹਿ ਕੇ ਫਾਂਸੀ ਚੜ੍ਹਾ ਦਿੱਤਾ ਸੀ। ਤਸਵੀਰ ਸੋਨੇ ਦੇ ਫਰੇਮ ਵਿਚ ਜੜੀ ਹੋਈ ਸੀ। ਮਾਈ ਨੇ ਸੋਟੀ ਮਾਰ ਕੇ ਸ਼ੀਸ਼ਾ ਤੋੜਿਆ, ਚੌਖ਼ਟ ’ਚੋਂ ਫੋਟੋ ਕੱਢੀ ਤੇ ਫਰੇਮ ਨੂੰ ਗਰਮ ਹੰਝੂਆਂ ਨਾਲ ਧੋ ਕੇ ਤੱਕੜੀ ਦੇ ਪਲੜੇ ਵਿਚ ਰੱਖ ਦਿੱਤਾ ਤੇ ਤੱਕੜੀ ਦੀ ਡੰਡੀ ਸਿੱਧੀ ਹੋ ਗਈ। ਇਹ ਸੀ ਲੋਕਾਂ ਦੇ ਦਾਨ ਦੇਣ, ਜੋਸ਼ ਅਤੇ ਸੱਚੇ ਉਤਸ਼ਾਹ ਦੀ ਇਕ ਉਦਾਹਰਣ।

ਜੰਗ ਦੇ ਹਾਲਾਤ

ਖਾਤਰ ਵਤਨ ਦੀ ਹਿੰਦੀ ਬਹਾਦਰਾਂ ਨੇ,

ਭੇਟਾ ਕੀਤੀਆਂ ਛੈਲ ਜਵਾਨੀਆਂ ਸੀ

ਦੱਸੋ ਉਨ੍ਹਾਂ ਨੂੰ ਕਦਰੇ-ਆਜ਼ਾਦੀਆਂ ਕੀ,

ਛੱਟਾਂ ਚੁੱਕੀਆਂ ਜਿਨ੍ਹਾਂ ਬਿਗਾਨੀਆਂ ਸੀ

ਜੂੜੇ ਵਾਲ਼ੀਆਂ ਡਟਗੀਆਂ ਮੋਰਚੇ ਮੇਂ,

ਹਿੰਦੂ ਦੇਵੀਆਂ ਤੇ ਮੁਸਲਮਾਨੀਆਂ ਸੀ

ਕਈਆਂ ਮਾਵਾਂ ਦੇ ਪੁੱਤ ਸ਼ਹੀਦ ਹੋਗੇ,

ਰਹੀਆਂ ਪਿੱਛੇ ਨਾ ਕੋਈ ਨਿਸ਼ਾਨੀਆਂ ਸੀ

ਘੜੀਆਂ ਜੋ ਸੀ ਸੁਭਾਸ਼-ਟਕਸਾਲ ਅੰਦਰ,

ਲੜੀਆਂ ਪੌਂਡਾਂ ਦੇ ਨਾਲ ਦਵਾਨੀਆ ਸੀ

ਰਾਣੀ ਝਾਂਸੀ ਰਜਮੰਟ ਦੇ ਨਾਮ ਹੇਠਾਂ,

ਲੜੀਆਂ ਸ਼ਾਨਾਂ-ਬਾ-ਸ਼ਾਨਾਂ ਜ਼ਨਾਨੀਆਂ ਸੀ

ਜੰਗ ਦੇ ਹਾਲਾਤ-2

ਚਿੱਟਾਗਾਂਗ ਦੇ ਵਿਚ ਮੋਰਚੇ,

ਹੋਈਆਂ ਖ਼ੂਬ ਲੜਾਈਆਂ

ਅਮਰੀਕਨ ਅੰਗਰੇਜ਼ੀ ਫ਼ੌਜਾਂ,

ਛੇ ਸੱਤ ਦਫ਼ਾ ਭਜਾਈਆਂ

ਸ਼ਾਹ ਨਿਵਾਜ਼ ਤੇ ਸਹਿਗਲ, ਢਿੱਲੋਂ,

ਰਹੇ ਮੈਦਾਨ ’ਚ ਲੜਦੇ

ਨੇਤਾ ਜੀ ਵੀ ਪਾਸ ਬੈਠੇ,

ਰਹੇ ਸਕੀਮਾਂ ਘੜਦੇ

ਇੱਕ ਦੋ ਵਾਰ ਸੁਭਾਸ਼ ਹੋਰੀਂ ਵੀ,

ਵਿਚ ਮੋਰਚੇ ਆਏ

ਦਰਸ਼ਨ ਕਰ ਕੇ ਹਿੰਦੀ ਚੋਬਰ,

ਲੜਦੇ ਦੂਣ-ਸਵਾਏ

ਨੇਤਾ ਜੀ ਦੀ ਸ਼ਹਾਦਤ

ਬਰ੍ਹਮਾ ਸ਼ਹਿਰ ਚੰਗੂਨ ’ਚ ਜਾ ਕੇ,

ਪਹੁੰਚੇ ਨੇਤਾ ਕੋਲ਼ੇ

ਨੇਤਾ ਜੀ ਨੂੰ ਆਖਣ ਲੱਗੇ,

ਤੁਸੀਂ ਹੋਰ ਥਾਂ ਜਾਓ

ਕਾਜ਼ ਆਜ਼ਾਦੀ ਕਾਰਨ ਜਾ ਕੇ,

ਨਵੀਂ ਮੁਹਿੰਮ ਚਲਾਓ

ਕਰਕੇ ਸਲਾਹ ਮਸ਼ਵਰਾ ਸਾਰਿਆਂ,

ਵੱਲ ਟੋਕੀਓ ਘੱਲੇ।

ਖੁਫ਼ੀਆ ਮਿਸ਼ਨ ਉੱਤੇ ਸਨ ਕਿਧਰੇ,

ਨੇਤਾ ਜੀ ਟੁਰ ਚੱਲੇ।।

ਬੈਠ ਗਏ ਸਨ ਘੁੱਟ ਵੱਟ ਕੇ,

ਵਿਚ ਜਹਾਜ਼ ਹਵਾਈ।

ਤੁਰਤ ਭਿਆਨਕ ਸੀ ਘਟਨਾ,

ਪੇਸ਼ ਅੰਬਰ ਵਿਚ ਆਈ।।

ਅੱਗ ਲੱਗਣ ਤੋਂ ਪਹਿਲਾਂ ਹੋਇਆ,

ਉੱਪਰ ਸਖ਼ਤ ਧਮਾਕਾ।

ਮੌਤ ਪਿਆਲਾ ਪੀਵਣ ਲੱਗਾ,

ਮਾਂ ਦਾ ਸ਼ੇਰ ਲੜਾਕਾ।।

ਡਿੱਗ ਜਹਾਜ਼ ਜ਼ਮੀਂ ਦੇ ਉੱਤੇ,

ਹੋ ਗਿਆ ਪਾਰਾ ਪਾਰਾ।

ਅੱਗ ’ਚ ਜਿਸਮ ਅਹੂਤੀ ਪਾ ਗਿਆ,

ਭਾਰਤ ਦਾ ਦੁਲਾਰਾ।।

ਵਿਚ ਸ਼ਹੀਦਾਂ ਦੀ ਬਸਤੀ ਦੇ,

ਕਰ ਲਈ ਜਗ੍ਹਾ ਪ੍ਰਾਪਤ।

ਕਵਿਤਾ ਤੇ ਨੇਤਾ ਦੀ ਜ਼ਿੰਦਗੀ,

‘ਪਾਰਸ’ ਭਈ ਸਮਾਪਤ।।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All