ਨਾਂਦੇੜ ਤੋਂ ਸਰਹਿੰਦ ਤੱਕ: ਬਾਬਾ ਬੰਦਾ ਸਿੰਘ ਬਹਾਦਰ ਦੀ ਇਤਿਹਾਸਕ ਫ਼ਤਹਿ
ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ’ਤੇ ਫ਼ਤਹਿ ਸਿਰਫ਼ ਇੱਕ ਜੰਗੀ ਜਿੱਤ ਨਹੀਂ ਸੀ, ਸਗੋਂ ਇਹ ਜ਼ਾਲਮ ਮੁਗ਼ਲ ਹਕੂਮਤ ਦੇ ਅੰਤ ਦੀ ਸ਼ੁਰੂਆਤ ਅਤੇ ਪੰਜਾਬ ਵਿੱਚ ਆਜ਼ਾਦੀ ਦੇ ਇੱਕ ਨਵੇਂ ਅਧਿਆਏ ਦਾ ਆਗਾਜ਼ ਸੀ। ਇਸ ਇਤਿਹਾਸਕ ਘਟਨਾ...
ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ’ਤੇ ਫ਼ਤਹਿ ਸਿਰਫ਼ ਇੱਕ ਜੰਗੀ ਜਿੱਤ ਨਹੀਂ ਸੀ, ਸਗੋਂ ਇਹ ਜ਼ਾਲਮ ਮੁਗ਼ਲ ਹਕੂਮਤ ਦੇ ਅੰਤ ਦੀ ਸ਼ੁਰੂਆਤ ਅਤੇ ਪੰਜਾਬ ਵਿੱਚ ਆਜ਼ਾਦੀ ਦੇ ਇੱਕ ਨਵੇਂ ਅਧਿਆਏ ਦਾ ਆਗਾਜ਼ ਸੀ। ਇਸ ਇਤਿਹਾਸਕ ਘਟਨਾ ਨੇ ਖ਼ਾਲਸਾ ਰਾਜ ਦੀ ਨੀਂਹ ਰੱਖੀ ਕਿਉਂਕਿ ਪੰਜਾਬ ਦੇ ਲੋਕਾਂ ਵਿੱਚ ਉਹ ਹੌਸਲਾ ਭਰਿਆ, ਜਿਸ ਨੇ ਅੱਗੇ ਜਾ ਕੇ 18ਵੀਂ ਸਦੀ ਦੀਆਂ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਾਲ ਸਿੱਖ ਸਾਮਰਾਜ ਦਾ ਰਾਹ ਪੱਧਰਾ ਕੀਤਾ।
ਇਸ ਮਹਾਨ ਸੰਘਰਸ਼ ਦੀ ਨੀਂਹ ਅਗਸਤ 1708 ਵਿੱਚ ਰੱਖੀ ਗਈ, ਜਦੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਪਹੁੰਚੇ। ਸਤੰਬਰ 1708 ਵਿੱਚ ਉਹ ਮਾਧੋ ਦਾਸ ਬੈਰਾਗੀ ਦੇ ਡੇਰੇ ਗਏ। ਮਾਧੋ ਦਾਸ ਨੇ ਗੁਰੂ ਸਾਹਿਬ ਦੀ ਸ਼ਰਨ ਲਈ ਅਤੇ ਗੁਰੂ ਜੀ ਨੇ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ‘ਬੰਦਾ ਸਿੰਘ’ (ਅੰਮ੍ਰਿਤ ਛਕਾ ਕੇ ਮਾਧੋ ਦਾਸ ਬੈਰਾਗੀ ਦਾ ਨਾਂ ਗੁਰਬਖਸ਼ ਸਿੰਘ ਰੱਖਿਆ ਗਿਆ ਸੀ, ਪਰ ਬਾਅਦ ਵਿੱਚ ਉਹ ਬੰਦਾ ਸਿੰਘ ਬਹਾਦਰ ਵਜੋਂ ਜਾਣੇ ਗਏ) ਬਣਾਇਆ। ਇਸੇ ਦੌਰਾਨ ਬਾਬਾ ਬੰਦਾ ਸਿੰਘ ਨੂੰ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਦੀ ਦਿਲ-ਕੰਬਾਊ ਘਟਨਾ ਬਾਰੇ ਪਤਾ ਲੱਗਾ। ਵਜ਼ੀਰ ਖ਼ਾਨ ਦੇ ਇਸ ਅਣਮਨੁੱਖੀ ਜ਼ੁਲਮ ਬਾਰੇ ਜਾਣ ਕੇ ਬਾਬਾ ਬੰਦਾ ਸਿੰਘ ਨੇ ਆਪਣਾ ਜੀਵਨ ਇਸ ਜ਼ਾਲਮ ਰਾਜ ਦੇ ਖ਼ਾਤਮੇ ਲਈ ਸਮਰਪਿਤ ਕਰ ਦਿੱਤਾ।
ਗੁਰੂ ਗੋਬਿੰਦ ਸਿੰਘ ਜੀ ਨੇ ਇਸ ਧਰਮ ਯੁੱਧ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੁਝ ਵਿਸ਼ੇਸ਼ ਨਿਸ਼ਾਨੀਆਂ ਅਤੇ ਸ਼ਕਤੀਆਂ ਬਖ਼ਸ਼ੀਆਂ। ਵੱਖ ਵੱਖ ਸਰੋਤਾਂ ਮੁਤਾਬਿਕ ਉਨ੍ਹਾਂ ਨੇ ਆਪਣੇ ਤਰਕਸ਼ ਵਿੱਚੋਂ ਪੰਜ ਤੀਰ, ਜੰਗੀ ਸ਼ਕਤੀ ਤੇ ਆਤਮਿਕ ਅਡੋਲਤਾ ਲਈ ‘ਸ੍ਰੀ ਸਾਹਿਬ’ (ਤਲਵਾਰ) ਅਤੇ ਪ੍ਰਭੂਸੱਤਾ ਦੇ ਪ੍ਰਤੀਕ ਵਜੋਂ ਇੱਕ ਨਗਾਰਾ ਤੇ ਨਿਸ਼ਾਨ ਸਾਹਿਬ ਬਖ਼ਸ਼ੇ। ਰਾਜਸੀ ਤੇ ਧਾਰਮਿਕ ਅਗਵਾਈ ਲਈ ਗੁਰੂ ਸਾਹਿਬ ਨੇ ਪੰਜ ਪ੍ਰਮੁੱਖ ਸਿੱਖਾਂ ਭਾਈ ਬਾਜ਼ ਸਿੰਘ, ਭਾਈ ਬਿਨੋਦ ਸਿੰਘ, ਭਾਈ ਕਾਨ੍ਹ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਰਾਮ ਸਿੰਘ ਨੂੰ ਉਨ੍ਹਾਂ ਦੇ ਨਾਲ ਭੇਜਿਆ ਤਾਂ ਜੋ ਹਰ ਫ਼ੈਸਲਾ ਗੁਰਮਤਿ ਮਰਯਾਦਾ ਅਨੁਸਾਰ ਲਿਆ ਜਾ ਸਕੇ। ਅਕਤੂਬਰ 1708 ਵਿੱਚ ਗੁਰੂ ਸਾਹਿਬ ਦੇ ਜੋਤੀ-ਜੋਤਿ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਮੁੱਠੀ ਭਰ ਸਿੰਘਾਂ ਨਾਲ ਲਗਭਗ 1600 ਕਿਲੋਮੀਟਰ ਦਾ ਲੰਮਾ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਨੇ ਰਸਤੇ ਵਿੱਚ ਪੰਜਾਬ ਦੀਆਂ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਦੇ ‘ਹੁਕਮਨਾਮੇ’ ਭੇਜੇ, ਜਿਨ੍ਹਾਂ ਵਿੱਚ ਸੰਗਤ ਨੂੰ ਬਾਬਾ ਬੰਦਾ ਸਿੰਘ ਦੀ ਅਗਵਾਈ ਹੇਠ ਇਕੱਠੇ ਹੋ ਕੇ ਮੁਗ਼ਲ ਹਕੂਮਤ ਵਿਰੁੱਧ ਲੜਨ ਲਈ ਕਿਹਾ ਗਿਆ ਸੀ।
ਮਹਾਰਾਸ਼ਟਰ ਅਤੇ ਰਾਜਸਥਾਨ ਰਾਹੀਂ ਗੁਪਤ ਰੂਪ ਵਿੱਚ ਅੱਗੇ ਵਧਦੇ ਹੋਏ ਉਹ ਸਤੰਬਰ 1709 ਵਿੱਚ ਸੋਨੀਪਤ ਪਹੁੰਚੇ, ਜਿੱਥੇ ਪਹਿਲੀਆਂ ਮਹੱਤਵਪੂਰਨ ਫ਼ੌਜੀ ਕਾਰਵਾਈਆਂ ਵਿੱਚੋਂ ਇੱਕ ਅਹਿਮ ਫ਼ੌਜੀ ਕਾਰਵਾਈ ਕਰਦਿਆਂ ਉਨ੍ਹਾਂ ਨੇ ਮੁਗ਼ਲ ਖ਼ਜ਼ਾਨੇ ’ਤੇ ਕਬਜ਼ਾ ਕੀਤਾ।
ਜਿਉਂ-ਜਿਉਂ ਗੁਰੂ ਸਾਹਿਬ ਦੇ ਹੁਕਮਨਾਮੇ ਮਾਲਵੇ ਅਤੇ ਹੋਰ ਇਲਾਕਿਆਂ ਵਿੱਚ ਪਹੁੰਚੇ, ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਉਨ੍ਹਾਂ ਨਾਲ ਜੁੜਨ ਲੱਗੀਆਂ। ਛੱਬੀ ਨਵੰਬਰ 1709 ਨੂੰ ਉਨ੍ਹਾਂ ਨੇ ਸਮਾਣਾ ’ਤੇ ਕਬਜ਼ਾ ਕੀਤਾ। ਇਹ ਜਿੱਤ ਬਹੁਤ ਅਹਿਮ ਸੀ ਕਿਉਂਕਿ ਇੱਥੇ ਹੀ ਸਾਹਿਬਜ਼ਾਦਿਆਂ ਅਤੇ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹਾਦਤਾਂ ਨਾਲ ਜੁੜੇ ਜੱਲਾਦ ਰਹਿੰਦੇ ਸਨ। ਉਨ੍ਹਾਂ ਨੂੰ ਸਜ਼ਾ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਦੇਸ਼ ਦਿੱਤਾ ਕਿ ਜ਼ੁਲਮ ਦਾ ਅੰਤ ਨਿਸ਼ਚਿਤ ਹੈ।
ਸਮਾਣਾ ਦੀ ਜਿੱਤ ਨੇ ਸਿੱਖਾਂ ਨੂੰ ਆਰਥਿਕ ਮਜ਼ਬੂਤੀ ਅਤੇ ਵੱਡੇ ਕਿਲ੍ਹੇ ਜਿੱਤਣ ਦਾ ਵਿਸ਼ਵਾਸ ਪ੍ਰਦਾਨ ਕੀਤਾ। ਇੱਥੋਂ ਦੇ ਪ੍ਰਬੰਧ ਲਈ ਭਾਈ ਫ਼ਤਹਿ ਸਿੰਘ ਨੂੰ ਸੂਬੇਦਾਰ ਨਿਯੁਕਤ ਕੀਤਾ ਗਿਆ, ਜੋ ਖ਼ਾਲਸਾ ਪ੍ਰਸ਼ਾਸਨ ਦੀ ਪਹਿਲੀ ਕੜੀ ਸੀ। ਬਾਬਾ ਬੰਦਾ ਸਿੰਘ ਦੀਆਂ ਫ਼ੌਜਾਂ ਘੁੜਾਮ, ਠਸਕਾ (ਨੇੜੇ ਥਾਨੇਸਰ), ਸ਼ਾਹਬਾਦ ਅਤੇ ਮੁਸਤਫ਼ਾਬਾਦ ਨੂੰ ਜਿੱਤਦੀਆਂ ਹੋਈਆਂ ਸਢੌਰਾ ਪਹੁੰਚੀਆਂ, ਜਿੱਥੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕਰਨ ਵਾਲੇ ਉਸਮਾਨ ਖ਼ਾਨ ਨੂੰ ਸਜ਼ਾ ਦਿੱਤੀ ਗਈ। ਕੁਝ ਇਤਹਾਸਕ ਹਵਾਲਿਆਂ ਅਨੁਸਾਰ ਥਾਨੇਸਰ ਦਾ ਪ੍ਰਬੰਧ ਭਾਈ ਰਾਮ ਸਿੰਘ ਨੂੰ ਸੌਂਪਿਆ ਗਿਆ। ਮਈ 1710 ਤੱਕ ਪਟਿਆਲਾ, ਸੰਗਰੂਰ ਅਤੇ ਬਠਿੰਡਾ ਦੇ ਇਲਾਕਿਆਂ ਤੋਂ ਸਿੱਖ ਜਥੇ ਅਤੇ ਬਾਂਗਰ-ਖਾਦਰ ਦੇ ਇਲਾਕਿਆਂ ਤੋਂ ਸਿੱਖਾਂ ਸਮੇਤ ਲਗਾਨ ਤੋਂ ਦੁਖੀ ਕਿਸਾਨ ਅਤੇ ਆਮ ਲੋਕ ਵੱਡੀ ਗਿਣਤੀ ਵਿੱਚ ਬਾਬਾ ਬੰਦਾ ਸਿੰਘ ਦੀ ਅਗਵਾਈ ਵਿੱਚ ਬਨੂੜ ਲਾਗੇ ਇਕੱਠੇ ਹੋ ਗਏ।
ਬਾਰਾਂ ਮਈ 1710 ਨੂੰ ਸਰਹਿੰਦ ਨੇੜੇ ਚੱਪੜਚਿੜੀ ਦੇ ਮੈਦਾਨ ਵਿੱਚ ਇਤਿਹਾਸਕ ਜੰਗ ਹੋਈ। ਰਵਾਇਤੀ ਵਰਣਨਾਂ ਅਨੁਸਾਰ ਮਾਝੇ ਦੇ ਕੁਝ ਸਿੱਖ ਰੋਪੜ ਵਾਲੇ ਪਾਸਿਓਂ ਅੱਗੇ ਵਧੇ ਜਦੋਂਕਿ ਬਾਬਾ ਬੰਦਾ ਸਿੰਘ ਦੀ ਅਗਵਾਈ ਹੇਠ ਮੁੱਖ ਸਿੱਖ ਤਾਕਤ ਬਨੂੜ ਵਾਲੇ ਪਾਸੇ ਤੋਂ ਚੱਪੜਚਿੜੀ ਪਹੁੰਚੀ। ਵਜ਼ੀਰ ਖ਼ਾਨ ਕੋਲ ਵਿਸ਼ਾਲ ਫ਼ੌਜ, ਹਾਥੀ ਅਤੇ ਭਾਰੀ ਤੋਪਖਾਨਾ ਸੀ ਜਦੋਂਕਿ ਸਿੱਖਾਂ ਕੋਲ ਸਿਰਫ਼ ਹੌਸਲਾ ਅਤੇ ਸ਼ਸਤਰ ਸਨ। ਸ਼ੁਰੂਆਤ ਵਿੱਚ ਸਿੱਖਾਂ ਕੋਲ ਤੋਪਾਂ ਨਾ ਹੋਣ ਕਾਰਨ ਨੁਕਸਾਨ ਹੋਇਆ ਅਤੇ ਕੁਝ ਮੌਕਾਪ੍ਰਸਤ ਲੋਕ ਮੈਦਾਨ ਛੱਡ ਗਏ। ਅਜਿਹੇ ਨਾਜ਼ੁਕ ਮੋੜ ’ਤੇ ਬਾਬਾ ਬੰਦਾ ਸਿੰਘ ਬਹਾਦਰ ਖ਼ੁਦ ਇੱਕ ਉੱਚੇ ਟਿੱਬੇ ਤੋਂ ਹੇਠਾਂ ਉਤਰੇ ਅਤੇ ਮੋਰਚੇ ਦੀ ਅਗਵਾਈ ਕੀਤੀ। ਸਿੰਘਾਂ ਨੇ ਅਜਿਹਾ ਜ਼ਬਰਦਸਤ ਹੱਲਾ ਕੀਤਾ ਕਿ ਮੁਗ਼ਲ ਤੋਪਖਾਨਾ ਨਕਾਰਾ ਹੋ ਗਿਆ। ਜੰਗ ਦੌਰਾਨ ਜਦੋਂ ਵਜ਼ੀਰ ਖ਼ਾਨ ਹਾਥੀ ’ਤੇ ਸਵਾਰ ਹੋ ਕੇ ਹਮਲਾਵਰ ਹੋਇਆ ਤਾਂ ਭਾਈ ਬਾਜ਼ ਸਿੰਘ ਅਤੇ ਭਾਈ ਫ਼ਤਹਿ ਸਿੰਘ ਨੇ ਬੇਮਿਸਾਲ ਬਹਾਦਰੀ ਦਿਖਾਈ। ਭਾਈ ਫ਼ਤਹਿ ਸਿੰਘ ਦੇ ਤੇਗ਼ ਦੇ ਵਾਰ ਨੇ ਵਜ਼ੀਰ ਖ਼ਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਜ਼ੀਰ ਖ਼ਾਨ ਦੀ ਮੌਤ ਨਾਲ ਮੁਗ਼ਲ ਫ਼ੌਜ ਵਿੱਚ ਭਗਦੜ ਮਚ ਗਈ।
ਮੁਗ਼ਲ ਫ਼ੌਜ ਜਾਨਾਂ ਬਚਾ ਕੇ ਸਰਹਿੰਦ ਦੇ ਕਿਲ੍ਹੇ ਵਿੱਚ ਲੁਕ ਗਈ। ਸਿੱਖਾਂ ਨੇ ਕਿਲ੍ਹੇ ਦੀਆਂ ਕੰਧਾਂ ’ਤੇ ਪੌੜੀਆਂ ਲਾਈਆਂ ਅਤੇ ਦਰਵਾਜ਼ੇ ਤੋੜ ਕੇ ਅੰਦਰ ਦਾਖ਼ਲ ਹੋਏ। ਅੰਤ 14 ਮਈ 1710 ਨੂੰ ਸਰਹਿੰਦ ’ਤੇ ਖ਼ਾਲਸਾ ਰਾਜ ਦਾ ਨਿਸ਼ਾਨ ਸਾਹਿਬ ਝੁਲਾ ਦਿੱਤਾ ਗਿਆ। ਵਜ਼ੀਰ ਖ਼ਾਨ ਦਾ ਪਰਿਵਾਰ ਅਤੇ ਕਈ ਅਮੀਰ ਅਹੁਦੇਦਾਰ ਖ਼ਜ਼ਾਨਾ ਲੈ ਕੇ ਪਹਿਲਾਂ ਹੀ ਦਿੱਲੀ ਵੱਲ ਫ਼ਰਾਰ ਹੋ ਗਏ ਸਨ। ਸਾਹਿਬਜ਼ਾਦਿਆਂ ਵਿਰੁੱਧ ਜ਼ਹਿਰ ਉਗਲਣ ਵਾਲੇ ਦੀਵਾਨ ਸੁੱਚਾ ਨੰਦ ਨੂੰ ਫੜ ਕੇ ਸਖ਼ਤ ਸਜ਼ਾ ਦਿੱਤੀ ਗਈ।
ਬੇਮਿਸਾਲ ਜਿੱਤਾਂ ਅਤੇ ਅਥਾਹ ਬਹਾਦਰੀ ਕਾਰਨ ਬਾਬਾ ਬੰਦਾ ਸਿੰਘ ਬਾਅਦ ਦੇ ਇਤਿਹਾਸ ਵਿੱਚ ‘ਬੰਦਾ ਸਿੰਘ ਬਹਾਦਰ’ ਦੇ ਨਾਂ ਨਾਲ ਪ੍ਰਸਿੱਧ ਹੋਏ। ਉਨ੍ਹਾਂ ਨੇ ਭਾਈ ਬਾਜ਼ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ ਅਤੇ ਲੋਹਗੜ੍ਹ (ਮੁਖ਼ਲਿਸਪੁਰ) ਨੂੰ ਆਪਣੀ ਰਾਜਧਾਨੀ ਐਲਾਨਿਆ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਸਿੱਕੇ ਜਾਰੀ ਕੀਤੇ। ਉਨ੍ਹਾਂ ਸਭ ਤੋਂ ਅਹਿਮ ਕਾਰਜ ਕਰਦਿਆਂ ਜ਼ਿਮੀਂਦਾਰੀ ਪ੍ਰਥਾ ਖ਼ਤਮ ਕਰਕੇ ਹਲ ਵਾਹੁਣ ਵਾਲੇ ਕਿਸਾਨਾਂ ਨੂੰ ਜ਼ਮੀਨਾਂ ਦੇ ਅਸਲ ਮਾਲਕ ਬਣਾਇਆ। ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਰਾਜ ਬਰਾਬਰੀ, ਇਨਸਾਫ਼ ਅਤੇ ਜ਼ੁਲਮ ਦੇ ਖ਼ਾਤਮੇ ਦਾ ਪ੍ਰਤੀਕ ਸੀ, ਜਿਸ ਨੇ ਸਿੱਖ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ।
ਸੰੰਪਰਕ: 98780-19889

