ਪਲੈਟੋ ਦੀ ਗੁਫ਼ਾ ਤੋਂ ਡਿਜੀਟਲ ਯੁੱਗ ਤੱਕ
ਅੱਜ ਦੇ ਯੁੱਗ ’ਚ ਸੂਚਨਾਵਾਂ ਦਾ ਹੜ੍ਹ ਆ ਗਿਆ ਹੈ। ਹਰ ਪਲ ਸਾਡੇ ਸਾਹਮਣੇ ਖ਼ਬਰਾਂ, ਵੀਡੀਓਜ਼, ਸੋਸ਼ਲ ਮੀਡੀਆ ਪੋਸਟਾਂ ਅਤੇ ਵਿਚਾਰ ਆਉਂਦੇ ਰਹਿੰਦੇ ਹਨ, ਪਰ ਤ੍ਰਾਸਦੀ ਇਹ ਹੈ ਕਿ ਜਿੰਨੀ ਜਾਣਕਾਰੀ ਵਧ ਰਹੀ ਹੈ, ਸੱਚ ਦੀ ਪਛਾਣ ਓਨੀ ਹੀ ਔਖੀ...
ਅੱਜ ਦੇ ਯੁੱਗ ’ਚ ਸੂਚਨਾਵਾਂ ਦਾ ਹੜ੍ਹ ਆ ਗਿਆ ਹੈ। ਹਰ ਪਲ ਸਾਡੇ ਸਾਹਮਣੇ ਖ਼ਬਰਾਂ, ਵੀਡੀਓਜ਼, ਸੋਸ਼ਲ ਮੀਡੀਆ ਪੋਸਟਾਂ ਅਤੇ ਵਿਚਾਰ ਆਉਂਦੇ ਰਹਿੰਦੇ ਹਨ, ਪਰ ਤ੍ਰਾਸਦੀ ਇਹ ਹੈ ਕਿ ਜਿੰਨੀ ਜਾਣਕਾਰੀ ਵਧ ਰਹੀ ਹੈ, ਸੱਚ ਦੀ ਪਛਾਣ ਓਨੀ ਹੀ ਔਖੀ ਹੁੰਦੀ ਜਾ ਰਹੀ ਹੈ। ਸਵਾਲ ਇਹ ਹੈ ਕਿ ਜੋ ਕੁਝ ਅਸੀਂ ਰੋਜ਼ਾਨਾ ਦੇਖਦੇ, ਸੁਣਦੇ ਅਤੇ ਮੰਨਦੇ ਹਾਂ, ਕੀ ਉਹੀ ਅਸਲੀਅਤ ਹੈ? ਇਹੋ ਸਵਾਲ ਲਗਪਗ 2,400 ਸਾਲ ਪਹਿਲਾਂ ਯੂਨਾਨੀ ਦਾਰਸ਼ਨਿਕ ਪਲੈਟੋ ਨੇ ‘ਗੁਫ਼ਾ ਦੀ ਉਪਮਾ’ ਸਿਧਾਂਤ ਰਾਹੀਂ ਉਠਾਇਆ ਸੀ।
ਉਸ ਨੇ ਇੱਕ ਹਨੇਰੀ ਗੁਫ਼ਾ ਦੀ ਕਲਪਨਾ ਕੀਤੀ, ਜਿੱਥੇ ਕੁਝ ਮਨੁੱਖ ਜਨਮ ਤੋਂ ਹੀ ਜ਼ੰਜੀਰਾਂ ਨਾਲ ਬੱਝੇ ਹੋਏ ਹਨ ਅਤੇ ਸਿਰਫ਼ ਸਾਹਮਣੇ ਵਾਲੀ ਕੰਧ ’ਤੇ ਪੈਂਦੇ ਪਰਛਾਵੇਂ ਨੂੰ ਹੀ ਦੇਖ ਸਕਦੇ ਹਨ। ਉਨ੍ਹਾਂ ਲਈ ਇਹੀ ਪਰਛਾਵੇਂ ਸੰਸਾਰ ਦੀ ਸੰਪੂਰਨ ਸਚਾਈ ਬਣ ਜਾਂਦੇ ਹਨ। ਜਦੋਂ ਕੋਈ ਇੱਕ ਵਿਅਕਤੀ ਜ਼ੰਜੀਰਾਂ ਤੋੜ ਕੇ ਗੁਫ਼ਾ ਤੋਂ ਬਾਹਰ ਨਿਕਲਦਾ ਹੈ ਤਾਂ ਪਹਿਲਾਂ ਤੇਜ਼ ਰੌਸ਼ਨੀ ਉਸ ਦੀਆਂ ਅੱਖਾਂ ਨੂੰ ਚੁੱਭਦੀ ਹੈ, ਪਰ ਹੌਲੀ-ਹੌਲੀ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਅਸਲੀ ਦੁਨੀਆ ਤਾਂ ਗੁਫ਼ਾ ਤੋਂ ਬਾਹਰ ਹੀ ਹੈ। ਜਦੋਂ ਉਹ ਵਾਪਸ ਜਾ ਕੇ ਬਾਕੀਆਂ ਨਾਲ ਇਹ ਸੱਚ ਸਾਂਝਾ ਕਰਦਾ ਹੈ ਤਾਂ ਉਹ ਉਸ ’ਤੇ ਵਿਸ਼ਵਾਸ ਨਹੀਂ ਕਰਦੇ। ਇਹ ਉਪਮਾ ਸਿਰਫ਼ ਪ੍ਰਾਚੀਨ ਦਰਸ਼ਨ ਦਾ ਹਿੱਸਾ ਨਹੀਂ ਸਗੋਂ ਹਰ ਯੁੱਗ ਦੀ ਸਮਾਜਿਕ ਹਕੀਕਤ ਦਾ ਸ਼ੀਸ਼ਾ ਹੈ ਅਤੇ ਸ਼ਾਇਦ ਅੱਜ ਦੇ ਡਿਜੀਟਲ ਯੁੱਗ ਵਿੱਚ ਇਹ ਪਹਿਲਾਂ ਨਾਲੋਂ ਕਿਤੇ ਵੱਧ ਪ੍ਰਸੰਗਿਕ ਹੈ। ਅੱਜ ਸਾਡੀ ਗੁਫ਼ਾ ਸਾਡੇ ਹੱਥਾਂ ਵਿੱਚ ਹੀ ਹੈ- ਮੋਬਾਈਲ ਦੀ ਸਕਰੀਨ ਦੇ ਰੂਪ ਵਿੱਚ, ਜਿਸ ਦੀ ਕੰਧ ’ਤੇ ਸੋਸ਼ਲ ਮੀਡੀਆ ਦੇ ਐਲਗੋਰਿਦਮ ਦਿਨ-ਰਾਤ ਪਰਛਾਵੇਂ ਦਿਖਾਉਂਦੇ ਰਹਿੰਦੇ ਹਨ। ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਅਤੇ ਵਟਸਐਪ ਵਰਗੇ ਪਲੈਟਫਾਰਮਾਂ ਦੇ ਐਲਗੋਰਿਦਮ ਸਾਨੂੰ ਉਹੀ ਕੁਝ ਦਿਖਾਉਂਦੇ ਹਨ, ਜਿਸ ’ਤੇ ਅਸੀਂ ਪਹਿਲਾਂ ਲਾਈਕ ਜਾਂ ਕਲਿੱਕ ਕੀਤਾ ਹੁੰਦਾ ਹੈ।
ਹੌਲੀ-ਹੌਲੀ ਸਾਡੇ ਆਲੇ-ਦੁਆਲੇ ਇੱਕ ਅਜਿਹਾ ‘ਈਕੋ ਚੈਂਬਰ’ ਬਣ ਜਾਂਦਾ ਹੈ, ਜਿੱਥੇ ਸਿਰਫ਼ ਸਾਡੀ ਆਪਣੀ ਸੋਚ ਹੀ ਵਾਰ-ਵਾਰ ਗੂੰਜਦੀ ਹੈ ਅਤੇ ਸਾਨੂੰ ਲੱਗਦਾ ਹੈ ਕਿ ਸਾਰੀ ਦੁਨੀਆ ਵੀ ਇਹੋ ਸੋਚਦੀ ਹੈ। ਬਿਨਾਂ ਤਸਦੀਕ ਕੀਤੀਆਂ ਖ਼ਬਰਾਂ, ਅੱਧੇ-ਅਧੂਰੇ ਵੀਡੀਓ ਕਲਿੱਪ ਅਤੇ ਭੜਕਾਊ ਸਿਰਲੇਖ ਅਕਸਰ ਸਾਡਾ ਸੱਚ ਬਣ ਜਾਂਦੇ ਹਨ, ਭਾਵੇਂ ਉਨ੍ਹਾਂ ਪਿੱਛੇ ਕੋਈ ਠੋਸ ਆਧਾਰ ਨਾ ਵੀ ਹੋਵੇ। ਇਹੀ ਗੱਲ ਔਨਲਾਈਨ ਖ਼ਰੀਦਦਾਰੀ ’ਤੇ ਵੀ ਢੁਕਦੀ ਹੈ।
ਜਦੋਂ ਅਸੀਂ ਕਿਸੇ ਵਸਤੂ ਬਾਰੇ ਇੱਕ ਵਾਰ ਖੋਜ ਕਰਦੇ ਹਾਂ ਤਾਂ ਉਸੇ ਵਸਤੂ ਦੇ ਇਸ਼ਤਿਹਾਰ ਹਰ ਐਪ ’ਤੇ ਸਾਡਾ ਪਿੱਛਾ ਕਰਨ ਲੱਗਦੇ ਹਨ। ਸੀਮਿਤ ਸਟਾਕ ਅਤੇ ਅੱਜ ਹੀ 70 ਫ਼ੀਸਦੀ ਛੋਟ ਵਰਗੇ ਸੁਨੇਹੇ ਸਾਡੇ ਅੰਦਰ ਇੱਕ ਨਕਲੀ ਕਾਹਲ ਪੈਦਾ ਕਰਦੇ ਹਨ ਅਤੇ ਅਸੀਂ ਬਿਨਾਂ ਸੋਚੇ-ਸਮਝੇ ਖ਼ਰੀਦ ਕਰ ਬੈਠਦੇ ਹਾਂ। ਨਕਲੀ ਰੇਟਿੰਗਾਂ, ਪ੍ਰਯੋਜਿਤ (Sponsored) ਸਮੀਖਿਆਵਾਂ ਅਤੇ ਇਨਫਲੂਐਂਸਰਾਂ ਦੀਆਂ ਸਿਫ਼ਾਰਸ਼ਾਂ- ਇਹ ਸਭ ਵੀ ਉਹੀ ਪਰਛਾਵੇਂ ਹਨ, ਜਿਨ੍ਹਾਂ ਨੂੰ ਅਸਲੀਅਤ ਸਮਝ ਕੇ ਭਰੋਸਾ ਕਰ ਲੈਂਦੇ ਹਾਂ। ਇਸੇ ਤਰ੍ਹਾਂ ਗੂਗਲ ’ਤੇ ਖੋਜ ਕਰਦੇ ਸਮੇਂ ਵੀ ਸਾਹਮਣੇ ਆਉਣ ਵਾਲੇ ਪਹਿਲੇ ਕੁਝ ਨਤੀਜੇ ਹੀ ਸਾਡੇ ਲਈ ‘ਪੂਰੀ ਸਚਾਈ’ ਬਣ ਜਾਂਦੇ ਹਨ, ਭਾਵੇਂ ਉਹ ਭਰੋਸੇਯੋਗ ਸਰੋਤ ਹੋਣ ਜਾਂ ਨਾ। ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਨਾਲ ਬਣੀਆਂ ਤਸਵੀਰਾਂ, ਡੀਪਫੇਕ ਵੀਡੀਓਜ਼ ਅਤੇ ਫ਼ਰਜ਼ੀ ਖ਼ਬਰਾਂ ਦੇ ਇਸ ਦੌਰ ਵਿੱਚ ਗੁਫ਼ਾ ਦੀਆਂ ਕੰਧਾਂ ਹੋਰ ਵੀ ਮਜ਼ਬੂਤ ਹੋ ਗਈਆਂ ਹਨ ਅਤੇ ਪਰਛਾਵਿਆਂ ਤੇ ਹਕੀਕਤ ਵਿਚਲਾ ਫ਼ਰਕ ਪਛਾਣਨਾ ਪਹਿਲਾਂ ਨਾਲੋਂ ਕਿਤੇ ਵੱਧ ਮੁਸ਼ਕਿਲ ਹੋ ਗਿਆ ਹੈ।
ਸੱਚ ਦੀ ਖੋਜ ਕਦੇ ਵੀ ਸੌਖਾ ਰਾਹ ਨਹੀਂ ਰਿਹਾ। ਇਹ ਸਾਨੂੰ ਆਪਣੇ ਵਿਸ਼ਵਾਸ ਦੀ ਪਰਖ ਕਰਨ, ਗ਼ਲਤੀਆਂ ਮੰਨਣ ਅਤੇ ਨਵੀਆਂ ਗੱਲਾਂ ਸਿੱਖਣ ਲਈ ਪ੍ਰੇਰਿਤ ਕਰਦੀ ਹੈ। ਸ਼ਾਇਦ ਇਸੇ ਕਰਕੇ ਹਰ ਯੁੱਗ ਵਿੱਚ ਨਵੇਂ ਵਿਚਾਰਾਂ ਦਾ ਵਿਰੋਧ ਹੁੰਦਾ ਰਿਹਾ ਹੈ। ਇਤਿਹਾਸ ਗਵਾਹ ਹੈ ਕਿ ਕਈ ਮਹਾਨ ਵਿਗਿਆਨੀਆਂ, ਦਾਰਸ਼ਨਿਕਾਂ ਅਤੇ ਸਮਾਜ ਸੁਧਾਰਕਾਂ ਨੂੰ ਪਹਿਲਾਂ ਨਕਾਰਿਆ ਗਿਆ, ਪਰ ਸਮੇਂ ਨੇ ਹੀ ਉਨ੍ਹਾਂ ਦੇ ਵਿਚਾਰਾਂ ਨੂੰ ਸੱਚ ਸਾਬਿਤ ਕੀਤਾ। ਸਿੱਖਿਆ ਦਾ ਅਸਲ ਮਕਸਦ ਸਿਰਫ਼ ਜਾਣਕਾਰੀ ਇਕੱਠੀ ਕਰਨਾ ਨਹੀਂ ਸਗੋਂ ਸੋਚਣ ਦੀ ਸਮਰੱਥਾ ਦਾ ਵਿਕਾਸ ਕਰਨਾ ਹੈ। ਇੱਕ ਪੜਿ੍ਹਆ-ਲਿਖਿਆ ਵਿਅਕਤੀ ਉਹ ਨਹੀਂ ਜੋ ਹਰ ਜਵਾਬ ਜਾਣਦਾ ਹੋਵੇ ਸਗੋਂ ਉਹ ਹੈ ਜੋ ਸਹੀ ਸਵਾਲ ਪੁੱਛਣਾ ਜਾਣਦਾ ਹੋਵੇ। ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਇਹੀ ਹੈ ਕਿ ਅਸੀਂ ਕਿਸੇ ਵੀ ਔਨਲਾਈਨ ਜਾਣਕਾਰੀ, ਪੋਸਟ ਜਾਂ ਇਸ਼ਤਿਹਾਰ ਨੂੰ ਬਿਨਾਂ ਪਰਖੇ ਸਵੀਕਾਰ ਨਾ ਕਰੀਏ। ਕੋਈ ਖ਼ਬਰ ਅੱਗੇ ਭੇਜਣ ਜਾਂ ਸਾਂਝੀ ਕਰਨ ਤੋਂ ਪਹਿਲਾਂ ਉਸ ਦੇ ਸਰੋਤ ਦੀ ਜਾਂਚ ਕਰੀਏ, ਕਿਸੇ ਵਸਤੂ ਦੀ ਖ਼ਰੀਦ ਤੋਂ ਪਹਿਲਾਂ ਅਸਲ ਸਮੀਖਿਆਵਾਂ ਅਤੇ ਭਰੋਸੇਯੋਗ ਵੈੱਬਸਾਈਟਾਂ ’ਤੇ ਨਜ਼ਰ ਮਾਰੀਏ, ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਸਮਝੀਏ ਅਤੇ ਆਪਣੀ ਰਾਏ ਤਰਕ ਦੇ ਆਧਾਰ ’ਤੇ ਬਣਾਈਏ, ਨਾ ਕਿ ਸਿਰਫ਼ ਸਕਰੀਨ ’ਤੇ ਸਭ ਤੋਂ ਵੱਧ ਵਾਰ ਦਿਖਾਈ ਦੇਣ ਵਾਲੀ ਗੱਲ ਦੇ ਆਧਾਰ ’ਤੇ। ਇਹੀ ਇੱਕ ਜਾਗਰੂਕ ਡਿਜੀਟਲ ਨਾਗਰਿਕ ਦੀ ਪਛਾਣ ਹੈ।
ਪਲੈਟੋ ਦੀ ਗੁਫ਼ਾ ਦੀ ਉਪਮਾ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਮਨੁੱਖ ਦੀ ਸਭ ਤੋਂ ਵੱਡੀ ਕੈਦ ਲੋਹੇ ਦੀਆਂ ਜ਼ੰਜੀਰਾਂ ਨਹੀਂ ਸਗੋਂ ਮਨ ਦੀਆਂ ਜ਼ੰਜੀਰਾਂ ਹਨ। ਡਰ, ਪੱਖਪਾਤ ਅਤੇ ਅਗਿਆਨਤਾ ਤੋਂ ਮੁਕਤ ਹੋ ਕੇ ਹੀ ਅਸੀਂ ਸੱਚ ਦੀ ਖੋਜ ਵੱਲ ਵਧ ਸਕਦੇ ਹਾਂ ਅਤੇ ਤਦੋਂ ਹੀ ਅਸਲ ਆਜ਼ਾਦੀ ਪ੍ਰਾਪਤ ਹੁੰਦੀ ਹੈ। ਅਗਲੀ ਵਾਰ ਜਦੋਂ ਅਸੀਂ ਆਪਣੇ ਫੋਨ ਦੀ ਸਕਰੀਨ ’ਤੇ ਕੋਈ ਖ਼ਬਰ, ਵੀਡੀਓ ਜਾਂ ਇਸ਼ਤਿਹਾਰ ਦੇਖੀਏ ਤਾਂ ਇੱਕ ਪਲ ਰੁਕ ਕੇ ਆਪਣੇ ਆਪ ਤੋਂ ਪੁੱਛੀਏ- ਕੀ ਮੈਂ ਹਕੀਕਤ ਦੇਖ ਰਿਹਾ ਹਾਂ ਜਾਂ ਸਿਰਫ਼ ਕੰਪਿਊਟਰ ਐਲਗੋਰਿਦਮ ਵੱਲੋਂ ਦਿਖਾਏ ਜਾ ਰਹੇ ਉਸ ਦੇ ਪਰਛਾਵਿਆਂ ਨੂੰ ? ਜੇ ਇਹ ਸਵਾਲ ਸਾਡੇ ਅੰਦਰ ਜਾਗ ਪਵੇ ਤਾਂ ਸਮਝ ਲਓ ਕਿ ਅਸੀਂ ਵੀ ਡਿਜੀਟਲ ਗੁਫ਼ਾ ਤੋਂ ਬਾਹਰ ਨਿਕਲਣ ਦਾ ਪਹਿਲਾ ਕਦਮ ਚੁੱਕ ਲਿਆ ਹੈ।
* ਡਿਪਟੀ ਡਾਇਰੈਕਟਰ (ਪ੍ਰੋਟੈਕਸ਼ਨ ਐਂਡ ਟੈਸਟਿੰਗ), ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਚੰਡੀਗੜ੍ਹ।
ਸੰਪਰਕ: 90411-17282

