ਲਿੰਗਕ ਅਤੇ ਜਾਤੀ ਵਿਵਸਥਾ: ਭਖਦੇ ਸਵਾਲਾਂ ਦੇ ਰੂ-ਬ-ਰੂ

ਲਿੰਗਕ ਅਤੇ ਜਾਤੀ ਵਿਵਸਥਾ: ਭਖਦੇ ਸਵਾਲਾਂ ਦੇ ਰੂ-ਬ-ਰੂ

ਨਿਕਿਤਾ ਆਜ਼ਾਦ

ਦੁਨੀਆਂ ਦੇ ਇਤਿਹਾਸ ਵਿਚ ਮਨੁੱਖ ਅਤੇ ਰੋਗਾਣੂ ਕਈ ਵਾਰ ਇਕ ਦੂਜੇ ਵਿਰੁੱਧ ਖੜ੍ਹੇ ਹੋਏ ਹਨ। ਬਲੈਕ ਡੈਥ ਤੋਂ ਪਲੇਗ ਤਕ ਰੋਗਾਣੂਆਂ ਨੇ ਮਹਾਮਾਰੀਆਂ ਦਾ ਰੂਪ ਧਾਰ ਕੇ ਮਨੁੱਖੀ ਅਤੇ ਗੈਰ ਮਨੁੱਖੀ ਜੀਵਨ ਲਈ ਸੰਕਟ ਖੜ੍ਹੇ ਕੀਤੇ ਹਨ ਪਰ ਇਨ੍ਹਾਂ ਸੰਕਟਾਂ ਨੇ ਸਮਾਜ ਦੇ ਅੰਤਰ-ਦਵੰਦਾਂ ਨੂੰ ਪ੍ਰਤੱਖ ਰੂਪ ਵਿਚ ਮਨੁੱਖ ਸਾਹਮਣੇ ਪੇਸ਼ ਕਰਨ ਦਾ ਕੰਮ ਵੀ ਕੀਤਾ ਹੈ। ਮੈਡੀਸਿਨ ਦੇ ਇਤਿਹਾਸਕਾਰਾਂ ਨੇ ਦੁਨੀਆਂ ਦੀ ਤਮਾਮ ਮਹਾਮਾਰੀਆਂ ਬਾਰੇ ਖੋਜ ਕਰ ਕੇ ਨਤੀਜਾ ਕੱਢਿਆ ਹੈ ਕਿ ਮਹਾਮਾਰੀ ਸਮਾਜਿਕ ਤਾਣੇ-ਬਾਣੇ ਨੂੰ ਨੰਗਿਆਂ ਕਰਨ ਦਾ ਕੰਮ ਕਰ ਸਕਦੀ ਹੈ। ਭਾਰਤ ਅਤੇ ਪੰਜਾਬ ਦੇ ਪ੍ਰਸੰਗ ਵਿਚ ਕਰੋਨਾ ਮਹਾਮਾਰੀ ਦੇ ਰੋਗਾਣੂਆਂ ਨੇ ਕਈ ਸਮਾਜਿਕ ਰੋਗਾਂ ਨੂੰ ਪ੍ਰਗਟ ਕੀਤਾ ਹੈ। ਮਹਾਮਾਰੀ ਸ਼ੁਰੂ ਹੋਣ ਤੋਂ ਕੁਝ ਚਿਰ ਬਾਅਦ ਹੀ ਇਸ ਨੂੰ ਫਿਰਕੂ (ਮੁਸਲਮਾਨ ਤੇ ਤਬਲੀਗੀ ਜਮਾਤ), ਜਮਾਤੀ (ਪਰਵਾਸੀ ਮਜ਼ਦੂਰ), ਲਿੰਗਵਾਦੀ (ਕਨਿਕਾ ਸ਼ਰਮਾ) ਰੰਗ ਰੂਪ ਮਿਲਣਾ ਸ਼ੁਰੂ ਹੋ ਗਿਆ ਸੀ ਜੋ ਸਮਾਜ ਦੀਆਂ ਜੜ੍ਹਾਂ ਵਿਚ ਬੈਠੇ ਪ੍ਰਵਚਨਾਂ ਦਾ ਪ੍ਰਗਟਾਵਾ ਸਨ।

ਪਿਛਲੇ ਕੁਝ ਦਿਨਾਂ ਵਿਚ ਪੰਜਾਬ ਵਿਚ ਦੋ ਮੁਖ ਸੰਕਟ ਇਸ ਮਹਾਮਾਰੀ ਦੌਰਾਨ ਉਭਰ ਕੇ ਆਏ ਹਨ- ਲਿੰਗ ਅਤੇ ਜਾਤੀ ਵਿਵਸਥਾ ਉੱਤੇ ਆਧਾਰਿਤ ਸ਼ੋਸ਼ਣ। ਪੰਜਾਬ ਸਰਕਾਰ ਦੀ 26 ਅਪਰੈਲ ਦੀ ਖਬਰ ਹੈ ਕਿ ਕਰੋਨਾ ਮਹਾਮਾਰੀ ਦੇ ਦੌਰਾਨ ਉਨ੍ਹਾਂ ਦੀ ਘਰੇਲੂ ਹਿੰਸਾ ਹੈਲਪਲਾਈਨ ਉੱਤੇ ਫੋਨ ਕਾਲਾਂ ਦੀ ਗਿਣਤੀ ਵਿਚ 21% ਦਾ ਵਾਧਾ ਹੋ ਗਿਆ ਹੈ। ਇਹ ਸਾਰੀਆਂ ਕਾਲਾਂ ਔਰਤਾਂ ਵੱਲੋਂ ਹਨ। ਇਸੇ ਦੌਰਾਨ ਪੰਜਾਬੀ ਫਿਲਮ ਇੰਡਸਟਰੀ ਵਿਚ ਵੀ ਘਰੇਲੂ ਹਿੰਸਾ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਔਰਤ ਨੇ ਆਪਣੇ ਗਾਇਕ ਪਤੀ ਉੱਤੇ ਘਰੇਲੂ ਹਿੰਸਾ ਦੇ ਇਲਜ਼ਾਮ ਲਗਾਏ। ਪੰਜਾਬ ਤੋਂ ਬਾਹਰ ਕਦਮ ਰੱਖਦਿਆਂ ਹੀ ਪਤਾ ਲੱਗਦਾ ਹੈ ਕਿ ਨੈਨੀਤਾਲ ਵਿਚ ਇਕ ਪਿਤਾ ਨੇ ਆਪਣੇ ਨਾਬਾਲਗ ਗੇ/ਸਮਲਿੰਗੀ ਮੁੰਡੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਅਤੇ ਕੁੱਟਿਆ ਸੀ ਪਰ ਉਸ ਬੱਚੇ ਨੇ ਹਿੰਮਤ ਕਰਕੇ ਘਰੇਲੂ ਹਿੰਸਾ ਹੈਲਪਲਾਈਨ ਨੂੰ ਫੋਨ ਕਰ ਕੇ ਆਪਣੀ ਰੱਖਿਆ ਕਰਨ ਦਾ ਯਤਨ ਕਰ ਲਿਆ ਸੀ। ਇਸ ਸਮੇਂ ਦੌਰਾਨ ਸੰਪੂਰਨ ਉੱਤਰ ਭਾਰਤ ਵਿਚ ਹੀ ਔਰਤਾਂ ਅਤੇ ਬੱਚਿਆਂ ਉੱਤੇ ਹਿੰਸਾ 54% ਵੱਧ ਗਈ ਹੈ। ਇਹ ਤੱਥ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਿਟੀ ਦੀ ਰਿਪੋਰਟ ਦੱਸਦੀ ਹੈ।

ਘਰੇਲੂ ਹਿੰਸਾ ਵਿਚ ਵਾਧੇ ਦੇ ਨਾਲ ਹੀ ਪੰਜਾਬ ਵਿਚ ਇਸ ਹਿੰਸਾ ਦੀ ਸਹਿਜਤਾ ਦਾ ਬਿਰਤਾਂਤ ਵੀ ਸਪਸ਼ਟ ਰੂਪ ਵਿਚ ਦਿਖਾਈ ਦਿੱਤਾ ਹੈ। ਜਿਸ ਕਦਰ ਘਰੇਲੂ ਹਿੰਸਾ ਬਾਰੇ ਗੱਲ ਕਰ ਰਹੇ ਲੋਕਾਂ, ਖਾਸ ਕਰ ਔਰਤਾਂ ਦਾ ਵਿਰੋਧ ਹੋਇਆ ਹੈ - ਮਸ਼ਹੂਰ ਸੈਲੀਬ੍ਰਿਟੀ ਤੋਂ ਲੈ ਕੇ ਆਮ ਔਰਤ ਤਕ - ਉਹ ਪੰਜਾਬੀ ਸਮਾਜ ਵਿਚ ਘਰੇਲੂ ਹਿੰਸਾ ਦੇ ਸਾਧਾਰਨੀਕਰਨ ਦੀ ਕਨਸੋਅ ਦਿੰਦਾ ਹੈ। ਇਸ ਸਾਧਾਰਨੀਕਰਨ ਦੇ ਲਘੂ ਪ੍ਰਵਚਨ ਕਹਿੰਦੇ ਹਨ- ਕੀ ਹੋਇਆ ਜੇ ਮਾੜਾ ਜਿਹਾ ਝਿੜਕ ਦਿੱਤਾ, ਮਾਰ ਦਿੱਤਾ, ਜਾਨੋਂ ਤਾਂ ਨਹੀਂ ਮਾਰਿਆ, ਕਦੇ ਕੁਝ ਕਰਨ ਤੋਂ ਰੋਕਿਆ ਤਾਂ ਨਹੀਂ; ਇਹ ਉਨ੍ਹਾਂ ਦੇ ਘਰ ਦੀ ਗੱਲ ਹੈ; ਕੀ ਪਤਾ ਔਰਤ ਨੇ ਕਿੰਨਾ ਗੁੱਸਾ ਦਿਵਾਇਆ ਹੋਵੇ, ਔਰਤ ਵੀ ਤਾਂ ਮਰਦ ਉੱਤੇ ਮਾਨਸਿਕ ਤਸ਼ੱਦਦ ਕਰਦੀ ਹੈ; ਫਲਾਣੀ ਔਰਤ ਨੇ ਫਲਾਣੇ ਪਿੰਡ ਆਪਣੇ ਪਤੀ ਨੂੰ ਮਾਰ ਦਿੱਤਾ - ਤੁਸੀਂ ਉਥੇ ਕਿਉਂ ਨਹੀਂ ਬੋਲੇ? ਆਦਿ। ਇਨ੍ਹਾਂ ਵਿਚ ਇਕ ਦਲੀਲ ਦੁਹਰਾਈ ਜਾਂਦੀ ਹੈ ਕਿ ਔਰਤ-ਮਰਦ ਇਕ ਦੂਜੇ ਦੇ ਪੂਰਕ ਹਨ, ਦੋਵੇਂ ਹੀ ਮੁਹੱਬਤ ਕਰਦੇ ਹਨ ਅਤੇ ਹਿੰਸਾ ਕਰਦੇ ਹਨ। ਇਸ ਤਰ੍ਹਾਂ ਸਮਾਜ ਘਰੇਲੂ ਹਿੰਸਾ ਤੋਂ ਲੈ ਕੇ ਹਰ ਕਿਸਮ ਦੀ ਲਿੰਗਕ ਨਾਬਰਾਬਰੀ ਨੂੰ ਪ੍ਰਮਾਣਿਕਤਾ ਦੇ ਦਿੰਦਾ ਹੈ।

ਇਸ ਮਹਾਮਾਰੀ ਦੌਰਾਨ ਹਾਲ ਹੀ ਵਿਚ ਦੂਸਰਾ ਮੁਖ ਵਿਵਾਦ ਜਾਤ ਵਿਵਸਥਾ ਦੇ ਅੰਤਰਗਤ ਪੰਜਾਬੀ ਪਿੰਡਾਂ ਵਿਚ ਝੋਨੇ ਦੀ ਲਵਾਈ ਨਾਲ ਉਭਰ ਕੇ ਆਇਆ ਹੈ। ਗੁਰਦੁਆਰਿਆਂ ਦੇ ਸਪੀਕਰਾਂ ਤੋਂ ਐਲਾਨ ਕਰ ਕੇ ਪਿੰਡਾਂ ਵਿਚ ਦਲਿਤ ਭਾਈਚਾਰੇ ਦਾ ਬਾਈਕਾਟ ਕੀਤਾ ਜਾ ਰਿਹਾ ਹੈ, ਕਿਉਂਕਿ ਉਹ ਝੋਨੇ ਦੀ ਲਵਾਈ ਦੀ ਮਜ਼ਦੂਰੀ ਦੇ ‘ਵੱਧ’ ਪੈਸੇ ਮੰਗਦੇ ਹਨ। ਉੱਚ ਜਾਤੀ ਭਾਈਚਾਰਿਆਂ ਵੱਲੋਂ ਨਾ ਸਿਰਫ਼ ਬਾਈਕਾਟ ਬਲਕਿ ਜਾਤੀ ਸੂਚਕ ਸ਼ਬਦ ਆਦਿ ਵੀ ਬੋਲੇ ਜਾ ਰਹੇ ਹਨ। ਰੋਜ਼ ਅਜਿਹੀਆਂ ਵੀਡੀਓ ਸੋਸ਼ਲ ਮੀਡਿਆ ਉੱਤੇ ਆ ਰਹੀਆਂ ਹਨ। ਦੇਸ਼ ਭਰ ਵਿਚ ਵੀ ਦਲਿਤ ਭਾਈਚਾਰਿਆਂ ਉੱਤੇ ਸ਼ੋਸ਼ਣ ਵਧ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਉੱਤਰ ਪ੍ਰਦੇਸ਼ ਵਿਚ 17 ਸਾਲ ਦੇ ਦਲਿਤ ਮੁੰਡੇ ਦੀ ਅਖੌਤੀ ਉੱਚ ਜਾਤੀ ਦੇ ਚਾਰ ਮਰਦਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਹੈ ਕਿਉਂਕਿ ਉਸ ਮੁੰਡੇ ਨੇ ਮੰਦਿਰ ਵਿਚ ਕਦਮ ਰੱਖ ਦਿੱਤੇ ਸੀ। ਉਸ ਤੋਂ ਬਾਅਦ ਲਖਨਊ ਦੇ ਇਕ ਪਿੰਡ ਵਿਚ ਤਿੰਨ ਦਲਿਤ ਮਰਦਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਅਤੇ ਪਿੰਡ ਵਿਚ ਜੁੱਤੀਆਂ ਪਾ ਕੇ ਘੁਮਾਇਆ ਗਿਆ ਹੈ। ਅਮਰੀਕਾ ਵਿਚ ਵੱਧ ਰਹੀ ਨਸਲੀ ਹਿੰਸਾ ਦੇ ਨਾਲ ਭਾਰਤ ਵਿਚ ਵੱਧ ਰਹੀ ਜਾਤੀ ਹਿੰਸਾ ਨੂੰ ਜੋੜ ਕੇ ਸੋਸ਼ਲ ਮੀਡਿਆ ਉੱਤੇ ਮੁਹਿੰਮ ਚੱਲ ਰਹੀ ਹੈ- ‘ਦਲਿਤ ਲਾਈਵਸ ਮੈਟਰ’। ਦਲਿਤਾਂ ਨੂੰ ਵੀ ਮਾਣ ਨਾਲ ਜੀਣ ਦਾ ਹੱਕ ਹੈ!

ਇਸ ਹਿੰਸਾ ਦੇ ਨਾਲ ਨਾਲ, ਖਾਸ ਕਰ ਪੰਜਾਬ ਦੇ ਪ੍ਰਸੰਗ ਵਿਚ ਚਰਚਾ ਛਿੜੀ ਹੈ, ਦਲਿਤ ਅਤੇ ਉੱਚ ਜਾਤੀ ਛੋਟੀ ਕਿਸਾਨੀ ਦੀ ਸਾਂਝ ਦੀ। ਇਹ ਚਰਚਾ ਵੈਸੇ ਤਾਂ ਪੁਰਾਣੀ ਹੈ (ਜਿਵੇਂ ਬਾਕੀ ਸਮਾਜਿਕ ਬਿਰਤਾਂਤ ਵੀ ਪੁਰਾਣੇ ਹਨ) ਪਰ ਮਹਾਮਾਰੀ ਨਾਲ ਪੈਦਾ ਹੋਏ ਸੰਕਟ ਦਰਮਿਆਨ ਨਵੇਂ ਰੂਪ ਵਿਚ ਸਾਹਮਣੇ ਆਈ ਹੈ। ਪਰਵਾਸੀ ਮਜਦੂਰਾਂ ਦੀ ਗੈਰ ਮੌਜੂਦਗੀ ਵਿਚ ਉੱਚ ਜਾਤੀ ਕਿਸਾਨਾਂ ਨੂੰ ਅਹਿਸਾਸ ਹੋਇਆ ਹੈ ਕਿ ਉਨ੍ਹਾਂ ਦੀ ਕਮਾਈ ਦਲਿਤਾਂ ਅਤੇ ਮਜ਼ਦੂਰਾਂ ਦੀ ਮਿਹਨਤ ਉੱਤੇ ਨਿਰਭਰ ਹੈ। ਅਕਸਰ ਦਲਿਤਾਂ ਅਤੇ ਉੱਚ ਜਾਤੀ ਲੋਕਾਂ ਦੇ ਰਿਸ਼ਤੇ ਵਿਚ ਉੱਚ ਜਾਤੀ ਕਿਸਾਨਾਂ ਦੀ ਹਕੂਮਤ ਹੁੰਦੀ ਹੈ ਅਤੇ ਦਲਿਤ/ਮਜ਼ਦੂਰਾਂ ਨੂੰ ਨੌਕਰੀ ਦੇਣਾ ਇਕ ਤਰ੍ਹਾਂ ਅਹਿਸਾਨ ਦੇ ਰੂਪ ਵਿਚ ਜਤਾਇਆ ਜਾਂਦਾ ਹੈ ਪਰ ਸਮਕਾਲੀਨ ਹਾਲਾਤ ਵਿਚ ਉੱਚ ਜਾਤੀ ਕਿਸਾਨਾਂ ਨੂੰ ਦਲਿਤ ਮਜ਼ਦੂਰੀ ਦੀ ਕੀਮਤ ਪਤਾ ਲੱਗ ਰਹੀ ਹੈ ਅਤੇ ਕਿਰਤੀ/ਕਿਰਤ ਕਰਵਾਉਣ ਵਾਲੇ ਦੇ ਸਮੀਕਰਨ ਵਿਚ ਦਰਾੜ ਆ ਰਹੀ ਹੈ। ਪੰਜਾਬ ਅਜਿਹਾ ਸੂਬਾ ਹੈ ਜੋ ਆਪਣੇ ਆਪ ਨੂੰ ਜਾਤ ਤੋਂ ਮੁਕਤ ਅਖਵਾਉਣਾ ਚਾਹੁੰਦਾ ਹੈ ਅਤੇ ਉਦਾਹਰਨਾਂ ਵਜੋਂ ਕਹਿੰਦਾ ਹੈ ਕਿ ਇਥੇ ਜੱਟ ਸੀਰੀ ਇਕੱਠੇ ਬੈਠ ਕੇ ਰੋਟੀ ਖਾਂਦੇ ਹਨ; ਮਗਰ ਮਹਾਮਾਰੀ ਨਾਲ ਫਾਸ਼ ਹੋਏ ਸਮਾਜਿਕ ਢਾਂਚੇ ਇਨ੍ਹਾਂ ਉਦਾਹਰਨਾਂ ਨਾਲ ਜ਼ਰਾ ਵੀ ਮੇਲ ਨਹੀਂ ਖਾਂਦੇ ਨਜ਼ਰ ਆ ਰਹੇ ਹਨ।

ਇਕ ਪਾਸੇ ਜਾਤ ਵਿਵਸਥਾ ਵਿਚ ਇਹ ਪ੍ਰਵਚਨ ਹਾਵੀ ਹੈ ਕਿ ਜੱਟ-ਸੀਰੀ ਦੀ ਸਾਂਝ ਹੈ, ਦੂਜੇ ਪਾਸੇ ਲਿੰਗ ਵਿਵਸਥਾ ਵਿਚ ਇਹ ਦਲੀਲ ਪ੍ਰਚਲਿਤ ਹੈ ਕਿ ਔਰਤ-ਮਰਦ ਦੀ ਸਾਂਝ ਹੈ। ਜਦੋਂ ਵੀ ਕੋਈ ਦਲਿਤ ਜਾਂ ਨਾਰੀਵਾਦੀ ਕਾਰਕੁਨ/ਲੇਖਕ ਲਿੰਗ ਜਾਂ ਜਾਤੀ ਵਿਵਸਥਾ ਉੱਤੇ ਪ੍ਰਸ਼ਨ ਕਰਦੀ ਹੈ ਤਾਂ ਪਹਿਲਾ ਤਰਕ ਸਾਂਝੀਵਾਲਤਾ ਦੀਆਂ ਉਦਾਹਰਨਾਂ ਦੇ ਗਿਲਾਫ਼ ਵਿਚ ਲਪੇਟ ਕੇ ਦਿੱਤਾ ਜਾਂਦਾ ਹੈ ਕਿ ਫਲਾਣੇ ਪਿੰਡ ਵਿਚ ਕਿਸੇ ਜੱਟ/ਮਰਦ ਨੇ ਕਿਸੇ ਦਲਿਤ/ਔਰਤ ਨੂੰ ਉਸ ਦੇ ਸਾਰੇ ਹੱਕ ਦੇ ਦਿੱਤੇ ਹਨ। ਮਈ ਵਿਚ ਪੰਜਾਬੀ ਟ੍ਰਿਬਿਊਨ ਵਿਚ ਛਪਿਆ ਜਤਿੰਦਰ ਸਿੰਘ ਦਾ ਲੇਖ ‘ਜਮਾਤੀ ਅਤੇ ਜਾਤੀ ਦਰਾੜਾਂ ਬਨਾਮ ਪੇਂਡੂ ਸਾਂਝ’ ਇਸੇ ਸਾਂਝੀਵਾਲਤਾ ਨੂੰ ਸੰਬੋਧਨ ਹੈ, ਜਿਸ ਵਿਚ ਉਹ ਲਿਖਦਾ ਹੈ ਕਿ ਇੱਕਾ-ਦੁੱਕਾ ਉਦਾਹਰਨਾਂ ਨਾਲ ਦਲਿਤ ਅਤੇ ਉੱਚ ਜਾਤੀ ਕਿਸਾਨ ਵਿਚਲੀ ਦਰਾੜ, ਤਣਾਓ ਅਤੇ ਸ਼ੋਸ਼ਣ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਮਾਜ ਵਿਚ ਸਾਂਝੀਵਾਲਤਾ ਦੀਆਂ ਚੰਦ ਉਦਾਹਰਨਾਂ ਨਾਲ ਸਮਾਜਿਕ ਬਣਤਰ ਵਿਚ ਕੋਈ ਅੰਤਰ ਨਹੀਂ ਆਉਂਦਾ ਹੈ ਜਿਸ ਵਿਚ ਸਾਧਨਾਂ ਦੀ ਮਾਲਕੀ (ਜ਼ਮੀਨ/ਫੈਕਟਰੀ/ਘਰ) ਅੱਜ ਵੀ ਉੱਚ ਜਾਤੀ ਕਿਸਾਨਾਂ ਕੋਲ ਹੈ ਜਾਂ ਮਰਦ ਕੋਲ ਹੈ। ਇਸ ਸਾਂਝੀਵਾਲਤਾ ਅਤੇ ਦਰਾੜ ਦੇ ਉਚਾਰਨ ਵਿਚ ਦਲਿਤ ਹਸਤੀ ਅਤੇ ਔਰਤ ਹਸਤੀ ਥੋੜ੍ਹੀ ਨੇੜੇ ਆ ਖੜ੍ਹੇ ਹੁੰਦੇ ਹਨ।

ਫਿਰ ਵੀ, ਦਲਿਤ ਬਨਾਮ ਉੱਚ ਜਾਤੀ ਸਾਂਝੀਵਾਲਤਾ ਓਨੀ ਡੂੰਘੀ ਨਹੀਂ ਉਸਾਰੀ ਹੁੰਦੀ ਜਿਵੇਂ ਔਰਤ-ਮਰਦ ਸਾਂਝ ਬਣਾਈ ਹੁੰਦੀ ਹੈ, ਕਿਉਂਕਿ ਸਾਧਨਹੀਣ ਔਰਤ ਆਪਣੇ ਸਾਧਨ - ਸੰਪੂਰਨ ਪਿਤਾ/ਪਤੀ ਨਾਲ ਪਿਆਰ ਕਰਦੇ ਹੋਏ ਸਾਰਾ ਜੀਵਨ ਗੁਜ਼ਾਰ ਦਿੰਦੀ ਹੈ ਅਤੇ ਸਾਧਨਹੀਣਤਾ ਨੂੰ ਹੀ ਆਪਣੇ ਜੀਵਨ ਦੀ ਹੋਂਦ ਬਤੌਰ ਕਬੂਲਦੀ ਹੈ। ਇਸ ਸਮਾਜਿਕ ਬਣਤਰ ਦੇ ਵਿਤਕਰੇ ਵਿਚ ਜੀ ਰਹੀ ਔਰਤ ਹੋਰ ਰਸਤਿਆਂ ਤੋਂ ਆਪਣੀ ਸਾਧਨਹੀਣਤਾ ਪੂਰੀ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ, ਜਿਵੇਂ ਦੂਜੀ ਔਰਤ ਤੋਂ ਸੱਤਾ ਖੋਹਣਾ ਆਦਿ। ਖ਼ੈਰ ਇਹ ਇਸ ਲੇਖ ਦੇ ਦਾਇਰੇ ਤੋਂ ਬਾਹਰ ਦੇ ਸਵਾਲ ਹਨ। ਫਿਲਹਾਲ, ਇਹ ਸੋਚਣਾ ਬਣਦਾ ਹੈ ਕਿ ਜਦੋਂ ਤਕ ਸਾਧਨਾਂ ਦੀ ਮਾਲਕੀ ਵਿਚ ਨਾਬਰਾਬਰੀ ਰਹੇਗੀ, ਸਾਂਝੀਵਾਲਤਾ ਦੀ ਨੀਂਹ ਕੱਚੀ ਅਤੇ ਸਰਸਰੀ ਹੀ ਰਹੇਗੀ।

ਉਂਜ, ਇਸ ਸਾਂਝੀਵਾਲਤਾ ਦੇ ਤਰਕ ਦੀ ਸਮਾਨਤਾ ਤੋਂ ਸਿਵਾਏ ਵੀ ਜਾਤ ਵਿਵਸਥਾ ਅਤੇ ਲਿੰਗ ਵਿਵਸਥਾ ਵਿਚ ਇਕ ਬੁਨਿਆਦੀ ਰਿਸ਼ਤਾ ਹੈ ਜੋ ਮਹਾਮਾਰੀ ਦੌਰਾਨ ਪਾਰਦਰਸ਼ੀ ਹੋ ਸਾਹਮਣੇ ਆਇਆ ਹੈ। ਇਸੇ ਕਾਰਨ ਪੰਜਾਬ ਵਿਚ ਜਦੋਂ ਵੀ ਜਾਤ ਜਾਂ ਲਿੰਗ ਬਰਾਬਰੀ ਦੀ ਗੱਲ ਤੁਰਦੀ ਹੈ ਤਾਂ ਉਹ ਸਮਾਜ ਨੂੰ ਬਹੁਤ ਅਸਹਿਜ ਕਰਦੀ ਹੈ। ਇਸ ਦਾ ਇਕ ਪਹਿਲੂ ਤਾਂ ਉਪਰ ਛੋਹਿਆ ਹੀ ਹੈ, ਸਮਾਜਿਕ ਬਣਤਰ ਵਿਚ ਸਾਧਨਾਂ ਦੀ ਮਾਲਕੀ ਵਾਲਾ; ਦੂਜਾ ਪਹਿਲੂ ਹੈ ਸੈਕਸੂਐਲਿਟੀ। ਡਾਕਟਰ ਅੰਬੇਡਕਰ ਨੇ ਜਾਤ ਵਿਵਸਥਾ ਦੀ ਸਥਾਪਨਾ ਅਤੇ ਅੰਤ ਉੱਤੇ ਅਥਾਹ ਸਾਹਿਤ ਲਿਖਿਆ ਹੈ ਜਿਸ ਵਿਚ ਔਰਤ ਦੀ ਭੂਮਿਕਾ ਦੀ ਵੀ ਚਰਚਾ ਹੈ। ਇਕ ਥਾਂ ਉਹ ਕਹਿੰਦੇ ਹਨ (ਜਿਸ ਗੱਲ ਨੂੰ ਕਈ ਵਾਰ ਮਜ਼ਾਕ ਵਿਚ ਲਿਆ ਜਾਂਦਾ ਹੈ) ਕਿ ਜਾਤ ਵਿਵਸਥਾ ਨੂੰ ਤੋੜਨ ਦਾ ਹੱਲ ਅੰਤਰ ਜਾਤੀ ਵਿਆਹ ਹੈ। ਇਥੇ ਉਹ ਉਸ ਸੰਕਲਪ ਵੱਲ ਇਸ਼ਾਰਾ ਕਰ ਰਹੇ ਹਨ ਜੋ ਉਮਾ ਚੱਕਰਵਰਤੀ ਨੇ 2003 ਵਿਚ ਉਚਾਰਿਆ ਹੈ - ਜਾਤ ਦੀ ਸਥਾਪਤੀ ਦਾ ਰਸਤਾ ਔਰਤ ਦੀ ਦੇਹ ਤੋਂ ਹੋ ਕੇ ਗੁਜ਼ਰਦਾ ਹੈ। ਔਰਤ ਦੇ ਸਰੀਰ - ਖਾਸ ਕਰ ਉਸ ਦੀ ਸੈਕਸੂਐਲਿਟੀ ਉੱਤੇ ਜਾਤੀ ਵਿਵਸਥਾ ਦਾ ਕਬਜ਼ਾ - ਜ਼ਮੀਨ/ਪੈਦਾਵਾਰੀ ਸਾਧਨਾਂ ਨੂੰ ਉੱਚ ਜਾਤੀ ਕੋਲ ਮਹਿਫੂਜ਼ ਰੱਖਦੀ ਹੈ। ਔਰਤ ਦਾ ਆਪਣੀ ਸੈਕਸੂਐਲਿਟੀ ਨੂੰ ਜਾਤ ਵਿਵਸਥਾ ਅਨੁਕੂਲ ਢਾਲ ਲੈਣਾ (ਆਪਣੀ ਜਾਤੀ ਵਿਚ ਘਰਦਿਆਂ ਅਨੁਸਾਰ ਵਿਆਹ ਕਰਨਾ) ਅਤੇ ਆਪਣੇ ਅਸਤਿਤਵ ਵਜੋਂ ਸਵੀਕਾਰ ਲੈਣਾ ਜਾਤ ਨੂੰ ਕਾਇਮ ਰੱਖਦਾ ਹੈ। ਦੂਜੇ ਪਾਸੇ, ਜਾਤ ਦੇ ਪ੍ਰਵਚਨ ਅਤੇ ਬੇੜੀਆਂ ਔਰਤ ਦੀ ਸੈਕਸੂਐਲਿਟੀ ਉੱਤੇ ਕੰਟਰੋਲ ਬਣਾਈ ਰੱਖਦੀਆਂ ਹਨ। ਜਾਤ ਅਤੇ ਸੈਕਸੂਐਲਿਟੀ ਇਸ ਤਰ੍ਹਾਂ ਇਕ ਦੂਜੇ ਦੀ ਢਾਂਚਾਗਤ ਬਣਤਰ ਦੇ ਪੂਰਕ ਹਨ। ਜੇ ਦੋਵਾਂ ਵਿਚੋਂ ਇਕ ਵੀ ਹਿਲਦਾ ਹੈ ਤਾਂ ਸਿੱਕੇ ਦੇ ਦੂਜੇ ਪਾਸੇ ਦਾ ਬਦਲਣਾ ਲਾਜ਼ਮੀ ਹੋ ਜਾਂਦਾ ਹੈ।

ਜਾਤ ਦਰਅਸਲ ਕਦੇ ਵੀ ਨਿਰੋਲ ਜਾਤ ਨਹੀਂ ਹੈ, ਲਿੰਗਕ ਜਾਤ ਹੈ; ਅਤੇ ਲਿੰਗ ਕਦੇ ਵੀ ਨਿਰੋਲ ਲਿੰਗ ਨਹੀਂ, ਜਾਤੀਵਾਦੀ ਲਿੰਗ ਹੈ। ਦਲਿਤ ਔਰਤ ਉੱਤੇ ਹੁੰਦੀ ਜਿਨਸੀ ਹਿੰਸਾ ਅਤੇ ਅੰਤਰਜਾਤੀ ਵਿਆਹ ਪਿੱਛੇ ਆਨਰ ਕਿਲਿੰਗ ਇਸ ਗੁੰਝਲਦਾਰ ਸਬੰਧ ਦੀਆਂ ਕੁਝ ਉਦਾਹਰਨਾਂ ਹਨ। ਜਾਤ ਅਤੇ ਲਿੰਗ ਦੇ ਅੰਤਰ-ਦਵੰਦ ਦਾ ਵਿਸ਼ਲੇਸ਼ਣ ਕਰਦੇ ਹੋਏ ਪੰਜਾਬ ਵਿਚ ਲਿੰਗ ਅਤੇ ਜਾਤ ਦੇ ਸਵਾਲ ਉੱਤੇ ਆਏ ਪ੍ਰਤੀਕਰਮ ਨੂੰ ਸਮਝਿਆ ਜਾ ਸਕਦਾ ਹੈ। ਸਮਾਜ ਦੀ ਜਮਾਤੀ ਅਤੇ ਜਾਤੀਵਾਦੀ ਬਣਤਰ ਔਰਤ ਦੀ ਦੇਹ ਉੱਤੇ ਨਿਰਮਤ ਹੈ ਅਤੇ ਔਰਤ ਦੀ ਦੇਹ ਦੀ ਪ੍ਰੀਭਾਸ਼ਾ ਇਨ੍ਹਾਂ ਬਣਤਰਾਂ ਰਾਹੀਂ ਉਸਾਰੀ ਗਈ ਹੈ। ਇਨ੍ਹਾਂ ਦੋਵਾਂ ਸਵਾਲਾਂ ਨੂੰ ਸਮੁੱਚਤਾ ਵਿਚ ਹੀ ਸੰਬੋਧਿਤ ਕੀਤਾ ਜਾ ਸਕਦਾ ਹੈ।

ਸੰਪਰਕ: +447769092658

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਮਿਲੀ ਜੁਲੀ ਤਹਿਜ਼ੀਬ ਅਤੇ ਕੱਟੜਤਾ ਦੀ ਸਿਆਸਤ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All