‘ਅਨਅਕਸਟਮਡ ਅਰਥ’ ’ਚ ਮੁੱਖ ਕਿਰਦਾਰ ਨਿਭਾਏਗੀ ਫ਼ਰੀਦਾ ਪਿੰਟੋ
ਭਾਰਤੀ ਅਦਾਕਾਰਾ ਫ਼ਰੀਦਾ ਪਿੰਟੋ ‘ਅਨਅਕਸਟਮਡ ਅਰਥ’ ਨਾਂ ਦੀ ਸੀਰੀਜ਼ ਵਿੱਚ ਮੁੱਖ ਕਿਰਦਾਰ ਵਿੱਚ ਨਜ਼ਰ ਆਵੇਗੀ। ਇਹ ਸੀਰੀਜ਼ ਝੁੰਪਾ ਲਹਿਰੀ ਦੇ ਲਘੂ ਕਹਾਣੀ ਸੰਗ੍ਰਹਿ ’ਤੇ ਆਧਾਰਿਤ ਹੈ। ਨੈੱਟਫਲਿਕਸ ਨੇ ਅੱਠ ਐਪੀਸੋਡਜ਼ ਵਾਲੀ ਇਸ ਸੀਰੀਜ਼ ਦਾ ਅਪਰੈਲ ਵਿੱਚ ਐਲਾਨ ਕੀਤਾ ਸੀ। ‘ਸਲੱਮਡੌਗ ਮਿਲੇਨੀਅਰ’, ‘ਰਾਈਜ਼ ਆਫ ਦਿ ਪਲੈਨੇਟ ਆਫ ਦਿ ਏਪਸ’, ‘ਯੂ ਵਿੱਲ ਮੀਟ ਏ ਟਾਲ ਡਾਰਕ ਸਟ੍ਰੇਂਜਰ’ ਅਤੇ ‘ਲਵ ਸੋਨੀਆ’ ਵਰਗੀਆਂ ਫਿਲਮਾਂ ਲਈ ਮਸ਼ਹੂਰ ਪਿੰਟੋ ਇਸ ਸੀਰੀਜ਼ ਵਿੱਚ ਪਾਰੁਲ ਚੌਧਰੀ ਦੀ ਭੂਮਿਕਾ ਨਿਭਾਏਗੀ। ਇਹ ਸੀਰੀਜ਼ ਜੌਨ ਵੈੱਲਜ਼ ਵੱਲੋਂ ਮਾਧੂਰੀ ਸ਼ੇਕਰ ਨਾਲ ਰਲ ਕੇ ਲਿਖੀ ਜਾਵੇਗੀ। ਜੌਨ ਵੈੱਲਜ਼ ਅਮਰੀਕੀ ਸ਼ੋਅ ‘ਸ਼ੇਮਲੈੱਸ’, ‘ਅਗਸਤ: ਓਸੇਜ ਕਾਊਂਟੀ’ ਅਤੇ ‘ਬਰਨਟ’ ਵਰਗੀਆਂ ਫਿਲਮਾਂ ਦੇ ਨਿਰਦੇਸ਼ਨ ਲਈ ਮਸ਼ਹੂਰ ਹੈ। ਇਸੇ ਤਰ੍ਹਾਂ ‘ਦਿ ਲੰਚਬਾਕਸ’ ਅਤੇ ‘ਫੋਟੋਗ੍ਰਾਫ’ ਦੇ ਨਿਰਦੇਸ਼ਕ ਰਿਤੇਸ਼ ਬੱਤਰਾ ਪਹਿਲੇ ਅਤੇ ਦੂਜੇ ਐਪੀਸੋਡਾਂ ਦਾ ਨਿਰਦੇਸ਼ਨ ਕਰਨਗੇ। ਬੱਤਰਾ ਅਤੇ ਨਿਸ਼ਾ ਗਣਤਰਾ ਫਿਲਮ ਦੇ ਕਾਰਜਕਾਰੀ ਨਿਰਮਾਤਾ ਹੋਣਗੇ। ਇਹ ਸੀਰੀਜ਼ ਵਾਰਨਰ ਬ੍ਰਦਰਜ਼ ਟੈਲੀਵਿਜ਼ਨ ਦੇ ਬੈਨਰ ਹੇਠ ਰਿਲੀਜ਼ ਹੋਵੇਗੀ।