ਯਾਦਾਂ

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਗੁਰਬਚਨ ਜਗਤ

ਸੰਨ 1973 ਦੀਆਂ ਗਰਮੀਆਂ ਦੇ ਦਿਨ ਸਨ ਜਦੋਂ ਮੈਨੂੰ ਐੱਸਐੱਸਪੀ ਬਠਿੰਡਾ ਤਾਇਨਾਤ ਗਿਆ ਸੀ। ਜਦੋਂ ਮੈਨੂੰ ਇਸ ਦੀ ਇਤਲਾਹ ਮਿਲੀ ਤਾਂ ਮੇਰੇ ਮਨ ਵਿਚ ਕੁਝ ਘਬਰਾਹਟ ਸੀ ਕਿਉਂਕਿ ਮੈਂ ਇਕ ਛੋਟੇ ਜਿਹੇ ਜ਼ਿਲ੍ਹੇ ਕਪੂਰਥਲਾ ਤੋਂ ਇਕ ਵੱਡੇ ਜ਼ਿਲ੍ਹੇ ਵਿਚ ਜਾ ਰਿਹਾ ਸੀ। ਮਾਨਸਾ ਹੁਣ ਵੱਖਰਾ ਜ਼ਿਲ੍ਹਾ ਬਣ ਗਿਆ ਹੈ ਪਰ ਉਦੋਂ ਇਹ ਬਠਿੰਡਾ ਜ਼ਿਲ੍ਹੇ ਦੀ ਇਕ ਸਬ-ਡਿਵੀਜ਼ਨ ਹੁੰਦਾ ਸੀ। ਜਦੋਂ ਅਸੀਂ ਫ਼ਰੀਦਕੋਟ ਟੱਪੇ ਤਾਂ ਆਲਾ ਦੁਆਲਾ ਬਦਲਣਾ ਸ਼ੁਰੂ ਹੋ ਗਿਆ ਤੇ ਸੜਕ ਦੇ ਦੋਵੇਂ ਪਾਸੀਂ ਟਿੱਬੇ ਦਿਸਣ ਲੱਗੇ। ਇਸ ਮੰਜ਼ਰ ਦੇ ਨਾਲੋ ਨਾਲ ਜਾਂਦੇ ਹੋਏ ਊਠ ਅਤੇ ਸੜਕ ਕੰਢੇ ਬੈਠੇ, ਪੈਦਲ ਜਾਂਦੇ ਜਾਂ ਸਵਾਰੀ ਕਰਦੇ ਹੋਏ ਬੰਦਿਆਂ ਕੋਲ ਰਫ਼ਲਾਂ ਤੇ ਬੰਡਲੀਆਂ ਵੀ ਨਜ਼ਰ ਆ ਰਹੇ ਸਨ। ਮਨ ਵਿਚ ਖ਼ਿਆਲ ਉੱਠ ਰਹੇ ਸਨ ਕਿ ਅਸੀਂ ਕਿੱਥੇ ਆ ਗਏ ਹਾਂ ਤੇ ਇੱਥੇ ਸਾਡਾ ਕਿਹੋ ਜਿਹਾ ਤਜਰਬਾ ਹੋਵੇਗਾ? ਮੈਂ ਪਹਿਲਾਂ ਉੱਥੇ ਕਦੇ ਨਹੀਂ ਗਿਆ ਸੀ ਤੇ ਇਹ ਮੇਰੇ ਲਈ ਬਿਲਕੁਲ ਅਨੋਖਾ ਅਹਿਸਾਸ ਸੀ। ਇਹ ਗੱਲ ਮੈਨੂੰ ਬਾਅਦ ਵਿਚ ਜਾ ਕੇ ਪਤਾ ਚੱਲੀ ਕਿ ਰਫ਼ਲ ਨੂੰ ਮਾਲਵੇ ਦਾ ‘ਗਹਿਣਾ’ ਐਵੇਂ ਹੀ ਨਹੀਂ ਕਿਹਾ ਜਾਂਦਾ। ਖ਼ੈਰ! ਮੈਂ ਬਠਿੰਡਾ ਪਹੁੰਚ ਕੇ ਜੰਮ ਗਿਆ ਤੇ ਅਤੇ ਅਹੁਦਾ ਸੰਭਾਲ ਲਿਆ। ਬਹੁਤੇ ਲੋਕ ਇਹ ਨਹੀਂ ਜਾਣਦੇ ਹੋਣਗੇ ਕਿ ਬਠਿੰਡਾ ਨੇ ਕਿੰਨੀਆਂ ਲੜਾਈਆਂ ਦੇਖੀਆਂ ਸਨ। ਪੁਰਾਣੇ ਸ਼ਹਿਰ ਵਿਚ ਸਥਿਤ ‘ਕਿਲ੍ਹਾ ਮੁਬਾਰਕ’ ਇਨ੍ਹਾਂ ਲੜਾਈਆਂ ਦਾ ਗਵਾਹ ਬਣਿਆ ਰਿਹਾ ਹੈ। ਇੱਥੇ ਗਜ਼ਨਵੀ, ਗ਼ੌਰੀ, ਪ੍ਰਿਥਵੀ ਰਾਜ ਚੌਹਾਨ, ਰਜ਼ੀਆ ਸੁਲਤਾਨ ਤੇ ਹੋਰ ਬਹੁਤ ਸਾਰੇ ਆਏ ਤੇ ਚਲੇ ਗਏ ਪਰ ਇਹ ਕਿਲ੍ਹਾ ਆਪਣੀ ਥਾਂ ਮੌਜੂਦ ਹੈ। ਸਿੱਖ ਕਾਲ ਦੌਰਾਨ ਇਸ ਖਿੱਤੇ ਅੰਦਰ ਗੁਰੂਸਰ ਤੇ ਮੁਕਤਸਰ ਦੀਆਂ ਲੜਾਈਆਂ ਮਸ਼ਹੂਰ ਹਨ। ਫਿਰ ਐਂਗਲੋ-ਸਿੱਖ ਯੁੱਧ ਦੌਰਾਨ ਮੁਦਕੀ ਤੇ ਫ਼ਿਰੋਜ਼ਸ਼ਾਹ ਦੀਆਂ ਲੜਾਈਆਂ ਦਾ ਖ਼ਾਸ ਤੌਰ ’ਤੇ ਜ਼ਿਕਰ ਆਉਂਦਾ ਹੈ। ਇਹ ਸੂਚੀ ਬਹੁਤ ਲੰਮੀ ਹੈ। ਇਹ ਦੱਸਣ ਦਾ ਮੇਰਾ ਮਕਸਦ ਇੰਨਾ ਕੁ ਹੈ ਕਿ ਇਸ ਇਲਾਕੇ ਤੇ ਇੱਥੋਂ ਦੇ ਬਾਸ਼ਿੰਦਿਆਂ ਦਾ ਮੁਹਾਂਦਰਾ ਕਿਵੇਂ ਬਣਿਆ ਸੀ।

ਇਸ ਇਲਾਕੇ ਦੇ ਲੋਕਾਂ ਅਤੇ ਸਿਆਸਤਦਾਨਾਂ ਦੀ ਸਭ ਤੋਂ ਵੱਡੀ ਮੰਗ ਹਥਿਆਰਾਂ ਦੇ ਲਾਇਸੈਂਸ ਲੈਣਾ ਹੁੰਦੀ ਸੀ। ਉਹ ਲਾਇਸੈਂਸ ਹਾਸਲ ਕਰਨ ਲਈ ਆਪਣੀ ਲੱਤ ਜਾਂ ਬਾਂਹ ‘ਦੇਣ’ ਲਈ ਵੀ ਤਿਆਰ ਹੋ ਜਾਂਦੇ ਸਨ। ਹੱਥ ਵਿਚ ਫੜੀ ਰਫ਼ਲ ਤੇ ਮੋਢੇ ’ਤੇ ਪਾਈ ਬੰਡਲੀ ਉਨ੍ਹਾਂ ਲਈ ਗਹਿਣੇ ਦੇ ਸਮਾਨ ਹੁੰਦੀ ਸੀ ਤੇ ਇਹ ਉਨ੍ਹਾਂ ਲਈ ਇਕ ਤਰ੍ਹਾਂ ਦਾ ਜਨੂੰਨ ਹੁੰਦਾ ਸੀ। ਜਦੋਂ ਪਹਿਲੇ ਪਹਿਲ ਲੋਕ ਮਿਲਣ ਆਉਣ ਲੱਗੇ ਤਾਂ ਬੋਲੀ ਵਿਚ ਫ਼ਰਕ ਆਉਣਾ ਸ਼ੁਰੂ ਹੋ ਗਿਆ ਤੇ ਮੈਨੂੰ ਉਨ੍ਹਾਂ ਦੇ ਕਈ ਲਫ਼ਜ਼ਾਂ ਦਾ ਉੱਕਾ ਹੀ ਪਤਾ ਨਹੀਂ ਚਲਦਾ ਸੀ ਤੇ ਗੱਲ ਸਮਝਣ ਲਈ ਕਈ ਵਾਰ ਸਟਾਫ ਦੀ ਮਦਦ ਵੀ ਲੈਣੀ ਪੈਂਦੀ। ਉਂਝ, ਹੌਲੀ ਹੌਲੀ ਰੂਟੀਨ ਬਣ ਗਈ ਪਰ ਸਥਾਨਕ ਲੋਕਾਚਾਰ ’ਤੇ ਪਕੜ ਬਣਾਉਣ ਵਿਚ ਕੁਝ ਵਕਤ ਜ਼ਰੂਰ ਲੱਗਿਆ। ਇਕ ਵਾਰ ਇਕ ਐਮਐੱਲਏ ਆਇਆ। ਉਸ ਨੇ ਮਾਨਸਾ ਵਿਚ ਹੋਏ ਇਕ ਕਤਲ ਬਾਰੇ ਮੈਨੂੰ ਦੱਸਿਆ। ਉਹ ਇਸ ਦੀ ਜਾਂਚ ਕਿਸੇ ਸੀਨੀਅਰ ਅਫ਼ਸਰ ਤੋਂ ਕਰਵਾਉਣਾ ਚਾਹੁੰਦਾ ਸੀ। ਮੈਂ ਉਸ ਕੇਸ ਦੇ ਵੇਰਵੇ ਨੋਟ ਕਰਨੇ ਭੁੱਲ ਗਿਆ ਤੇ ਐੱਸਐੱਚਓ ਨੂੰ ਟੈਲੀਫੋਨ ਕਰ ਕੇ ਉਸ ਕਤਲ ਕੇਸ ਬਾਰੇ ਪੁੱਛਿਆ। ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਉਸ ਨੇ ਮੈਨੂੰ ਪੁੱਛਿਆ ਕਿ ਮੈਂ ਕਿਹੜੇ ਕੇਸ ਦਾ ਜ਼ਿਕਰ ਕਰ ਰਿਹਾ ਹਾਂ ਕਿਉਂਕਿ ਪਿਛਲੇ ਇਕ ਹਫ਼ਤੇ ਦੌਰਾਨ ਉੱਥੇ ਕਤਲ ਦੀਆਂ ਸੱਤ ਵਾਰਦਾਤਾਂ ਹੋਈਆਂ ਸਨ। ਮੈਂ ਨਿਰਉੱਤਰ ਹੋ ਗਿਆ ਕਿਉਂਕਿ ਮੈਂ ਕਪੂਰਥਲੇ ਤੋਂ ਆਇਆ ਸੀ ਜਿੱਥੇ ਸਾਲ ਵਿਚ ਮਸਾਂ ਇਕ ਦੋ ਕਤਲ ਹੁੰਦੇ ਸਨ। ਉਸ ਤੋਂ ਬਾਅਦ ਇਹਤਿਆਤ ਵਜੋਂ ਵੇਰਵੇ ਨੋਟ ਕਰਨ ਲੱਗ ਪਿਆ ਕਿਉਂਕਿ ਕਤਲ ਦੇ ਮਾਮਲਿਆਂ ਦੀ ਮੁੜ ਜਾਂਚ ਕਰਾਉਣ ਦੀਆਂ ਅਰਜ਼ੀਆਂ ਅਕਸਰ ਆਉਂਦੀਆਂ ਰਹਿੰਦੀਆਂ ਸਨ। ਇਸ ਨਾਲ ਭ੍ਰਿਸ਼ਟਾਚਾਰ ਤੇ ਕੇਸਾਂ ਦੇ ਕਮਜ਼ੋਰ ਪੈਣ ਦਾ ਇਕ ਹੋਰ ਚੱਕਰ ਚੱਲ ਪੈਂਦਾ ਸੀ। ਮੈਨੂੰ ਯਾਦ ਹੈ ਕਿ ਇਕੇਰਾਂ ਕਿਸੇ ਪਿੰਡ ਦਾ ਬੰਦਾ ਇਕ ਕਤਲ ਦੇ ਕੇਸ ਦੀ ਮੁੜ ਜਾਂਚ ਕਰਾਉਣ ਦੀ ਸ਼ਿਕਾਇਤ ਲੈ ਕੇ ਆਇਆ। ਮੈਂ ਉਸ ਨੂੰ ਆਖਿਆ ਕਿ ਜੇ ਉਹ ਐੱਸਐੱਚਓ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਹੈ ਤਾਂ ਮੈਂ ਡੀਐੱਸਪੀ ਤੋਂ ਜਾਂਚ ਕਰਵਾ ਸਕਦਾ ਹਾਂ। ਉਸ ਨੇ ਜਵਾਬ ਦਿੱਤਾ ਕਿ ਉਨ੍ਹਾਂ ‘ਥਾਣਾ ਬੰਨ੍ਹ ਲਿਆ ਹੈ’। ਉਸ ਦੀ ਗੱਲ ਮੇਰੀ ਖ਼ਾਨੇ ਨਾ ਪਈ ਤੇ ਮੈਂ ਅੰਦਾਜ਼ਾ ਲਾਇਆ ਕਿ ਉਸ ਦਾ ਮਤਲਬ ਹੈ ਕਿ ਮੁਕਾਮੀ ਪੁਲੀਸ ਦੀ ਤਰ੍ਹਾਂ ਡੀਐੱਸਪੀ ਵੀ ਗੱਠਿਆ ਹੋਇਆ ਹੈ। ਇਕ ਪਾਸੇ ਉਸ ਦੀ ਗੱਲ ਭਰੋਸੇਮੰਦ ਲੱਗਦੀ ਹੋਣ ਕਰਕੇ ਮੈਂ ਜਕੋਤਕੀ ਵਿਚ ਸੀ ਤੇ ਦੂਜੇ ਪਾਸੇ ਅਫ਼ਸਰ ਦੀ ਨਿਯੁਕਤੀ ਬਾਰੇ ਕੋਈ ਨਿਰਣਾ ਨਹੀਂ ਕਰ ਪਾ ਰਿਹਾ ਸੀ। ਇਸ ’ਚੋਂ ਨਿਕਲਣ ਦਾ ਇਕੋ ਇਕ ਰਾਹ ਇਹ ਸੀ ਕਿ ਐੱਸਪੀ ਤੋਂ ਜਾਂਚ ਕਰਵਾਈ ਜਾਵੇ ਅਤੇ ਜੇ ਫਿਰ ਵੀ ਗੱਲ ਨਾ ਬਣੀ ਤਾਂ ਮਾਮਲਾ ਸੀਆਈਡੀ ਕੋਲ ਤਬਦੀਲ ਕਰ ਦਿੱਤਾ ਜਾਵੇ। ਬਾਅਦ ਵਿਚ ਮੈਨੂੰ ਪਤਾ ਲੱਗਿਆ ਕਿ ਖ਼ਾਸਕਰ ਯੋਜਨਾਬੱਧ ਢੰਗ ਨਾਲ ਕੀਤੇ ਜਾਂਦੇ ਕਤਲ ਦੇ ਮਾਮਲਿਆਂ ਵਿਚ ਬਹੁਤ ਸਾਰੇ ਲੋਕਾਂ ਨੂੰ ਪੈਸਾ ਛਕਾਇਆ ਜਾਂਦਾ ਹੈ। ਸੀਨੀਅਰ ਅਫ਼ਸਰਾਂ ਨੂੰ ਮੁੱਢ ਤੋਂ ਹੀ ਕਤਲ ਦੇ ਕੇਸਾਂ ਦੀ ਜਾਂਚ ਦੇ ਅਮਲ ਵਿਚ ਸ਼ਾਮਲ ਕਰਨ ਨਾਲ ਕਾਫ਼ੀ ਹੱਦ ਤੱਕ ਇਸ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਹੈ। ਅਸੀਂ ਨੇੜਿਓਂ ਨਿਗਰਾਨੀ ਰੱਖ ਕੇ, ਸੀਨੀਅਰ ਅਫ਼ਸਰਾਂ ਨੂੰ ਸ਼ਾਮਲ ਕਰ ਕੇ ਤੇ ਸ਼ਿਕਾਇਤਕਰਤਾਵਾਂ ਨਾਲ ਤਾਲਮੇਲ ਬਣਾ ਕੇ ਇਸ ਅਲਾਮਤ ਨਾਲ ਸਿੱਝਦੇ ਸਾਂ। ਸ਼ਿਕਾਇਤਾਂ ਕਰਨ ਵਾਲੇ ਵੀ ਚਾਲਾਂ ਚੱਲਦੇ ਰਹਿੰਦੇ ਸਨ ਅਤੇ ਉਨ੍ਹਾਂ ਦੀ ਆਦਤ ਹੁੰਦੀ ਕਿ ਕਈ ਨਾਜਾਇਜ਼ ਨਾਂ ਐਫਆਈਆਰ ਵਿਚ ਪਵਾ ਦਿੱਤੇ ਜਾਣ ਤਾਂ ਕਿ ਪੂਰਾ ਪਰਿਵਾਰ ਮੁਕੱਦਮਾ ਭੁਗਤਦਾ ਫਿਰੇ। ਝੂਠ ਤੇ ਸੱਚ ਦਾ ਨਿਖੇੜਾ ਬਹੁਤ ਧਿਆਨ ਨਾਲ ਕਰਨਾ ਪੈਂਦਾ ਹੈ ਕਿਉਂਕਿ ਜਦੋਂ ਵੀ ਚਾਰਜਸ਼ੀਟ ’ਚੋਂ ਕਿਸੇ ਨਿਰਦੋਸ਼ ਦਾ ਨਾਂ ਹਟਾਇਆ ਜਾਂਦਾ ਹੈ ਤਾਂ ਪੁਲੀਸ ’ਤੇ ਪੈਸੇ ਖਾਣ ਦੇ ਦੋਸ਼ ਲੱਗਣੇ ਸ਼ੁਰੂ ਹੋ ਜਾਂਦੇ ਸਨ। ਬਹਰਹਾਲ, ਜੇ ਪੁਲੀਸ ਦੀ ਜਾਂਚ ਸਹੀ ਤਰੀਕੇ ਨਾਲ ਕੀਤੀ ਗਈ ਹੋਵੇ ਤਾਂ ਇਹ ਸਾਰੇ ਦੋਸ਼ ਹਵਾ ਹੋ ਜਾਂਦੇ ਸਨ ਕਿਉਂਕਿ ਇਲਾਕੇ ਦੇ ਲੋਕਾਂ ਨੂੰ ਅਸਲੀਅਤ ਪਤਾ ਹੁੰਦੀ ਸੀ।

ਕਤਲਾਂ ਦਾ ਇਕ ਆਮ ਤੇ ਸਾਂਝਾ ਕਾਰਨ ਬਦਲਾ ਹੁੰਦਾ ਹੈ। ਇੱਥੇ ਪੀੜ੍ਹੀ-ਦਰ-ਪੀੜ੍ਹੀ ਦੁਸ਼ਮਣੀ ਚਲਦੀ ਰਹਿੰਦੀ ਸੀ ਤੇ ਅਪਰਾਧ ਦਾ ਸਿਲਸਿਲਾ ਲੰਮਾ ਹੁੰਦਾ ਰਹਿੰਦਾ। ਮੁਆਫ਼ੀ ਤੇ ਰਹਿਮਦਿਲੀ ਦਾ ਵਰਤਾਰਾ ਘੱਟ ਹੀ ਨਜ਼ਰ ਪੈਂਦਾ ਸੀ। ਮੈਨੂੰ ਇਕ ਕੇਸ ਯਾਦ ਆਉਂਦਾ ਹੈ ਜਦੋਂ ਵੀਹ ਕੁ ਸਾਲ ਦੇ ਇਕ ਨੌਜਵਾਨ ਨੇ ਇਕ ਬੰਦੇ ਨੂੰ ਕਤਲ ਕਰ ਦਿੱਤਾ ਤੇ ਫਿਰ ਪੁਲੀਸ ਸਟੇਸ਼ਨ ਪਹੁੰਚ ਕੇ ਆਪਣਾ ਗੁਨਾਹ ਕਬੂਲ ਕਰ ਲਿਆ। ਮੈਂ ਉਸ ਮੁੰਡੇ ਨੂੰ ਮਿਲਿਆ। ਮੈਂ ਉਸ ਤੋਂ ਪੁੱਛਿਆ ਕਿ ਕਤਲ ਦੀ ਮੂਲ ਵਜ੍ਹਾ ਕੀ ਹੈ ਤਾਂ ਉਸ ਨੇ ਦੱਸਿਆ ਕਿ ਉਸ ਦੀ ਮਾਂ ਪੇਟ ਤੋਂ ਸੀ ਜਦੋਂ ਉਸ ਦੇ ਪਿਓ ਨੂੰ ਇਸ ਬੰਦੇ (ਮਕਤੂਲ) ਨੇ ਮਾਰ ਦਿੱਤਾ ਸੀ ਤੇ ਜਦੋਂ ਤੋਂ ਉਸ ਨੇ ਹੋਸ਼ ਸੰਭਾਲੀ ਸੀ ਤਾਂ ਉਸ ਦੀ ਮਾਂ ਦੀ ਇਕੋ ਗੱਲ ਕਹਿੰਦੀ ਹੁੰਦੀ ਸੀ ਕਿ ‘ਮੈਂ ਆਪਣੇ ਪਿਓ ਦੇ ਖ਼ੂਨ ਦਾ ਬਦਲਾ ਲਵਾਂ।’ ਇਹ ਗੱਲ ਉਸ ਦੇ ਮਨ ਵਿਚ ਰਚ-ਮਿਚ ਗਈ ਸੀ ਤੇ ਜਦੋਂ ਪਹਿਲਾ ਮੌਕਾ ਮਿਲਿਆ ਤਾਂ ਉਸ ਨੇ ਇਹ ਕੰਡਾ ਕੱਢ ਦਿੱਤਾ। ਇਸੇ ਨੂੰ ਮਾਲਵਾ ਕਿਹਾ ਜਾਂਦਾ ਹੈ।

ਇਸ ਤੋਂ ਇਲਾਵਾ ਨਹਿਰਾਂ ਤੇ ਸੂਏ ਵੱਢਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨਾਲ ਕਈ ਵਾਰ ਲੜਾਈਆਂ ਤੇ ਕਦੇ ਕਦਾਈਂ ਕਤਲ ਵੀ ਹੋ ਜਾਂਦੇ ਸਨ। ਦੋਆਬੇ ਤੋਂ ਉਲਟ ਇੱਥੇ ਫ਼ਸਲ ਦੀ ਸਿੰਜਾਈ ਨਹਿਰੀ ਪਾਣੀ ਨਾਲ ਕੀਤੀ ਜਾਂਦੀ ਸੀ ਜਿਸ ਦੀਆਂ ਇਲਾਕਾਵਾਰ ਵਾਰੀਆਂ ਬੰਨ੍ਹੀਆਂ ਹੁੰਦੀਆਂ ਸਨ ਤੇ ਕਿਸਾਨ ਆਪੋ-ਆਪਣੀ ਵਾਰੀ ’ਤੇ ਪਾਣੀ ਲਾਉਂਦੇ ਸਨ। ਆਮ ਤੌਰ ’ਤੇ ਰਾਤ ਦੀ ਵਾਰੀ ਆਉਂਦੀ ਸੀ ਤੇ ਅਗਲੇ ਕਿਸਾਨ ਪਾਣੀ ਵੱਢ ਲੈਂਦੇ ਸਨ ਜਿਸ ਕਰਕੇ ਪਿਛਲੇ ਕਿਸਾਨਾਂ ਨੂੰ ਪਾਣੀ ਨਹੀਂ ਮਿਲਦਾ ਸੀ। ਇਸ ਨਾਲ ਲੜਾਈ ਝਗੜੇ ਤੇ ਕਤਲ ਹੋ ਜਾਂਦੇ ਸਨ। ਅਪਰਾਧ ਰੋਜ਼ਨਾਮਚੇ ਵਿਚ ਪਾਣੀ ਦੀਆਂ ਵਾਰੀਆਂ ’ਤੇ ਹੁੰਦੇ ਝਗੜਿਆਂ ਲਈ ਇਕ ਵੱਖਰੀ ਮੱਦ ਹੁੰਦੀ ਸੀ। ਇਸ ਵਿਸ਼ੇ ’ਤੇ ਸਥਾਈ ਤਫ਼ਸੀਲੀ ਹੁਕਮ ਜਾਰੀ ਕੀਤੇ ਗਏ ਸਨ ਜੋ ਖ਼ਾਸ ਤੌਰ ’ਤੇ ਇਲਾਕੇ ਦੇ ਡੀਆਈਜੀ ਚੌਧਰੀ ਰਾਮ ਸਿੰਘ ਵੱਲੋਂ ਜਾਰੀ ਕੀਤੇ ਗਏ ਸਨ। ਇਹ ਸਥਾਈ ਹੁਕਮ ਤੇ ਕਈ ਤਰ੍ਹਾਂ ਦੀਆਂ ਹੋਰ ਸੇਧਾਂ ਵਾਕਈ ਅੱਖਾਂ ਖੋਲ੍ਹਣ ਵਾਲੀਆਂ ਹੁੰਦੀਆਂ ਸਨ। ਇਹੋ ਜਿਹੇ ਬਹੁਤ ਹੀ ਅਨੁਭਵੀ ਅਫ਼ਸਰਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਸੇ ਤਰ੍ਹਾਂ ਦਾ ਇਕ ਕਿੱਸਾ ਮੈਂ ਇੱਥੇ ਸਾਂਝਾ ਕਰ ਰਿਹਾ ਹਾਂ। ਦੀਵਾਲੀ ਤੋਂ ਦੋ ਕੁ ਦਿਨ ਪਹਿਲਾਂ ਦੀ ਗੱਲ ਸੀ ਜਦੋਂ ਡੀਆਈਜੀ ਫਿਰੋਜ਼ਪੁਰ ਰੇਂਜ (ਮਰਹੂਮ ਸ੍ਰੀ ਐੱਸ.ਕੇ. ਸਾਹਨੀ ਜੋ ਡੀਜੀਪੀ ਪੰਜਾਬ ਵਜੋਂ ਸੇਵਾਮੁਕਤ ਹੋਏ ਸਨ) ਨੇ ਮੈਨੂੰ ਫੋਨ ਕਰ ਕੇ ਪੁੱਛਿਆ ਕਿ ਦੀਵਾਲੀ ਮੌਕੇ ਅਮਨ ਅਮਾਨ ਬਰਕਰਾਰ ਰੱਖਣ ਲਈ ਮੈਂ ਕੀ ਬੰਦੋਬਸਤ ਕੀਤੇ ਹਨ। ਮੇਰੀ ਗੱਲ ਸੁਣਨ ਤੋਂ ਬਾਅਦ ਉਨ੍ਹਾਂ ਮੈਨੂੰ ਸਲਾਹ ਦਿੱਤੀ ਕਿ ਦੀਵਾਲੀ ਦੇ ਦਿਨ ਮੈਂ ਸਵੇਰਸਾਰ ਨਿਕਲ ਪਵਾਂ ਤੇ ਸਭ ਤੋਂ ਅਖੀਰਲੇ ਪੁਲੀਸ ਸਟੇਸ਼ਨ ਤੱਕ ਹੋ ਕੇ ਆਵਾਂ ਜੋ ਬਠਿੰਡਾ ਸ਼ਹਿਰ ਤੋਂ ਕਰੀਬ 200 ਕਿਲੋਮੀਟਰ ਦੂਰ ਬੋਹੇ ਦਾ ਸੀ। ਮੈਂ ਅਚਨਚੇਤ ਨਿਰੀਖਣ ਕਰਨਾ ਸੀ ਤੇ ਪਤਾ ਲਾਉਣਾ ਸੀ ਕਿ ਗਸ਼ਤ ਪਾਰਟੀਆਂ ਘੱਲੀਆਂ ਗਈਆਂ ਹਨ ਜਾਂ ਨਹੀਂ। ਉੱਥੋਂ ਵਾਪਸੀ ’ਤੇ ਰਾਹ ਵਿਚ ਪੈਂਦੇ ਪੁਲੀਸ ਸਟੇਸ਼ਨਾਂ ਦੀ ਚੈਕਿੰਗ ਕੀਤੀ ਜਾਣੀ ਸੀ। ਇਸ ਤੋਂ ਇਲਾਵਾ ਕੁਝ ਪਿੰਡਾਂ ’ਚੋਂ ਵੀ ਪਤਾ ਕਰਨਾ ਸੀ ਕਿ ਕੀ ਗਸ਼ਤ ਪਾਰਟੀਆਂ ਉੱਥੇ ਪਹੁੰਚੀਆਂ ਸਨ ਜਾਂ ਨਹੀਂ। ਜਦੋਂ ਮੈਂ ਪਹਿਲੇ ਪੁਲੀਸ ਸਟੇਸ਼ਨ ਵਿਚ ਪੁੱਜਿਆ ਤਾਂ ਉਨ੍ਹਾਂ ਬਾਕੀਆਂ ਨੂੰ ਖ਼ਬਰਦਾਰ ਕਰ ਦਿੱਤਾ। ਉਂਝ, ਹੁਕਮਾਂ ਦੀ ਪੂਰੀ ਪਾਲਣਾ ਹੋਈ ਤੇ ਕੋਈ ਵੀ ਮੁਲਾਜ਼ਮ ਗ਼ੈਰਹਾਜ਼ਰ ਨਹੀਂ ਪਾਇਆ ਗਿਆ। ਇਸ ਕਵਾਇਦ ਦਾ ਮਕਸਦ ਵੀ ਇਹੀ ਸੀ ਕਿ ਹਰੇਕ ਮੁਲਾਜ਼ਮ ਬਾਹਰ ਜਾ ਕੇ ਡਿਊਟੀ ਕਰੇ।

ਮੈਂ ਆਪਣੇ ਸੈਂਡਵਿਚ ਲੈ ਕੇ ਚੱਲਿਆ ਸੀ ਜਿਸ ਕਰਕੇ ਕਿਤੇ ਰੁਕਣ ਦੀ ਲੋੜ ਨਹੀਂ ਪਈ। ਧੂੜ ਭਰੀਆਂ ਸਿੰਗਲ ਸੜਕਾਂ ’ਤੇ ਸੈਂਕੜੇ ਕਿਲੋਮੀਟਰ ਦਾ ਸਫ਼ਰ ਕਰ ਕੇ ਅਸੀਂ ਦਿਨ ਢਲੇ ਪਰਤੇ ਤੇ ਇਸ ਦੌਰਾਨ ਮੈਂ ਇਹ ਵੀ ਪਤਾ ਕੀਤਾ ਕਿ ਕੀ ਸੰਤਰੀਆਂ ਨੇ ਕੋਈ ਦੀਵਾਲੀ ਦਾ ਤੋਹਫ਼ਾ ਹਾਸਲ ਕੀਤਾ ਸੀ ਜੋ ਉਸ ਦਿਨ ਲਈ ਡੀਆਈਜੀ ਦਾ ਆਖ਼ਰੀ ਨਿਰਦੇਸ਼ ਸੀ। ਨਾਂਹ ਵਿਚ ਜਵਾਬ ਸੁਣ ਕੇ ਮੇਰੀ ਤਸੱਲੀ ਹੋ ਗਈ। ਅਗਲੀ ਸਵੇਰ ਮੈਨੂੰ ਪਤਾ ਚੱਲਿਆ ਕਿ ਪਹਿਲੇ ਸਾਲਾਂ ਦੇ ਮੁਕਾਬਲੇ ਕਤਲਾਂ ਦੀ ਗਿਣਤੀ ਵਿਚ 80 ਫ਼ੀਸਦੀ ਕਮੀ ਆਈ ਹੈ।

ਇਸ ਕਿਸਮ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ ਪਰ ਇਨ੍ਹਾਂ ਦਾ ਸਾਰ-ਤੱਤ ਇਹੀ ਹੈ ਕਿ ਵੱਖੋ ਵੱਖਰੀਆਂ ਬੋਲੀਆਂ, ਤੌਰ ਤਰੀਕਿਆਂ ਤੇ ਸਲੀਕਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਮਾਲਵੇ ਦੇ ਲੋਕ ਆਮ ਤੌਰ ’ਤੇ ਅਧਿਕਾਰੀਆਂ ਦਾ ਸਤਿਕਾਰ ਕਰਦੇ ਹਨ ਜਦੋਂਕਿ ਦੋਆਬੇ ਤੇ ਮਾਝੇ ਵਿਚ ਇਹ ਘੱਟ ਵੇਖਣ ਨੂੰ ਮਿਲਦਾ ਹੈ ਤੇ ਉਹ ਕਦੇ ਵੀ ਕੋਈ ਕੰਮ ਲੈ ਕੇ ਮੇਰੀ ਰਿਹਾਇਸ਼ ’ਤੇ ਨਹੀਂ ਆਉਂਦੇ ਸਨ। ਉਂਝ, ਅਪਵਾਦ ਵੀ ਹੁੰਦੇ ਹਨ ਤੇ ਅਜਿਹਾ ਹੀ ਇਕ ਮਾਮਲਾ ਇਕ ਰਸੂਖਦਾਰ ਵਿਧਾਇਕ ਤੇ ਇਕ ਹੋਰ ਸਿਆਸਤਦਾਨ ਹੈ ਜਿਨ੍ਹਾਂ ਦੀ ਮੁੱਖ ਮੰਤਰੀ ਨਾਲ ਨੇੜਤਾ ਸੀ। ਇਕ ਸਵੇਰ ਜਦੋਂ ਮੈਂ ਕਿਸੇ ਸ਼ਿਕਾਇਤਕਰਤਾ ਦੀ ਗੱਲ ਸੁਣ ਰਿਹਾ ਸੀ ਤਾਂ ਉਹ ਦੋਵੇਂ ਮੇਰੇ ਦਫ਼ਤਰ ਵਿਚ ਆਣ ਵੜੇ। ਕੁਝ ਜਾਣੇ ਬਗ਼ੈਰ ਹੀ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਮੇਰੇ ਫ਼ਾਰਗ ਹੋਣ ਤੱਕ ਉਹ ਬਾਹਰ ਇੰਤਜ਼ਾਰ ਕਰਨ। ਉਹ ਸੁਣ ਕੇ ਦੰਗ ਰਹਿ ਗਏ ਤੇ ਉਨ੍ਹਾਂ ਆਪਣਾ ਤਾਅਰੁਫ਼ ਕਰਵਾਇਆ। ਮੈਂ ਆਪਣੀ ਬੇਨਤੀ ਦੁਹਰਾਈ ਤਾਂ ਉਹ ਬਾਹਰ ਚਲੇ ਗਏ। ਮੈਂ ਆਪਣੇ ਅਰਦਲੀ ਨੂੰ ਬੁਲਾ ਕੇ ਤਾਕੀਦ ਕੀਤੀ ਕਿ ਅੱਗੇ ਤੋਂ ਇੰਝ ਨਹੀਂ ਹੋਣਾ ਚਾਹੀਦਾ। ਉਸ ਦਾ ਜਵਾਬ ਸੀ ਕਿ ਇਹ ਦੋਵੇਂ ਤਾਂ ਹਮੇਸ਼ਾ ਇਵੇਂ ਸਿੱਧੇ ਹੀ ਆਉਂਦੇ ਰਹੇ ਹਨ। ਮੈਂ ਤਾੜ ਗਿਆ ਕਿ ਮੈਂ ਕਿਹੋ ਜਿਹਾ ਕਸੂਤਾ ਵੈਰ ਮੁੱਲ ਲੈ ਲਿਆ ਹੈ। ਆਖ਼ਰਕਾਰ ਦੋ ਸਾਲਾਂ ਬਾਅਦ ਉਹ ਦੋਵੇਂ ਜਣੇ ਸਫ਼ਲ ਹੋ ਗਏ ਤੇ ਮੈਨੂੰ ਐੱਸਐੱਸਪੀ ਪਟਿਆਲਾ ਲਈ ਤਬਾਦਲੇ ਦੇ ਹੁਕਮ ਮਿਲ ਗਏ। ਇਸ ਨਾਲ ਬਠਿੰਡਾ ਵਿਚ ਮੇਰੀ ਤਾਇਨਾਤੀ ਦਾ ਭੇਤ ਵੀ ਖੁੱਲ੍ਹ ਗਿਆ। ਇਨ੍ਹਾਂ ਦੋਵੇਂ ਆਗੂਆਂ ਬਾਰੇ ਭੱਲ ਬਣੀ ਹੋਈ ਸੀ ਕਿ ਉਹ ਮੁੱਖ ਮੰਤਰੀ ਦੇ ‘ਖ਼ਾਸ ਬੰਦੇ’ ਹਨ ਪਰ ਉਨ੍ਹਾਂ ਹੇਠਾਂ ਤੋਂ ਲੈ ਕੇ ਉਪਰਲੇ ਪੱਧਰ ਤੱਕ ਸਮੁੱਚੀ ਨੌਕਰਸ਼ਾਹੀ ਗੰਢ ਰੱਖੀ ਸੀ ਤੇ ਉਨ੍ਹਾਂ (ਮੁੱਖ ਮੰਤਰੀ) ਦੀ ਜਾਣਕਾਰੀ ਤੋਂ ਬਗ਼ੈਰ ਹੀ ਆਪਣੇ ਕੰਮ ਕਰਵਾਉਂਦੇ ਰਹਿੰਦੇ ਸਨ। ਮੁੱਖ ਮੰਤਰੀ ਵੀ ਘਾਗ ਸਿਆਸਤਦਾਨ ਸੀ ਤੇ ਉਨ੍ਹਾਂ ਮੈਨੂੰ ਇਹ ਟੀਕਾ ਲਾ ਕੇ ਤੋਰਿਆ ਸੀ ਕਿ ਇਨ੍ਹਾਂ ਦੋਵਾਂ ਨੂੰ ਕੁਸਕਣ ਨਹੀਂ ਦੇਣਾ ਅਤੇ ਪਹਿਲੇ ਦਿਨ ਤੋਂ ਹੀ ਇਉਂ ਹੀ ਹੋਇਆ। ਥਾਣੇਦਾਰਾਂ ਦੀਆਂ ਨਿਯੁਕਤੀਆਂ ਤੇ ਤਬਾਦਲਿਆਂ, ਕੇਸਾਂ ਦੀਆਂ ਪੜਤਾਲਾਂ, ਹਥਿਆਰਾਂ ਦੇ ਲਾਇਸੈਂਸਾਂ ਅਤੇ ਥਾਣਿਆਂ ਨੂੰ ਮਨਮਰਜ਼ੀ ਨਾਲ ਵਰਤਣ ਦੀਆਂ ਇਨ੍ਹਾਂ ਦੀਆਂ ਸਾਰੀਆਂ ਬੇਨਤੀਆਂ ਤੇ ਮੰਗਾਂ ਨਾਮਨਜ਼ੂਰ ਹੁੰਦੀਆਂ ਰਹੀਆਂ। ਉਹ ਦੋਵੇਂ ਮੁੱਖ ਮੰਤਰੀ ਕੋਲ ਮੇਰੀਆਂ ਸ਼ਿਕਾਇਤਾਂ ਲੈ ਕੇ ਚੰਡੀਗੜ੍ਹ ਦੇ ਚੱਕਰ ਕੱਟਦੇ ਰਹੇ ਪਰ ਉਨ੍ਹਾਂ ਨੇ ਇਨ੍ਹਾਂ ਦੇ ਆਖੇ ਲੱਗ ਕੇ ਕਦੇ ਮੇਰੇ ਕੰਮ ’ਚ ਦਖ਼ਲ ਨਹੀਂ ਦਿੱਤਾ ਸੀ ਅਤੇ ਮੇਰਾ ਖ਼ਿਆਲ ਸੀ ਕਿ ਇੰਝ ਉਨ੍ਹਾਂ ਦੋਵੇਂ ਸਿਆਸਤਦਾਨਾਂ ਨੂੰ ਵੀ ਇਕ ਸਬਕ ਮਿਲ ਗਿਆ ਸੀ। ਜਦੋਂ ਨਵੇਂ ਹੁਕਮ ਆ ਗਏ ਤਾਂ ਅਸੀਂ ਆਪਣਾ ਸਾਜ਼ੋ-ਸਾਮਾਨ ਬੰਨ੍ਹ ਕੇ ਪਟਿਆਲੇ ਪਹੁੰਚ ਗਏ ਅਤੇ ਫਿਰ ਉੱਥੋਂ ਅਖੀਰੀ ਚੰਡੀਗੜ੍ਹ ਦੇ ਸਕੱਤਰੇਤ ਆਣ ਟਿਕੇ ਜਿੱਥੋਂ ਦੀ ਕਹਾਣੀ ਕਿਸੇ ਦਿਨ ਫਿਰ ਸਹੀ।

* ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਰਾਸ਼ਟਰਮੰਡਲ ਖੇਡਾਂ: ਬੈਡਮਿੰਟਨ ਖਿਡਾਰੀਆਂ ਨੇ ਭਾਰਤ ਨੂੰ ਦਿਵਾਏ ਤਿੰਨ ਸੋਨ ਤਗ਼ਮੇ

ਰਾਸ਼ਟਰਮੰਡਲ ਖੇਡਾਂ: ਬੈਡਮਿੰਟਨ ਖਿਡਾਰੀਆਂ ਨੇ ਭਾਰਤ ਨੂੰ ਦਿਵਾਏ ਤਿੰਨ ਸੋਨ ਤਗ਼ਮੇ

ਖੇਡਾਂ ਦੇ ਸਮਾਪਤੀ ਸਮਾਰੋਹ ’ਚ ਸ਼ਰਤ ਕਮਲ ਤੇ ਨਿਖਤ ਜ਼ਰੀਨ ਹੋਣਗੇ ਭਾਰਤੀ ...

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਮੰਤਰੀ ਨੇ ਬਿੱਲ ਨੂੰ ਸਥਾਈ ਕਮੇਟੀ ਨੂੰ ਭੇਜਣ ਦੀ ਅਪੀਲ ਕੀਤੀ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਬਿੱਲ ਸੂਬਿਆਂ ਦੇ ਅਧਿਕਾਰਾਂ ’ਤੇ ਇੱਕ ਹੋਰ ਹਮਲਾ ਕਰਾਰ

ਰਾਜਸਥਾਨ: ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗਦੜ ’ਚ ਤਿੰਨ ਔਰਤਾਂ ਦੀ ਮੌਤ, ਚਾਰ ਜ਼ਖ਼ਮੀ

ਰਾਜਸਥਾਨ: ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗਦੜ ’ਚ ਤਿੰਨ ਔਰਤਾਂ ਦੀ ਮੌਤ, ਚਾਰ ਜ਼ਖ਼ਮੀ

ਮੋਦੀ, ਰਾਹੁਲ ਤੇ ਗਹਿਲੋਤ ਨੇ ਘਟਨਾ ਉੱਤੇ ਦੁੱਖ ਜ਼ਾਹਿਰ ਕੀਤਾ

ਸ਼ਹਿਰ

View All