ਆਜ਼ਾਦੀ, ਜਮਹੂਰੀਅਤ, ਸਮੱਸਿਆਵਾਂ

ਆਜ਼ਾਦੀ, ਜਮਹੂਰੀਅਤ, ਸਮੱਸਿਆਵਾਂ

ਦਲਬੀਰ ਸਿੰਘ ਧਾਲੀਵਾਲ

ਬੇਸ਼ੱਕ ਆਜ਼ਾਦੀ ਪ੍ਰਵਾਨਿਆਂ ਦੀਆਂ ਸ਼ਹਾਦਤਾਂ ਕਾਰਨ ਸਾਡਾ ਦੇਸ਼ ਅੰਗਰੇਜ਼ ਸਾਮਰਾਜ ਦੀ ਗ਼ੁਲਾਮੀ ਤੋਂ ਮੁਕਤ ਹੋ ਕੇ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ, ਪਰ ਅੱਜ ਸਾਡੇ ਦੇਸ਼ ਦੇ ਜੋ ਹਾਲਾਤ ਹਨ, ਉਨ੍ਹਾਂ ਤੋਂ ਇਹ ਭੁਲੇਖਾ ਜ਼ਰੂਰ ਪੈ ਰਿਹਾ ਹੈ ਕਿ ਅਸੀਂ ਅੱਜ ਵੀ ਆਜ਼ਾਦ ਨਹੀਂ ਹਾਂ। ਲੱਗਦਾ ਤਾਂ ਇਹ ਹੈ ਕਿ ਕੁਝ ਉਹ 20 ਫੀਸਦੀ ਧਨਾਢ ਲੋਕ ਹੀ ਆਜ਼ਾਦ ਹਨ ਜਿਨ੍ਹਾਂ ਨੇ ਦੇਸ਼ ਦੇ ਹੁਕਮਰਾਨੀ ਸਿਸਟਮ ’ਤੇ ਆਪਣੀ ਜਕੜ ਬਣਾ ਕੇ ਦੇਸ਼ ਦੀ 80% ਪੂੰਜੀ ਉੱਤੇ ਕਬਜ਼ਾ ਕਰਕੇ ਰੱਖਿਆ ਹੋਇਆ ਹੈ।

ਹਰ ਸਮਾਜ ਉੱਤੇ 4 ਵਰਗ ਰਾਜ ਕਰਦੇ ਹਨ : ਦਰਬਾਰੀ, ਅਧਿਕਾਰੀ, ਵਪਾਰੀ ਅਤੇ ਪੁਜਾਰੀ। ਇਹ ਚਾਰੋਂ ਵਰਗ ਇਕ ਸੁਰ ਹੋ ਕੇ ਬੇਈਮਾਨੀ ਨਾਲ ਜਦੋਂ ਜਨਤਾ ਉੱਤੇ ਜਕੜ ਬਣਾ ਲੈਣ ਤਾਂ ਉਹ ਕੌਮਾਂ ਨੂੰ ਗ਼ੁਲਾਮ ਬਣਾ ਦਿੰਦੇ ਹਨ ਕਿਉਂਕਿ ਦਰਬਾਰੀ (ਰਾਜੇ ਜਾਂ ਸਿਆਸੀ ਸੱਤਾਧਾਰੀ) ਜਨਤਾ ’ਤੇ ਗ਼ੁਲਾਮੀ ਵਾਲੇ ਫੁਰਮਾਨ ਜਾਰੀ ਕਰਦੇ ਹਨ ਤੇ ਅਧਿਕਾਰੀ ਇਨ੍ਹਾਂ ਨੂੰ ਲਾਗੂ ਕਰਦੇ ਹਨ। ਫਿਰ ਵਪਾਰੀ ਇਨ੍ਹਾਂ ਦੋਹਾਂ ਦੀ ਮਿਲੀਭੁਗਤ ਨਾਲ ਜਨਤਾ ਨੂੰ ਲੁੱਟਦੇ ਹਨ ਅਤੇ ਇਵੇਂ ਹੀ ਪੁਜਾਰੀ ਇਨ੍ਹਾਂ ਦੀ ਸ਼ਹਿ ਨਾਲ ਜਨਤਾ ਨੂੰ ਪਾਪ ਪੁੰਨ, ਨਰਕ ਸਵਰਗ, ਅਗਲੇ ਪਿਛਲੇ ਜਨਮਾਂ ਦੇ ਭਰਮਾਂ ਵਿਚ ਉਲਝਾ ਕੇ ਲੋਕਾਂ ਦੀ ਸੋਚ ਨੂੰ ਖੁੰਢੀ ਕਰਦੇ ਹਨ ਤਾਂ ਕਿ ਲੋਕ ਆਪਣੇ ਹੱਕਾਂ ਲਈ ਸੰਘਰਸ਼ ਨਾ ਕਰਨ।

ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਬਿਲਕੁਲ ਅਜਿਹੇ ਹੀ ਹਾਲਾਤ ਬਣੇ ਹੋਏ ਸਨ। ਦੂਜੇ ਨੰਬਰ ’ਤੇ ਸਾਡੇ ਆਪਣੇ ਹੀ ਕੁਝ ਭਾਰਤ ਵਾਸੀ ਅੰਗਰੇਜ਼ਾਂ ਤੋਂ ਲਈਆਂ ਜਗੀਰਦਾਰੀਆਂ, ਨਵਾਬੀਆਂ ਅਤੇ ਰਜਵਾੜਾ ਸ਼ਾਹੀਆਂ ਦੇ ਲਾਲਚਾਂ ਵਿਚ ਦੇਸ਼ ਦੇ ਗੱਦਾਰ ਬਣੇ ਹੋਏ ਸਨ ਜੋ ਸਾਡੇ ਦੇਸ਼ ਭਗਤਾਂ ਦੀਆਂ ਅੰਗਰੇਜ਼ ਸਾਮਰਾਜ ਕੋਲ ਮੁਖਬਰੀਆਂ ਕਰਕੇ ਆਜ਼ਾਦੀ ਲਈ ਚੱਲਦੀਆਂ ਲਹਿਰਾਂ ਨੂੰ ਫੇਲ੍ਹ ਕਰਨ ਵਿਚ ਹਿੱਸਾ ਪਾ ਰਹੇ ਸਨ। ਜਿਸ ਦਾ ਪ੍ਰਤੱਖ ਪ੍ਰਮਾਣ ਹੈ ਗ਼ਦਰੀ ਬਾਬਿਆਂ ਦੀ ਆਜ਼ਾਦੀ ਲਹਿਰ, ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫ਼ੌਜ ਵਾਲੀ ਲਹਿਰ ਅਤੇ 1857 ਦੀਆਂ ਗ਼ਦਰੀ ਲਹਿਰਾਂ ਦਾ ਅੱਧ ਵਿਚ ਹੀ ਫੇਲ੍ਹ ਹੋ ਜਾਣਾ। ਅਜਿਹੇ ਗੱਦਾਰਾਂ ਦੀਆਂ ਕੁਝ ਨਿਸ਼ਾਨੀਆਂ ਅੱਜ ਵੀ ਸਾਡੇ ਆਜ਼ਾਦ ਭਾਰਤ ਵਿਚ ਤਾਕਤਵਰ ਬਣੇ ਸਿਆਸੀ ਲੀਡਰਾਂ ਦੇ ਰੂਪ ਵਿਚ ਸੱਤਾ ਦੇ ਸੁੱਖ ਮਾਣਦੀਆਂ ਦੇਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿਚੋਂ ਕੁਝ ਖਾਨਦਾਨ ਉਹ ਵੀ ਹਨ ਜਿਨ੍ਹਾਂ ਨੇ ਜਲ੍ਹਿਆਂ ਵਾਲੇ ਬਾਗ਼ ਦੀ ਕਤਲੋ ਗਾਰਤ ਦੇ ਦੋਸ਼ੀ ਮਾਈਕਲ ਓਡਵਾਈਰ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ ਸੀ ਜਦੋਂ ਕਿ ਸਾਡੀ ਜੰਗੇ ਆਜ਼ਾਦੀ ਦੇ ਸ਼ਹੀਦਾਂ ਅਤੇ ਸਰਹੱਦਾਂ ’ਤੇ ਸਾਡੀ ਆਜ਼ਾਦੀ ਦੀ ਰਾਖੀ ਕਰਦੇ ਸ਼ਹੀਦ ਹੋਏ ਫ਼ੌਜੀ ਜਵਾਨਾਂ ਦੇ ਕਈ ਪਰਿਵਾਰ ਬੁਰੇ ਹਾਲਾਤ ਵਿਚੋਂ ਗੁਜ਼ਰ ਰਹੇ ਹਨ।

ਗ਼ੁਲਾਮੀ ਦੇ ਦੌਰ ਵਿਚੋਂ ਜੋ ਇਕ ਕ੍ਰਾਂਤੀ ਦੀ ਜਵਾਲਾ ਉਤਪੰਨ ਹੋਈ ਉਹ ਸੀ ਸਾਡੇ ਇਨਕਲਾਬੀ ਨੌਜਵਾਨ ਜਿਨ੍ਹਾਂ ਨੇ ਅੰਗਰੇਜ਼ ਸਾਮਰਾਜ ਵਿਰੁੱਧ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ। ਇਨ੍ਹਾਂ ਦੇਸ਼ ਭਗਤ ਯੋਧਿਆਂ ਸ. ਕਰਤਾਰ ਸਿੰਘ ਸਰਾਭਾ, ਚੰਦਰ ਸ਼ੇਖਰ ਅਜ਼ਾਦ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ. ਉੂਧਮ ਸਿੰਘ ਹੋਰਾਂ ਵੱਲੋਂ ਵਿੱਢੇ ਹਥਿਆਰਬੰਦ ਸੰਘਰਸ਼ ਅਨੁਸਾਰ ਭਗਤ ਸਿੰਘ ਨੇ ਸਾਂਡਰਸ ਨੂੰ ਗੋਲੀ ਨਾਲ ਮਾਰ ਦਿੱਤਾ ਅਤੇ ਫਿਰ ਅਸੈਂਬਲੀ ਹਾਲ ਵਿਚ ਬੰਬ ਸੁੱਟਿਆ। ਚੰਦਰ ਸ਼ੇਖਰ ਅਜ਼ਾਦ ਨੇ ਅੰਗਰੇਜ਼ ਪੁਲੀਸ ਨਾਲ ਸਿੱਧੀ ਹਥਿਆਰਬੰਦ ਟੱਕਰ ਲਈ, ਫਿਰ ਊੁਧਮ ਸਿੰਘ ਨੇ ਤਾਂ ਮਾਈਕਲ ਓਡਵਾਈਰ ਨੂੰ ਲੰਦਨ ਵਿਖੇ ਉਸਦੇ ਘਰ ਵਿਚ ਹੀ ਜਾ ਕੇ ਗੋਲੀਆਂ ਨਾਲ ਭੁੰਨ ਦਿੱਤਾ। ਇਸੇ ਕਰਕੇ ਅੰਗਰੇਜ਼ ਸਾਮਰਾਜ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ ਅਤੇ ਸਾਡਾ ਦੇਸ਼ ਆਜ਼ਾਦ ਹੋਇਆ। ਇਹ ਆਜ਼ਾਦੀ ਸ਼ਾਇਦ ਹੋਰ ਲੇਟ ਹੋ ਜਾਂਦੀ ਜੇ ਸਾਡੇ ਇਹ ਆਜ਼ਾਦੀ ਪਰਵਾਨੇ ਫਾਂਸੀਆਂ ਉੱਤੇ ਨਾ ਚੜ੍ਹਦੇ ਅਤੇ ਇਹ ਆਜ਼ਾਦੀ ਸ਼ਾਇਦ ਇਸ ਤੋਂ ਪਹਿਲਾਂ ਹੀ ਮਿਲ ਜਾਂਦੀ ਜੇ ਸਾਡੇ ਹੀ ਲਾਲਚੀ ਲੋਕ ਗੱਦਾਰੀਆਂ ਨਾ ਕਰਦੇ।

ਅੱਜ ਅਸੀਂ ਹਰ ਸਾਲ ਆਪਣਾ ਆਜ਼ਾਦੀ ਦਿਹਾੜਾ ਪੂਰੇ ਜਸ਼ਨਾਂ ਨਾਲ ਮਨਾਉਂਦੇ ਤਾਂ ਹਾਂ, ਪਰ ਸਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਆਜ਼ਾਦੀ ਉਪਰੰਤ ਵੀ ਸਾਨੂੰ ਮਨੁੱਖੀ ਜਾਨਾਂ ਦਾ ਹੋਰ ਵੱਡਾ ਮੁੱਲ ਤਾਰਨਾ ਪਿਆ ਸੀ, ਜਦੋਂ 15 ਅਗਸਤ 1947 ਨੂੰ ਦੇਸ਼ ਦਾ ਬਟਵਾਰਾ ਹੋ ਗਿਆ ਤੇ ਫਿਰਕੂ ਦੰਗੇ ਫਸਾਦ ਸ਼ੁਰੂ ਹੋ ਗਏ। ਇਨ੍ਹਾਂ ਵਿਚ ਕਰੀਬ 10 ਲੱਖ ਲੋਕ ਮਾਰੇ ਗਏ ਤੇ ਕਰੀਬ ਇਕ ਕਰੋੜ ਲੋਕ ਘਰਾਂ ਤੋਂ ਬੇਘਰ ਹੋ ਗਏ। ਧੀਆਂ ਭੈਣਾਂ ਦੀ ਪੱਤ ਲੁੱਟੀ ਗਈ, ਪਰ ਇਨਸਾਨੀਅਤ ਕਦੇ ਮਰਦੀ ਨਹੀਂ ਅਤੇ ਇਸੇ ਤਰ੍ਹਾਂ ਕੁਝ ਹਿੰਦੂ, ਸਿੱਖ, ਮੁਸਲਮਾਨ ਜੋ ਅਣਵੰਡੇ ਭਾਰਤ ਵਿਚ ਭਰਾਵਾਂ ਦੀ ਤਰ੍ਹਾਂ ਪਿਆਰ ਨਾਲ ਰਹਿੰਦੇ ਸਨ, ਉਨ੍ਹਾਂ ਨੇ ਧਰਮਾਂ ਅਨੁਸਾਰ ਮੁਲਕ ਵੰਡੇ ਜਾਣ ਦੇ ਬਾਵਜੂਦ ਇਕ ਦੂਜੇ ਦੀ ਮਦਦ ਕੀਤੀ, ਸਰਹੱਦਾਂ ਪਾਰ ਕਰਵਾਉਣ ਦੀ ਪੂਰੀ ਵਾਹ ਲਾਈ ਤੇ ਗਲ਼ ਲੱਗ ਕੇ ਰੋਂਦੇ ਹੋਏ ਵਿੱਛੜੇ।

ਜੰਗੇ ਆਜ਼ਾਦੀ ਦੇ ਸੰਘਰਸ਼ ਵਿਚ ਸਾਡੇ ਕ੍ਰਾਂਤੀਕਾਰੀ ਦੇਸ਼ ਭਗਤਾਂ ਨੇ ਧਰਮ ਤੇ ਜਾਤ ਤੋਂ ਉੱਪਰ ਉੱਠ ਕੇ ਇਸ ਮਕਸਦ ਨਾਲ ਕੁਰਬਾਨੀਆਂ ਦਿੱਤੀਆਂ ਸਨ ਕਿ ਸਾਡਾ ਭਾਰਤ ਇਕ ਹੈ ਤੇ ਇਕ ਹੀ ਰਹੇਗਾ। ਸਭਨਾਂ ਧਰਮਾਂ ਦੇ ਲੋਕ ਆਜ਼ਾਦ ਭਾਰਤ ਵਿਚ ਰਲ ਮਿਲ ਕੇ ਖ਼ੁਸ਼ ਵਸਣਗੇ, ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਅਸੀਂ ਵਿਦੇਸ਼ੀ ਹਾਕਮਾਂ ਨੂੰ ਇੱਥੋਂ ਕੱਢਣ ਉਪਰੰਤ ਆਪਣੇ ਹੀ ਭਾਰਤ ਨੂੰ ਵੰਡ ਕੇ ਖ਼ੁਦ ਹੀ ਇਕ ਦੂਜੇ ਤੋਂ ਬੇਗਾਨੇ ਹੋ ਜਾਵਾਂਗੇ, ਪਰ ਇਤਿਹਾਸਕ ਤੱਥਾਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਆਮ ਲੋਕ ਇਸ ਸਭ ਕੁਝ ਦੇ ਹੱਕ ਵਿਚ ਨਹੀਂ ਸਨ, ਪਰ ਕੁਝ ਨੇਤਾ ਜੋ ਅੰਗਰੇਜ਼ਾਂ ਵਾਲੀ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਦੇ ਧਾਰਨੀ ਸਨ, ਉਹ ਧਰਮ ਆਧਾਰਿਤ ਨਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਬਣਨ ਲਈ ਕਾਹਲੇ ਹਨ। ਮੁਸਲਿਮ ਲੀਗ ਦੇ ਪ੍ਰਧਾਨ ਜਿਨਹਾ ਪਾਕਿਸਤਾਨ ਹਰ ਕੀਮਤ ’ਤੇ ਬਣਾਉਣਾ ਚਾਹੁੰਦੇ ਸਨ। ਮਈ 1946 ਵਿਚ ਜਦੋਂ ਅੰਗਰੇਜ਼ ਇੱਥੋਂ ਜਾਣ ਦੀ ਤਿਆਰੀ ਵਿਚ ਸਨ ਤਾਂ ਸਰ ਸਟੈਫਰਡ ਕ੍ਰਿਸਪ ਦੀ ਅਗਵਾਈ ਵਿਚ ਆਇਆ ਵਫ਼ਦ ਅਤੇ ਉਸ ਦੇ ਬਾਅਦ ਬਰਤਾਨਵੀ ਪ੍ਰਧਾਨ ਮੰਤਰੀ ਕਲੇਮੈਂਟ ਐਟਲੀ ਵੱਲੋਂ ਭੇਜੇ ਉਨ੍ਹਾਂ ਦੇ 3 ਕੈਬਨਿਟ ਮੰਤਰੀਆਂ ਦਾ ਮਤਾ ਵੀ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੇ ਠੁਕਰਾ ਦਿੱਤਾ। ਇਸ ਉਪਰੰਤ ਪੂਰਾ ਦੇਸ਼ ਹੀ ਫਿਰਕੂ ਦੰਗਿਆਂ ਦੀ ਲਪੇਟ ਵਿਚ ਆ ਗਿਆ। ਮੁਸਲਿਮ ਲੀਗ ਵੱਲੋਂ ਐਲਾਨੀ ਸਿੱਧੀ ਕਾਰਵਾਈ ਦੇ ਨਤੀਜੇ ਵਜੋਂ ਕਲਕੱਤਾ ਵਿਚ 16 ਅਗਸਤ 1946 ਨੂੰ ਹੋਈਆਂ ਭਿਆਨਕ ਝੜਪਾਂ ਵਿਚ 5000 ਤੋਂ ਵੱਧ ਲੋਕ ਮਾਰੇ ਗਏ ਤੇ ਕਰੀਬ 15000 ਗੰਭੀਰ ਜ਼ਖ਼ਮੀ ਹੋਏ। ਉਸੇ ਸਾਲ ਹੀ 11 ਸਤੰਬਰ ਨੂੰ ਮਿਸਟਰ ਜਿਨਹਾ ਨੇ ਬੰਬਈ ਵਿਚ ਧਮਕੀ ਦਿੱਤੀ ਕਿ ਹਿੰਦੂ ਭਾਰਤੀਆਂ ਨੂੰ ਪਾਕਿਸਤਾਨ ਜਾਂ ਗ੍ਰਹਿ ਯੁੱਧ ਦੋਵਾਂ ਵਿਚੋਂ ਕਿਸੇ ਇਕ ਨੂੰ ਚੁਣਨਾ ਹੋਵੇਗਾ। ਇਸ ਵਜੋਂ ਮਾਰਚ 1947 ਨੂੰ ਜੋ ਹੋਰ ਜ਼ਿਆਦਾ ਅੱਗ ਭੜਕੀ, ਉਹ 15 ਅਗਸਤ ਨੂੰ ਦੇਸ਼ ਦੀ ਵੰਡ ਉਪਰੰਤ ਹੀ ਸ਼ਾਂਤ ਹੋਈ।

ਇੰਨੀਆਂ ਮਹਿੰਗੀਆਂ ਕੀਮਤਾਂ ਤਾਰ ਕੇ ਮਿਲੀ ਆਜ਼ਾਦੀ ਉਪਰੰਤ ਸਾਡੇ ਦੇਸ਼ ਦੀ ਵਾਗਡੋਰ ਜਿਨ੍ਹਾਂ ਲੀਡਰਾਂ ਦੇ ਹੱਥ ਆਈ ਉਹ ਸਾਡੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਪ੍ਰਤੀ ਵਫ਼ਾਦਾਰ ਨਹੀਂ ਰਹੇ। ਖੈਰ! ਸਾਡੇ ਆਜ਼ਾਦੀ ਪ੍ਰਵਾਨਿਆਂ ਨੂੰ ਤਾਂ ਪਹਿਲਾਂ ਹੀ ਇਸ ਗੱਲ ਦੀ ਸ਼ੰਕਾ ਸੀ। ਇਸੇ ਕਰਕੇ ਹੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਜੇਲ੍ਹ ਵਿਚੋਂ ਆਪਣੀ ਮਾਤਾ ਨੂੰ ਲਿਖੇ ਪੱਤਰਾਂ ’ਚੋਂ ਇਕ ਵਿਚ ਲਿਖਿਆ ਸੀ, ‘‘ਮਾਂ ਮੈਨੂੰ ਯਕੀਨ ਹੈ ਕਿ ਸਾਡਾ ਦੇਸ਼ ਜ਼ਰੂਰ ਆਜ਼ਾਦ ਹੋਵੇਗਾ, ਪਰ ਉਦੋਂ ਅਸੀਂ ਨਹੀਂ ਹੋਵਾਂਗੇ। ਇਹ ਆਜ਼ਾਦੀ ਮਹਿਜ਼ ਕੁਰਸੀਆਂ ਦੀ ਹੀ ਅਦਲਾ ਬਦਲੀ ਹੋਵੇਗੀ। ਗੋਰੇ ਸਾਹਿਬਾਂ ਵੱਲੋਂ ਖਾਲੀ ਕੀਤੀਆਂ ਕੁਰਸੀਆਂ ਉੱਪਰ ਕਾਲੇ ਸਾਹਿਬ ਬੈਠ ਜਾਣਗੇ ਜੋ ਲੋਕਾਂ ਨੂੰ ਸੱਚੀ ਆਜ਼ਾਦੀ ਨਹੀਂ ਦੇ ਸਕਣਗੇ।’’ ਦੇਖਿਆ ਜਾਵੇ ਤਾਂ ਬਿਲਕੁਲ ਇਸ ਤਰ੍ਹਾਂ ਹੀ ਹੋਇਆ ਹੈ ਕਿਉਂਕਿ ਅੱਜ ਆਜ਼ਾਦੀ ਦੇ 73 ਸਾਲਾਂ ਬਾਅਦ ਵੀ ਦੇਸ਼ ਵਿਚ ਗ਼ਰੀਬੀ-ਅਮੀਰੀ ਦਾ ਪਾੜਾ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਬੇਇਨਸਾਫੀ ਤੇ ਭੁੱਖਮਰੀ ਜਿੱਥੇ ਲਗਾਤਾਰ ਵਧੀ ਹੈ, ਉੱਥੇ ਨਸ਼ਾਪ੍ਰਸਤੀ ਤੇ ਨਸ਼ਾ ਤਸਕਰੀ, ਬਲਾਤਕਾਰ, ਗੈਂਗਵਾਰ, ਕਤਲੋਗਾਰਤ, ਸਿਆਸੀ ਵੰਸ਼ਵਾਦ ਅਤੇ ਹੋਰ ਅਨੇਕਾਂ ਹੀ ਅਪਰਾਧ ਕੰਟਰੋਲ ਤੋਂ ਬਾਹਰ ਹਨ। ਅੱਜ ਧਾਰਮਿਕ ਕੱਟੜਤਾਂ ਦੇ ਨਾਂ ’ਤੇ ਵੱਡੀਆਂ ਵੱਡੀਆਂ ਦਿਸ਼ਾਹੀਣ ਭੀੜਾਂ ਜਾਤੀਵਾਦ ਅਤੇ ਗਊ ਰੱਖਿਆ ਦੇ ਨਾਂ ’ਤੇ ਅਤੇ ਕਿਧਰੇ ਸਿਰਫ਼ ਸ਼ੱਕ ਦੇ ਆਧਾਰ ’ਤੇ ਹੀ ਕਿਸੇ ਨੂੰ ਕੁੱਟ ਕੁੱਟ ਕੇ ਮਾਰ ਦਿੰਦੀਆਂ ਹਨ।

ਇਹੋ ਕਾਰਨ ਹੈ ਕਿ ਅੱਜ ਜੇ ਕੋਈ ਅਗਾਂਹ ਵਧੂੁ ਸੋਚ ਵਾਲਾ ਬੁੱਧੀਜੀਵੀ ਵਿਦਵਾਨ ਇਸ ਕੱਟੜਵਾਦ ਵਿਰੁੱਧ ਬੋਲਦਾ ਹੈ ਤਾਂ ਉਸ ਨੂੰ ਦੇਸ਼ ਧਰੋਹੀ ਕਰਾਰ ਦੇ ਕੇ ਮੁਕੱਦਮਾ ਦਰਜ ਕੀਤਾ ਜਾਂਦਾ ਹੈ ਅਤੇ ਕਈਆਂ ਨੂੰ ਤਾਂ ਪਾਕਿਸਤਾਨ ਜਾਣ ਲਈ ਕਹਿ ਦਿੱਤਾ ਜਾਂਦਾ ਹੈ, ਪਰ ਆਜ਼ਾਦੀ ਉਪਰੰਤ ਸੰਵਿਧਾਨ ਦਾ ਨਿਰਮਾਣ ਕਰਨ ਵਾਲੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਵਾਲਿਆਂ ਨੂੰ ਅਤੇ ਅਪਸ਼ਬਦ ਬੋਲਣ ਵਾਲਿਆਂ ਨੂੰ ਦੇਸ਼ ਧ੍ਰੋਹੀ ਕਿਉਂ ਨਹੀਂ ਐਲਾਨਿਆ ਜਾਂਦਾ ਜਦੋਂ ਕਿ ਦਲਿਤਾਂ ਦੀਆਂ ਦੇਸ਼ ਦੀ ਆਜ਼ਾਦੀ ਵਿਚ ਵੀ ਮਹੱਤਵਪੂਰਨ ਕੁਰਬਾਨੀਆਂ ਹਨ ਜਿਸ ਦਾ ਸਬੂਤ ਹੈ ਕਿ ਜਲ੍ਹਿਆਂ ਵਾਲੇ ਬਾਗ਼ ਵਿਚ ਲਗਾਤਾਰ 10 ਮਿੰਟ ਗੋਲੀ ਚੱਲਣ ਨਾਲ ਜੋ 1000 ਤੋਂ ਵੱਧ ਮੌਤਾਂ ਹੋਈਆਂ ਸਨ, ਉਨ੍ਹਾਂ ਵਿਚੋਂ 185 ਅਛੂਤ ਸਨ। ਇਵੇਂ ਹੀ 1857 ਦੇ ਗ਼ਦਰ ਦਾ ਹੀਰੋ ਮੰਗਲ ਪਾਂਡੇ ਨਹੀਂ ਸੀ ਬਲਕਿ ਉਸ ਬਰੈਕਪੁਰ ਛਾਉਣੀ ਦੇ ਨੇੜੇ ਹੀ ਕਾਰਤੂਸਾਂ ਦੇ ਕਾਰਖਾਨੇ ਵਿਚ ਕੰਮ ਕਰਨ ਵਾਲਾ ਮਾਤਾਦੀਨ ਭੰਗੀ ਸੀ। ਇਸ ਤਰ੍ਹਾਂ ਹੀ ਰਾਣੀ ਝਾਂਸੀ ਦੀ ਥਾਂ ’ਤੇ ਲੜਨ ਵਾਲੀ ਤੇ ਉਸ ਦੀ ਜਾਨ ਬਚਾਉਣ ਵਾਲੀ ਉਸ ਦੀ ਹਮਸ਼ਕਲ ਝਲਕਾਰੀ ਬਾਈ ਵੀ ਦਲਿਤ ਹੀ ਸੀ।

ਅੱਜ ਦੇਸ਼ ਦੇ ਅੰਕੜੇ ਵਧਾ ਚੜ੍ਹਾ ਕੇ ਪੇਸ਼ ਕੀਤੇ ਜਾਂਦੇ ਹਨ, ਪਰ ਅਸਲ ਤਸਵੀਰ ਕੁਝ ਹੋਰ ਹੈ। 100-100 ਕਰੋੜ ਤੋਂ ਵੱਧ ਖ਼ਰਚ ਕੇ ਚੋਣਾਂ ਜਿੱਤਣ ਵਾਲੇ ਸਾਡੇ ਸੰਸਦ ਮੈਂਬਰ ਖ਼ੁਦ ਤਾਂ ਮੋਟੀਆਂ ਤਨਖਾਹਾਂ ਤੇ ਭੱਤੇ ਲੈਂਦੇ ਹਨ ਤੇ ਲਗਭਗ 30 ਫੀਸਦੀ ਤੋਂ ਵੱਧ ਅਪਰਾਧਕ ਮਾਮਲਿਆਂ ਵਿਚ ਲਿਪਤ ਹਨ। ਭੁੱਖਮਰੀ ਦੂਰ ਕਰਨ ਵਿਚ ਭਾਰਤ ਦਾ ਪੂਰੇ ਸੰਸਾਰ ਵਿਚੋਂ 103ਵਾਂ ਸਥਾਨ ਹੈ ਜੋ 2014 ਵਿਚ 55ਵਾਂ ਸੀ।

ਅੰਕੜੇ ਇਹ ਵੀ ਦੱਸਦੇ ਹਨ ਕਿ ਇੱਥੇ 4 ਲੱਖ ਤੋਂ ਵੱਧ ਭਿਖਾਰੀ ਹਨ, ਜਿਨ੍ਹਾਂ ਵਿਚ 78 ਹਜ਼ਾਰ 12ਵੀਂ ਪਾਸ ਤੇ 3 ਹਜ਼ਾਰ ਤੋਂ ਵੱਧ ਕੋਲ ਪੇਸ਼ੇਵਰ ਡਿਪਲੋਮਾ ਜਾਂ ਗ੍ਰੈਜੂਏਸ਼ਨ ਦੀ ਡਿਗਰੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ 50 ਹਜ਼ਾਰ ਤੋਂ ਵੱਧ ਬੱਚੇ ਭਿਖਾਰੀ ਹਨ। ਅੱਜ ਸਾਡੇ ਆਸ ਪਾਸ ਪਏ ਹੋਏ ਕੂੜੇ ਦੇ ਵੱਡੇ ਵੱਡੇ ਢੇਰਾਂ ਤੋਂ ਬਹੁਤ ਸਾਰੇ ਗ਼ਰੀਬ ਬੱਚੇ ਰਹਿੰਦ ਖੂਹੰਦ ਇਕੱਠੀ ਕਰਕੇ ਉਸ ਵਿਚੋਂ ਆਪਣੀ ਰੋਜ਼ੀ ਰੋਟੀ ਲੱਭਦੇ ਹੋਏ ਆਮ ਵੇਖੇ ਜਾਂਦੇ ਹਨ, ਜਦੋਂ ਕਿ ਸਾਡੇ ਲੀਡਰ ਗ਼ਰੀਬੀ ਖ਼ਤਮ ਹੋਣ ਦੀਆਂ ਅਤੇ ਸਵੱਛ ਭਾਰਤ ਦੀਆਂ ਗੱਲਾਂ ਕਰਦੇ ਨਹੀਂ ਥੱਕਦੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਰੀਬ 20 ਲੱਖ ਤੋਂ ਵੱਧ ਲੋਕ ਇੱਥੇ ਰੋਜ਼ਾਨਾ ਭੁੱਖੇ ਸੌਂਦੇ ਹਨ। ਜਿਸਦੀ ਤਾਜ਼ਾ ਮਿਸਾਲ ਹੈ ਕਿ ਪਿਛਲੇ ਸਾਲ ਦਿੱਲੀ ਵਿਚ ਇਕ ਮਜ਼ਦੂਰ ਮਾਂ ਬਾਪ ਦੀਆਂ ਤਿੰਨ ਛੋਟੀਆਂ ਬੱਚੀਆਂ ਭੁੱਖ ਨਾਲ ਹੀ ਮਰ ਗਈਆਂ।

ਭ੍ਰਿਸ਼ਟਾਚਾਰ ਇਸ ਹੱਦ ਤਕ ਹੈ ਕਿ ਵਿਜੈ ਮਾਲਿਆ, ਲਲਿਤ ਮੋਦੀ ਅਤੇ ਅਜਿਹੇ ਕਈ ਧਨਾਢ ਸਰਕਾਰੀ ਬੈਂਕਾਂ ਦੇ ਅਰਬਾਂ ਰੁਪਏ ਲੈ ਕੇ ਵਿਦੇਸ਼ਾਂ ਵਿਚ ਸਿਆਸੀ ਮਿਲੀਭੁਗਤ ਕਾਰਨ ਜਾ ਬੈਠੇ ਹਨ, ਪਰ ਇੱਥੇ ਛੋਟੇ ਮੋਟੇ ਡਿਫਾਲਟਰ ਕਰਜ਼ਾ ਧਾਰਕਾਂ ਦੇ ਘਰ ਸਾਡੀ ਸਰਕਾਰ ਕੁਰਕ ਕਰ ਦਿੰਦੀ ਹੈ। ਵਿਦੇਸ਼ਾਂ ਵਿਚ ਪਿਆ ਕਈ ਅਰਬਾਂ ਦਾ ਕਾਲਾ ਧਨ ਜੇ ਲਿਆ ਕੇ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰ ਦਿੱਤਾ ਜਾਵੇ ਤਾਂ ਲੋਕਾਂ ’ਤੇ ਵਾਧੂ ਟੈਕਸ ਲਾਉਣ ਦੀ ਲੋੜ ਨਹੀਂ ਪਵੇਗੀ, ਪਰ ਸਰਕਾਰ ਇਸ ਕੰਮ ਪ੍ਰਤੀ ਗੰਭੀਰ ਨਹੀਂ ਕਿਉਂਕਿ ਇਹ ਧਨਾਢ ਲੋਕ ਵੀ ਸਿਆਸੀ ਚਹੇਤੇ ਹੀ ਹਨ। ਇਸੇ ਭ੍ਰਿਸ਼ਟਾਚਾਰ, ਸਿਆਸੀ ਮਿਲੀਭੁਗਤ ਅਤੇ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਹੀ ਥੋੜ੍ਹੇ ਦਿਨ ਪਹਿਲਾਂ ਪੰਜਾਬ ਦੇ ਤਰਨ ਤਾਰਨ ਇਲਾਕੇ ਦੇ ਇਕ ਪਿੰਡ ਅਤੇ ਆਸਪਾਸ ਜ਼ਹਿਰੀਲੀ ਸ਼ਰਾਬ ਪੀ ਕੇ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਜੋ ਸਾਰੇ ਪਰਿਵਾਰ ਹੀ ਗ਼ਰੀਬ ਹਨ। ਹੁਣ ਭਾਵੇਂ ਸਰਕਾਰ ਵੱਲੋਂ ਕੁਝ ਪੁਲੀਸ ਕਰਮਚਾਰੀ/ ਅਧਿਕਾਰੀ ਮੁਅੱਤਲ ਕਰਕੇ ਅਤੇ ਕਈ ਥਾਈਂ ਛਾਪੇਮਾਰੀ ਕਰਕੇ ਕੱਚੀ ਸ਼ਰਾਬ ਦੇ ਭੰਡਾਰ ਫੜ ਕੇ ਲੀਪਾ-ਪੋਚੀ ਕੀਤੀ ਜਾ ਰਹੀ ਹੈ, ਪਰ ਇਹ ਸਾਰੇ ਭ੍ਰਿਸ਼ਟਾਚਾਰ ਅਤੇ ਗੋਰਖ ਧੰਦੇ ਦੇ ਪਿੱਛੇ ਕੰਮ ਕਰਦੇ ਵੱਡੇ ਮੱਗਰਮੱਛ ਬੇਕਾਬੂ ਹਨ। ਜਿੰਨੀ ਦੇਰ ਤਕ ਉਹ ਕਾਬੂ ਨਹੀਂ ਕੀਤੇ ਜਾਂਦੇ, ਓਨੀ ਦੇਰ ਗ਼ਰੀਬ ਜਨਤਾ ਇਵੇਂ ਹੀ ਬੇਇਨਸਾਫੀ, ਭੁੱਖਮਰੀ ਅਤੇ ਮੌਤਾਂ ਦੀ ਚੱਕੀ ਵਿਚ ਪਿਸਦੀ ਰਹੇਗੀ। ਸੋ ਅੱਜ ਸਾਰੇ ਹੀ ਉਪਰੋਕਤ ਹਾਲਾਤ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਸਾਨੂੰ ਸਭ ਨੂੰ ਸੋਚਣ ਦੀ ਲੋੜ ਹੈ ਕਿ ਕੀ ਅਸੀਂ ਸੱਚਮੁੱਚ ਹੀ ਆਜ਼ਾਦ ਭਾਰਤ ਵਿਚ ਰਹਿ ਰਹੇ ਹਾਂ ਕਿਉਂਕਿ ਕਈ ਸਿਆਸੀ ਲੀਡਰਾਂ ਵੱਲੋਂ ਜੋ ਪਿਛਲੇ ਦਿਨੀਂ ਬਿਆਨ ਦਿੱਤੇ ਜਾਂਦੇ ਰਹੇ ਕਿ 2020 ਤਕ ਭਾਰਤ ਇਕ ਪੂਰਾ ਹਿੰਦੂ ਰਾਸ਼ਟਰ ਬਣਾ ਦਿੱਤਾ ਜਾਵੇਗਾ, ਉਹ ਅੱਜ ਸੱਚ ਸਾਬਤ ਹੋਣ ਦਾ ਸ਼ੱਕ ਪੈ ਰਿਹਾ ਹੈ।
ਸੰਪਰਕ : 86993-22704

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All