ਟੀਕਾਕਰਨ ਸ਼ੁਰੂ ਨਾ ਹੋਣ ਤੋਂ ਮਾਯੂਸੀ...

ਟੀਕਾਕਰਨ ਸ਼ੁਰੂ ਨਾ ਹੋਣ ਤੋਂ ਮਾਯੂਸੀ...

ਵਾਹਗਿਓਂ ਪਾਰ

ਕੋਵਿਡ-19 ਨਾਲ ਟਾਕਰੇ ਲਈ ਟੀਕਾਕਰਨ ਮੁਹਿੰਮ ਅਜੇ ਤਕ ਸ਼ੁਰੂ ਨਾ ਹੋਣ ਕਾਰਨ ਪਾਕਿਸਤਾਨ ਅੰਦਰਲੇ ਪੜ੍ਹੇ-ਲਿਖੇ ਵਰਗ ਵਿਚ ਫ਼ਿਕਰਮੰਦੀ ਵਧ ਗਈ ਹੈ। ਭਾਵੇਂ ਕੇਂਦਰੀ ਸਰਕਾਰ ਨੇ ਹੰਗਾਮੀ ਹਾਲਾਤ ਵਿਚ ਰੂਸੀ ਟੀਕੇ ‘ਸਪੂਤਨਿਕ-ਵੀ’ ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਹੈ, ਫਿਰ ਵੀ ਇਸ ਟੀਕੇ ਦੀ ਅਸਰਦਾਇਕਤਾ ਸਬੰਧੀ ਵਹਿਮ-ਭਰਮ ਪ੍ਰਗਟਾਏ ਜਾਣੇ ਜਾਰੀ ਹਨ। ਚੀਨ ਸਰਕਾਰ ਨੇ ਚੀਨੀ ਟੀਕੇ ‘ਕੈਨਸੀਨੋ’ ਦੀਆਂ ਪੰਜ ਲੱਖ ਖ਼ੁਰਾਕਾਂ ਪਾਕਿਸਤਾਨ ਨੂੰ ‘ਤੋਹਫੇ਼’ ਵਜੋਂ ਦੇਣ ਦਾ ਐਲਾਨ ਕੀਤਾ ਹੈ, ਪਰ ਇਹ ਖੇਪ ਅਜੇ ਪਾਕਿਸਤਾਨ ਪੁੱਜਣੀ ਬਾਕੀ ਹੈ। ਇਮਰਾਨ ਖ਼ਾਨ ਸਰਕਾਰ ਨੇ ਚੀਨ ਨੂੰ ਗਿਆਰਾਂ ਲੱਖ ਖ਼ੁਰਾਕਾਂ ਹੰਗਾਮੀ ਤੌਰ ’ਤੇ ਭੇਜਣ ਦੀ ਬੇਨਤੀ ਕੀਤੀ ਹੈ, ਪਰ ਅੰਗਰੇਜ਼ੀ ਅਖ਼ਬਾਰ ‘ਡਾਅਨ’ ਦੀ ਰਿਪੋਰਟ ਅਨੁਸਾਰ ਚੀਨ ਨੇ ਇਸ ਬੇਨਤੀ ਨੂੰ ਪ੍ਰਵਾਨ ਕਰਨ ਦਾ ਐਤਵਾਰ ਤਕ ਕੋਈ ਸੰਕੇਤ ਨਹੀਂ ਸੀ ਦਿੱਤਾ। ਸਰਕਾਰ ਦਾ ਕਹਿਣਾ ਹੈ ਕਿ ਕੋਵਿਡ-19 ਵਿਰੁੱਧ ਮੁਹਿੰਮ ਵਿਚ ਸਰਗਰਮ ਕਰਮੀਆਂ ਦੇ ਟੀਕਾਕਰਨ ਲਈ ਉਸ ਨੂੰ 15 ਲੱਖ ਖ਼ੁਰਾਕਾਂ ਦੀ ਲੋੜ ਹੈ। ਇਸ ਮਿਕਦਾਰ ਦੀ ਸਪਲਾਈ ਯਕੀਨੀ ਬਣਾਉਣ ਲਈ ਹੀਲੇ-ਉਪਰਾਲੇ ਜਾਰੀ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੂੰ ਵੀ ਗੁਜ਼ਾਰਿਸ਼ ਕੀਤੀ ਗਈ ਹੈ ਕਿ ਉਹ ਇਸ ਵਰ੍ਹੇ ਦੀ ਪਹਿਲੀ ਤਿਮਾਹੀ ਦੌਰਾਨ ‘ਕੋਵੈਕਸ’ ਟੀਕੇ ਦੀਆਂ 15 ਲੱਖ ਖ਼ੁਰਾਕਾਂ ਪਾਕਿਸਤਾਨ ਨੂੰ ਸਪਲਾਈ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਵੱਲ ਧਿਆਨ ਦੇਵੇ। ‘ਕੋਵੈਕਸ’ ਅਮਰੀਕੀ ਬਹੁਕੌਮੀ ਕੰਪਨੀ ‘ਫਾਈਜ਼ਰ’ ਵੱਲੋਂ ਤਿਆਰ ਕੀਤਾ ਗਿਆ ਹੈ। ਫਾਈਜ਼ਰ ਦੀਆਂ ਦੋ ਇਕਾਈਆਂ ਪਾਕਿਸਤਾਨ ਵਿਚ ਮੌਜੂਦ ਹਨ, ਪਰ ਉਨ੍ਹਾਂ ਨੇ ਅਜੇ ਤਕ ‘ਕੋਵੈਕਸ’ ਤਿਆਰ ਕਰਨ ਦੀ ਕੋਈ ਤਫ਼ਸੀਲ ਜਾਰੀ ਨਹੀਂ ਕੀਤੀ।

ਟੀਕਾਕਰਨ ਮੁਹਿੰਮ ਸ਼ੁਰੂ ਨਾ ਹੋਣ ਕਾਰਨ ਇਮਰਾਨ ਖ਼ਾਨ ਸਰਕਾਰ ਦੀ ਨੁਕਤਾਚੀਨੀ ਵੀ ਆਰੰਭ ਹੋ ਗਈ ਹੈ। ਇਸੇ ਨੁਕਤਾਚੀਨੀ ਦੇ ਮੱਦੇਨਜ਼ਰ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ਨਿੱਚਰਵਾਰ ਨੂੰ ਮੁਲਤਾਨ ਵਿਚ ਐਲਾਨ ਕੀਤਾ ਕਿ ਸਰਕਾਰ ਇਕ ਹਫ਼ਤੇ ਦੇ ਅੰਦਰ ਅੰਦਰ ਟੀਕਿਆਂ ਦੀ ਮੁਨਾਸਿਬ ਮਿਕਦਾਰ ਦਾ ਪ੍ਰਬੰਧ ਕਰ ਲਵੇਗੀ ਅਤੇ ਤਿੰਨ ਵੱਖ ਵੱਖ ਟੀਕਿਆਂ ਦਾ ਉਤਪਾਦਨ ਜਲਦ ਹੀ ਮੁਕਾਮੀ ਤੌਰ ’ਤੇ ਵੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਨੁਕਤਾਚੀਨੀ ਨੂੰ ਗ਼ਲਤ ਦੱਸਿਆ ਅਤੇ ਕਿਹਾ ਕਿ ਭਾਰਤ ਵਿਚ ਟੀਕਾਕਰਨ ਮੁਹਿੰਮ ਪਹਿਲਾਂ ਸ਼ੁਰੂ ਹੋਣ ਤੋਂ ਇਹ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਪਾਕਿਸਤਾਨ ਸਰਕਾਰ ਆਪਣੇ ਫ਼ਰਜ਼ਾਂ ਪ੍ਰਤੀ ਅਵੇਸਲੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਹਰ ਨਾਗਰਿਕ ਦੇ ਟੀਕਾਕਰਨ ਦਾ ਟੀਚਾ, ਸਰਕਾਰ ਨੇ ਤੈਅ ਕੀਤਾ ਹੋਇਆ ਹੈ ਅਤੇ ਇਹ ਕਾਰਜ ਇਸੇ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਸਿਰੇ ਚਾੜ੍ਹ ਲਿਆ ਜਾਵੇਗਾ। ਕੁਰੈਸ਼ੀ ਦੇ ਐਲਾਨਾਂ ਤੇ ਦਾਅਵਿਆਂ ਉੱਤੇ ਟਿੱਪਣੀ ਕਰਦਿਆਂ ਅੰਗਰੇਜ਼ੀ ਰੋਜ਼ਨਾਮਾ ‘ਫਰੰਟੀਅਰ ਪੋਸਟ’ ਨੇ ਆਪਣੀ ਸੰਪਾਦਕੀ ਵਿਚ ਲਿਖਿਆ ਹੈ ਕਿ ‘‘ਰੂਸੀ ਤੇ ਚੀਨੀ ਟੀਕਿਆਂ ਦੇ ਅਸਰਦਾਰ ਹੋਣ ਸਬੰਧੀ ਸੰਸੇ ਪੂਰੀ ਦੁਨੀਆਂ ਵਿਚ ਬਰਕਰਾਰ ਹਨ। ਸਰਕਾਰ ਨੂੰ ਇਹ ਤੱਥ ਖ਼ਾਸ ਤੌਰ ’ਤੇ ਧਿਆਨ ਵਿਚ ਰੱਖਣਾ ਚਾਹੀਦਾ ਹੈ। ਉਸ ਨੂੰ ਵਿਸ਼ਵ ਸਿਹਤ ਸੰਗਠਨ ਕੋਲ ਪਹੁੰਚ ਕਰਕੇ ਭਾਰਤ ਤੋਂ ਵੀ ਟੀਕੇ ਮੰਗਵਾਉਣ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ। ਮਹਾਂਮਾਰੀ ਸਮੇਂ ਦੁਸ਼ਮਣੀਆਂ ਤੇ ਹੈਂਕੜ ਭੁੱਲ ਜਾਣ ਵਿਚ ਹੀ ਲੋਕਾਈ ਦਾ ਭਲਾ ਹੈ।’’

ਮਾਰਖ਼ੋਰਾਂ ਦੀ ਮਾਰ-ਕਾਟ

ਲੋਪ ਹੁੰਦੇ ਜਾ ਰਹੇ ਵਣ-ਪ੍ਰਾਣੀਆਂ ਦਾ ਸ਼ਿਕਾਰ ਕਰਨ ਦੀ ਖੁੱਲ੍ਹ, ਵਿਦੇਸ਼ੀਆਂ ਨੂੰ ਦੇਣ ਦੀ ਸਰਕਾਰੀ ਨੀਤੀ ਦੀ ਵਣਜੀਵਨ ਪ੍ਰੇਮੀਆਂ ਵੱਲੋਂ ਨਿੰਦਾ ਦੇ ਬਾਵਜੂਦ ਪਾਕਿਸਤਾਨ ਸਰਕਾਰ ਆਪਣਾ ਰੁਖ਼ ਬਦਲਣ ਲਈ ਤਿਆਰ ਨਹੀਂ। ਖਾੜੀ ਮੁਲਕਾਂ ਦੇ ਸ਼ੇਖਾਂ ਵੱਲੋਂ ਤਾਗ਼ਦਾਰ (ਬਸਟਡਡ) ਦੀਆਂ ਵੱਡਮੁੱਲੀਆਂ ਪ੍ਰਜਾਤੀਆਂ ਦੇ ਸ਼ਿਕਾਰ ਵਾਲਾ ਮਾਮਲਾ ਅਜੇ ਠੰਢਾ ਨਹੀਂ ਸੀ ਪਿਆ ਕਿ ਗਿਲਗਿਤ-ਬਾਲਟਿਸਤਾਨ ਤੇ (ਮਕਬੂਜ਼ਾ) ਕਸ਼ਮੀਰ ਵਿਚ ਭੇਡਾਂ-ਬੱਕਰੀਆਂ ਦੀਆਂ ਅਜਿਹੀਆਂ ਦੁਰਲੱਭ ਪ੍ਰਜਾਤੀਆਂ ਦੇ ਸ਼ਿਕਾਰ ਦੀ ਖੁੱਲ੍ਹ ਦੇ ਦਿੱਤੀ ਗਈ ਹੈ। ‘ਐਕਸਪ੍ਰੈਸ ਟ੍ਰਿਬਿਊਨ’ ਅਖ਼ਬਾਰ ਦੀ ਰਿਪੋਰਟ ਮੁਤਾਬਿਕ ਅਮਰੀਕੀ ਸ਼ਿਕਾਰੀ ਐਡਵਰਡ ਜੋਜ਼ੇਫ਼ ਹਡਸਨ ਨੇ 61,500 ਡਾਲਰਾਂ ਦੀ ਪਰਮਿਟ ਫੀਸ ਤਾਰ ਕੇ ਨਰ ਐਸਟੋਰ ਮਾਰਖ਼ੋਰ ਹਿਰਨ ਦਾ ਸ਼ਿਕਾਰ ਕੀਤਾ। ਅਜਿਹੇ ਹਿਰਨਾਂ ਦੀ ਦੁਨੀਆਂ ਭਰ ਵਿਚ ਸੰਖਿਆ ਦੋ ਸੌ ਤੋਂ ਵੱਧ ਨਹੀਂ। ਇਹ ਪ੍ਰਜਾਤੀ ਮੁੱਖ ਤੌਰ ’ਤੇ ਗਿਲਗਿਤ-ਬਾਲਟਿਸਤਾਨ ਦੀ ਦਖਸ਼ਿਨ ਮੁਸ਼ਕਿਨ ਤਾਰਬੁਲਿੰਗ ਵਣਗਾਹ ਜਾਂ ਇਸ ਦੇ ਉੱਤਰ ਵਿਚ ਪੈਂਦੇ ਚੀਨੀ ਇਲਾਕੇ ਵਿਚ ਹੀ ਮਿਲਦੀ ਹੈ। ਪਾਕਿਸਤਾਨੀ ਵਣਜੀਵਨ ਮੰਤਰਾਲੇ ਨੇ ਇਸ ਪ੍ਰਜਾਤੀ ਦੇ ਚਾਰ, ਨੀਲ ਭੇਡਾਂ ਦੇ 18 ਅਤੇ ਹਿਮਾਲੀਅਨ ਆਈਬੈਕਸ ਬੱਕਰੀ ਪ੍ਰਜਾਤੀ ਦੇ 150 ਪ੍ਰਾਣੀਆਂ ਦੇ ਸ਼ਿਕਾਰ ਦੇ ਪਰਮਿਟ ਜਾਰੀ ਕੀਤੇ ਹਨ। ਦੁਨੀਆਂ ਅਜਿਹੀਆਂ ਪ੍ਰਜਾਤੀਆਂ ਦੇ ਬਚਾਅ ਵਿਚ ਜੁਟੀ ਹੋਈ ਹੈ, ਪਰ ਪਾਕਿਸਤਾਨ ਵਿਚ ਇਨ੍ਹਾਂ ਨੂੰ ਮਿਟਾਇਆ ਜਾ ਰਿਹਾ ਹੈ। ਇਹ ਰੁਝਾਨ ਰੁਕਣਾ ਚਾਹੀਦਾ ਹੈ। ਰਿਪੋਰਟ ਮੁਤਾਬਿਕ ਪਿਛਲੇ ਮਹੀਨੇ ਬਾਲਟਿਸਤਾਨ ਦੀ ਤੋਸ਼ੀ ਸ਼ਾਸਾ ਵਣਗਾਹ ਵਿਚ ਅਮਰੀਕੀ ਸ਼ਿਕਾਰੀ ਜੋਜ਼ੇਫ਼ ਬਰੈਡਫੋਰਡ ਨੇ ਤੀਰ ਕਮਾਨ ਨਾਲ ਕਸ਼ਮੀਰੀ ਮਾਰਖੋ਼ਰ ਹਿਰਨ ਮਾਰਿਆ ਸੀ। ਉਸ ਹਿਰਨ ਦੇ ਸਿੰਗ 40 ਇੰਚ ਲੰਮੇ ਸਨ। ਬਰੈਡਫੋਰਡ ਦਾ ਦਾਅਵਾ ਸੀ ਕਿ ਉਸ ਨੇ ਇਸ ਸ਼ਿਕਾਰ ਲਈ ਪਰਮਿਟ 1.31 ਕਰੋੜ ਰੁਪਏ ਦਾ ਖ਼ਰੀਦਿਆ ਸੀ। ਉਸ ਸ਼ਿਕਾਰ ਦੇ ਖਿਲਾਫ਼ ਆਲਮੀ ਪੱਧਰ ’ਤੇ ਆਵਾਜ਼ ਉੱਠੀ ਸੀ ਅਤੇ ਪਾਕਿਸਤਾਨ ਦੀ ਬਦਨਾਮੀ ਹੋਈ ਸੀ। ਪਾਕਿਸਤਾਨ ਸਰਕਾਰ ਨੂੰ ਅਜਿਹੀ ਬਦਨਾਮੀ ਪ੍ਰਤੀ ਸੰਜੀਦਗੀ ਅਪਣਾਉਣੀ ਚਾਹੀਦੀ ਹੈ। ਲੋਪ ਹੋਣ ਕੰਢੇ ਪੁੱਜੇ ਜੀਵਾਂ ਦੀ ਰਾਖੀ ਤੇ ਸੰਭਾਲ ਹੋਣੀ ਚਾਹੀਦੀ ਹੈ, ਸ਼ਿਕਾਰ ਨਹੀਂ।

ਸੀਐਨਜੀ ਦੀ ਕਿੱਲਤ

ਇਸਲਾਮਾਬਾਦ, ਲਾਹੌਰ ਤੇ ਸੂਬਾ ਪੰਜਾਬ ਦੇ ਹੋਰਨਾਂ ਵੱਡੇ ਸ਼ਹਿਰਾਂ ਵਿਚ 37 ਦਿਨਾਂ ਮਗਰੋਂ ਐਤਵਾਰ ਨੂੰ ਸੀਐਨਜੀ ਗੈਸ ਦੀ ਪਹਿਲੀ ਖੇਪ ਪਹੁੰਚੀ। ਇਸ ਦਿਨ ਸ਼ਾਮ ਛੇ ਵਜੇ ਤਕ ਇਹ ਗੈਸ, ਵੱਖ ਵੱਖ ਵਾਹਨਾਂ ਵਿਚ ਭਰੇ ਜਾਣ ਦਾ ਐਲਾਨ ਸਰਕਾਰੀ ਤੌਰ ’ਤੇ ਕੀਤਾ ਗਿਆ ਸੀ, ਪਰ ਗੈਸ ਦੁਪਹਿਰ ਤਕ ਹੀ ਖ਼ਤਮ ਹੋ ਗਈ। ਇਸ ਘਟਨਾਕ੍ਰਮ ’ਤੇ ਟਿੱਪਣੀ ਕਰਦਿਆਂ ਅੰਗਰੇਜ਼ੀ ਅਖ਼ਬਾਰ ‘ਦਿ ਨੇਸ਼ਨ’ ਨੇ ਲਿਖਿਆ ਕਿ ਸੀਐਨਜੀ ਤੇ ਐਲਐਨਜੀ ਗੈਸਾਂ ਨਾਲ ਚੱਲਣ ਵਾਲੀਆਂ ਮੋਟਰ ਗੱਡੀਆਂ ਦੀ ਵਿਕਰੀ ਨੂੰ ਸਰਕਾਰ ਨੇ ਹੀ ਉਤਸ਼ਾਹਿਤ ਕੀਤਾ, ਪਰ ਹੁਣ ਉਹ ਇਨ੍ਹਾਂ ਗੈਸਾਂ ਦੀ ਨਿਯਮਿਤ ਸਪਲਾਈ, ਯਕੀਨੀ ਨਾ ਬਣਾ ਕੇ ਲੋਕਾਂ ਨਾਲ ਜ਼ਿਆਦਤੀ ਕਰ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਗੈਸਾਂ ਦੀ ਸਪਲਾਈ ਲਈ ਵਿਦੇਸ਼ੀ ਮਾਰਕੀਟ ਉੱਤੇ ਨਿਰਭਰ ਹੈ। ਇਹ ਗੱਲ ਮੰਨਣਯੋਗ ਹੈ, ਪਰ ਇਹ ਹਕੀਕਤ ਵੀ ਭੁਲਾਈ ਨਹੀਂ ਜਾਣੀ ਚਾਹੀਦੀ ਕਿ ਸਰਕਾਰ ਵੱਲੋਂ ਸਮੇਂ ਸਿਰ ਦਰਾਮਦੀ ਸੌਦੇ ਨਾ ਕੀਤੇ ਜਾਣ ਕਾਰਨ ਹੀ ਟਰਾਂਸਪੋਰਟ ਸੈਕਟਰ ਨੂੰ ਲਕਵਾ ਮਾਰਨ ਵਰਗੀ ਨਾਗਵਾਰ ਸਥਿਤੀ ਪਾਕਿਸਤਾਨ ਵਿਚ ਪੈਦਾ ਹੋਈ ਹੈ। ਇਹ ਸਥਿਤੀ ਸਰਕਾਰੀ ਨਾਅਹਿਲੀਅਤ ਦੀ ਨਿਸ਼ਾਨੀ ਹੈ।

ਨਾਮੀ ਡਾਕਟਰ, ਨਾਜਾਇਜ਼ ਕਾਰੇ

ਲਾਹੌਰ ਦੇ ਇਕ ਨਾਮਵਰ ਡਾਕਟਰ ਵੱਲੋਂ ਜੱਦੀ ਜਾਇਦਾਦ ਦੀ ਖ਼ਾਤਿਰ ਆਪਣੀ ਭੈਣ ਨੂੰ ਚਾਰ ਸਾਲਾਂ ਤਕ ਘਰ ਵਿਚ ਕੈਦ ਕਰਨ ਦਾ ਮਾਮਲਾ ਅੱਜਕੱਲ੍ਹ ਚਰਚਾ ਵਿਚ ਹੈ। ਵਾਲੈਂਸੀਆ ਟਾਊਨ ਵਿਚ ਵਸੇ ਹੋਏ ਅਤੇ ਰੋਟਰੀ ਤੇ ਹੋਰ ਕਲੱਬਾਂ ਦੇ ਸਰਗਰਮ ਮੈਂਬਰ ਡਾ. ਫ਼ਰਾਜ਼ ਮੁਨੀਰ ਨੂੰ ਲੰਘੇ ਸ਼ਨਿੱਚਰਵਾਰ ਲਾਹੌਰ ਪੁਲੀਸ ਨੇ ਗ੍ਰਿਫ਼ਤਾਰ ਕੀਤਾ। ਇਹ ਗ੍ਰਿਫ਼ਤਾਰੀ ਉਸ ਦੇ ਇਕ ਗੁਆਂਢੀ ਪਰਿਵਾਰ ਦੀ ਸ਼ਿਕਾਿੲਤ ’ਤੇ ਕੀਤੀ ਗਈ। ਇਸ ਸ਼ਿਕਾਿੲਤ ਦੇ ਆਧਾਰ ’ਤੇ ਪੁਲੀਸ ਨੇ ਡਾ. ਮੁਨੀਰ ਦੇ ਘਰ ਦੀ ਤਲਾਸ਼ੀ ਲਈ ਅਤੇ ਇਕ ਕਮਰੇ ਵਿਚੋਂ ਉਸ ਦੀ ਭੈਣ ਸ਼ਬਨਮ ਫ਼ਾਰੂਕ ਨੂੰ ਬਰਾਮਦ ਕੀਤਾ। ਦਰਅਸਲ, ਸ਼ਬਨਮ ਦੀਆਂ ਚੀਕਾਂ ਸੁਣ ਕੇ ਹੀ ਗੁਆਂਢੀ ਨੂੰ ਮਹਿਸੂਸ ਹੋਇਆ ਸੀ ਕਿ ਪੁਲੀਸ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ। ਸ਼ਬਨਮ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਭਰਾ ਪੂਰੀ ਜੱਦੀ ਜਾਇਦਾਦ ਹੜੱਪਣੀ ਚਾਹੁੰਦਾ ਸੀ। ਇਸੇ ਲਈ ਉਸ ਨੇ ਸ਼ਬਨਮ ਨੂੰ ਘਰ ਦੇ ਇਕ ਕਮਰੇ ਅੰਦਰ ਕੈਦ ਕੀਤਾ ਹੋਇਆ ਸੀ। ਡਾ. ਮੁਨੀਰ ਆਪਣੀ ਭੈਣ ਨੂੰ ਮਨੋਰੋਗੀ ਬਣਾ ਕੇ ਆਪਣੀ ਚਾਲ, ਕਾਮਯਾਬ ਬਣਾਉਣੀ ਚਾਹੁੰਦਾ ਸੀ। ਉਹ ਹਰ ਦੋ ਮਹੀਨਿਆਂ ਬਾਅਦ ਸ਼ਬਨਮ ਨੂੰ ਦਵਾਈਆਂ ਦੀ ਮਦਦ ਨਾਲ ਨੀਮ-ਬੇਹੋਸ਼ ਕਰਕੇ ਮਨੋਰੋਗੀਆਂ ਵਾਲੇ ਹਸਪਤਾਲ ਲਿਜਾਇਆ ਕਰਦਾ ਸੀ ਤਾਂ ਜੋ ਮਨੋਰੋਗੀ ਹੋਣ ਦਾ ਪੱਕਾ ਰਿਕਾਰਡ ਸਥਾਪਿਤ ਕੀਤਾ ਜਾ ਸਕੇ। ਇਸ ਚਾਲ ਨੂੰ ਨਾਕਾਮ ਬਣਾਉਣ ਹਿੱਤ ਸ਼ਬਨਮ ਨੇ ਰਾਤ ਵੇਲੇ ਚੀਕ-ਚਿਹਾੜਾ ਮਚਾਉਣ ਦਾ ਰਾਹ ਅਪਣਾਇਆ ਤਾਂ ਜੋ ਉਸ ਦੀ ਆਵਾਜ਼ ਗੁਆਂਢੀਆਂ ਤਕ ਪਹੁੰਚ ਸਕੇ। ਆਖ਼ਿਰ ਉਹ ਕਾਮਯਾਬ ਹੋ ਗਈ। ਅਖ਼ਬਾਰੀ ਰਿਪੋਰਟ ਮੁਤਾਬਿਕ ਲਾਹੌਰ ਮੈਟਰੋਪੋਲੀਟਨ ਪੁਲੀਸ ਨੇ ਹੋਰ ਜਾਂਚ-ਪੜਤਾਲ ਲਈ ਡਾਕਟਰ ਦਾ ਸੱਤ ਰੋਜ਼ਾ ਪੁਲੀਸ ਰਿਮਾਂਡ ਹਾਸਿਲ ਕਰ ਲਿਆ ਹੈ।

- ਪੰਜਾਬੀ ਟ੍ਰਿਬਿਊਨ ਫੀਚਰ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All